Revised Common Lectionary (Complementary)
ਦਾਊਦ ਦਾ ਮਿਕਤਾਮ।
16 ਮੇਰੀ ਰੱਖਿਆ ਕਰੋ, ਪਰਮੇਸ਼ੁਰ, ਕਿਉਂਕਿ ਮੈਂ ਤੁਸਾਂ ਉੱਤੇ ਨਿਰਭਰ ਹਾਂ।
2 ਮੈਂ ਆਪਣੇ ਯਹੋਵਾਹ ਨੂੰ ਆਖਿਆ,
“ਹੇ ਪਰਮੇਸ਼ੁਰ, ਤੂੰ ਮੇਰਾ ਯਹੋਵਾਹ ਹੈਂ।
ਮੇਰੇ ਕੋਲ ਜੋ ਕੁਝ ਵੀ ਚੰਗਾ ਹੈ ਇਹ ਤੁਸਾਂ ਤੋਂ ਪ੍ਰਾਪਤ ਹੋਇਆ ਹੈ।”
3 ਯਹੋਵਾਹ, ਆਪਣੇ ਚੇਲਿਆਂ ਲਈ ਧਰਤੀ ਉੱਤੇ ਅਦਭੁਤ ਗੱਲਾਂ ਕਰਦਾ ਹੈ।
ਯਹੋਵਾਹ ਦਰਸਾਉਂਦਾ ਕਿ ਉਹ ਸੱਚਮੁੱਚ ਉਨ੍ਹਾਂ ਨੂੰ ਪਿਆਰ ਕਰਦਾ ਹੈ।
4 ਪਰ ਉਹ ਜਿਹੜੇ ਹੋਰਾਂ ਦੇਵਤਿਆਂ ਦੀ ਪੂਜਾ ਕਰਨ ਲਈ ਭੱਜ ਜਾਂਦੇ ਹਨ, ਦਰਦ ਸਹਿਣਗੇ।
ਮੈਂ ਉਨ੍ਹਾਂ ਦੀਆਂ ਲਹੂ ਭੇਟਾਂ ਵਿੱਚ ਸਾਂਝ ਨਹੀਂ ਪਾਵਾਂਗਾ ਜਿਹੜੀਆਂ ਉਹ ਉਨ੍ਹਾਂ ਮੂਰਤੀਆਂ ਨੂੰ ਦਿੰਦੇ ਹਨ।
ਮੈਂ ਉਨ੍ਹਾਂ ਮੂਰਤੀਆਂ ਦੇ ਨਾਮ ਵੀ ਨਹੀਂ ਉੱਚਾਰਾਂਗਾ।
5 ਮੇਰਾ ਭੋਜਨ ਤੇ ਪਿਆਲਾ ਸਿਰਫ਼ ਪਰਮੇਸ਼ੁਰ ਪਾਸੋਂ ਆਉਂਦਾ ਹੈ।
ਜਿਸ ਤਰ੍ਹਾਂ ਕਿ ਯਹੋਵਾਹ ਨੇ ਮੈਨੂੰ ਮੇਰਾ ਵਿਰਸਾ [a] ਦਿੱਤਾ ਹੈ।
6 ਮੇਰੀ ਹਿੱਸੇ ਦੀ ਜ਼ਮੀਨ ਬਹੁਤ ਮਨਭਾਵਨੀ ਹੈ,
ਮੇਰਾ ਵਿਰਸਾ ਬਹੁਤ ਖੂਬਸੂਰਤ ਹੈ।
7 ਮੈਂ ਪਰਮੇਸ਼ੁਰ ਦੀ ਉਸਤਤਿ ਕਰਦਾ ਹਾਂ ਕਿਉਂਕਿ ਉਸ ਨੇ ਮੈਨੂੰ ਵੱਧੀਆ ਸਮਝਾਇਆ ਹੈ।
ਰਾਤ ਵੇਲੇ ਵੀ ਉਹ ਮੈਨੂੰ ਉਪਦੇਸ਼ ਦਿੰਦਾ ਹੈ ਅਤੇ ਮੇਰੇ ਮਨ ਦੇ ਧੁਰ ਅੰਦਰ ਚੰਗੀਆਂ ਸਾਲ੍ਹਾਵਾਂ ਰੱਖਦਾ ਹੈ।
8 ਮੈਂ ਹਮੇਸ਼ਾ ਮੇਰੇ ਯਹੋਵਾਹ ਨੂੰ ਸਾਹਮਣੇ ਰੱਖਦਾ ਹਾਂ,
ਅਤੇ ਕਦੀ ਵੀ ਮੈਂ ਉਸ ਦੇ ਸੱਜੇ ਤੋਂ ਮੇਰੀ ਥਾਂ ਨਹੀਂ ਛੱਡਾਂਗਾ।
9 ਇਸੇ ਲਈ ਮੇਰੀ ਰੂਹ ਤੇ ਮੇਰਾ ਮਨ ਆਨੰਦ ਮਈ ਹੋਵਣਗੇ।
ਅਤੇ ਮੇਰਾ ਸ਼ਰੀਰ ਵੀ ਸੁਰੱਖਿਅਤ ਰਹੇਗਾ।
10 ਕਿਉਂਕਿ ਹੇ ਯਹੋਵਾਹ, ਤੂੰ ਮੇਰੀ ਰੂਹ ਨੂੰ ਮ੍ਰਿਤ ਲੋਕ ਵਿੱਚ ਦਾਖਲ ਨਹੀਂ ਹੋਣ ਦੇਵੇਂਗਾ।
ਅਤੇ ਤੂੰ ਆਪਣੇ ਇੱਕ ਵਫ਼ਾਦਾਰ ਨੂੰ ਕਬਰ ਵਿੱਚ ਸੜਨ ਨਹੀਂ ਦੇਵੇਂਗਾ।
11 ਤੂੰ ਮੈਨੂੰ ਸਿਰਫ਼ ਤੇਰੇ ਨਜ਼ਦੀਕ ਆਕੇ ਜਿਉਣ ਦਾ ਸਹੀ ਤਰੀਕਾ ਸਿੱਖਾਵੇਂਗਾ।
ਯਹੋਵਾਹ, ਮੈਂ ਪੂਰਨ ਖੁਸ਼ੀ ਦਾ ਆਨੰਦ ਮਾਣਾਂਗਾ।
ਤੇਰੇ ਸੱਜੇ ਪਾਸੇ ਹੋਕੇ ਮੈਂ ਸਦੀਵੀ ਅਸੀਸ ਦਾ ਆਨੰਦ ਮਾਣਾਂਗਾ।
22 ਫ਼ੇਰ ਹਾਰੂਨ ਨੇ ਲੋਕਾਂ ਵੱਲ ਆਪਣੇ ਹੱਥ ਉੱਠਾਏ ਅਤੇ ਉਨ੍ਹਾਂ ਨੂੰ ਅਸੀਸ ਦਿੱਤੀ। ਜਦੋਂ ਹਾਰੂਨ ਪਾਪ ਦੀ ਭੇਟ, ਹੋਮ ਦੀ ਭੇਟ ਅਤੇ ਸੁੱਖ-ਸਾਂਦ ਦੀਆਂ ਭੇਟਾਂ ਨੂੰ ਚੜ੍ਹਾ ਹਟਿਆ ਤਾਂ ਉਹ ਜਗਵੇਦੀ ਤੋਂ ਹੇਠਾਂ ਉਤਰ ਆਇਆ।
23 ਮੂਸਾ ਅਤੇ ਹਾਰੂਨ ਮੰਡਲੀ ਵਾਲੇ ਤੰਬੂ ਵਿੱਚ ਗਏ। ਉਹ ਬਾਹਰ ਨਿਕਲੇ ਅਤੇ ਲੋਕਾਂ ਨੂੰ ਅਸੀਸ ਦਿੱਤੀ। ਫ਼ੇਰ ਯਹੋਵਾਹ ਦਾ ਪਰਤਾਪ ਸਾਰੇ ਲੋਕਾਂ ਸਾਹਮਣੇ ਪ੍ਰਗਟ ਹੋਇਆ। 24 ਯਹੋਵਾਹ ਵੱਲੋਂ ਅੱਗ ਬਾਹਰ ਆਈ ਅਤੇ ਜਗਵੇਦੀ ਉੱਪਰ ਹੋਮ ਦੀ ਭੇਟ ਅਤੇ ਚਰਬੀ ਨੂੰ ਸਾੜ ਦਿੱਤਾ। ਜਦੋਂ ਸਮੂਹ ਲੋਕਾਂ ਨੇ ਇਹ ਦੇਖਿਆ, ਉਨ੍ਹਾਂ ਨੇ ਨਾਅਰੇ ਲਾਏ ਅਤੇ ਧਰਤੀ ਉੱਤੇ ਝੁਕ ਕੇ ਮੱਥਾ ਟੇਕਿਆ।
ਪਰਮੇਸ਼ੁਰ ਨਾਦਾਬ ਅਤੇ ਅਬੀਹੂ ਨੂੰ ਤਬਾਹ ਕਰਦਾ
10 ਫ਼ੇਰ ਹਾਰੂਨ ਦੇ ਪੁੱਤਰਾਂ, ਨਾਦਾਬ ਅਤੇ ਅਬੀਹੂ ਨੇ ਪਾਪ ਕੀਤਾ। ਹਰੇਕ ਪੁੱਤਰ ਨੇ ਆਪੋ-ਆਪਣਾ ਧੂਪਦਾਨ ਲਿਆ, ਅਤੇ ਇਨ੍ਹਾਂ ਵਿੱਚ ਅੱਗ ਪਾਕੇ ਇਸ ਵਿੱਚ ਧੂਪ ਪਾਈ। ਉਨ੍ਹਾਂ ਨੇ ਯਹੋਵਾਹ ਅੱਗੇ ਅਜੀਬ ਤਰ੍ਹਾਂ ਦੀ ਅੱਗ ਭੇਟ ਕੀਤੀ। ਉਨ੍ਹਾਂ ਨੇ ਉਸ ਅੱਗ ਦੀ ਵਰਤੋਂ ਨਹੀਂ ਕੀਤੀ ਜਿਸਦੀ ਵਰਤੋਂ ਕਰਨ ਲਈ ਉਨ੍ਹਾਂ ਨੂੰ ਯਹੋਵਾਹ ਨੇ ਕਿਹਾ ਸੀ। 2 ਇਸ ਲਈ ਯਹੋਵਾਹ ਵੱਲੋਂ ਅੱਗ ਆਈ ਅਤੇ ਨਾਦਾਬ ਅਤੇ ਅਬੀਹੂ ਨੂੰ ਭਸਮ ਕਰ ਦਿੱਤਾ। ਉਹ ਯਹੋਵਾਹ ਦੇ ਸਾਹਮਣੇ ਮਰ ਗਏ।
3 ਤਾਂ ਮੂਸਾ ਨੇ ਹਾਰੂਨ ਨੂੰ ਆਖਿਆ, “ਯਹੋਵਾਹ ਆਖਦਾ ਹੈ, ‘ਜਿਹੜੇ ਜਾਜਕ ਮੇਰੇ ਨੇੜੇ ਆਉਣ ਉਨ੍ਹਾਂ ਨੂੰ ਮੇਰੇ ਪਵਿੱਤਰ ਹੋਣ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਸਾਰੇ ਲੋਕਾਂ ਦੇ ਸਾਹਮਣੇ ਸਤਿਕਾਰਿਆ ਜਾਣਾ ਚਾਹੀਦਾ ਹੈ।’” ਹਾਰੂਨ ਚੁੱਪ-ਚਾਪ ਸੀ।
4 ਹਾਰੂਨ ਦੇ ਚਾਚੇ ਉਜਿਏਲ ਦੇ ਦੋ ਪੁੱਤਰ ਸਨ। ਉਹ ਸਨ ਮੀਸ਼ਾਏਲ ਤੇ ਇਲਜਫ਼ਾਨ। ਮੂਸਾ ਨੇ ਉਨ੍ਹਾਂ ਪੁੱਤਰਾਂ ਨੂੰ ਆਖਿਆ, “ਪਵਿੱਤਰ ਸਥਾਨ ਦੇ ਅਗਲੇ ਹਿੱਸੇ ਵੱਲ ਜਾਓ। ਆਪਣੇ ਚਚੇਰੇ ਭਰਾਵਾਂ ਦੀਆਂ ਲਾਸ਼ਾਂ ਚੁੱਕੇ ਉਨ੍ਹਾਂ ਨੂੰ ਡੇਰੇ ਤੋਂ ਬਾਹਰ ਲੈ ਜਾਓ।”
5 ਇਸ ਤਰ੍ਹਾਂ, ਮੀਸ਼ਾਏਲ ਤੇ ਇਲਜਫ਼ਾਨ ਨੇ ਮੂਸਾ ਦਾ ਆਦੇਸ਼ ਮੰਨਿਆ। ਉਹ ਨਾਦਾਬ ਅਤੇ ਅਬੀਹੂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੀਆਂ ਬੁਣੀਆਂ ਹੋਈਆਂ ਕਮੀਜ਼ਾਂ ਤੋਂ ਚੁੱਕੇ ਡੇਰੇ ਤੋਂ ਬਾਹਰ ਲੈ ਗਏ।
6 ਤਾਂ ਮੂਸਾ ਨੇ ਹਾਰੂਨ ਅਤੇ ਉਸ ਦੇ ਦੋ ਦੂਸਰੇ ਪੁੱਤਰਾਂ, ਅਲਆਜ਼ਾਰ ਅਤੇ ਈਥਾਮਾਰ ਨਾਲ ਗੱਲ ਕੀਤੀ। ਮੂਸਾ ਨੇ ਉਨ੍ਹਾਂ ਨੂੰ ਆਖਿਆ, “ਕਿਸੇ ਤਰ੍ਹਾਂ ਦੀ ਉਦਾਸੀ ਨਹੀਂ ਦਰਸਾਉਣੀ। ਆਪਣੇ ਵਸਤਰ ਨਹੀਂ ਪਾੜਨੇ ਜਾਂ ਆਪਣੇ ਵਾਲ ਨਹੀਂ ਫ਼ਰੋਲਣੇ। ਆਪਣੀ ਉਦਾਸੀ ਨਾ ਦਰਸਾਉਣੀ ਫ਼ੇਰ ਤੁਸੀਂ ਨਹੀਂ ਮਾਰੇ ਜਾਉਂਗੇ। ਯਹੋਵਾਹ ਸਾਰੇ ਲੋਕਾਂ ਤੇ ਕਰੋਧਵਾਨ ਨਹੀਂ ਹੋਵੇਗਾ। ਇਸਰਾਏਲ ਦੇ ਸਾਰੇ ਲੋਕ ਤੁਹਾਡੇ ਰਿਸ਼ਤੇਦਾਰ ਹਨ-ਉਹ ਯਹੋਵਾਹ ਵੱਲੋਂ ਨਾਦਾਬ ਅਤੇ ਅਬੀਹੂ ਨੂੰ ਸਾੜੇ ਜਾਣ ਤੇ ਰੋ ਸੱਕਦੇ ਹਨ। 7 ਪਰ ਤੁਹਾਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਨੂੰ ਛੱਡ ਕੇ ਵੀ ਨਹੀਂ ਜਾਣਾ ਚਾਹੀਦਾ। ਜੇ ਤੁਸੀਂ ਚੱਲੇ ਚਾਉਂਗੇ, ਤਾਂ ਤੁਸੀਂ ਮਾਰੇ ਜਾਉਂਗੇ। ਕਿਉਂਕਿ ਯਹੋਵਾਹ ਦਾ ਮਸਹ ਵਾਲਾ ਤੇਲ ਤੁਹਾਨੂੰ ਲੱਗਿਆ ਹੋਇਆ ਹੈ।” ਇਸ ਲਈ ਹਾਰੂਨ, ਅਲਆਜ਼ਾਰ ਅਤੇ ਈਥਮਾਰ ਨੇ ਮੂਸਾ ਦਾ ਹੁਕਮ ਮੰਨਿਆ।
8 ਤਾਂ ਯਹੋਵਾਹ ਨੇ ਹਾਰੂਨ ਨੂੰ ਆਖਿਆ, 9 “ਜਦੋਂ ਤੁਸੀਂ ਮੰਡਲੀ ਵਾਲੇ ਤੰਬੂ ਵਿੱਚ ਆਉ, ਤੁਹਾਨੂੰ ਮੈਅ ਜਾਂ ਬੀਅਰ ਨਹੀਂ ਪੀਣੀ ਚਾਹੀਦੀ। ਜੇ ਤੁਸੀਂ ਇਹ ਚੀਜ਼ਾਂ ਪੀਉਂਗੇ, ਤੁਸੀਂ ਮਾਰੇ ਜਾਉਂਗੇ। ਇਹ ਕਾਨੂਨ ਤੁਹਾਡੀਆਂ ਪੀੜੀਆਂ ਤੀਕ ਹਮੇਸ਼ਾ ਲਈ ਜਾਰੀ ਰਹੇਗਾ। 10 ਤੁਹਾਨੂੰ ਉਨ੍ਹਾਂ ਈਜ਼ਾਂ ਵਿੱਚ, ਜਿਹੜੀਆਂ ਪਵਿੱਤਰ ਹਨ ਅਤੇ ਉਨ੍ਹਾਂ ਵਿੱਚ ਜਿਹੜੀਆਂ ਸਾਧਾਰਣ ਹਨ, ਅਤੇ ਉਨ੍ਹਾਂ ਵਿੱਚ ਜਿਹੜੀਆਂ ਪਾਕ ਅਤੇ ਨਾਪਾਕ ਚੀਜ਼ਾਂ ਹਨ, ਸਾਫ਼ ਫ਼ਰਕ ਕਰਨਾ ਚਾਹੀਦਾ ਹੈ। 11 ਯਹੋਵਾਹ ਨੇ ਆਪਣੇ ਨੇਮ ਮੂਸਾ ਨੂੰ ਦਿੱਤੇ, ਅਤੇ ਮੂਸਾ ਨੇ ਇਹ ਨੇਮ ਲੋਕਾਂ ਨੂੰ ਦਿੱਤੇ। ਹਾਰੂਨ, ਤੈਨੂੰ ਲੋਕਾਂ ਨੂੰ ਇਨ੍ਹਾਂ ਸਾਰੇ ਨੇਮਾਂ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ।”
5 ਆਪਣੇ ਆਪ ਦੀ ਪਰੀਖਿਆ ਕਰੋ ਅਤੇ ਵੇਖੋ ਕਿ ਕੀ ਤੁਸੀਂ ਵਿਸ਼ਵਾਸ ਵਿੱਚ ਜਿਉਂ ਰਹੇ ਹੋ? ਤੁਹਾਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਮਸੀਹ ਯਿਸੂ ਤੁਹਾਡੇ ਵਿੱਚ ਹੈ। ਪਰ ਜੇ ਤੁਸੀਂ ਪਰੀਖਿਆ ਵਿੱਚੋਂ ਫ਼ੇਲ ਹੋ ਗਏ ਤਾਂ ਮਸੀਹ ਤੁਹਾਡੇ ਅੰਦਰ ਨਹੀਂ ਰਹਿ ਰਿਹਾ। 6 ਪਰ ਮੈਨੂੰ ਉਮੀਦ ਹੈ ਕਿ ਤੁਸੀਂ ਦੇਖ ਲਵੋਂਗੇ ਕਿ ਅਸੀਂ ਪਰੱਖ ਵਿੱਚੋਂ ਫ਼ੇਲ ਨਹੀਂ ਹਾਂ। 7 ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕੋਈ ਮਾੜਾ ਕੰਮ ਨਾ ਕਰੋ। ਕੀ ਇਹ ਗੱਲ ਮਹੱਤਵਪੂਰਣ ਨਹੀਂ ਹੈ ਕਿ ਇਹ ਲੋਕ ਵੇਖਣ ਕਿ ਅਸੀਂ ਪਰੀਖਿਆ ਵਿੱਚ ਸਫ਼ਲ ਹੋ ਗਏ ਹਾਂ। ਪਰ ਮਹੱਤਵਪੂਰਣ ਗੱਲ ਇਹ ਹੈ ਕਿ ਤੁਸੀਂ ਉਹੀ ਕਰੋ ਜੋ ਠੀਕ ਹੈ। ਭਾਵੇਂ ਇਹ ਲੱਗਦਾ ਹੈ ਕਿ ਅਸੀਂ ਪਰੱਖ ਵਿੱਚ ਅਸਫ਼ਲ ਹੋ ਗਏ ਹਾਂ। 8 ਅਸੀਂ ਕੁਝ ਵੀ ਨਹੀਂ ਕਰ ਸੱਕਦੇ ਜੋ ਸੱਚ ਦੇ ਵਿਰੁੱਧ ਹੈ। ਅਸੀਂ ਓਹੀ ਗੱਲਾਂ ਕਰ ਸੱਕਦੇ ਹਾਂ ਜਿਹੜੀਆਂ ਸੱਚ ਲਈ ਹਨ। 9 ਅਸੀਂ ਕਮਜ਼ੋਰ ਹੋਣ ਲਈ ਖੁਸ਼ ਹਾਂ ਜੇ ਤੁਸੀਂ ਤਾਕਤਵਰ ਹੋ। ਅਤੇ ਸਾਡੀ ਪ੍ਰਾਰਥਨਾ ਹੈ ਕਿ ਤੁਸੀਂ ਹੋਰ ਵੱਧੇਰੇ ਤਕੜੇ ਹੋਵੋ। 10 ਇਹ ਗੱਲਾਂ ਮੈਂ ਤੁਹਾਨੂੰ ਤੁਹਾਡੀ ਗੈਰ ਹਾਜ਼ਰੀ ਵਿੱਚ ਲਿਖ ਰਿਹਾ ਹਾਂ ਇਹ ਮੈਂ ਇਸ ਲਈ ਆਖ ਰਿਹਾ ਹਾਂ ਤਾਂ ਜੋ ਜਦੋਂ ਮੈਂ ਤੁਹਾਡੇ ਕੋਲ ਆਵਾਂ ਤਾਂ ਮੈਨੂੰ ਆਪਣੀ ਸ਼ਕਤੀ ਤੁਹਾਨੂੰ ਸਜ਼ਾ ਦੇਣ ਵਾਸਤੇ ਨਾ ਵਰਤਨੀ ਪਵੇ। ਪ੍ਰਭੂ ਨੇ ਇਹ ਸ਼ਕਤੀ ਮੈਨੂੰ ਤੁਹਾਨੂੰ ਤਕੜਾ ਬਨਾਉਣ ਲਈ ਪ੍ਰਦਾਨ ਕੀਤੀ ਹੈ। ਤੁਹਾਨੂੰ ਤਬਾਹ ਕਰਨ ਲਈ ਨਹੀਂ।
2010 by World Bible Translation Center