Revised Common Lectionary (Complementary)
7 ਸਰਬ ਸ਼ਕਤੀਮਾਨ ਪਰਮੇਸ਼ੁਰ, ਸਾਨੂੰ ਇੱਕ ਵਾਰੀ ਫ਼ੇਰ ਪ੍ਰਵਾਨ ਕਰੋ।
ਸਾਨੂੰ ਪ੍ਰਵਾਨ ਕਰੋ, ਸਾਨੂੰ ਬਚਾਉ।
8 ਅਤੀਤ ਵਿੱਚ ਤੁਸੀਂ ਸਾਡੇ ਨਾਲ ਬਹੁਤ ਮਹੱਤਵਪੂਰਣ ਬੂਟੇ ਵਰਗਾ ਵਿਹਾਰ ਕੀਤਾ ਸੀ।
ਤੁਸੀਂ ਆਪਣੀ “ਵੇਲ” ਨੂੰ ਮਿਸਰ ਤੋਂ ਬਾਹਰ ਲਿਆਂਦਾ ਸੀ।
ਤੁਸੀਂ ਹੋਰਾਂ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਸੀ।
ਅਤੇ ਆਪਣੀ “ਵੇਲ” ਨੂੰ ਇੱਥੇ ਬੀਜ ਦਿੱਤਾ ਸੀ।
9 ਤੁਸੀਂ “ਵੇਲ” ਲਈ ਭੂਇ ਤਿਆਰ ਕੀਤੀ। ਤੁਸੀਂ ਇਸਦੀ ਜੜ੍ਹ ਦੀ ਮਜ਼ਬੂਤੀ ਲਈ ਸਹਾਇਤਾ ਕੀਤੀ।
ਛੇਤੀ ਹੀ “ਵੇਲ” ਸਾਰੀ ਜ਼ਮੀਨ ਉੱਤੇ ਫ਼ੈਲ ਗਈ।
10 ਇਸਨੇ ਪਰਬਤਾਂ ਨੂੰ ਢੱਕ ਦਿੱਤਾ ਸੀ
ਇਸਦੇ ਪਤਿਆਂ ਨੇ ਦਿਉਦਾਰ ਦੇ ਰੁੱਖਾਂ ਉੱਤੇ ਵੀ ਛਾਂ ਕਰ ਦਿੱਤੀ ਸੀ।
11 ਇਸ ਦੀਆਂ ਸ਼ਾਖਾਵਾਂ ਭੂਮੱਧ ਸਾਗਰ ਤੱਕ ਫ਼ੈਲ ਗਈਆਂ
ਇਸ ਦੀਆਂ ਟਹਿਣੀਆਂ ਫ਼ਰਾਤ ਨਦੀ ਤੱਕ ਫ਼ੈਲ ਗਈਆਂ।
12 ਹੇ ਪਰਮੇਸ਼ੁਰ, ਤੁਸੀਂ ਉਹ ਕੰਧਾਂ ਕਿਉਂ ਢਾਹ ਦਿੱਤੀਆਂ ਜਿਹੜੀਆਂ ਤੁਹਾਡੀ “ਵੇਲ” ਦੀ ਰੱਖਿਆ ਕਰਦੀਆਂ ਹਨ।
ਹੁਣ ਹਰ ਲੰਘਣ ਵਾਲਾ ਇਸਦੇ ਅੰਗੂਰ ਤੋੜ ਲੈਂਦਾ ਹੈ।
13 ਜੰਗਲੀ ਸੂਰ ਆਉਂਦੇ ਹਨ ਅਤੇ ਆਕੇ ਤੁਹਾਡੀ “ਵੇਲ” ਨੂੰ ਲਤਾੜ ਦਿੰਦੇ ਹਨ।
ਜੰਗਲੀ ਜਾਨਵਰ ਆਉਂਦੇ ਹਨ ਅਤੇ ਇਸਦੇ ਪੱਤੇ ਖਾ ਜਾਂਦੇ ਹਨ।
14 ਹੇ ਪਰਮੇਸ਼ੁਰ, ਸਰਬ ਸ਼ਕਤੀਮਾਨ ਕਿਰਪਾ ਕਰਕੇ ਵਾਪਸ ਆਉ
ਅਤੇ ਸਵਰਗ ਵਿੱਚੋਂ ਹੇਠਾਂ ਆਪਣੀ “ਵੇਲ” ਵੱਲ ਵੇਖੋ ਅਤੇ ਇਸਦੀ ਰੱਖਿਆ ਕਰੋ।
15 ਹੇ ਪਰਮੇਸ਼ੁਰ, ਆਪਣੀ ਵੇਲ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਹੱਥੀਂ ਬੀਜਿਆ ਸੀ।
ਉਸ ਜਵਾਨ ਬੂਟੇ ਵੱਲ ਵੇਖੋ ਜਿਸ ਨੂੰ ਤੁਸੀਂ ਆਪਣੇ ਲਈ ਉਗਾਇਆ ਸੀ।
14 “ਕੀ ਇਸਰਾਏਲ ਦੇ ਲੋਕ ਗੁਲਾਮ ਬਣ ਗਏ ਨੇ?
ਕੀ ਉਹ ਉਸ ਬੁਰੇ ਬੰਦੇ ਵਰਗੇ ਬਣ ਗਏ ਨੇ, ਜਿਹੜਾ ਗੁਲਾਮ ਜੰਮਿਆ ਸੀ?
ਲੋਕਾਂ ਨੇ ਇਸਰਾਏਲ ਦੇ ਲੋਕਾਂ ਦੀ ਦੌਲਤ ਕਿਉਂ ਲੁੱਟੀ?
15 ਜਵਾਨ ਸ਼ੇਰ (ਦੁਸ਼ਮਣ) ਇਸਰਾਏਲ ਉੱਤੇ ਦਹਾੜਦੇ ਨੇ।
ਸ਼ੇਰ ਗੁਰਾਂਦੇ ਨੇ।
ਸ਼ੇਰਾ ਨੇ ਇਸਰਾਏਲ ਦੀ ਧਰਤੀ ਤਬਾਹ ਕਰ ਦਿੱਤੀ ਹੈ।
ਇਸਰਾਏਲ ਦੇ ਸ਼ਹਿਰ ਸਾੜ ਦਿੱਤੇ ਗਏ ਨੇ।
ਉੱਥੇ ਕੋਈ ਵੀ ਬੰਦਾ ਨਹੀਂ ਬਚਿਆ।
16 ਮੇਫ਼ੀਸ ਅਤੇ ਤਹਪਨੇਸ [a] ਦੇ ਲੋਕਾਂ ਨੇ
ਤੁਹਾਡੀ ਖੋਪੜੀ ਭੰਨ ਦਿੱਤੀ ਹੈ।
17 ਇਸ ਮੁਸ਼ਕਿਲ ਲਈ ਤੁਸੀਂ ਹੀ ਕਸੂਰਵਾਰ ਹੋ!
ਯਹੋਵਾਹ ਤੁਹਾਡਾ ਪਰਮੇਸ਼ੁਰ ਸਹੀ ਮਾਰਗ ਉੱਤੇ ਤੁਹਾਡੀ ਅਗਵਾਈ ਕਰ ਰਿਹਾ ਸੀ [b]
ਪਰ ਤੁਸੀਂ ਉਸ ਕੋਲੋਂ ਦੂਰ ਹੋ ਗਏ।
18 ਯਹੂਦਾਹ ਦੇ ਲੋਕੋ, ਇਸ ਬਾਰੇ ਸੋਚੋ,
ਕੀ ਮਿਸਰ ਜਾਣ ਨਾਲ ਕੋਈ ਸਹਾਇਤਾ ਮਿਲੀ?
ਕੀ ਨੀਲ ਨਦੀ ਦਾ ਪਾਣੀ ਪੀਣ ਨਾਲ ਸਹਾਇਤਾ ਮਿਲੀ?
ਨਹੀਂ! ਕੀ ਅੱਸ਼ੂਰ ਜਾਣ ਨਾਲ ਸਹਾਇਤਾ ਮਿਲੀ?
ਕੀ ਫ਼ਰਾਤ ਨਦੀ ਦਾ ਪਾਣੀ ਪੀਣ ਨਾਲ ਸਹਾਇਤਾ ਮਿਲੀ? ਨਹੀਂ!
19 ਤੁਸੀਂ ਮੰਦੀਆਂ ਗੱਲਾਂ ਕੀਤੀਆਂ,
ਅਤੇ ਉਨ੍ਹਾਂ ਮੰਦੀਆਂ ਗੱਲਾਂ ਕਾਰਣ ਤੁਹਾਨੂੰ ਸਿਰਫ਼ ਸਜ਼ਾ ਹੀ ਮਿਲੇਗੀ।
ਤੁਹਾਡੇ ਉੱਤੇ ਮੁਸੀਬਤ ਆਵੇਗੀ।
ਅਤੇ ਉਹ ਮੁਸੀਬਤ ਤੁਹਾਨੂੰ ਸਬਕ ਸਿੱਖਾਵੇਗੀ।
ਇਸ ਬਾਰੇ ਸੋਚੋ! ਫ਼ੇਰ ਤੁਸੀਂ ਜਾਣ ਜਾਵੋਂਗੇ ਕਿ ਆਪਣੇ ਪਰਮੇਸ਼ੁਰ ਕੋਲ ਮੁਖ ਮੋੜਨਾ ਕਿੰਨਾ ਮੰਦਾ ਹੈ।
ਭੈਭੀਤ ਨਾ ਹੋਣਾ ਅਤੇ ਮੇਰਾ ਆਦਰ ਨਾ ਕਰਨਾ ਗ਼ਲਤ ਹੈ।”
ਇਹ ਸੰਦੇਸ਼ ਪ੍ਰਭੂ, ਸਰਬ-ਸ਼ਕਤੀਮਾਨ ਪਰਮੇਸ਼ੁਰ ਵੱਲੋਂ ਸੀ।
20 “ਯਹੂਦਾਹ, ਬਹੁਤ ਚਿਰ ਪਹਿਲਾਂ ਤੂੰ ਆਪਣਾ ਗੁਲਾਮੀ ਦਾ ਜੂਲਾ ਲਾਹ ਸੁੱਟਿਆ ਸੀ।
ਤੂੰ ਰੱਸੇ ਤੋੜ ਦਿੱਤੇ ਸਨ, ਜਿਨ੍ਹਾਂ ਰਾਹੀਂ ਮੈਂ ਤੈਨੂੰ ਕਾਬੂ ਕਰਦਾ ਸੀ।
ਤੂੰ ਮੈਨੂੰ ਆਖਿਆ ਸੀ, ‘ਮੈਂ ਤੁਹਾਡੀ ਸੇਵਾ ਨਹੀਂ ਕਰਾਂਗਾ!’
ਤੂੰ ਉਸ ਵੇਸਵਾ ਸੀ ਜਿਹੜੀ ਹਰ ਉੱਚੀ ਪਹਾੜੀ ਉੱਤੇ
ਅਤੇ ਹਰ ਹਰੇ ਰੁੱਖ ਹੇਠਾਂ ਖੜੀ ਹੁੰਦੀ ਹੈ। [c]
21 ਯਹੂਦਾਹ, ਮੈਂ ਤੈਨੂੰ ਖਾਸ ਅੰਗੂਰੀ ਵੇਲ ਵਾਂਗ ਬੀਜਿਆ ਸੀ।
ਤੁਸੀਂ ਸਾਰੇ ਹੀ ਚੰਗੇ ਬੀਜ ਵਰਗੇ ਸੀ।
ਤੁਸੀਂ ਵੱਖਰੀ ਵੇਲ ਕਿਵੇਂ ਬਣ
ਗਏ ਜਿਹੜੀ ਮੰਦੇ ਫ਼ਲ ਉਗਾਉਂਦੀ ਹੈ?
22 ਜੇ ਤੁਸੀਂ ਆਪਣੇ-ਆਪ ਨੂੰ ਸੱਜੀ ਨਾਲ ਧੋ ਲਵੋਁ,
ਤੁਸੀਂ ਭਾਵੇਂ ਕਿੰਨਾ ਵੀ ਸਾਬਣ ਵਰਤ ਲਵੋਁ,
ਫ਼ੇਰ ਵੀ ਮੈਂ ਤੁਹਾਡਾ ਦੋਸ਼ ਦੇਖ ਲਵਾਂਗਾ।”
ਇਹ ਸੰਦੇਸ਼ ਯਹੋਵਾਹ ਪਰਮੇਸ਼ੁਰ ਵੱਲੋਂ ਸੀ।
ਉਨ੍ਹਾਂ ਨੇਮਾਂ ਤੇ ਨਾ ਚੱਲੋ ਜਿਹੜੇ ਇਨਸਾਨ ਬਣਾਉਂਦੇ ਹਨ
16 ਕਿਸੇ ਨੂੰ ਵੀ ਆਪਣੇ ਬਾਰੇ ਇਹ ਪਰੱਖਣ ਨਾ ਦਿਓ ਕਿ ਤੁਸੀਂ ਕੀ ਖਾਂਦੇ ਅਤੇ ਪੀਂਦੇ ਹੋ ਅਤੇ ਯਹੂਦੀ ਉਤਸਵਾਂ ਦਾ ਅਨੁਸਰਣ ਕਰਨ ਬਾਰੇ, ਜਿਵੇਂ ਅਮੱਸਿਯਾ ਜਾਂ ਸਬਤ। 17 ਅਤੀਤ ਵਿੱਚ ਇਹ ਗੱਲਾਂ ਉਸ ਪਰਛਾਵੇਂ ਵਰਗੀਆਂ ਸਨ ਜਿਹੜੀਆਂ ਇਹ ਦਰਸ਼ਾਉਂਦੀਆਂ ਸਨ ਕਿ ਕੀ ਹੋਣ ਵਾਲਾ ਹੈ। ਉਹ ਗੱਲਾਂ ਜੋ ਆ ਰਹੀਆਂ ਸਨ ਹੁਣ ਮਸੀਹ ਵਿੱਚ ਲੱਭਦੀਆਂ ਹਨ। 18 ਕੁਝ ਲੋਕ ਇਸ ਤਰ੍ਹਾਂ ਦਾ ਦਿਖਾਵਾ ਕਰਨਾ ਪਸੰਦ ਕਰਦੇ ਹਨ ਜਿਵੇਂ ਕਿ ਉਹ ਨਿਮ੍ਰ ਹਨ ਅਤੇ ਦੂਤਾਂ ਦੀ ਪੂਜਾ ਕਰਨੀ ਪਸੰਦ ਕਰਦੇ ਹਨ। ਉਹ ਲੋਕ ਹਮੇਸ਼ਾ ਦਰਸ਼ਨਾਂ ਬਾਰੇ ਗੱਲਾਂ ਕਰਦੇ ਹਨ ਜਿਹੜੇ ਉਨ੍ਹਾਂ ਨੇ ਵੇਖੇ ਹਨ। ਉਨ੍ਹਾਂ ਲੋਕਾਂ ਨੂੰ ਇਹ ਆਖਣ ਦੀ ਆਗਿਆ ਨਾ ਦਿਓ, “ਤੁਸੀਂ ਗਲਤ ਹੋ ਕਿਉਂਕਿ ਤੁਸੀਂ ਇਹ ਗੱਲਾਂ ਨਹੀਂ ਕਰਦੇ।” ਉਹ ਲੋਕ ਮੂਰੱਖਮਈ ਘਮੰਡ ਨਾਲ ਭਰਪੂਰ ਹਨ ਕਿਉਂਕਿ ਉਹ ਕੇਵਲ ਦੁਨੀਆਂ ਦੀਆਂ ਚੀਜ਼ਾਂ ਬਾਰੇ ਹੀ ਸੋਚਦੇ ਹਨ। 19 ਉਹ ਲੋਕ ਮਸੀਹ ਨਾਲ ਏਕਤਾ ਵਿੱਚ ਨਹੀਂ ਜਿਉਂਦੇ। ਮਸੀਹ ਸਰੀਰ ਦਾ ਮੁਖੀ ਹੈ। ਸਾਰਾ ਸਰੀਰ ਮਸੀਹ ਉੱਤੇ ਨਿਰਭਰ ਕਰਦਾ ਹੈ। ਇਸ ਲਈ ਸਰੀਰ ਦੇ ਸਾਰੇ ਅੰਗ ਇਕੱਠੇ ਜੁੜੇ ਹੋਏ ਹਨ। ਇੱਕ ਦੂਸਰੇ ਦਾ ਧਿਆਨ ਰੱਖੋ ਅਤੇ ਇੱਕ ਦੂਸਰੇ ਦੀ ਮਦਦ ਕਰੋ। ਇਹ ਸਰੀਰ ਨੂੰ ਤਾਕਤ ਪ੍ਰਾਪਤ ਕਰਨ ਵਿੱਚ ਅਤੇ ਉਸੇ ਢੰਗ ਨਾਲ ਵੱਧਣ ਵਿੱਚ ਮਦਦ ਕਰਦਾ ਹੈ, ਜਿਵੇਂ ਪਰਮੇਸ਼ੁਰ ਚਾਹੁੰਦਾ ਹੈ।
20 ਤੁਸੀਂ ਮਸੀਹ ਦੇ ਨਾਲ ਮਰੇ ਅਤੇ ਦੁਨੀਆਂ ਦੀਆਂ ਭ੍ਰਿਸ਼ਟ ਸ਼ਕਤੀਆਂ ਤੋਂ ਅਜ਼ਾਦ ਕਰ ਦਿੱਤੇ ਗਏ ਸੀ। ਇਸ ਲਈ ਤੁਸੀਂ ਇਸ ਤਰ੍ਹਾਂ ਦਾ ਵਿਹਾਰ ਕਿਉਂ ਕਰਦੇ ਹੋ ਜਿਵੇਂ ਤੁਸੀਂ ਇਸ ਦੁਨੀਆਂ ਦੇ ਹੋਵੋਂ ਅਤੇ ਇਨ੍ਹਾਂ ਨੇਮਾਂ ਦਾ ਅਨੁਸਰਣ ਕਰਦੇ ਹੋਵੋਂ। 21 “ਇਸ ਨੂੰ ਨਾ ਫ਼ੜੋ,” “ਇਸਦਾ ਸੁਆਦ ਨਾ ਵੇਖੋ,” “ਇਸ ਨੂੰ ਨਾ ਛੂਹੋ?” 22 ਇਹ ਸਾਰੇ ਨੇਮ ਉਨ੍ਹਾਂ ਗੱਲਾਂ ਬਾਰੇ ਹਨ। ਜੋ ਇੱਕ ਵਾਰ ਵਰਤੋਂ ਕਰਨ ਤੋਂ ਬਾਦ ਨਸ਼ਟ ਹੋ ਜਾਂਦੇ ਹਨ। ਇਹ ਉਹ ਹੁਕਮ ਅਤੇ ਉਪਦੇਸ਼ ਹਨ ਜਿਹੜੇ ਲੋਕਾਂ ਤੋਂ ਆਉਂਦੇ ਹਨ। 23 ਇਹ ਨੇਮ ਸੂਝਵਾਨ ਜਾਪਦੇ ਹਨ। ਪਰ ਇਹ ਨੇਮ ਮਾਨਵ-ਸਿਰਜਿਤ ਧਰਮ ਦਾ ਅੰਗ ਹਨ। ਉਹ ਲੋਕਾਂ ਅੱਗੇ ਨਿਮ੍ਰਤਾ ਦਾ ਦਿਖਾਵਾ ਕਰਦੇ ਹਨ ਅਤੇ ਉਨ੍ਹਾਂ ਤੋਂ ਆਪਣੇ ਸਰੀਰਾਂ ਨੂੰ ਦੰਡ ਦੁਵਾਉਂਦੇ ਹਨ। ਇਹ ਨੇਮ ਲੋਕਾਂ ਨੂੰ ਬਦੀਆਂ ਕਰਨ ਤੋਂ ਰੋਕਣ ਵਿੱਚ ਮਦਦ ਨਹੀਂ ਕਰਦੇ ਜੋ ਉਨ੍ਹਾਂ ਦੀਆਂ ਪਾਪੀ ਇੱਛਾਵਾਂ ਕਰਨੀਆਂ ਚਾਹੁੰਦੀਆਂ ਹਨ।
2010 by World Bible Translation Center