Old/New Testament
ਮੰਦੇ ਪਾਤਸ਼ਾਹਾਂ ਵਿਰੁੱਧ ਨਿਆਂ
22 ਯਹੋਵਾਹ ਨੇ ਆਖਿਆ, “ਯਿਰਮਿਯਾਹ, ਰਾਜੇ ਦੇ ਮਹੱਲ ਵਿੱਚ ਜਾਹ। ਯਹੂਦਾਹ ਦੇ ਰਾਜੇ ਕੋਲ ਜਾਹ ਅਤੇ ਇਸ ਸੰਦੇਸ਼ ਦਾ ਓੱਥੇ ਪ੍ਰਚਾਰ ਕਰ: 2 ‘ਯਹੂਦਾਹ ਦੇ ਰਾਜੇ, ਯਹੋਵਾਹ ਦੇ ਸੰਦੇਸ਼ ਨੂੰ ਸੁਣ। ਤੂੰ ਦਾਊਦ ਦੇ ਤਖਤ ਤੋਂ ਰਾਜ ਕਰਦਾ ਹੈਂ, ਇਸ ਲਈ ਸੁਣ। ਹੇ ਰਾਜੇ, ਤੈਨੂੰ ਅਤੇ ਤੇਰੇ ਅਧਿਕਾਰੀਆਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਤੁਸੀਂ ਸਾਰੇ ਲੋਕ ਜਿਹੜੇ ਯਰੂਸ਼ਲਮ ਦੇ ਦਰਵਾਜ਼ਿਆਂ ਬਾਣੀਂ ਲੰਘਦੇ ਹੋ, ਯਹੋਵਾਹ ਦੇ ਸੰਦੇਸ਼ ਨੂੰ ਧਿਆਨ ਨਾਲ ਜ਼ਰੂਰ ਸੁਣਨਾ ਚਾਹੀਦਾ ਹੈ। 3 ਯਹੋਵਾਹ ਆਖਦਾ ਹੈ: ਓਹੀ ਗੱਲਾਂ ਕਰੋ ਜਿਹੜੀਆਂ ਨਿਰਪੱਖ ਅਤੇ ਸਹੀ ਹਨ। ਉਸ ਬੰਦੇ ਨੂੰ ਲੁਟੇਰੇ ਕੋਲੋਂ ਬਚਾਓ ਜਿਹੜਾ ਲੁਟੇਰੇ ਪਾਸੋਂ ਲੁੱਟਿਆ ਗਿਆ ਹੈ। ਯਤੀਮਾਂ ਅਤੇ ਵਿਧਵਾਵਾਂ ਨੂੰ ਦੁੱਖ ਨਾ ਦਿਓ ਅਤੇ ਨਾ ਕੋਈ ਗ਼ਲਤ ਗੱਲ ਕਰੋ ਉਨ੍ਹਾਂ ਨਾਲ। ਮਾਸੂਮ ਲੋਕਾਂ ਦਾ ਕਤਲ ਨਾ ਕਰੋ। 4 ਜੇ ਤੁਸੀਂ ਇਨ੍ਹਾਂ ਆਦੇਸ਼ਾਂ ਦਾ ਪਾਲਣ ਕਰੋਗੇ ਤਾਂ ਅਜਿਹਾ ਵਾਪਰੇਗਾ: ਦਾਊਦ ਦੇ ਉਤਰਾਧਿਕਾਰੀ ਜਿਹੜੇ ਉਸ ਦੇ ਤਖਤ ਉੱਤੇ ਬੈਠੇ ਹਨ, ਇਹ ਮਹਿਲ ਦੇ ਦਰਵਾਜ਼ਿਆਂ ਬਾਣੀਂ ਲੰਘਦੇ ਰਹਿਣਗੇ। ਉਹ ਰਾਜੇ ਆਪਣੇ ਅਧਿਕਾਰੀ ਸੰਗ ਦਰਵਾਜ਼ਿਆਂ ਵਿੱਚੋਂ ਆਉਣਗੇ। ਉਹ ਰਾਜੇ, ਉਨ੍ਹਾਂ ਦੇ ਅਧਿਕਾਰੀ, ਅਤੇ ਉਨ੍ਹਾਂ ਦੇ ਬੰਦੇ ਰਬਾਂ ਅਤੇ ਘੋੜਿਆਂ ਤੇ ਸਵਾਰ ਹੋਕੇ ਲੰਘਣਗੇ। 5 ਪਰ ਜੇ ਤੁਸੀਂ ਇਨ੍ਹਾਂ ਆਦੇਸ਼ਾਂ ਨੂੰ ਨਹੀਂ ਮੰਨੋਗੇ, ਤਾਂ ਇਹੀ ਹੈ ਜੋ ਯਹੋਵਾਹ ਆਖਦਾ ਹੈ: ਮੈਂ, ਯਹੋਵਾਹ ਇਕਰਾਰ ਕਰਦਾ ਹਾਂ ਕਿ ਰਾਜੇ ਦਾ ਇਹ ਮਹਿਲ ਤਬਾਹ ਹੋ ਜਾਵੇਗਾ-ਇਹ ਮਲਵੇ ਦਾ ਢੇਰ ਬਣ ਜਾਵੇਗਾ।’”
6 ਇਹੀ ਹੈ ਜੋ ਯਹੋਵਾਹ ਉਸ ਮਹੱਲ ਬਾਰੇ ਆਖਦਾ ਹੈ ਜਿੱਥੇ ਯਹੂਦਾਹ ਦਾ ਰਾਜਾ ਰਹਿੰਦਾ ਹੈ:
“ਇਹ ਮਹਿਲ ਮੇਰੇ ਵਾਸਤੇ ਗਿਲਆਦ ਦੇ ਜੰਗਲਾਂ
ਅਤੇ ਲਬਾਨੋਨ ਦੇ ਪਰਬਤਾਂ ਵਾਂਗ ਇੱਕ ਖੂਬਸੂਰਤ ਖਜ਼ਾਨਾ ਹੈ।
ਪਰ ਮੈਂ ਇਸ ਨੂੰ ਮਾਰੂਬਲ ਵਰਗਾ ਬਣਾ ਦਿਆਂਗਾ।
ਇਹ ਮਹਿਲ ਉਸ ਸ਼ਹਿਰ ਵਾਂਗ ਸੱਖਣਾ ਹੋਵੇਗਾ, ਜਿੱਥੇ ਕੋਈ ਨਹੀਂ ਰਹਿੰਦਾ।
7 ਮੈਂ ਮਹਿਲ ਨੂੰ ਤਬਾਹ ਕਰਨ ਲਈ ਬੰਦੇ ਭੇਜਾਂਗਾ।
ਹਰ ਬੰਦੇ ਲੋਕ ਹਬਿਆਰ ਹੋਣਗੇ ਜਿਨ੍ਹਾਂ ਦਾ ਇਸਤੇਮਾਲ ਉਹ ਉਸ ਘਰ ਨੂੰ ਢਾਹੁਣ ਲਈ ਕਰੇਗਾ।
ਉਹ ਲੋਕ ਤੁਹਾਡੇ ਮਜ਼ਬੂਤ ਅਤੇ ਸੁੰਦਰ ਦਿਓਦਾਰ ਦੇ ਸ਼ਤੀਰਾਂ ਨੂੰ ਕੱਟ ਦੇਣਗੇ।
ਉਹ ਲੋਕ ਉਨ੍ਹਾਂ ਸ਼ਤੀਰਾਂ ਨੂੰ ਅੱਗ ਅੰਦਰ ਸੁੱਟ ਦੇਣਗੇ।
8 “ਬਹੁਤ ਸਾਰੀਆਂ ਕੌਮਾਂ ਦੇ ਲੋਕ ਉਸ ਸ਼ਹਿਰ ਕੋਲੋਂ ਲੰਘਣਗੇ। ਉਹ ਇੱਕ ਦੂਜੇ ਨੂੰ ਪੁੱਛਣਗੇ, ‘ਯਹੋਵਾਹ ਨੇ ਯਰੂਸ਼ਲਮ ਨਾਲ ਇਹ ਭਿਆਨਕ ਗੱਲ ਕਿਉਂ ਕੀਤੀ ਹੈ? ਯਰੂਸ਼ਲਮ ਕਿੰਨਾ ਮਹਾਨ ਸ਼ਹਿਰ ਸੀ।’ 9 ਉਸ ਪ੍ਰਸ਼ਨ ਦਾ ਉੱਤਰ ਇਹ ਹੋਵੇਗਾ: ‘ਪਰਮੇਸ਼ੁਰ ਨੇ ਯਰੂਸ਼ਲਮ ਨੂੰ ਇਸ ਲਈ ਤਬਾਹ ਕੀਤਾ ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਇਕਰਾਰਨਾਮੇ ਉੱਪਰ ਅਮਲ ਕਰਨਾ ਛੱਡ ਦਿੱਤਾ ਸੀ। ਉਨ੍ਹਾਂ ਲੋਕਾਂ ਨੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਅਤੇ ਸੇਵਾ ਕੀਤੀ।’”
ਪਾਤਸ਼ਾਹ ਯੇਹੋਆਹਾਜ਼ ਦੇ ਵਿਰੁੱਧ ਨਿਆਂ
10 ਮਰੇ ਹੋਏ ਰਾਜੇ ਲਈ ਨਾ ਰੋਵੋ ਉਸ ਲਈ ਸੋਗ ਨਾ ਮਨਾਵੋ।
ਪਰ ਉਸ ਰਾਜੇ ਲਈ ਰੱਜ ਕੇ ਰੋਵੋ ਜਿਸ ਨੂੰ ਇਹ ਥਾਂ ਛੱਡਣੀ ਪੈਣੀ ਹੈ।
ਉਸ ਲਈ ਰੋਵੋ ਕਿਉਂ ਕਿ ਉਹ ਕਦੇ ਪਰਤ ਕੇ ਨਹੀਂ ਆਵੇਗਾ।
ਫ਼ੇਰ ਕਦੇ ਵੀ ਉਹ ਆਪਣੀ ਮਾਤਭੂਮੀ ਨਹੀਂ ਦੇਖੇਗਾ।
11 ਇਹੀ ਹੈ ਜੋ ਯਹੋਵਾਹ ਯੋਸ਼ੀਯਾਹ ਦੇ ਪੁੱਤਰ ਸ਼ੱਲੁਮ (ਯੇਹੋਆਹਾਜ਼) ਬਾਰੇ ਆਖਦਾ ਹੈ। (ਸ਼ੱਲੁਮ ਆਪਣੇ ਪਿਤਾ ਯੋਸ਼ੀਯਾਹ ਤੋਂ ਬਾਦ ਯਹੂਦਾਹ ਦਾ ਰਾਜਾ ਬਣਿਆ।) “ਯੋਸ਼ੀਯਾਹ ਯਰੂਸ਼ਲਮ ਤੋਂ ਦੂਰ ਚੱਲਿਆ ਗਿਆ ਹੈ। ਉਹ ਫ਼ੇਰ ਕਦੇ ਵੀ ਯਰੂਸ਼ਲਮ ਵਿੱਚ ਨਹੀਂ ਆਵੇਗਾ। 12 ਯੇਹੋਆਹਾਜ਼ ਉਸੇ ਥਾਂ ਜਾਕੇ ਮਰੇਗਾ ਜਿੱਥੇ ਮਿਸਰ ਦੇ ਲੋਕ ਉਸ ਨੂੰ ਲੈ ਕੇ ਗਏ ਹਨ। ਉਹ ਇਸ ਧਰਤੀ ਨੂੰ ਫ਼ੇਰ ਕਦੇ ਨਹੀਂ ਦੇਖੇਗਾ।”
ਪਾਤਸ਼ਾਹ ਯਹੋਯਾਕੀਮ ਦੇ ਵਿਰੁੱਧ ਨਿਆਂ
13 “ਉਸ ਰਾਜੇ ਤੇ ਲਾਹਨਤ ਜਿਹੜਾ ਅਨਿਆਂ ਨਾਲ
ਆਪਣੇ ਮਹਿਲ ਉਸਾਰਦਾ ਹੈ।
ਉਹ ਉਪਰਲੀ ਮੰਜਿਲ ਤੇ, ਜੋ ਧਰਮੀ ਨਹੀਂ ਹੈ ਕਰਕੇ ਕਮਰੇ ਬਣਾ ਰਿਹਾ ਹੈ।
ਉਹ ਆਪਣੇ ਲੋਕਾਂ ਤੋਂ, ਉਨ੍ਹਾਂ ਨੂੰ ਬਿਨਾ ਅਦਾਇਗੀ ਕੀਤਿਆਂ ਕੰਮ ਕਰਵਾ ਰਿਹਾ ਹੈ।
14 “ਯਹੋਯਾਕੀਮ ਆਖਦਾ ਹੈ,
‘ਮੈਂ ਆਪਣੇ ਲਈ ਇੱਕ ਵੱਡਾ ਮਹਿਲ ਉਸਾਰਾਂਗਾ, ਇਸ ਵਿੱਚ ਵੱਡੇ ਚੁਬਾਰੇ ਵੀ ਹੋਣਗੇ।’
ਇਸ ਲਈ ਉਸ ਨੇ ਇੱਕ ਵੱਡੀਆਂ ਬਾਰੀਆਂ ਵਾਲਾ ਮਕਾਨ ਉਸਾਰਿਆ।
ਉਸ ਨੇ ਤਖਤਿਆਂ ਲਈ ਦਿਆਰ ਦੀ ਲੱਕੜ ਇਸਤੇਮਾਲ ਕੀਤੀ ਅਤੇ ਉਸ ਉੱਤੇ ਲਾਲ ਰੰਗ ਕੀਤਾ।
15 “ਯਹੋਯਾਕੀਮ, ਆਪਣੇ ਘਰ ਵਿੱਚ ਵੱਡੀ ਮਾਤਰਾ ਵਿੱਚ
ਦਿਆਰ ਰੱਖਣ ਨਾਲ ਤੂੰ ਮਹਾਨ ਰਾਜਾ ਨਹੀਂ ਬਣਦਾ।
ਤੇਰਾ ਪਿਤਾ ਭੋਜਨ ਅਤੇ ਪਾਣੀ ਨਾਲ ਹੀ ਸੰਤੁਸ਼ਟ ਸੀ।
ਉਸ ਨੇ ਉਹੀ ਕੀਤਾ ਜੋ ਜਾਇਜ਼ ਅਤੇ ਧਰਮੀ ਸੀ।
ਇਸ ਲਈ ਉਸ ਨਾਲ ਸਭ ਕੁਝ ਠੀਕ-ਠਾਕ ਹੋਇਆ।
16 ਯੋਸ਼ੀਯਾਹ ਨੇ ਗਰੀਬਾਂ ਅਤੇ ਲੋੜਵਂਦਾਂ ਦੇ ਮੁਕੱਦਮਿਆਂ ਦਾ ਨਿਆਂ ਕੀਤਾ।
ਇਸ ਲਈ ਉਸ ਨਾਲ ਸਭ ਕੁਝ ਠੀਕ-ਠਾਕ ਹੋਇਆ।
ਇਹੀ ਹੈ ਜੋ ਲੋਕ ਕਰਦੇ ਹਨ,
ਜੇਕਰ ਉਹ ਮੈਨੂੰ ਜਾਣਦੇ ਹਨ।
17 “ਯਹੋਯਾਕੀਮ, ਤੇਰੀਆਂ ਅੱਖਾਂ ਸਿਰਫ ਓਸੇ ਚੀਜ਼ ਵੱਲ ਦੇਖਦੀਆਂ ਨੇ, ਜਿਸਤੋਂ ਤੈਨੂੰ ਲਾਭ ਹੁੰਦਾ ਹੈ।
ਤੂੰ ਹਰ ਵੇਲੇ ਆਪਣੇ ਲਈ ਹੋਰ ਵੱਧੇਰੇ ਪ੍ਰਾਪਤ ਕਰਨ ਲਈ ਸੋਚਦਾ ਹੈਂ।
ਤੂੰ ਮਸੂਮਾਂ ਨੂੰ ਕਤਲ ਕਰਨ ਲਈ ਤਿਆਰ ਹੈਂ।
ਤੂੰ ਹੋਰਨਾਂ ਲੋਕਾਂ ਦੀਆਂ ਚੀਜ਼ਾਂ ਚੋਰੀ ਕਰਨ ਲਈ ਤਿਆਰ ਹੈਂ।”
18 ਇਸ ਲਈ ਇਹੀ ਹੈ ਜੋ ਯਹੋਵਾਹ ਯੋਸ਼ੀਯਾਹ ਦੇ ਪੁੱਤਰ ਰਾਜੇ ਯਹੋਯਾਕੀਮ ਨੂੰ ਆਖਦਾ ਹੈ:
“ਯਹੂਦਾਹ ਦੇ ਲੋਕ ਯਹੋਯਾਕੀਮ ਲਈ ਨਹੀਂ ਰੋਣਗੇ।
ਉਹ ਇੱਕ-ਦੂਜੇ ਨੂੰ ਨਹੀਂ ਆਖਣਗੇ, ‘ਹਾਏ ਮੇਰਿਆ ਭਰਾਵਾ, ਮੈਨੂੰ ਯਹੋਯਾਕੀਮ ਦਾ ਬਹੁਤ ਅਫ਼ਸੋਸ ਹੈ,
ਹਾਏ ਮੇਰੀਏ ਭੈਣੇ ਮੈਨੂੰ ਯਹੋਯਾਕੀਮ ਦਾ ਬਹੁਤ ਅਫ਼ਸੋਸ ਹੈ!’
ਯਹੂਦਾਹ ਦੇ ਲੋਕ ਯਹੋਯਾਕੀਮ ਲਈ ਨਹੀਂ ਰੋਣਗੇ।
ਉਹ ਉਸ ਬਾਰੇ ਨਹੀਂ ਆਖਣਗੇ, ‘ਹਾਏ ਮਾਲਕ ਮੈਨੂੰ ਬਹੁਤ ਅਫ਼ਸੋਸ ਹੈ,
ਹਾਏ ਪਾਤਸ਼ਾਹ ਮੈਨੂੰ ਬਹੁਤ ਅਫ਼ਸੋਸ ਹੈ!’
19 ਯਰੂਸ਼ਲਮ ਦੇ ਲੋਕ ਯਹੋਯਾਕੀਮ ਨੂੰ ਦਫ਼ਨ ਕਰ ਦੇਣਗੇ, ਜਿਵੇਂ ਉਹ ਕਿਸੇ ਖੋਤੇ ਨੂੰ ਦਫ਼ਨ ਕਰਦੇ ਨੇ।
ਉਹ ਉਸਦੀ ਲਾਸ਼ ਨੂੰ ਧੂਹ ਕੇ ਲੈ ਜਾਣਗੇ।
ਅਤੇ ਉਹ ਉਸਦੀ ਲਾਸ਼ ਨੂੰ ਯਰੂਸ਼ਲਮ ਦੇ ਦਰਾਂ ਤੋਂ ਬਾਹਰ ਸੁੱਟ ਦੇਣਗੇ।
20 “ਯਹੂਦਾਹ, ਲਬਾਨੋਨ ਦੇ ਪਰਬਤਾਂ ਤੇ ਜਾਹ, ਅਤੇ ਰੋ।
ਆਪਣੀ ਅਵਾਜ਼ ਨੂੰ ਬਾਸ਼ਾਨ ਦੇ ਪਰਬਤਾਂ ਅੰਦਰ ਸੁਣਨ ਦੇ।
ਅਬਾਰੀਮ ਦੇ ਪਰਬਤਾਂ ਵਿੱਚ ਜਾਕੇ ਰੋ।
ਕਿਉਂ ਕਿ ‘ਪ੍ਰੇਮੀ’ ਤੇਰੇ ਸਾਰੇ ਤਬਾਹ ਹੋ ਜਾਣਗੇ।
21 “ਯਹੂਦਾਹ, ਤੂੰ ਖੁਦ ਨੂੰ ਸੁਰੱਖਿਅਤ ਮਹਿਸੂਸ ਕੀਤਾ।
ਪਰ ਮੈਂ ਤੈਨੂੰ ਚਿਤਾਵਨੀ ਦਿੱਤੀ ਸੀ!
ਮੈਂ ਤੈਨੂੰ ਚਿਤਾਵਨ ਦਿੱਤੀ ਸੀ,
ਪਰ ਤੂੰ ਸੁਣਨ ਤੋਂ ਇਨਕਾਰ ਕੀਤਾ ਸੀ।
ਆਪਣੀ ਜਵਾਨੀ ਦੇ ਦਿਨਾਂ ਤੋਂ ਹੀ ਤੂੰ ਇਸ ਤਰ੍ਹਾਂ ਰਹੀ ਹੈਂ।
ਅਤੇ ਆਪਣੀ ਜਵਾਨੀ ਵੇਲੇ ਤੋਂ ਹੀ ਤੂੰ,
ਯਹੂਦਾਹ ਮੇਰਾ ਹੁਕਮ ਨਹੀਂ ਮੰਨਿਆ।
22 ਯਹੂਦਾਹ, ਜੋ ਸਜ਼ਾ ਮੈਂ ਤੈਨੂੰ ਦਿਆਂਗਾ, ਤੂਫ਼ਾਨੀ ਹਵਾ ਵਾਂਗ ਆਵੇਗੀ।
ਅਤੇ ਇਹ ਤੇਰੇ ਸਾਰੇ ਅਯਾਲੀਆਂ ਨੂੰ ਉਡਾ ਕੇ ਲੈ ਜਾਵੇਗੀ।
ਅਤੇ ਤੇਰੇ ਪ੍ਰੇਮੀ ਅਧੀਨ ਹੋ ਜਾਣਗੇ।
ਫ਼ੇਰ ਤੂੰ ਆਪਣੀਆਂ ਕਰਨੀਆਂ ਕਾਰਣ ਸੱਚਮੁੱਚ ਅਪਮਾਨਿਤ ਅਤੇ ਸ਼ਰਮਸਾਰ ਹੋਵੇਂਗੀ।
23 “ਰਾਜੇ, ਤੂੰ ਉੱਚੇ ਪਰਬਤਾਂ ਉੱਤੇ ਦਿਆਰ ਨਾਲ ਬਣੇ ਆਪਣੇ ਘਰਾਂ ਅੰਦਰ ਰਹਿੰਦਾ ਹੈਂ।
ਇਹ ਲਗਦਾ ਹੈ ਜਿਵੇਂ ਤੂੰ ਲੱਗਭਗ ਲਬਾਨੋਨ ਵਿੱਚ ਰਹਿੰਦਾ ਹੋਵੇਂ, ਜਿੱਥੇ ਉਹ ਲੱਕੜ ਆਈ ਸੀ।
ਤੂੰ ਸੋਚਦਾ ਹੈਂ ਕਿ ਤੂੰ ਉੱਚੇ ਪਰਬਤਾਂ ਉੱਤੇ ਆਪਣੇ ਮਕਾਨ ਅੰਦਰ ਸੁਰੱਖਿਅਤ ਹੈਂ, ਪਰ ਤੂੰ ਸੱਚਮੁੱਚ ਕੁਰਲਾਵੇਂਗਾ ਜਦੋਂ ਤੈਨੂੰ ਸਜ਼ਾ ਮਿਲੇਗੀ।
ਤੂੰ ਉਸ ਔਰਤ ਵਾਂਗ ਦੁੱਖੀ ਹੋਵੇਂਗਾ ਜਿਹੜੀ ਬਾਲਕ ਨੂੰ ਜੰਮ ਰਹੀ ਹੁੰਦੀ ਹੈ।”
ਪਾਤਸ਼ਾਹ ਯੇਹੋਇਆਚਿਨ ਦੇ ਵਿਰੁੱਧ ਨਿਆਂ
24 “ਜਿਵੇਂ ਕਿ ਸਾਖੀ ਹਾਂ ਮੈਂ”, ਯਹੋਵਾਹ ਵੱਲੋਂ ਇਹ ਸੰਦੇਸ਼ ਹੈ, “ਯੇਹੋਇਆਚਿਨ, [a] ਯਹੂਦਾਹ ਦੇ ਰਾਜੇ ਯੇਹੋਇਆਚਿਨ ਦੇ ਪੁੱਤਰ ਮੈਂ ਤੇਰੇ ਨਾਲ ਇਹ ਕਰਾਂਗਾ: ਭਾਵੇਂ ਤੂੰ ਹੁੰਦਾ ਸ਼ਾਹੀ ਨਿਸ਼ਾਨ ਵਾਲੀ ਅੰਗੂਠੀ ਮੇਰੇ ਸੱਜੇ ਹੱਥ ਦੀ, ਫ਼ੇਰ ਵੀ ਮੈਂ ਤੈਨੂੰ ਸੁੱਟ ਦਿੰਦਾ। 25 ਯਹੋਯਾਕੀਮ, ਸੌਂਪ ਦੇਵਾਂਗਾ ਮੈਂ ਤੈਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਅਤੇ ਬਾਬਲ ਦੇ ਲੋਕਾਂ ਨੂੰ। ਉਹੀ ਲੋਕ ਨੇ ਜਿਨ੍ਹਾਂ ਤੋਂ ਡਰਦਾ ਹੈਂ ਤੂੰ। ਉਹ ਲੋਕ ਤੈਨੂੰ ਮਾਰਨਾ ਚਾਹੁੰਦੇ ਹਨ। 26 ਮੈਂ ਤੈਨੂੰ ਅਤੇ ਤੇਰੀ ਮਾਂ ਨੂੰ ਕਿਸੇ ਅਜਿਹੇ ਦੇਸ਼ ਅੰਦਰ ਸੁੱਟ ਦਿਆਂਗਾ ਜਿੱਥੇ ਤੁਹਾਡੇ ਦੋਹਾਂ ਵਿੱਚੋਂ ਕੋਈ ਵੀ ਜੰਮਿਆ ਨਹੀਂ ਸੀ। ਤੂੰ ਅਤੇ ਤੇਰੀ ਮਾਂ ਉਸੇ ਦੇਸ਼ ਵਿੱਚ ਮਰੋਗੇ। 27 ਯੇਹੋਇਆਚਿਨ, ਤੂੰ ਆਪਣੇ ਦੇਸ਼ ਵਿੱਚ ਆਉਣਾ ਚਾਹੁੰਦਾ ਹੈ-ਪਰ ਤੈਨੂੰ ਵਾਪਸ ਆਉਣ ਦੀ ਕਦੇ ਵੀ ਇਜਾਜ਼ਤ ਨਹੀਂ ਮਿਲੇਗੀ।”
28 ਕਨਾਯਾਹ (ਯੇਹੋਇਆਚਿਨ) ਉਸ ਟੁੱਟੇ ਹੋਏ ਭਾਂਡੇ ਵਰਗਾ ਹੈ ਜਿਸ ਨੂੰ ਕਿਸੇ ਨੇ ਬਾਹਰ ਸੁੱਟ ਦਿੱਤਾ ਹੈ।
ਉਹ ਉਸ ਭਾਂਡੇ ਵਰਗਾ ਹੈ ਜਿਸ ਨੂੰ ਕੋਈ ਨਹੀਂ ਲੋੜਦਾ,
ਯੇਹੋਇਆਚਿਨ ਅਤੇ ਉਸ ਦੇ ਬੱਚਿਆਂ ਨੂੰ ਬਾਹਰ ਕਿਉਂ ਸੁੱਟਿਆ ਜਾਵੇਗਾ?
ਉਨ੍ਹਾਂ ਨੂੰ ਪਰਦੇਸਾਂ ਅੰਦਰ ਕਿਉਂ ਸੁੱਟਿਆ ਜਾਵੇਗਾ।
29 ਯਹੂਦਾਹ ਦੀਏ ਧਰਤੀਏ, ਧਰਤੀਏ, ਧਰਤੀਏ!
ਯਹੋਵਾਹ ਦੇ ਸੰਦੇਸ਼ ਨੂੰ ਸੁਣ!
30 ਯਹੋਵਾਹ ਆਖਦਾ ਹੈ, “ਯੇਹੋਇਆਚਿਨ ਬਾਰੇ ਇਸ ਨੂੰ ਲਿਖ ਲਵੋ:
‘ਉਹ ਅਜਿਹਾ ਬੰਦਾ ਹੈ, ਜਿਸਦੇ ਹੁਣ ਬੱਚੇ ਨਹੀਂ ਹਨ!
ਯੇਹੋਇਆਚਿਨ ਆਪਣੇ ਜੀਵਨ ਕਾਲ ਵਿੱਚ ਸਫ਼ਲ ਨਹੀਂ ਹੋਵੇਗਾ।
ਅਤੇ ਉਸ ਦੇ ਬੱਚਿਆਂ ਵਿੱਚੋਂ ਕੋਈ ਵੀ ਦਾਊਦ ਦੇ ਸਿੰਘਾਸਣ ਉੱਤੇ ਨਹੀਂ ਬੈਠੇਗਾ।
ਉਸ ਦੇ ਬੱਚਿਆਂ ਵਿੱਚੋਂ ਕੋਈ ਵੀ ਯਹੂਦਾਹ ਅੰਦਰ ਰਾਜ ਨਹੀਂ ਕਰੇਗਾ।’”
23 “ਯਹੂਦਾਹ ਦੇ ਲੋਕਾਂ ਦੇ ਅਯਾਲੀਆਂ (ਆਗੂਆਂ) ਲਈ ਇਹ ਬਹੁਤ ਬੁਰਾ ਹੋਵੇਗਾ। ਉਹ ਅਯਾਲੀ ਭੇਡਾਂ ਨੂੰ ਤਬਾਹ ਕਰ ਰਹੇ ਹਨ। ਉਹ ਭੇਡਾਂ ਨੂੰ ਮੇਰੀ ਚਰਾਗਾਹ ਤੋਂ ਭੱਜ ਕੇ ਸਾਰੀਆਂ ਦਿਸ਼ਾਵਾਂ ਵੱਲ ਜਾਣ ਲਈ ਮਜ਼ਬੂਰ ਕਰ ਰਹੇ ਹਨ।” ਇਹ ਸੰਦੇਸ਼ ਸੀ ਯਹੋਵਾਹ ਵੱਲੋਂ।
2 ਉਹ ਅਯਾਲੀ ਮੇਰੇ ਬੰਦਿਆਂ ਲਈ ਜ਼ਿੰਮੇਵਾਰ ਹਨ। ਅਤੇ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ, ਇਹ ਗੱਲਾਂ ਉਨ੍ਹਾਂ ਅਯਾਲੀਆਂ ਨੂੰ ਆਖਦਾ ਹੈ: “ਅਯਾਲੀਆਂ ਤੁਸੀਂ ਮੇਰੀਆਂ ਭੇਡਾਂ ਨੂੰ ਹਰ ਪਾਸੇ ਖਿੰਡਾ ਦਿੱਤਾ ਹੈ। ਤੁਸੀਂ ਉਨ੍ਹਾਂ ਨੂੰ ਦੂਰ ਜਾਣ ਲਈ ਮਜ਼ਬੂਰ ਕਰ ਦਿੱਤਾ ਹੈ। ਅਤੇ ਤੁਸੀਂ ਉਨ੍ਹਾਂ ਦਾ ਧਿਆਨ ਨਹੀਂ ਰੱਖਿਆ। ਪਰ ਮੈਂ ਤੁਹਾਡਾ ਧਿਆਨ ਰੱਖਾਂਗਾ-ਮੈਂ ਤੁਹਾਨੂੰ ਤੁਹਾਡੇ ਮੰਦੇ ਕੰਮਾਂ ਦੀ ਸਜ਼ਾ ਦਿਆਂਗਾ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ। 3 “ਆਪਣੀਆਂ ਭੇਡਾਂ ਨੂੰ ਹੋਰਨਾਂ ਦੇਸਾਂ ਅੰਦਰ ਭੇਜਿਆ। ਪਰ ਮੈਂ ਆਪਣੀਆਂ ਬਚੀਆਂ ਹੋਈਆਂ ਭੇਡਾਂ ਨੂੰ ਇਕੱਠਿਆਂ ਕਰਾਂਗਾ। ਅਤੇ ਮੈਂ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੀ ਚਰਾਗਾਹ ਵਿੱਚ ਲਿਆਵਾਂਗਾ। ਜਦੋਂ ਮੇਰੀਆਂ ਭੇਡਾਂ ਆਪਣੀ ਚਰਾਗਾਹ ਵਿੱਚ ਵਾਪਸ ਆ ਜਾਣਗੀਆਂ, ਉਨ੍ਹਾਂ ਦੇ ਬਹੁਤ ਬੱਚੇ ਹੋਣਗੇ ਅਤੇ ਉਹ ਗਿਣਤੀ ਵਿੱਚ ਵੱਧ ਜਾਣਗੀਆਂ। 4 ਮੈਂ ਆਪਣੀਆਂ ਭੇਡਾਂ ਲਈ ਨਵੇਂ ਅਯਾਲੀ ਰੱਖਾਂਗਾ। ਉਹ ਅਯਾਲੀ ਮੇਰੀਆਂ ਭੇਡਾਂ ਦਾ ਧਿਆਨ ਰੱਖਣਗੇ। ਅਤੇ ਮੇਰੀਆਂ ਭੇਡਾਂ ਭੈਭੀਤ ਨਹੀਂ ਹੋਣਗੀਆਂ। ਮੇਰੀਆਂ ਭੇਡਾਂ ਵਿੱਚੋਂ ਕੋਈ ਵੀ ਗੁਆਚੇਗੀ ਨਹੀਂ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
ਧਰਤੀ ਅੰਕੁਰ
5 ਇਹ ਸੰਦੇਸ਼ ਯਹੋਵਾਹ ਵੱਲੋਂ ਹੈ,
“ਸਮਾਂ ਆ ਰਿਹਾ ਹੈ
ਜਦੋਂ ਮੈਂ ਦਾਊਦ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਧਰਮੀ ਟਹਿਣੀ ਲਿਆਵਾਂਗਾ।
ਉਹ ਰਾਜਾ ਬਣੇਗਾ, ਜਿਹੜਾ ਸਿਆਣਪ ਨਾਲ ਰਾਜ ਕਰੇਗਾ।
ਉਹ ਉਹੀ ਕਰੇਗਾ ਜੋ ਜਾਇਜ਼ ਅਤੇ ਦੇਸ਼ ਲਈ ਸਹੀ ਹੈ।
6 ਉਸ ਨੇਕ ‘ਅੰਕੁਰ’ ਦੇ ਸਮੇਂ ਵਿੱਚ, ਯਹੂਦਾਹ ਦੇ ਲੋਕ ਬਚ ਜਾਣਗੇ।
ਅਤੇ ਇਸਰਾਏਲ ਸੁਰੱਖਿਅਤ ਰਹੇਗਾ।
ਇਹ ਉਸਦਾ ਨਾਮ ਹੋਵੇਗਾ:
ਯਹੋਵਾਹ ਹੀ ਸਾਡੀ ਨੇਕੀ ਹੈ।
7 “ਇਸ ਲਈ ਸਮਾਂ ਆ ਰਿਹਾ ਹੈ, ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਜਦੋਂ ਲੋਕ ਫ਼ੇਰ ਕਦੇ ਯਹੋਵਾਹ ਦਾ ਪੁਰਾਣਾ ਇਕਰਾਰ ਨਹੀਂ ਦੁਹਰਾਉਣਗੇ। ਪੁਰਾਣਾ ਇਕਰਾਰ ਹੈ: ‘ਜਿਵੇਂ ਕਿ ਯਹੋਵਾਹ ਸਾਖੀ ਹੈ, ਯਹੋਵਾਹ ਹੀ ਹੈ ਜਿਸ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਂਦਾ ਸੀ।’ 8 ਪਰ ਲੋਕ ਕੁਝ ਨਵਾਂ ਆਖਣਗੇ। ਉਹ ਆਖਣਗੇ, ‘ਜਿਵੇਂ ਕਿ ਯਹੋਵਾਹ ਸਾਖੀ ਹੈ, ਯਹੋਵਾਹ ਹੀ ਹੈ ਜਿਸਨੇ ਇਸਰਾਏਲ ਦੇ ਲੋਕਾਂ ਨੂੰ ਉੱਤਰ ਦੀ ਧਰਤੀ ਤੋਂ ਬਾਹਰ ਲਿਆਂਦਾ। ਉਸ ਨੇ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਸਾਰੇ ਮੁਲਕਾਂ ਤੋਂ ਬਾਹਰ ਲਿਆਂਦਾ ਜਿੱਥੇ ਉਸ ਨੇ ਉਨ੍ਹਾਂ ਨੂੰ ਭੇਜਿਆ ਸੀ।’ ਫ਼ੇਰ ਇਸਰਾਏਲ ਦੇ ਲੋਕ ਆਪਣੀ ਹੀ ਧਰਤੀ ਉੱਤੇ ਰਹਿਣਗੇ।”
ਝੂਠੇ ਨਬੀਆਂ ਦੇ ਵਿਰੁੱਧ ਨਿਆਂ
9 ਨਬੀਆਂ ਨੂੰ ਇੱਕ ਸੰਦੇਸ਼:
ਮੈਂ ਬਹੁਤ ਉਦਾਸ ਹਾਂ-ਮੇਰਾ ਦਿਲ ਟੁੱਟ ਗਿਆ ਹੈ।
ਮੇਰੀਆਂ ਸਾਰੀਆਂ ਹੱਡੀਆਂ ਕੰਬ ਰਹੀਆਂ ਹਨ।
ਮੈਂ (ਯਿਰਮਿਯਾਹ) ਉਸ ਬੰਦੇ ਵਰਗਾ ਹਾਂ ਜਿਹੜਾ ਸ਼ਰਾਬੀ ਹੋਵੇ।
ਕਿਉਂ? ਯਹੋਵਾਹ ਅਤੇ ਉਸ ਦੇ ਪਵਿੱਤਰ ਸ਼ਬਦਾਂ ਕਾਰਣ।
10 ਯਹੂਦਾਹ ਦਾ ਦੇਸ਼ ਉਨ੍ਹਾਂ ਲੋਕਾਂ ਨਾਲ ਭਰਿਆ ਹੋਇਆ ਹੈ ਜਿਹੜੇ ਕਰਦੇ ਨੇ ਜਿਨਸੀ ਪਾਪ।
ਉਹ ਕਈ ਤਰ੍ਹਾਂ ਨਾਲ ਬੇਵਫ਼ਾ ਹਨ।
ਯਹੋਵਾਹ ਨੇ ਧਰਤੀ ਨੂੰ ਸਰਾਪ ਦਿੱਤਾ ਸੀ ਅਤੇ ਇਹ ਬਹੁਤ ਖੁਸ਼ਕ ਹੋ ਗਈ ਸੀ।
ਚਰਾਂਦਾਂ ਅੰਦਰ, ਸੁੱਕੇ ਹੋਏ ਪੌਦੇ ਮਰ ਰਹੇ ਨੇ। ਖੇਤ ਮਾਰੂਬਲ ਵਾਂਗ ਬਣ ਗਏ ਨੇ।
ਨਬੀ ਬੁਰੇ ਨੇ।
ਉਹ ਨਬੀ ਆਪਣੇ ਪ੍ਰਭਾਵ ਅਤੇ ਸ਼ਕਤੀ ਨੂੰ ਗ਼ਲਤ ਢੰਗ ਨਾਲ ਇਸਤੇਮਾਲ ਕਰਦੇ ਨੇ।
11 “ਨਬੀ ਅਤੇ ਜਾਜਕ ਵੀ ਮੰਦੇ ਹਨ।
ਮੈਂ ਉਨ੍ਹਾਂ ਨੂੰ ਆਪਣੇ ਮੰਦਰ ਵਿੱਚ ਵੀ, ਮੰਦੇ ਕੰਮ ਕਰਦਿਆਂ ਦੇਖਿਆ ਹੈ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
12 “ਮੈਂ ਆਪਣੇ ਸੰਦੇਸ਼ ਉਨ੍ਹਾਂ ਨੂੰ ਦੇਵੋ ਰੋਕ ਦਿਆਂਗਾ।
ਇਹ ਉਨ੍ਹਾਂ ਲਈ ਹਨੇਰੇ ਵਿੱਚ ਚੱਲਣ ਵਾਂਗ ਹੋਵੇਗਾ।
ਇਹ ਹੋਵੇਗਾ ਜਿਵੇਂ ਉਨ੍ਹਾਂ ਨਬੀਆਂ ਅਤੇ ਜਾਜਕਾਂ ਲਈ ਤਿਲਕਣ ਵਾਲੀ ਸੜਕ ਹੋਵੇ।
ਅਤੇ ਉਹ ਉਸ ਅੰਧਕਾਰ ਵਿੱਚ ਡਿੱਗ ਪੈਣਗੇ।
ਮੈਂ ਉਨ੍ਹਾਂ ਲਈ ਬਿਪਤਾ ਲਿਆਵਾਂਗਾ।
ਮੈਂ ਉਨ੍ਹਾਂ ਨਬੀਆਂ ਅਤੇ ਜਾਜਕਾਂ ਨੂੰ ਸਜ਼ਾ ਦੇਵਾਂਗਾ।”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
13 “ਮੈਂ ਸਾਮਰਿਯਾ ਦੇ ਨਬੀਆਂ ਨੂੰ ਮੰਦੇ ਕੰਮ ਕਰਦਿਆਂ ਦੇਖਿਆ ਸੀ।
ਮੈਂ ਉਨ੍ਹਾਂ ਨਬੀਆਂ ਨੂੰ ਝੂਠੇ ਦੇਵਤੇ ਬਆਲ ਦੇ ਨਾਮ ਉੱਤੇ ਭਵਿੱਖਬਾਣੀਆਂ ਕਰਦਿਆਂ ਦੇਖਿਆ ਸੀ।
ਉਨ੍ਹਾਂ ਨਬੀਆਂ ਨੇ ਇਸਰਾਏਲ ਦੇ ਲੋਕਾਂ ਨੂੰ, ਯਹੋਵਾਹ ਤੋਂ ਦੂਰ ਹੋਣ ਲਈ, ਕੁਰਾਹੇ ਪਾਇਆ ਸੀ।
14 ਹੁਣ ਮੈਂ ਯਹੂਦਾਹ ਦੇ ਨਬੀਆਂ ਨੂੰ ਯਰੂਸ਼ਲਮ ਅੰਦਰ ਭਿਆਨਕ ਗੱਲਾਂ ਕਰਦਿਆਂ ਦੇਖ ਲਿਆ ਹੈ।
ਉਹ ਨਬੀ ਜਿਨਸੀ ਪਾਪ ਕਰਦੇ ਨੇ।
ਉਨ੍ਹਾਂ ਨੇ ਝੂਠ ਨੂੰ ਸੁਣਿਆ-ਅਤੇ ਉਨ੍ਹਾਂ ਨੇ ਉਸ ਝੂਠੀ ਬਿਵਸਬਾ ਨੂੰ ਮੰਨਿਆ।
ਉਹ ਮੰਦੇ ਲੋਕਾਂ ਨੂੰ ਮੰਦੀਆਂ ਗੱਲਾਂ ਕਰਦੇ ਰਹਿਣ ਲਈ ਪ੍ਰੋਤਸਾਹਨ ਦਿੰਦੇ ਨੇ।
ਇਸ ਲਈ ਲੋਕ ਪਾਪ ਕਰਨ ਤੋਂ ਨਹੀਂ ਹਟੇ।
ਉਹ ਸਦੂਮ ਦੇ ਲੋਕਾਂ ਵਰਗੇ ਹਨ।
ਹੁਣ ਯਰੂਸ਼ਲਮ ਮੇਰੇ ਲਈ ਅਮੂਰਾਹ ਵਰਗਾ ਹੈ।”
15 ਇਸ ਲਈ ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਨਬੀਆਂ ਵਾਸਤੇ ਆਖਦਾ ਹੈ:
“ਮੈਂ ਉਨ੍ਹਾਂ ਨਬੀਆਂ ਨੂੰ ਸਜ਼ਾ ਦੇਵਾਂਗਾ।
ਇਹ ਸਜ਼ਾ ਹੋਵੇਗੀ ਜਿਵੇਂ ਜ਼ਹਿਰੀਲਾ ਭੋਜਨ-ਪਾਣੀ ਕਰੀਦਾ ਹੈ।
ਨਬੀਆਂ ਨੇ ਆਤਮਕ ਬਿਮਾਰੀ ਸ਼ੁਰੂ ਕੀਤੀ ਸੀ।
ਇਹ ਬਿਮਾਰੀ ਸੀ, ਜਿਹੜੀ ਸਾਰੇ ਮੁਲਕ ਅੰਦਰ ਫ਼ੈਲ ਗਈ ਸੀ।
ਇਸ ਲਈ ਮੈਂ ਉਨ੍ਹਾਂ ਨਬੀਆਂ ਨੂੰ ਸਜ਼ਾ ਦੇਵਾਂਗਾ।
ਇਹ ਬਿਮਾਰੀ ਯਰੂਸ਼ਲਮ ਦੇ ਨਬੀਆਂ ਤੋਂ ਆਈ ਸੀ।”
16 ਯਹੋਵਾਹ ਸਰਬ ਸ਼ਕਤੀਮਾਨ ਇਹ ਗੱਲਾਂ ਆਖਦਾ ਹੈ:
“ਉਨ੍ਹਾਂ ਗੱਲਾਂ ਵੱਲ ਧਿਆਨ ਨਾ ਦਿਓ, ਜਿਹੜੀਆਂ ਝੂਠੇ ਨਬੀ ਤੁਹਾਨੂੰ ਆਖ ਰਹੇ ਹਨ।
ਉਹ ਲੋਕ ਤੁਹਾਨੂੰ ਮੂਰਖ ਬਣਾ ਰਹੇ ਨੇ।
ਉਹ ਨਬੀ ਦਰਸ਼ਨਾਂ ਬਾਰੇ ਗੱਲਾਂ ਕਰਦੇ ਨੇ।
ਪਰ ਉਹ ਇਹ ਦਰਸ਼ਨ ਮੇਰੇ ਕੋਲੋਂ ਪ੍ਰਾਪਤ ਨਹੀਂ ਕਰਦੇ।
ਉਨ੍ਹਾਂ ਦੇ ਦਰਸ਼ਨ ਆਪਣੇ ਮਨਾਂ ਵਿੱਚੋਂ ਆਉਂਦੇ ਨੇ।
17 ਕੁਝ ਲੋਕ ਯਹੋਵਾਹ ਦੇ ਸੱਚੇ ਸੰਦੇਸ਼ ਨੂੰ ਨਫ਼ਰਤ ਕਰਦੇ ਨੇ।
ਇਸ ਲਈ ਉਹ ਨਬੀ, ਉਨ੍ਹਾਂ ਲੋਕਾਂ ਨੂੰ ਹੋਰ ਸੰਦੇਸ਼ ਦਿੰਦੇ ਨੇ।
ਉਹ ਆਖਦੇ ਨੇ, ‘ਤੁਹਾਨੂੰ ਸ਼ਾਂਤੀ ਮਿਲੇਗੀ।’
ਕੁਝ ਲੋਕ ਬਹੁਤ ਜ਼ਿੱਦੀ ਹਨ।
ਉਹ ਮਨ ਭਾਉਂਦੀਆਂ ਗੱਲਾਂ ਕਰਦੇ ਨੇ।
ਇਸ ਲਈ ਉਹ ਨਬੀ ਆਖਦੇ ਨੇ,
‘ਤੁਹਾਡੇ ਨਾਲ ਕੋਈ ਵੀ ਮੰਦੀ ਘਟਨਾ ਨਹੀਂ ਵਾਪਰੇਗੀ!’
18 ਪਰ ਉਨ੍ਹਾਂ ਨਬੀਆਂ ਵਿੱਚੋਂ ਕੋਈ ਵੀ ਯਹੋਵਾਹ ਦੀ ਸੰਗਤ ਵਿੱਚ ਸ਼ਾਮਿਲ ਨਹੀਂ ਹੈ।
ਉਨ੍ਹਾਂ ਵਿੱਚੋਂ ਕਿਸੇ ਨੇ ਵੀ ਯਹੋਵਾਹ ਦੇ ਸੰਦੇਸ਼ ਨੂੰ ਦੇਖਿਆ ਸੁਣਿਆ ਨਹੀਂ।
ਉਨ੍ਹਾਂ ਵਿੱਚੋਂ ਕਿਸੇ ਨੇ ਵੀ ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਨਹੀਂ ਦਿੱਤਾ ਹੈ।
19 ਹੁਣ ਯਹੋਵਾਹ ਵੱਲੋਂ ਭੇਜੀ ਗਈ ਸਜ਼ਾ, ਤੂਫ਼ਾਨ ਵਾਂਗ ਆਵੇਗੀ,
ਯਹੋਵਾਹ ਦਾ ਕਹਿਰ ਵਾਵਰੋਲੇ ਵਰਗਾ ਹੋਵੇਗਾ।
ਇਹ ਮੰਦੇ ਲੋਕਾਂ ਦੇ ਸਿਰਾਂ ਉੱਤੇ ਟੁੱਟ ਪਵੇਗਾ।
20 ਯਹੋਵਾਹ ਦਾ ਕਹਿਰ, ਉਦੋਂ ਤੀਕ ਨਹੀਂ ਰੁਕੇਗਾ
ਜਦੋਂ ਤੀਕ ਉਹ ਆਪਣੀਆਂ ਯੋਜਨਾਵਾਂ ਨੂੰ ਪੂਰਾ ਨਹੀਂ ਕਰ ਲੈਂਦਾ।
ਜਦੋਂ ਉਹ ਦਿਨ ਖਤਮ ਹੋ ਜਾਵੇਗਾ,
ਤੁਸੀਂ ਸਾਫ਼-ਸਾਫ਼ ਸਮਝ ਲਵੋਂਗੇ।
21 ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਭੇਜਿਆ ਸੀ।
ਪਰ ਉਹ ਆਪਣੇ ਸੰਦੇਸ਼ ਦੇਣ ਲਈ ਦੌੜੇ ਆਏ।
ਮੈਂ ਉਨ੍ਹਾਂ ਨਾਲ ਨਹੀਂ ਬੋਲਿਆ
ਪਰ ਉਨ੍ਹਾਂ ਮੇਰੇ ਨਾਮ ਉੱਤੇ ਪ੍ਰਚਾਰ ਕੀਤਾ।
22 ਜੇ ਉਹ ਮੇਰੀ ਸੰਗਤ ਵਿੱਚ ਖਲੋਤੇ ਹੁੰਦੇ,
ਫ਼ੇਰ ਉਹ ਯਹੂਦਾਹ ਦੇ ਲੋਕਾਂ ਨੂੰ ਮੇਰੇ ਸੰਦੇਸ਼ ਦੱਸਦੇ।
ਉਹ ਲੋਕਾਂ ਨੂੰ ਮੰਦੇ ਅਮਲਾਂ ਤੋਂ ਰੋਕ ਦਿੰਦੇ।
ਉਹ ਉਨ੍ਹਾਂ ਨੂੰ ਬਦੀ ਤੋਂ ਰੋਕ ਦਿੰਦੇ।
23 ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
“ਮੈਂ ਪਰਮੇਸ਼ੁਰ ਹਾਂ, ਅਤੇ ਮੈਂ ਸਦਾ ਨੇੜੇ ਹਾਂ!
ਮੈਂ ਦੂਰ ਨਹੀਂ ਹਾਂ!
24 ਬੇਸ਼ਕ ਕੋਈ ਲੁਕਣ ਵਾਲੀ ਥਾਂ ਉੱਤੇ ਮੇਰੇ ਕੋਲੋਂ ਛੁਪਣ ਦੀ ਕੋਸ਼ਿਸ਼ ਕਰੇ।
ਪਰ ਮੇਰੇ ਲਈ ਉਸ ਨੂੰ ਦੇਖਣਾ ਆਸਾਨ ਹੈ।
ਕਿਉਂ? ਕਿਉਂ ਕਿ ਮੈਂ, ਅਕਾਸ਼ ਵਿੱਚ ਅਤੇ ਧਰਤੀ ਉੱਤੇ ਹਰ ਥਾਂ ਹਾਂ।”
ਯਹੋਵਾਹ ਨੇ ਇਹ ਗੱਲਾਂ ਆਖੀਆਂ। 25 “ਇੱਥੇ ਕੁਝ ਨਬੀ ਹਨ ਜਿਹੜੇ ਮੇਰੇ ਨਾਮ ਉੱਤੇ ਝੂਠ ਦਾ ਪ੍ਰਚਾਰ ਕਰਦੇ ਨੇ। ਉਹ ਆਖਦੇ ਨੇ, ‘ਮੈਨੂੰ ਇੱਕ ਸੁਪਨਾ ਆਇਆ ਹੈ! ਮੈਨੂੰ ਇੱਕ ਸੁਪਨਾ ਆਇਆ ਹੈ!’ ਮੈਂ ਉਨ੍ਹਾਂ ਨੂੰ ਇਹ ਗੱਲਾਂ ਆਖਦਿਆਂ ਸੁਣਿਆ। 26 ਕਿੰਨਾ ਕੁ ਚਿਰ ਇਹ ਜਾਰੀ ਰਹੇਗਾ? ਉਹ ਨਬੀ ਝੂਠ ਸੋਚਦੇ ਨੇ। ਅਤੇ ਫ਼ੇਰ ਉਹ ਉਨ੍ਹਾਂ ਝੂਠਾਂ ਦਾ ਲੋਕਾਂ ਅੰਦਰ ਪ੍ਰਚਾਰ ਕਰਦੇ ਨੇ। 27 ਇਹ ਨਬੀ ਯਹੂਦਾਹ ਦੇ ਲੋਕਾਂ ਨੂੰ ਮੇਰਾ ਨਾਮ ਭੁਲਾਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਅਜਿਹਾ ਇੱਕ ਦੂਜੇ ਨੂੰ ਇਹ ਝੂਠੇ ਸੁਪਨੇ ਸੁਣਾਕੇ ਕਰ ਰਹੇ ਹਨ। ਉਹ ਮੇਰੇ ਲੋਕਾਂ ਨੂੰ ਮੇਰੇ ਨਾਲ ਉਸੇ ਤਰ੍ਹਾਂ ਭੁਲਾਣ ਦੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਉਨ੍ਹਾਂ ਦੇ ਪੁਰਖੇ ਮੈਨੂੰ ਭੁੱਲ ਗਏ ਸਨ। ਉਨ੍ਹਾਂ ਦੇ ਪੁਰਖੇ ਮੈਨੂੰ ਭੁੱਲ ਗਏ ਸਨ ਅਤੇ ਝੂਠੇ ਦੇਵਤੇ ਬਾਲ ਦੀ ਉਪਾਸਨਾ ਕਰਦੇ ਸਨ। 28 ਤੂੜੀ ਕਣਕ ਵਰਗੀ ਨਹੀਂ ਹੁੰਦੀ! ਓਸੇ ਤਰ੍ਹਾਂ ਉਨ੍ਹਾਂ ਨਬੀਆਂ ਦੇ ਸੁਪਨੇ ਮੇਰੇ ਵੱਲੋਂ ਸੰਦੇਸ਼ ਨਹੀਂ ਹਨ। ਜੇ ਕੋਈ ਬੰਦਾ ਆਪਣੇ ਸੁਪਨੇ ਸੁਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਅਜਿਹਾ ਕਰਨ ਦਿਓ। ਪਰ ਜਿਹੜਾ ਬੰਦਾ ਮੇਰੇ ਸੰਦੇਸ਼ ਸੁਣਦਾ ਹੈ ਉਸ ਨੂੰ ਸਚਾਈ ਨਾਲ ਮੇਰਾ ਸੰਦੇਸ਼ ਸੁਣਾਉਣਾ ਚਾਹੀਦਾ ਹੈ। 29 ਮੇਰਾ ਸੰਦੇਸ਼ ਅੱਗ ਵਰਗਾ ਹੈ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ ਇਹ ਉਸ ਹਬੌੜੇ ਵਰਗਾ ਹੈ ਜਿਹੜਾ ਪੱਥਰ ਨੂੰ ਵੀ ਚੂਰ-ਚੂਰ ਕਰ ਦਿੰਦਾ ਹੈ।
30 ਇਸ ਲਈ ਮੈਂ ਉਨ੍ਹਾਂ ਝੂਠੇ ਨਬੀਆਂ ਦੇ ਵਿਰੁੱਧ ਹਾਂ ਇਹ ਸੰਦੇਸ਼ ਯਹੋਵਾਹ ਵੱਲੋਂ ਹੈ, “ਇਹ ਨਬੀ ਇੱਕ ਦੂਜੇ ਕੋਲੋਂ ਮੇਰੇ ਸ਼ਬਦ ਚੋਰੀ ਕਰਦੇ ਰਹਿੰਦੇ ਹਨ। 31 ਮੈਂ ਝੂਠੇ ਨਬੀਆਂ ਦੇ ਵਿਰੁੱਧ ਹਾਂ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਉਹ ਆਪਣੇ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ ਅਤੇ ਬਹਾਨਾ ਕਰਦੇ ਨੇ ਇਹ ਮੇਰੇ ਵੱਲੋਂ ਸੰਦੇਸ਼ ਹੈ। 32 ਮੈਂ ਉਨ੍ਹਾਂ ਝੂਠੇ ਨਬੀਆਂ ਦੇ ਵਿਰੁੱਧ ਹਾਂ ਜਿਹੜੇ ਨਕਲੀ ਸੁਪਨਿਆਂ ਦਾ ਪ੍ਰਚਾਰ ਕਰਦੇ ਹਨ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਉਨ੍ਹਾਂ ਨੇ ਮੇਰੇ ਬੰਦਿਆਂ ਨੂੰ ਆਪਣੇ ਝੂਠਾਂ ਅਤੇ ਝੂਠੀਆਂ ਸਿੱਖਿਆਵਾਂ ਰਾਹੀਂ ਗੁਮਰਾਹ ਕੀਤਾ। ਮੈਂ ਉਨ੍ਹਾਂ ਨਬੀਆਂ ਨੂੰ ਲੋਕਾਂ ਨੂੰ ਸਿੱਖਿਆ ਦੇਣ ਲਈ ਨਹੀਂ ਸੀ ਭੇਜਿਆ। ਮੈਂ ਉਨ੍ਹਾਂ ਨੂੰ ਕਦੇ ਵੀ ਆਦੇਸ਼ ਨਹੀਂ ਸੀ ਦਿੱਤਾ ਕਿ ਉਹ ਮੇਰੇ ਲਈ ਕੁਝ ਕਰਨ। ਉਹ ਯਹੂਦਾਹ ਦੇ ਲੋਕਾਂ ਦੀ ਬਿਲਕੁਲ ਕੋਈ ਸਹਾਇਤਾ ਨਹੀਂ ਕਰ ਸੱਕਦੇ।” ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
ਯਹੋਵਾਹ ਵੱਲੋਂ ਉਦਾਸ ਸੰਦੇਸ਼
33 “ਯਹੂਦਾਹ ਦੇ ਲੋਕ, ਕੋਈ ਨਬੀ ਜਾਂ ਕੋਈ ਜਾਜਕ ਤੈਨੂੰ ਪੁੱਛ ਸੱਕਦਾ ਹੈ, ‘ਯਿਰਮਿਯਾਹ, ਯਹੋਵਾਹ ਦਾ ਬੋਝ ਕੀ ਹੈ?’ ਤੂੰ ਉਨ੍ਹਾਂ ਨੂੰ ਜਵਾਬ ਦੇਵੇਂਗਾ ਅਤੇ ਆਖੇਂਗਾ, ‘ਤੁਸੀਂ ਯਹੋਵਾਹ ਲਈ ਭਾਰੀ ਬੋਝ [b] ਹੋ। ਅਤੇ ਮੈਂ ਇਹ ਬੋਝ ਲਾਹ ਕੇ ਸੁੱਟ ਦੇਵਾਂਗਾ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ।
34 “ਕੋਈ ਨਬੀ, ਕੋਈ ਜਾਜਕ ਜਾਂ ਹੋ ਸੱਕਦਾ ਹੈ ਕਿ ਲੋਕਾਂ ਵਿੱਚੋਂ ਕੋਈ ਇਹ ਆਖੇ, ‘ਇਹ ਬੋਝ ਯਹੋਵਾਹ ਵੱਲੋਂ ਹੈ।’ ਉਸ ਬੰਦੇ ਨੇ ਝੂਠ ਬੋਲਿਆ ਸੀ, ਇਸ ਲਈ ਮੈਂ ਉਸ ਬੰਦੇ ਨੂੰ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਸਜ਼ਾ ਦੇਵਾਂਗਾ। 35 ਤੁਸੀਂ ਇੱਕ ਦੂਸਰੇ ਨੂੰ ਇਹ ਆਖੋਗੇ, ‘ਯਹੋਵਾਹ ਨੇ ਕੀ ਜਵਾਬ ਦਿੱਤਾ?’ ਜਾਂ ‘ਯਹੋਵਾਹ ਨੇ ਕੀ ਆਖਿਆ?’ 36 ਪਰ ਤੁਸੀਂ ਇਸ ਤਰ੍ਹਾਂ ਦੀ ਗੱਲ ਕਦੇ ਨਹੀਂ ਆਖੋਗੇ, ‘ਯਹੋਵਾਹ ਦਾ ਬੋਝ।’ֹ ਇਹ ਇਸ ਲਈ ਹੈ ਕਿਉਂ ਕਿ ਯਹੋਵਾਹ ਦਾ ਸੰਦੇਸ਼ ਕਿਸੇ ਲਈ ਬੋਝ ਨਹੀਂ ਹੋਣਾ ਚਾਹੀਦਾ। ਪਰ ਤੁਸੀਂ ਆਪਣੇ ਪਰਮੇਸ਼ੁਰ ਦੇ ਸ਼ਬਦਾਂ ਨੂੰ ਬਦਲ ਦਿੱਤਾ। ਉਹ ਜੀਵਿਤ ਪਰਮੇਸ਼ੁਰ ਹੈ, ਸਰਬ ਸ਼ਕਤੀਮਾਨ ਯਹੋਵਾਹ!
37 “ਜੇ ਤੁਸੀਂ ਪਰਮੇਸ਼ੁਰ ਦੇ ਸੰਦੇਸ਼ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਕਿਸੇ ਨਬੀ ਨੂੰ ਪੁੱਛੋ, ‘ਯਹੋਵਾਹ ਨੇ ਤੈਨੂੰ ਕੀ ਜਵਾਬ ਦਿੱਤਾ?’ ਜਾਂ ‘ਯਹੋਵਾਹ ਨੇ ਕੀ ਆਖਿਆ?’ 38 ਪਰ ਇਹ ਨਾ ਆਖੋ, ‘ਯਹੋਵਾਹ ਵੱਲੋਂ ਬੋਝ ਕੀ ਸੀ?’ ਜੇ ਤੁਸੀਂ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰੋਂਗੇ ਤਾਂ ਯਹੋਵਾਹ ਤੁਹਾਨੂੰ ਇਹ ਗੱਲਾਂ ਆਖੇਗਾ: ‘ਤੁਹਾਨੂੰ ਮੇਰੇ ਸੰਦੇਸ਼ ਨੂੰ “ਮੇਰੇ ਵੱਲੋਂ ਬੋਝ” ਨਹੀਂ ਆਖਣਾ ਚਾਹੀਦਾ ਸੀ। ਮੈਂ ਤੁਹਾਨੂੰ ਇਨ੍ਹਾਂ ਸ਼ਬਦਾਂ ਦੀ ਵਰਤੋਂ ਨਹੀਂ ਕਰਨ ਲਈ ਆਖਿਆ ਸੀ। 39 ਪਰ ਤੁਸੀਂ ਮੇਰੇ ਸੰਦੇਸ਼ ਨੂੰ ਬੋਝ ਆਖਿਆ, ਇਸ ਲਈ ਮੈਂ ਤੁਹਾਨੂੰ ਬੋਝ ਵਾਂਗ ਚੁੱਕਾਂਗਾ ਅਤੇ ਆਪਣੇ ਤੋਂ ਦੂਰ ਸੁੱਟ ਦਿਆਂਗਾ। ਮੈਂ ਯਰੂਸ਼ਲਮ ਦਾ ਸ਼ਹਿਰ ਤੁਹਾਡੇ ਪੁਰਖਿਆਂ ਨੂੰ ਦਿੱਤਾ ਸੀ। ਪਰ ਮੈਂ ਤੁਹਾਨੂੰ ਅਤੇ ਉਸ ਸ਼ਹਿਰ ਨੂੰ ਆਪਣੇ ਕੋਲੋਂ ਦੂਰ ਸੁੱਟ ਦਿਆਂਗਾ। 40 ਅਤੇ ਮੈਂ ਤੁਹਾਨੂੰ ਸਦਾ ਲਈ ਸ਼ਰਮਸਾਰ ਕਰ ਦਿਆਂਗਾ। ਤੁਸੀਂ ਕਦੇ ਵੀ ਆਪਣੀ ਨਮੋਸ਼ੀ ਨੂੰ ਭੁੱਲ ਨਹੀਂ ਸੱਕੋਗੇ।’”
1 ਪਰਮੇਸ਼ੁਰ ਦੇ ਸੇਵਕ ਅਤੇ ਯਿਸੂ ਮਸੀਹ ਦੇ ਰਸੂਲ, ਪੌਲੁਸ ਵੱਲੋਂ ਸ਼ੁਭਕਾਮਨਾਵਾਂ। ਮੈਨੂੰ ਪਰਮੇਸ਼ੁਰ ਦੇ ਚੋਣਵੇਂ ਲੋਕਾਂ ਦੇ ਵਿਸ਼ਵਾਸ ਵਿੱਚ ਸਹਾਇਤਾ ਕਰਨ ਲਈ ਭੇਜਿਆ ਗਿਆ ਸੀ। ਮੈਨੂੰ ਇਸ ਲਈ ਭੇਜਿਆ ਗਿਆ ਸੀ ਤਾਂ ਜੋ ਮੈਂ ਉਨ੍ਹਾਂ ਲੋਕਾਂ ਦੀ ਸੱਚ ਦੇ ਗਿਆਨ ਵਿੱਚ ਸਹਾਇਤਾ ਕਰ ਸੱਕਾਂ। ਅਤੇ ਇਹ ਸੱਚੇ ਲੋਕਾਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਦੀ ਜਾਚ ਸਿੱਖਾਉਂਦਾ ਹੈ। 2 ਇਹ ਵਿਸ਼ਵਾਸ ਅਤੇ ਉਹ ਗਿਆਨ ਸਾਡੇ ਸਦੀਪਕ ਜੀਵਨ ਦੀ ਆਸ ਤੋਂ ਆਉਂਦਾ ਹੈ। ਪਰਮੇਸ਼ੁਰ ਨੇ ਆਦਿਕਾਲ ਤੋਂ ਪਹਿਲਾਂ ਹੀ ਸਾਡੇ ਲਈ ਇਸ ਤਰ੍ਹਾਂ ਦੇ ਜੀਵਨ ਦਾ ਕਰਾਰ ਕੀਤਾ ਸੀ ਅਤੇ ਪਰਮੇਸ਼ੁਰ ਝੂਠ ਨਹੀਂ ਆਖਦਾ। 3 ਸਹੀ ਸਮੇਂ ਤੇ, ਪਰਮੇਸ਼ੁਰ ਨੇ ਦੁਨੀਆਂ ਨੂੰ ਖੁਸ਼ਖਬਰੀ ਦੇ ਪ੍ਰਚਾਰ ਰਾਹੀਂ ਉਸ ਜੀਵਨ ਬਾਰੇ ਜਾਨਣ ਦਿੱਤਾ। ਪਰਮੇਸ਼ੁਰ ਨੇ ਇਹ ਕਾਰਜ ਮੈਨੂੰ ਸੌਂਪਿਆ। ਮੈਂ ਇਨ੍ਹਾਂ ਗੱਲਾਂ ਬਾਰੇ ਇਸ ਲਈ ਪ੍ਰਚਾਰ ਕੀਤਾ ਕਿਉਂਕਿ ਜੋ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦਾ ਆਦੇਸ਼ ਸੀ।
4 ਤੀਤੁਸ ਨੂੰ। ਤੂੰ ਮੇਰੇ ਲਈ ਸਾਡੇ ਸਾਂਝੇ ਵਿਸ਼ਵਾਸ ਵਿੱਚ ਇੱਕ ਸੱਚੇ ਪੁੱਤਰ ਦੇ ਸਮਾਨ ਹੈ।
ਤੁਹਾਨੂੰ ਪਿਤਾ ਪਰਮੇਸ਼ੁਰ ਅਤੇ ਸਾਡੇ ਮੁਕਤੀਦਾਤਾ ਮਸੀਹ ਯਿਸੂ ਵੱਲੋਂ ਮਿਹਰ ਅਤੇ ਸ਼ਾਂਤੀ ਮਿਲੇ।
ਕਰੇਤ ਵਿੱਚ ਤੀਤੁਸ ਦਾ ਕਾਰਜ
5 ਮੈਂ ਕਰੇਤ ਵਿੱਚ ਤੁਹਾਨੂੰ ਇਸ ਲਈ ਛੱਡਿਆ ਤਾਂ ਜੋ ਤੁਸੀਂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੂਰਾ ਕਰ ਸੱਕੋ ਜਿਹੜੀਆਂ ਕਰਨ ਵਾਲੀਆਂ ਸਨ। ਮੈਂ ਤੁਹਾਨੂੰ ਕਰੇਤ ਵਿੱਚ ਛੱਡਿਆ ਸੀ ਤਾਂ ਜੋ ਤੁਸੀਂ ਸਾਰੇ ਨਗਰਾਂ ਵਿੱਚ ਬਜ਼ੁਰਗਾਂ ਨੂੰ ਨਿਯੁਕਤ ਕਰ ਸੱਕੋਂ ਜਿਵੇਂ ਮੈਂ ਤੁਹਾਨੂੰ ਹਿਦਾਇਤਾਂ ਦਿੱਤੀਆਂ ਸਨ। 6 ਬਜ਼ੁਰਗ ਬਣਨ ਵਾਲਾ ਵਿਅਕਤੀ ਗਲਤ ਢੰਗ ਨਾਲ ਜਿਉਣ ਦਾ ਕਸੂਰਵਾਰ ਨਹੀਂ ਹੋਣਾ ਚਾਹੀਦਾ। ਉਸਦੀ ਕੇਵਲ ਇੱਕ ਹੀ ਪਤਨੀ ਹੋਣੀ ਚਾਹੀਦੀ ਹੈ। ਉਸ ਦੇ ਬੱਚੇ ਇਤਬਾਰ ਕਰਨ ਯੋਗ ਹੋਣੇ ਚਾਹੀਦੇ ਹਨ। ਉਹ ਅਜਿਹੇ ਬੱਚੇ ਨਹੀਂ ਹੋਣੇ ਚਾਹੀਦੇ ਜਿਹੜੇ ਆਵਾਰਾਗਰਦ ਅਤੇ ਆਗਿਆਕਾਰ ਨਹੀਂ ਹਨ। 7 ਕਿਉਂਕਿ ਬਜ਼ੁਰਗ ਦਾ ਕੰਮ ਪਰਮੇਸ਼ੁਰ ਦੇ ਕਾਰਜ ਦੀ ਨਿਗਰਾਨੀ ਕਰਨਾ ਹੈ। ਇਸ ਲਈ ਲੋਕ ਇਹ ਨਾ ਆਖ ਸੱਕਣ ਕਿ ਉਹ ਗਲਤ ਢੰਗ ਨਾਲ ਜਿਉਂ ਰਿਹਾ ਹੈ। ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜਿਹੜਾ ਹੰਕਾਰੀ ਅਤੇ ਖੁਦਗਰਜ਼ ਹੈ ਅਤੇ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ। ਉਸ ਨੂੰ ਪਿਆਕੜ ਨਹੀਂ ਹੋਣਾ ਚਾਹੀਦਾ। ਉਸ ਨੂੰ ਝਗੜਾਲੂ ਨਹੀਂ ਹੋਣਾ ਚਾਹੀਦਾ ਉਹ ਅਜਿਹਾ ਵਿਅਕਤੀ ਨਹੀਂ ਹੋਣਾ ਚਾਹੀਦਾ ਜਿਹੜਾ ਹਮੇਸ਼ਾ ਹੋਰਾਂ ਨੂੰ ਧੋਖਾ ਦੇਕੇ ਅਮੀਰ ਬਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। 8 ਬਜ਼ੁਰਗ ਨੂੰ ਹਮੇਸ਼ਾ ਅਜਨਬੀਆਂ ਦਾ ਆਪਣੇ ਘਰ ਵਿੱਚ ਸਵਾਗਤ ਕਰਨ ਦਾ ਇੱਛੁਕ ਹੋਣਾ ਚਾਹੀਦਾ ਹੈ। ਉਸ ਨੂੰ ਚਾਹੀਦਾ ਹੈ ਕਿ ਚੰਗਿਆਈ ਨੂੰ ਪਿਆਰ ਕਰੇ। ਉਸ ਨੂੰ ਸਿਆਣਾ ਹੋਣਾ ਚਾਹੀਦਾ ਹੈ। ਉਸ ਨੂੰ ਸਹੀ ਢੰਗ ਨਾਲ ਜਿਉਣ ਵਾਲਾ ਹੋਣਾ ਚਾਹੀਦਾ ਹੈ। ਉਸ ਨੂੰ ਪਵਿੱਤਰ ਹੋਣਾ ਚਾਹੀਦਾ ਹੈ। ਅਤੇ ਉਸ ਨੂੰ ਖੁਦ ਉੱਪਰ ਕਾਬੂ ਕਰਨ ਦੇ ਯੋਗ ਹੋਣਾ ਚਾਹੀਦਾ ਹੈ। 9 ਬਜ਼ੁਰਗ ਨੂੰ ਵਫ਼ਾਦਾਰੀ ਨਾਲ ਸੱਚ ਦਾ ਅਨੁਸਰਣ ਕਰਨਾ ਚਾਹੀਦਾ ਹੈ ਜਿਵੇਂ ਅਸੀਂ ਇਸਦਾ ਉਪਦੇਸ਼ ਦਿੰਦੇ ਹਾਂ। ਬਜ਼ੁਰਗ ਨੂੰ ਸੱਚੇ ਉਪਦੇਸ਼ ਨਾਲ ਲੋਕਾਂ ਦੀ ਸਹਾਇਤਾ ਕਰਨ ਯੋਗ ਹੋਣਾ ਚਾਹੀਦਾ ਹੈ। ਉਸ ਨੂੰ ਲੋਕਾਂ ਨੂੰ ਇਹ ਵਿਖਾਉਣ ਯੋਗ ਹੋਣਾ ਚਾਹੀਦਾ ਹੈ ਕਿ ਕੌਣ ਸੱਚੇ ਉਪਦੇਸ਼ ਦੇ ਵਿਰੁੱਧ ਹਨ ਅਤੇ ਉਹ ਕਿੱਥੇ ਗਲਤ ਹਨ।
10 ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੇ ਆਗਿਆ ਪਾਲਣ ਤੋਂ ਇਨਕਾਰੀ ਹਨ ਉਹ ਲੋਕ ਜਿਹੜੇ ਫ਼ਜ਼ੂਲ ਗੱਲਾਂ ਕਰਦੇ ਹਨ ਅਤੇ ਹੋਰਾਂ ਲੋਕਾਂ ਨੂੰ ਗਲਤ ਰਾਹ ਪਾਉਂਦੇ ਹਨ। ਮੈਂ ਖਾਸੱਕਰ ਉਨ੍ਹਾਂ ਲੋਕਾਂ ਦੀ ਗੱਲ ਕਰ ਰਿਹਾ ਹਾਂ ਜਿਹੜੇ ਇਹ ਆਖਦੇ ਹਨ ਕਿ ਸਾਰੇ ਗੈਰ ਯਹੂਦੀ ਲੋਕਾਂ ਦੀ ਸੁੰਨਤ ਹੋਣੀ ਚਹੀਦੀ ਹੈ। 11 ਇੱਕ ਬਜ਼ੁਰਗ ਨੂੰ ਇਹ ਵਿਖਾਉਣ ਯੋਗ ਹੋਣਾ ਚਾਹੀਦਾ ਹੈ ਕਿ ਜੋ ਉਪਦੇਸ਼ ਉਹ ਲੋਕ ਦਿੰਦੇ ਹਨ ਉਹ ਗਲਤ ਹਨ ਅਤੇ ਉਨ੍ਹਾਂ ਨੂੰ ਉਹੋ ਜਿਹੇ ਉਪਦੇਸ਼ ਦੇਣ ਤੋਂ ਰੋਕਣ ਦੇ ਕਾਬਿਲ ਹੋਣਾ ਚਾਹੀਦਾ ਹੈ। ਉਹ ਲੋਕ ਉਨ੍ਹਾਂ ਗੱਲਾਂ ਦੇ ਉਪਦੇਸ਼ ਦੇ ਕੇ, ਜਿਹੜੇ ਉਨ੍ਹਾਂ ਨੂੰ ਨਹੀਂ ਦੇਣੇ ਚਾਹੀਦੇ, ਪੂਰੇ ਪਰਿਵਾਰਾਂ ਨੂੰ ਨਸ਼ਟ ਕਰ ਰਹੇ ਹਨ। ਉਹ ਉਪਦੇਸ਼ ਕੇਵਲ ਲੋਕਾਂ ਨੂੰ ਧੋਖਾ ਦੇਣ ਅਤੇ ਪੈਸਾ ਕਮਾਉਣ ਲਈ ਦਿੰਦੇ ਹਨ। 12 ਉਨ੍ਹਾਂ ਦੇ ਇੱਕ ਆਪਣੇ ਨਬੀ ਕਰੇਤੀ ਨੇ ਆਖਿਆ ਹੈ, “ਕਰੇਤੀ ਦੇ ਨਿਵਾਸੀ ਹਮੇਸ਼ਾ ਝੂਠੇ ਹਨ। ਉਹ ਭੈੜੇ ਪਸ਼ੂ ਅਤੇ ਨਿਕੰਮੇ ਹਨ ਜਿਹੜੇ ਖਾਣ ਤੋਂ ਸਿਵਾ ਕੁਝ ਵੀ ਨਹੀਂ ਕਰਦੇ।” 13 ਜਿਹੜੇ ਸ਼ਬਦ ਉਸ ਨਬੀ ਨੇ ਆਖੇ ਹਨ ਉਹ ਸੱਚੇ ਹਨ। ਇਸ ਲਈ ਉਨ੍ਹਾਂ ਲੋਕਾਂ ਨੂੰ ਦੱਸੋ ਕਿ ਉਹ ਗਲਤ ਹਨ। ਤੁਹਾਨੂੰ ਉਨ੍ਹਾਂ ਨਾਲ ਸਖਤ ਹੋਣਾ ਚਾਹੀਦਾ, ਤਾਂ ਹੀ ਉਹ ਸੱਚੀ ਨਿਹਚਾ ਦਾ ਅਨੁਸਰਣ ਕਰਣਗੇ। 14 ਫ਼ੇਰ ਉਹ ਲੋਕ ਯਹੂਦੀ ਕਹਾਣੀਆਂ ਤੇ ਵਿਸ਼ਵਾਸ ਕਰਨਾ ਬੰਦ ਕਰ ਦੇਣਗੇ, ਅਤੇ ਉਹ ਉਨ੍ਹਾਂ ਲੋਕਾਂ ਦੇ ਆਦੇਸ਼ਾਂ ਨੂੰ ਮੰਨਣੋਂ ਹਟ ਜਾਣਗੇ ਜਿਹੜੇ ਸੱਚ ਦੀ ਪ੍ਰਵਾਹ ਨਹੀਂ ਕਰਦੇ।
15 ਸ਼ੁੱਧ ਲੋਕਾਂ ਲਈ ਸਭ ਕੁਝ ਸ਼ੁੱਧ ਹੈ, ਪਰ ਜਿਹੜੇ ਲੋਕ ਪਾਪ ਨਾਲ ਭਰਪੂਰ ਹਨ ਅਤੇ ਨਿਹਚਾ ਨਹੀਂ ਰੱਖਦੇ, ਉਨ੍ਹਾਂ ਲਈ ਕੁਝ ਵੀ ਸ਼ੁੱਧ ਨਹੀਂ ਹੈ। ਅਸਲ ਵਿੱਚ, ਉਨ੍ਹਾਂ ਦੀ ਸੋਚ ਦੁਸ਼ਟ ਹੋ ਗਈ ਹੈ ਅਤੇ ਉਨ੍ਹਾਂ ਦੀ ਸਹੀ ਨੂੰ ਜਾਨਣ ਦੀ ਯੋਗਤਾ ਨਸ਼ਟ ਹੋ ਚੁੱਕੀ ਹੈ। 16 ਉਹ ਲੋਕ ਆਖਦੇ ਹਨ ਕਿ ਉਹ ਪਰਮੇਸ਼ੁਰ ਨੂੰ ਜਾਣਦੇ ਹਨ। ਪਰ ਜਿਹੜੇ ਮੰਦੇ ਕੰਮ ਕਰਦੇ ਹਨ ਉਨ੍ਹਾਂ ਤੋਂ ਪਤਾ ਚੱਲਦਾ ਹੈ ਜੋ ਕਿ ਉਹ ਪਰਮੇਸ਼ੁਰ ਨੂੰ ਦਿਲੋਂ ਪ੍ਰਵਾਨ ਨਹੀਂ ਕਰਦੇ। ਉਹ ਬੜੇ ਭਿਆਨਕ ਲੋਕ ਹਨ ਉਹ ਆਗਿਆ ਪਾਲਣ ਤੋਂ ਇਨਕਾਰੀ ਹਨ ਅਤੇ ਉਹ ਕਿਸੇ ਤਰ੍ਹਾਂ ਦਾ ਵੀ ਚੰਗਾ ਕੰਮ ਕਰਨ ਦੇ ਕਾਬਿਲ ਨਹੀਂ ਹਨ।
2010 by World Bible Translation Center