Revised Common Lectionary (Complementary)
ਦਾਊਦ ਦਾ ਇੱਕ ਗੀਤ।
28 ਹੇ ਯਹੋਵਾਹ, ਤੁਸੀਂ ਮੇਰੀ ਚੱਟਾਨ ਹੋ।
ਮੈਂ ਮਦਦ ਲਈ ਤੈਨੂੰ ਪੁਕਾਰ ਰਿਹਾ ਹਾਂ।
ਮੇਰੀਆਂ ਪ੍ਰਾਰਥਨਾ ਲਈ ਆਪਣੇ ਕੰਨ ਬੰਦ ਨਾ ਕਰੋ।
ਜੇਕਰ ਤੁਸਾਂ ਮਦਦ ਲਈ ਮੇਰੀ ਪੁਕਾਰ ਨਾ ਸੁਣੀ
ਤਦ ਲੋਕੀਂ ਸੋਚਣਗੇ ਕਿ ਮੈਂ ਕਬਰੀ ਪਏ ਮੁਰਦਾ ਲੋਕਾਂ ਨਾਲੋਂ ਬਿਹਤਰ ਨਹੀਂ ਹਾਂ।
2 ਯਹੋਵਾਹ, ਮੈਂ ਆਪਣੇ ਹੱਥ ਚੁੱਕਦਾ ਹਾਂ ਅਤੇ ਤੁਹਾਡੇ ਸਭ ਤੋਂ ਪਵਿੱਤਰ ਸਥਾਨ ਵੱਲ ਪ੍ਰਾਰਥਨਾ ਕਰਦਾ ਹਾਂ।
ਮੈਂ ਜਦ ਵੀ ਬੁਲਾਵਾਂ ਮੈਨੂੰ ਸੁਣੋ।
ਮੇਰੇ ਉੱਤੇ ਮਿਹਰ ਕਰੋ।
3 ਯਹੋਵਾਹ, ਮੇਰੇ ਬਾਰੇ ਇਵੇਂ ਨਾ ਸੋਚੋ ਜਿਵੇਂ ਮੈਂ ਮੰਦੇ ਲੋਕਾਂ ਵਿੱਚੋਂ ਇੱਕ ਹੋਵਾਂ।
ਉਹ ਲੋਕ ਆਪਣੇ ਗੁਆਂਢੀਆਂ ਦਾ ਸਵਾਗਤ “ਸ਼ਾਲੋਮ” ਸ਼ਬਦ ਨਾਲ ਕਰਦੇ ਹਨ।
ਪਰ ਆਪਣੇ ਦਿਲਾਂ ਵਿੱਚ ਆਪਣੇ ਗੁਆਂਢੀਆਂ ਦੇ ਖਿਲਾਫ਼ ਮੰਦੀਆਂ ਗੱਲਾਂ ਦੀਆਂ ਵਿਉਂਤਾ ਘੜਦੇ ਹਨ।
4 ਯਹੋਵਾਹ, ਉਹ ਲੋਕ ਹੋਰਾਂ ਲੋਕਾਂ ਨਾਲ ਮੰਦਾ ਕਰਦੇ ਹਨ।
ਇਸ ਲਈ ਉਨ੍ਹਾਂ ਨਾਲ ਮੰਦੀਆਂ ਗੱਲਾਂ ਵਾਪਰਨ ਦਿਉ।
ਉਨ੍ਹਾਂ ਨੂੰ ਦੰਡ ਦਿਉ ਜਿਸਦੇ ਉਹ ਅਧਿਕਾਰੀ ਹਨ।
5 ਕਿਉਂਕਿ ਉਹ ਲੋਕ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ
ਕਿ ਯਹੋਵਾਹ ਨੇ ਆਪਣੇ ਹੱਥੀਂ ਕੀ ਕੀਤਾ ਹੈ।
ਯਹੋਵਾਹ ਉਨ੍ਹਾਂ ਦੀ ਉਸਾਰੀ ਕਰਨ ਦੀ ਬਜਾਇ ਉਨ੍ਹਾਂ ਨੂੰ ਨਸ਼ਟ ਕਰ ਦੇਵੇ।
6 ਯਹੋਵਾਹ ਦੀ ਉਸਤਤਿ ਕਰੋ।
ਉਸ ਨੇ ਮਿਹਰ ਲਈ ਪ੍ਰਾਰਥਨਾ ਸੁਣ ਲਈ।
7 ਯਹੋਵਾਹ ਹੀ ਮੇਰੀ ਤਾਕਤ ਹੈ।
ਉਹੀ ਮੇਰੀ ਢਾਲ ਹੈ।
ਮੈਂ ਉਸ ਵਿੱਚ ਯਕੀਨ ਰੱਖਿਆ ਅਤੇ ਉਸ ਨੇ ਮੇਰੀ ਮਦਦ ਕੀਤੀ।
ਮੈਂ ਬਹੁਤ ਪ੍ਰਸੰਨ ਹਾਂ,
ਅਤੇ ਮੈਂ ਉਸ ਨੂੰ ਉਸਤਤਿ ਦੇ ਗੀਤ ਗਾਉਂਦਾ ਹਾਂ।
8 ਯਹੋਵਾਹ ਆਪਣੇ ਚੁਣੇ ਹੋਏ ਬੰਦੇ ਦੀ ਰੱਖਿਆ ਕਰਦਾ ਹੈ।
ਯਹੋਵਾਹ ਉਸ ਨੂੰ ਬਚਾਉਂਦਾ ਹੈ।
ਯਹੋਵਾਹ ਉਸਦੀ ਸ਼ਕਤੀ ਹੈ।
9 ਹੇ ਪਰਮੇਸ਼ੁਰ, ਆਪਣੇ ਲੋਕਾਂ ਨੂੰ ਬਚਾਉ।
ਉਨ੍ਹਾਂ ਨੂੰ ਓਨੀ ਅਸੀਸ ਦਿਉ ਜਿੰਨੀ ਦੇ ਤੁਸੀਂ ਮਾਲਕ ਹੋਂ।
ਉਨ੍ਹਾਂ ਦੀ ਅਗਵਾਈ ਕਰੋ ਅਤੇ ਉਨ੍ਹਾਂ ਨੂੰ ਸਦਾ ਲਈ ਇੱਜ਼ਤ ਬਖਸ਼ੋ।
23 ਫ਼ਲਿਸਤੀ ਲੋਕਾਂ ਦੇ ਹਾਕਮ ਜਸ਼ਨ ਮਨਾਉਣ ਲਈ ਇਕੱਠੇ ਹੋਕੇ ਆ ਗਏ। ਉਹ ਆਪਣੇ ਦੇਵਤੇ ਦਾਗੋਨ ਅੱਗੇ ਇੱਕ ਵੱਡੀ ਬਲੀ ਚੜ੍ਹਾਉਣ ਜਾ ਰਹੇ ਸਨ। ਉਨ੍ਹਾਂ ਨੇ ਆਖਿਆ, “ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਸਮਸੂਨ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕੀਤੀ ਹੈ।” 24 ਜਦੋਂ ਫ਼ਲਿਸਤੀ ਲੋਕਾਂ ਨੇ ਸਮਸੂਨ ਨੂੰ ਦੇਖਿਆ ਤਾਂ ਉਨ੍ਹਾਂ ਨੇ ਆਪਣੇ ਦੇਵਤੇ ਦੀ ਉਸਤਤਿ ਕੀਤੀ। ਉਨ੍ਹਾਂ ਨੇ ਆਖਿਆ,
“ਇਸ ਆਦਮੀ ਨੇ ਸਾਡੇ ਲੋਕਾਂ ਨੂੰ ਤਬਾਹ ਕੀਤਾ ਸੀ
ਇਸ ਆਦਮੀ ਨੇ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਮਾਰ ਦਿੱਤਾ ਸੀ
ਪਰ ਸਾਡੇ ਦੇਵਤੇ ਨੇ ਆਪਨੇ ਦੁਸ਼ਮਣਾਂ ਨੂੰ
ਫ਼ੜਨ ਵਿੱਚ ਮਦਦ ਕੀਤੀ!”
25 ਲੋਕ ਜਸ਼ਨ ਵੇਲੇ ਮੌਜ ਮਸਤੀ ਕਰ ਰਹੇ ਸਨ। ਇਸ ਲਈ ਉਨ੍ਹਾਂ ਨੇ ਆਖਿਆ, “ਸਮਸੂਨ ਨੂੰ ਬਾਹਰ ਲਿਆਓ। ਅਸੀਂ ਉਸਦਾ ਮਜ਼ਾਕ ਉਡਾਉਣਾ ਚਾਹੁੰਦੇ ਹਾਂ।” ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਕੈਦ ਵਿੱਚੋਂ ਬਾਹਰ ਲੈ ਆਂਦਾ ਅਤੇ ਉਸਦਾ ਮਜ਼ਾਕ ਉਡਾਇਆ। ਉਨ੍ਹਾਂ ਨੇ ਸਮਸੂਨ ਨੂੰ ਦਾਗੋਨ ਦੇਵਤੇ ਦੇ ਮੰਦਰ ਦੇ ਥੰਮਾਂ ਦੇ ਵਿੱਚਕਾਰ ਖੜ੍ਹਾ ਹੋਣ ਲਈ ਮਜ਼ਬੂਰ ਕੀਤਾ। 26 ਇੱਕ ਨੌਕਰ ਨੇ ਸਮਸੂਨ ਦਾ ਹੱਥ ਫ਼ੜਿਆ ਹੋਇਆ ਸੀ। ਸਮਸੂਨ ਨੇ ਉਸ ਨੂੰ ਆਖਿਆ, “ਮੈਨੂੰ ਉਸ ਥਾਂ ਉੱਤੇ ਖੜ੍ਹਾ ਕਰਦੇ ਜਿੱਥੇ ਮੈਂ ਉਨ੍ਹਾਂ ਥੰਮਾਂ ਨੂੰ ਮਹਿਸੂਸ ਕਰ ਸੱਕਾਂ ਜਿਨ੍ਹਾਂ ਨੇ ਇਸ ਮੰਦਰ ਨੂੰ ਚੁੱਕਿਆ ਹੋਇਆ ਹੈ। ਮੈਂ ਉਨ੍ਹਾਂ ਉੱਤੇ ਝੁਕਣਾ ਚਾਹੁੰਦਾ ਹਾਂ।”
27 ਮੰਦਰ ਵਿੱਚ ਆਦਮੀਆਂ ਅਤੇ ਔਰਤਾਂ ਦੀ ਭੀੜ ਜੁੜੀ ਸੀ। ਫ਼ਲਿਸਤੀ ਲੋਕਾਂ ਦੇ ਸਾਰੇ ਹਾਕਮ ਉੱਥੇ ਹੀ ਸਨ। ਤਕਰੀਬਨ 3,000 ਆਦਮੀ ਅਤੇ ਔਰਤਾਂ ਮੰਦਰ ਦੀ ਛੱਤ ਉੱਤੇ ਸਨ। ਉਹ ਹੱਸ ਰਹੇ ਸਨ ਅਤੇ ਸਮਸੂਨ ਦਾ ਮਜ਼ਾਕ ਉਡਾ ਰਹੇ ਸਨ। 28 ਫ਼ੇਰ ਸਮਸੂਨ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਉਸ ਨੇ ਆਖਿਆ, “ਹੇ ਸਰਬਸ਼ਕਤੀਮਾਨ ਯਹੋਵਾਹ, ਮੈਨੂੰ ਯਾਦ ਕਰੋ। ਜੇ ਪਰਮੇਸ਼ੁਰ, ਮੈਨੂੰ ਇੱਕ ਵਾਰੀ ਫ਼ੇਰ ਸ਼ਕਤੀ ਦਿਉ। ਮੈਨੂੰ ਇਨ੍ਹਾਂ ਫ਼ਲਿਸਤੀਆਂ ਨੂੰ, ਮੇਰੀਆਂ ਦੇਵੋ ਅੱਖਾਂ ਕੱਢਣ ਲਈ, ਇੱਕ ਵਾਰੀ ਸਜ਼ਾ ਦੇ ਲੈਣ ਦਿਉ!” 29 ਫ਼ੇਰ ਸਮਸੂਨ ਨੇ ਮੰਦਰ ਦੇ ਵਿੱਚਕਾਰਲੇ ਦੋ ਥੰਮਾਂ ਨੂੰ ਫ਼ੜ ਲਿਆ। ਇਨ੍ਹਾਂ ਦੋਹਾਂ ਥੰਮਾਂ ਨੇ ਸਾਰੇ ਮੰਦਰ ਨੂੰ ਟਿਕਾਇਆ ਹੋਇਆ ਸੀ। ਉਸ ਨੇ ਆਪਣੇ-ਆਪ ਨੂੰ ਦੋਹਾਂ ਥੰਮਾਂ ਦੇ ਵਿੱਚਕਾਰ ਕਸ ਲਿਆ। ਇੱਕ ਥੰਮ ਉਸ ਦੇ ਸੱਜੇ ਪਾਸੇ ਸੀ ਅਤੇ ਇੱਕ ਉਸ ਦੇ ਖੱਬੇ ਪਾਸੇ। 30 ਸਮਸੂਨ ਨੇ ਆਖਿਆ, “ਮੈਨੂੰ ਇਨ੍ਹਾਂ ਫ਼ਲਿਸਤੀਆਂ ਦੇ ਨਾਲ ਹੀ ਮਰਨ ਦਿਉ!” ਫ਼ੇਰ ਉਸ ਨੇ ਆਪਣੀ ਪੂਰੀ ਤਾਕਤ ਨਾਲ ਧੱਕਾ ਲਾਇਆ। ਅਤੇ ਮੰਦਰ ਹਾਕਮਾਂ ਅਤੇ ਇਸ ਵਿੱਚਲੇ ਸਾਰੇ ਲੋਕਾਂ ਉੱਪਰ ਡਿੱਗ ਪਿਆ। ਇਸ ਤਰ੍ਹਾਂ ਨਾਲ, ਸਮਸੂਨ ਨੇ ਆਪਣੇ ਜਿਉਂਦੇ ਸਮੇਂ ਨਾਲੋਂ ਆਪਣੀ ਮੌਤ ਦੇ ਸਮੇਂ ਵੱਧੇਰੇ ਫ਼ਲਿਸਤੀ ਲੋਕਾਂ ਨੂੰ ਮਾਰਿਆ।
31 ਸਮਸੂਨ ਦੇ ਭਰਾ ਅਤੇ ਉਸ ਦੇ ਪਿਤਾ ਦੇ ਪਰਿਵਾਰ ਦੇ ਸਾਰੇ ਲੋਕ ਉਸਦੀ ਲਾਸ਼ ਲੈਣ ਲਈ ਗਏ। ਉਨ੍ਹਾਂ ਨੇ ਉਸ ਨੂੰ ਵਾਪਸ ਲਿਆਂਦਾ ਅਤੇ ਉਸ ਦੇ ਪਿਤਾ ਦੇ ਮਕਬਰੇ ਵਿੱਚ ਉਸ ਨੂੰ ਦਫ਼ਨ ਕਰ ਦਿੱਤਾ। ਇਹ ਮਕਬਰਾ ਸਾਰਾਹ ਅਤੇ ਅਸ਼ਤਾਓਲ ਸ਼ਹਿਰਾਂ ਦੇ ਵਿੱਚਕਾਰ ਹੈ। ਸਮਸੂਨ ਇਸਰਾਏਲ ਦੇ ਲੋਕਾਂ ਲਈ 20 ਸਾਲ ਤੱਕ ਨਿਆਂਕਾਰ ਰਿਹਾ।
2 ਕੁਝ ਲੋਕ ਇੱਕ ਮੰਜੀ ਉੱਤੇ ਪਏ ਹੋਏ ਇੱਕ ਅਧਰੰਗੀ ਨੂੰ ਉਸ ਕੋਲ ਲਿਆਏ ਅਤੇ ਯਿਸੂ ਨੇ ਉਨ੍ਹਾਂ ਦੀ ਨਿਹਚਾ ਵੇਖਕੇ ਉਸ ਅਧਰੰਗੀ ਨੂੰ ਆਖਿਆ, “ਹੇ ਪੁੱਤਰ! ਹੌਂਸਲਾ ਰੱਖ, ਤੇਰੇ ਸਾਰੇ ਪਾਪ ਮਾਫ ਹੋਏ।”
3 ਕਈ ਨੇਮ ਦੇ ਉਪਦੇਸ਼ਕਾਂ ਨੇ ਇਹ ਗੱਲਾਂ ਸੁਣੀਆਂ ਤਾਂ ਆਪਣੇ ਮਨ ਵਿੱਚ ਕਿਹਾ ਕਿ ਇਹ ਮਨੁੱਖ ਤਾਂ ਪਰਮੇਸ਼ੁਰ ਦੀ ਤਰ੍ਹਾਂ ਬੋਲ ਰਿਹਾ ਹੈ, “ਇਹ ਮਨੁੱਖ ਕੁਫ਼ਰ ਬੋਲਦਾ ਹੈ।”
4 ਯਿਸੂ ਉਨ੍ਹਾਂ ਦੀਆਂ ਸੋਚਾਂ ਨੂੰ ਜਾਣਦਾ ਸੀ, ਉਸ ਨੇ ਆਖਿਆ, “ਤੁਸੀਂ ਕਾਹਨੂੰ ਆਪਣੇ ਮਨ ਵਿੱਚ ਦੁਸ਼ਟ ਵਿੱਚਾਰ ਰੱਖਦੇ ਹੈ? 5-6 ਕਿਹੜੀ ਗੱਲ ਸੁਖਾਲੀ ਹੈ? ਇਹ ਕਹਿਣਾ ਕਿ ਤੇਰੇ ਪਾਪ ਮਾਫ਼ ਹੋਏ ਜਾਂ ਇਹ ਕਹਿਣਾ ਖੜ੍ਹਾ ਹੋ ਅਤੇ ਤੁਰ? ਪਰ ਮੈਂ ਤੁਹਾਨੂੰ ਵਿਖਾਵਾਂਗਾ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦੀ ਸ਼ਕਤੀ ਹੈ।” ਤਾਂ ਯਿਸੂ ਨੇ ਅਧਰੰਗੀ ਮਨੁੱਖ ਨੂੰ ਕਿਹਾ, “ਖੜ੍ਹਾ ਹੋ, ਆਪਣਾ ਬਿਸਤਰਾ ਚੁੱਕ ਅਤੇ ਘਰ ਚੱਲਿਆ ਜਾ।”
7 ਤਾਂ ਉਹ ਉੱਠ ਕੇ ਆਪਣੇ ਘਰ ਨੂੰ ਤੁਰ ਗਿਆ, 8 ਲੋਕਾਂ ਨੇ ਇਹ ਵੇਖਿਆ ਅਤੇ ਡਰ ਨਾਲ ਘਬਰਾ ਗਏ। ਉਨ੍ਹਾਂ ਨੇ ਆਦਮੀਆਂ ਨੂੰ ਅਜਿਹੀ ਸ਼ਕਤੀ ਦੇਣ ਲਈ ਪਰਮੇਸ਼ੁਰ ਦੀ ਉਸਤਤਿ ਕੀਤੀ।
2010 by World Bible Translation Center