Revised Common Lectionary (Complementary)
95 ਆਉ, ਅਸੀਂ ਪਰਮੇਸ਼ੁਰ ਦੀ ਉਸਤਤਿ ਕਰੀਏ।
ਆਉ, ਉਸ ਚੱਟਾਨ ਲਈ, ਉਸਤਤਿ ਦੇ ਜੈਕਾਰੇ ਗਾਈਏ।
ਜਿਹੜੀ ਸਾਡੀ ਰੱਖਿਆ ਕਰਦੀ ਹੈ।
2 ਆਉ ਯਹੋਵਾਹ ਦੇ ਧੰਨਵਾਦ ਦੇ ਗੀਤ ਗਾਈਏ
ਆਉ ਉਸਦੀ ਉਸਤਤਿ ਦੇ ਪ੍ਰਸੰਨ ਗੀਤ ਗਾਈਏ।
3 ਕਿਉਂਕਿ ਯਹੋਵਹ ਹੀ ਮਹਾਨ ਪਰਮੇਸ਼ੁਰ ਹੈ।
ਉਹੀ ਮਹਾਨ ਰਾਜਾ ਹੈ ਜਿਹੜਾ “ਹੋਰਨਾਂ ਸਾਰੇ ਦੇਵਤਿਆਂ” ਉੱਤੇ ਹਕੂਮਤ ਕਰਦਾ ਹੈ।
4 ਸਭ ਤੋਂ ਡੂੰਘੀਆਂ ਗੁਫ਼ਾਵਾਂ ਅਤੇ ਉੱਚੇ ਤੋਂ ਉੱਚਾ ਪਹਾੜ ਯਹੋਵਾਹ ਦੇ ਹਨ।
5 ਸਾਗਰ ਉਸਦਾ ਹੈ ਉਸ ਨੇ ਇਸ ਨੂੰ ਸਾਜਿਆ ਸੀ।
ਪਰਮੇਸ਼ੁਰ ਨੇ ਆਪਣਿਆਂ ਹੱਥਾਂ ਨਾਲ ਸੁੱਕੀ ਧਰਤੀ ਬਣਾਈ ਸੀ।
6 ਆਉ, ਨੀਵੇਂ ਝੁਕੀਏ ਅਤੇ ਉਸਦੀ ਉਪਾਸਨਾ ਕਰੀਏ।
ਆਉ ਉਸ ਪਰਮੇਸ਼ੁਰ ਦੀ ਉਸਤਤਿ ਕਰੀਏ ਜਿਸਨੇ ਸਾਨੂੰ ਬਣਾਇਆ।
7 ਉਹ ਹੀ ਸਾਡਾ ਪਰਮੇਸ਼ੁਰ ਹੈ।
ਅਤੇ ਅਸੀਂ ਉਸ ਦੇ ਬੰਦੇ ਹਾਂ।
ਅਸੀਂ ਉਸ ਦੀਆਂ ਭੇਡਾਂ ਹਾਂ
ਜੇ ਅੱਜ ਅਸੀਂ ਉਸਦੀ ਅਵਾਜ਼ ਸੁਣੀਏ।
ਯਹੋਵਾਹ, ਸੱਚਾ ਪਰਮੇਸ਼ੁਰ, ਇਸਰਾਏਲ ਦੀ ਮਦਦ ਕਰਦਾ ਹੈ
21 “ਯਾਕੂਬ, ਇਹ ਗੱਲਾਂ ਚੇਤੇ ਰੱਖ: ਇਸਰਾਏਲ ਯਾਦ ਰੱਖ, ਤੂੰ ਮੇਰਾ ਸੇਵਕ ਹੈਂ।
ਮੈਂ ਤੈਨੂੰ ਸਾਜਿਆ ਸੀ।
ਤੂੰ ਮੇਰਾ ਸੇਵਕ ਹੈਂ।
ਮੈਨੂੰ ਕਦੇ ਨਾ ਭੁੱਲੀਁ।
22 ਤੁਹਾਡੇ ਪਾਪ ਵੱਡੇ ਬੱਦਲ ਵਰਗੇ ਸਨ।
ਪਰ ਮੈਂ ਉਹ ਪਾਪ ਮਿਟਾ ਦਿੱਤੇ।
ਤੁਹਾਡੇ ਪਾਪ ਧੁੰਦ ਵਾਗ ਗਾਇਬ ਹੋ ਗਏ ਨੇ।
ਮੈਂ ਬਚਾਇਆ ਅਤੇ ਮੈਂ ਤੇਰੀ ਰਾਖੀ ਕੀਤੀ,
ਇਸ ਲਈ ਮੇਰੇ ਕੋਲ ਵਾਪਸ ਆ ਜਾ!”
23 ਅਕਾਸ਼ ਖੁਸ਼ ਨੇ ਕਿਉਂ ਕਿ ਯਹੋਵਾਹ ਨੇ ਮਹਾਨ ਗੱਲਾਂ ਕੀਤੀਆਂ ਨੇ।
ਧਰਤੀ ਖੁਸ਼ ਹੈ, ਧਰਤੀ ਹੇਠਲੀ ਧੁਰ ਅੰਦਰਲੀ ਡੂੰਘ ਵੀ।
ਪਰਬਤ ਯਹੋਵਾਹ ਦੇ ਧੰਨਵਾਦ ਦੇ ਗੀਤ ਗਾਉਂਦੇ ਨੇ।
ਜੰਗਲ ਦੇ ਸਾਰੇ ਹੀ ਰੁੱਖ ਖੁਸ਼ ਨੇ!
ਕਿਉਂ ਕਿ ਯਹੋਵਾਹ ਨੇ ਯਾਕੂਬ ਨੂੰ ਬਚਾਇਆ।
ਪਰਮੇਸ਼ੁਰ ਨੇ ਇਸਰਾਏਲ ਲਈ ਮਹਾਨ ਗੱਲਾਂ ਕੀਤੀਆਂ।
24 ਯਹੋਵਾਹ ਨੇ ਤੁਹਾਨੂੰ ਸਾਜਿਆ, ਜਿਵੇਂ ਤੁਸੀਂ ਹੋ।
ਯਹੋਵਾਹ ਨੇ ਇਹ ਕਾਰਜ ਉਦੋਂ ਕੀਤਾ ਜਦੋਂ ਹਾਲੇ ਤੁਸੀਂ ਆਪਣੀ ਮਾਂ ਦੇ ਗਰਭ ਅੰਦਰ ਸੀ।
ਯਹੋਵਾਹ ਆਖਦਾ ਹੈ, “ਮੈਂ, ਯਹੋਵਾਹ ਨੇ, ਹਰ ਸ਼ੈਅ ਸਾਜੀ!
ਮੈਂ ਖੁਦ ਓੱਥੇ ਅਕਾਸ਼ ਰੱਖੇ ਸਨ!
ਮੈਂ ਆਪਣੇ ਸਾਹਮਣੇ ਧਰਤੀ ਵਿਛਾਈ।”
25 ਨਕਲੀ ਨਬੀ ਝੂਠ ਬੋਲਦੇ ਹਨ, ਪਰ ਯਹੋਵਾਹ ਉਨ੍ਹਾਂ ਦੇ ਝੂਠ ਨੂੰ ਗ਼ਲਤ ਸਿੱਧ ਕਰ ਦਿੰਦਾ ਹੈ। ਯਹੋਵਾਹ ਜਾਦੂ ਟੂਣੇ ਕਰਨ ਵਾਲੇ ਲੋਕਾਂ ਨੂੰ ਮੂਰਖ ਬਣਾ ਦਿੰਦਾ ਹੈ। ਯਹੋਵਾਹ ਸਿਆਣਿਆਂ ਨੂੰ ਉਲਝਣ ਵਿੱਚ ਪਾ ਦਿੰਦਾ ਹੈ। ਉਹ ਸੋਚਦੇ ਹਨ ਕਿ ਉਹ ਬਹੁਤ ਕੁਝ ਜਾਣਦੇ ਹਨ ਪਰ ਯਹੋਵਾਹ ਉਨ੍ਹਾਂ ਨੂੰ ਮੂਰੱਖਾਂ ਵਰਗੇ ਬਣਾ ਦਿੰਦਾ ਹੈ। 26 ਯਹੋਵਾਹ ਲੋਕਾਂ ਨੂੰ ਸੰਦੇਸ਼ ਦੇਣ ਲਈ ਆਪਣੇ ਸੇਵਕਾਂ ਨੂੰ ਭੇਜਦਾ ਹੈ। ਅਤੇ ਯਹੋਵਾਹ ਉਨ੍ਹਾਂ ਸੰਦੇਸ਼ਾਂ ਨੂੰ ਸਚਿਆਉਂਦਾ ਹੈ। ਯਹੋਵਾਹ ਆਪਣੇ ਸੰਦੇਸ਼ਵਾਹਕਾਂ ਨੂੰ ਭੇਜਦਾ ਹੈ ਤਾਂ ਜੋ ਉਹ ਲੋਕਾਂ ਨੂੰ ਇਹ ਦੱਸ ਸੱਕਣ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਅਤੇ ਯਹੋਵਾਹ ਇਹ ਦਰਸਾ ਦਿੰਦਾ ਹੈ ਕਿ ਉਨ੍ਹਾਂ ਦੀ ਸਲਾਹ ਨੇਕ ਹੈ।
ਪਰਮੇਸ਼ੁਰ ਯਹੂਦਾਹ ਦੇ ਪੁਨਰ ਨਿਰਮਾਨ ਲਈ ਖੋਰੁਸ ਨੂੰ ਚੁਣਦਾ ਹੈ
ਯਹੋਵਾਹ ਯਰੂਸ਼ਲਮ ਨੂੰ ਆਖਦਾ ਹੈ, “ਲੋਕ ਇੱਕ ਵਾਰ ਫ਼ੇਰ ਤੇਰੇ ਅੰਦਰ ਰਹਿਣਗੇ!”
ਯਹੋਵਾਹ ਯਹੂਦਾਹ ਦੇ ਸ਼ਹਿਰਾਂ ਨੂੰ ਆਖਦਾ ਹੈ, “ਤੂੰ ਇੱਕ ਵਾਰ ਫ਼ੇਰ ਉਸਾਰਿਆ ਜਾਵੇਂਗਾ।”
ਯਹੋਵਾਹ ਉਨ੍ਹਾਂ ਸ਼ਹਿਰਾਂ ਨੂੰ ਆਖਦਾ ਹੈ ਜਿਹੜੇ ਤਬਾਹ ਹੋ ਗਏ ਸਨ, “ਮੈਂ ਤੁਹਾਨੂੰ ਫ਼ੇਰ ਸ਼ਹਿਰ ਬਣਾਵਾਂਗਾ।”
27 ਯਹੋਵਾਹ ਡੂੰਘੇ ਪਾਣੀਆਂ ਨੂੰ ਆਖਦਾ ਹੈ, “ਸੁੱਕ ਜਾਵੋ!
ਮੈਂ ਤੇਰੀਆਂ ਨਦੀਆਂ ਨੂੰ ਵੀ ਸੁਕਾ ਦੇਵਾਂਗਾ!”
28 ਯਹੋਵਾਹ ਖੋਰੁਸ ਨੂੰ ਆਖਦਾ ਹੈ, “ਤੂੰ ਮੇਰਾ ਆਜੜੀ ਹੈਂ, ਤੂੰ ਓਹੀ ਗੱਲਾਂ ਕਰੇਂਗਾ ਜੋ ਮੈਂ ਚਾਹੁੰਦਾ ਹਾਂ।
ਤੂੰ ਯਰੂਸ਼ਲਮ ਨੂੰ ਆਖੇਂਗਾ, ‘ਤੂੰ ਫ਼ੇਰ ਉਸਾਰਿਆ ਜਾਵੇਂਗਾ!’
ਤੂੰ ਮੰਦਰ ਨੂੰ ਆਖੇਂਗਾ, ‘ਇੱਕ ਵਾਰੀ ਫ਼ੇਰ ਤੇਰੀਆਂ ਬੁਨਿਆਦਾਂ ਉਸਾਰੀਆਂ ਜਾਣਗੀਆਂ!’”
ਯਿਸੂ ਦੇ ਚੇਲੇ ਹੀ ਉਸਦਾ ਪਰਿਵਾਰ(A)
46 ਜਦੋਂ ਯਿਸੂ ਲੋਕਾਂ ਨਾਲ ਗੱਲਾਂ ਕਰ ਰਿਹਾ ਸੀ, ਉਸਦੀ ਮਾਤਾ ਅਤੇ ਭਰਾ ਉਸ ਨਾਲ ਗੱਲ ਕਰਨ ਲਈ ਬਾਹਰ ਖੜੋਤੇ ਹੋਏ ਸਨ। 47 ਤਾਂ ਇੱਕ ਬੰਦੇ ਨੇ ਉਸ ਨੂੰ ਆਖਿਆ, “ਬਾਹਰ ਤੇਰੀ ਮਾਤਾ ਅਤੇ ਭਰਾ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ।”
48 ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾ?” 49 ਅਤੇ ਉਸ ਨੇ ਆਪਣੇ ਚੇਲੇ ਵਿਖਾਏ ਅਤੇ ਆਖਿਆ, “ਵੇਖੋ ਇਹੀ ਮੇਰੀ ਮਾਤਾ ਹੈ ਅਤੇ ਇਹੀ ਮੇਰੇ ਭਰਾ ਹਨ। 50 ਕਿਉਂਕਿ ਜੋ ਕੋਈ ਵੀ ਮੇਰੇ ਸੁਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ ਉਹੀ ਮੇਰਾ ਭਰਾ, ਭੈਣ ਅਤੇ ਮਾਤਾ ਹੈ।”
2010 by World Bible Translation Center