Print Page Options
Previous Prev Day Next DayNext

Chronological

Read the Bible in the chronological order in which its stories and events occurred.
Duration: 365 days
Punjabi Bible: Easy-to-Read Version (ERV-PA)
Version
ਲੂਕਾ 24

ਯਿਸੂ ਦਾ ਪੁਨਰ ਉਥਾਨ(A)

24 ਹਫਤੇ ਦੇ ਪਹਿਲੇ ਦਿਨ ਅਮ੍ਰਿਤ ਵੇਲੇ, ਜੋ ਅਤਰ ਉਨ੍ਹਾਂ ਨੇ ਤਿਆਰ ਕੀਤੇ ਸਨ ਉਹ ਲੈ ਕੇ ਔਰਤਾਂ ਕਬਰ ਤੇ ਆਈਆਂ। ਉਨ੍ਹਾਂ ਨੇ ਵੇਖਿਆ ਕਿ ਜਿਹੜਾ ਪੱਥਰ ਕਬਰ ਦੇ

ਪ੍ਰਵੇਸ਼ ਦੁਆਰ ਤੇ ਰੱਖਿਆ ਗਿਆ ਸੀ, ਪਾਸੇ ਰੋਢ਼ਿਆ ਹੋਇਆ ਸੀ। ਉਹ ਅੰਦਰ ਗਈਆਂ, ਪਰ ਉੱਥੇ ਉਨ੍ਹਾਂ ਨੂੰ ਪ੍ਰਭੂ ਯਿਸੂ ਦੀ ਦੇਹ ਨਾ ਲੱਭੀ। ਜਦੋਂ ਹਾਲੇ ਉਹ ਇਸ ਬਾਰੇ ਅਚੰਭਿਤ ਹੀ ਸਨ, ਦੋ ਦੂਤ ਚਮਕੀਲੇ ਕੱਪੜੇ ਪਾਏ ਹੋਏ ਆਏ ਅਤੇ ਉਨ੍ਹਾਂ ਦੇ ਕੋਲ ਖੜ੍ਹੇ ਹੋ ਗਏ। ਡਰ ਦੇ ਕਾਰਣ ਉਨ੍ਹਾਂ ਨੇ ਆਪਣੇ ਸਿਰ ਝੁਕਾ ਲਏ। ਉਨ੍ਹਾਂ ਦੂਤਾਂ ਨੇ ਉਨ੍ਹਾਂ ਔਰਤਾਂ ਨੂੰ ਆਖਿਆ, “ਤੁਸੀਂ ਜਿਉਂਦਿਆਂ ਹੋਇਆਂ ਨੂੰ ਮੋਇਆਂ ਵਿੱਚ ਕਿਉਂ ਲੱਭ ਰਹੀਆਂ ਹੋ? ਉਹ ਇੱਥੇ ਨਹੀਂ ਹੈ। ਉਹ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੈ। ਕੀ ਤੁਹਾਨੂੰ ਯਾਦ ਹੈ ਤੁਹਾਨੂੰ ਕੀ ਆਖਿਆ ਸੀ ਜਦੋਂ ਉਹ ਗਲੀਲ ਵਿੱਚ ਸੀ? ਉਸ ਨੇ ਆਖਿਆ ਕਿ, ਮਨੁੱਖ ਦਾ ਪੁੱਤਰ ਭ੍ਰਿਸ਼ਟ ਲੋਕਾਂ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ ਅਤੇ, ਸੂਲੀ ਤੇ ਮਰਵਾਇਆ ਜਾਵੇਗਾ ਅਤੇ ਤੀਜੇ ਦਿਨ ਫ਼ਿਰ ਜੀਅ ਉੱਠੇਗਾ।” ਤਦ ਉਨ੍ਹਾਂ ਔਰਤਾਂ ਨੂੰ ਯਿਸੂ ਦੇ ਕੀਤੇ ਬਚਨ ਯਾਦ ਆਏ।

ਤਦ ਔਰਤਾਂ ਕਬਰ ਤੋਂ ਵਿਦਾ ਹੋ ਗਈਆਂ ਅਤੇ ਗਿਆਰ੍ਹਾਂ ਰਸੂਲਾਂ ਅਤੇ ਬਾਕੀ ਦੇ ਸਾਰੇ ਚੇਲਿਆਂ ਕੋਲ ਆ ਗਈਆਂ। ਉਨ੍ਹਾਂ ਨੇ ਇਨ੍ਹਾਂ ਸਭ ਗੱਲਾਂ ਬਾਰੇ ਉਨ੍ਹਾਂ ਨੂੰ ਦਸਿਆ। 10 ਇਹ ਔਰਤਾਂ ਮਰਿਯਮ ਮਗਦਲੀਨੀ, ਯੋਆਨਾ ਅਤੇ ਯਾਕੂਬ ਦੀ ਮਾਂ ਅਤੇ ਕੁਝ ਹੋਰ ਔਰਤਾਂ ਸਨ। ਉਨ੍ਹਾਂ ਨੇ ਇਹ ਗੱਲਾਂ ਰਸੂਲਾਂ ਨੂੰ ਕਹੀਆਂ। 11 ਪਰ ਰਸੂਲਾਂ ਨੇ ਔਰਤਾਂ ਦਾ ਵਿਸ਼ਵਾਸ ਨਹੀਂ ਕੀਤਾ, ਕਿਉਂਕਿ ਉਨ੍ਹਾਂ ਦੇ ਸ਼ਬਦ ਉਨ੍ਹਾਂ ਲਈ ਮੂਰੱਖਤਾ ਵਾਲੀਆਂ ਗੱਲਾਂ ਵਾਂਗ ਸਨ। 12 ਪਰ ਪਤਰਸ ਉੱਠਿਆ ਅਤੇ ਕਬਰ ਵੱਲ ਨੂੰ ਦੌੜਿਆ, ਪਰ ਉਸ ਨੇ ਸਿਰਫ਼ ਮਲਮਲ ਦਾ ਕੱਪੜਾ ਵੇਖਿਆ ਜਿਸ ਵਿੱਚ ਯਿਸੂ ਦਾ ਸਰੀਰ ਲਪੇਟਿਆ ਹੋਇਆ ਸੀ। ਇਸ ਸਭ ਬਾਰੇ ਹੈਰਾਨੀ ਨਾਲ ਭਰਿਆ, ਉਹ ਉੱਥੋਂ ਚੱਲਾ ਗਿਆ।

ਇੰਮਊਸ ਦੀ ਸੜਕ ਤੇ(B)

13 ਉਸੇ ਦਿਨ, ਯਿਸੂ ਦੇ ਦੋ ਚੇਲੇ ਇੰਮਊਸ ਸ਼ਹਿਰ ਨੂੰ ਜਾ ਰਹੇ ਸਨ ਜੋ ਕਿ ਯਰੂਸ਼ਲਮ ਤੋਂ ਸੱਤ ਮੀਲ ਸੀ। 14 ਉਹ ਇੱਕ ਦੂਸਰੇ ਨਾਲ ਇਨ੍ਹਾਂ ਸਭ ਗੱਲਾਂ ਬਾਰੇ ਗੱਲਾਂ ਕਰ ਰਹੇ ਸਨ। 15 ਜਦੋਂ ਉਹ ਇਨ੍ਹਾਂ ਗੱਲਾਂ ਬਾਰੇ ਚਰਚਾ ਕਰ ਰਹੇ ਸਨ, ਯਿਸੂ ਖੁਦ ਉਨ੍ਹਾਂ ਨਾਲ ਰਲ ਗਿਆ ਅਤੇ ਉਨ੍ਹਾਂ ਨਾਲ ਚੱਲਣ ਲੱਗ ਪਿਆ। 16 ਪਰ ਉਨ੍ਹਾਂ ਦੀਆਂ ਅੱਖਾਂ ਨੇ ਉਸ ਨੂੰ ਪਛਾਨਣ ਨਹੀਂ ਦਿੱਤਾ। 17 ਤਦ ਯਿਸੂ ਨੇ ਕਿਹਾ, “ਜਦੋਂ ਤੁਸੀਂ ਤੁਰ ਰਹੇ ਸੀ ਉਹ ਕੀ ਸੀ ਜਿਸ ਬਾਰੇ ਤੁਸੀਂ ਚਰਚਾ ਕਰ ਰਹੇ ਸੀ?”

ਉਹ ਦੋਨੋ ਮਨੁੱਖ ਖਲੋ ਗਏ, ਉਨ੍ਹਾਂ ਦੇ ਚਿਹਰੇ ਬੜੇ ਉਦਾਸ ਨਜ਼ਰ ਆ ਰਹੇ ਸਨ। 18 ਉਨ੍ਹਾਂ ਵਿੱਚੋਂ ਇੱਕ ਜਿਸਦਾ ਨਾਂ ਕਲਿਉਪਸ ਸੀ, ਨੇ ਕਿਹਾ, “ਯਰੂਸ਼ਲਮ ਸ਼ਹਿਰ ਵਿੱਚ ਤੂੰ ਹੀ ਇੱਕ ਅਜਿਹਾ ਮਨੁੱਖ ਹੋਵੇਂਗਾ ਜਿਸ ਨੂੰ ਇਹ ਨਹੀਂ ਪਤਾ ਕਿ ਉੱਥੇ ਪਿੱਛਲੇ ਕੁਝ ਦਿਨੀ ਕੀ ਵਾਪਰਿਆ ਸੀ।”

19 ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ?”

ਉਨ੍ਹਾਂ ਨੇ ਉਸ ਨੂੰ ਕਿਹਾ, “ਇਹ ਨਾਸਰਤ ਦੇ ਯਿਸੂ ਬਾਰੇ ਹੈ। ਉਹ ਪਰਮੇਸ਼ੁਰ ਅਤੇ ਲੋਕਾਂ ਲਈ ਇੱਕ ਮਹਾਨ ਨਬੀ ਸੀ। ਇਹ ਉਸ ਨੇ ਸ਼ਕਤੀਸ਼ਾਲੀ ਬਚਨਾਂ ਅਤੇ ਕਰਨੀਆ ਦੁਆਰਾ ਸਾਬਤ ਕਰ ਦਿੱਤਾ। 20 ਪਰ ਸਾਡੇ ਪ੍ਰਧਾਨ ਜਾਜਕਾਂ ਨੇ ਉਸ ਨੂੰ ਸਜ਼ਾ ਦੇਣ ਲਈ ਮੌਤ ਦੇ ਹਵਾਲੇ ਕਰ ਦਿੱਤਾ। ਅਤੇ ਉਨ੍ਹਾਂ ਨੇ ਉਸ ਨੂੰ ਸਲੀਬ ਉੱਪਰ ਠੋਕ ਦਿੱਤਾ। 21 ਪਰ ਸਾਨੂੰ ਆਸ ਸੀ ਕਿ ਉਹੀ ਸੀ ਜੋ ਇਸਰਾਏਲ ਨੂੰ ਛੁਟਕਾਰਾ ਦੇ ਦਿੰਦਾ। ਪਰ ਉਸੇ ਦੌਰਾਨ ਇਹ ਸਭ ਵਾਪਰ ਗਿਆ।

“ਯਿਸੂ ਨੂੰ ਮਰਿਆਂ ਤਿੰਨ ਦਿਨ ਹੋ ਗਏ ਹਨ। 22 ਪਰ ਸਾਡੀਆਂ ਕੁਝ ਔਰਤਾਂ ਨੇ ਸਾਨੂੰ ਕੁਝ ਹੈਰਾਨੀਜਨਕ ਖਬਰ ਦਿੱਤੀ। 23 ਅੱਜ ਸਵੇਰ ਵੇਲੇ ਇਹ ਔਰਤਾਂ ਯਿਸੂ ਦੀ ਕਬਰ ਵੱਲ ਗਈਆਂ। ਪਰ ਉਸਦਾ ਸਰੀਰ ਉਸ ਵਿੱਚ ਨਾ ਲੱਭਿਆ। ਉਹ ਆਈਆਂ ਅਤੇ ਸਾਨੂੰ ਕਿਹਾ ਕਿ ਉਨ੍ਹਾਂ ਨੇ ਇੱਕ ਦਰਸ਼ਨ ਵੇਖਿਆ ਹੈ ਅਤੇ ਦਰਸ਼ਨ ਵਿੱਚ ਦੂਤਾਂ ਨੇ ਉਨ੍ਹਾਂ ਨੂੰ ਕਿਹਾ ਕਿ ਯਿਸੂ ਜਿਉਂਦਾ ਹੈ। 24 ਸਾਡੇ ਸਮੂਹ ਦੇ ਕੁਝ ਲੋਕ ਵੀ ਕਬਰ ਵੇਖਣ ਲਈ ਗਏ, ਅਤੇ ਉਨ੍ਹਾਂ ਨੇ ਵੀ ਉਹੀ ਕੁਝ ਵੇਖਿਆ ਜੋ ਔਰਤਾਂ ਨੇ ਆਖਿਆ ਸੀ। ਉਨ੍ਹਾਂ ਨੇ ਕਬਰ ਵੇਖੀ ਪਰ ਉੱਥੇ ਯਿਸੂ ਨਾ ਲੱਭਿਆ।”

25 ਤਦ ਯਿਸੂ ਨੇ ਉਨ੍ਹਾਂ ਮਨੁੱਖਾਂ ਨੂੰ ਕਿਹਾ, “ਤੁਸੀਂ ਮੂਰਖ ਹੋ ਅਤੇ ਸਮਝਣ ਵਿੱਚ ਢਿੱਲੇ ਹੋ। ਜੋ ਕੁਝ ਨਬੀਆਂ ਨੇ ਆਖਿਆ ਹੈ ਤੁਹਾਨੂੰ ਉਸ ਸਭ ਕਾਸੇ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। 26 ਉਨ੍ਹਾਂ ਨੇ ਆਖਿਆ, ਕਿ ਮਸੀਹ ਨੂੰ ਆਪਣੀ ਮਹਿਮਾ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇਨ੍ਹਾਂ ਸਭ ਕਸ਼ਟਾਂ ਵਿੱਚੋਂ ਲੰਘਣਾ ਜ਼ਰੂਰੀ ਸੀ।” 27 ਫ਼ਿਰ ਯਿਸੂ ਨੇ ਮੁੱਢੋਂ ਮੂਸਾ ਅਤੇ ਹੋਰ ਸਭਨਾਂ ਨਬੀਆਂ ਤੋਂ, ਜੋ ਕੁਝ ਵੀ ਪੋਥੀਆਂ ਵਿੱਚ ਉਸ ਬਾਰੇ ਲਿਖਿਆ ਸੀ, ਵਰਨਣ ਕਰਨਾ ਸ਼ੁਰੂ ਕਰ ਦਿੱਤਾ।

28 ਜਦੋਂ ਉਹ ਇੰਮਊਸ ਸ਼ਹਿਰ ਦੇ ਨੇੜੇ ਪਹੁੰਚੇ ਤਾਂ ਉਸ ਨੇ ਉੱਥੇ ਨਾ ਰੁਕਦੇ ਹੋਏ ਅੱਗੇ ਨੂੰ ਜਾਣ ਦਾ ਇਸ਼ਾਰਾ ਕੀਤਾ। 29 ਪਰ ਉਨ੍ਹਾਂ ਨੇ ਜੋਰ ਪੂਰਵਕ ਉਸ ਨੂੰ ਬੇਨਤੀ ਕੀਤੀ, “ਸਾਡੇ ਨਾਲ ਠਹਿਰ ਜਾ, ਕਾਫ਼ੀ ਸਮਾਂ ਹੋ ਗਿਆ ਹੈ, ਲੱਗਭੱਗ ਰਾਤ ਹੋ ਗਈ ਹੈ।” ਤਾਂ ਉਹ ਉਨ੍ਹਾਂ ਨਾਲ ਠਹਿਰਨ ਲਈ ਅੰਦਰ ਚੱਲਿਆ ਗਿਆ।

30 ਤਦ ਯਿਸੂ ਉਨ੍ਹਾਂ ਨਾਲ ਰੋਟੀ ਖਾਣ ਲਈ ਬੈਠ ਗਿਆ ਅਤੇ ਉਸ ਨੇ ਰੋਟੀ ਹੱਥ ਵਿੱਚ ਫ਼ੜਕੇ ਧੰਨਵਾਦ ਕੀਤਾ। ਫ਼ੇਰ ਉਸ ਨੇ ਰੋਟੀ ਤੋੜੀ ਅਤੇ ਉਨ੍ਹਾਂ ਨੂੰ ਦੇ ਦਿੱਤੀ। 31 ਉਸ ਵਕਤ ਉਨ੍ਹਾਂ ਮਨੁੱਖਾਂ ਦੀਆਂ ਅੱਖਾਂ ਖੁਲ੍ਹੀਆਂ ਅਤੇ ਉਨ੍ਹਾਂ ਨੇ ਯਿਸੂ ਨੂੰ ਪਛਾਣ ਲਿਆ। ਪਰ ਜਦੋਂ ਉਹ ਉਸ ਨੂੰ ਵੇਖਣ ਲੱਗੇ ਤਾਂ ਉਹ ਅਲੋਪ ਹੋ ਗਿਆ। 32 ਜਦੋਂ ਰਾਹ ਵਿੱਚ ਯਿਸੂ ਸਾਡੇ ਨਾਲ ਗੱਲ ਕਰ ਰਿਹਾ ਸੀ ਅਤੇ ਸਾਨੂੰ ਪੋਥੀਆਂ ਦੇ ਸੱਚੇ ਅਰੱਥਾਂ ਦੀ ਵਿਆਖਿਆ ਕਰ ਰਿਹਾ ਸੀ ਤਾਂ ਇਹ ਸਾਡੇ ਦਿਲਾਂ ਅੰਦਰ ਅੱਗ ਮੱਚਣ ਵਾਂਗ ਸੀ।

33 ਉਹ ਤੁਰੰਤ ਹੀ ਉੱਠੇ ਅਤੇ ਯਰੂਸ਼ਲਮ ਨੂੰ ਮੁੜੇ। ਉੱਥੇ ਉਨ੍ਹਾਂ ਨੇ ਗਿਆਰਾਂ ਰਸੂਲਾਂ ਅਤੇ ਬਾਕੀ ਚੇਲਿਆਂ ਨੂੰ ਇਕੱਠੇ ਹੋਏ ਦੇਖਿਆ। 34 ਉਹ ਕਹਿ ਰਹੇ ਸਨ, “ਪ੍ਰਭੂ ਯਿਸੂ ਸੱਚਮੁੱਚ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਉਹ ਸ਼ਮਊਨ ਪਤਰਸ ਨੂੰ ਵਿਖਾਈ ਵੀ ਦਿੱਤਾ ਹੈ।”

35 ਤਦ ਉਨ੍ਹਾਂ ਦੋਹਾਂ ਮਨੁੱਖਾਂ ਨੇ, ਰਸਤੇ ਵਿੱਚ ਜੋ ਘਟਨਾ ਵਾਪਰੀ ਸੀ ਉਨ੍ਹਾਂ ਨੂੰ ਉਸਦਾ ਹਾਲ ਸੁਣਾਇਆ। ਉਹਨਾਂ ਨੇ ਇਹ ਵੀ ਜਾਕੇ ਦੱਸਿਆ ਕਿ ਉਨ੍ਹਾਂ ਨੂੰ ਯਿਸੂ ਦੀ ਪਛਾਣ ਤਦ ਆਈ ਜਦੋਂ ਉਹ ਰੋਟੀ ਤੋੜ ਰਿਹਾ ਸੀ।

ਯਿਸੂ ਦਾ ਆਪਣੇ ਚੇਲਿਆਂ ਅੱਗੇ ਪ੍ਰਗਟ ਹੋਣਾ(C)

36 ਜਦੋਂ ਉਹ ਦੋ ਆਦਮੀ ਇਹ ਗੱਲਾਂ ਦੂਜਿਆਂ ਨੂੰ ਸੁਣਾ ਰਹੇ ਸਨ ਤਾਂ ਯਿਸੂ ਆਇਆ ਅਤੇ ਸਮੂਹ ਵਿੱਚ ਖੜ੍ਹਾ ਹੋ ਗਿਆ ਅਤੇ ਉਨ੍ਹਾਂ ਨੂੰ ਆਖਣ ਲੱਗਾ, “ਤੁਹਾਨੂੰ ਸ਼ਾਂਤੀ ਮਿਲੇ।”

37 ਪਰ ਸਭ ਚੇਲੇ ਵਿਆਕੁਲ ਹੋਕੇ ਡਰ ਗਏ। ਉਹ ਇਹ ਸਮਝੇ ਕਿ ਉਹ ਕਿਸੇ ਭੂਤ ਨੂੰ ਵੇਖ ਰਹੇ ਹਨ। 38 ਪਰ ਯਿਸੂ ਨੇ ਕਿਹਾ, “ਤੁਸੀਂ ਜੋ ਵੇਖ ਰਹੇ ਹੋ ਉਸਤੇ ਸ਼ੰਕਾ ਕਿਉਂ ਕਰ ਰਹੇ ਹੋ? 39 ਵੇਖੋ! ਮੇਰੇ ਹੱਥਾਂ ਅਤੇ ਮੇਰੇ ਪੈਰਾਂ ਵੱਲ ਵੇਖੋ। ਇਹ ਮੈਂ ਹੀ ਹਾਂ, ਮੈਨੂੰ ਛੁਹਕੇ ਵੇਖੋ। ਮੈਂ ਜਿਉਂਦਾ-ਜਾਗਦਾ ਹਾਂ। ਭੂਤ ਦਾ ਸਰੀਰ ਇਵੇਂ ਦਾ ਤਾਂ ਨਹੀਂ ਹੁੰਦਾ।”

40 ਜਦੋਂ ਯਿਸੂ ਨੇ ਉਨ੍ਹਾਂ ਨੂੰ ਇਹ ਕੁਝ ਆਖਿਆ, ਉਸ ਨੇ ਇਸਦੇ ਨਾਲ ਆਪਣੇ ਹੱਥ ਅਤੇ ਪੈਰ ਵਿਖਾਏ। 41 ਚੇਲੇ ਹੈਰਾਨ ਸਨ ਅਤੇ ਯਿਸੂ ਨੂੰ ਜਿਉਂਦਾ ਵੇਖਕੇ ਅਨੰਦ ਨਾਲ ਭਰ ਗਏ। ਪਰ ਅਜੇ ਵੀ ਉਹ ਵਿਸ਼ਵਾਸ ਨਾ ਕਰ ਸੱਕੇ। ਫ਼ਿਰ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਇੱਥੇ ਤੁਹਾਡੇ ਕੋਲ ਖਾਣ ਲਈ ਕੁਝ ਭੋਜਨ ਹੈ?” 42 ਉਨ੍ਹਾਂ ਨੇ ਉਸ ਨੂੰ ਭੁੱਜੀ ਮੱਛੀ ਦਾ ਟੁਕੜਾ ਦਿੱਤਾ। 43 ਯਿਸੂ ਨੇ ਉਨ੍ਹਾਂ ਕੋਲੋਂ ਲੈ ਕੇ ਉਨ੍ਹਾਂ ਦੇ ਸਾਹਮਣੇ ਉਹ ਖਾ ਲਿਆ।

44 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਯਾਦ ਕਰੋ ਜਦੋਂ ਪਹਿਲਾਂ ਮੈਂ ਤੁਹਾਡੇ ਨਾਲ ਸੀ, ਮੈਂ ਤੁਹਾਨੂੰ ਕੀ ਕਿਹਾ ਸੀ ਕਿ ਮੇਰੇ ਬਾਰੇ ਜੋ ਕੁਝ ਵੀ ਮੂਸਾ ਦੀ ਸ਼ਰ੍ਹਾ ਵਿੱਚ, ਨਬੀਆਂ ਦੀਆਂ ਪੁਸਤਕਾਂ ਵਿੱਚ ਅਤੇ ਜ਼ਬੂਰਾਂ ਦੀਆਂ ਪੋਥੀਆਂ ਵਿੱਚ ਲਿਖਿਆ ਗਿਆ ਹੈ, ਸੰਪੂਰਣ ਹੋਣਾ ਚਾਹੀਦਾ ਹੈ।”

45 ਫਿਰ ਯਿਸੂ ਨੇ ਉਨ੍ਹਾਂ ਦੇ ਮਨ ਖੋਲ੍ਹ ਦਿੱਤੇ ਤਾਂ ਜੋ ਉਹ ਪੋਥੀਆਂ ਨੂੰ ਸਮਝ ਸੱਕਣ। 46 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇਹੀ ਹੈ ਜੋ ਲਿਖਿਆ ਗਿਆ ਹੈ: ਮਸੀਹ ਜ਼ਰੂਰ ਮਰੇਗਾ ਅਤੇ ਫੇਰ ਮੌਤ ਤੋਂ ਤੀਜੇ ਦਿਨ ਜੀਅ ਉੱਠੇਗਾ। 47-48 ਜੋ ਕੁਝ ਵਾਪਰਿਆ ਹੈ ਤੁਸੀਂ ਉਸ ਦੇ ਗਵਾਹ ਹੋ। ਹੁਣ ਤੁਹਾਨੂੰ ਜਾਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਦੱਸੋ ਕਿ ਉਹਨਾਂ ਨੂੰ ਆਪਣੇ ਪਾਪਾਂ ਲਈ ਦੁੱਖੀ ਹੋਣਾ ਹੀ ਚਾਹੀਦਾ ਹੈ। ਅਤੇ ਆਪਣੇ ਦਿਲ ਬਦਲ ਲੈਣੇ ਚਾਹੀਦੇ ਹਨ, ਤਾਂ ਹੀ ਪਰਮੇਸ਼ੁਰ ਉਨ੍ਹਾਂ ਦੇ ਪਾਪ ਮਾਫ਼ ਕਰੇਗਾ। ਤੂਹਾਨੂੰ ਇਹ ਸੰਦੇਸ਼ ਮੇਰੇ ਨਾਮ ਤੇ ਯਰੂਸ਼ਲਮ ਤੋਂ ਲੈ ਕੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚ ਪਰਚਾਰ ਕਰਨਾ ਚਾਹੀਦਾ ਹੈ। 49 ਸੁਣੋ! ਜੋ ਮੇਰੇ ਪਿਤਾ ਨੇ ਤੁਹਾਡੇ ਨਾਲ ਵਾਦਾ ਕੀਤਾ ਹੈ ਕਿ ਮੈਂ ਤੁਹਾਨੂੰ ਭੇਜਾਂਗਾ। ਪਰ ਜਦ ਤੱਕ ਤੁਸੀਂ ਸਵਰਗ ਤੋਂ ਸ਼ਕਤੀ ਪ੍ਰਾਪਤ ਨਾ ਕਰ ਲਵੋਂ ਓਨਾ ਚਿਰ ਤੁਹਾਨੂੰ ਯਰੂਸ਼ਲਮ ਵਿੱਚ ਰਹਿਣਾ ਪਵੇਗਾ।”

ਯਿਸੂ ਦਾ ਸੁਰਗ ਨੂੰ ਪਰਤਨਾ(D)

50 ਯਦ ਯਿਸੂ ਆਪਣੇ ਚੇਲਿਆਂ ਨੂੰ ਯਰੂਸ਼ਲਮ ਤੋਂ ਬਾਹਰ ਬੈਤਅਨੀਆ ਦੇ ਸਾਹਮਣੇ ਲੈ ਗਿਆ। ਉਸ ਨੇ ਆਪਣੇ ਹੱਥ ਉਤਾਂਹ ਨੂੰ ਚੁੱਕੇ ਅਤੇ ਆਪਣੇ ਚੇਲਿਆਂ ਨੂੰ ਅਸੀਸ ਦਿੱਤੀ। 51 ਜਦੋਂ ਯਿਸੂ ਉਨ੍ਹਾਂ ਨੂੰ ਅਸੀਸ ਦੇ ਰਿਹਾ ਸੀ ਤਾਂ ਉਸ ਨੂੰ ਉਨ੍ਹਾਂ ਤੋਂ ਅਲੱਗ ਕੀਤਾ ਗਿਆ ਅਤੇ ਸੁਰਗ ਵੱਲ ਲਿਜਾਇਆ ਗਿਆ। 52 ਉਸ ਦੇ ਚੇਲੇ ਉੱਥੇ ਉਸਦੀ ਉਪਾਸਨਾ ਕਰਦੇ ਰਹੇ ਅਤੇ ਉਸਤੋਂ ਬਾਦ ਉਹ ਸ਼ਹਿਰ ਵੱਲ ਨੂੰ ਮੁੜ ਆਏ। ਉਹ ਬਹੁਤ ਖੁਸ਼ ਸਨ। 53 ਉਹ ਸਾਰੇ ਪਰਮੇਸ਼ੁਰ ਦੀ ਉਸਤਤਿ ਕਰਦੇ, ਮੰਦਰ ਵਿੱਚ ਰਹੇ।

ਯੂਹੰਨਾ 20-21

ਕੁਝ ਚੇਲਿਆਂ ਨੇ ਯਿਸੂ ਦੀ ਕਬਰ ਨੂੰ ਖਾਲੀ ਪਾਇਆ(A)

20 ਹਫ਼ਤੇ ਦੇ ਪਹਿਲੇ ਦਿਨ, ਅਮ੍ਰਿਤ ਵੇਲੇ, ਮਰਿਯਮ ਮਗਦਲੀਨੀ ਕਬਰ ਕੋਲ ਗਈ, ਜਿੱਥੇ ਯਿਸੂ ਦਾ ਸਰੀਰ ਪਿਆ ਹੋਇਆ ਸੀ। ਅਜੇ ਹਨੇਰਾ ਹੀ ਸੀ। ਉਸ ਨੇ ਵੇਖਿਆ ਜਿਸ ਪੱਥਰ ਨੇ ਕਬਰ ਢੱਕੀ ਹੋਈ ਸੀ ਉਹ ਹਟਿਆ ਹੋਇਆ ਸੀ। ਤਾਂ ਮਰਿਯਮ ਨੱਸਦੀ ਹੋਈ ਸ਼ਮਊਨ ਪਤਰਸ ਅਤੇ ਯਿਸੂ ਦੇ ਹੋਰ ਚੇਲਿਆਂ ਜਿਨ੍ਹਾਂ ਨੂੰ ਯਿਸੂ ਨੇ ਪਿਆਰ ਕੀਤਾ ਸੀ, ਕੋਲ ਗਈ। ਉਸ ਨੇ ਉਨ੍ਹਾਂ ਨੂੰ ਆਖਿਆ, “ਉਨ੍ਹਾਂ ਨੇ ਪ੍ਰਭੂ ਨੂੰ ਕਬਰ ਵਿੱਚੋਂ ਕੱਢ ਲਿਆ ਹੈ ਅਤੇ ਅਸੀਂ ਨਹੀਂ ਜਾਣਦੇ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ?”

ਤਾਂ ਪਤਰਸ ਅਤੇ ਦੂਜੇ ਚੇਲੇ ਨੇ ਕਬਰ ਵੱਲ ਜਾਣਾ ਸ਼ੁਰੂ ਕੀਤਾ। ਉਹ ਦੋਵੇਂ ਭੱਜ ਰਹੇ ਸਨ ਪਰ ਦੂਜਾ ਚੇਲਾ ਪਤਰਸ ਨਾਲੋਂ ਤੇਜ ਭੱਜ ਰਿਹਾ ਸੀ ਅਤੇ ਕਬਰ ਕੋਲ ਪਹਿਲਾਂ ਪਹੁੰਚ ਹਿਆ। ਇਸਨੇ ਥੱਲੇ ਝੁਕ ਕੇ ਅੰਦਰ ਵੇਖਿਆ ਤਾਂ ਉਸ ਨੇ ਉਹ ਮਲਮਲ ਦੇ ਕੱਪੜੇ ਉੱਥੇ ਪਏ ਹੋਏ ਵੇਖੇ, ਪਰ ਉਹ ਅੰਦਰ ਨਾ ਗਿਆ।

ਤਦ ਸ਼ਮਊਨ ਪਤਰਸ ਵੀ ਉਸ ਦੇ ਮਗਰ ਆ ਪਹੁੰਚਾ ਅਤੇ ਉਹ ਕਬਰ ਦੇ ਅੰਦਰ ਵੜ ਗਿਆ ਉਸ ਨੇ ਵੀ ਉੱਥੇ ਮਲਮਲ ਦੇ ਕੱਪੜੇ ਪਏ ਵੇਖੇ। ਉਸ ਨੇ ਉਹ ਕੱਪੜਾ ਵੀ ਵੇਖਿਆ ਜਿਹੜਾ ਯਿਸੂ ਦੇ ਸਿਰ ਤੇ ਲਪੇਟਿਆ ਹੋਇਆ ਸੀ। ਅਤੇ ਉਹ ਕੱਪੜਾ ਤਹਿ ਕਰਕੇ ਉਨ੍ਹਾਂ ਮਲਮਲ ਦੇ ਕੱਪੜਿਆ ਤੋਂ ਹਟ ਕੇ ਇੱਕ ਪਾਸੇ ਪਿਆ ਹੋਇਆ ਸੀ। ਫਿਰ ਦੂਜਾ ਚੇਲਾ ਵੀ ਅੰਦਰ ਗਿਆ ਇਹ ਉਹ ਚੇਲਾ ਸੀ ਜਿਹੜਾ ਕਿ ਕਬਰ ਉੱਤੇ ਪਤਰਸ ਤੋਂ ਪਹਿਲਾਂ ਪੁੰਹਚਿਆ ਸੀ। ਜਦ ਉਸ ਨੇ ਇਹ ਸਭ ਵਾਪਰਿਆ ਵੇਖਿਆ ਤਾਂ ਉਸ ਨੂੰ ਨਿਹਚਾ ਹੋਈ। (ਉਹ ਚੇਲੇ ਉਦੋਂ ਤੱਕ ਇਹ ਨਾ ਸਮਝ ਸੱਕੇ ਸਨ ਕਿ ਪੋਥੀਆਂ ਵਿੱਚ ਕੀ ਲਿਖਿਆ ਹੋਇਆ ਸੀ, ਕਿ ਯਿਸੂ ਨੂੰ ਮੁਰਦਿਆਂ ਵਿੱਚੋਂ ਜੀ ਉੱਠਣਾ ਹੈ।)

ਯਿਸੂ ਦਾ ਮਰਿਯਮ ਮਗਦਲੀਨੀ ਅੱਗੇ ਪ੍ਰਗਟ ਹੋਣਾ(B)

10 ਫ਼ੇਰ ਚੇਲੇ ਘਰ ਨੂੰ ਵਾਪਸ ਮੁੜੇ। ਮਰਿਯਮ ਅਜੇ ਵੀ ਕਬਰ ਦੇ ਬਾਹਰ ਖੜ੍ਹੀ ਰੋ ਰਹੀ ਸੀ। 11 ਜਦੋਂ ਉਹ ਰੋ ਰਹੀ ਸੀ ਤਾਂ ਰੋਂਦੀ-ਰੋਂਦੀ ਨੇ ਝੁਕ ਕੇ ਕਬਰ ਅੰਦਰ ਵੇਖਿਆ। 12 ਮਰਿਯਮ ਨੇ ਦੂਤ ਸਫ਼ੇਦ ਪੋਸ਼ਾਕ ਪਾਏ ਹੋਏ ਵੇਖੇ, ਉਹ ਉੱਥੇ ਬੈਠੇ ਹੋਏ ਸਨ ਜਿੱਥੇ ਯਿਸੂ ਦਾ ਸਰੀਰ ਪਾਇਆ ਹੋਇਆ ਸੀ। ਇੱਕ ਦੂਤ ਯਿਸੂ ਦੇ ਸਿਰ ਵਾਲੇ ਪਾਸੇ ਬੈਠਾ ਸੀ ਤੇ ਦੂਜਾ ਦੂਤ ਉਸ ਦੇ ਪੈਰਾਂ ਵਾਲੇ ਪਾਸੇ ਬੈਠਾ ਹੋਇਆ ਸੀ।

13 ਦੂਤਾਂ ਨੇ ਮਰਿਯਮ ਨੂੰ ਪੁੱਛਿਆ, “ਹੇ ਔਰਤ, ਤੂੰ ਰੋ ਕਿਉਂ ਰਹੀ ਹੈਂ?”

ਮਰਿਯਮ ਨੇ ਉੱਤਰ ਦਿੱਤਾ, “ਕੁਝ ਲੋਕਾਂ ਨੇ ਮੇਰੇ ਪ੍ਰਭੂ ਦਾ ਸਰੀਰ ਲੈ ਲਿਆ ਹੈ, ਤੇ ਮੈਂ ਨਹੀਂ ਜਾਣਦੀ ਕਿ ਉਨ੍ਹਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ।” 14 ਜਦੋਂ ਉਸ ਨੇ ਇਹ ਆਖਿਆ ਅਤੇ ਆਸੇ-ਪਾਸੇ ਮੁੜੀ, ਤਾਂ ਉੱਥੇ ਉਸ ਨੇ ਯਿਸੂ ਨੂੰ ਖੜ੍ਹਿਆਂ ਵੇਖਿਆ ਪਰ ਉਹ ਇਹ ਨਹੀਂ ਸੀ ਜਾਣਦੀ ਕਿ ਇਹ ਯਿਸੂ ਹੀ ਹੈ।

15 ਯਿਸੂ ਨੇ ਉਸ ਨੂੰ ਕਿਹਾ, “ਹੇ ਔਰਤ, ਤੂੰ ਕਿਉਂ ਰੋ ਰਹੀ ਹੈ? ਅਤੇ ਤੂੰ ਕਿਸ ਨੂੰ ਲੱਭ ਰਹੀ ਹੈਂ?”

ਮਰਿਯਮ ਨੇ ਸੋਚਿਆ ਕਿ ਸ਼ਾਇਦ ਇਹ ਆਦਮੀ ਇਸ ਬਾਗ ਦਾ ਮਾਲੀ ਹੈ, ਅਤੇ ਉਸ ਨੂੰ ਆਖਿਆ, “ਜਨਾਬ, ਜੇ ਤੁਸੀਂ ਉਸ ਨੂੰ ਲੈ ਗਏ ਹੋ, ਤਾਂ ਮੈਨੂੰ ਦੱਸੋ ਕਿ ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ। ਤਾਂ ਜੋ ਮੈਂ ਜਾ ਸੱਕਾਂ ਅਤੇ ਉਸ ਨੂੰ ਲੈ ਲਵਾਂ।”

16 ਯਿਸੂ ਨੇ ਉਸ ਨੂੰ ਆਖਿਆ, “ਮਰਿਯਮ।”

ਮਰਿਯਮ ਮੁੜੀ ਅਤੇ ਯਿਸੂ ਵੱਲ ਤੱਕਿਆ ਅਤੇ ਇਬਰਾਨੀ ਭਾਸ਼ਾ ਵਿੱਚ ਬੋਲੀ, “ਰੱਬੋਨੀ” ਭਾਵ “ਗੁਰੂ।”

17 ਯਿਸੂ ਨੇ ਉਸ ਨੂੰ ਆਖਿਆ, “ਮੈਨੂੰ ਨਾ ਛੂਹ! ਅਜੇ ਮੈਂ ਆਪਣੇ ਪਿਤਾ ਕੋਲ ਨਹੀਂ ਗਿਆ। ਪਰ ਤੂੰ ਮੇਰੇ ਭਰਾਵਾਂ ਕੋਲ ਜਾ ਅਤੇ ਉਨ੍ਹਾਂ ਨੂੰ ਇਹ ਦੱਸ: ‘ਮੈਂ ਵਾਪਸ ਆਪਣੇ ਅਤੇ ਤੁਹਾਡੇ ਪਿਤਾ ਕੋਲ ਜਾ ਰਿਹਾ ਹਾਂ। ਮੇਰੇ ਪਰਮੇਸ਼ੁਰ ਅਤੇ ਤੁਹਾਡੇ ਪਰਮੇਸ਼ੁਰ ਕੋਲ।’”

18 ਮਰਿਯਮ ਮਗਦਲੀਨੀ ਚੇਲਿਆਂ ਕੋਲ ਗਈ ਅਤੇ ਉਨ੍ਹਾਂ ਨੂੰ ਜਾਕੇ ਦੱਸਿਆ, “ਮੈਂ ਪ੍ਰਭੂ ਨੂੰ ਵੇਖਿਆ ਹੈ।” ਅਤੇ ਉਸ ਨੇ ਉਨ੍ਹਾਂ ਨੂੰ ਉਹ ਗੱਲਾਂ ਵੀ ਦੱਸੀਆਂ ਜੋ ਯਿਸੂ ਨੇ ਉਸ ਨੂੰ ਆਖੀਆਂ ਸਨ।

ਯਿਸੂ ਦਾ ਆਪਣੇ ਚੇਲਿਆਂ ਅੱਗੇ ਪ੍ਰਗਟ ਹੋਣਾ(C)

19 ਉਸੇ ਦਿਨ ਦੀ ਸ਼ਾਮ, ਹਫ਼ਤੇ ਦੇ ਪਹਿਲੇ ਦਿਨ, ਸਾਰੇ ਚੇਲੇ ਇੱਕਸਾਥ ਇੱਕਤਰ ਹੋਏ। ਉਨ੍ਹਾਂ ਨੇ ਸਾਰੇ ਦਰਵਾਜੇ ਬੰਦ ਕਰ ਲਏ ਕਿਉਂ ਕਿ ਉਹ ਯਹੂਦੀਆਂ ਤੋਂ ਡਰਦੇ ਸਨ। ਤਦ ਯਿਸੂ ਉਨ੍ਹਾਂ ਕੋਲ ਆਕੇ ਉਨ੍ਹਾਂ ਸਾਹਮਣੇ ਖੜ੍ਹਾ ਹੋ ਗਿਆ ਅਤੇ ਆਖਣ ਲੱਗਾ, “ਤੁਹਾਨੂੰ ਸ਼ਾਂਤੀ ਮਿਲੇ।” 20 ਜਦੋਂ ਯਿਸੂ ਨੇ ਇਹ ਆਖਿਆ ਤਾਂ ਉਸ ਦੇ ਚੇਲਿਆਂ ਨੂੰ ਆਪਣੇ ਹੱਥ ਅਤੇ ਆਪਣੀ ਵਖੀ ਵਿਖਾਈ। ਚੇਲੇ ਪ੍ਰਭੂ ਨੂੰ ਵੇਖ ਕੇ ਬੜੇ ਪ੍ਰਸੰਨ ਹੋਏ।

21 ਤਦ ਯਿਸੂ ਨੇ ਮੁੜ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ! ਮੈਂ ਤੁਹਾਨੂੰ ਭੇਜ ਰਿਹਾ ਹਾਂ ਜਿਵੇਂ ਪਿਤਾ ਨੇ ਮੈਨੂੰ ਘੱਲਿਆ ਹੈ।” 22 ਮਗਰੋਂ ਯਿਸੂ ਨੇ ਇਹ ਆਖਿਆ ਉਸ ਨੇ ਆਪਣੇ ਚੇਲਿਆਂ ਉੱਪਰ ਫ਼ੂਕ ਮਾਰੀ। ਯਿਸੂ ਨੇ ਆਖਿਆ, “ਪਵਿੱਤਰ ਆਤਮਾ ਪ੍ਰਾਪਤ ਕਰੋ। 23 ਜਦੋਂ ਤੁਸੀਂ ਲੋਕਾਂ ਦੇ ਪਾਪ ਮਾਫ਼ ਕਰੋ ਤਾਂ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾਣਗੇ, ਤੇ ਜੇ ਤੁਸੀਂ ਉਨ੍ਹਾਂ ਦੇ ਪਾਪਾਂ ਨੂੰ ਨਾ ਬਖਸ਼ੋਂਗੇ ਤਾਂ ਉਨ੍ਹਾਂ ਦੇ ਪਾਪ ਬਖਸ਼ੇ ਨਹੀਂ ਜਾਣਗੇ।”

ਯਿਸੂ ਦਾ ਥੋਮਾ ਅੱਗੇ ਪ੍ਰਗਟ ਹੋਣਾ

24 ਜਦ ਯਿਸੂ ਉਨ੍ਹਾਂ ਕੋਲ ਆਇਆ ਤਾਂ ਥੋਮਾਂ, ਜਿਸ ਨੂੰ ਦੀਦੁਮਸ ਵੀ ਆਖਦੇ ਸਨ, ਉੱਥੇ ਚੇਲਿਆਂ ਵਿੱਚ ਨਹੀਂ ਸੀ। ਥੋਮਾਂ ਉਨ੍ਹਾਂ ਬਾਰ੍ਹਾਂ ਵਿੱਚੋਂ ਇੱਕ ਸੀ। 25 ਦੂਜੇ ਚੇਲਿਆਂ ਨੇ ਥੋਮਾਂ ਨੂੰ ਦੱਸਿਆ, “ਅਸੀਂ ਪ੍ਰਭੂ ਦੇ ਦਰਸ਼ਨ ਕੀਤੇ ਹਨ।” ਥੋਮਾ ਨੇ ਕਿਹਾ, “ਮੈਂ ਉਦੋਂ ਤੱਕ ਯਕੀਨ ਨਹੀਂ ਕਰਾਂਗਾ ਜਦ ਤੱਕ ਮੈਂ ਉਸ ਦੇ ਹੱਥਾਂ ਵਿੱਚ ਮੇਖਾਂ ਦੇ ਚਿੰਨ੍ਹ ਤੇ ਛੇਦ ਨਾ ਵੇਖਾਂ ਅਤੇ ਆਪਣੀ ਉਂਗਲ ਉਨ੍ਹਾਂ ਥਾਵਾਂ ਵਿੱਚ ਪਾਕੇ ਨਾ ਵੇਖ ਲਵਾਂ ਜਿੱਥੇ ਮੇਖਾਂ ਗੱਡੀਆਂ ਗਈਆਂ ਸਨ ਅਤੇ ਆਪਣਾ ਹੱਥ ਉਸਦੀ ਵੱਖੀ ਤੇ ਨਾ ਰੱਖ ਲਵਾਂ।”

26 ਇੱਕ ਹਫ਼ਤੇ ਬਾਦ ਚੇਲੇ ਉਸੇ ਘਰ ਵਿੱਚ ਫਿਰ ਇੱਕਤਰ ਹੋਏ। ਥੋਮਾਂ ਉਨ੍ਹਾਂ ਦੇ ਨਾਲ ਸੀ। ਦਰਵਾਜ਼ੇ ਬੰਦ ਸਨ ਪਰ ਯਿਸੂ ਉਨ੍ਹਾਂ ਵਿੱਚ ਫ਼ਿਰ ਆਣ ਕੇ ਖੜ੍ਹਾ ਹੋ ਗਿਆ ਅਤੇ ਆਖਿਆ, “ਸ਼ਾਂਤੀ ਤੁਹਾਡੇ ਨਾਲ ਹੋਵੇ।” 27 ਤਦ ਯਿਸੂ ਨੇ ਥੋਮਾ ਨੂੰ ਕਿਹਾ, “ਆਪਣੀ ਉਂਗਲ ਇੱਥੇ ਰੱਖ, ਅਤੇ ਮੇਰੇ ਹੱਥਾਂ ਵੱਲ ਵੇਖ। ਆਪਣਾ ਹੱਥ ਮੇਰੀ ਵੱਖੀ ਤੇ ਰੱਖ। ਸ਼ੱਕ ਨਾ ਕਰ ਸਗੋਂ ਵਿਸ਼ਵਾਸ ਕਰ।”

28 ਥੋਮਾ ਨੇ ਯਿਸੂ ਨੂੰ ਆਖਿਆ, “ਮੇਰੇ ਪ੍ਰਭੂ ਅਤੇ ਮੇਰੇ ਪਰਮੇਸ਼ੁਰ।”

29 ਯਿਸੂ ਨੇ ਥੋਮਾ ਨੂੰ ਕਿਹਾ, “ਤੂੰ ਜੋ ਮੈਨੂੰ ਵੇਖਿਆ ਇਸ ਕਰਕੇ ਪਰਤੀਤ ਕੀਤੀ ਹੈ। ਧੰਨ ਉਹ ਜਿਨ੍ਹਾਂ ਨੇ ਨਹੀਂ ਵੀ ਵੇਖਿਆ ਫ਼ਿਰ ਵੀ ਪਰਤੀਤ ਕੀਤੀ।”

ਯੂਹੰਨਾ ਨੇ ਇਹ ਪੁਸਤਕ ਕਿਉਂ ਲਿਖੀ

30 ਯਿਸੂ ਨੇ ਹੋਰ ਵੀ ਕਈ ਕਰਿਸ਼ਮੇ ਕੀਤੇ ਜਿਹੜੇ ਉਸ ਦੇ ਚੇਲਿਆਂ ਨੇ ਵੇਖੇ। ਉਹ ਕਰਿਸ਼ਮੇ ਇਸ ਪੁਸਤਕ ਵਿੱਚ ਨਹੀ ਲਿਖੇ ਗਏ ਹਨ। 31 ਇਹ ਗੱਲਾਂ ਲਿਖੀਆਂ ਗਈਆਂ ਹਨ ਤਾਂ ਜੋ ਤੁਸੀਂ ਵਿਸ਼ਵਾਸ ਕਰ ਸੱਕੋ ਕਿ ਯਿਸੂ ਹੀ ਮਸੀਹ ਅਤੇ ਪਰਮੇਸ਼ੁਰ ਦਾ ਪੁੱਤਰ ਹੈ। ਅਤੇ ਪਰਤੀਤ ਕਰਕੇ, ਉਸ ਦੇ ਨਾਂ ਰਾਹੀਂ ਤੁਸੀਂ ਜੀਵਨ ਖੱਟ ਸੱਕੋ।

ਯਿਸੂ ਦਾ ਸੱਤ ਚੇਲਿਆਂ ਨੂੰ ਪ੍ਰਗਟ ਹੋਣਾ

21 ਬਾਅਦ ਵਿੱਚ ਯਿਸੂ ਨੇ ਆਪਣੇ-ਆਪ ਨੂੰ ਚੇਲਿਆਂ ਅੱਗੇ ਦਰਸ਼ਾਇਆ। ਇਹ ਤਿਬਿਰਿਯਾਸ ਦੀ ਝੀਲ ਤੇ ਵਾਪਰਿਆ। ਕੁਝ ਚੇਲੇ ਉੱਥੇ ਇੱਕਤਰ ਹੋਏ ਸਨ। ਉਹ ਸ਼ਮਊਨ ਪਤਰਸ, ਥੋਮਾ, ਜਿਹੜਾ ਕਿ ਦਦਿਮੁਸ ਕਹਾਉਂਦਾ ਹੈ, ਨੱਥਾਨਿਏਲ ਜੋ ਗਲੀਲ ਦੇ ਕਾਨਾ ਤੋਂ ਸੀ, ਜ਼ਬਦੀ ਦੇ ਪੁੱਤਰ ਅਤੇ ਉਸ ਦੇ ਚੇਲਿਆਂ ਵਿੱਚੋਂ ਦੋ ਹੋਰ ਸਨ। ਸ਼ਮਊਨ ਪਤਰਸ ਨੇ ਕਿਹਾ, “ਮੈਂ ਮੱਛੀਆਂ ਫ਼ੜਨ ਜਾਂਦਾ ਹਾਂ।”

ਦੂਜੇ ਬਾਕੀ ਚੇਲਿਆਂ ਨੇ ਕਿਹਾ, “ਅਸੀਂ ਵੀ ਤੇਰੇ ਨਾਲ ਚੱਲਦੇ ਹਾਂ।” ਤਾਂ ਸਾਰੇ ਚੇਲੇ ਗਏ ਅਤੇ ਬੇੜੀ ਵਿੱਚ ਚੜ੍ਹ੍ਹ ਗਏ। ਉਨ੍ਹਾਂ ਉਸ ਰਾਤ ਮੱਛੀਆਂ ਫ਼ੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕੋਈ ਮੱਛੀ ਨਾ ਫ਼ੜ ਸੱਕੇ।

ਅਗਲੀ ਸਵੇਰ ਯਿਸੂ ਕਿਨਾਰੇ ਤੇ ਖਲੋਤਾ ਸੀ ਪਰ ਚੇਲਿਆਂ ਨੂੰ ਨਹੀਂ ਪਤਾ ਸੀ ਕਿ ਉਹ ਯਿਸੂ ਸੀ। ਤਦ ਯਿਸੂ ਨੇ ਚੇਲਿਆਂ ਨੂੰ ਕਿਹਾ, “ਮਿੱਤਰੋ ਕੀ ਤੁਸੀਂ ਮੱਛੀਆਂ ਫ਼ੜੀਆਂ?”

ਚੇਲਿਆਂ ਨੇ ਆਖਿਆ, “ਨਹੀਂ।”

ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਆਪਣਾ ਜਾਲ ਬੇੜੀ ਦੇ ਸੱਜੇ ਪਾਸੇ ਪਾਣੀ ਵਿੱਚ ਸੁੱਟੋ ਉੱਥੇ ਤੁਹਾਨੂੰ ਕੁਝ ਮੱਛੀਆਂ ਮਿਲਣਗੀਆਂ ਤਾਂ ਚੇਲਿਆਂ ਨੇ ਇੰਝ ਹੀ ਕੀਤਾ। ਉਨ੍ਹਾਂ ਨੂੰ ਉੱਥੇ ਮੱਛੀਆਂ ਮਿਲੀਆਂ। ਜਿਵੇਂ ਕਿ ਜਾਲ ਬਹੁਤ ਭਾਰਾ ਹੋ ਗਿਆ ਹੋਵੇ ਤੇ ਉਹ ਇਸ ਨੂੰ ਬੇੜੀ ਵੱਲ ਖਿੱਚਣ ਦੇ ਅਯੋਗ ਸਨ।

ਉਹ ਚੇਲਾ ਜਿਸ ਨੂੰ ਯਿਸੂ ਨੇ ਪਿਆਰ ਕੀਤਾ ਉਸ ਨੇ ਪਤਰਸ ਨੂੰ ਕਿਹਾ, “ਉਹ ਪ੍ਰਭੂ ਹੈ।” ਜਦ ਪਤਰਸ ਨੇ ਉਸ ਨੂੰ ਇਹ ਕਹਿੰਦਿਆਂ ਸੁਣਿਆ, “ਉਹ ਪ੍ਰਭੂ ਹੈ।” ਉਸ ਨੇ ਆਪਣਾ ਕੱਪੜਾ ਆਪਣੇ ਆਲੇ-ਦੁਆਲੇ ਲਪੇਟ ਲਿਆ ਅਤੇ ਪਾਣੀ ਵਿੱਚ ਛਾਲ ਮਾਰ ਗਿਆ (ਇਸਤੋਂ ਪਹਿਲਾਂ ਮੱਛੀਆਂ ਫ਼ੜਦੇ ਹੋਏ ਉਸ ਨੇ ਆਪਣੇ ਕੱਪੜੇ ਲਾਹੇ ਹੋਏ ਸਨ।) ਦੂਜੇ ਚੇਲੇ ਬੇੜੀ ਵਿੱਚ ਨਦੀ ਦੇ ਕੰਢੇ ਵੱਲ ਨੂੰ ਚੱਲੇ ਗਏ ਅਤੇ ਮੱਛੀਆਂ ਦਾ ਭਰਿਆ ਹੋਇਆ ਜਾਲ ਖਿੱਚਣ ਲੱਗੇ। ਉਹ ਕਿਨਾਰੇ ਤੋਂ ਕੋਈ ਸੌ ਕੁ ਗਜ ਦੀ ਦੂਰੀ ਤੇ ਹੀ ਸਨ। ਜਦੋਂ ਚੇਲੇ ਪਾਣੀ ਵਿੱਚੋਂ ਬਾਹਰ ਆਏ ਅਤੇ ਜ਼ਮੀਨ ਤੇ ਪਹੁੰਚੇ, ਉੱਥੇ ਉਨ੍ਹਾਂ ਨੇ ਅੱਗ ਵੇਖੀ। ਇਸ ਉੱਤੇ ਇੱਕ ਮੱਛੀ ਅਤੇ ਰੋਟੀ ਪਈ ਸੀ। 10 ਯਿਸੂ ਨੇ ਆਖਿਆ ਉਹ “ਮੱਛੀ ਲਿਆਓ ਜਿਹੜੀ ਤੁਸੀਂ ਹੁਣੇ ਫ਼ੜੀ ਹੈ।”

11 ਸ਼ਮਊਨ ਪਤਰਸ ਬੇੜੀ ਵਿੱਚ ਗਿਆ ਅਤੇ ਜਾਲ ਨੂੰ ਕਿਨਾਰੇ ਤੇ ਖਿੱਚ ਲਿਆਇਆ। ਇਹ, ਇੱਕ ਸੌ ਤਰਵਿੰਜਾ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਸੀ ਭਾਵੇਂ ਮੱਛੀਆਂ ਬੜੀਆਂ ਭਾਰੀਆਂ ਸਨ ਪਰ ਜਾਲ ਤਾਂ ਵੀ ਨਾ ਟੁੱਟਿਆ। 12 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਆਓ ਤੇ ਆਕੇ ਖਾਵੋ।” ਕਿਸੇ ਚੇਲੇ ਵਿੱਚ ਉਸ ਨੂੰ ਇਹ ਪੁੱਛਣ ਦਾ ਹੌਂਸਲਾ ਨਹੀਂ ਸੀ, “ਤੂੰ ਕੌਣ ਹੈਂ?” ਉਹ ਜਾਣਦੇ ਸਨ ਕਿ ਇਹ ਪ੍ਰਭੂ ਹੀ ਸੀ। 13 ਯਿਸੂ ਆਇਆ, ਰੋਟੀ ਲਈ ਅਤੇ ਉਨ੍ਹਾਂ ਨੂੰ ਦੇ ਦਿੱਤੀ। ਇੰਝ ਹੀ ਮੱਛੀ ਵੀ ਲਈ ਅਤੇ ਉਨ੍ਹਾਂ ਨੂੰ ਦਿੱਤੀ।

14 ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਇਹ ਤੀਜੀ ਵਾਰ ਸੀ ਕਿ ਯਿਸੂ ਚੇਲਿਆਂ ਨੂੰ ਪ੍ਰਗਟ ਹੋਇਆ ਸੀ।

ਯਿਸੂ ਦਾ ਪਤਰਸ ਨਾਲ ਗੱਲ ਕਰਨਾ

15 ਉਨ੍ਹਾਂ ਦੇ ਖਾ ਹਟਣ ਤੋਂ ਬਾਅਦ, ਯਿਸੂ ਨੇ ਸ਼ਮਊਨ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਜਿੰਨਾ ਪਿਆਰ ਇਹ ਲੋਕ ਮੈਨੂੰ ਕਰਦੇ ਹਨ ਤੂੰ ਮੈਨੂੰ ਇਨ੍ਹਾਂ ਲੋਕਾਂ ਨਾਲੋਂ ਵੱਧ ਪਿਆਰ ਕਰਦਾ ਹੈਂ?”

ਪਤਰਸ ਨੇ ਕਿਹਾ, “ਹਾਂ ਪ੍ਰਭੂ ਜੀ, ਤੂੰ ਜਾਣਦਾ ਹੈਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ।”

ਤਦ ਯਿਸੂ ਨੇ ਪਤਰਸ ਨੂੰ ਕਿਹਾ, “ਮੇਰੇ ਲੇਲੇ [a] ਚਾਰ।”

16 ਯਿਸੂ ਨੇ ਫ਼ੇਰ ਪਤਰਸ ਨੂੰ ਆਖਿਆ, “ਹੇ ਸ਼ਮਊਨ ਯੂਹੰਨਾ ਦੇ ਪੁੱਤਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?”

ਪਤਰਸ ਨੇ ਕਿਹਾ, “ਹਾਂ ਪ੍ਰਭੂ ਤੂੰ ਜਾਣਦਾ ਹੈਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ।”

ਤਦ ਯਿਸੂ ਨੇ ਪਤਰਸ ਨੂੰ ਆਖਿਆ, “ਮੇਰਿਆਂ ਭੇਡਾਂ ਦੀ ਰੱਖਿਆ ਕਰ।”

17 ਤੀਜੀ ਵਾਰ ਯਿਸੂ ਨੇ ਫ਼ਿਰ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?”

ਪਤਰਸ ਉਦਾਸ ਹੋ ਗਿਆ ਇਸ ਲਈ ਕਿ ਯਿਸੂ ਨੇ ਤੀਜੀ ਵਾਰ ਉਸ ਨੂੰ ਪੁੱਛਿਆ ਕਿ, “ਕੀ ਤੂੰ ਮੇਰੇ ਨਾਲ ਪਿਆਰ ਕਰਦਾ ਹੈਂ।” ਪਤਰਸ ਨੇ ਕਿਹਾ, “ਪ੍ਰਭੂ ਤੂੰ ਸਭ ਕੁਝ ਜਾਣਦਾ ਹੈ ਕਿ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ।”

ਯਿਸੂ ਨੇ ਪਤਰਸ ਨੂੰ ਕਿਹਾ, “ਮੇਰੀਆਂ ਭੇਡਾਂ [b] ਚਾਰ। 18 ਮੈਂ ਤੈਨੂੰ ਸੱਚ ਆਖਦਾ ਜਦੋਂ ਤੂੰ ਜਵਾਨ ਸੀ ਤੂੰ ਲੱਕ ਦੁਆਲੇ ਪੇਟੀ ਬੰਨ੍ਹ ਕੇ ਜਿੱਥੇ ਤੇਰਾ ਜੀਅ ਕਰਦਾ ਤੂੰ ਤੁਰ ਜਾਂਦਾ ਸੀ, ਪਰ ਜਦ ਤੂੰ ਬੁੱਢਾ ਹੋਵੇਂਗਾ ਤੂੰ ਆਪਣੇ ਹੱਥ ਬਾਹਰ ਫ਼ੈਲਾਵੇਂਗਾ ਅਤੇ ਕੋਈ ਹੋਰ ਵਿਅਕਤੀ ਤੇਰੇ ਲੱਕ ਦੁਆਲੇ ਕਮਰਕਸ ਬੰਨ੍ਹੇਗਾ ਅਤੇ ਜਿੱਥੇ ਤੇਰਾ ਜੀਅ ਨਹੀਂ ਕਰੇਗਾ ਜਾਣ ਨੂੰ ਉਹ ਤੈਨੂੰ ਉੱਥੇ ਲੈ ਜਾਵੇਗਾ।” 19 (ਯਿਸੂ ਨੇ ਉਸ ਨੂੰ ਇਹ ਸੂਚਿਤ ਕਰਨ ਲਈ ਕਿਹਾ ਕਿ ਪਰਮੇਸ਼ੁਰ ਨੂੰ ਮਹਿਮਾਮਈ ਕਰਨ ਲਈ ਕਿਸ ਤਰ੍ਹਾਂ ਦੀ ਮੌਤ ਮਰੇਗਾ।) ਅਤੇ ਇਹ ਕਹਿ ਕੇ ਉਸ ਨੇ ਆਖਿਆ, “ਮੇਰਾ ਅਨੁਸਰਣ ਕਰ।”

20 ਪਤਰਸ ਆਸੇ-ਪਾਸੇ ਮੁੜਿਆ ਅਤੇ ਵੇਖਿਆ ਕਿ ਜਿਸ ਨੂੰ ਯਿਸੂ ਨੇ ਬਹੁਤ ਪਿਆਰ ਕੀਤਾ ਸੀ ਉਹ ਚੇਲਾ ਪਿੱਛੇ ਆ ਰਿਹਾ ਸੀ। (ਇਹ ਉਹ ਚੇਲਾ ਸੀ ਜਿਹੜਾ ਉਸ ਰਾਤ ਦੇ ਖਾਨੇ ਵੇਲੇ ਯਿਸੂ ਵੱਲ ਝੁਕਿਆ ਸੀ ਤੇ ਆਖਿਆ ਸੀ “ਪ੍ਰਭੂ, ਤੈਨੂੰ ਦੁਸ਼ਮਨਾਂ ਹੱਥੀਂ ਕੌਣ ਫ਼ੜਵਾਏਗਾ?”) 21 ਜਦੋਂ ਪਤਰਸ ਨੇ ਉਸ ਚੇਲੇ ਨੂੰ ਆਪਣੇ ਪਿੱਛੋਂ ਆਉਂਦਿਆਂ ਪਾਇਆ ਤਾਂ ਉਸ ਨੇ ਯਿਸੂ ਨੂੰ ਪੁੱਛਿਆ, “ਪ੍ਰਭੂ ਜੀ ਇਸਦੇ ਬਾਰੇ ਤੁਹਾਡਾ ਕੀ ਖਿਆਲ ਹੈ? ਇਸ ਨਾਲ ਕੀ ਬੀਤੇਗੀ?”

22 ਯਿਸੂ ਨੇ ਉੱਤਰ ਦਿੱਤਾ, “ਜੇ ਮੈਂ ਚਾਵ੍ਹਾਂ ਕਿ ਮੇਰੇ ਆਉਣ ਤੱਕ ਉਹ ਜੀਵੇ, ਤਾਂ ਤੈਨੂੰ ਕੀ? ਤੂੰ ਮੇਰੇ ਪਿੱਛੇ ਹੋ ਤੁਰ।”

23 ਤਾਂ ਇਹ ਕਹਾਣੀ ਚੇਲਿਆਂ ਵਿੱਚ ਫ਼ੈਲ ਗਈ। ਉਹ ਆਖ ਰਹੇ ਸਨ ਕਿ ਇਹ ਚੇਲਾ ਜਿਸ ਨੂੰ ਯਿਸੂ ਨੇ ਬਹੁਤ ਪਿਆਰ ਕੀਤਾ, ਨਹੀਂ ਮਰੇਗਾ। ਪਰ ਯਿਸੂ ਨੇ ਇਹ ਨਹੀਂ ਆਖਿਆ ਸੀ ਕਿ ਉਹ ਨਹੀਂ ਮਰੇਗਾ। ਸਗੋਂ ਅਸਲ ਵਿੱਚ ਆਖਿਆ ਸੀ, “ਜੇ ਮੈਂ ਚਾਵ੍ਹਾਂ ਮੇਰੇ ਆਉਣ ਤੱਕ ਜ਼ਰੂਰ ਜੀਵੇ ਤਾਂ ਤੁਹਾਨੂੰ ਕੀ?”

24 ਇਹ ਉਹ ਚੇਲਾ ਹੈ ਜਿਸਨੇ ਇਨ੍ਹਾਂ ਗੱਲਾਂ ਦੀ ਗਵਾਹੀ ਦਿੱਤੀ ਹੈ। ਅਤੇ ਜਿਸਨੇ ਇਹ ਗੱਲਾਂ ਲਿੱਖੀਆਂ ਅਤੇ ਅਸੀਂ ਜਾਣਦੇ ਹਾਂ ਕਿ ਉਸਦੀ ਪ੍ਰਮਾਣਕਤਾ ਸੱਚੀ ਹੈ।

25 ਯਿਸੂ ਨੇ ਹੋਰ ਵੀ ਬਹੁਤ ਗੱਲਾਂ ਕੀਤੀਆਂ। ਜੇ ਉਹ ਸਾਰੀਆਂ ਇੱਕ-ਇੱਕ ਕਰਕੇ ਲਿਖੀਆਂ ਜਾਂਦੀਆਂ ਤਾਂ ਮੈਂ ਸਮਝਦਾ ਹਾਂ ਕਿ ਸਾਰੀਆਂ ਪੁਸਤਕਾਂ ਲਿਖੇ ਜਾਣ ਲਈ ਸ਼ਾਇਦ ਸਾਰੀ ਦੁਨੀਆਂ ਵੀ ਕਾਫ਼ੀ ਨਾ ਹੁੰਦੀ।

Punjabi Bible: Easy-to-Read Version (ERV-PA)

2010 by World Bible Translation Center