Print Page Options
Previous Prev Day Next DayNext

Chronological

Read the Bible in the chronological order in which its stories and events occurred.
Duration: 365 days
Punjabi Bible: Easy-to-Read Version (ERV-PA)
Version
ਰਸੂਲਾਂ ਦੇ ਕਰਤੱਬ 11-12

ਪਤਰਸ ਦਾ ਯਰੂਸ਼ਲਮ ਨੂੰ ਪਰਤਣਾ

11 ਯਹੂਦਿਯਾ ਵਿੱਚ ਰਸੂਲ ਅਤੇ ਭਰਾ ਜਾਣ ਗਏ ਕਿ ਗੈਰ-ਯਹੂਦੀ ਲੋਕਾਂ ਨੇ ਵੀ ਪਰਮੇਸ਼ੁਰ ਦੇ ਬਚਨਾਂ ਨੂੰ ਕਬੂਲ ਲਿਆ ਹੈ। ਪਰ ਜਦੋਂ ਪਤਰਸ ਯਰੂਸ਼ਲਮ ਨੂੰ ਵਾਪਸ ਆਇਆ, ਤਾਂ ਕੁਝ ਯਹੂਦੀ ਨਿਹਚਾਵਾਨਾਂ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਆਖਿਆ, “ਤੂੰ ਉਨ੍ਹਾਂ ਲੋਕਾਂ ਵੱਲ ਗਿਆ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ। ਸਗੋਂ ਤੂੰ ਉਨ੍ਹਾਂ ਨਾਲ ਰਲਕੇ ਭੋਜਨ ਵੀ ਕੀਤਾ।”

ਤਾਂ ਪਤਰਸ ਨੇ ਉਨ੍ਹਾਂ ਨੂੰ ਇਹ ਸਾਰਾ ਬਿਰਤਾਂਤ ਸੁਣਾਇਆ ਅਤੇ ਕਿਹਾ, “ਜਦੋਂ ਮੈਂ ਯੱਪਾ ਸ਼ਹਿਰ ਵਿੱਚ ਸੀ, ਮੈਂ ਪ੍ਰਾਰਥਨਾ ਕਰਦੇ ਹੋਇਆਂ ਇੱਕ ਨਜ਼ਾਰੇ ਦਾ ਦਰਸ਼ਨ ਕੀਤਾ। ਉਸ ਦਰਸ਼ਨ ਵਿੱਚ ਮੈਂ ਕੁਝ ਅਕਾਸ਼ ਤੋਂ ਉੱਤਰਦਾ ਹੋਇਆ ਵੇਖਿਆ ਜੋ ਕਿ ਇੱਕ ਵੱਡੀ ਚਾਦਰ ਦੇ ਅਕਾਰ ਜਿਹਾ ਸੀ, ਜਿਸਦੇ ਚਾਰੇ ਪਲ੍ਹੇ ਬੰਨ੍ਹੇ ਹੋਏ ਸਨ, ਉਹ ਥੱਲੇ ਉੱਤਰਿਆ ਤੇ ਮੇਰੇ ਬੜੇ ਨਜ਼ਦੀਕ ਆਕੇ ਰੁਕ ਗਿਆ। ਮੈਂ ਉਸ ਦੇ ਅੰਦਰ ਵੇਖਿਆ ਤਾਂ ਉਸ ਵਿੱਚ ਜੰਗਲੀ ਤੇ ਪਾਲਤੂ ਜਾਨਵਰ, ਰੀਂਗਣ ਵਾਲੇ ਜੀਵ, ਅਕਾਸ਼ ਤੇ ਉੱਡਣ ਵਾਲੇ ਪੰਛੀ ਸਨ। ਮੈਂ ਇੱਕ ਅਵਾਜ਼ ਸੁਣੀ ਜੋ ਮੈਨੂੰ ਕਹਿ ਰਹੀ ਸੀ ‘ਪਤਰਸ ਉੱਠ, ਖਲੋ ਅਤੇ ਇਸ ਵਿੱਚੋਂ ਕਿਸੇ ਵੀ ਜੀਵ ਨੂੰ ਮਾਰਕੇ ਖਾ ਲੈ।’

“ਪਰ ਮੈਂ ਕਿਹਾ, ‘ਪ੍ਰਭੂ ਮੈਂ ਅਜਿਹਾ ਕਦੇ ਵੀ ਨਹੀਂ ਕਰ ਸੱਕਦਾ, ਮੈਂ ਕਦੇ ਵੀ ਕਿਸੇ ਅਸ਼ੁੱਧ ਜਾਂ ਅਪਵਿੱਤਰ ਵਸਤੂ ਦਾ ਸੇਵਨ ਨਹੀਂ ਕੀਤਾ।’

“ਪਰ ਅਕਾਸ਼ ਵੱਲੋਂ ਅਵਾਜ਼ ਨੇ ਫ਼ਿਰ ਉੱਤਰ ਦਿੱਤਾ, ‘ਪਰਮੇਸ਼ੁਰ ਨੇ ਇਹ ਵਸਤਾਂ ਪਵਿੱਤਰ ਬਣਾਈਆਂ ਹਨ, ਇਨ੍ਹਾਂ ਨੂੰ ਅਪਵਿੱਤਰ ਨਾ ਆਖ।’

10 “ਇੰਝ ਤਿੰਨ ਵਾਰ ਵਾਪਰਿਆ ਅਤੇ ਫ਼ੇਰ ਉਹ ਸਾਰੀਆਂ ਚੀਜ਼ਾਂ ਵਾਪਸ ਉੱਪਰ ਅਕਾਸ਼ ਵੱਲ ਲਿਜਾਈਆਂ ਗਈਆਂ। 11 ਉਸੇ ਵਕਤ, ਤਿੰਨ ਆਦਮੀ ਉਸ ਜਗ਼੍ਹਾ ਆਏ ਜਿੱਥੇ ਮੈਂ ਰਹਿ ਰਿਹਾ ਸੀ। ਇਹ ਤਿੰਨ ਆਦਮੀ ਕੈਸਰਿਯਾ ਸ਼ਹਿਰ ਤੋਂ ਮੇਰੇ ਕੋਲ ਭੇਜੇ ਗਏ ਸਨ। 12 ਆਤਮਾ ਨੇ ਮੈਨੂੰ ਉਨ੍ਹਾਂ ਨਾਲ ਬਿਨਾ ਝਿਜਕ ਜਾਣ ਨੂੰ ਕਿਹਾ। ਇਹ ਛੇ ਭਰਾ, ਜੋ ਇੱਥੇ ਮੇਰੇ ਨਾਲ ਹਨ, ਇਹ ਵੀ ਮੇਰੇ ਨਾਲ ਗਏ। ਅਸੀਂ ਕੁਰਨੇਲਿਯੁਸ ਦੇ ਘਰ ਗਏ। 13 ਉਸ ਨੇ ਸਾਨੂੰ ਕਿਹਾ, ਉਸ ਦੇ ਘਰ ਇੱਕ ਦੂਤ ਪ੍ਰਗਟਿਆ ਅਤੇ ਦੂਤ ਨੇ ਉਸ ਨੂੰ ਆਖਿਆ, ‘ਕੁਝ ਆਦਮੀਆਂ ਨੂੰ ਯੱਪਾ ਵਿੱਚ ਭੇਜ ਤਾਂ ਕਿ ਉਹ ਸ਼ਮਊਨ ਪਤਰਸ ਨੂੰ ਸੱਦਾ ਦੇਣ। 14 ਉਹ ਤੈਨੂੰ ਉਹ ਗੱਲਾਂ ਦਸੇਗਾ ਜੋ ਤੈਨੂੰ ਅਤੇ ਤੇਰੇ ਘਰ ਵਿੱਚ ਸਾਰਿਆਂ ਨੂੰ ਬਚਾ ਸੱਕਦੀਆਂ ਹਨ।’

15 “ਜਦੋਂ ਮੈਂ ਬੋਲਣਾ ਸ਼ੁਰੂ ਕੀਤਾ, ਤਾਂ ਉਸੇ ਢੰਗ ਨਾਲ ਪਵਿੱਤਰ ਆਤਮਾ ਉਨ੍ਹਾਂ ਉੱਪਰ ਆਇਆ ਜਿਵੇਂ ਅਰੰਭ ਵਿੱਚ ਸਾਡੇ ਉੱਪਰ ਆਇਆ ਸੀ। 16 ਤਦ ਮੈਨੂੰ ਪ੍ਰਭੂ ਦੇ ਬਚਨ ਚੇਤੇ ਆਏ। ਪ੍ਰਭੂ ਨੇ ਆਖਿਆ ਸੀ, ‘ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਸੀ, ਪਰ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।’ 17 ਇਸ ਲਈ ਜੇਕਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਹੀ ਦਾਤ ਪ੍ਰਦਾਨ ਕੀਤੀ ਹੈ ਜੋ ਉਸ ਨੇ ਸਾਨੂੰ ਦਿੱਤੀ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕੀਤਾ, ਤਾਂ ਫ਼ਿਰ ਪਰਮੇਸ਼ੁਰ ਦੇ ਕਾਰਜ ਦਾ ਵਿਰੋਧ ਕਰਨ ਵਾਲਾ ਮੈਂ ਕੌਣ ਸੀ?”

18 ਜਦੋਂ ਯਹੂਦੀ ਨਿਹਚਾਵਾਨਾ ਨੇ ਇਹ ਸਭ ਸੁਣਿਆ ਤਾਂ ਉਨ੍ਹਾਂ ਨੇ ਬਹਿਸ ਕਰਨੀ ਬੰਦ ਕੀਤੀ ਅਤੇ ਪਰਮੇਸ਼ੁਰ ਦੀ ਉਸਤਤਿ ਕਰਦੇ ਹੋਏ ਆਖਿਆ, “ਇਸਦਾ ਮਤਲਬ ਹੈ ਕਿ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਨੂੰ ਵੀ ਮੌਕਾ ਦਿੱਤਾ ਹੈ ਕਿ ਉਹ ਵੀ ਆਪਣੇ ਆਪ ਨੂੰ ਬਦਲ ਕੇ ਸਾਡੇ ਵਰਗਾ ਜੀਵਨ ਬਤੀਤ ਕਰ ਸੱਕਣ।”

ਅੰਤਾਕਿਯਾ ਵਿੱਚ ਖੁਸ਼ਖਬਰੀ ਦਾ ਆਉਣਾ

19 ਇਸਤੀਫ਼ਾਨ ਦੇ ਮਾਰੇ ਜਾਣ ਤੋਂ ਬਾਅਦ, ਨਿਹਚਾਵਾਨ ਸਤਾਉ ਤੋਂ ਡਰਕੇ ਖਿੰਡਰ ਕੇ ਇਧਰ-ਉਧਰ ਹੋ ਗਏ ਸਨ। ਕੁਝ ਨਿਹਚਾਵਾਨ ਤਾਂ ਦੂਰ-ਦੁਰਾਡੀਆਂ ਥਾਵਾਂ ਜਿਵੇਂ ਕਿ ਫ਼ੈਨੀਕੋ, ਕੁਪਰੁਸ ਅਤੇ ਅੰਤਾਕਿਯਾ ਆਦਿ ਚ ਚੱਲੇ ਗਏ ਅਤੇ ਇਨ੍ਹਾਂ ਥਾਵਾਂ ਤੇ ਜਾਕੇ ਖੁਸ਼ਖਬਰੀ ਦਿੱਤੀ, ਪਰ ਇਹ ਖੁਸ਼ਖਬਰੀ ਉਨ੍ਹਾਂ ਸਿਰਫ਼ ਯਹੂਦੀਆਂ ਨੂੰ ਹੀ ਦਿੱਤੀ। 20 ਪਰ ਉਨ੍ਹਾਂ ਵਿੱਚੋਂ ਕਈ ਮਨੁੱਖ ਕੁਰੇਨ ਅਤੇ ਕੁਪਰੁਸ ਦੇ ਸਨ, ਜਦੋਂ ਉਹ ਅੰਤਾਕਿਯਾ ਪਹੁੰਚੇ, ਤਾਂ ਉਨ੍ਹਾਂ ਨੇ ਪ੍ਰਭੂ ਯਿਸੂ ਬਾਰੇ ਖੁਸ਼ਖਬਰੀ ਬਾਰੇ ਯੂਨਾਨੀ ਲੋਕਾਂ ਨੂੰ ਵੀ ਦੱਸਿਆ। 21 ਪ੍ਰਭੂ ਉਨ੍ਹਾਂ ਦੇ ਨਾਲ ਸੀ ਤੇ ਉਨ੍ਹਾਂ ਦੀ ਮਦਦ ਕਰ ਰਿਹਾ ਸੀ। ਇਸੇ ਕਾਰਣ ਲੋਕਾਂ ਦੀ ਇੱਕ ਵੱਡੀ ਗਿਣਤੀ ਨੇ ਪ੍ਰਭੂ ਦਾ ਅਨੁਸਰਣ ਕਰਨਾ ਸ਼ੁਰੂ ਕਰ ਦਿੱਤਾ।

22 ਇਹ ਖਬਰ ਯਰੂਸ਼ਲਮ ਦੀ ਕਲੀਸਿਯਾ ਦੇ ਲੋਕਾਂ ਕੋਲ ਪਹੁੰਚੀ। ਉਨ੍ਹਾਂ ਨੇ ਬਰਨਬਾਸ ਨੂੰ ਅੰਤਾਕਿਯਾ ਵਿੱਚ ਭੇਜਿਆ। 23-24 ਬਰਨਬਾਸ ਇੱਕ ਚੰਗਾ ਆਦਮੀ ਸੀ। ਉਹ ਪਵਿੱਤਰ ਆਤਮਾ ਅਤੇ ਨਿਹਚਾ ਨਾਲ ਭਰਪੂਰ ਸੀ। ਜਦੋਂ ਉਹ ਅੰਤਾਕਿਯਾ ਨੂੰ ਗਿਆ, ਉਹ ਪਰਮੇਸ਼ੁਰ ਦੀ ਕਿਰਪਾ ਨੂੰ ਕੰਮ ਤੇ ਵੇਖਕੇ ਬਹੁਤ ਖੁਸ਼ ਸੀ। ਉਸ ਨੇ ਸਾਰੇ ਨਿਹਚਾਵਾਨਾਂ ਨੂੰ ਉਨ੍ਹਾਂ ਦੇ ਸੱਚੇ ਦਿਲਾਂ ਨਾਲ ਪ੍ਰਭੂ ਦੇ ਵਫ਼ਾਦਾਰ ਹੋਣਾ ਜਾਰੀ ਰੱਖਣ ਲਈ ਉਤਸਾਹਤ ਕੀਤਾ। ਇਸ ਕਰਕੇ, ਬਹੁਤ ਸਾਰੇ ਲੋਕ ਪ੍ਰਭੂ ਦੇ ਚੇਲੇ ਬਣ ਗਏ।

25 ਫ਼ਿਰ ਬਰਨਬਾਸ ਸੌਲੁਸ ਨੂੰ ਲੱਭਣ ਲਈ ਤਰਸੁਸ ਨੂੰ ਗਿਆ। 26 ਜਦੋਂ ਉਸ ਨੇ ਸੌਲੁਸ ਨੂੰ ਲੱਭ ਲਿਆ, ਉਹ ਉਸ ਨੂੰ ਅੰਤਾਕਿਯਾ ਵਿੱਚ ਲੈ ਆਇਆ ਅਤੇ ਇਹ ਦੋਨੋਂ ਉੱਥੇ ਪੂਰਾ ਸਾਲ ਰਹੇ। ਹਰ ਵਾਰ ਨਿਹਚਾਵਾਨਾਂ ਦੀ ਮੰਡਲੀ ਇਕੱਠੀ ਹੋਕੇ ਆਈ। ਸੌਲੁਸ ਅਤੇ ਬਰਨਬਾਸ ਉਨ੍ਹਾਂ ਨੂੰ ਮਿਲੇ ਅਤੇ ਬਹੁਤ ਸਾਰੇ ਲੋਕਾਂ ਨੂੰ ਸਿੱਖਿਆ ਦਿੱਤੀ। ਸਭ ਤੋਂ ਪਹਿਲਾਂ ਅੰਤਾਕਿਯਾ ਵਿੱਚ ਯਿਸੂ ਦੇ ਚੇਲੇ “ਮਸੀਹੀ” ਕਹਾਏ।

27 ਉਨ੍ਹੀਂ ਦਿਨੀ ਕਈ ਨਬੀ ਯਰੂਸ਼ਲਮ ਤੋਂ ਅੰਤਾਕਿਯਾ ਵਿੱਚ ਆਏ। 28 ਉਨ੍ਹਾਂ ਵਿੱਚੋਂ ਇੱਕ ਨਬੀ ਜਿਸ ਦਾ ਨਾਂ ਆਗਬੁਸ ਸੀ ਉੱਠਿਆ ਅਤੇ ਉੱਠ ਕੇ ਪਵਿੱਤਰ ਆਤਮਾ ਦੇ ਰਾਹੀਂ ਇਹ ਦੱਸਿਆ, “ਇੱਥੇ ਸਾਰੀ ਧਰਤੀ ਤੇ ਬਹੁਤ ਵੱਡਾ ਕਾਲ ਪਵੇਗਾ।” (ਜਦੋਂ ਕਲੌਦਿਯਸ ਬਾਦਸ਼ਾਹ ਸੀ, ਅਸਲ ਵਿੱਚ ਇਹ ਕਾਲ ਵਾਪਰਿਆ।) 29 ਨਿਹਚਾਵਾਨਾਂ ਨੇ ਆਪਣੇ ਉਨ੍ਹਾਂ ਭੈਣਾਂ ਭਰਾਵਾਂ ਦੀ ਮਦਦ ਕਰਨ ਦਾ ਨਿਸ਼ਚਾ ਕੀਤਾ ਜਿਹੜੇ ਯਹੂਦਿਯਾ ਵਿੱਚ ਰਹਿੰਦੇ ਸਨ। ਸਭ ਨਿਹਚਾਵਾਨਾਂ ਨੇ, ਜਿੰਨੀ ਹਰ ਕਿਸੇ ਤੋਂ ਹੋ ਸੱਕੇ ਉਨੀ ਉਨ੍ਹਾਂ ਦੀ ਮਦਦ ਕਰਨ ਦੀ ਵਿਉਂਤ ਬਣਾਈ। 30 ਉਨ੍ਹਾਂ ਨੇ ਧਨ ਇਕੱਠਾ ਕਰਕੇ ਬਰਨਬਾਸ ਅਤੇ ਸੌਲੁਸ ਨੂੰ ਦਿੱਤਾ, ਫ਼ਿਰ ਉਹ ਇਹ ਧੰਨ ਇਕੱਠਾ ਕਰਕੇ ਯਹੂਦਿਯਾ ਵਿੱਚ ਬਜ਼ੁਰਗਾਂ ਕੋਲ ਲੈ ਕੇ ਆਏ।

ਹੇਰੋਦੇਸ ਅਗਰਿੱਪਾ ਦਾ ਕਲੀਸਿਯਾ ਨੂੰ ਤਸੀਹੇ ਦੇਣਾ

12 ਉਸ ਸਮੇਂ, ਰਾਜਾ ਹੇਰੋਦੇਸ ਨੇ ਕਲੀਸਿਯਾ ਦੇ ਕੁਝ ਲੋਕਾਂ ਨੂੰ ਦੰਡ ਦੇਣੇ ਸ਼ੁਰੂ ਕੀਤੇ। ਹੇਰੋਦੇਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਵੱਢ ਦੇਣ ਦਾ ਹੁਕਮ ਦਿੱਤਾ। ਜਦੋਂ ਉਸ ਨੇ ਵੇਖਿਆ ਕਿ ਯਹੂਦੀਆਂ ਨੂੰ ਇਹ ਚੰਗਾ ਲੱਗਿਆ ਹੈ, ਤੰ ਉਸ ਨੇ ਪਤਰਸ ਨੂੰ ਵੀ ਗਿਰਫ਼ਤਾਰ ਕਰਨ ਦਾ ਨਿਸ਼ਚਾ ਕੀਤਾ। ਇਹ ਘਟਨਾ ਯਹੂਦੀਆਂ ਦੀਆਂ ਛੁੱਟੀਆਂ ਵਿੱਚ ਪਸਾਹ ਦੇ ਤਿਉਹਾਰ ਵੇਲੇ ਹੋਈ। ਹੇਰੋਦੇਸ ਨੇ ਪਤਰਸ ਨੂੰ ਗਿਰਫ਼ਤਾਰ ਕਰ ਲਿਆ ਅਤੇ ਉਸ ਨੂੰ ਕੈਦ ਵਿੱਚ ਪਾ ਦਿੱਤਾ। ਉਸ ਨੇ ਸੋਲਾਂ ਸਿਪਾਹੀਆਂ ਨੂੰ ਉਸਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤਾ। ਉਹ ਪਸਾਹ ਦੇ ਤਿਉਹਾਰ ਦੇ ਲੰਘਣ ਦਾ ਇੰਤਜ਼ਾਰ ਕਰਨਾ ਚਾਹੁੰਦਾ ਸੀ ਅਤੇ ਫ਼ੇਰ ਪਤਰਸ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦਾ ਸੀ। ਇਸ ਲਈ ਪਤਰਸ ਨੂੰ ਕੈਦ ਵਿੱਚ ਰੱਖਿਆ ਗਿਆ ਸੀ, ਪਰ ਨਿਹਚਾਵਾਨ ਲਗਾਤਾਰ ਪਰਮੇਸ਼ੁਰ ਅੱਗੇ ਉਸ ਲਈ ਪ੍ਰਾਰਥਨਾ ਕਰ ਰਹੇ ਸਨ।

ਪਤਰਸ ਦਾ ਕੈਦ ਤੋਂ ਛੁਟਕਾਰਾ

ਪਤਰਸ ਦੋ ਸਿਪਾਹੀਆਂ ਵਿੱਚਕਾਰ ਸੁੱਤਾ ਪਿਆ ਸੀ, ਜੋ ਉਸਤੇ ਨਿਗਰਾਨੀ ਲਈ ਸਨ ਅਤੇ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਸੀ ਅਤੇ ਬਾਕੀ ਸਾਰੇ ਸਿਪਾਹੀ ਜੇਲ੍ਹ ਦੇ ਦਰਵਾਜ਼ੇ ਤੇ ਚੌਕਸੀ ਕਰ ਰਹੇ ਸਨ। ਇਹ ਰਾਤ ਦਾ ਪਹਿਰ ਸੀ ਅਤੇ ਹੇਰੋਦੇਸ ਅਗਲੀ ਸਵੇਰ ਪਤਰਸ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਵਿਉਂਤ ਬਣਾ ਰਿਹਾ ਸੀ। ਅਚਾਨਕ ਉੱਥੇ ਪ੍ਰਭੂ ਦਾ ਇੱਕ ਦੂਤ ਪਰਗਟ ਹੋਇਆ। ਕਮਰੇ ਵਿੱਚ ਬੜੀ ਰੌਸ਼ਨੀ ਹੋਈ। ਦੂਤ ਨੇ ਉਸ ਨੂੰ ਪਾਸੇ ਤੋਂ ਛੋਹਿਆ ਅਤੇ ਉਸ ਨੂੰ ਜਗਾਇਆ। ਦੂਤ ਨੇ ਆਖਿਆ, “ਜਲਦੀ ਕਰ। ਉੱਠ।” ਪਤਰਸ ਦੇ ਹੱਥਾਂ ਚੋਂ ਜੰਜ਼ੀਰਾਂ ਟੁੱਟ ਗਈਆਂ। ਦੂਤ ਨੇ ਪਤਰਸ ਨੂੰ ਕਿਹਾ, “ਆਪਣੇ ਕੱਪੜੇ ਪਹਿਨ ਅਤੇ ਆਪਣੀ ਜੁੱਤੀ ਪਾ।” ਪਤਰਸ ਨੇ ਇਵੇਂ ਹੀ ਕੀਤਾ। ਫ਼ਿਰ ਦੂਤ ਨੇ ਆਖਿਆ, “ਆਪਣਾ ਕੋਟ ਪਾਕੇ ਮੇਰੇ ਪਿੱਛੇ ਆਜਾ।”

ਇਉਂ ਦੂਤ ਚੱਲਾ ਗਿਆ ਅਤੇ ਪਤਰਸ ਉਸ ਦੇ ਪਿੱਛੇ ਹੋ ਲਿਆ। ਪਰ ਪਤਰਸ ਨਹੀਂ ਜਾਣਦਾ ਸੀ ਕਿ, ਜੋ ਦੂਤ ਕਰ ਰਿਹਾ ਸੀ, ਸੱਚਮੁੱਚ ਵਾਪਰ ਰਿਹਾ ਸੀ। ਉਸ ਨੇ ਸੋਚਿਆ ਕਿ ਸ਼ਾਇਦ ਉਹ ਇੱਕ ਦਰਸ਼ਨ ਦੇਖ ਰਿਹਾ ਹੈ। 10 ਤਦ ਉਹ ਦੋਨੋਂ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿਕਲ ਕੇ ਇੱਕ ਲੋਹੇ ਦੇ ਫ਼ਾਟਕ ਤੱਕ ਆਏ ਜਿਹੜਾ ਕਿ ਸ਼ਹਿਰ ਵਿੱਚ ਪਹੁੰਚਾਉਂਦਾ ਸੀ। ਉਹ ਆਪਣੇ-ਆਪ ਹੀ ਉਨ੍ਹਾਂ ਲਈ ਖੁਲ੍ਹ ਗਿਆ ਉੱਥੋਂ ਨਿਕਲ ਕੇ ਉਹ ਇੱਕ ਗਲੀ ਦੇ ਰਸਤੇ ਤੇ ਤੁਰ ਪਏ ਪਰ ਉਸੇ ਵੇਲੇ ਦੂਤ ਉਸ ਕੋਲੋਂ ਫ਼ਿਰ ਅਲੋਪ ਹੋ ਗਿਆ।

11 ਤਦ ਪਤਰਸ ਨੂੰ ਸਮਝ ਆਇਆ ਕਿ ਇਹ ਕੀ ਵਾਪਰਿਆ ਸੀ। ਉਸ ਨੇ ਸੋਚਿਆ, “ਹੁਣ ਮੈਨੂੰ ਸਮਝ ਆਇਆ ਹੈ ਕਿ ਵਾਸਤਵ ਵਿੱਚ ਪ੍ਰਭੂ ਨੇ ਇਹ ਦੂਤ ਮੇਰੇ ਲਈ ਭੇਜਿਆ ਸੀ। ਉਸ ਨੇ ਮੈਨੂੰ ਹੇਰੋਦੇਸ ਦੇ ਹੱਥੋਂ ਮੁਕਤ ਕਰਾਇਆ। ਯਹੂਦੀ ਲੋਕਾਂ ਨੇ ਸੋਚਿਆ ਸ਼ਾਇਦ ਮੇਰੇ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ, ਪਰ ਪਰਮੇਸ਼ੁਰ ਨੇ ਮੈਨੂੰ ਇਨ੍ਹਾਂ ਸਭ ਗੱਲਾਂ ਤੋਂ ਬਚਾ ਲਿਆ।”

12 ਜਦੋਂ ਪਤਰਸ ਨੇ ਇਹ ਮਹਿਸੂਸ ਕੀਤਾ, ਉਹ ਮਰਿਯਮ ਦੇ ਘਰ ਨੂੰ ਆਇਆ। ਉਹ ਯੂਹੰਨਾ ਦੀ ਮਾਤਾ ਸੀ। ਯੂਹੰਨਾ ਮਰਕੁਸ ਕਰਕੇ ਵੀ ਜਾਣਿਆ ਜਾਂਦਾ ਸੀ। ਉੱਥੇ ਬਹੁਤ ਸਾਰੇ ਲੋਕ ਇਕੱਠੇ ਸਨ ਅਤੇ ਉਹ ਪ੍ਰਾਰਥਨਾ ਕਰ ਰਹੇ ਸਨ। 13 ਪਤਰਸ ਨੇ ਬਾਹਰ ਵਾਲੇ ਦਰਵਾਜ਼ੇ ਤੇ ਦਸਤਕ ਕੀਤੀ ਤਾਂ ਜਵਾਬ ਵਿੱਚ ਇੱਕ ਰੋਦੋ ਨਾਂ ਦੀ ਨੌਕਰਾਨੀ ਜਵਾਬ ਦੇਣ ਲਈ ਬਾਹਰ ਆਈ। 14 ਉਸ ਨੇ ਪਤਰਸ ਦੀ ਅਵਾਜ਼ ਨੂੰ ਪਛਾਣ ਲਿਆ ਅਤੇ ਉਹ ਬੜੀ ਖੁਸ਼ ਹੋਈ। ਉਹ ਇੰਨੀ ਖੁਸ਼ ਹੋਈ ਕਿ ਮਾਰੇ ਖੁਸ਼ੀ ਦੇ ਉਹ ਉਸ ਨੂੰ ਦਰਵਾਜ਼ਾ ਖੋਲ੍ਹਣਾ ਵੀ ਭੁੱਲ ਗਈ ਅਤੇ ਨੱਸਦੀ ਹੋਈ ਉਸ ਸਮੂਹ ਨੂੰ ਪਤਰਸ ਦੇ ਆਮਦ ਦੀ ਖਬਰ ਕਹਿਣ ਚਲੀ ਗਈ ਕਿ, “ਬਾਹਰ ਬੂਹੇ ਤੇ ਪਤਰਸ ਖੜ੍ਹਾ ਹੈ।”

15 ਨਿਹਚਾਵਾਨਾਂ ਨੇ ਰੋਦੋ ਨੂੰ ਕਿਹਾ, “ਤੂੰ ਕਮਲੀ ਹੈ।” ਪਰ ਉਹ ਬਾਰ-ਬਾਰ ਕਹਿੰਦੀ ਰਹੀ ਕਿ ਨਹੀਂ ਇਹ ਸੱਚ ਹੈ ਤਾਂ ਉਨ੍ਹਾਂ ਸੋਚਿਆ, “ਉਹ ਪਤਰਸ ਦਾ ਦੂਤ ਹੋਣਾ ਚਾਹੀਦਾ ਹੈ।”

16 ਪਤਰਸ ਲਗਾਤਾਰ ਬੂਹਾ ਖੜਕਾਉਂਦਾ ਰਿਹਾ। ਜਦੋਂ ਨਿਹਚਾਵਾਨਾਂ ਨੇ ਬੂਹਾ ਖੋਲ੍ਹਿਆ ਤਾਂ ਉਹ ਪਤਰਸ ਨੂੰ ਵੇਖਕੇ ਹੈਰਾਨ ਰਹਿ ਗਏ। 17 ਪਤਰਸ ਨੇ ਹੱਥ ਦੇ ਇਸ਼ਾਰੇ ਨਾਲ ਉਨ੍ਹਾਂ ਨੂੰ ਸਮਝਾਇਆ ਕਿ ਉਹ ਖਾਮੋਸ਼ ਰਹਿਣ। ਤਾਂ ਉਸ ਨੇ ਉਨ੍ਹਾਂ ਨੂੰ ਸਾਰੀ ਗੱਲ ਸਮਝਾਈ ਕਿ ਕਿਵੇਂ ਪ੍ਰਭੂ ਨੇ ਉਸ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਦੀ ਮਦਦ ਕੀਤੀ। ਉਸ ਨੇ ਕਿਹਾ, “ਯਾਕੂਬ ਅਤੇ ਹੋਰ ਭਾਈਆਂ ਨੂੰ ਵੀ ਇਨ੍ਹਾਂ ਗੱਲਾਂ ਦੀ ਖਬਰ ਦੇਵੋ।” ਉਸਤੋਂ ਬਾਅਦ ਪਤਰਸ ਹੋਰ ਥਾਂ ਚੱਲਿਆ ਗਿਆ।

18 ਅਗਲੀ ਸਵੇਰ ਸਿਪਾਹੀ ਬਹੁਤ ਪਰੇਸ਼ਨ ਹੋ ਗਏ। ਉਹ ਹੈਰਾਨ ਸਨ ਕਿ ਪਤਰਸ ਦਾ ਕੀ ਬਣਿਆ? 19 ਹੇਰੋਦੇਸ ਨੇ ਪਤਰਸ ਨੂੰ ਸਭ ਥਾਈਂ ਭਾਲਿਆ ਪਰ ਉਸ ਨੂੰ ਕਿਤੇ ਨਾ ਮਿਲਿਆ। ਇਸ ਲਈ ਉਸ ਨੇ ਪਹਿਰੇਦਾਰਾਂ ਨੂੰ ਸਵਾਲ ਕੀਤੇ। ਫ਼ਿਰ ਉਸ ਨੇ ਹੁਕਮ ਦਿੱਤਾ ਕਿ ਉਹ ਮਾਰ ਦਿੱਤੇ ਜਾਣ।

ਹੇਰੋਦੇਸ ਅਗਰਿੱਪਾ ਦੀ ਮੌਤ

ਇਸਤੋਂ ਬਾਅਦ ਹੇਰੋਦੇਸ ਯਹੂਦਿਯਾ ਤੋਂ ਕੈਸਰਿਯਾ ਨੂੰ ਗਿਆ ਅਤੇ ਉੱਥੇ ਕੁਝ ਸਮੇਂ ਲਈ ਜਾ ਠਹਿਰਿਆ। 20 ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬੜਾ ਨਾਰਾਜ਼ ਸੀ। ਉਹ ਸਾਰੇ ਲੋਕ ਇਕੱਠੇ ਹੋਕੇ ਹੇਰੋਦੇਸ ਕੋਲ ਆਏ। ਉਹ ਬਲਾਸਤੁਸ ਦੀ, ਜਿਹੜਾ ਕਿ ਰਾਜੇ ਦੇ ਖਾਸ ਨੌਕਰ ਸੀ, ਹਮਾਇਤ ਪਾਉਣ ਵਿੱਚ ਕਾਮਯਾਬ ਹੋ ਗਏ। ਉਹ ਹੇਰੋਦੇਸ ਨੂੰ ਸ਼ਾਂਤੀ ਲਈ ਬੇਨਤੀ ਕਰਨ ਲੱਗੇ ਕਿਉਂਕਿ ਉਨ੍ਹਾਂ ਦਾ ਦੇਸ਼ ਭੋਜਨ ਦੀ ਸਮਗਰੀ ਹੇਰੋਦੇਸ ਦੇ ਦੇਸ਼ ਤੋਂ ਪ੍ਰਾਪਤ ਕਰਦਾ ਸੀ।

21 ਹੇਰੋਦੇਸ ਨੇ ਉਨ੍ਹਾਂ ਨੂੰ ਮਿਲਣ ਦਾ ਇੱਕ ਦਿਨ ਨਿਸ਼ਚਿਤ ਕੀਤਾ। ਉਸ ਦਿਨ ਉਹ ਬੜੇ ਖੂਬਸੂਰਤ ਸ਼ਾਹੀ ਲਿਬਾਸ ਵਿੱਚ ਸੀ। ਉਹ ਆਪਣੇ ਸਿੰਘਾਸਣ ਤੇ ਬੈਠਾ ਅਤੇ ਲੋਕਾਂ ਨੂੰ ਇੱਕ ਭਾਸ਼ਣ ਦਿੱਤਾ। 22 ਲੋਕ ਉੱਚੀ ਅਵਾਜ਼ ਵਿੱਚ ਆਖਣ ਲੱਗੇ, “ਇਹ ਤਾਂ ਕਿਸੇ ਦੇਵੇਤੇ ਦੀ ਅਵਾਜ਼ ਹੈ, ਮਨੁੱਖ ਦੀ ਨਹੀਂ।” 23 ਹੇਰੋਦੇਸ ਨੇ ਪਰਮੇਸ਼ੁਰ ਨੂੰ ਮਹਿਮਾ ਨਾ ਦਿੰਦੇ ਹੋਏ ਇਹ ਸਾਰੀ ਉਸਤਤਿ ਆਪਣੇ ਲਈ ਕਬੂਲ ਕਰ ਲਈ, ਇਸ ਲਈ ਪ੍ਰਭੂ ਦੇ ਇੱਕ ਦੂਤ ਨੇ ਉਸ ਨੂੰ ਇੱਕ ਭਿਆਨਕ ਬਿਮਾਰੀ ਦਿੱਤੀ। ਉਹ ਬਿਮਾਰ ਪੈ ਗਿਆ ਤੇ ਅੰਤ ਕੀੜੇ ਪੈਕੇ ਮਰਿਆ।

24 ਪਰਮੇਸ਼ੁਰ ਦਾ ਸੰਦੇਸ਼ ਦਿਨੋਂ-ਦਿਨ ਲੋਕਾਂ ਵਿੱਚ ਵੱਧ ਰਿਹਾ ਸੀ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ ਇਸ ਲਈ ਨਿਹਚਾਵਾਨਾਂ ਦਾ ਸਮੂਹ ਦਿਨੋ-ਦਿਨ ਵੱਧਦਾ ਜਾ ਰਿਹਾ ਸੀ।

25 ਜਦੋਂ ਬਰਨਬਾਸ ਅਤੇ ਸੌਲੁਸ ਨੇ ਆਪਣਾ ਕਾਰਜ ਯਰੂਸ਼ਲਮ ਵਿੱਚ ਪੂਰਾ ਕਰ ਲਿਆ ਤਾਂ ਉਹ ਯੂਹੰਨਾ ਨੂੰ ਜਿਹੜਾ ਮਰਕੁਸ ਕਰਕੇ ਵੀ ਸਦੀਂਦਾ ਹੈ ਆਪਣੇ ਨਾਲ ਲੈ ਕੇ ਅੰਤਾਕਿਯਾ ਨੂੰ ਮੁੜੇ।

Punjabi Bible: Easy-to-Read Version (ERV-PA)

2010 by World Bible Translation Center