Chronological
ਅਦੋਮ ਦੇ ਵਿਰੁੱਧ ਸੰਦੇਸ਼
35 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, 2 “ਆਦਮੀ ਦੇ ਪੁੱਤਰ, ਸ਼ਈਰ ਪਰਬਤ ਵੱਲ ਵੇਖ, ਅਤੇ ਮੇਰੇ ਲਈ ਇਸਦੇ ਵਿਰੁੱਧ ਬੋਲ। 3 ਇਸ ਨੂੰ ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:
“‘ਸ਼ਈਰ ਪਰਬਤ, ਮੈਂ ਹਾਂ ਤੇਰੇ ਵਿਰੁੱਧ!
ਸਜ਼ਾ ਦੇਵਾਂਗਾ ਤੈਨੂੰ ਮੈਂ।
ਬਣਾ ਦਿਆਂਗਾ ਮੈਂ ਤੈਨੂੰ ਵੀਰਾਨ ਬੰਜਰ ਧਰਤੀ।
4 ਤਬਾਹ ਕਰ ਦਿਆਂਗਾ ਮੈਂ ਤੇਰੇ ਸ਼ਹਿਰਾਂ ਨੂੰ।
ਅਤੇ ਹੋ ਜਾਵੇਗਾ ਵੀਰਾਨ ਤੂੰ।
ਫ਼ੇਰ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।
5 “‘ਕਿਉਂ ਕਿ ਤੂੰ ਹਮੇਸ਼ਾ ਰਿਹਾ ਹੈਂ ਖਿਲਾਫ਼ ਮੇਰੇ ਲੋਕਾਂ ਦੇ। ਇਸਤੇਮਾਲ ਕੀਤੀ ਤੂੰ ਆਪਣੀ ਤਲਵਾਰ ਇਸਰਾਏਲ ਦੇ ਵਿਰੁੱਧ ਉਨ੍ਹਾਂ ਦੇ ਮੁਸੀਬਤ ਵੇਲੇ। ਉਨ੍ਹਾਂ ਦੀ ਆਖਰੀ ਸਜ਼ਾ ਵੇਲੇ।’” 6 ਇਸ ਲਈ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, “ਆਪਣੇ ਜੀਵਨ ਨੂੰ ਸਾਖੀ ਰੱਖ ਕੇ ਮੈਂ ਇਕਰਾਰ ਕਰਦਾ ਹਾਂ ਕਿ ਮੈਂ ਤੈਨੂੰ ਮੌਤ ਦੇ ਹਵਾਲੇ ਕਰ ਦਿਆਂਗਾ। ਮੌਤ ਤੈਨੂੰ ਭਜਾਵੇਗੀ। ਤੂੰ ਲੋਕਾਂ ਨੂੰ ਮਾਰਨ ਤੋਂ ਨਫ਼ਰਤ ਨਹੀਂ ਕੀਤੀ। ਇਸ ਲਈ ਮੌਤ ਤੈਨੂੰ ਭਜਾਵੇਗੀ। 7 ਅਤੇ ਮੈਂ ਸ਼ਈਰ ਪਰਬਤ ਨੂੰ ਇੱਕ ਵੀਰਾਨ ਖੰਡਰ ਬਣਾ ਦਿਆਂਗਾ। ਮੈਂ ਉਸ ਸ਼ਹਿਰ ਵਿੱਚੋਂ ਆਉਣ ਵਾਲੇ ਹਰ ਬੰਦੇ ਨੂੰ ਮਾਰ ਦਿਆਂਗਾ। ਅਤੇ ਮੈਂ ਹਰ ਓਸ ਬੰਦੇ ਨੂੰ ਮਾਰ ਦਿਆਂਗਾ ਜਿਹੜਾ ਉਸ ਸ਼ਹਿਰ ਵਿੱਚ ਜਾਣ ਦੀ ਕੋਸ਼ਿਸ਼ ਕਰੇਗਾ। 8 ਮੈਂ ਇਸਦੇ ਪਰਬਤਾਂ ਨੂੰ ਲਾਸ਼ਾਂ ਨਾਲ ਢੱਕੱ ਦਿਆਂਗਾ। ਉਹ ਲਾਸ਼ਾਂ ਤੇਰੀਆਂ ਸਾਰੀਆਂ ਪਹਾੜੀਆਂ, ਵਾਦੀਆਂ ਤੇ ਤੇਰੀਆਂ ਸਾਰੀਆਂ ਘਾਟੀਆਂ ਵਿੱਚ ਹੋਣਗੀਆਂ। 9 ਮੈਂ ਤੈਨੂੰ ਹਮੇਸ਼ਾ ਲਈ ਵੀਰਾਨ ਕਰ ਦਿਆਂਗਾ। ਕੋਈ ਵੀ ਤੇਰੇ ਸ਼ਹਿਰਾਂ ਵਿੱਚ ਨਹੀਂ ਰਹੇਗਾ। ਫ਼ੇਰ ਤੈਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।”
10 ਤੂੰ ਆਖਿਆ ਸੀ, “ਇਹ ਦੋ ਕੌਮਾਂ ਅਤੇ ਦੇਸ਼ ਮੇਰੇ ਹੋਣਗੇ। ਅਸੀਂ ਉਨ੍ਹਾਂ ਨੂੰ ਆਪਣੀ ਖਾਤਰ ਲਵਾਂਗੇ।”
ਪਰ ਯਹੋਵਾਹ ਇੱਥੇ ਹੈ! 11 ਅਤੇ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, “ਤੁਸੀਂ ਮੇਰੇ ਲੋਕਾਂ ਨਾਲ ਈਰਖਾ ਕੀਤੀ। ਤੁਸੀਂ ਉਨ੍ਹਾਂ ਉੱਤੇ ਗੁੱਸਾ ਕੀਤਾ ਅਤੇ ਕਿਉਂ ਕਿ ਤੁਸੀਂ ਉਨ੍ਹਾਂ ਨਾਲ ਨਫ਼ਰਤ ਕੀਤੀ। ਇਸ ਲਈ ਮੈਂ ਆਪਣੇ ਜੀਵਨ ਨੂੰ ਸਾਖੀ ਰੱਖਕੇ ਇਕਰਾਰ ਕਰਦਾ ਹਾਂ ਕਿ ਮੈਂ ਤੁਹਾਨੂੰ ਓਸੇ ਤਰ੍ਹਾਂ ਸਜ਼ਾ ਦੇਵਾਂਗਾ ਜਿਵੇਂ ਤੁਸੀਂ ਉਨ੍ਹਾਂ ਨੂੰ ਨੁਕਸਾਨ ਪੁਚਾਇਆ ਸੀ! ਮੈਂ ਤੁਹਾਨੂੰ ਸਜ਼ਾ ਦੇਵਾਂਗਾ ਅਤੇ ਆਪਣੇ ਲੋਕਾਂ ਨੂੰ ਇਹ ਜਾਣ ਲੈਣ ਦਿਆਂਗਾ ਕਿ ਮੈਂ ਉਨ੍ਹਾਂ ਦੇ ਨਾਲ ਹਾਂ। 12 ਅਤੇ ਫ਼ੇਰ ਤੁਹਾਨੂੰ ਵੀ ਪਤਾ ਲੱਗ ਜਾਵੇਗਾ ਕਿ ਮੈਂ ਤੁਹਾਡੀਆਂ ਸਾਰੀਆਂ ਬੇਇੱਜ਼ਤੀਆਂ ਬਾਰੇ ਸੁਣ ਲਿਆ ਹੈ।
“ਤੁਸੀਂ ਇਸਰਾਏਲ ਦੇ ਪਰਬਤ ਦੇ ਵਿਰੁੱਧ ਬਹੁਤ ਮੰਦਾ ਬੋਲਿਆ ਹੈ। ਤੁਸੀਂ ਆਖਿਆ ਸੀ, ‘ਇਸਰਾਏਲ ਤਬਾਹ ਹੋ ਗਿਆ ਹੈ! ਅਸੀਂ ਉਨ੍ਹਾਂ ਨੂੰ ਭੋਜਨ ਵਾਂਗ ਚਬਾ ਜਾਵਾਂਗੇ!’ 13 ਅਤੇ ਤੁਸੀਂ ਗੁਮਾਨੀ ਸੀ ਅਤੇ ਮੇਰੇ ਖਿਲਾਫ਼ ਗੱਲਾਂ ਕੀਤੀਆਂ ਸਨ। ਤੁਸੀਂ ਬਹੁਤ ਜ਼ਿਆਦਾ ਵਾਰੀ ਬੋਲੇ ਸੀ ਅਤੇ ਮੈਂ ਤੁਹਾਡਾ ਆਖਿਆ ਹਰ ਸ਼ਬਦ ਸੁਣ ਲਿਆ ਹੈ! ਹਾਂ, ਮੈਂ ਤੁਹਾਨੂੰ ਸੁਣ ਲਿਆ ਸੀ।”
14 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਸਾਰੀ ਧਰਤੀ ਉਦੋਂ ਪ੍ਰਸੰਨ ਹੋਵੇਗੀ ਜਦੋਂ ਮੈਂ ਤੁਹਾਨੂੰ ਤਬਾਹ ਕਰਾਂਗਾ। 15 ਤੁਸੀਂ ਖੁਸ਼ ਹੋਏ ਸੀ ਜਦੋਂ ਇਸਰਾਏਲ ਦਾ ਦੇਸ਼ ਤਬਾਹ ਹੋਇਆ ਸੀ। ਮੈਂ ਤੁਹਾਡੇ ਨਾਲ ਵੀ ਓਸੇ ਤਰ੍ਹਾਂ ਦਾ ਸਲੂਕ ਕਰਾਂਗਾ। ਸ਼ਈਰ ਪਰਬਤ ਅਤੇ ਅਦੋਮ ਦਾ ਪੂਰਾ ਦੇਸ ਤਬਾਹ ਹੋ ਜਾਵੇਗਾ। ਫ਼ੇਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।”
ਇਸਰਾਏਲ ਦੀ ਧਰਤੀ ਫ਼ੇਰ ਉਸਾਰੀ ਜਾਵੇਗੀ
36 “ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਬਤਾਂ ਨਾਲ ਮੇਰੇ ਲਈ ਗੱਲ ਕਰ। ਇਸਰਾਏਲ ਦੇ ਪਰਬਤਾਂ ਨੂੰ ਯਹੋਵਾਹ ਦਾ ਸ਼ਬਦ ਸੁਣਨ ਲਈ ਆਖ! 2 ਉਨ੍ਹਾਂ ਨੂੰ ਦੱਸ ਕਿ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, ‘ਦੁਸ਼ਮਣ ਨੇ ਤੁਹਾਡੇ ਵਿਰੁੱਧ ਮੰਦੀਆਂ ਗੱਲਾਂ ਆਖੀਆਂ। ਉਨ੍ਹਾਂ ਨੇ ਆਖਿਆ! ਆਹਾ! ਹੁਣ ਪ੍ਰਾਚੀਨ ਪਰਬਤ ਸਾਡੇ ਹੋ ਜਾਣਗੇ।’
3 “ਇਸ ਲਈ ਇਸਰਾਏਲ ਦੇ ਪਰਬਤਾਂ ਨਾਲ ਮੇਰੇ ਲਈ ਗੱਲ ਕਰ। ਉਨ੍ਹਾਂ ਨੂੰ ਦੱਸ ਕਿ ਪ੍ਰਭੂ ਅਤੇ ਯਹੋਵਾਹ ਇਹ ਗੱਲਾਂ ਆਖਦਾ ਹੈ। ‘ਦੁਸ਼ਮਣ ਨੇ ਤੁਹਾਡੇ ਸ਼ਹਿਰਾਂ ਨੂੰ ਤਬਾਹ ਕੀਤਾ ਅਤੇ ਤੁਹਾਡੇ ਉੱਤੇ ਹਰ ਪਾਸਿਓ ਹਮਲਾ ਕੀਤਾ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਤੁਸੀਂ ਹੋਰਨਾਂ ਕੌਮਾਂ ਦੇ ਹੋ ਜਾਓ। ਫ਼ੇਰ ਲੋਕਾਂ ਨੇ ਕਾਨਾਫੂਸੀ ਕੀਤੀ ਅਤੇ ਤੁਹਾਡੇ ਬਾਰੇ ਮੰਦੀਆਂ ਗੱਲਾਂ ਆਖੀਆਂ।’”
4 ਇਸ ਲਈ, ਇਸਰਾਏਲ ਦੇ ਪਰਬਤੋਂ, ਮੇਰੇ ਪ੍ਰਭੂ ਯਹੋਵਾਹ ਦੇ ਸ਼ਬਦ ਨੂੰ ਸੁਣੋ! ਮੇਰਾ ਪ੍ਰਭੂ ਯਹੋਵਾਹ ਪਰਬਤਾਂ, ਪਹਾੜੀਆਂ,ਨਹਿਰਾਂ, ਵਾਦੀਆਂ, ਵੀਰਾਨ ਉਜਾੜਾਂ ਅਤੇ ਉਨ੍ਹਾਂ ਛੱਡੇ ਹੋਏ ਸ਼ਹਿਰਾਂ ਬਾਰੇ ਇਹ ਆਖਦਾ ਹੈ, ਜਿਨ੍ਹਾਂ ਨੂੰ ਆਲੇ-ਦੁਆਲੇ ਦੀਆਂ ਹੋਰਨਾਂ ਕੌਮਾਂ ਵੱਲੋਂ ਲੁੱਟਿਆ ਗਿਆ ਹੈ ਅਤੇ ਉਨ੍ਹਾਂ ਉੱਪਰ ਹੱਸਿਆ ਗਿਆ ਹੈ। 5 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, “ਮੈਂ ਸੌਂਹ ਖਾਂਦਾ ਹਾਂ, ਮੈਂ ਆਪਣੀਆਂ ਬਲਵਾਨ ਭਾਵਨਾਵਾਂ ਨੂੰ ਪ੍ਰਗਟ ਹੋਣ ਦਿਆਂਗਾ! ਮੈਂ ਅਦੋਮ ਅਤੇ ਹੋਰਨਾਂ ਕੌਮਾਂ ਨੂੰ ਆਪਣਾ ਕਹਿਰ ਮਹਿਸੂਸ ਕਰਾਵਾਂਗਾ। ਉਨ੍ਹਾਂ ਕੌਮਾਂ ਨੇ ਮੇਰੀ ਧਰਤੀ ਆਪਣੀ ਬਣਾ ਲਈ। ਉਨ੍ਹਾਂ ਕੋਲ ਉਦੋਂ ਸੱਚਮੁੱਚ ਚੰਗਾ ਸਮਾਂ ਸੀ ਜਦੋਂ ਉਨ੍ਹਾਂ ਨੇ ਇਹ ਦਰਸਾਇਆ ਸੀ ਕਿ ਉਹ ਇਸ ਧਰਤੀ ਨੂੰ ਕਿੰਨੀ ਨਫ਼ਰਤ ਕਰਦੇ ਸਨ। ਉਨ੍ਹਾਂ ਨੇ ਧਰਤੀ ਆਪਣੀ ਖਾਤਰ ਲੈ ਲਈ ਤਾਂ ਜੋ ਇਸ ਨੂੰ ਤਬਾਹ ਕਰ ਸੱਕਣ!”
6 “ਇਸ ਲਈ, ਇਸਰਾਏਲ ਦੀ ਧਰਤੀ ਬਾਰੇ ਇਹ ਗੱਲਾਂ ਆਖ। ਪਰਬਤਾਂ, ਪਹਾੜੀਆਂ, ਨਹਿਰਾਂ ਅਤੇ ਵਾਦੀਆਂ ਨਾਲ ਗੱਲ ਕਰ। ਉਨ੍ਹਾਂ ਨੂੰ ਦੱਸ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, ‘ਮੈਂ ਆਪਣੀਆਂ ਬਲਵਾਨ ਭਾਵਨਾਵਾਂ ਅਤੇ ਕਹਿਰ ਨੂੰ ਜ਼ੁਬਾਨ ਦਿਆਂਗਾ। ਕਿਉਂ? ਕਿਉਂ ਕਿ ਤੁਹਾਨੂੰ ਹੋਰਨਾਂ ਕੌਮਾਂ ਵੱਲੋਂ ਬੇਇੱਜ਼ਤੀ ਝੱਲਣੀ ਪਈ।’”
7 ਇਸ ਲਈ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਮੈਂ ਹੀ ਹਾਂ ਜਿਹੜਾ ਇਹ ਇਕਰਾਰ ਕਰ ਰਿਹਾ ਹੈ! ਮੈਂ ਸੌਂਹ ਖਾਂਦਾ ਹਾਂ ਕਿ ਤੇਰੇ ਆਲੇ-ਦੁਆਲੇ ਦੀਆਂ ਕੌਮਾਂ ਨੂੰ ਉਨ੍ਹਾਂ ਬੇਇੱਜ਼ਤੀਆਂ ਲਈ ਦੁੱਖ ਭੋਗਣਾ ਪਵੇਗਾ।
8 “ਪਰ ਇਸਰਾਏਲ ਦੇ ਪਰਬਤੋਂ, ਤੁਸੀਂ ਇਸਰਾਏਲ ਦੇ ਮੇਰੇ ਲੋਕਾਂ ਲਈ ਨਵੇਂ ਰੁੱਖ ਉਗਾਵੋਂਗੇ ਅਤੇ ਫ਼ਲ ਪੈਦਾ ਕਰੋਗੇ। ਮੇਰੇ ਲੋਕ ਛੇਤੀ ਹੀ ਵਾਪਸ ਆਉਣਗੇ। 9 ਮੈਂ ਤੁਹਾਡੇ ਨਾਲ ਹਾਂ। ਮੈਂ ਤੁਹਾਡੀ ਸਹਾਇਤਾ ਕਰਾਂਗਾ ਲੋਕ ਤੇਰੀ ਜ਼ਮੀਨ ਵਾਹੁਣਗੇ। ਲੋਕ ਤੇਰੇ ਅੰਦਰ ਬੀਜ ਪਾਉਣਗੇ। 10 ਤੇਰੇ ਉੱਤੇ ਰਹਿਣ ਵਾਲੇ ਬਹੁਤ-ਬਹੁਤ ਸਾਰੇ ਲੋਕ ਹੋਣਗੇ। ਇਸਰਾਏਲ ਦਾ ਪੂਰਾ ਪਰਿਵਾਰ-ਉਹ ਸਾਰੇ ਦਾ ਸਾਰਾ ਇੱਥੇ ਰਹੇਗਾ। ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਹੋਣਗੇ। ਬਰਬਾਦ ਹੋਈਆਂ ਥਾਵਾਂ ਨਵੀਆਂ ਵਾਂਗ ਫ਼ੇਰ ਉਸਾਰੀਆਂ ਜਾਣਗੀਆਂ। 11 ਮੈਂ ਤੈਨੂੰ ਬਹੁਤ ਸਾਰੇ ਬੰਦੇ ਅਤੇ ਜਾਨਵਰ ਦੇਵਾਂਗਾ। ਅਤੇ ਉਹ ਵੱਧਣ ਫੁੱਲਣਗੇ ਅਤੇ ਉਨ੍ਹਾਂ ਦੇ ਬਹੁਤ ਔਲਾਦ ਹੋਵੇਗੀ। ਮੈਂ ਅਤੀਤ ਵਾਂਗ ਤੇਰੇ ਉੱਤੇ ਰਹਿਣ ਲਈ ਲੋਕਾਂ ਨੂੰ ਲਿਆਵਾਂਗਾ। ਮੈਂ ਤੇਰੇ ਲਈ ਇਸ ਨੂੰ ਪਹਿਲਾਂ ਨਾਲੋਂ ਬਿਹਤਰ ਬਣਾ ਦਿਆਂਗਾ। ਫ਼ੇਰ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ। 12 ਹਾਂ, ਮੈਂ ਬਹੁਤ ਸਾਰੇ ਲੋਕਾਂ, ਇਸਰਾਏਲ ਦੇ ਲੋਕਾਂ ਦੀ ਅਗਵਾਈ ਤੇਰੀ ਧਰਤੀ ਵੱਲ ਕਰਾਂਗਾ। ਤੂੰ ਉਨ੍ਹਾਂ ਦੀ ਜਾਇਦਾਦ ਹੋਵੇਂਗਾ। ਅਤੇ ਤੂੰ ਫ਼ੇਰ ਕਦੇ ਵੀ ਉਨ੍ਹਾਂ ਕੋਲੋਂ ਬੱਚੇ ਨਹੀਂ ਖੋਹੇਁਗਾ।”
13 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਇਸਰਾਏਲ ਦੀ ਧਰਤੀ, ਲੋਕੀ ਤੈਨੂੰ ਮੰਦੀਆਂ ਗੱਲਾਂ ਆਖਦੇ ਹਨ। ਉਹ ਆਖਦੇ ਨੇ ਕਿ ਤੂੰ ਆਪਣੇ ਲੋਕਾਂ ਨੂੰ ਤਬਾਹ ਕਰ ਦਿੱਤਾ। ਉਹ ਆਖਦੇ ਨੇ ਕਿ ਤੂੰ ਆਪਣੇ ਲੋਕਾਂ ਕੋਲੋਂ ਬੱਚੇ ਖੋਹ ਲੇ। 14 ਪਰ ਤੂੰ ਲੋਕਾਂ ਨੂੰ ਹੁਣ ਫ਼ੇਰ ਨਹੀਂ ਤਬਾਹ ਕਰੇਂਗਾ। ਤੂੰ ਉਨ੍ਹਾਂ ਦੇ ਬੱਚਿਆਂ ਨੂੰ ਫੇਰ ਨਹੀਂ ਖੋਹੇਁਗਾ।” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।
15 “ਮੈਂ ਉਨ੍ਹਾਂ ਹੋਰਨਾਂ ਕੌਮਾਂ ਨੂੰ ਹੋਰ ਵੱਧੇਰੇ ਤੈਨੂੰ ਬੇਇੱਜ਼ਤ ਨਹੀਂ ਕਰਨ ਦਿਆਂਗਾ। ਤੂੰ ਉਨ੍ਹਾਂ ਲੋਕਾਂ ਦੁਆਰਾ ਹੋਰ ਵੱਧੇਰੇ ਨਹੀਂ ਸਤਾਇਆ ਜਾਵੇਂਗਾ। ਤੁਸੀਂ ਫ਼ੇਰ ਤੋਂ ਆਪਣੇ ਲੋਕਾਂ ਪਾਸੋਂ ਬੱਚੇ ਨਹੀਂ ਲਵੋਂਗੇ।” ਯਹੋਵਾਹ ਮੇਰੇ ਪ੍ਰਭੂ ਨੇ ਉਹ ਗੱਲਾਂ ਆਖੀਆਂ।
ਯਹੋਵਾਹ ਆਪਣੀ ਨੇਕਨਾਮੀ ਦੀ ਰੱਖਿਆ ਕਰੇਗਾ
16 ਫ਼ੇਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, 17 “ਆਦਮੀ ਦੇ ਪੁੱਤਰ ਇਸਰਾਏਲ ਦਾ ਪਰਿਵਾਰ ਆਪਣੇ ਦੇਸ਼ ਵਿੱਚ ਰਹਿੰਦਾ ਸੀ। ਪਰ ਉਨ੍ਹਾਂ ਨੇ ਆਪਣੇ ਮੰਦੇ ਅਮਲਾਂ ਨਾਲ ਉਸ ਧਰਤੀ ਨੂੰ ਨਾਪਾਕ ਕਰ ਦਿੱਤਾ। ਮੇਰੇ ਲਈ ਉਹ ਉਸ ਔਰਤ ਵਰਗੇ ਸਨ ਜਿਹੜੀ ਆਪਣੀ ਮਾਹਵਾਰੀ ਆਉਣ ਤੇ ਪਲੀਤ ਹੋ ਜਾਂਦੀ ਹੈ। 18 ਉਨ੍ਹਾਂ ਨੇ ਧਰਤੀ ਉੱਤੇ ਖੂਨ ਡੋਲ੍ਹਿਆ ਜਦੋਂ ਉਨ੍ਹਾਂ ਨੇ ਉਸ ਧਰਤੀ ਉੱਤੇ ਲੋਕਾਂ ਨੂੰ ਕਤਲ ਕੀਤਾ। ਉਨ੍ਹਾਂ ਨੇ ਆਪਣੇ ਬੁੱਤਾਂ ਰਾਹੀਂ ਧਰਤੀ ਨੂੰ ਨਾਪਾਕ ਕੀਤਾ। ਇਸ ਲਈ ਮੈਂ ਉਨ੍ਹਾਂ ਨੂੰ ਦਰਸਾਇਆ ਕਿ ਮੈਂ ਕਿੰਨਾ ਕਹਿਰਵਾਨ ਸਾਂ। 19 ਮੈਂ ਉਨ੍ਹਾਂ ਨੂੰ ਕੌਮਾਂ ਦਰਮਿਆਨ ਖਿੰਡਾ ਦਿੱਤਾ ਅਤੇ ਸਾਰੀਆਂ ਧਰਤੀਆਂ ਉੱਤੇ ਫ਼ੈਲਾ ਦਿੱਤਾ। ਮੈਂ ਉਨ੍ਹਾਂ ਨੂੰ ਉਹ ਸਜ਼ਾ ਦਿੱਤੀ ਜਿਹੜੀ ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਕਰਕੇ ਮਿਲਣੀ ਚਾਹੀਦੀ ਸੀ। 20 ਪਰ ਉਨ੍ਹਾਂ ਨੇ ਉਨ੍ਹਾਂ ਹੋਰਨਾਂ ਕੌਮਾਂ ਅੰਦਰ ਵੀ ਮੇਰੀ ਨੇਕਨਾਮੀ ਨੂੰ ਬਰਬਾਦ ਕਰ ਦਿੱਤਾ। ਕਿਵੇਂ? ਉਨ੍ਹਾਂ ਕੌਮਾਂ ਨੇ ਆਖਿਆ, ‘ਇਹ ਯਹੋਵਾਹ ਦੇ ਲੋਕ ਹਨ, ਪਰ ਇਨ੍ਹਾਂ ਨੇ ਉਸਦੀ ਧਰਤੀ ਛੱਡ ਦਿੱਤੀ। ਇਸ ਲਈ ਅਵੱਸ਼ ਹੀ ਯਹੋਵਾਹ ਵਿੱਚ ਕੁਝ ਦੋਸ਼ ਹੋਵੇਗਾ!’
21 “ਇਸਰਾਏਲ ਦੇ ਲੋਕਾਂ ਨੇ, ਜਿਹੜੀਆਂ ਥਾਵਾਂ ਉੱਤੇ ਵੀ ਉਹ ਗਏ, ਮੇਰਾ ਪਵਿੱਤਰ ਨਾਮ ਬਦਨਾਮ ਕਰ ਦਿੱਤਾ। ਅਤੇ ਮੈਨੂੰ ਆਪਣੇ ਨਾਮ ਉੱਤੇ ਅਫ਼ਸੋਸ ਹੋਇਆ। 22 ਇਸ ਲਈ ਇਸਰਾਏਲ ਦੇ ਪਰਿਵਾਰ ਨੂੰ ਦੱਸ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, ‘ਇਸਰਾਏਲ ਦੇ ਪਰਿਵਾਰ, ਤੂੰ ਜਿੱਥੇ ਵੀ ਗਿਆ, ਮੇਰਾ ਪਵਿੱਤਰ ਨਾਮ ਬਦਨਾਮ ਕਰ ਦਿੱਤਾ। ਮੈਂ ਇਸ ਨੂੰ ਰੋਕਣ ਲਈ ਕੁਝ ਕਰਨ ਜਾ ਰਿਹਾ ਹਾਂ। ਇਸਰਾਏਲ, ਮੈਂ ਤੇਰੀ ਖਾਤਰ ਅਜਿਹਾ ਨਹੀਂ ਕਰਾਂਗਾ! ਮੈਂ ਅਜਿਹਾ ਆਪਣੇ ਪਵਿੱਤਰ ਨਾਮ ਖਾਤਰ ਕਰਾਂਗਾ। 23 ਮੈਂ ਉਨ੍ਹਾਂ ਕੌਮਾਂ ਨੂੰ ਦਰਸਾ ਦਿਆਂਗਾ ਕਿ ਮੇਰਾ ਮਹਾਨ ਨਾਮ ਸੱਚਮੁੱਚ ਪਵਿੱਤਰ ਹੈ। ਤੂੰ ਉਨ੍ਹਾਂ ਕੌਮਾਂ ਵਿੱਚ ਮੇਰੀ ਨੇਕਨਾਮੀ ਬਰਬਾਦ ਕਰ ਦਿੱਤੀ! ਪਰ ਮੈਂ ਤੈਨੂੰ ਦਰਸਾ ਦਿਆਂਗਾ ਕਿ ਮੈਂ ਪਵਿੱਤਰ ਹਾਂ। ਮੈਂ ਤੈਨੂੰ ਮੇਰੇ ਨਾਮ ਦਾ ਆਦਰ ਕਰਨ ਲਈ ਮਜ਼ਬੂਰ ਕਰਾਂਗਾ। ਅਤੇ ਫ਼ੇਰ ਉਨ੍ਹਾਂ ਕੌਮਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।’” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।
24 ਪਰਮੇਸ਼ੁਰ ਨੇ ਆਖਿਆ, “ਮੈਂ ਤੈਨੂੰ ਉਨ੍ਹਾਂ ਕੌਮਾਂ ਤੋਂ ਬਾਹਰ ਕੱਢ ਲਵਾਂਗਾ, ਤੁਹਾਨੂੰ ਇਕੱਠਿਆਂ ਕਰਾਂਗਾ, ਅਤੇ ਤੁਹਾਨੂੰ ਤੁਹਾਡੀ ਆਪਣੀ ਧਰਤੀ ਉੱਤੇ ਵਾਪਸ ਲਿਆਵਾਂਗਾ। 25 ਫ਼ੇਰ ਮੈਂ ਤੁਹਾਡੇ ਉੱਤੇ ਸ਼ੁੱਧ ਪਾਣੀ ਛਿੜਕਾਂਗਾ ਅਤੇ ਤੁਹਾਨੂੰ ਸ਼ੁੱਧ ਕਰਾਂਗਾ। ਮੈਂ ਤੁਹਾਡੀ ਸਾਰੀ ਮੈਲ ਧੋ ਦਿਆਂਗਾ। ਮੈਂ ਉਨ੍ਹਾਂ ਘਿਰਣਿਤ ਬੁੱਤਾਂ ਦੀ ਸਾਰੀ ਮੈਲ ਧੋ ਦਿਆਂਗਾ ਅਤੇ ਤੁਹਾਨੂੰ ਪਵਿੱਤਰ ਬਣਾ ਦਿਆਂਗਾ।”
26 ਪਰਮੇਸ਼ੁਰ ਨੇ ਆਖਿਆ, “ਮੈਂ ਤੁਹਾਡੇ ਅੰਦਰ ਨਵਾਂ ਆਤਮਾ ਪਾਵਾਂਗਾ ਅਤੇ ਤੁਹਾਡੇ ਸੋਚਣ ਦੇ ਢੰਗ ਨੂੰ ਬਦਲ ਦਿਆਂਗਾ। ਮੈਂ ਤੁਹਾਡੇ ਸ਼ਰੀਰ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਤੁਹਾਨੂੰ ਇੱਕ ਕੋਮਲ ਮਨੁੱਖੀ ਦਿਲ ਦੇਵਾਂਗਾ। 27 ਅਤੇ ਮੈਂ ਆਪਣਾ ਆਤਮਾ ਤੁਹਾਡੇ ਅੰਦਰ ਰੱਖ ਦਿਆਂਗਾ। ਮੈਂ ਤੁਹਾਨੂੰ ਇਸ ਤਰ੍ਹਾਂ ਬਦਲ ਦਿਆਂਗਾ ਕਿ ਤੁਸੀਂ ਮੇਰੇ ਕਨੂੰਨਾ ਨੂੰ ਮੰਨੋਗੇ। ਤੁਸੀਂ ਮੇਰੇ ਆਦੇਸ਼ਾਂ ਨੂੰ ਧਿਆਨ ਨਾਲ ਪ੍ਰਵਾਨ ਕਰੋਂਗੇ। 28 ਫ਼ੇਰ ਤੁਸੀਂ ਉਸ ਧਰਤੀ ਉੱਤੇ ਰਹੋਁਗੇ ਜਿਹੜੀ ਮੈਂ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ। ਤੁਸੀਂ ਮੇਰੇ ਬੰਦੇ ਹੋਵੋਂਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।” 29 ਪਰਮੇਸ਼ੁਰ ਨੇ ਆਖਿਆ, “ਇਸਤੋਂ ਇਲਾਵਾ, ਮੈਂ ਤੁਹਾਨੂੰ ਬਚਾਵਾਂਗਾ ਵੀ ਅਤੇ ਨਾਪਾਕ ਹੋ ਜਾਣ ਤੋਂ ਦੂਰ ਰੱਖਾਂਗਾ। ਮੈਂ ਅਨਾਜ ਨੂੰ ਉੱਗਣ ਦਾ ਆਦੇਸ਼ ਦੇਵਾਂਗਾ ਮੈਂ ਤੁਹਾਡੇ ਵਿਰੁੱਧ ਭੁੱਖਮਾਰੀ ਦਾ ਸਮਾਂ ਨਹੀਂ ਲਿਆਵਾਂਗਾ। 30 ਮੈਂ ਤੁਹਾਨੂੰ ਤੁਹਾਡੇ ਰੁੱਖਾਂ ਤੇ ਫ਼ਲਾਂ ਦੀਆਂ ਵੱਡੀਆਂ ਫ਼ਸਲਾਂ ਅਤੇ ਤੁਹਾਡੇ ਖੇਤਾਂ ਵਿੱਚੋਂ ਵਾਢੀਆਂ ਦੇਵਾਂਗਾ ਤਾਂ ਜੋ ਫ਼ੇਰ ਕਦੇ ਵੀ ਤੁਸੀਂ ਬਿਗਾਨੇ ਦੇਸ ਵਿੱਚ ਭੁੱਖੇ ਹੋਣ ਦੀ ਸ਼ਰਮ ਮਹਿਸੂਸ ਨਾ ਕਰੋ। 31 ਤੁਸੀਂ ਆਪਣੇ ਮੰਦੇ ਕੰਮਾਂ ਨੂੰ ਯਾਦ ਕਰੋਂਗੇ। ਤੁਸੀਂ ਯਾਦ ਕਰੋਗੇ ਕਿ ਉਹ ਗੱਲਾਂ ਚੰਗੀਆਂ ਨਹੀਂ ਸਨ। ਫ਼ੇਰ ਤੁਸੀਂ ਆਪਣੇ ਪਾਪਾਂ ਅਤੇ ਆਪਣੇ ਭਿਆਨਕ ਕਾਰਿਆਂ ਕਾਰਣ ਆਪਣੇ ਆਪਨੂੰ ਨਫ਼ਰਤ ਕਰੋਂਗੇ।”
32 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, “ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲਾਂ ਚੇਤੇ ਰੱਖੋ: ਮੈਂ ਇਹ ਗੱਲਾਂ ਤੁਹਾਡੇ ਭਲੇ ਵਾਸਤੇ ਨਹੀਂ ਕਰ ਰਿਹਾ! ਮੈਂ ਇਹ ਆਪਣੀ ਨੇਕ ਨਾਮੀ ਲਈ ਕਰ ਰਿਹਾ ਹਾਂ! ਇਸਰਾਏਲ ਦੇ ਪਰਿਵਾਰ, ਤੈਨੂੰ ਆਪਣੇ ਜੀਵਨ ਢੰਗ ਬਾਰੇ ਸ਼ਰਮਸਾਰ ਅਤੇ ਨਮੋਸ਼ੀ ਭਰਿਆ ਹੋਣਾ ਚਾਹੀਦਾ ਹੈ!”
33 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਉਸ ਦਿਨ, ਜਦੋਂ ਮੈਂ ਤੁਹਾਡੇ ਪਾਪ ਧੋਵਾਂਗਾ। ਮੈਂ ਲੋਕਾਂ ਨੂੰ ਤੁਹਾਡੇ ਸ਼ਹਿਰ ਵਿੱਚ ਵਾਪਸ ਲੈ ਆਵਾਂਗਾ। ਉਹ ਵੀਰਾਨ ਹੋਏ ਸ਼ਹਿਰ ਫ਼ੇਰ ਆਬਾਦ ਹੋ ਜਾਣਗੇ। 34 ਲੋਕ ਫ਼ੇਰ ਜ਼ਮੀਨ ਉੱਤੇ ਕੰਮ ਕਰਨਾ ਸ਼ੁਰੂ ਕਰ ਦੇਣਗੇ ਤਾਂ ਜੋ ਜਦੋਂ ਹੋਰ ਲੋਕ ਕੋਲੋਂ ਲੰਘਣ ਤਾਂ ਉਨ੍ਹਾਂ ਨੂੰ ਬਰਬਾਦੀ ਫ਼ੇਰ ਨਜ਼ਰ ਨਾ ਆਵੇ। 35 ਉਹ ਆਖਣਗੇ, ‘ਅਤੀਤ ਵਿੱਚ ਇਹ ਧਰਤੀ ਵੀਰਾਨ ਹੋ ਗਈ ਸੀ। ਪਰ ਹੁਣ ਇਹ ਬਾਗ਼ੇ ਅਦਨ ਵਾਂਗ ਹੈ। ਸ਼ਹਿਰ ਤਬਾਹ ਹੋ ਗਏ ਸਨ। ਉਹ ਵੀਰਾਨ ਅਤੇ ਉਜਾੜ ਹੋ ਗਏ ਸਨ। ਪਰ ਹੁਣ ਉਹ ਸੁਰੱਖਿਅਤ ਹਨ ਅਤੇ ਉਨ੍ਹਾਂ ਅੰਦਰ ਲੋਕ ਬਚਾਉ ਕਰਦੇ ਹਨ।’”
36 ਪਰਮੇਸ਼ੁਰ ਨੇ ਆਖਿਆ, “ਫ਼ੇਰ ਉਹ ਕੌਮਾਂ ਜਿਹੜੀਆਂ ਹਾਲੇ ਵੀ ਤੁਹਾਡੇ ਆਲੇ-ਦੁਆਲੇ ਹਨ, ਜਾਣ ਲੈਣਗੀਆਂ ਕਿ ਮੈਂ ਯਹੋਵਾਹ ਹਾਂ ਅਤੇ ਮੈਂ ਉਨ੍ਹਾਂ ਉਜੜੀਆਂ ਥਾਵਾਂ ਨੂੰ ਫ਼ੇਰ ਵਸਾ ਦਿੱਤਾ ਹੈ। ਮੈਂ ਇਸ ਉਜਾੜ ਜ਼ਮੀਨ ਵਿੱਚ ਚੀਜ਼ਾਂ ਬੀਜੀਆਂ। ਮੈਂ ਯਹੋਵਾਹ ਹਾਂ। ਮੈਂ ਇਹ ਗੱਲਾਂ ਆਖੀਆਂ ਅਤੇ ਮੈਂ ਇਨ੍ਹਾਂ ਨੂੰ ਵਾਪਰਨ ਦੇਵਾਂਗਾ!”
37 ਯਹੋਵਾਹ ਮੇਰਾ ਪ੍ਰਭੂ, ਇਹ ਗੱਲਾਂ ਆਖਦਾ ਹੈ, “ਮੈਂ ਇਸਰਾਏਲ ਦੇ ਪਰਿਵਾਰ ਨੂੰ ਵੀ ਆਪਣੇ ਕੋਲ ਆਉਣ ਦੇਵਾਂਗਾ ਅਤੇ ਉਨ੍ਹਾਂ ਖਾਤਰ ਇਹ ਗੱਲਾਂ ਕਰਨ ਲਈ ਮੈਥੋਂ ਮੰਗ ਕਰਨ ਦੇਵਾਂਗਾ। ਮੈਂ ਉਨ੍ਹਾਂ ਨੂੰ ਵੱਧਣ ਦੇਵਾਂਗਾ ਅਤੇ ਬਹੁਤ-ਬਹੁਤ ਸਾਰੇ ਲੋਕ ਬਨਣ ਦਿਆਂਗਾ। ਉਹ ਭੇਡਾਂ ਦੇ ਇੱਜੜ ਵਾਂਗ ਹੋਣਗੇ। 38 ਖਾਸ ਤਿਉਹਾਰਾਂ ਦੇ ਮੌਕੇ ਤੇ ਯਰੂਸ਼ਲਮ ਉਨ੍ਹਾਂ ਭੇਡਾਂ ਅਤੇ ਬੱਕਰੀਆਂ ਦੇ ਇੱਜੜ ਨਾਲ ਭਰਿਆ ਹੁੰਦਾ ਹੈ ਜਿਨ੍ਹਾਂ ਨੂੰ ਪਵਿੱਤਰ ਬਣਾਇਆ ਗਿਆ ਹੁੰਦਾ ਹੈ। ਇਸੇ ਤਰ੍ਹਾਂ ਹੀ, ਸ਼ਹਿਰ ਅਤੇ ਉਜਾੜ ਥਾਵਾਂ ਲੋਕਾਂ ਦੇ ਇੱਜੜਾਂ ਨਾਲ ਭਰ ਜਾਣਗੀਆਂ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।”
ਸੁੱਕੀਆਂ ਹੱਡੀਆਂ ਦਾ ਦਰਸ਼ਨ
37 ਯਹੋਵਾਹ ਦੀ ਸ਼ਕਤੀ ਮੇਰੇ ਉੱਪਰ ਆਈ। ਯਹੋਵਾਹ ਦਾ ਆਤਮਾ ਮੈਨੂੰ ਚੁੱਕ ਕੇ (ਸ਼ਹਿਰ ਤੋਂ ਬਾਹਰ) ਲੈ ਗਿਆ ਅਤੇ ਮੈਨੂੰ ਵਾਦੀ ਦੇ ਵਿੱਚਕਾਰ ਛੱਡ ਦਿੱਤਾ। ਵਾਦੀ ਮਰੇ ਹੋਏ ਬੰਦਿਆਂ ਦੀਆਂ ਹੱਡੀਆਂ ਨਾਲ ਭਰੀ ਹੋਈ ਸੀ। 2 ਵਾਦੀ ਵਿੱਚ ਧਰਤੀ ਉੱਤੇ ਬਹੁਤ-ਬਹੁਤ ਸਾਰੀਆਂ ਹੱਡੀਆਂ ਪਈਆਂ ਹੋਈਆਂ ਸਨ। ਯਹੋਵਾਹ ਨੇ ਮੈਨੂੰ ਉਨ੍ਹਾਂ ਹੱਡੀਆਂ ਦੇ ਆਲੇ-ਦੁਆਲੇ ਤੁਰਨ ਲਈ ਮਜ਼ਬੂਰ ਕੀਤਾ। ਮੈਂ ਦੇਖਿਆ ਕਿ ਹੱਡੀਆਂ ਬਹੁਤ ਖੁਸ਼ਕ ਸਨ।
3 ਫ਼ੇਰ ਮੇਰੇ ਪ੍ਰਭੂ ਯਹੋਵਾਹ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਕੀ ਇਹ ਹੱਡੀਆਂ ਮੁੜਕੇ ਜਿਉਂਦੀਆਂ ਹੋ ਸੱਕਦੀਆਂ ਹਨ?”
ਮੈਂ ਜਵਾਬ ਦਿੱਤਾ, “ਯਹੋਵਾਹ ਮੇਰੇ ਪ੍ਰਭੂ, ਸਿਰਫ਼ ਤੁਸੀਂ ਹੀ ਇਹ ਸਵਾਲ ਦਾ ਜਵਾਬ ਜਾਣਦੇ ਹੋ।”
4 ਮੇਰੇ ਪ੍ਰਭੂ ਯਹੋਵਾਹ ਨੇ ਮੈਨੂੰ ਆਖਿਆ, “ਮੇਰੇ ਲਈ ਉਨ੍ਹਾਂ ਹੱਡੀਆਂ ਨਾਲ ਗੱਲ ਕਰ। ਉਨ੍ਹਾਂ ਹੱਡੀਆਂ ਨੂੰ ਆਖ, ‘ਖੁਸ਼ਕ ਹੱਡੀਓ, ਯਹੋਵਾਹ ਦੇ ਸ਼ਬਦ ਨੂੰ ਸੁਣੋ! 5 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਇਨ੍ਹਾਂ ਹੱਡੀਆਂ ਨੂੰ ਆਖਦਾ ਹੈ; ਮੈਂ ਤੁਹਾਡੇ ਅੰਦਰ ਸਾਹ ਨੂੰ ਆਉਣ ਦੇਵਾਂਗਾ, ਅਤੇ ਤੁਸੀਂ ਜਿਉਂਦੀਆਂ ਹੋ ਜਾਵੋਁਗੀਆਂ! 6 ਮੈਂ ਤੁਹਾਡੇ ਉੱਤੇ ਮਾਸ ਪੇਸ਼ੀਆਂ ਅਤੇ ਡੌਲਿਆਂ ਨੂੰ ਪਾਵਾਂਗਾ। ਅਤੇ ਮੈਂ ਤੁਹਾਨੂੰ ਚਮੜੀ ਨਾਲ ਢੱਕੱ ਦਿਆਂਗਾ। ਫ਼ੇਰ ਮੈਂ ਤੁਹਾਡੇ ਅੰਦਰ ਸਾਹ ਭਰ ਦਿਆਂਗਾ ਅਤੇ ਤੁਸੀਂ ਫ਼ੇਰ ਜਿਉਂਦਿਆਂ ਹੋ ਜਾਵੋਁਗੀਆਂ! ਫ਼ੇਰ ਤੁਸੀਂ ਜਾਣ ਲਵੋਂਗੇ ਕਿ ਮੈਂ ਯਹੋਵਾਹ ਅਤੇ ਪ੍ਰਭੂ ਹਾਂ।’”
7 ਇਸ ਲਈ ਮੈਂ ਹੱਡੀਆਂ ਨਾਲ ਯਹੋਵਾਹ ਦੇ ਹੁਕਮ ਅਨੁਸਾਰ ਗੱਲ ਕੀਤੀ ਜਿਵੇਂ ਕਿ ਉਸ ਨੇ ਆਖਿਆ ਸੀ। ਮੈਂ ਹਾਲੇ ਗੱਲ ਹੀ ਕਰ ਰਿਹਾ ਸੀ ਕਿ ਮੈਂ ਉੱਚਾ ਸ਼ੋਰ ਸੁਣਿਆ। ਹੱਡੀਆਂ ਕੜਕਣ ਲੱਗੀਆਂ ਅਤੇ ਇੱਕ ਹੱਡੀ ਦੂਜੀ ਹੱਡੀ ਨਾਲ ਜੁੜਨ ਲਗੀ। 8 ਓੱਥੇ ਮੇਰੀਆਂ ਅੱਖਾਂ ਸਾਹਮਣੇ ਮੈਂ ਦੇਖਿਆ ਕਿ ਮਾਸਪੇਸ਼ੀਆਂ ਅਤੇ ਪੱਠੇ ਹੱਡੀਆਂ ਨੂੰ ਢੱਕਣ ਲੱਗੇ। ਅਤੇ ਚਮੜੀ ਉਨ੍ਹਾਂ ਨੂੰ ਢੱਕਣ ਲੱਗ ਪਈ। ਪਰ ਉਨ੍ਹਾਂ ਵਿੱਚ ਸਾਹ ਨਹੀਂ ਸਨ।
9 ਫ਼ੇਰ ਮੇਰੇ ਪ੍ਰਭੂ ਯਹੋਵਾਹ ਨੇ ਮੈਨੂੰ ਆਖਿਆ, “ਹਵਾ ਨਾਲ ਗੱਲ ਕਰ, ਮੇਰੇ ਲਈ। ਆਦਮੀ ਦੇ ਪੁੱਤਰ ਮੇਰੇ ਲਈ ਹਵਾ ਨਾਲ ਗੱਲ ਕਰ। ਹਵਾ ਨੂੰ ਆਖ ਕਿ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: ‘ਹਵਾਏ, ਹਰ ਦਿਸ਼ਾ ਵਿੱਚੋਂ ਆ ਅਤੇ ਇਨ੍ਹਾਂ ਮੁਰਦਾ ਸਰੀਰਾਂ ਵਿੱਚ ਸਾਹ ਫ਼ੂਕ ਦੇ! ਉਨ੍ਹਾਂ ਵਿੱਚ ਸਾਹ ਫ਼ੂਕ ਅਤੇ ਉਹ ਫ਼ੇਰ ਜਿਉਂਦੀਆਂ ਹੋ ਜਾਣਗੀਆਂ!’”
10 ਇਸ ਲਈ ਮੈਂ ਹਵਾ ਨਾਲ ਯਹੋਵਾਹ ਲਈ ਗੱਲ ਕੀਤੀ ਜਿਵੇਂ ਕਿ ਉਸ ਨੇ ਆਖਿਆ ਸੀ। ਅਤੇ ਸਾਹ ਮੁਰਦਾ ਸਰੀਰਾਂ ਵਿੱਚ ਆ ਗਿਆ। ਉਹ ਜਿਉਂ ਪਏ ਅਤੇ ਖੜ੍ਹੇ ਹੋ ਗਏ। ਓੱਥੇ ਬਹੁਤ, ਬਹੁਤ ਸਾਰੇ ਆਦਮੀ ਸਨ-ਉਹ ਇੱਕ ਬਹੁਤ ਵੱਡੀ ਫ਼ੌਜ ਸੀ।
11 ਫ਼ੇਰ ਮੇਰੇ ਪ੍ਰਭੂ ਯਹੋਵਾਹ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਇਹ ਹੱਡੀਆਂ ਇਸਰਾਏਲ ਦੇ ਸਾਰੇ ਪਰਿਵਾਰ ਵਾਂਗ ਹਨ। ਇਸਰਾਏਲ ਦੇ ਲੋਕ ਆਖਦੇ ਹਨ, ‘ਸਾਡੀਆਂ ਹੱਡੀਆਂ ਖੁਸ਼ਕ ਹੋ ਗਈਆਂ ਹਨ, ਸਾਡੀ ਉਮੀਦ ਚਲੀ ਗਈ ਹੈ। ਅਸੀਂ ਪੂਰੀ ਤਰ੍ਹਾਂ ਤਬਾਹ ਹੋ ਗਏ ਹਾਂ!’ 12 ਇਸ ਲਈ ਉਨ੍ਹਾਂ ਨਾਲ ਮੇਰੇ ਲਈ ਗੱਲ ਕਰੀਂ। ਉਨ੍ਹਾਂ ਨੂੰ ਦੱਸ ਕਿ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, ‘ਮੇਰੇ ਲੋਕੋ, ਮੈਂ ਤੁਹਾਡੀਆਂ ਕਬਰਾਂ ਨੂੰ ਖੋਲ੍ਹ ਲਵਾਂਗਾ! ਅਤੇ ਤੁਹਾਨੂੰ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢ ਲਵਾਂਗਾ। ਫ਼ੇਰ ਮੈਂ ਤੁਹਾਨੂੰ ਇਸਰਾਏਲ ਦੀ ਧਰਤੀ ਉੱਤੇ ਲਿਆਵਾਂਗਾ। 13 ਮੇਰੇ ਲੋਕੋ, ਮੈਂ ਤੁਹਾਡੀਆਂ ਕਬਰਾਂ ਖੋਲ੍ਹ ਦਿਆਂਗਾ ਅਤੇ ਤੁਹਾਨੂੰ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢ ਲਿਆਵਾਂਗਾ। ਅਤੇ ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। 14 ਮੈਂ ਆਪਣਾ ਆਤਮਾ ਤੁਹਾਡੇ ਅੰਦਰ ਪਾ ਦਿਆਂਗਾ ਅਤੇ ਤੁਸੀਂ ਫ਼ੇਰ ਜਿਉਂਦੇ ਹੋ ਜਾਵੋਂਗੇ। ਫੇਰ ਮੈਂ ਤੁਹਾਨੂੰ ਤੁਹਾਡੀ ਆਪਣੀ ਧਰਤੀ ਉੱਤੇ ਵਾਪਸ ਲੈ ਜਾਵਾਂਗਾ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਤੁਸੀਂ ਜਾਣ ਜਾਵੋਂਗੇ ਕਿ ਮੈਂ ਇਹ ਗੱਲਾਂ ਆਖੀਆਂ ਅਤੇ ਇਨ੍ਹਾਂ ਨੂੰ ਵਾਪਰਨ ਦਿੱਤਾ ਸੀ।’” ਯਹੋਵਾਹ ਨੇ ਇਹ ਗੱਲਾਂ ਆਖੀਆਂ ਸਨ।
ਯਹੂਦਾਹ ਅਤੇ ਇਸਰਾਏਲ ਫ਼ੇਰ ਇੱਕ ਹੋ ਜਾਂਦੇ ਹਨ
15 ਯਹੋਵਾਹ ਦਾ ਸ਼ਬਦ ਫ਼ੇਰ ਮੇਰੇ ਕੋਲ ਆਇਆ। ਉਸ ਨੇ ਆਖਿਆ, 16 “ਆਦਮੀ ਦੇ ਪੁੱਤਰ, ਇੱਕ ਸੋਟੀ ਲੈ ਲੈ ਅਤੇ ਇਸ ਉੱਤੇ ਇਹ ਸੰਦੇਸ਼ ਲਿਖ ਲੈ: ‘ਇਹ ਸੋਟੀ ਯਹੂਦਾਹ ਅਤੇ ਉਸ ਦੇ ਦੋਸਤਾਂ, ਇਸਰਾਏਲ ਦੇ ਲੋਕਾਂ ਦੀ ਹੈ।’ ਫ਼ੇਰ ਇੱਕ ਹੋਰ ਸੋਟੀ ਲੈ ਅਤੇ ਇਸ ਉੱਤੇ ਲਿਖ, ‘ਇਹ ਅਫ਼ਰਾਈਮ ਦੀ ਸੋਟੀ ਯੂਸੁਫ਼ ਅਤੇ ਉਸ ਦੇ ਦੋਸਤਾਂ, ਇਸਰਾਏਲ ਦੇ ਲੋਕਾਂ, ਦੀ ਹੈ’ 17 ਫ਼ੇਰ ਇਨ੍ਹਾਂ ਦੋਹਾਂ ਸੋਟੀਆਂ ਨੂੰ ਜੋੜ ਦੇਵੀਂ। ਤੇਰੇ ਹੱਥ ਵਿੱਚ, ਉਹ ਇੱਕ ਸੋਟੀਆਂ ਹੋਣਗੀਆਂ।
18 “ਤੇਰੇ ਲੋਕ ਤੈਨੂੰ ਇਹ ਸਮਝਾਉਣ ਲਈ ਆਖਣਗੇ ਕਿ ਇਸਦਾ ਕੀ ਅਰਬ ਹੈ। 19 ਉਨ੍ਹਾਂ ਨੂੰ ਆਖ ਕਿ ਪ੍ਰਭੂ ਅਤੇ ਯਹੋਵਾਹ ਇਹ ਗੱਲਾਂ ਆਖਦਾ ਹੈ, ‘ਮੈਂ ਯੂਸੁਫ਼ ਦੀ ਸੋਟੀ ਲਵਾਂਗਾ ਜਿਹੜੀ ਅਫ਼ਰਾਈਮ ਅਤੇ ਉਸ ਦੇ ਦੋਸਤਾਂ, ਇਸਰਾਏਲ ਦੇ ਲੋਕਾਂ ਦੇ ਹੱਥ ਵਿੱਚ ਹੈ। ਫ਼ੇਰ ਮੈਂ ਉਸ ਸੋਟੀ ਨੂੰ ਯਹੂਦਾਹ ਦੀ ਸੋਟੀ ਦੇ ਨਾਲ ਰੱਖ ਦਿਆਂਗਾ। ਅਤੇ ਉਨ੍ਹਾਂ ਨੂੰ ਇੱਕ ਸੋਟੀ ਬਣਾ ਦਿਆਂਗਾ। ਮੇਰੇ ਹੱਥ ਵਿੱਚ ਉਹ ਇੱਕ ਸੋਟੀ ਬਣ ਜਾਣਗੇ!’
20 “ਉਨ੍ਹਾਂ ਸੋਟੀਆਂ ਨੂੰ ਆਪਣੇ ਸਾਹਮਣੇ ਕਰਕੇ ਆਪਣੇ ਹੱਥਾਂ ਵਿੱਚ ਫ਼ੜ। ਤੂੰ ਉਨ੍ਹਾਂ ਸੋਟੀਆਂ ਉੱਤੇ ਉਹ ਨਾਮ ਲਿਖੇ ਸਨ। 21 ਲੋਕਾਂ ਨੂੰ ਦੱਸ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ: ‘ਮੈਂ ਕੌਮਾਂ ਵਿੱਚੋਂ ਇਸਰਾਏਲ ਦੇ ਲੋਕਾਂ ਨੂੰ ਲਵਾਂਗਾ ਜਿੱਥੇ ਉਹ ਚੱਲੇ ਗਏ ਹਨ। ਮੈਂ ਉਨ੍ਹਾਂ ਨੂੰ ਹਰ ਪਾਸਿਓ ਇਕੱਠਿਆਂ ਕਰਾਂਗਾ, ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਧਰਤੀ ਉੱਤੇ ਲਿਆਵਾਂਗਾ। 22 ਮੈਂ ਉਨ੍ਹਾਂ ਨੂੰ ਇਸਰਾਏਲ ਦੇ ਪਰਬਤਾਂ ਉਤਲੀ ਧਰਤੀ ਉੱਤੇ ਇੱਕ ਕੌਮ ਬਣਾ ਦਿਆਂਗਾ। ਇੱਕ ਰਾਜਾ ਉਨ੍ਹਾਂ ਸਾਰਿਆਂ ਦਾ ਰਾਜਾ ਹੋਵੇਗਾ। ਉਹ ਦੋ ਕੌਮਾਂ ਨਹੀਂ ਬਣੀਆਂ ਰਹਿਣਗੀਆਂ ਉਹ ਫ਼ੇਰ ਹੋਰ ਵੱਧੇਰੇ ਦੋ ਰਾਜਾਂ ਵਿੱਚ ਨਹੀਂ ਵੰਡੀਆਂ ਰਹਿਣਗੀਆਂ। 23 ਅਤੇ ਉਹ ਆਪਣੇ ਆਪਨੂੰ ਆਪਣੇ ਬੁੱਤਾਂ ਅਤੇ ਭਿਆਨਕ ਮੂਰਤੀਆਂ ਜਾਂ ਆਪਣੇ ਹੋਰਨਾਂ ਪਾਪਾਂ ਨਾਲ ਨਾਪਾਕ ਬਨਾਉਣਾ ਜਾਰੀ ਨਹੀਂ ਰੱਖਣਗੇ। ਪਰ ਮੈਂ ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ ਤੋਂ ਬਚਾਵਾਂਗਾ ਜਿੱਥੇ ਉਨ੍ਹਾਂ ਨੇ ਪਾਪ ਕੀਤੇ ਸਨ। ਅਤੇ ਮੈਂ ਉਨ੍ਹਾਂ ਨੂੰ ਸ਼ੁੱਧ ਬਣਾ ਦਿਆਂਗਾ। ਅਤੇ ਉਹ ਮੇਰੇ ਬੰਦੇ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।
24 “‘ਅਤੇ ਮੇਰਾ ਸੇਵਕ ਦਾਊਦ ਉਨ੍ਹਾਂ ਦਾ ਰਾਜਾ ਹੋਵੇਗਾ। ਉਨ੍ਹਾਂ ਸਾਰਿਆਂ ਦਾ ਓੱਥੇ ਸਿਰਫ਼ ਇੱਕ ਹੀ ਆਜੜੀ ਹੋਵੇਗਾ। ਉਹ ਮੇਰੇ ਕਨੂੰਨਾਂ ਅਨੁਸਾਰ ਜਿਉਣਗੇ ਅਤੇ ਮੇਰੇ ਕਨੂੰਨਾਂ ਨੂੰ ਮੰਨਣਗੇ। ਉਹ ਓਹੀ ਗੱਲਾਂ ਕਰਨਗੇ ਜਿਹੜੀਆਂ ਮੈਂ ਉਨ੍ਹਾਂ ਨੂੰ ਆਖਾਂਗਾ। 25 ਉਹ ਉਸ ਧਰਤੀ ਉੱਤੇ ਰਹਿਣਗੇ ਜਿਹੜੀ ਮੈਂ ਆਪਣੇ ਸੇਵਕ ਯਾਕੂਬ ਨੂੰ ਦਿੱਤੀ ਸੀ ਤੁਹਾਡੇ ਪੁਰਖੇ ਉੱਥੇ ਰਹਿੰਦੇ ਸਨ ਅਤੇ ਮੇਰੇ ਲੋਕ ਓੱਥੇ ਰਹਿਣਗੇ। ਉਹ ਅਤੇ ਉਨ੍ਹਾਂ ਦੇ ਪੁੱਤ ਪੋਤੇ ਹਮੇਸ਼ਾ ਲਈ ਓੱਥੇ ਰਹਿਣਗੇ। ਅਤੇ ਮੇਰਾ ਸੇਵਕ ਦਾਊਦ ਸਦਾ ਲਈ ਉਨ੍ਹਾਂ ਦਾ ਆਗੂ ਹੋਵੇਗਾ। 26 ਅਤੇ ਮੈਂ ਉਨ੍ਹਾਂ ਨਾਲ ਸ਼ਾਂਤੀ ਦਾ ਇਕਰਾਰਨਾਮਾ ਕਰਾਂਗਾ। ਇਹ ਇਕਰਾਰਨਾਮਾ ਸਦਾ ਜਾਰੀ ਰਹੇਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਦੇਣ ਲਈ ਸਹਿਮਤ ਹਾਂ। ਮੈਂ ਉਨ੍ਹਾਂ ਨੂੰ ਬਹੁਤ, ਬਹੁਤ ਲੋਕ ਬਣ ਜਾਣ ਵਿੱਚ ਸਹਿਮਤ ਹਾਂ। ਅਤੇ ਮੈਂ ਆਪਣਾ ਪਵਿੱਤਰ ਸਥਾਨ ਹਮੇਸ਼ਾ ਲਈ ਉਨ੍ਹਾਂ ਦਰਮਿਆਨ ਰੱਖਣ ਲਈ ਸਹਿਮਤ ਹਾਂ। 27 ਮੇਰਾ ਪਵਿੱਤਰ ਤੰਬੂ ਉਨ੍ਹਾਂ ਕੋਲ ਹੋਵੇਗਾ। ਹਾਂ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਬੰਦੇ ਹੋਣਗੇ। 28 ਅਤੇ ਹੋਰਨਾਂ ਕੌਮਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ ਅਤੇ ਉਹ ਜਾਣ ਲੈਣਗੇ ਕਿ ਮੈਂ ਇਸਰਾਏਲ ਨੂੰ, ਉਨ੍ਹਾਂ ਦਰਮਿਆਨ ਸਦਾ ਲਈ ਆਪਣਾ ਪਵਿੱਤਰ ਸਥਾਨ ਰੱਖਕੇ, ਆਪਣੇ ਖਾਸ ਬੰਦੇ ਬਣਾਉਂਦਾ ਹਾਂ।’”
2010 by World Bible Translation Center