Revised Common Lectionary (Complementary)
ਦਾਊਦ ਦਾ ਇੱਕ ਗੀਤ, ਜਿਹੜਾ ਉਸ ਨੇ ਯਹੋਵਾਹ ਨੂੰ ਸੁਣਾਇਆ ਸੀ। ਇਹ ਗੀਤ ਕੂਸ਼ ਬਾਰੇ ਹੈ [a] ਜੋ ਕਿ ਬਿਨਯਾਮਿਨ ਦੇ ਪਰਿਵਾਰਿਕ ਸਮੂਹ ਵਿੱਚੋਂ ਸੀ।
7 ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਤੇਰੇ ਵਿੱਚ ਸ਼ਰਨ ਲੈਂਦਾ ਹਾਂ।
ਮੈਨੂੰ ਉਨ੍ਹਾਂ ਲੋਕਾਂ ਤੋਂ ਬਚਾ ਜਿਹੜੇ ਮੇਰੇ ਪਿੱਛੇ ਹਨ। ਮੈਨੂੰ ਬਚਾਉ।
2 ਜੇ ਤੂੰ ਮੈਨੂੰ ਨਹੀਂ ਬਚਾਵੇਂਗਾ, ਮੈਂ ਸ਼ੇਰ ਦੁਆਰਾ ਫ਼ੜੇ ਅਤੇ ਧੂਏ ਜਾਣ ਵਾਲੇ ਜਾਨਵਰ ਵਰਗਾ ਹੋਵਾਂਗਾ।
ਜਿਸ ਨੂੰ ਕੋਈ ਵੀ ਨਹੀਂ ਬਚਾਉਂਦਾ।
3 ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਕੋਈ ਮੰਦਾ ਕੰਮ ਨਹੀਂ ਕੀਤਾ।
ਮੈਂ ਵਾਅਦਾ ਕਰਦਾ ਹਾਂ ਮੈਂ ਕੋਈ ਵੀ ਗਲਤ ਕੰਮ ਨਹੀਂ ਕੀਤਾ।
4 ਮੈਂ ਆਪਣੇ ਕਿਸੇ ਵੀ ਸਹਾਇਕ ਦਾ ਮੰਦਾ ਕੰਮ ਨਹੀਂ ਕੀਤਾ।
ਅਤੇ ਨਾ ਹੀ ਆਪਣੇ ਸਹਾਇਕ ਦੇ ਦੁਸ਼ਮਣਾਂ ਦੀ ਕੋਈ ਮਦਦ ਕੀਤੀ ਹੈ।
5 ਜੇ ਇਹ ਸੱਚ ਨਹੀਂ ਹੈ, ਤਾਂ ਮੈਨੂੰ ਸਜ਼ਾ ਦੇਵੋ।
ਮੇਰੇ ਦੁਸ਼ਮਣ ਨੂੰ ਮੇਰਾ ਪਿੱਛਾ ਕਰਨ ਦਿਉ, ਤੇ ਉਸ ਨੂੰ ਮੈਨੂੰ ਮਾਰ ਲੈਣ ਦਿਉ।
ਉਸ ਨੂੰ ਮੈਨੂੰ ਧਰਤੀ ਅੰਦਰ ਦੱਬ ਲੈਣ ਦਿਉ ਅਤੇ ਮੈਨੂੰ ਮਿਧਣ ਦਿਉ ਅਤੇ ਮੇਰੀ ਰੂਹ ਨੂੰ ਗੰਦਗੀ ਅੰਦਰ ਪਾ ਲੈਣ ਦਿਉ।
6 ਹੇ ਯਹੋਵਾਹ, ਉੱਠੋ ਤੇ ਆਪਣਾ ਗੁੱਸਾ ਦਿਖਾਉ।
ਮੇਰਾ ਵੈਰੀ ਗੁੱਸੇ ਹੈ। ਇਸ ਲਈ ਤੁਸੀਂ ਉੱਠੋ ਤੇ ਉਸ ਦੇ ਵਿਰੁੱਧ ਲੜੋ।
ਹੇ ਪਰਮੇਸ਼ੁਰ, ਉੱਠੋ ਤੇ ਨਿਆਂ ਦੀ ਘੋਸ਼ਣਾ ਕਰੋ।
7 ਯਹੋਵਾਹ, ਲੋਕਾਂ ਦਾ ਨਿਆਂ ਕਰੋ।
ਕੌਮਾਂ ਨੂੰ ਇਕੱਠਿਆਂ ਤੁਹਾਡਾ ਸਾਹਮਣਾ ਕਰਨ ਦਿਉ।
8 ਅਤੇ ਲੋਕਾਂ ਦਾ ਨਿਆਂ ਕਰੋ।
ਯਹੋਵਾਹ, ਮੇਰਾ ਨਿਆਂ ਕਰੋ।
ਸਿੱਧ ਕਰੋ ਕਿ ਮੈਂ ਬੇਕਸੂਰ ਹਾਂ।
9 ਮੰਦੇ ਲੋਕਾਂ ਨੂੰ ਸਜ਼ਾ ਦਿਉ,
ਅਤੇ ਚੰਗੇ ਲੋਕਾਂ ਦੇ ਸਹਾਇਕ ਬਣੋ।
ਹੇ ਪਰਮੇਸ਼ੁਰ, ਤੁਸੀਂ ਚੰਗੇ ਹੋ,
ਤੁਸੀਂ ਲੋਕਾਂ ਦੇ ਅੰਦਰਲੇ ਪਨ ਨੂੰ ਵੇਖ ਸੱਕਦੇ ਹੋ।
10 ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜਿਨ੍ਹਾਂ ਕੋਲ ਨਿਸ਼ਕਪਟ ਹਿਰਦੇ ਹਨ।
ਇਸ ਲਈ ਪਰਮੇਸ਼ੁਰ ਮੇਰੀ ਰੱਖਿਆ ਕਰੇਗਾ।
11 ਪਰਮੇਸ਼ੁਰ ਸਹੀ ਨਿਆਂਕਾਰ ਹੈ।
ਉਹ ਹਮੇਸ਼ਾ ਦੁਸ਼ਟ ਲੋਕਾਂ ਦੇ ਵਿਰੁੱਧ ਬੋਲਦਾ ਹੈ।
12-13 ਪਰਮੇਸ਼ੁਰ ਇੱਕ ਫ਼ੈਸਲਾ ਕਰਨ ਤੋਂ ਬਾਅਦ,
ਉਹ ਆਪਣਾ ਮਨ ਨਹੀਂ ਬਦਲਦਾ।
ਪਰਮੇਸ਼ੁਰ ਮੰਦੇ ਲੋਕਾਂ ਨੂੰ ਦੰਡ ਦੇਣ ਲਈ ਸਦਾ ਤਿਆਰ ਹੈ।
14 ਕੁਝ ਲੋਕ ਹਮੇਸ਼ਾ ਮੁਸੀਬਤਾਂ ਖੜੀਆਂ ਕਰਨ ਦੀਆਂ ਵਿਉਂਤਾਂ ਬਣਾਉਂਦੇ ਹਨ।
ਉਹ ਗੁਪਤ ਯੋਜਨਾਵਾਂ ਬਣਾਉਂਦੇ ਹਨ
ਅਤੇ ਝੂਠ ਬੋਲਦੇ ਹਨ
15 ਉਹ ਹੋਰਾਂ ਨੂੰ ਫ਼ਸਾਉਣ ਅਤੇ ਉਨ੍ਹਾਂ ਨੂੰ ਸੱਟਾਂ ਮਾਰਨ ਦੀਆਂ ਯੋਜਨਾਵਾਂ ਬਣਾਉਂਦੇ ਹਨ।
ਪਰ ਉਹ ਖੁਦ ਹੀ ਆਪਣੇ ਜਾਲ ਵਿੱਚ ਫ਼ਸ ਜਾਵਣਗੇ।
16 ਉਨ੍ਹਾਂ ਨੂੰ ਉਹ ਸਜ਼ਾ ਮਿਲੇਗੀ ਜਿਸਦੇ ਉਹ ਅਧਿਕਾਰੀ ਹਨ।
ਉਹ ਹੋਰਾਂ ਲਈ ਜਾਲਮ ਸਨ।
ਪਰ ਉਨ੍ਹਾਂ ਨੂੰ ਉਨ੍ਹਾਂ ਦੇ ਗਲਤ ਕਾਰਿਆਂ ਵਾਸਤੇ ਸਜ਼ਾ ਮਿਲੇਗੀ।
17 ਮੈਂ ਯਹੋਵਾਹ ਦੀ ਉਸਤਤਿ ਕਰਾਂਗਾ ਕਿਉਂਕਿ ਉਹ ਭਲਾ ਹੈ।
ਮੈਂ ਅੱਤ ਉੱਚੇ ਯਹੋਵਾਹ ਦੇ ਨਾਮ ਦੀ ਉਸਤਤਿ ਕਰਾਂਗਾ।
7 “ਹੁਣ, ਆਦਮੀ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਪਰਿਵਾਰ ਵਾਸਤੇ ਚੌਕੀਦਾਰ ਵਜੋਂ ਚੁਣ ਰਿਹਾ ਹਾਂ। ਜੇ ਤੂੰ ਮੇਰੇ ਮੂੰਹੋਁ ਸੰਦੇਸ਼ ਸੁਣੇ ਤਾਂ ਤੈਨੂੰ ਲੋਕਾਂ ਨੂੰ ਮੇਰੇ ਲਈ ਅਵੱਸ਼ ਚੇਤਾਵਨੀ ਦੇਣੀ ਚਾਹੀਦੀ ਹੈ। 8 ਮੈਂ ਸ਼ਾਇਦ ਤੈਨੂੰ ਇਹ ਆਖਾਂ, ‘ਇਹ ਬਦ ਬੰਦਾ ਮਰੇਗਾ।’ ਤਾਂ ਤੈਨੂੰ ਮੇਰੇ ਲਈ ਉਸ ਬੰਦੇ ਕੋਲ ਜਾਕੇ ਚੇਤਾਵਨੀ ਅਵੱਸ਼ ਦੇਣੀ ਚਾਹੀਦੀ ਹੈ। ਜੇ ਤੂੰ ਉਸ ਬਦ ਬੰਦੇ ਨੂੰ ਚੇਤਾਵਨੀ ਨਹੀਂ ਦਿੰਦਾ ਅਤੇ ਉਸ ਨੂੰ ਬਦਲਣ ਲਈ ਨਹੀਂ ਆਖਦਾ, ਤਾਂ ਉਹ ਬੰਦਾ ਮਰੇਗਾ ਕਿਉਂ ਕਿ ਉਸ ਨੇ ਪਾਪ ਕੀਤਾ ਸੀ। ਪਰ ਮੈਂ ਉਸਦੀ ਮੌਤ ਲਈ ਤੈਨੂੰ ਜ਼ਿੰਮੇਵਾਰ ਠਹਿਰਾਵਾਂਗਾ। 9 ਜੇਕਰ ਤੂੰ ਉਸ ਬੰਦੇ ਨੂੰ ਆਪਣਾ ਜੀਵਨ ਬਦਲਣ ਅਤੇ ਪਾਪ ਤੋਂ ਦੂਰ ਰਹਿਣ ਲਈ ਚੇਤਾਵਨੀ ਦੇ ਦਿੰਦਾ ਹੈ, ਪਰ ਉਹ ਪਾਪ ਕਰਨੋ ਹਟਣ ਤੋਂ ਇਨਕਾਰ ਕਰਦਾ ਹੈ, ਤਾਂ ਉਹ ਮਰੇਗਾ ਕਿਉਂ ਕਿ ਉਸ ਨੇ ਪਾਪ ਕੀਤਾ ਸੀ। ਪਰ ਤੂੰ ਆਪਣੀ ਜਾਨ ਬਚਾ ਲਈ ਹੈ।
ਪਰਮੇਸ਼ੁਰ ਲੋਕਾਂ ਨੂੰ ਤਬਾਹ ਨਹੀਂ ਕਰਨਾ ਚਾਹੁੰਦਾ
10 “ਇਸ ਲਈ, ਆਦਮੀ ਦੇ ਪੁੱਤਰ, ਮੇਰੇ ਲਈ ਇਸਰਾਏਲ ਦੇ ਪਰਿਵਾਰ ਨਾਲ ਗੱਲ ਕਰ। ਸ਼ਾਇਦ ਉਹ ਲੋਕ ਆਖਣ, ‘ਅਸੀਂ ਪਾਪ ਕੀਤਾ ਹੈ ਅਤੇ ਕਨੂੰਨ ਤੋੜਿਆ ਹੈ। ਸਾਡੇ ਪਾਪ ਬਤਦਾਸ਼ਤ ਕਰਨ ਨਾਲੋਂ ਜ਼ਿਆਦਾ ਭਾਰੇ ਹਨ। ਅਸੀਂ ਉਨ੍ਹਾਂ ਪਾਪਾਂ ਕਾਰਣ ਸੜਦੇ ਹਾਂ। ਅਸੀਂ ਜਿਉਣ ਲਈ ਕੀ ਕਰ ਸੱਕਦੇ ਹਾਂ?’
11 “ਤੈਨੂੰ ਉਨ੍ਹਾਂ ਨੂੰ ਇਹ ਜ਼ਰੂਰ ਕਹਿਣਾ ਚਾਹੀਦਾ ਹੈ, ‘ਮੇਰਾ ਪ੍ਰਭੂ ਯਹੋਵਾਹ ਇਹ ਆਖਦਾ ਹੈ: ਆਪਣੇ ਜੀਵਨ ਨੂੰ ਸਾਖੀ ਰੱਖਕੇ, ਮੈਂ ਇਕਰਾਰ ਕਰਦਾ ਹਾਂ, ਕਿ ਮੈਨੂੰ ਲੋਕਾਂ ਨੂੰ ਮਰਦਿਆਂ ਦੇਖਕੇ ਖੁਸ਼ੀ ਨਹੀਂ ਹੁੰਦੀ-ਬਦ ਲੋਕਾਂ ਨੂੰ ਦੇਖਕੇ ਵੀ! ਮੈਂ ਨਹੀਂ ਚਾਹੁੰਦਾ ਕਿ ਉਹ ਮਰਨ। ਮੈਂ ਚਾਹੁੰਦਾ ਹਾਂ ਕਿ ਉਹ ਮੰਦੇ ਲੋਕ ਮੇਰੇ ਵੱਲ ਵਾਪਸ ਪਰਤ ਆਉਣ। ਮੈਂ ਚਾਹੁੰਦਾ ਹਾਂ ਕਿ ਉਹ ਆਪਣਾ ਜੀਵਨ ਤਬਦੀਲ ਕਰ ਲੈਣ ਤਾਂ ਜੋ ਉਹ ਸੱਚਮੁੱਚ ਜਿਉਂ ਸੱਕਣ! ਇਸ ਲਈ ਪਰਤ ਆਓ ਮੇਰੇ ਵੱਲ! ਮੰਦੇ ਕੰਮ ਕਰਨੋ ਹਟ ਜਾਵੋ! ਇਸਰਾਏਲ ਦੇ ਪਰਿਵਾਰ, ਤੈਨੂੰ ਮਰਨਾ ਕਿਉਂ ਪਵੇ?’
12 “ਅਤੇ ਆਦਮੀ ਦੇ ਪੁੱਤਰ, ਆਪਣੇ ਲੋਕਾਂ ਨੂੰ ਆਖ: ‘ਕਿਸੇ ਬੰਦੇ ਦੇ ਅਤੀਤ ਵਿੱਚ ਕੀਤੇ ਨੇਕ ਕੰਮ ਉਸ ਨੂੰ ਨਹੀਂ ਬਚਾਉਣਗੇ, ਜੇ ਉਹ ਬੁਰਾ ਬਣ ਜਾਂਦਾ ਹੈ ਅਤੇ ਪਾਪ ਕਰਨ ਲੱਗ ਪੈਂਦਾ ਹੈ। ਅਤੇ ਕਿਸੇ ਬੰਦੇ ਦੇ ਅਤੀਤ ਵਿੱਚ ਕੀਤੇ ਮੰਦੇ ਕੰਮ ਉਸ ਨੂੰ ਤਬਾਹ ਨਹੀਂ ਕਰਨਗੇ, ਜੇ ਉਹ ਆਪਣੀ ਬਦੀ ਤੋਂ ਪਰਤ ਜਾਂਦਾ ਹੈ। ਇਸ ਲਈ ਚੇਤੇ ਰੱਖ, ਕਿਸੇ ਬੰਦੇ ਨੇ ਅਤੀਤ ਵਿੱਚ ਕੀਤੇ ਨੇਕ ਕੰਮ ਉਸ ਨੂੰ ਨਹੀਂ ਬਚਾਉਣਗੇ ਜੇ ਉਹ ਪਾਪ ਕਰਨ ਲੱਗ ਪੈਂਦਾ ਹੈ।’
13 “ਸ਼ਾਇਦ ਮੈਂ ਕਿਸੇ ਨੇਕ ਬੰਦੇ ਨੂੰ ਆਖਾਂ ਕਿ ਉਹ ਜੀਵੇਗਾ। ਪਰ ਸ਼ਾਇਦ ਉਹ ਨੇਕ ਬੰਦਾ ਇਹ ਸੋਚਣਾ ਸ਼ੁਰੂ ਕਰ ਦੇਵੇ ਕਿ ਉਸ ਦੇ ਅਤੀਤ ਵਿੱਚ ਕੀਤੇ ਨੇਕ ਕੰਮ ਉਸ ਨੂੰ ਬਚਾ ਲੈਣਗੇ। ਇਸ ਲਈ, ਸ਼ਾਇਦ ਉਹ ਮੰਦੀਆਂ ਗੱਲਾਂ ਕਰਨ ਲੱਗ ਪਵੇ। ਪਰ ਮੈਂ ਉਸ ਦੀਆਂ ਅਤੀਤ ਵਿੱਚ ਕੀਤੀਆਂ ਨੇਕ ਗੱਲਾਂ ਨੂੰ ਚੇਤੇ ਨਹੀਂ ਕਰਾਂਗਾ! ਨਹੀਂ, ਉਹ ਉਨ੍ਹਾਂ ਮੰਦੀਆਂ ਗੱਲਾਂ ਕਾਰਣ ਮਰੇਗਾ ਜਿਹੜੀਆਂ ਉਹ ਸ਼ੁਰੂ ਕਰਨ ਲੱਗ ਪੈਂਦਾ ਹੈ।
14 “ਜਾਂ ਸ਼ਾਇਦ, ਮੈਂ ਕਿਸੇ ਬੁਰੇ ਬੰਦੇ ਨੂੰ ਆਖਾਂ ਕਿ ਉਹ ਮਰੇਗਾ। ਪਰ ਸ਼ਾਇਦ ਉਹ ਆਪਣੀ ਜ਼ਿੰਦਗੀ ਤਬਦੀਲ ਕਰ ਲਵੇ। ਸ਼ਾਇਦ ਉਹ ਪਾਪ ਕਰਨ ਤੋਂ ਹਟ ਜਾਵੇ ਅਤੇ ਸਹੀ ਢੰਗ ਨਾਲ ਜਿਉਣਾ ਸ਼ੁਰੂ ਕਰ ਦੇਵੇ। ਸ਼ਾਇਦ ਉਹ ਨੇਕ ਅਤੇ ਨਿਰਪੱਖ ਬਣ ਜਾਵੇ। 15 ਸ਼ਾਇਦ ਉਹ ਉਨ੍ਹਾਂ ਚੀਜ਼ਾਂ ਨੂੰ ਵਾਪਸ ਕਰ ਦੇਵੇ ਜਿਹੜੀਆਂ ਉਸ ਨੂੰ ਪੈਸਾ ਉਧਾਰ ਦੇਣ ਵੇਲੇ ਲਈਆਂ ਸਨ। ਸ਼ਾਇਦ ਉਹ ਆਪਣੀਆਂ ਚੋਰੀ ਕੀਤੀਆਂ ਚੀਜ਼ਾਂ ਦਾ ਮੁੱਲ ਤਾਰ ਦੇਵੇ। ਸ਼ਾਇਦ ਉਹ ਉਨ੍ਹਾਂ ਨੇਮਾਂ ਉੱਤੇ ਚੱਲਣਾ ਸੁਰੂ ਕਰ ਦੇਵੇ ਜਿਹੜੇ ਜੀਵਨ ਦਿੰਦੇ ਹਨ। ਉਹ ਮੰਦੇ ਕੰਮ ਕਰਨ ਤੋਂ ਹਟ ਜਾਂਦਾ ਹੈ। ਤਾਂ ਉਹ ਬੰਦਾ ਅਵੱਸ਼ ਜੀਵੇਗਾ। ਉਹ ਮਰੇਗਾ ਨਹੀਂ। 16 ਮੈਂ ਉਸਦੀਆਂ ਅਤੀਤ ਵਿੱਚ ਕੀਤੀਆਂ ਬਦ ਕਰਨੀਆਂ ਨੂੰ ਚੇਤੇ ਨਹੀਂ ਕਰਾਂਗਾ। ਕਿਉਂ? ਕਿਉਂ ਕਿ ਹੁਣ ਉਹ ਸਹੀ ਢੰਗ ਨਾਲ ਜਿਉਂ ਰਿਹਾ ਹੈ ਅਤੇ ਨਿਰਪੱਖ ਹੈ। ਇਸ ਲਈ ਉਹ ਜੀਵੇਗਾ!
17 “ਪਰ ਤੇਰੇ ਲੋਕ ਆਖਦੇ ਹਨ, ‘ਇਹ ਗੱਲ ਠੀਕ ਨਹੀਂ! ਯਹੋਵਾਹ ਮੇਰਾ ਪ੍ਰਭੂ ਇਸ ਤਰ੍ਹਾਂ ਦਾ ਨਹੀਂ ਹੋ ਸੱਕਦਾ!’
“ਪਰ ਉਹ ਅਜਿਹੇ ਲੋਕ ਹਨ ਜਿਹੜੇ ਨਿਰਪੱਖ ਨਹੀਂ ਹਨ! ਉਹ ਅਜਿਹੇ ਲੋਕ ਹਨ ਜਿਨ੍ਹਾਂ ਜ਼ਰੂਰ ਬਦਲਣਾ ਚਾਹੀਦਾ ਹੈ! 18 ਜੇ ਕੋਈ ਨੇਕ ਬੰਦਾ ਨੇਕੀ ਕਰਨਾ ਛੱਡ ਦਿੰਦਾ ਹੈ ਅਤੇ ਪਾਪ ਕਰਨ ਲੱਗ ਪੈਂਦਾ ਹੈ, ਤਾਂ ਉਹ ਆਪਣੇ ਪਾਪਾਂ ਕਾਰਣ ਮਰੇਗਾ। 19 ਅਤੇ ਜੇ ਕੋਈ ਬੁਰਾ ਬੰਦਾ ਬਦੀ ਕਰਨੀ ਛੱਡ ਦਿੰਦਾ ਹੈ ਅਤੇ ਸਹੀ ਢੰਗ ਨਾਲ ਜਿਉਂਣਾ ਅਤੇ ਨਿਰਪੱਖ ਹੋਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਜੀਵੇਗਾ! 20 ਪਰ ਤੁਸੀਂ ਲੋਕ ਫ਼ੇਰ ਵੀ ਆਖਦੇ ਹੋ ਕਿ ਮੈਂ ਨਿਰਪੱਖ ਨਹੀਂ ਹਾਂ। ਪਰ ਮੈਂ ਤੁਹਾਨੂੰ ਸੱਚ ਆਖ ਰਿਹਾ ਹਾਂ। ਇਸਰਾਏਲ ਦੇ ਪਰਿਵਾਰ, ਹਰ ਬੰਦੇ ਦਾ ਨਿਆਂ ਉਸ ਦੇ ਅਮਲਾਂ ਅਨੁਸਾਰ ਹੋਵੇਗਾ!”
ਯਿਸੂ ਕੋਲ ਪਰਮੇਸ਼ੁਰ ਦਾ ਅਧਿਕਾਰ ਹੈ
19 ਪਰ ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਪੁੱਤਰ ਆਪਣੇ ਆਪ ਕੁਝ ਨਹੀਂ ਕਰ ਸੱਕਦਾ। ਪੁੱਤਰ ਉਹੀ ਕਰਦਾ ਹੈ ਜੋ ਉਹ ਪਿਤਾ ਨੂੰ ਕਰਿਦਆਂ ਵੇਖਦਾ ਹੈ। ਜੋ ਕੁਝ ਪਿਤਾ ਕਰਦਾ ਉਹੀ ਪੁੱਤਰ ਵੀ ਕਰਦਾ। 20 ਪਰ ਪਿਤਾ ਆਪਣੇ ਪੁੱਤਰ ਨੂੰ ਪਿਆਰ ਕਰਦਾ ਹੈ ਅਤੇ ਪਿਤਾ ਪੁੱਤਰ ਨੂੰ ਉਹ ਸਭ ਕੁਝ ਵਿਖਾਉਂਦਾ ਹੈ ਜੋ ਉਹ ਕਰਦਾ। ਪਰ ਪਿਤਾ ਆਪਣੇ ਪੁੱਤਰ ਨੂੰ ਮਹਾਨ ਗੱਲਾਂ ਵੀ ਵਿਖਾਵੇਗਾ। ਫਿਰ ਤੁਸੀਂ ਸਭ ਹੈਰਾਨ ਰਹਿ ਜਾਉਂਗੇ। 21 ਪਿਤਾ ਮੁਰਦਿਆਂ ਨੂੰ ਜਿਵਾਲਦਾ ਹੈ ਅਤੇ ਉਨ੍ਹਾਂ ਨੂੰ ਜੀਵਨ ਦਿੰਦਾ ਹੈ। ਇਉਂ ਹੀ, ਪੁੱਤਰ ਵੀ, ਜਿਨ੍ਹਾਂ ਨੂੰ ਉਹ ਚਾਹੁੰਦਾ, ਜੀਵਨ ਦਿੰਦਾ ਹੈ।
22 “ਪਿਤਾ ਕਿਸੇ ਦਾ ਨਿਆਂ ਨਹੀਂ ਕਰਦਾ, ਪਰ ਉਸ ਨੇ ਇਹ ਅਧਿਕਾਰ ਪੂਰੀ ਤਰ੍ਹਾਂ ਪੁੱਤਰ ਨੂੰ ਦਿੱਤਾ ਹੋਇਆ ਹੈ। 23 ਪਰਮੇਸ਼ੁਰ ਨੇ ਇਹ ਇਸ ਲਈ ਕੀਤਾ ਤਾਕਿ ਸਾਰੇ ਲੋਕ ਪੁੱਤਰ ਦਾ ਉਵੇਂ ਹੀ ਸਤਿਕਾਰ ਕਰਨ ਜਿਵੇਂ ਉਹ ਪਿਤਾ ਦਾ ਸਤਿਕਾਰ ਕਰਦੇ ਹਨ। ਜੋ ਕੋਈ ਆਦਮੀ ਪੁੱਤਰ ਦਾ ਸਤਿਕਾਰ ਨਹੀਂ ਕਰਦਾ, ਉਹ ਆਦਮੀ ਪਿਤਾ ਦਾ ਸਤਿਕਾਰ ਨਹੀਂ ਕਰਦਾ, ਜਿਸਨੇ ਉਸ ਨੂੰ ਭੇਜਿਆ ਹੈ।
24 “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜੋ ਮੇਰੇ ਸ਼ਬਦ ਸੁਣਦਾ ਹੈ ਅਤੇ ਉਸ ਵਿੱਚ ਵਿਸ਼ਵਾਸ ਕਰਦਾ ਹੈ। ਉਹ ਇੱਕ, ਜਿਸਨੇ ਮੈਨੂੰ ਭੇਜਿਆ ਹੈ, ਸਦੀਪਕ ਜੀਵਨ ਉਸਦਾ ਹੈ। ਉਹ ਦੋਸ਼ੀ ਨਹੀ ਠਹਿਰਾਇਆ ਜਾਏਗਾ। ਉਸ ਨੂੰ ਮੌਤ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਉਹ ਸਦੀਪਕ ਜੀਵਨ ਵਿੱਚ ਦਾਖਲ ਹੋ ਚੁੱਕਿਆ ਹੈ। 25 ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਉਹ ਸਮਾਂ ਆ ਰਿਹਾ ਹੈ, ਅਤੇ ਇਹ ਪਹਿਲਾਂ ਹੀ ਇੱਥੇ ਹੈ। ਉਹ ਜੋ ਮਰ ਚੁੱਕੇ ਹਨ ਪਰਮੇਸ਼ੁਰ ਦੇ ਪੁੱਤਰ ਦੀ ਅਵਾਜ਼ ਨੂੰ ਸੁਣਨਗੇ ਅਤੇ ਜਿਹੜੇ ਲੋਕ ਉਸ ਨੂੰ ਸੁਨਣਗੇ ਉਨ੍ਹਾਂ ਨੂੰ ਜੀਵਨ ਮਿਲੇਗਾ। 26 ਜਿਸ ਤਰਾਂ ਪਿਤਾ ਜੀਵਨ ਦੇਣ ਦਾ ਅਧਿਕਾਰ ਰੱਖਦਾ ਹੈ ਉਸੀ ਤਰਾਂ ਉਸ ਨੇ ਪੁੱਤਰ ਨੂੰ ਵੀ ਜੀਵਨ ਦੇਣ ਦਾ ਅਧਿਕਾਰ ਦਿੱਤਾ ਹੈ। 27 ਪਿਤਾ ਨੇ ਨਿਆਂ ਕਰਨ ਦਾ ਵੀ ਅਧਿਕਾਰ ਆਪਣੇ ਪੁੱਤਰ ਨੂੰ ਦਿੱਤਾ ਹੈ ਕਿਉਂਕਿ ਉਹ ਆਦਮੀ ਦਾ ਪੁੱਤਰ ਹੈ।
28 “ਇਸ ਗੱਲ ਬਾਰੇ ਹੈਰਾਨ ਨਾ ਹੋਵੋ। ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ ਚ ਪਏ ਮੋਏ ਬੰਦੇ ਵੀ ਉਸ ਦੀ ਅਵਾਜ਼ ਸੁਣਨਗੇ। 29 ਉਹ ਆਪਣੀਆਂ ਕਬਰਾਂ ਚੋਂ ਬਾਹਰ ਆ ਜਾਣਾਗੇ, ਉਹ ਜਿਨ੍ਹਾਂ ਨੇ ਭਲੇ ਕੰਮ ਕੀਤੇ ਹਨ, ਜੀਅ ਉੱਠਣਗੇ ਅਤੇ ਸਦੀਪਕ ਜੀਵਨ ਪ੍ਰਾਪਤ ਕਰਨਗੇ। ਪਰ ਉਹ ਲੋਕ, ਜਿਨ੍ਹਾਂ ਨੇ ਮੰਦੇ ਕੰਮ ਕੀਤੇ ਹਨ, ਉਹ ਦੰਡ ਦੇ ਨਿਆਂ ਲਈ ਜੀਅ ਉੱਠਣਗੇ।
30 “ਮੈਂ ਆਪਣੇ-ਆਪ ਕੁਝ ਨਹੀਂ ਕਰ ਸੱਕਦਾ। ਮੈਂ ਉਸ ਅਧਾਰ ਤੇ ਨਿਆਂ ਕਰਦਾ ਹਾਂ ਜੋ ਮੈਂ ਪਰਮੇਸ਼ੁਰ ਪਾਸੋਂ ਸੁਣਦਾ ਹਾਂ। ਇਸ ਲਈ ਮੇਰਾ ਨਿਆਂ ਠੀਕ ਹੈ। ਕਿਉਂਕਿ ਮੈਂ ਆਪਣੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸਗੋਂ ਮੈਂ ਉਸਦੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਜਿਸਨੇ ਮੈਨੂੰ ਭੇਜਿਆ ਹੈ।
ਯਿਸੂ ਦਾ ਯਹੂਦੀਆਂ ਨਾਲ ਸੰਵਾਦ ਜਾਰੀ ਰੱਖਣਾ
31 “ਜੇਕਰ ਮੈਂ ਆਪਣੇ ਬਾਰੇ ਸਾਖੀ ਦੇਵਾਂ, ਤਾਂ ਮੇਰੀ ਸਾਖੀ ਦੀ ਕੋਈ ਕੀਮਤ ਨਹੀਂ ਹੈ। 32 ਪਰ ਇੱਕ ਹੋਰ ਆਦਮੀ ਹੈ ਜੋ ਮੇਰੇ ਬਾਰੇ ਸਾਖੀ ਦਿੰਦਾ ਹੈ। ਅਤੇ ਮੈਂ ਜਾਣਦਾ ਹਾਂ ਕਿ ਉਸਦੀ ਮੇਰੇ ਬਾਰੇ ਸਾਖੀ ਸੱਚੀ ਹੈ।
33 “ਤੁਸੀਂ ਲੋਕਾਂ ਨੂੰ ਯੂਹੰਨਾ ਕੋਲ ਭੇਜਿਆ ਅਤੇ ਉਸ ਨੇ ਸੱਚ ਬਾਰੇ ਸਾਖੀ ਦਿੱਤੀ। 34 ਪਰ ਮੈਂ ਇੱਕ ਆਦਮੀ ਦੀ ਸਾਖੀ ਤੇ ਨਿਰਭਰ ਨਹੀਂ ਕਰਦਾ। ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਦੱਸਦਾ ਹਾਂ ਤਾਂ ਕਿ ਤੁਸੀਂ ਬਚਾਏ ਜਾ ਸੱਕੋਂ। 35 ਯੂਹੰਨਾ ਇੱਕ ਦੀਵੇ ਵਾਂਗ ਸੀ ਜੋ ਬਲਿਆ ਤੇ ਜਿਸਨੇ ਚਾਨਣ ਦਿੱਤਾ ਅਤੇ ਤੁਸੀਂ ਕੁਝ ਸਮੇਂ ਲਈ ਉਸ ਚਾਨਣ ਦਾ ਅਨੰਦ ਲਿਆ।
36 “ਪਰ ਜੋ ਸਾਖੀ ਮੈਂ ਆਪਣੇ ਬਾਰੇ ਦਿੰਦਾ ਹਾਂ ਉਹ ਯੂਹੰਨਾ ਦੀ ਸਾਖੀ ਨਾਲੋਂ ਵਡੇਰੀ ਹੈ। ਜੋ ਕਾਰਜ ਪਿਤਾ ਨੇ ਮੈਨੂੰ ਕਰਨ ਲਈ ਦਿੱਤਾ ਹੈ ਉਹ ਮੇਰੇ ਬਾਰੇ ਸਾਖੀ ਦਿੰਦਾ ਹੈ ਕਿ ਪਿਤਾ ਨੇ ਮੈਨੂੰ ਭੇਜਿਆ ਹੈ। 37 ਅਤੇ ਉਹ ਪਿਤਾ ਜਿਸਨੇ ਮੈਨੂੰ ਭੇਜਿਆ ਉਸ ਨੇ ਮੇਰੇ ਬਾਰੇ ਸਾਖ਼ੀ ਦਿੱਤੀ। ਪਰ ਤੁਸੀਂ ਕਦੇ ਉਸਦੀ ਅਵਾਜ਼ ਨਹੀਂ ਸੁਣੀ। ਅਤੇ ਤੁਸੀਂ ਕਦੇ ਉਸਦਾ ਰੂਪ ਨਹੀਂ ਵੇਖਿਆ। 38 ਉਸ ਪਿਤਾ ਦੇ ਉਪਦੇਸ਼ ਵੀ ਤੁਹਾਡੇ ਅੰਦਰ ਨਹੀਂ ਹਨ। ਕਿਉਂਕਿ, ਤੁਸੀਂ ਉਸ ਵਿੱਚ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਪਿਤਾ ਨੇ ਭੇਜਿਆ ਹੈ। 39 ਤੁਸੀਂ ਇਹ ਸੋਚਕੇ ਪੋਥੀਆਂ ਨੂੰ ਧਿਆਨ ਨਾਲ ਪੜ੍ਹਦੇ ਹੋ ਕਿ ਤੁਸੀਂ ਉਨ੍ਹਾਂ ਰਾਹੀਂ ਸਦੀਪਕ ਜੀਵਨ ਪ੍ਰਾਪਤ ਕਰੋਂਗੇ। ਉਹੀ ਪੋਥੀਆਂ ਮੇਰੇ ਬਾਰੇ ਸਾਖੀ ਦਿੰਦੀਆਂ ਹਨ! 40 ਹਾਲੇ ਵੀ ਤੁਸੀਂ ਉਸ ਸਦੀਪਕ ਜੀਵਨ ਨੂੰ ਪ੍ਰਾਪਤ ਕਰਨ ਲਈ ਮੇਰੇ ਕੋਲ ਆਉਣ ਤੋਂ ਇਨਕਾਰ ਕਰਦੇ ਹੋ।
2010 by World Bible Translation Center