Print Page Options
Previous Prev Day Next DayNext

Chronological

Read the Bible in the chronological order in which its stories and events occurred.
Duration: 365 days
Punjabi Bible: Easy-to-Read Version (ERV-PA)
Version
ਮੱਤੀ 28

ਯਿਸੂ ਦਾ ਪੁਨਰ ਉਥਾਨ(A)

28 ਜਦੋਂ ਸਬਤ ਦਾ ਦਿਨ ਬੀਤ ਗਿਆ ਤਾਂ ਉਸਤੋਂ ਅਗਲਾ ਦਿਨ ਹਫ਼ਤੇ ਦਾ ਪਹਿਲਾ ਦਿਨ ਸੀ। ਬਹੁਤ ਹੀ ਸਵੇਰੇ, ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਕਬਰ ਨੂੰ ਵੇਖਣ ਲਈ ਗਈਆਂ।

ਉਸ ਵਕਤ ਉੱਥੇ ਬੜਾ ਜ਼ੋਰ ਦਾ ਭੁਚਾਲ ਆਇਆ। ਅਕਾਸ਼ ਤੋਂ ਇੱਕ ਪ੍ਰਭੂ ਦਾ ਦੂਤ ਆਇਆ। ਪ੍ਰਭੂ ਦੇ ਦੂਤ ਨੇ ਉਸ ਕਬਰ ਦੇ ਨੇੜੇ ਆਕੇ ਉਸ ਦੇ ਉੱਪਰੋਂ ਉਹ ਵੱਡਾ ਪੱਥਰ ਰੇੜ੍ਹਕੇ ਪਾਸੇ ਕੀਤਾ ਤੇ ਉਸ ਪੱਥਰ ਦੇ ਉੱਪਰ ਖੁਦ ਜਾਕੇ ਬੈਠ ਗਿਆ। ਉਸ ਦੂਤ ਦਾ ਰੂਪ ਬਿਜਲੀ ਵਾਂਗ ਚਮਕਦਾ ਸੀ ਅਤੇ ਉਸ ਦੇ ਕੱਪੜੇ ਬਰਫ਼ ਵਰਗੇ ਸਫ਼ੇਦ ਸਨ। ਕਬਰ ਦੀ ਪਹਿਰੇਦਾਰੀ ਕਰਦੇ ਸਿਪਾਹੀ ਦੂਤ ਨੂੰ ਵੇਖਕੇ ਬਹੁਤ ਡਰ ਗਏ। ਉਹ ਇੰਨਾ ਡਰੇ ਕਿ ਡਰ ਦੇ ਮਾਰੇ ਕੰਬਣ ਲੱਗੇ ਅਤੇ ਬੇਹੋਸ਼ ਹੋ ਗਏ।

ਦੂਤ ਨੇ ਉਨ੍ਹਾਂ ਔਰਤਾਂ ਨੂੰ ਕਿਹਾ, “ਤੁਸੀਂ ਨਾ ਡਰੋ, ਮੈਂ ਜਾਣਦਾ ਹਾਂ ਕਿ ਤੁਸੀਂ ਉਸ ਯਿਸੂ ਨੂੰ ਲੱਭ ਰਹੀਆਂ ਹੋ ਜਿਸ ਨੂੰ ਸਲੀਬ ਦਿੱਤੀ ਗਈ ਸੀ। ਪਰ ਯਿਸੂ ਇੱਥੇ ਨਹੀਂ ਹੈ, ਕਿਉਂਕਿ, ਜਿਵੇ ਉਸ ਨੇ ਕਿਹਾ ਸੀ, ਉਹ ਮੌਤ ਤੋਂ ਉਭਾਰਿਆ ਗਿਆ ਹੈ। ਆਓ ਅਤੇ ਵੇਖੋ ਜਿਸ ਥਾਂ ਤੇ ਉਸਦਾ ਸ਼ਰੀਰ ਰੱਖਿਆ ਗਿਆ ਸੀ। ਅਤੇ ਜਲਦੀ ਜਾਕੇ ਉਸ ਦੇ ਚੇਲਿਆਂ ਨੂੰ ਆਖੋ, ‘ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਉਹ ਗਲੀਲੀ ਵੱਲ ਜਾ ਰਿਹਾ ਹੈ। ਉਹ ਤੁਹਾਡੇ ਪਹੁੰਚਣ ਤੋਂ ਪਹਿਲਾਂ ਉੱਥੇ ਮੌਜੂਦ ਹੋਵੇਗਾ ਅਤੇ ਉੱਥੇ ਤੁਸੀਂ ਉਸ ਨੂੰ ਵੇਖੋਂਗੀਆਂ।’ ਮੈਂ ਤੁਹਾਨੂੰ ਇਹੀ ਦੱਸਣ ਲਈ ਆਇਆ ਸੀ।”

ਉਹ ਔਰਤਾਂ ਛੇਤੀ ਹੀ ਕਬਰ ਤੋਂ ਵਿਦਾ ਹੋ ਗਈਆਂ। ਭਾਵੇਂ ਉਹ ਡਰੀਆਂ ਹੋਈਆਂ ਸਨ ਪਰ ਉਹ ਖੁਸ਼ ਵੀ ਬੜੀਆਂ ਹੋਈਆਂ। ਉਹ ਉਸ ਦੇ ਚੇਲਿਆਂ ਨੂੰ ਇਹ ਖਬਰ ਦੱਸਣ ਲਈ ਗਈਆਂ। ਜਦੋਂ ਉਹ ਚੇਲਿਆਂ ਨੂੰ ਖਬਰ ਦੇਣ ਵਾਸਤੇ ਨਸੀਆਂ ਜਾ ਰਹੀਆਂ ਸਨ, ਅਚਾਨਕ ਉੱਥੇ ਯਿਸੂ ਉਨ੍ਹਾਂ ਸਾਹਮਣੇ ਖਲੋ ਗਿਆ ਅਤੇ ਉਨ੍ਹਾਂ ਨੂੰ ਆਖਿਆ, “ਸ਼ੁਭਕਾਮਨਾਵਾਂ!” ਉਹ ਉਸ ਕੋਲ ਗਈਆਂ ਅਤੇ ਉਸ ਦੇ ਚਰਨ ਫ਼ੜ ਲਏ ਅਤੇ ਉਸਦੀ ਉਪਾਸਨਾ ਕੀਤੀ। 10 ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਡਰੋ ਨਾ, ਜਾਓ ਅਤੇ ਮੇਰੇ ਭਰਾਵਾਂ ਨੂੰ ਆਖੋ ਕਿ ਗਲੀਲੀ ਵੱਲ ਜਾਣ। ਉਹ ਮੈਨੂੰ ਉੱਥੇ ਵੇਖਣਗੇ।”

ਯਹੂਦੀ ਆਗੂਆਂ ਨੂੰ ਖਬਰ

11 ਉਹ ਔਰਤਾਂ ਉਸ ਦੇ ਚੇਲਿਆਂ ਨੂੰ ਇਹ ਖਬਰ ਦੇਣ ਚਲੀਆਂ ਗਈਆਂ। ਉਸੇ ਵਕਤ ਕੁਝ ਸਿਪਾਹੀ ਜੋ ਕਬਰ ਦੀ ਰਾਖੀ ਕਰ ਰਹੇ ਸਨ, ਸ਼ਹਿਰ ਵੱਲ ਗਏ। ਉਹ ਪਰਧਾਨ ਜਾਜਕਾਂ ਕੋਲ ਗਏ ਅਤੇ ਜੋ ਕੁਝ ਵਾਪਰਿਆ ਸੀ ਸਭ ਕੁਝ ਉਨ੍ਹਾਂ ਨੂੰ ਦਸਿਆ। 12 ਫ਼ੇਰ ਪ੍ਰਧਾਨ ਜਾਜਕ ਅਤੇ ਬਜ਼ੁਰਗ ਯਹੂਦੀ ਆਗੂ ਇਕੱਠੇ ਹੋਏ ਅਤੇ ਇੱਕ ਵਿਉਂਤ ਬਣਾਈ। ਉਨ੍ਹਾਂ ਨੇ ਸਿਪਾਹੀਆਂ ਨੂੰ ਬਹੁਤ ਸਾਰਾ ਧਨ ਦਿੱਤਾ। 13 ਉਨ੍ਹਾਂ ਨੇ ਉਨ੍ਹਾਂ ਨੂੰ ਹਿਦਾਇਤ ਦਿੱਤੀ, “ਤੁਸੀਂ ਲੋਕਾਂ ਨੂੰ ਆਖਣਾ: ਰਾਤ ਦੇ ਵਕਤ ਜਦੋਂ ਅਸੀਂ ਸੌਂ ਰਹੇ ਸਾਂ, ਯਿਸੂ ਦੇ ਚੇਲੇ ਆਏ ਅਤੇ ਉਸਦਾ ਸ਼ਰੀਰ ਚੋਰੀ ਕਰਕੇ ਲੈ ਗਏ। 14 ਜੇਕਰ ਰਾਜਪਾਲ ਇਸ ਗੱਲ ਬਾਰੇ ਜਾਣ ਜਾਵੇਗਾ ਤਾਂ ਅਸੀਂ ਉਸ ਨੂੰ ਨਿਸ਼ਚਿੰਤ ਕਰ ਦੇਵਾਂਗੇ ਅਤੇ ਤੁਹਾਨੂੰ ਮੁਸੀਬਤ ਤੋਂ ਦੂਰ ਰੱਖਾਂਗੇ।” 15 ਤਾਂ ਸਿਪਾਹੀਆਂ ਨੇ ਪੈਸੇ ਲੈ ਲਏ ਅਤੇ ਦਿੱਤੀਆਂ ਹੋਈਆਂ ਹਿਦਾਇਤਾਂ ਅਨੁਸਾਰ ਹੀ ਕੀਤਾ। ਇਹ ਗੱਲ ਅੱਜ ਵੀ ਆਮਤੌਰ ਤੇ ਯਹੂਦੀਆਂ ਵਿੱਚ ਫ਼ੈਲੀ ਹੋਈ ਹੈ।

ਯਿਸੂ ਦਾ ਆਪਣੇ ਚੇਲਿਆਂ ਨਾਲ ਗੱਲ ਕਰਨਾ(B)

16 ਫ਼ਿਰ ਗਿਆਰਾਂ ਚੇਲੇ ਗਲੀਲੀ ਨੂੰ ਵਿਦਾ ਹੋ ਗਏ ਅਤੇ ਉਸ ਪਹਾੜੀ ਤੇ ਆ ਗਏ ਜਿੱਥੇ ਯਿਸੂ ਨੇ ਉਨ੍ਹਾਂ ਨੂੰ ਜਾਣ ਵਾਸਤੇ ਹਿਦਾਇਤ ਦਿੱਤੀ ਸੀ। 17 ਜਦੋਂ ਉਨ੍ਹਾਂ ਨੇ ਉਸ ਨੂੰ ਵੇਖਿਆ, ਉਹ ਉਸ ਅੱਗੇ ਝੁਕ ਗਏ ਅਤੇ ਉਸਦੀ ਉਪਾਸਨਾ ਕੀਤੀ। ਪਰ ਕਈਆਂ ਨੂੰ ਸ਼ੱਕ ਸੀ। 18 ਫ਼ਿਰ ਯਿਸੂ ਉਨ੍ਹਾਂ ਕੋਲ ਆਇਆ ਅਤੇ ਆਖਿਆ, “ਸਵਰਗ ਅਤੇ ਧਰਤੀ ਦੇ ਸਾਰੇ ਅਧਿਕਾਰ ਮੈਨੂੰ ਦਿੱਤੇ ਗਏ ਹਨ। 19 ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਵਿੱਚ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਉ। 20 ਉਨ੍ਹਾਂ ਨੂੰ ਇਹ ਵੀ ਸਿੱਖਾਵੋ ਕਿ ਉਹ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਨਿਸ਼ਚਿਤ ਹੀ, ਦੁਨੀਆਂ ਦੇ ਅੰਤ ਤੀਕਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ।”

ਮਰਕੁਸ 16

ਇਹ ਖਬਰ ਕਿ ਯਿਸੂ ਮੁੜ ਜੀਅ ਉੱਠਿਆ(A)

16 ਸਬਤ ਤੋਂ ਅਗਲੇ ਦਿਨ, ਮਰਿਯਮ ਮਗਦਲੀਨੀ, ਸਲੋਮੀ ਅਤੇ ਯਾਕੂਬ ਦੀ ਮਾਤਾ ਮਰਿਯਮ ਕੁਝ ਅਤਰ ਖਰੀਦ ਲਿਆਈਆਂ ਉਹ ਆਕੇ ਉਨ੍ਹਾਂ ਨੂੰ ਉਸ ਦੇ ਸਰੀਰ ਤੇ ਪਾਉਣਾ ਚਾਹੁੰਦੀਆਂ ਸਨ। ਹਫ਼ਤੇ ਦੇ ਪਹਿਲੇ ਦਿਨ ਬਹੁਤ ਸਵੇਰੇ, ਸੂਰਜ ਚੜ੍ਹ੍ਹਨ ਤੋਂ ਬਾਦ ਉਹ ਕਬਰ ਤੇ ਆਈਆਂ। ਉਨ੍ਹਾਂ ਨੇ ਆਪਸ ਵਿੱਚ ਆਖਿਆ, “ਇੱਕ ਵੱਡੇ ਪੱਥਰ ਨਾਲ ਕਬਰ ਦੇ ਪ੍ਰਵੇਸ਼ ਦੁਆਰ ਨੂੰ ਢੱਕਿਆ ਹੋਇਆ ਸੀ। ਸਾਡੇ ਲਈ ਇਸ ਨੂੰ ਇੱਕ ਪਾਸੇ ਕੌਣ ਰੇੜ੍ਹਗਾ?”

ਪਰ ਜਦੋਂ ਉਨ੍ਹਾਂ ਨੇ ਆਕੇ ਤੱਕਿਆ, ਤਾਂ ਉਨ੍ਹਾਂ ਨੇ ਵੇਖਿਆ ਕਿ ਕਬਰ ਦੇ ਪ੍ਰਵੇਸ਼ ਤੋਂ ਉਹ ਵੱਡਾ ਪੱਥਰ ਪਰ੍ਹਾਂ ਹਟਿਆ ਹੋਇਆ ਸੀ। ਜਿਵੇਂ ਹੀ ਉਹ ਕਬਰ ਵਿੱਚ ਵੜੀਆਂ, ਉਨ੍ਹਾਂ ਨੇ ਇੱਕ ਜੁਆਨ ਆਦਮੀ ਨੂੰ ਸਫ਼ੇਦ ਕੱਪੜੇ ਪਾਈ ਕਬਰ ਦੇ ਸੱਜੇ ਪਾਸੇ ਬੈਠੇ ਵੇਖਿਆ। ਇਹ ਵੇਖਕੇ ਉਹ ਘਬਰਾਈਆਂ।

ਪਰ ਉਸ ਆਦਮੀ ਨੇ ਆਖਿਆ, “ਡਰੋ ਨਹੀਂ! ਤੁਸੀਂ ਯਿਸੂ ਨਾਸਰੀ ਨੂੰ ਲੱਭਦੀਆਂ ਹੋ, ਜੋ ਸਲੀਬ ਉੱਤੇ ਚੜ੍ਹਾਇਆ ਗਿਆ ਸੀ। ਉਹ ਤਾਂ ਫ਼ਿਰ ਜੀਅ ਉੱਠਿਆ ਹੈ। ਉਹ ਇੱਥੇ ਨਹੀਂ ਹੈ। ਵੇਖੋ! ਇਹ ਉਹੀ ਥਾਂ ਹੈ ਜਿੱਥੇ ਉਸ ਨੂੰ ਮਰਨ ਤੋਂ ਬਾਦ ਰੱਖਿਆ ਸੀ। ਹੁਣ ਜਾਵੋ ਅਤੇ ਉਸ ਦੇ ਚੇਲਿਆਂ ਨੂੰ ਆਖੋ ਕਿ, ਖਾਸ ਕਰ ਪਤਰਸ ਨੂੰ ਜਾਕੇ ਕਹੋ ਕਿ, ‘ਯਿਸੂ ਤੁਹਾਡੇ ਤੋਂ ਪਹਿਲਾਂ ਹੀ ਗਲੀਲ ਵਿੱਚ ਪਹੁੰਚਿਆ ਹੋਵੇਗਾ। ਤੁਸੀਂ ਉਸ ਨੂੰ ਉੱਥੇ ਵੇਖੋਂਗੇ ਜਿਵੇਂ ਕਿ ਉਸ ਨੇ ਖੁਦ ਤੁਹਾਨੂੰ ਦੱਸਿਆ ਸੀ।’”

ਉਹ ਔਰਤਾਂ ਡਰ ਅਤੇ ਘਬਰਾਹਟ ਨਾਲ ਭਰੀਆਂ ਹੋਈਆਂ ਸਨ, ਅਤੇ ਕਬਰ ਕੋਲੋਂ ਭੱਜ ਗਈਆਂ। ਉਨ੍ਹਾਂ ਨੇ ਕਿਸੇ ਨੂੰ ਕੁਝ ਨਾ ਕਿਹਾ ਕਿਉਂਕਿ ਉਹ ਡਰੀਆਂ ਹੋਈਆਂ ਸਨ।

(ਕੁਝ ਮਰਕੁਸ ਦੀਆਂ ਪੁਰਾਣੀਆਂ ਯੂਨਾਨੀ ਪੁਸਤਕਾਂ ਇਸ ਪੁਸਤਕ ਨੂੰ ਇੱਥੇ ਹੀ ਖਤਮ ਕਰਦੀਆਂ ਹਨ।)

ਕੁਝ ਚੇਲਿਆਂ ਨੇ ਯਿਸੂ ਨੂੰ ਵੇਖਿਆ(B)

ਹਫ਼ਤੇ ਦੇ ਪਹਿਲੇ ਦਿਨ, ਤੜਕੇ, ਯਿਸੂ ਪਹਿਲਾਂ ਮਰਿਯਮ ਮਗਦਲੀਨੀ ਅੱਗੇ ਪ੍ਰਗਟ ਹੋਇਆ ਜਿਸ ਵਿੱਚੋਂ ਉਸ ਨੇ ਸੱਤ ਭੂਤਾਂ ਨੂੰ ਕੱਢਿਆ ਸੀ। 10 ਜਦੋਂ ਉਸ ਨੇ ਯਿਸੂ ਨੂੰ ਵੇਖਿਆ, ਉਹ ਗਈ ਅਤੇ ਚੇਲਿਆਂ ਨੂੰ ਕਿਹਾ, ਜੋ ਕਿ ਰੋ ਅਤੇ ਪਿੱਟ ਰਹੇ ਸਨ। 11 ਪਰ ਜਦੋਂ ਉਸ ਨੇ ਇਹ ਦੱਸਿਆ ਕਿ ਉਹ ਜੀ ਉੱਠਿਆ ਹੈ ਅਤੇ ਉਸ ਨੇ ਖੁਦ ਆਪਣੀ ਅੱਖੀਂ ਉਸ ਨੂੰ ਵੇਖਿਆ ਹੈ, ਚੇਲਿਆਂ ਨੇ ਇਸ ਗੱਲ ਨੂੰ ਸੱਚ ਨਾ ਮੰਨਿਆ।

12 ਇਸ ਤੋਂ ਬਾਦ, ਯਿਸੂ ਆਪਣੇ ਦੋ ਚੇਲਿਆਂ ਨੂੰ ਦੂਸਰੇ ਰੂਪ ਵਿੱਚ ਪ੍ਰਗਟਿਆ ਜੋ ਕਿ ਆਪਣੇ ਪਿੰਡ ਦੇ ਰਾਹ ਤੇ ਤੁਰੇ ਜਾ ਰਹੇ ਸਨ। 13 ਇਹ ਚੇਲੇ ਵਾਪਸ ਗਏ ਅਤੇ ਇਸ ਬਾਰੇ ਬਾਕੀ ਦੇ ਚੇਲਿਆਂ ਨੂੰ ਦੱਸਿਆ, ਪਰ ਉਨ੍ਹਾਂ ਨੇ ਉਨ੍ਹਾਂ ਦਾ ਵੀ ਵਿਸ਼ਵਾਸ ਨਹੀਂ ਕੀਤਾ।

ਯਿਸੂ ਦੀ ਰਸੂਲਾਂ ਨਾਲ ਗੱਲ-ਬਾਤ(C)

14 ਬਾਦ ਵਿੱਚ ਯਿਸੂ ਗਿਆਰ੍ਹਾਂ ਰਸੂਲਾਂ ਨੂੰ ਉਦੋਂ ਦਿਖਾਈ ਦਿੱਤਾ ਜਦੋਂ ਉਹ ਭੋਜਨ ਕਰ ਰਹੇ ਸਨ। ਉਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਥੋੜੇ ਵਿਸ਼ਵਾਸ ਅਤੇ ਉਨ੍ਹਾਂ ਦੀ ਜ਼ਿਦ ਲਈ ਝਿੜਕਿਆ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਤੇ ਵਿਸ਼ਵਾਸ ਨਹੀਂ ਕਿਤਾ ਜਿਨ੍ਹਾਂ ਨੇ ਉਸ ਨੂੰ ਜੀ ਉੱਠਣੇ ਤੋਂ ਬਾਦ ਵੇਖਿਆ ਸੀ।

15 ਉਸ ਨੇ ਉਨ੍ਹਾਂ ਨੂੰ ਆਖਿਆ, “ਸਾਰੀ ਦੁਨੀਆਂ ਵਿੱਚ ਜਾਵੋ ਅਤੇ ਹਰ ਵਿਅਕਤੀ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰੋ। 16 ਜੋ ਕੋਈ ਵੀ ਵਿਸ਼ਵਾਸ ਕਰੇਗਾ ਅਤੇ ਬਪਤਿਸਮਾ ਲਵੇਗਾ ਬਚਾਇਆ ਜਾਵੇਗਾ, ਅਤੇ ਜੋ ਕੋਈ ਵਿਸ਼ਵਾਸ ਨਹੀਂ ਕਰੇਗਾ ਉਸ ਨੂੰ ਦੰਡ ਦਿੱਤਾ ਜਾਵੇਗਾ। 17 ਅਤੇ ਜੋ ਕੋਈ ਵੀ ਵਿਸ਼ਵਾਸ ਕਰਦੇ ਹਨ ਇਹ ਕਰਿਸ਼ਮੇ ਸਬੂਤ ਦੇ ਤੌਰ ਤੇ ਕਰਨਗੇ: ਉਹ ਮੇਰੇ ਨਾਂ ਤੇ ਭੂਤਾਂ ਨੂੰ ਕੱਢਣਗੇ। ਅਤੇ ਉਹ ਨਵੀਆਂ-ਨਵੀਆਂ ਬੋਲੀਆਂ ਬੋਲਣਗੇ ਜਿਹੜੀਆਂ ਕਿ ਉਨ੍ਹਾਂ ਕਦੇ ਵੀ ਨਹੀਂ ਸਿੱਖੀਆਂ। 18 ਉਹ ਸੱਪਾਂ ਨੂੰ ਆਪਣੇ ਹੱਥਾਂ ਵਿੱਚ ਫ਼ੜ ਲੈਣਗੇ ਅਤੇ ਜੇਕਰ ਉਹ ਕੋਈ ਜਹਿਰ ਵਾਲੀ ਚੀਜ਼ ਪੀ ਲੈਣਗੇ, ਇਹ ਉਨ੍ਹਾਂ ਨੂੰ ਨੁਕਸਾਨ ਨਹੀਂ ਕਰੇਗੀ। ਜੇਕਰ ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਉਹ ਠੀਕ ਹੋ ਜਾਣਗੇ।”

ਯਿਸੂ ਸਵਰਗ ਨੂੰ ਵਾਪਸ ਜਾਂਦਾ ਹੈ(D)

19 ਜਦੋਂ ਯਿਸੂ ਉਨ੍ਹਾਂ ਨਾਲ ਗੱਲ ਕਰ ਹਟਿਆ, ਤਾਂ ਉਹ ਉੱਪਰ ਸਵਰਗ ਵਿੱਚ ਚੁੱਕ ਲਿਆ ਗਿਆ ਅਤੇ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠ ਗਿਆ। 20 ਤਾਂ ਉਸ ਦੇ ਚੇਲੇ ਚੱਲੇ ਗਏ ਤੇ ਉਨ੍ਹਾਂ ਨੇ ਸਾਰੀ ਦੁਨੀਆਂ ਵਿੱਚ ਜਾਕੇ ਇਸ ਖੁਸ਼ਖਬਰੀ ਦਾ ਪ੍ਰਚਾਰ ਕੀਤਾ। ਅਤੇ ਪ੍ਰਭੂ ਨੇ ਉਨ੍ਹਾਂ ਦੀ ਮਦਦ ਕੀਤੀ। ਪ੍ਰਭੂ ਨੇ ਉਨ੍ਹਾਂ ਨਾਲ ਕੰਮ ਕੀਤਾ ਅਤੇ ਉਨ੍ਹਾਂ ਨੂੰ ਉਸ ਵੱਲੋਂ ਦਿੱਤੀ ਹੋਈ ਕਰਿਸ਼ਮੇ ਕਰਨ ਦੀ ਸ਼ਕਤੀ ਰਾਹੀਂ ਉਨ੍ਹਾਂ ਦੇ ਸੰਦੇਸ਼ ਨੂੰ ਪ੍ਰਮਾਣਿਤ ਕੀਤਾ।

Punjabi Bible: Easy-to-Read Version (ERV-PA)

2010 by World Bible Translation Center