Revised Common Lectionary (Complementary)
ਦਾਊਦ ਦਾ ਮਿਕਤਾਮ।
16 ਮੇਰੀ ਰੱਖਿਆ ਕਰੋ, ਪਰਮੇਸ਼ੁਰ, ਕਿਉਂਕਿ ਮੈਂ ਤੁਸਾਂ ਉੱਤੇ ਨਿਰਭਰ ਹਾਂ।
2 ਮੈਂ ਆਪਣੇ ਯਹੋਵਾਹ ਨੂੰ ਆਖਿਆ,
“ਹੇ ਪਰਮੇਸ਼ੁਰ, ਤੂੰ ਮੇਰਾ ਯਹੋਵਾਹ ਹੈਂ।
ਮੇਰੇ ਕੋਲ ਜੋ ਕੁਝ ਵੀ ਚੰਗਾ ਹੈ ਇਹ ਤੁਸਾਂ ਤੋਂ ਪ੍ਰਾਪਤ ਹੋਇਆ ਹੈ।”
3 ਯਹੋਵਾਹ, ਆਪਣੇ ਚੇਲਿਆਂ ਲਈ ਧਰਤੀ ਉੱਤੇ ਅਦਭੁਤ ਗੱਲਾਂ ਕਰਦਾ ਹੈ।
ਯਹੋਵਾਹ ਦਰਸਾਉਂਦਾ ਕਿ ਉਹ ਸੱਚਮੁੱਚ ਉਨ੍ਹਾਂ ਨੂੰ ਪਿਆਰ ਕਰਦਾ ਹੈ।
4 ਪਰ ਉਹ ਜਿਹੜੇ ਹੋਰਾਂ ਦੇਵਤਿਆਂ ਦੀ ਪੂਜਾ ਕਰਨ ਲਈ ਭੱਜ ਜਾਂਦੇ ਹਨ, ਦਰਦ ਸਹਿਣਗੇ।
ਮੈਂ ਉਨ੍ਹਾਂ ਦੀਆਂ ਲਹੂ ਭੇਟਾਂ ਵਿੱਚ ਸਾਂਝ ਨਹੀਂ ਪਾਵਾਂਗਾ ਜਿਹੜੀਆਂ ਉਹ ਉਨ੍ਹਾਂ ਮੂਰਤੀਆਂ ਨੂੰ ਦਿੰਦੇ ਹਨ।
ਮੈਂ ਉਨ੍ਹਾਂ ਮੂਰਤੀਆਂ ਦੇ ਨਾਮ ਵੀ ਨਹੀਂ ਉੱਚਾਰਾਂਗਾ।
5 ਮੇਰਾ ਭੋਜਨ ਤੇ ਪਿਆਲਾ ਸਿਰਫ਼ ਪਰਮੇਸ਼ੁਰ ਪਾਸੋਂ ਆਉਂਦਾ ਹੈ।
ਜਿਸ ਤਰ੍ਹਾਂ ਕਿ ਯਹੋਵਾਹ ਨੇ ਮੈਨੂੰ ਮੇਰਾ ਵਿਰਸਾ [a] ਦਿੱਤਾ ਹੈ।
6 ਮੇਰੀ ਹਿੱਸੇ ਦੀ ਜ਼ਮੀਨ ਬਹੁਤ ਮਨਭਾਵਨੀ ਹੈ,
ਮੇਰਾ ਵਿਰਸਾ ਬਹੁਤ ਖੂਬਸੂਰਤ ਹੈ।
7 ਮੈਂ ਪਰਮੇਸ਼ੁਰ ਦੀ ਉਸਤਤਿ ਕਰਦਾ ਹਾਂ ਕਿਉਂਕਿ ਉਸ ਨੇ ਮੈਨੂੰ ਵੱਧੀਆ ਸਮਝਾਇਆ ਹੈ।
ਰਾਤ ਵੇਲੇ ਵੀ ਉਹ ਮੈਨੂੰ ਉਪਦੇਸ਼ ਦਿੰਦਾ ਹੈ ਅਤੇ ਮੇਰੇ ਮਨ ਦੇ ਧੁਰ ਅੰਦਰ ਚੰਗੀਆਂ ਸਾਲ੍ਹਾਵਾਂ ਰੱਖਦਾ ਹੈ।
8 ਮੈਂ ਹਮੇਸ਼ਾ ਮੇਰੇ ਯਹੋਵਾਹ ਨੂੰ ਸਾਹਮਣੇ ਰੱਖਦਾ ਹਾਂ,
ਅਤੇ ਕਦੀ ਵੀ ਮੈਂ ਉਸ ਦੇ ਸੱਜੇ ਤੋਂ ਮੇਰੀ ਥਾਂ ਨਹੀਂ ਛੱਡਾਂਗਾ।
9 ਇਸੇ ਲਈ ਮੇਰੀ ਰੂਹ ਤੇ ਮੇਰਾ ਮਨ ਆਨੰਦ ਮਈ ਹੋਵਣਗੇ।
ਅਤੇ ਮੇਰਾ ਸ਼ਰੀਰ ਵੀ ਸੁਰੱਖਿਅਤ ਰਹੇਗਾ।
10 ਕਿਉਂਕਿ ਹੇ ਯਹੋਵਾਹ, ਤੂੰ ਮੇਰੀ ਰੂਹ ਨੂੰ ਮ੍ਰਿਤ ਲੋਕ ਵਿੱਚ ਦਾਖਲ ਨਹੀਂ ਹੋਣ ਦੇਵੇਂਗਾ।
ਅਤੇ ਤੂੰ ਆਪਣੇ ਇੱਕ ਵਫ਼ਾਦਾਰ ਨੂੰ ਕਬਰ ਵਿੱਚ ਸੜਨ ਨਹੀਂ ਦੇਵੇਂਗਾ।
11 ਤੂੰ ਮੈਨੂੰ ਸਿਰਫ਼ ਤੇਰੇ ਨਜ਼ਦੀਕ ਆਕੇ ਜਿਉਣ ਦਾ ਸਹੀ ਤਰੀਕਾ ਸਿੱਖਾਵੇਂਗਾ।
ਯਹੋਵਾਹ, ਮੈਂ ਪੂਰਨ ਖੁਸ਼ੀ ਦਾ ਆਨੰਦ ਮਾਣਾਂਗਾ।
ਤੇਰੇ ਸੱਜੇ ਪਾਸੇ ਹੋਕੇ ਮੈਂ ਸਦੀਵੀ ਅਸੀਸ ਦਾ ਆਨੰਦ ਮਾਣਾਂਗਾ।
ਅਹਜ਼ਯਾਹ ਲਈ ਸੁਨੇਹਾ
1 ਅਹਾਬ ਦੇ ਮਰਨ ਤੋਂ ਪਿੱਛੋਂ ਮੋਆਬ ਇਸਰਾਏਲ ਤੋਂ ਬੇਮੁੱਖ ਹੋ ਗਿਆ।
2 ਇੱਕ ਦਿਨ ਅਹਜ਼ਯਾਹ ਸਾਮਰਿਯਾ ਵਿੱਚ ਆਪਣੇ ਘਰ ਦੀ ਛੱਤ (ਚੁਬਾਰੇ) ਤੇ ਖੜ੍ਹਾ ਸੀ ਅਤੇ ਉਹ ਚੁਬਾਰੇ ਦੀ ਲੱਕੜੀ ਦੀ ਜਾਲੀਦਾਰ ਤਾਕੀ ਵਿੱਚੋਂ ਡਿੱਗ ਪਿਆ ਅਤੇ ਉਸ ਨੂੰ ਬੜੀ ਡੂੰਘੀ ਸੱਟ ਲਗੀ। ਤਦ ਅਹਜ਼ਯਾਹ ਨੇ ਆਪਣੇ ਸੰਦੇਸ਼ਵਾਹਕਾਂ ਨੂੰ ਸੱਦਿਆ ਅਤੇ ਕਿਹਾ, “ਅਕਰੋਨ ਦੇ ਦੇਵਤੇ ਬਆਲ-ਜ਼ਬੂਬ ਨੂੰ ਜਾਕੇ ਇਹ ਪੁੱਛੋ ਕਿ ਕੀ ਮੈਂ ਇਸ ਸੱਟ ਤੋਂ ਠੀਕ ਹੋ ਜਾਵਾਂਗਾ?”
3 ਪਰ ਯਹੋਵਾਹ ਦੇ ਦੂਤ ਨੇ ਏਲੀਯਾਹ ਤਿਸ਼ਬੀ ਨੂੰ ਆਖਿਆ, “ਅਹਜ਼ਯਾਹ ਪਾਤਸ਼ਾਹ ਨੇ ਸਾਮਰਿਯਾ ਤੋਂ ਕੁਝ ਸੰਦੇਸ਼ਵਾਹਕ ਭੇਜੇ ਹਨ, ਸੋ ਤੂੰ ਜਾ, ਅਤੇ ਜਾਕੇ ਉਨ੍ਹਾਂ ਨੂੰ ਮਿਲ, ਅਤੇ ਉਨ੍ਹਾਂ ਨੂੰ ਜਾਕੇ ਆਖ, ‘ਇਸਰਾਏਲ ਵਿੱਚ ਵੀ ਪਰਮੇਸ਼ੁਰ ਹੈ, ਤਾਂ ਫ਼ਿਰ ਤੁਸੀਂ ਭਲਾ ਅਕਰੋਨ ਦੇ ਦੇਵਤੇ ਬਆਲ-ਜ਼ਬੂਲ ਤੋਂ ਸਵਾਲ ਪੁੱਛਣ ਕਿਉਂ ਚੱਲੇ ਹੋ? 4 ਜਾ ਅਤੇ ਅਹਜ਼ਯਾਹ ਪਾਤਸ਼ਾਹ ਨੂੰ ਇਹ ਗੱਲਾਂ ਦੱਸ, ਕਿਉਂ ਜੋ ਤੂੰ ਬਆਲ-ਜ਼ਬੂਲ ਤੋਂ ਪ੍ਰਸ਼ਨ ਪੁੱਛਣ ਲਈ ਸੰਦੇਸ਼ਵਾਹਕ ਭੇਜੇ ਇਸ ਲਈ ਯਹੋਵਾਹ ਆਖਦਾ ਹੈ: ਜਿਸ ਪਲੰਘ ਉੱਪਰ ਤੂੰ ਚੜ੍ਹਿਆ ਹੈ, ਉਸ ਤੋਂ ਤੂੰ ਨਹੀਂ ਉਤਰੇਂਗਾ ਸਗੋਂ ਤੂੰ ਉੱਥੇ ਹੀ ਮਰੇਂਗਾ!’” ਤਾਂ ਏਲੀਯਾਹ ਚੱਲਾ ਗਿਆ ਅਤੇ ਇਹ ਸਾਰੇ ਸ਼ਬਦ ਅਹਜ਼ਯਾਹ ਦੇ ਸੰਦੇਸ਼ਵਾਹਕਾਂ ਨੂੰ ਦੱਸੇ।
5 ਤਦ ਸੰਦੇਸ਼ਵਾਹਕ ਅਹਜ਼ਯਾਹ ਕੋਲ ਵਾਪਸ ਮੁੜੇ ਅਤੇ ਅਹਜ਼ਯਾਹ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇੰਨੀ ਜਲਦੀ ਵਾਪਸ ਕਿਉਂ ਆ ਗਏ ਹੋ?”
6 ਸੰਦੇਸ਼ਵਾਹਕਾਂ ਨੇ ਅਹਜ਼ਯਾਹ ਨੂੰ ਆਖਿਆ, “ਇੱਕ ਆਦਮੀ ਸਾਨੂੰ ਮਿਲਣ ਲਈ ਆਇਆ ਅਤੇ ਉਸ ਨੇ ਸਾਨੂੰ ਉਸ ਰਾਜੇ ਕੋਲ ਵਾਪਸ ਜਾਣ ਲਈ ਕਿਹਾ ਜਿਸ ਨੇ ਤੁਹਾਨੂੰ ਇੱਥੇ ਭੇਜਿਆ ਅਤੇ ਉਸ ਨੂੰ ਆਖੋ, ਯਹੋਵਾਹ ਆਖਦਾ ਹੈ, ‘ਜਦ ਇਸਰਾਏਲ ਵਿੱਚ ਪਰਮੇਸ਼ੁਰ ਹੈ ਤਾਂ ਤੂੰ ਅਕਰੋਨ ਦੇ ਦੇਵਤੇ ਬਆਲ-ਜ਼ਬੂਲ ਕੋਲ ਸਵਾਲ ਪੁੱਛਣ ਲਈ ਕਿਉਂ ਭੇਜਦਾ ਹੈਂ? ਇਸ ਲਈ ਜਿਸ ਪਲੰਘ ਉੱਪਰ ਤੂੰ ਚੜ੍ਹਿਆ ਹੈਂ, ਉਸਤੋਂ ਨਹੀਂ ਉਤਰੇਂਗਾ, ਸਗੋਂ ਉੱਥੇ ਹੀ ਮਰੇਂਗਾ?’”
7 ਅਹਜ਼ਯਾਹ ਨੇ ਸੰਦੇਸ਼ਵਾਹਕਾਂ ਨੂੰ ਆਖਿਆ, “ਜਿਸ ਮਨੁੱਖ ਨੇ ਤੁਹਾਡੇ ਨਾਲ ਇਹ ਗੱਲਾਂ ਕੀਤੀਆਂ ਅਤੇ ਤੁਹਾਨੂੰ ਮਿਲਣ ਲਈ ਆਇਆ, ਉਹ ਭਲਾ ਕਿਵੇਂ ਦਾ ਲੱਗਦਾ ਸੀ?”
8 ਤਾਂ ਉਨ੍ਹਾਂ ਨੇ ਪਾਤਸ਼ਾਹ ਨੂੰ ਕਿਹਾ, “ਇਸ ਮਨੁੱਖ ਨੇ ਜੱਤ ਵਾਲਾ ਕੋਟ ਪਾਇਆ ਹੋਇਆ ਸੀ ਅਤੇ ਕਮਰ ਤੇ ਚਮੜੇ ਦੀ ਪੇਟੀ ਬੰਨ੍ਹੀ ਹੋਈ ਸੀ।” ਤਦ ਪਾਤਸ਼ਾਹ ਨੇ ਕਿਹਾ “ਉਹ ਤਾਂ ਏਲੀਯਾਹ ਤਿਸ਼ਬੀ ਸੀ”।
ਅਹਜ਼ਯਾਹ ਵੱਲੋਂ ਭੇਜੇ ਆਦਮੀਆਂ ਦਾ ਅੱਗ ’ਚ ਸੜਨਾ
9 ਅਹਜ਼ਯਾਹ ਨੇ ਇੱਕ ਕਪਤਾਨ ਦੇ ਨਾਲ 50 ਸਿਪਾਹੀ ਏਲੀਯਾਹ ਨੂੰ ਵੇਖਣ ਲਈ ਭੇਜੇ। ਕਪਤਾਨ, ਏਲੀਯਾਹ ਕੋਲ ਗਿਆ, ਉਸ ਵਕਤ ਏਲੀਯਾਹ ਪਹਾੜ ਦੀ ਚੋਟੀ ਉੱਪਰ ਬੈਠਾ ਹੋਇਆ ਸੀ ਤਾਂ ਕਪਤਾਨ ਨੇ ਏਲੀਯਾਹ ਨੂੰ ਕਿਹਾ, “ਹੇ ਪਰਮੇਸ਼ੁਰ ਦੇ ਮਨੁੱਖ, ਪਾਤਸ਼ਾਹ ਤੈਨੂੰ ਹੇਠਾਂ ਉਤਰਨ ਦਾ ਹੁਕਮ ਦਿੰਦਾ ਹੈ।”
10 ਏਲੀਯਾਹ ਨੇ ਪੰਜਾਹਾਂ ਬੰਦਿਆਂ ਦੇ ਸਰਦਾਰ ਨੂੰ ਆਖਿਆ, “ਜੇਕਰ ਮੈਂ ਪਰਮੇਸ਼ੁਰ ਦਾ ਮਨੁੱਖ ਹਾਂ ਤਾਂ ਅਕਾਸ਼ੋ ਅੱਗ ਉਤਰੇ ਅਤੇ ਤੈਨੂੰ ਤੇ ਤੇਰੇ 50 ਸਿਪਾਹੀਆਂ ਨੂੰ ਭਸਮ ਕਰ ਦੇਵੇ।”
ਤਦ ਅਕਾਸ਼ ਤੋਂ ਅੱਗ ਉਤਰੀ ਅਤੇ ਉਸ ਨੇ ਕਪਤਾਨ ਅਤੇ 50 ਸਿਪਾਹੀਆਂ ਨੂੰ ਭਸਮ ਕਰ ਦਿੱਤਾ।
11 ਅਹਜ਼ਯਾਹ ਨੇ ਕਪਤਾਨ ਅਤੇ ਹੋਰ 50 ਸਿਪਾਹੀ ਏਲੀਯਾਹ ਵੱਲ ਭੇਜੇ। ਕਪਤਾਨ ਨੇ ਆਖਿਆ, “ਹੇ ਪਰਮੇਸ਼ੁਰ ਦੇ ਮਨੁੱਖ, ਪਾਤਸ਼ਾਹ ਤੈਨੂੰ ਛੇਤੀ ਹੀ ਹੇਠਾਂ ਉਤਰਨ ਦਾ ਹੁਕਮ ਦਿੰਦਾ ਹੈ।”
12 ਏਲੀਯਾਹ ਨੇ ਉਸ ਕਪਤਾਨ ਅਤੇ ਉਸ ਦੇ 50 ਸਿਪਾਹੀਆਂ ਨੂੰ ਕਿਹਾ, “ਜੇਕਰ ਮੈਂ ਪਰਮੇਸ਼ੁਰ ਦਾ ਬੰਦਾ ਹਾਂ ਤਾਂ ਯਹੋਵਾਹ ਕਰੇ ਅੱਗ ਅਕਾਸੋਂ ਉਤਰੇ ਅਤੇ ਤੁਹਾਨੂੰ ਭਸਮ ਕਰ ਦੇਵੇ।”
ਤਦ ਪਰਮੇਸ਼ੁਰ ਵੱਲੋਂ ਹੇਠਾਂ ਅੱਗ ਉਤਰੀ, ਕਪਤਾਨ ਅਤੇ ਉਸ ਦੇ 50 ਸਿਪਾਹੀਆਂ ਨੂੰ ਭਸਮ ਕਰ ਗਈ।
13 ਅਹਜ਼ਯਾਹ ਨੇ ਤੀਜੇ, ਵਾਰ ਇੱਕ ਹੋਰ ਕਪਤਾਨ ਤੇ ਉਸ ਨਾਲ 50 ਸਿਪਾਹੀ ਭੇਜੇ। ਤੀਜਾ ਕਪਤਾਨ, ਏਲੀਯਾਹ ਕੋਲ ਆਕੇ ਉਸ ਅੱਗੇ ਝੁਕ ਗਿਆ ਅਤੇ ਏਲੀਯਾਹ ਅੱਗੇ ਮਿੰਨਤ ਕੀਤੀ, “ਹੇ ਪਰਮੇਸ਼ੁਰ ਦੇ ਮਨੁੱਖ, ਕਿਰਪਾ ਕਰਕੇ ਮੇਰੀ ਅਤੇ ਮੇਰੇ ਪੰਜਾਹ ਆਦਮੀਆਂ ਦੀਆਂ ਜਾਨਾਂ ਬਖਸ਼ ਦੇ। 14 ਅਕਾਸ਼ ਤੋਂ ਅੱਗ ਹੇਠਾਂ ਉਤਰੀ ਅਤੇ ਉਹ ਪਹਿਲੇ ਦੋ ਕਪਤਾਨਾਂ ਤੇ ਉਨ੍ਹਾਂ ਦੇ 50-50 ਆਦਮੀਆਂ ਨੂੰ ਭਸਮ ਕਰ ਗਈ, ਪਰ ਹੁਣ ਸਾਡੇ ਉੱਤੇ ਕਿਰਪਾ ਕਰ ਅਤੇ ਸਾਨੂੰ ਜੀਵਨ ਬਖਸ਼।”
15 ਯਹੋਵਾਹ ਦੇ ਦੂਤ ਨੇ ਏਲੀਯਾਹ ਨੂੰ ਕਿਹਾ, “ਤੂੰ ਕਪਤਾਨ ਦੇ ਨਾਲ ਚੱਲਾ ਜਾ, ਉਸ ਤੋਂ ਡਰ ਨਾ।”
ਤਾਂ ਏਲੀਯਾਹ ਉਸ ਕਪਤਾਨ ਦੇ ਨਾਲ ਅਹਜ਼ਯਾਹ ਪਾਤਸ਼ਾਹ ਨੂੰ ਮਿਲਣ ਲਈ ਗਿਆ।
16 ਏਲੀਯਾਹ ਨੇ ਅਹਜ਼ਯਾਹ ਨੂੰ ਆਖਿਆ, “ਯਹੋਵਾਹ ਇਉਂ ਫ਼ਰਮਾਉਂਦਾ ਹੈ ‘ਇਸਰਾਏਲ ਵਿੱਚ ਪਰਮੇਸ਼ੁਰ ਦੇ ਹੁੰਦਿਆਂ ਹੋਇਆਂ ਤੂੰ ਸੰਦੇਸ਼ਵਾਹਕਾਂ ਨੂੰ ਅਕਰੋਨ ਦੇ ਦੇਵਤੇ, ਬਆਲ-ਜਬੂਲ ਕੋਲ ਸਵਾਲ ਪੁੱਛਣ ਲਈ ਕਿਉਂ ਭੇਜਿਆ? ਇਸ ਲਈ ਜਿਸ ਪਲੰਘ ਉੱਪਰ ਤੂੰ ਪਿਆ ਹੈਂ, ਉਸ ਤੋਂ ਨਾ ਉਤਰੇਂਗਾ, ਅਸਲ ਵਿੱਚ ਤੂੰ ਇਸ ਉੱਤੇ ਹੀ ਮਰੇਂਗਾ।’”
ਗਲਾਤੀ ਮਸੀਹੀਆਂ ਲਈ ਪੌਲੁਸ ਦਾ ਪ੍ਰੇਮ
8 ਅਤੀਤ ਵਿੱਚ ਤੁਸੀਂ ਪਰਮੇਸ਼ੁਰ ਨੂੰ ਨਹੀਂ ਸੀ ਜਾਣਦੇ। ਤੁਸੀਂ ਉਨ੍ਹਾਂ ਦੇਵਤਿਆਂ ਦੇ ਗੁਲਾਮ ਸੀ ਜਿਹੜੇ ਵਾਸਤਵਿਕ ਨਹੀਂ ਸਨ। 9 ਪਰ ਹੁਣ ਤੁਸੀਂ ਅਸਲੀ ਪਰਮੇਸ਼ੁਰ ਨੂੰ ਜਾਣਦੇ ਹੋ। ਇਹ ਸੱਚਮੁੱਚ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਨੂੰ ਜਾਣਦਾ ਹੈ। ਇਸ ਲਈ ਅਜਿਹਾ ਕਿਉਂ ਹੈ ਕਿ ਤੁਸੀਂ ਉਨ੍ਹਾਂ ਨਿਤਾਣੇ ਅਤੇ ਫ਼ਜ਼ੂਲ ਨੇਮਾਂ ਵੱਲ ਵਾਪਸ ਜਾਂਦੇ ਹੋ ਜਿਨ੍ਹਾਂ ਦਾ ਅਨੁਸਰਣ ਤੁਸੀਂ ਮੁੱਢ ਵਿੱਚ ਕੀਤਾ ਸੀ? ਕੀ ਤੁਸੀਂ ਹੁਣ ਫ਼ੇਰ ਉਨ੍ਹਾਂ ਚੀਜ਼ਾਂ ਦੇ ਗੁਲਾਮ ਬਣਨਾ ਚਾਹੁੰਦੇ ਹੋ? 10 ਤੁਸੀਂ ਹਾਲੇ ਵੀ ਖਾਸ ਦਿਨਾਂ, ਮਹੀਨਿਆਂ, ਰੁੱਤਾਂ ਅਤੇ ਸਾਲਾਂ ਨੂੰ ਮਹੱਤਤਾ ਦਿੰਦੇ ਹੋ। 11 ਮੈਂ ਤੁਹਾਥੋਂ ਇਸ ਲਈ ਡਰਦਾ ਹਾਂ। ਮੈਨੂੰ ਡਰ ਹੈ ਤੁਹਾਡੇ ਲਈ ਮੇਰਾ ਕਾਰਜ ਜ਼ਾਇਆ ਹੋ ਗਿਆ ਹੈ।
12 ਭਰਾਵੋ ਅਤੇ ਭੈਣੋ ਮੈਂ ਵੀ ਤੁਹਾਡੇ ਵਰਗਾ ਹੀ ਸਾਂ; ਇਸ ਲਈ ਕਿਰਪਾ ਕਰਕੇ ਮੇਰੇ ਵਰਗੇ ਬਣ ਜਾਵੋ। ਤੁਸੀਂ ਪਹਿਲਾਂ ਮੇਰੇ ਉੱਪਰ ਬਹੁਤ ਮਿਹਰਬਾਨ ਸੀ। 13 ਤੁਸੀਂ ਜਾਣਦੇ ਹੋ ਮੈਂ ਪਹਿਲੀ ਬਾਰ ਤੁਹਾਡੇ ਕੋਲ ਕਿਉਂ ਆਇਆ ਸਾਂ। ਇਹ ਇਸ ਲਈ ਸੀ ਕਿ ਮੈਂ ਬਿਮਾਰ ਸਾਂ। ਇਹ ਉਦੋਂ ਸੀ ਜਦੋਂ, ਤੁਹਾਨੂੰ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਸੀ। 14 ਮੇਰੀ ਬਿਮਾਰੀ ਤੁਹਾਡੇ ਉੱਪਰ ਬੋਝ ਸੀ। ਪਰ ਤੁਸੀਂ ਮੇਰੇ ਬਾਰੇ ਕੋਈ ਨਫ਼ਰਤ ਨਹੀਂ ਦਿਖਾਈ। ਤੁਸੀਂ ਮੈਨੂੰ ਵਾਪਸ ਚੱਲੇ ਜਾਣ ਲਈ ਮਜਬੂਰ ਨਹੀਂ ਕੀਤਾ ਤੁਸੀਂ ਮੇਰੀ ਇਸ ਤਰ੍ਹਾਂ ਆਉ-ਭਗਤ ਕੀਤੀ ਸੀ ਜਿਵੇਂ ਮੈਂ ਪਰਮੇਸ਼ੁਰ ਵੱਲੋਂ ਆਇਆ ਕੋਈ ਦੂਤ ਹੋਵਾਂ। ਤੁਸੀਂ ਮੈਂਨੂੰ ਇਉਂ ਪ੍ਰਵਾਨ ਕੀਤਾ ਜਿਵੇਂ ਮੈਂ ਖੁਦ ਮਸੀਹ ਹੋਵਾਂ। 15 ਉਦੋਂ ਤੁਸੀਂ ਬਹੁਤ ਖੁਸ਼ ਸੀ ਉਹ ਖੁਸ਼ੀ ਹੁਣ ਕਿੱਥੇ ਹੈ? ਮੈਨੂੰ ਯਾਦ ਹੈ ਕਿ ਤੁਸੀਂ ਮੇਰੀ ਸਹਾਇਤਾ ਲਈ ਹਰ ਸੰਭਵ ਜਤਨ ਕਰਨਾ ਚਾਹੁੰਦੇ ਸੀ। ਜੇਕਰ ਸੰਭਵ ਹੁੰਦਾ ਤਾਂ ਤੁਸੀਂ ਆਪਣੀਆਂ ਅੱਖਾਂ ਬਾਹਰ ਖਿੰਚ ਲੈਂਦੇ ਅਤੇ ਉਨ੍ਹਾਂ ਨੂੰ ਮੈਨੂੰ ਦੇ ਦਿੰਦੇ। 16 ਕੀ ਹੁਣ ਮੈਂ ਤੁਹਾਡਾ ਦੁਸ਼ਮਣ ਹਾਂ ਕਿਉਂ ਕਿ ਮੈਂ ਤੁਹਾਨੂੰ ਸੱਚ ਆਖਦਾ ਰਿਹਾਂ।
17 ਉਹੀ ਲੋਕੀਂ ਤੁਹਾਨੂੰ ਉਤੇਜਿਤ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪਰ ਉਨ੍ਹਾਂ ਦਾ ਮੰਤਵ ਠੀਕ ਨਹੀਂ ਹੈ। ਉਹ ਲੋਕੀ ਤੁਹਾਨੂੰ ਸਾਡੇ ਵਿਰੁੱਧ ਜਾਣ ਲਈ ਪ੍ਰੇਰਿਤ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਤੁਸੀਂ ਕੇਵਲ ਉਨ੍ਹਾਂ ਦਾ ਹੀ ਅਨੁਸਰਣ ਕਰੋ ਨਾ ਕਿ ਹੋਰਾਂ ਦਾ। 18 ਲੋਕਾਂ ਲਈ ਤੁਹਾਡੇ ਅੰਦਰ ਦਿਲਚਸਪੀ ਦਰਸ਼ਾਉਣਾ ਚੰਗੀ ਗੱਲ ਹੈ। ਪਰ ਉਦੋਂ ਹੀ ਜਦੋਂ ਉਨ੍ਹਾਂ ਦਾ ਮੰਤਵ ਚੰਗਾ ਹੋਵੇ। ਇਹ ਗੱਲ ਹਮੇਸ਼ਾ ਸੱਚੀ ਹੈ। ਇਹ ਉਦੋਂ ਵੀ ਸੱਚੀ ਹੈ ਜਦੋਂ ਕਿ ਮੈਂ ਤੁਹਾਡੇ ਨਾਲ ਹਾਂ ਅਤੇ ਉਦੋਂ ਵੀ ਜਦੋਂ ਮੈਂ ਤੁਹਾਡੇ ਕੋਲੋਂ ਦੂਰ ਹੁੰਦਾ ਹਾਂ। 19 ਮੇਰੇ ਬੱਚਿਓ, ਇੱਕ ਵਾਰੀ ਫ਼ੇਰ ਮੈਂ ਤੁਹਾਡੇ ਲਈ ਉਸੇ ਤਰ੍ਹਾਂ ਦਾ ਦੁੱਖ ਮਹਿਸੂਸ ਕਰ ਰਿਹਾ ਹਾਂ ਜਿਸ ਤਰ੍ਹਾਂ ਦਾ ਕੋਈ ਜਨਣੀ ਬੱਚੇ ਦੇ ਜਨਮ ਸਮੇਂ ਅਨੁਭਵ ਕਰਦੀ ਹੈ। ਅਜਿਹਾ ਮੈਂ ਉਦੋਂ ਤੱਕ ਮਹਿਸੂਸ ਕਰਦਾ ਰਹਾਂਗਾ ਜਦੋਂ ਤੱਕ ਕਿ ਤੁਸੀਂ ਸੱਚਮੁੱਚ ਮਸੀਹ ਵਾਂਗ ਨਹੀਂ ਬਣ ਜਾਂਦੇ। 20 ਮੈਂ ਕਾਮਨਾ ਕਰਦਾ ਹਾਂ ਕਿ ਹੁਣ ਤੁਹਾਡੇ ਨਾਲ ਹੋ ਸੱਕਾਂ। ਜੇਕਰ ਮੈਂ ਤੁਹਾਡੇ ਨਜ਼ਦੀਕ ਹੁੰਦਾ ਉਦੋਂ ਸ਼ਾਇਦ ਮੈਂ ਤੁਹਾਡੇ ਨਾਲ ਗੱਲ ਬਾਤ ਕਰਨ ਦਾ ਆਪਣਾ ਢੰਗ ਤਬਦੀਲ ਕਰ ਲੈਂਦਾ। ਹੁਣ ਮੈਨੂੰ ਪਤਾ ਨਹੀਂ ਕਿ ਮੈਂ ਤੁਹਾਡੇ ਨਾਲ ਕੀ ਕਰਾਂ।
2010 by World Bible Translation Center