Chronological
ਰਾਜਪਾਲ ਪਿਲਾਤੁਸ ਦੇ ਯਿਸੂ ਨੂੰ ਸਵਾਲ ਕਰਨੇ(A)
23 ਤਦ ਉਹ ਸਾਰੀ ਟੋਲੀ ਖੜ੍ਹੀ ਹੋਈ ਅਤੇ ਯਿਸੂ ਨੂੰ ਪਿਲਾਤੁਸ ਕੋਲ ਲੈ ਗਈ। 2 ਉਨ੍ਹਾਂ ਨੇ ਯਿਸੂ ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਪਿਲਾਤੁਸ ਨੂੰ ਆਖਿਆ, “ਅਸੀਂ ਇਸ ਆਦਮੀ ਨੂੰ ਉਦੋਂ ਗਿਰਫ਼ਤਾਰ ਕੀਤਾ ਜਦੋਂ ਇਹ ਸਾਡੇ ਲੋਕਾਂ ਦੀਆਂ ਸੋਚਾਂ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਉਪਦੇਸ਼ ਦਿੰਦਾ ਹੈ ਕਿ ਸਾਨੂੰ ਕੈਸਰ ਨੂੰ ਮਸੂਲ ਅਦਾ ਨਹੀਂ ਕਰਨਾ ਚਾਹੀਦਾ। ਉਹ ਆਪਣੇ ਆਪ ਨੂੰ ਮਸੀਹ ‘ਪਾਤਸ਼ਾਹ’ ਹੋਣ ਦਾ ਦਾਵਾ ਕਰਦਾ ਹੈ।”
3 ਪਿਲਾਤੁਸ ਨੇ ਯਿਸੂ ਨੂੰ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਪਾਤਸ਼ਾਹ ਹੈ?”
ਯਿਸੂ ਨੇ ਜਵਾਬ ਦਿੱਤਾ, “ਹਾ, ਇਹ ਸਹੀ ਹੈ।”
4 ਪਿਲਾਤੁਸ ਨੇ ਪ੍ਰਧਾਨ ਜਾਜਕਾਂ ਅਤੇ ਲੋਕਾਂ ਨੂੰ ਕਿਹਾ, “ਮੈਨੂੰ ਇਸ ਮਨੁੱਖ ਵਿੱਚ ਕੋਈ ਮਾੜੀ ਗੱਲ ਨਜ਼ਰ ਨਹੀਂ ਆਈ।”
5 ਪਰ ਉਨ੍ਹਾਂ ਬਾਰ-ਬਾਰ ਇਹੀ ਕਿਹਾ, “ਇਹ ਆਪਣੇ ਉਪਦੇਸ਼ਾਂ ਨਾਲ ਸਾਰੇ ਯਹੂਦਿਯਾ ਵਿੱਚ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਇਹ ਕਰਨਾ ਗਲੀਲ ਵਿੱਚ ਸ਼ੁਰੂ ਕੀਤਾ ਅਤੇ ਹੁਣ ਇਹ ਇੱਥੇ ਵੀ ਆ ਗਿਆ ਹੈ।”
ਪਿਲਾਤੁਸ ਨੇ ਯਿਸੂ ਨੂੰ ਹੇਰੋਦੇਸ ਕੋਲ ਭੇਜਿਆ
6 ਪਿਲਾਤੁਸ ਨੇ ਇਹ ਸੁਣਿਆ ਅਤੇ ਪੁੱਛਿਆ ਕੀ ਯਿਸੂ ਗਲੀਲ ਤੋਂ ਹੈ। 7 ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਹੇਰੋਦੇਸ ਦੇ ਪ੍ਰਦੇਸ਼ ਤੋਂ ਹੈ, ਉਸ ਨੇ ਉਸ ਨੂੰ ਹੇਰੋਦੇਸ ਕੋਲ ਭੇਜ ਦਿੱਤਾ। ਉਸ ਸਮੇਂ ਹੇਰੋਦੇਸ ਯਰੂਸ਼ਲਮ ਵਿੱਚ ਸੀ।
8 ਜਦੋਂ ਹੇਰੋਦੇਸ ਨੇ ਯਿਸੂ ਨੂੰ ਵੇਖਿਆ, ਤਾਂ ਉਹ ਬੜਾ ਖੁਸ਼ ਹੋਇਆ, ਕਿਉਂਕਿ ਉਹ ਯਿਸੂ ਬਾਰੇ ਬੜਾ ਕੁਝ ਸੁਣ ਚੁੱਕਾ ਸੀ, ਇਸ ਲਈ ਉਸ ਨੂੰ ਮਿਲਣ ਦੀ ਇੱਛਾ ਉਸਦੀ ਬੜੇ ਚਿਰ ਤੋਂ ਸੀ। ਹੁਣ ਹੇਰੋਦੇਸ ਨੇ ਆਸ ਕੀਤੀ ਕਿ ਉਹ ਯਿਸੂ ਨੰ ਇੱਕ ਕਰਿਸ਼ਮਾ ਕਰਦਿਆਂ ਵੇਖ ਸੱਕੇਗਾ। 9 ਹੇਰੋਦੇਸ ਨੇ ਯਿਸੂ ਨੂੰ ਬਹੁਤ ਸਾਰੇ ਸਵਾਲ ਪੁੱਛੇ, ਪਰ ਯਿਸੂ ਨੇ ਉਸ ਨੂੰ ਕੋਈ ਵੀ ਜਵਾਬ ਨਾ ਦਿੱਤਾ। 10 ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਉੱਥੇ ਖੜ੍ਹੇ ਸਨ ਅਤੇ ਉਹ ਜ਼ੋਰ ਨਾਲ ਯਿਸੂ ਤੇ ਦੋਸ਼ ਲਾ ਰਹੇ ਸਨ। 11 ਫ਼ੇਰ ਹੇਰੋਦੇਸ ਅਤੇ ਉਸ ਦੇ ਸਿਪਾਹੀਆਂ ਨੇ ਯਿਸੂ ਦਾ ਮਜ਼ਾਕ ਉਡਾਇਆ ਅਤੇ ਉਸਦੀ ਬੇਇੱਜ਼ਤੀ ਕੀਤੀ। ਉਨ੍ਹਾਂ ਨੇ ਯਿਸੂ ਨੂੰ ਬਾਦਸ਼ਾਹ ਵਾਲੇ ਵਸਤਰ ਪੁਆਏ ਅਤੇ ਉਸਦਾ ਮਖੌਲ ਉਡਾਉਣ ਲੱਗੇ। ਹੇਰੋਦੇਸ ਨੇ ਉਸ ਨੂੰ ਪਿਲਾਤੁਸ ਕੋਲ ਵਾਪਸ ਭੇਜ ਦਿੱਤਾ। 12 ਅਤੀਤ ਵਿੱਚ ਪਿਲਾਤੁਸ ਅਤੇ ਹੇਰੋਦੇਸ, ਇੱਕ ਦੂਜੇ ਦੇ ਵੈਰੀ ਸਨ, ਪਰ ਉਸ ਦਿਨ, ਉਹ ਦੋਵੇ ਫ਼ਿਰ ਮਿੱਤਰ ਬਣ ਗਏ।
ਯਿਸੂ ਦੀ ਮੌਤ ਅਵਸ਼(B)
13 ਪਿਲਾਤੁਸ ਨੇ ਪ੍ਰਧਾਨ ਜਾਜਕਾਂ ਤੇ, ਯਹੂਦੀ ਆਗੂਆਂ ਅਤੇ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਫ਼ਿਰ ਉਨ੍ਹਾਂ ਨੂੰ ਕਿਹਾ, 14 “ਤੁਸੀਂ ਇਸ ਮਨੁੱਖ ਨੂੰ ਮੇਰੇ ਕੋਲ ਲਿਆਏ ਹੋ। ਪਰ ਮੈਂ ਤੁਹਾਡੇ ਸਭਨਾਂ ਦੇ ਅੱਗੇ ਉਸ ਨੂੰ ਸਵਾਲ ਕੀਤੇ ਅਤੇ ਇਸਦੇ ਖਿਲਾਫ਼ ਤੁਹਾਡੇ ਦੋਸ਼ਾਂ ਦੀ ਕੋਈ ਬੁਨਿਆਦ ਨਹੀਂ ਲੱਭੀ। ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ। 15 ਹੇਰੋਦੇਸ ਨੂੰ ਵੀ ਇਸ ਵਿੱਚ ਕੋਈ ਦੋਸ਼ ਨਹੀਂ ਦਿਸਿਆ, ਇਸ ਲਈ ਹੇਰੋਦੇਸ ਨੇ ਇਸ ਨੂੰ ਸਾਡੇ ਕੋਲ ਵਾਪਸ ਭੇਜਿਆ ਹੈ। ਵੇਖੋ। ਯਿਸੂ ਨੇ ਕੋਈ ਗਲਤੀ ਨਹੀਂ ਕੀਤੀ, ਜਿਸ ਵਾਸਤੇ ਉਹ ਮੌਤ ਦੀ ਸਜ਼ਾ ਦਾ ਅਧਿਕਾਰੀ ਹੋਵੇ। 16 ਇਸ ਲਈ ਮੈਂ ਉਸ ਨੂੰ ਥੋੜੀ ਜਿੰਨੀ ਸਜ਼ਾ ਦੇਕੇ ਛੱਡ ਦਿੰਦਾ ਹਾਂ।” 17 [a]
18 ਪਰ ਸਾਰੀ ਭੀੜ ਜੋਰ ਦੀ ਚੀਖੀ, “ਉਸ ਨੂੰ ਮਾਰ ਦਿਉ। ਸਾਡੇ ਲਈ ਬਰ੍ਰਬਾਸ ਨੂੰ ਮੁਕਤ ਕਰ ਦਿਉ।” 19 (ਬਰਬਾਸ ਕੈਦ ਵਿੱਚ ਸੀ ਕਿਉਂਕਿ ਉਸ ਨੇ ਸ਼ਹਿਰ ਵਿੱਚ ਫ਼ਸਾਦ ਸ਼ੁਰੂ ਕੀਤਾ ਸੀ, ਅਤੇ ਕਤਲ ਕੀਤਾ ਸੀ।)
20 ਪਿਲਾਤੁਸ ਯਿਸੂ ਨੂੰ ਮੁਕਤ ਕਰਨਾ ਚਾਹੁੰਦਾ ਸੀ, ਇਸ ਲਈ ਲੋਕਾਂ ਉਸ ਨੇ ਲੋਕਾਂ ਨੂੰ ਯਿਸੂ ਦੀ ਰਿਹਾਈ ਵਾਸਤੇ ਇੱਕ ਵਾਰ ਫ਼ੇਰ ਬੇਨਤੀ ਕੀਤੀ। 21 ਪਰ ਉਨ੍ਹਾਂ ਨੇ ਦੂਸਰੀ ਵਾਰ ਰੌਲਾ ਪਾਇਆ, “ਇਸ ਨੂੰ ਸਲੀਬ ਦਿਉ, ਇਸ ਨੂੰ ਸਲੀਬ ਦਿਉ।”
22 ਤੀਜੀ ਵਾਰ ਫ਼ੇਰ ਪਿਲਾਤੁਸ ਨੇ ਭੀੜ ਨੂੰ ਕਿਹਾ, “ਤੁਸੀਂ ਇਸ ਨੂੰ ਕਿਉਂ ਮਾਰਨਾ ਚਾਹੁੰਦੇ ਹੋ? ਇਸਨੇ ਕੀ ਗਲਤ ਕੀਤਾ ਹੈ? ਇਹ ਕਸੂਰਵਾਰ ਨਹੀਂ ਹੈ। ਮੈਨੂੰ ਇਸ ਨੂੰ ਮਾਰਨ ਦਾ ਕੋਈ ਕਾਰਣ ਨਹੀਂ ਲੱਭਿਆ। ਇਸ ਲਈ ਮੈਂ ਇਸ ਨੂੰ ਥੋੜੀ ਸਜ਼ਾ ਦੇਕੇ ਅਜ਼ਾਦ ਕਰ ਦਿੰਦਾ ਹਾਂ।”
23 ਪਰ ਭੀੜ ਲਗਾਤਾਰ ਚੀਖਦੀ ਰਹੀ ਅਤੇ ਯਿਸੂ ਨੂੰ ਸਲੀਬ ਦੇਣ ਦੀ ਮੰਗ ਕਰਦੀ ਰਹੀ। 24 ਉਨ੍ਹਾਂ ਨੇ ਬਹੁਤ ਉੱਚੀ ਰੌਲਾ ਪਾਇਆ, ਇਸ ਲਈ ਪਿਲਾਤੁਸ ਨੇ ਉਨ੍ਹਾਂ ਦੀ ਮੰਗ ਪੂਰੀ ਕਰਨ ਦਾ ਫ਼ੈਸਲਾ ਕਰ ਲਿਆ। 25 ਲੋਕਾਂ ਨੇ ਬਰੱਬਾਸ ਦੀ ਰਿਹਾਈ ਦੀ ਮੰਗ ਕੀਤੀ, ਜੋ ਕਿ ਵਿਦ੍ਰੋਹ ਅਤੇ ਕਤਲ ਕਰਨ ਲਈ ਕੈਦ ਕੀਤਾ ਗਿਆ ਸੀ। ਤਾਂ ਲੋਕਾਂ ਦੀ ਮੰਗ ਤੇ, ਪਿਲਾਤੁਸ ਨੂੰ ਬਰੱਬਾਸ ਨੂੰ ਮੁਕਤ ਕਰਨਾ ਪਿਆ ਅਤੇ ਯਿਸੂ ਨੂੰ ਉਨ੍ਹਾਂ ਦੇ ਹੱਥਾਂ ਵਿੱਚ ਦੇ ਦਿੱਤਾ ਕਿ ਉਹ ਜੋ ਚਾਹੁਣ ਕਰ ਸੱਕਦੇ ਹਨ।
ਯਿਸੂ ਦਾ ਸਲੀਬ ਤੇ ਮਾਰੇ ਜਾਣਾ(C)
26 ਸਿਪਾਹੀ ਉਸ ਨੂੰ ਮਾਰਨ ਵਾਸਤੇ ਉੱਥੋਂ ਲੈ ਗਏ। ਉਸੇ ਵਕਤ, ਉਨ੍ਹਾਂ ਨੇ ਇੱਕ ਆਦਮੀ ਨੂੰ ਫ਼ੇਰ ਫ਼ੜ ਲਿਆ ਜੋ ਖੇਤ ਵੱਲੋਂ ਸ਼ਹਿਰ ਅੰਦਰ ਆ ਰਿਹਾ ਸੀ। ਉਸਦਾ ਨਾਉਂ ਸ਼ਮਊਨ ਸੀ, ਜੋ ਕਿ ਕੁਰੇਨੀ ਦੇ ਸ਼ਹਿਰ ਤੋਂ ਸੀ। ਸਿਪਾਹੀਆਂ ਨੇ ਉਸ ਨੂੰ ਯਿਸੂ ਦੀ ਸਲੀਬ ਮੋਢਿਆਂ ਉੱਤੇ ਚੁੱਕ ਕੇ ਉਸ ਦੇ ਮਗਰ ਆਉਣ ਦਾ ਹੁਕਮ ਦਿੱਤਾ।
27 ਲੋਕਾਂ ਦੀ ਇੱਕ ਵੱਡੀ ਗਿਣਤੀ ਨੇ ਯਿਸੂ ਦਾ ਪਿੱਛਾ ਕੀਤਾ। ਉਨ੍ਹਾਂ ਵਿੱਚ ਕੁਝ ਔਰਤਾਂ ਸਨ ਜੋ ਰੋ ਅਤੇ ਪਿੱਟ ਰਹੀਆਂ ਸਨ। 28 ਪਰ ਯਿਸੂ ਉਨ੍ਹਾਂ ਵੱਲ ਮੁੜਿਆ ਅਤੇ ਆਖਣ ਲੱਗਾ, “ਯਰੂਸ਼ਲਮ ਦੀਉ ਧੀਉ। ਮੇਰੇ ਵਾਸਤੇ ਨਾ ਰੋਵੋ। ਇਸ ਦੀ ਜਗ਼੍ਹਾ, ਤੁਸੀਂ ਆਪਣੇ ਆਪ ਉੱਤੇ ਅਤੇ ਆਪਣੇ ਬੱਚਿਆਂ ਵਾਸਤੇ ਰੋਵੋ। 29 ਉਹ ਸਮਾਂ ਆ ਰਿਹਾ ਹੈ ਜਦੋਂ ਲੋਕ ਆਖਣਗੇ, ‘ਧੰਨ ਹਨ ਜੋ ਬਾਂਝ ਹਨ ਅਤੇ ਜਿਨ੍ਹਾਂ ਕੋਲ ਕੋਈ ਬੱਚਾ ਨਹੀਂ ਹੈ। ਧੰਨ ਹਨ ਉਹ ਜਿਨ੍ਹਾਂ ਕੋਲ ਦੁੱਧ ਪੀਂਦੇ ਬੱਚੇ ਨਹੀਂ ਹਨ।’ 30 ਫ਼ਿਰ ਲੋਕ ਪਰਬਤਾਂ ਨੂੰ ਆਖਣਗੇ, ‘ਸਾਡੇ ਉੱਤੇ ਡਿੱਗ ਪਵੋ।’ ਉਹ ਪਹਾੜੀਆਂ ਨੂੰ ਆਖ਼ਣਗੇ ‘ਸਾਨੂੰ ਢੱਕ ਲਵੋ।’ [b] 31 ਜੇਕਰ ਭਲੇ ਲੋਕਾਂ ਨਾਲ ਅਜਿਹਾ ਹੋਇਆ ਤਾਂ ਫਿਰ ਬੁਰੇ ਲੋਕਾਂ ਦਾ ਕੀ ਹਾਲ ਹੋਵੇਗਾ।”
32 ਉਹ ਯਿਸੂ ਦੇ ਨਾਲ ਸਲੀਬ ਦੇਣ ਲਈ ਦੋ ਹੋਰ ਅਪਰਾਧੀਆਂ ਨੂੰ ਲਿਆਏ। 33 ਯਿਸੂ ਅਤੇ ਉਨ੍ਹਾਂ ਦੋਵਾਂ ਨੂੰ ਉਸ ਥਾਂ ਤੇ ਲਿਜਾਇਆ ਗਿਆ ਜੋ “ਕਲਵਰੀ” ਕਹਾਉਂਦਾ ਹੈ। ਉੱਥੇ ਪਹੁੰਚਣ ਤੋਂ ਬਾਦ, ਉਨ੍ਹਾਂ ਨੇ ਯਿਸੂ ਨੂੰ ਸਲੀਬ ਤੇ ਠੋਕ ਦਿੱਤਾ। ਅਤੇ ਉਨ੍ਹਾਂ ਦੋਹਾਂ ਅਪਰਾਧੀਆਂ ਨਾਲ ਵੀ ਅਜਿਹਾ ਕੀਤਾ। ਉਨ੍ਹਾਂ ਨੇ ਇੱਕ ਅਪਰਾਧੀ ਨੂੰ ਯਿਸੂ ਦੀ ਸਲੀਬ ਦੇ ਸੱਜੇ ਪਾਸੇ ਤੇ ਦੂਜੇ ਨੂੰ ਉਸ ਦੇ ਖੱਬੇ ਪਾਸੇ ਚੜ੍ਹਾਇਆ।
34 ਯਿਸੂ ਨੇ ਆਖਿਆ, “ਹੇ ਪਿਤਾ! ਇਨ੍ਹਾਂ ਲੋਕਾਂ ਨੂੰ ਮਾਫ਼ ਕਰ ਦੇਵੋ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰਦੇ ਨੇ।”
ਪਰਚੀਆਂ ਪਾਕੇ, ਸਿਪਾਹੀਆਂ ਨੇ ਯਿਸੂ ਦੇ ਕੱਪੜਿਆਂ ਨੂੰ ਆਪਸ ਵਿੱਚ ਵੰਡ ਲਿਆ। 35 ਭੀੜ ਇਹ ਸਭ ਵੇਖਣ ਲਈ ਖੜ੍ਹੀ ਰਹੀ। ਯਹੂਦੀ ਆਗੂ ਯਿਸੂ ਤੇ ਖੂਬ ਹੱਸੇ ਅਤੇ ਕਹਿਣ ਲੱਗੇ, “ਜੇਕਰ ਇਹ ਪਰਮੇਸ਼ੁਰ ਦਾ ਚੁਣਿਆ ਮਸੀਹ ਹੈ, ਤਾਂ ਆਪਣੇ ਆਪ ਨੂੰ ਬਚਾ ਲਵੇ। ਕੀ ਇਸਨੇ ਦੂਸਰਿਆਂ ਨੂੰ ਨਹੀਂ ਬਚਾਇਆ?”
36 ਇਥੋ ਤੱਕ ਕਿ ਸਿਪਾਹੀ ਵੀ ਯਿਸੂ ਨੂੰ ਮਖੌਲ ਕਰ ਰਹੇ ਸਨ। ਉਹ ਯਿਸੂ ਕੋਲ ਆਏ ਅਤੇ ਉਸ ਨੂੰ ਸਿਰਕਾ ਦਿੱਤਾ ਅਤੇ ਆਖਿਆ, 37 “ਜੇਕਰ ਤੂੰ ਸੱਚਮੁੱਚ ਯਹੂਦੀਆਂ ਦਾ ਪਾਤਸ਼ਾਹ ਹੈ, ਤਾਂ ਆਪਣੇ-ਆਪ ਨੂੰ ਬਚਾ ਲੈ!” 38 ਉਸ ਦੇ ਉਤਾਹਾਂ ਸਲੀਬ ਉੱਤੇ ਇਹ ਸ਼ਬਦ ਲਿਖੇ ਗਏ ਸਨ, “ ਇਹ ਯਹੂਦੀਆਂ ਦਾ ਪਾਤਸ਼ਾਹ ਹੈ।”
39 ਦੋਨਾਂ ਅਪਰਾਧੀਆਂ ਵਿੱਚੋਂ ਇੱਕ ਯਿਸੂ ਦੀ ਬੇਇੱਜ਼ਤੀ ਕਰਦਾ ਹੋਇਆ ਬੋਲਿਆ, “ਕੀ ਤੂੰ ਮਸੀਹ ਨਹੀਂ ਹੈ? ਜੇ ਤੂੰ ਮਸੀਹ ਹੈ ਤਾਂ ਆਪਣੇ-ਆਪ ਨੂੰ ਵੀ ਬਚਾ ਅਤੇ ਸਾਨੂੰ ਵੀ ਬਚਾ!”
40 ਪਰ ਦੂਜੇ ਅਪਰਾਧੀ ਨੇ ਉਸ ਨੂੰ ਝਿੜਕਿਆ ਅਤੇ ਆਖਿਆ, “ਤੈਨੂੰ ਪਰਮੇਸ਼ੁਰ ਦਾ ਭੈਅ ਖਾਣਾ ਚਾਹੀਦਾ ਹੈ! ਜਲਦੀ ਹੀ ਅਸੀਂ ਸਭ ਨੇ ਮਰ ਜਾਣਾ ਹੈ। 41 ਤੂੰ ਤੇ ਮੈਂ ਅਪਰਾਧੀ ਹਾਂ! ਅਸੀਂ ਆਪਣੇ ਕੀਤਿਆਂ ਕੰਮਾਂ ਲਈ ਠੀਕ ਸਜ਼ਾ ਪ੍ਰਾਪਤ ਕਰ ਰਹੇ ਹਾਂ, ਪਰ ਇਸ ਆਦਮੀ ਨੇ ਕੁਝ ਵੀ ਗਲਤ ਨਹੀਂ ਕੀਤਾ ਸੀ।” 42 ਫਿਰ ਇਸ ਮੁਜਰਿਮ ਨੇ ਯਿਸੂ ਨੂੰ ਕਿਹਾ “ਯਿਸੂ, ਜਦੋਂ ਤੂੰ ਰਾਜੇ ਵਾਂਗ ਸ਼ਾਸਨ ਕਰਨਾ ਸ਼ੁਰੂ ਕਰੇ ਕਿਰਪਾ ਕਰਕੇ ਮੈਨੂੰ ਚੇਤੇ ਕਰੀ।”
43 ਤਦ ਯਿਸੂ ਨੇ ਉਸ ਨੂੰ ਕਿਹਾ, “ਸੁਣ! ਮੈਂ ਜੋ ਸੱਚ ਆਖਦਾ ਹਾਂ: ਕਿ ਅੱਜ ਤੂੰ ਮੇਰੇ ਨਾਲ ਸੁਰਗ ਵਿੱਚ ਹੋਵੇਂਗਾ।”
ਯਿਸੂ ਦੀ ਮੌਤ(D)
44 ਇਹ ਲੱਗਭੱਗ ਦੁਪਿਹਰ ਸੀ, ਪਰ ਦੁਪਿਹਰ ਦੇ ਤਿੰਨ ਕੁ ਵਜੇ ਤੱਕ ਪੂਰਾ ਇਲਾਕਾ ਹਨੇਰੇ ਨਾਲ ਢੱਕਿਆ ਗਿਆ ਸੀ। 45 ਸੂਰਜ ਨਾ ਚਮਕਿਆ ਅਤੇ ਮੰਦਰ ਦਾ ਪੜਦਾ ਦੋ ਹਿਸਿਆਂ ਵਿੱਚ ਪਾਟ ਗਿਆ ਸੀ। 46 ਯਿਸੂ ਨੇ ਜ਼ੋਰ ਦੀ ਪੁਕਾਰ ਕੀਤੀ, “ਹੇ ਪਿਤਾ! ਮੈਂ ਅਪਣਾ ਆਤਮਾ ਤੈਨੂੰ ਸੌਂਪਦਾ ਹਾਂ।” [c] ਇਹ ਕਹਿਣ ਤੋਂ ਉਪਰੰਤ ਯਿਸੂ ਪ੍ਰਾਣ-ਹੀਣ ਹੋ ਗਿਆ।
47 ਜੋ ਕੁਝ ਵੀ ਵਾਪਰਿਆ ਸੈਨਾ ਅਧਿਕਾਰੀ ਨੇ ਸਭ ਕੁਝ ਵੇਖਿਆ ਅਤੇ ਉਸ ਨੇ ਪਰਮੇਸ਼ੁਰ ਦੀ ਉਸਤਤਿ ਕੀਤੀ ਅਤੇ ਆਖਿਆ, “ਮੈਂ ਜਾਣਦਾ ਹਾਂ ਕਿ ਨਿਸ਼ਚਿਤ ਹੀ ਇਹ ਇੱਕ ਧਰਮੀ ਪੁਰੱਖ ਸੀ।”
48 ਬਹੁਤ ਸਾਰੇ ਲੋਕ ਇਹ ਵੇਖਣ ਲਈ ਸ਼ਹਿਰ ਤੋਂ ਆਏ ਸਨ, ਅਤੇ ਜਦੋਂ ਉਨ੍ਹਾਂ ਨੇ ਇਹ ਵੇਖਿਆ, ਉਨ੍ਹਾਂ ਨੇ ਉਦਾਸੀ ਵਿੱਚ ਆਪਣੀਆਂ ਛਾਤੀਆਂ ਪਿੱਟੀਆਂ ਅਤੇ ਉੱਥੋਂ ਚੱਲੇ ਗਏ। 49 ਯਿਸੂ ਦੇ ਨਜ਼ਦੀਕ ਦੇ ਮਿੱਤਰ ਉੱਥੇ ਸਨ। ਕੁਝ ਔਰਤਾਂ ਜਿਨ੍ਹਾਂ ਨੇ ਗਲੀਲ ਤੋਂ ਯਿਸੂ ਦਾ ਸਾਥ ਦਿੱਤਾ ਸੀ ਉੱਥੇ ਹੀ ਸਨ। ਉਨ੍ਹਾਂ ਸਭਨਾਂ ਨੇ ਦੂਰ ਖੜ੍ਹੇ ਹੋਕੇ ਇਹ ਸਭ ਵਾਪਰਦਾ ਵੇਖਿਆ।
ਅਰਿਮਥੇਆ ਦਾ ਯੂਸੁਫ਼(E)
50-51 ਉੱਥੇ ਇੱਕ ਆਦਮੀ ਯਹੂਦੀਆਂ ਦੇ ਇੱਕ ਨਗਰ ਅਰਿਮਥੇਆ ਤੋਂ ਸੀ ਉਸਦਾ ਨਾਂ ਯੂਸੁਫ਼ ਸੀ। ਉਹ ਚੰਗਾ ਅਤੇ ਧਰਮੀ ਬੰਦਾ ਸੀ ਅਤੇ ਪਰਮੇਸ਼ੁਰ ਦੇ ਰਾਜ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਹਾਲਾਂ ਕਿ ਯੂਸੁਫ਼ ਯਹੂਦੀਆਂ ਦੀ ਸਭਾ ਦਾ ਸਦੱਸ ਸੀ, ਪਰ ਉਸ ਨੇ ਬਾਕੀ ਯਹੂਦੀ ਆਗੂਆਂ ਨਾਲ ਯਿਸੂ ਬਾਰੇ ਇਨ੍ਹਾਂ ਯੋਜਨਾਵਾਂ ਅਤੇ ਕੰਮਾਂ ਨਾਲ ਸਹਿਮਤ ਨਾ ਹੋਇਆ। 52 ਉਹ ਪਿਲਾਤੁਸ ਕੋਲ ਗਿਆ ਅਤੇ ਯਿਸੂ ਦਾ ਸਰੀਰ ਮੰਗਿਆ। 53 ਉਸ ਨੇ ਯਿਸੂ ਦੇ ਸਰੀਰ ਨੂੰ ਸਲੀਬ ਤੋਂ ਹੇਠਾਂ ਲਾਹਿਆ ਅਤੇ ਯਿਸੂ ਦੇ ਸਰੀਰ ਨੂੰ ਇੱਕ ਕੱਪੜੇ ਵਿੱਚ ਲਪੇਟਿਆ ਅਤੇ ਇੱਕ ਕਬਰ ਵਿੱਚ ਪਾਇਆ, ਜਿਹੜੀ ਚੱਟਾਨ ਦੇ ਵਿੱਚ ਤਰਾਸ਼ੀ ਹੋਈ ਸੀ। ਇਸਤੋਂ ਪਹਿਲਾਂ ਉਸ ਕਬਰ ਵਿੱਚ ਕਦੇ ਵੀ ਕੋਈ ਨਹੀਂ ਪਾਇਆ ਗਿਆ ਸੀ। 54 ਇਹ ਲੱਗ ਭੱਗ ਤਿਆਰੀ ਦੇ ਦਿਨ ਦਾ ਅਖੀਰ ਸੀ ਅਤੇ ਸਬਤ ਦਾ ਦਿਨ ਆਉਣ ਵਾਲਾ ਸੀ।
55 ਉਹ ਔਰਤਾਂ ਜਿਹੜੀਆਂ ਗਲੀਲ ਤੋਂ ਯਿਸੂ ਦੇ ਨਾਲ ਆਈਆਂ ਸਨ, ਯੂਸਫ਼ ਦੇ ਮਗਰ ਗਈਆਂ ਅਤੇ ਉਨ੍ਹਾਂ ਨੇ ਉਹ ਕਬਰ ਦੇਖੀ ਅਤੇ ਇਹ ਵੀ ਦੇਖਿਆ ਕਿ ਯਿਸੂ ਦੇ ਸਰੀਰ ਨੂੰ ਕਬਰ ਵਿੱਚ ਕਿਵੇਂ ਰੱਖਿਆ ਗਿਆ ਸੀ। 56 ਫਿਰ ਉਹ ਘਰ ਮੁੜ ਆਈਆਂ ਅਤੇ ਯਿਸੂ ਦੇ ਸਰੀਰ ਤੇ ਮਲਣ ਲਈ ਅਤਰ ਤਿਆਰ ਕੀਤਾ।
ਮੂਸਾ ਦੀ ਸ਼ਰ੍ਹਾ ਦੇ ਹੁਕਮ ਅਨੁਸਾਰ ਸਬਤ ਦੇ ਦਿਨ ਉਨ੍ਹਾਂ ਸਭਨਾਂ ਨੇ ਅਰਾਮ ਕੀਤਾ।
ਯਿਸੂ ਬੰਦੀ ਬਣ ਗਿਆ(A)
18 ਜਦੋਂ ਯਿਸੂ ਪ੍ਰਾਰਥਨਾ ਕਰ ਹਟਿਆ, ਤਾਂ ਉਹ ਆਪਣੇ ਚੇਲਿਆਂ ਨਾਲ ਉੱਥੋਂ ਚੱਲਾ ਗਿਆ। ਉਹ ਕਿਦਰੋਨ ਦੀ ਘਾਟੀ ਦੇ ਦੂਸਰੇ ਪਾਸੇ ਚੱਲੇ ਗਏ। ਉੱਥੇ ਜੈਤੂਨ ਦੇ ਰੁੱਖਾਂ ਦਾ ਬਾਗ ਸੀ। ਯਿਸੂ ਅਤੇ ਉਸ ਦੇ ਚੇਲੇ ਉੱਥੇ ਚੱਲੇ ਗਏ।
2 ਅਤੇ ਯਹੂਦਾ ਇਸ ਥਾਂ ਤੋਂ ਵਾਕਫ਼ ਸੀ, ਕਿਉਂ ਕਿ ਯਿਸੂ ਅਕਸਰ ਆਪਣੇ ਚੇਲਿਆਂ ਨਾਲ ਉਸ ਥਾਵੇਂ ਜਾਂਦਾ ਸੀ। ਇੱਕ ਯਹੂਦਾ ਹੀ ਸੀ ਜਿਸਨੇ ਯਿਸੂ ਨੂੰ ਉਸ ਦੇ ਵੈਰੀਆਂ ਹੱਥੀ ਫ਼ੜਵਾਇਆ ਸੀ। 3 ਫ਼ਿਰ ਯਹੂਦਾ ਉੱਥੇ ਸੈਨਕਾਂ ਦਾ ਇੱਕ ਜਿੱਥੇਾ ਲੈ ਕੇ ਆਇਆ, ਇਹੀ ਨਹੀਂ ਸਗੋਂ ਉਹ ਆਪਣੇ ਨਾਲ ਪਰਧਾਨ ਜਾਜਕਾਂ ਅਤੇ ਫ਼ਰੀਸੀਆਂ ਕੋਲੋਂ ਕੁਝ ਪਿਆਦੇ ਵੀ ਲੈ ਆਇਆ। ਉਨ੍ਹਾਂ ਦੇ ਹੱਥਾਂ ਵਿੱਚ ਦੀਵੇ, ਮਸ਼ਾਲਾਂ ਅਤੇ ਹਥਿਆਰ ਸਨ।
4 ਯਿਸੂ ਜਾਣਦਾ ਸੀ ਕਿ ਉਸ ਨਾਲ ਕੀ ਹੋਣ ਵਾਲਾ ਹੈ। ਯਿਸੂ ਅਗਾਂਹ ਆਇਆ ਅਤੇ ਆਖਿਆ, “ਤੁਸੀਂ ਕਿਸ ਨੂੰ ਲੱਭ ਰਹੇ ਹੋਂ?”
5 ਆਦਮੀਆਂ ਨੇ ਆਖਿਆ, “ਨਾਸਰਤ ਦੇ ਯਿਸੂ ਨੂੰ।”
ਯਿਸੂ ਨੇ ਆਖਿਆ, “ਮੈਂ ਹੀ ਯਿਸੂ ਹਾਂ।” ਯਹੂਦਾ ਜਿਸਨੇ ਯਿਸੂ ਨੂੰ ਉਸ ਦੇ ਵੈਰੀਆਂ ਹੱਥੀ ਫ਼ੜਵਾਇਆ ਸੀ, ਉਹ ਵੀ ਉਸ ਜਿੱਥੇ ਵਿੱਚ ਖੜ੍ਹਾ ਸੀ। 6 ਜਦੋਂ ਉਸ ਨੇ ਉਨ੍ਹਾਂ ਲੋਕਾਂ ਨੂੰ ਆਖਿਆ, “ਮੈਂ ਯਿਸੂ ਹਾਂ” ਉਹ ਆਦਮੀ ਪਿੱਛਾਂਹ ਹਟੇ ਤੇ ਭੁੰਜੇ ਡਿੱਗ ਪਏ।
7 ਯਿਸੂ ਨੇ ਉਨ੍ਹਾਂ ਨੂੰ ਮੁੜ ਪੁੱਛਿਆ, “ਤੁਸੀਂ ਕਿਸ ਦੀ ਤਲਾਸ਼ ਕਰ ਰਹੇ ਹੋ?”
ਆਦਮੀਆਂ ਨੇ ਆਖਿਆ, “ਨਾਸਰਤ ਦੇ ਯਿਸੂ ਨੂੰ।”
8 ਯਿਸੂ ਨੇ ਕਿਹਾ, “ਮੈਂ ਤੁਹਾਨੂੰ ਆਖਿਆ ਤਾਂ ਹੈ ਕਿ ਮੈਂ ਹੀ ਯਿਸੂ ਹਾਂ, ਇਸ ਲਈ ਜੇਕਰ ਤੁਸੀਂ ਮੈਨੂੰ ਤਲਾਸ਼ ਰਹੇ ਹੋ ਤਾਂ ਇਨ੍ਹਾਂ ਲੋਕਾਂ ਨੂੰ ਜਾਣ ਦਿਉ।” 9 ਇਹ ਯਿਸੂ ਦੀ ਆਖਣੀ ਨੂੰ ਪੂਰਨ ਕਰਨ ਲਈ ਵਾਪਰਿਆ, “ਮੈਂ ਉਨ੍ਹਾਂ ਵਿੱਚੋਂ ਕੋਈ ਨਹੀਂ ਗੁਆਇਆ ਜਿਨ੍ਹਾਂ ਨੂੰ ਤੂੰ ਮੈਨੂੰ ਦਿੱਤਾ ਹੈ।”
10 ਫ਼ਿਰ ਸ਼ਮਊਨ ਪਤਰਸ ਕੋਲ ਜਿਹੜੀ ਤਲਵਾਰ ਸੀ ਉਸ ਨੇ ਬਾਹਰ ਕੱਢੀ ਅਤੇ ਸਰਦਾਰ ਜਾਜਕ ਦੇ ਦਾਸ ਤੇ ਚਲਾਈ ਅਤੇ ਉਸਦਾ ਸੱਜਾ ਕੰਨ ਵੱਢ ਦਿੱਤਾ। (ਉਸ ਨੌਕਰ ਦਾ ਨਾਂ ਮਲਖੁਸ ਸੀ।) 11 ਫਿਰ ਯਿਸੂ ਨੇ ਪਤਰਸ ਨੂੰ ਕਿਹਾ, “ਆਪਣੀ ਤਲਵਾਰ ਵਾਪਸ ਮਿਆਨ ਵਿੱਚ ਪਾ। ਕੀ ਮੈਨੂੰ ਇਹ ਦੁੱਖਾਂ ਦਾ ਪਿਆਲਾ, ਜਿਹੜਾ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, ਨਹੀਂ ਪੀਣਾ ਚਾਹੀਦਾ?”
ਯਿਸੂ ਨੂੰ ਅੰਨਾਸ ਸਾਹਮਣੇ ਪੇਸ਼ ਕੀਤਾ ਗਿਆ(B)
12 ਉਸਤੋਂ ਬਾਦ ਸੈਨਾ ਅਧਿਕਾਰੀ ਅਤੇ ਯਹੂਦੀ ਪੈਰੇਦਾਰਾਂ ਨੇ ਯਿਸੂ ਨੂੰ ਫ਼ੜ ਕੇ ਬੰਨ੍ਹ ਲਿਆ। 13 ਬੰਨ੍ਹ ਕੇ ਉਸ ਨੂੰ ਅੰਨਾਸ ਅੱਗੇ ਲਿਆਂਦਾ ਗਿਆ। ਅੰਨਾਸ ਕਯਾਫ਼ਾ ਦਾ ਸੌਹਰਾ ਲੱਗਦਾ ਸੀ। ਅਤੇ ਉਸ ਵਰ੍ਹੇ ਕਯਾਫ਼ਾ ਸਰਦਾਰ ਜਾਜਕ ਸੀ। 14 ਕਯਾਫ਼ਾ ਉਹ ਸੀ ਜਿਸਨੇ ਯਹੂਦੀਆਂ ਨੂੰ ਸਲਾਹ ਦਿੱਤੀ ਸੀ ਕਿ ਸਾਰੇ ਲੋਕਾਂ ਲਈ ਇੱਕ ਮਨੁੱਖ ਦਾ ਮਰਨਾ ਚੰਗਾ ਹੈ।
ਪਤਰਸ ਨੇ ਯਿਸੂ ਬਾਰੇ ਜਾਨਣ ਤੋਂ ਇਨਕਾਰ ਕੀਤਾ(C)
15 ਸ਼ਮਊਨ ਪਤਰਸ ਅਤੇ ਇੱਕ ਹੋਰ ਚੇਲਾ ਯਿਸੂ ਦੇ ਮਗਰ ਹੋ ਤੁਰਿਆ। ਉਹ ਚੇਲਾ ਸਰਦਾਰ ਜਾਜਕ ਦਾ ਵਾਕਫ਼ ਸੀ ਅਤੇ ਯਿਸੂ ਦੇ ਨਾਲ ਸਰਦਾਰ ਜਾਜਕ ਦੇ ਵਿਹੜੇ ਤੀਕ ਗਿਆ। 16 ਪਰ ਪਤਰਸ ਬਾਹਰ ਦਰਵਾਜ਼ੇ ਕੋਲ ਠਹਿਰ ਗਿਆ, ਦੂਜਾ ਚੇਲਾ, ਜਿਹੜਾ ਸਰਦਾਰ ਜਾਜਕ ਨੂੰ ਜਾਣਦਾ ਸੀ, ਦਰਵਾਜ਼ੇ ਕੋਲ ਆਇਆ ਅਤੇ ਇੱਕ ਨੌਕਰਾਨੀ ਨੂੰ ਮਿਲਿਆ, ਜੋ ਕਿ ਦੁਆਰਪਾਲ ਸੀ। ਤਦ ਉਹ ਪਤਰਸ ਨੂੰ ਅੰਦਰ ਲਿਆਇਆ। 17 ਉਸ ਨੌਕਰਾਨੀ ਨੇ ਦਰਵਾਜ਼ੇ ਤੇ ਪਤਰਸ ਨੂੰ ਕਿਹਾ, “ਕੀ ਤੂੰ ਉਸ ਆਦਮੀ ਦੇ ਚੇਲਿਆਂ ਵਿੱਚੋਂ ਇੱਕ ਹੈਂ?”
ਪਤਰਸ ਨੇ ਜਵਾਬ ਦਿੱਤਾ, “ਨਹੀਂ, ਮੈਂ ਨਹੀਂ ਹਾਂ।”
18 ਇਹ ਸਰਦੀ ਦਾ ਮੌਸਮ ਸੀ ਨੌਕਰਾਂ ਅਤੇ ਪਹਿਰੇਦਾਰਾਂ ਨੇ ਬਾਹਰ ਅੱਗ ਬਾਲੀ ਹੋਈ ਸੀ ਅਤੇ ਉਹ ਅੱਗ ਦੇ ਆਲੇ-ਦੁਆਲੇ ਖੜ੍ਹੇ ਹੋਕੇ ਸੇਕ ਰਹੇ ਸਨ। ਪਤਰਸ ਵੀ ਇਨ੍ਹਾਂ ਲੋਕਾਂ ਵਿੱਚ ਖੜ੍ਹਾ ਸੇਕ ਰਿਹਾ ਸੀ।
ਸਰਦਾਰ ਜਾਜਕ ਨੇ ਯਿਸੂ ਨੂੰ ਸਵਾਲ ਕੀਤੇ(D)
19 ਸਰਦਾਰ ਜਾਜਕ ਨੇ ਯਿਸੂ ਨੂੰ ਉਸ ਦੇ ਚੇਲਿਆਂ ਬਾਰੇ ਅਤੇ, ਜੋ ਉਪਦੇਸ਼ ਉਸ ਨੇ ਸਮਝਾਏ ਸਨ, ਉਨ੍ਹਾਂ ਬਾਰੇ ਪ੍ਰਸ਼ਨ ਕੀਤੇ। 20 ਯਿਸੂ ਨੇ ਆਖਿਆ, “ਮੈਂ ਹਮੇਸ਼ਾ ਲੋਕਾਂ ਨੂੰ ਖੁਲ੍ਹੇਆਮ ਬੋਲਿਆ ਹਾਂ। ਮੈਂ ਹਮੇਸ਼ਾ ਪ੍ਰਾਰਥਨਾ ਸਥਾਨ ਅਤੇ ਮੰਦਰ ਵਿੱਚ ਹੀ ਉਪਦੇਸ਼ ਦਿੱਤੇ ਹਨ, ਜਿੱਥੇ ਸਾਰੇ ਯਹੂਦੀ ਇੱਕਤਰ ਹੁੰਦੇ ਹਨ। ਮੈਂ ਕਦੇ ਕਿਸੇ ਨੂੰ ਗੁਪਤ ਤੌਰ ਤੇ ਸਿੱਖਿਆ ਨਹੀਂ ਦਿੱਤੀ। 21 ਤਾਂ ਫਿਰ ਤੂੰ ਮੈਨੂੰ ਅਜਿਹੇ ਸਵਾਲ ਕਿਉਂ ਕਰ ਰਿਹਾ ਹੈਂ? ਉਨ੍ਹਾਂ ਲੋਕਾਂ ਨੂੰ ਪੁੱਛ ਜਿਨ੍ਹਾਂ ਨੇ ਮੇਰੀਆਂ ਸਿੱਖਿਆਵਾਂ ਸੁਣੀਆਂ ਹਨ। ਉਹ ਜਾਣਦੇ ਹਨ ਕਿ ਮੈਂ ਕੀ ਆਖਿਆ ਹੈ।”
22 ਜਦੋਂ ਯਿਸੂ ਨੇ ਇਹ ਆਖਿਆ ਤਾਂ ਉਸ ਕੋਲ ਖੜ੍ਹੇ ਪਹਿਰੇਦਾਰਾਂ ਵਿੱਚੋਂ ਇੱਕ ਨੇ ਉਸ ਨੂੰ ਮਾਰਿਆ ਤੇ ਆਖਿਆ, “ਤੈਨੂੰ ਸਰਦਾਰ ਜਾਜਕ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ।”
23 ਯਿਸੂ ਨੇ ਆਖਿਆ, “ਜੇਕਰ ਮੈਂ ਗਲਤ ਬੋਲਿਆ ਹਾਂ, ਤਾਂ ਲੋਕਾਂ ਸਾਹਮਣੇ ਦੱਸ ਮੈਂ ਕੀ ਗਲਤ ਬੋਲਿਆ ਹੈ। ਪਰ ਜੇਕਰ ਮੈਂ ਸਹੀ ਬੋਲਿਆ ਹਾਂ, ਤਾਂ ਤੂੰ ਮੈਨੂੰ ਕਿਉਂ ਕੁੱਟਿਆ ਹੈ?”
24 ਤਾਂ ਫਿਰ ਅੰਨਾਸ ਨੇ ਯਿਸੂ ਨੂੰ ਸਰਦਾਰ ਜਾਜਕ ਕਯਾਫ਼ਾ ਕੋਲ ਭੇਜ ਦਿੱਤਾ। ਯਿਸੂ ਨੂੰ ਉਨ੍ਹਾਂ ਅਜੇ ਵੀ ਬੰਨ੍ਹਿਆ ਹੋਇਆ ਸੀ।
ਪਤਰਸ ਦਾ ਫ਼ੇਰ ਝੂਠ ਬੋਲਣਾ(E)
25 ਸ਼ਮਊਨ ਪਤਰਸ ਅੱਗ ਕੋਲ ਖੜ੍ਹਾ ਸੀ ਅਤੇ ਆਪਣੇ-ਆਪ ਨੂੰ ਨਿਘਾ ਕਰ ਰਿਹਾ ਸੀ। ਦੂਜੇ ਆਦਮੀਆਂ ਨੇ ਪਤਰਸ ਨੂੰ ਕਿਹਾ, “ਕੀ ਤੂੰ ਵੀ ਉਸ ਦੇ ਚੇਲਿਆਂ ਵਿੱਚੋਂ ਇੱਕ ਹੈਂ?”
ਪਰ ਪਤਰਸ ਨੇ ਹਾਮੀ ਨਾ ਭਰੀ। ਉਸ ਨੇ ਕਿਹਾ, “ਨਹੀਂ, ਮੈਂ ਨਹੀਂ ਹਾਂ।”
26 ਸਰਦਾਰ ਜਾਜਕ ਦੇ ਸੇਵਕਾਂ ਵਿੱਚੋਂ ਇੱਕ ਉੱਥੇ ਸੀ ਅਤੇ ਇਹ ਆਦਮੀ ਉਹ ਮਨੁੱਖ ਦਾ ਸੰਬੰਧੀ ਸੀ ਜਿਸਦਾ ਪਤਰਸ ਨੇ ਕੰਨ ਵੱਢਿਆ ਸੀ ਤਾਂ ਉਸ ਸੇਵਕ ਨੇ ਕਿਹਾ, “ਕੀ ਮੈਂ ਤੈਨੂੰ ਉਸ ਆਦਮੀ (ਯਿਸੂ) ਨਾਲ ਬਾਗ ਵਿੱਚ ਵੇਖਿਆ ਸੀ।”
27 ਪਰ ਫ਼ਿਰ ਪਤਰਸ ਨੇ ਆਖਿਆ, “ਨਹੀਂ, ਮੈਂ ਉਸ ਦੇ ਨਾਲ ਨਹੀਂ ਸਾਂ!” ਅਤੇ ਉਸੇ ਵੇਲੇ ਇੱਕ ਕੁੱਕੜ ਨੇ ਬਾਂਗ ਦਿੱਤੀ।
ਯਿਸੂ ਨੂੰ ਪਿਲਾਤੁਸ ਕੋਲ ਲਿਜਾਇਆ ਗਿਆ(F)
28 ਤਦ ਯਹੂਦੀ ਯਿਸੂ ਨੂੰ ਕਯਾਫ਼ਾ ਦੀ ਕਚਿਹਰੀ ਚੋਂ ਕੱਢ ਕੇ ਰਾਜਪਾਲ ਦੇ ਮਹਿਲ ਵਿੱਚ ਲੈ ਗਏ। ਅਜੇ ਬਹੁਤ ਸਵੇਰਾ ਸੀ ਪਰ ਯਹੂਦੀ ਕਚਿਹਰੀ ਦੇ ਅੰਦਰ ਨਹੀਂ ਗਏ। ਉਹ ਆਪਣੇ-ਆਪ ਨੂੰ ਭ੍ਰਿਸ਼ਟ ਨਹੀਂ ਸੀ ਕਰਨਾ ਚਾਹੁੰਦੇ ਕਿਉਂਕਿ ਉਹ ਪਸਾਹ ਦੇ ਤਿਉਹਾਰ ਦਾ ਭੋਜਨ ਕਰਨਾ ਚਾਹੁੰਦੇ ਸਨ। 29 ਇਸ ਲਈ ਪਿਲਾਤੁਸ ਉਨ੍ਹਾਂ ਕੋਲ ਬਾਹਰ ਆਇਆ ਅਤੇ ਪੁੱਛਿਆ, “ਤੁਸੀਂ ਇਸ ਮਨੁੱਖ ਦੇ ਸਿਰ ਕੀ ਦੋਸ਼ ਲਗਾਉਂਦੇ ਹੋ?”
30 ਯਹੂਦੀਆਂ ਨੇ ਕਿਹਾ, “ਇਹ ਇੱਕ ਬੁਰਾ ਆਦਮੀ ਹੈ, ਇਸ ਲਈ ਅਸੀਂ ਇਸ ਨੂੰ ਤੇਰੇ ਕੋਲ ਲੈ ਕੇ ਆਏ ਹਾਂ।”
31 ਪਿਲਾਤੁਸ ਨੇ ਯਹੂਦੀਆਂ ਨੂੰ ਆਖਿਆ, “ਤੁਸੀਂ ਯਹੂਦੀ ਆਪਣੇ-ਆਪ ਹੀ ਇਸ ਨੂੰ ਲੈ ਜਾਵੋ ਅਤੇ ਆਪਣੀ ਸ਼ਰ੍ਹਾ ਅਨੁਸਾਰ ਇਸਦਾ ਨਿਆਂ ਕਰੋ।”
ਯਹੂਦੀਆਂ ਨੇ ਜਵਾਬ ਦਿੱਤਾ, “ਪਰ ਤੁਹਾਡੀ ਸ਼ਰ੍ਹਾ ਸਾਨੂੰ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦੀ ਆਗਿਆ ਨਹੀਂ ਹੈ।” 32 (ਜਿਵੇਂ ਯਿਸੂ ਨੇ ਆਪਣੀ ਮੌਤ ਬਾਰੇ ਕਿਹਾ ਸੀ, ਕਿ ਉਹ ਕਿਸ ਤਰ੍ਹਾਂ ਮਰੇਗਾ, ਉਸੇ ਨੂੰ ਪੂਰਨ ਕਰਨ ਲਈ ਉਹ ਵਾਪਰਿਆ।)
33 ਪਿਲਾਤੁਸ ਮਹਿਲ ਅੰਦਰ ਵਾਪਸ ਚੱਲਾ ਗਿਆ ਅਤੇ ਉੱਥੇ ਯਿਸੂ ਨੂੰ ਉਸ ਨੇ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?”
34 ਯਿਸੂ ਨੇ ਆਖਿਆ, “ਕੀ ਤੂੰ ਇਹ ਆਪਣੇ-ਆਪ ਪੁੱਛ ਰਿਹਾ ਹੈ ਜਾਂ ਦੂਜੇ ਲੋਕਾਂ ਨੇ ਤੈਨੂੰ ਮੇਰੇ ਬਾਰੇ ਕੁਝ ਆਖਿਆ ਹੈ?”
35 ਪਿਲਾਤੁਸ ਨੇ ਕਿਹਾ, “ਮੈਂ ਇੱਕ ਯਹੂਦੀ ਨਹੀਂ ਹਾਂ ਤੇਰੇ ਆਪਣੇ ਹੀ ਲੋਕ ਅਤੇ ਪਰਧਾਨ ਜਾਜਕ ਤੈਨੂੰ ਮੇਰੇ ਕੋਲ ਲਿਆਏ ਹਨ। ਤੂੰ ਕੀ ਗਲਤ ਕੀਤਾ ਹੈ?”
36 ਯਿਸੂ ਨੇ ਆਖਿਆ, “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ। ਜੇਕਰ ਇਹ ਇਸ ਦੁਨੀਆਂ ਦਾ ਹੁੰਦਾ ਤਾਂ ਮੇਰੇ ਸੇਵਕ ਉਨ੍ਹਾਂ ਨਾਲ ਲੜਦੇ ਅਤੇ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ। ਪਰ ਮੇਰਾ ਰਾਜ ਕਿਸੇ ਹੋਰ ਥਾਂ ਦਾ ਹੈ ਇੱਥੋਂ ਦਾ ਨਹੀਂ।”
37 ਪਿਲਾਤੁਸ ਨੇ ਆਖਿਆ, “ਇਸ ਦਾ ਮਤਲਬ ਤੂੰ ਇੱਕ ਰਾਜਾ ਹੈ?”
ਯਿਸੂ ਨੇ ਆਖਿਆ, “ਤੂੰ ਜੋ ਆਖਿਆ ਉਹ ਸੱਚ ਹੈ। ਮੈਂ ਇੱਕ ਰਾਜਾ ਹਾਂ। ਮੈਂ ਇਸੇ ਲਈ ਜਨਮ ਲਿਆ ਅਤੇ ਇਸੇ ਕਾਰਣ ਦੁਨੀਆਂ ਤੇ ਆਇਆ ਤਾਂ ਜੋ ਮੈਂ ਸਚਿਆਈ ਦੀ ਗਵਾਹੀ ਦੇ ਸੱਕਾਂ। ਅਤੇ ਹਰ ਮਨੁੱਖ ਜੋ ਸਚਿਆਈ ਨਾਲ ਸੰਬੰਧਿਤ ਹੈ ਉਹ ਮੇਰੀ ਅਵਾਜ਼ ਸੁਣਦਾ ਹੈ।”
38 ਪਿਲਾਤੁਸ ਨੇ ਕਿਹਾ, “ਸੱਚ ਕੀ ਹੈ?” ਇਹ ਆਖਣ ਤੋਂ ਬਾਦ ਉਹ ਫ਼ੇਰ ਤੋਂ ਯਹੂਦੀਆਂ ਕੋਲ ਗਿਆ ਅਤੇ ਉਨ੍ਹਾਂ ਨੂੰ ਆਖਿਆ, “ਇਸ ਆਦਮੀ ਤੇ ਲਾਉਣ ਵਾਸਤੇ ਮੈਨੂੰ ਕੋਈ ਦੋਸ਼ ਨਹੀਂ ਲੱਭਿਆ। 39 ਪਰ ਇਹ ਤੁਹਾਡਾ ਰਿਵਾਜ਼ ਹੈ ਕਿ ਮੈਂ ਤੁਹਾਡੇ ਲਈ ਪਸਾਹ ਦੇ ਤਿਉਹਾਰ ਦੇ ਸਮੇਂ ਇੱਕ ਕੈਦੀ ਨੂੰ ਮੁਕਤ ਕਰ ਸੱਕਦਾ ਹਾਂ। ਸੋ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਮੁਕਤ ਕਰ ਦੇਵਾਂ?”
40 ਤਾਂ ਯਹੂਦੀ ਉੱਚੀ ਅਵਾਜ਼ ਵਿੱਚ ਚੀਕੇ, “ਨਹੀਂ, ਉਸ ਨੂੰ ਨਹੀਂ, ਪਰ ਤੂੰ ਬਰੱਬਾਸ ਨੂੰ ਮੁਕਤ ਕਰਦੇ।” ਬਰੱਬਾਸ ਇੱਕ ਡਾਕੂ ਸੀ।
19 ਤਦ ਫਿਰ ਪਿਲਾਤੁਸ ਨੇ ਯਿਸੂ ਨੂੰ ਫ਼ੜ ਕੇ ਕੋੜੇ ਮਾਰਨ ਦਾ ਹੁਕਮ ਦਿੱਤਾ। 2 ਸੈਨਕਾਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਉਸ ਦੇ ਸਿਰ ਤੇ ਪਾਇਆ ਅਤੇ ਉਸ ਨੂੰ ਬੈਂਗਨੀ ਚੋਲਾ ਪਹਿਨਾਇਆ। 3 ਬਾਰ-ਬਾਰ ਸੈਨਕ ਆਉਣ ਅਤੇ ਉਸ ਨੂੰ ਆਕੇ ਠੱਠਾ ਕਰਨ ਲੱਗੇ, “ਹੇ ਯਹੂਦੀਆਂ ਦੇ ਰਾਜਾ, ਨਮਸੱਕਾਰ।” ਇਸਦੇ ਨਾਲ ਹੀ ਉਸ ਦੇ ਮੂੰਹ ਤੇ ਚਪੇੜਾਂ ਵੀ ਮਾਰਦੇ ਰਹੇ।
4 ਪਿਲਾਤੁਸ ਨੇ ਫਿਰ ਬਾਹਰ ਆਕੇ ਯਹੂਦੀਆਂ ਨੂੰ ਆਖਿਆ, “ਵੇਖੋ, ਮੈਂ ਉਸ ਨੂੰ ਬਾਹਰ ਤੁਹਾਡੇ ਕੋਲ ਲਿਆ ਰਿਹਾ ਹਾਂ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਨੂੰ ਉਸ ਤੇ ਦੋਸ਼ ਲਾਉਣ ਵਾਸਤੇ ਕੁਝ ਵੀ ਨਹੀਂ ਲੱਭਿਆ।” 5 ਫਿਰ ਯਿਸੂ ਬਾਹਰ ਆਇਆ, ਉਸ ਦੇ ਸਿਰ ਤੇ ਕੰਡਿਆਂ ਦਾ ਤਾਜ ਅਤੇ ਸਰੀਰ ਦੁਆਲੇ ਬੈਂਗਨੀ ਚੋਗਾ ਪਾਇਆ ਹੋਇਆ ਸੀ। ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਵੇਖੋ, ਇਸ ਮਨੁੱਖ ਨੂੰ ਇਹ ਹੈ।”
6 ਜਦੋਂ ਪਰਧਾਨ ਜਾਜਕਾਂ ਅਤੇ ਯਹੂਦੀ ਪਹਿਰੇਦਾਰਾਂ ਨੇ ਇਸ ਨੂੰ ਵੇਖਿਆ ਤਾਂ ਉਨ੍ਹਾਂ ਰੌਲਾ ਪਾਇਆ, “ਇਸ ਨੂੰ ਸਲੀਬ ਦਿਓ! ਸਲੀਬ ਦਿਓ!”
ਪਰ ਪਿਲਾਤੁਸ ਨੇ ਕਿਹਾ, “ਤੁਸੀਂ ਆਪੇ ਇਸ ਨੂੰ ਲੈ ਜਾਵੋ ਅਤੇ ਸਲੀਬ ਦੇ ਦਿਓ, ਪਰ ਮੈਨੂੰ ਇਸਤੇ ਦੋਸ਼ ਲਾਉਣ ਲਈ ਕੁਝ ਵੀ ਨਹੀਂ ਲੱਭਿਆ।”
7 ਯਹੂਦੀਆਂ ਨੇ ਆਖਿਆ, “ਸਾਡੇ ਕੋਲ ਸ਼ਰ੍ਹਾ ਹੈ ਅਤੇ ਇਸਦੇ ਅਨੁਸਾਰ ਇਹ ਮਰਨ ਯੋਗ ਹੈ ਕਿਉਂਕਿ ਇਸਨੇ ਇਹ ਆਖਿਆ ਹੈ ਕਿ ਇਹ ਪਰਮੇਸ਼ੁਰ ਦਾ ਪੁੱਤਰ ਹੈ।”
8 ਜਦ ਪਿਲਾਤੁਸ ਨੇ ਇਹ ਗੱਲ ਸੁਣੀ ਤਦ ਉਹ ਹੋਰ ਵੀ ਡਰ ਗਿਆ। 9 ਉਹ ਮੁੜ ਮਹਿਲ ਨੂੰ ਗਿਆ ਅਤੇ ਯਿਸੂ ਨੂੰ ਆਖਿਆ, “ਤੂੰ ਕਿੱਥੋਂ ਆਇਆ ਹੈਂ?” ਪਰ ਯਿਸੂ ਨੇ ਉਸ ਨੂੰ ਕੋਈ ਜਵਾਬ ਨਾ ਦਿੱਤਾ। 10 ਪਿਲਾਤੁਸ ਨੇ ਕਿਹਾ, “ਕੀ ਤੂੰ ਮੇਰੇ ਨਾਲ ਬੋਲਣ ਤੋਂ ਇਨਕਾਰੀ ਹੈਂ? ਕੀ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਅਧਿਕਾਰ ਹੈ ਕਿ ਮੈਂ ਭਾਵੇਂ ਤੈਨੂੰ ਛੱਡ ਦੇਵਾਂ ਤੇ ਭਾਵੇਂ ਸਲੀਬ ਤੇ ਮਾਰ ਦੇਵਾਂ?”
11 ਯਿਸੂ ਨੇ ਆਖਿਆ, “ਇਹ ਸ਼ਕਤੀ, ਜੋ ਮੇਰੇ ਉੱਪਰ ਤੇਰੇ ਕੋਲ ਹੈ ਪਰਮੇਸ਼ੁਰ ਦੁਆਰਾ ਦਿੱਤੀ ਹੋਈ ਹੈ। ਇਸ ਲਈ ਜਿਸ ਆਦਮੀ ਨੇ ਮੈਨੂੰ ਤੇਰੇ ਹੱਥੀ ਫ਼ੜਵਾਇਆ ਹੈ ਉਹ ਵੱਧ ਪਾਪ ਦਾ ਦੋਸ਼ੀ ਹੈ।”
12 ਇਸਤੋਂ ਬਾਦ ਪਿਲਾਤੁਸ ਨੇ ਯਿਸੂ ਨੂੰ ਆਜ਼ਾਦ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਯਹੂਦੀ ਰੌਲਾ ਪਾ ਰਹੇ ਸਨ, “ਜੋ ਕੋਈ ਵੀ ਇਸ ਨੂੰ ਬਾਦਸ਼ਾਹ ਠਹਿਰਾਵੇਗਾ ਉਹ ਕੈਸਰ ਦੇ ਖਿਲਾਫ਼ ਹੈ। ਇਸ ਲਈ ਜੇਕਰ ਤੂੰ ਇਸ ਆਦਮੀ ਨੂੰ ਛੱਡੇਂਗਾ ਤਾਂ ਇਸਦਾ ਮਤਲਬ ਤੂੰ ਕੈਸਰ ਦਾ ਮਿੱਤਰ ਨਹੀਂ ਹੈ।”
13 ਪਿਲਾਤੁਸ ਇਹ ਗੱਲਾਂ ਸੁਣਕੇ ਯਿਸੂ ਨੂੰ ਬਾਹਰ “ਪੱਥਰ ਦੇ ਚਬੂਤਰੇ” ਨਾਂ ਦੇ ਥਾਂ ਕੋਲ ਲਿਆਇਆ। (ਜਿਸ ਨੂੰ ਇਬਰਾਨੀ ਭਾਸ਼ਾ [a] ਗੱਬਥਾ ਆਖਿਆ ਜਾਂਦਾ ਹੈ) ਅਤੇ ਨਿਆਂਕਾਰ ਦੀ ਕੁਰਸੀ ਤੇ ਬੈਠ ਗਿਆ। 14 ਇਹ ਤਕਰੀਬਨ ਦੁਪਿਹਰ ਸੀ ਅਤੇ ਇਹ ਪਸਾਹ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਸੀ। ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਇਹ ਵੇਖੋ, ਤੁਹਾਡਾ ਰਾਜਾ ਇੱਥੇ ਹੈ।”
15 ਯਹੂਦੀਆਂ ਨੇ ਡੰਡ ਪਾਈ, “ਇਸ ਨੂੰ ਦੂਰ ਲੈ ਜਾਓ, ਇਸ ਨੂੰ ਲੈ ਜਾਓ ਅਤੇ ਇਸ ਨੂੰ ਸਲੀਬ ਦਿਓ।”
ਪਿਲਾਤੁਸ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਰਾਜੇ ਨੂੰ ਸਲੀਬ ਦੇਵਾਂ?”
ਪ੍ਰਧਾਨ ਜਾਜਕ ਨੇ ਆਖਿਆ, “ਸਾਡਾ ਸਿਰਫ਼ ਇੱਕ ਹੀ ਰਾਜਾ ਹੈ, ਕੈਸਰ।”
16 ਤਾਂ ਪਿਲਾਤੁਸ ਨੇ ਯਿਸੂ ਨੂੰ ਸਲੀਬ ਦੇਣ ਲਈ ਯਹੂਦੀਆਂ ਦੇ ਹਵਾਲੇ ਕਰ ਦਿੱਤਾ।
ਯਿਸੂ ਨੂੰ ਸਲੀਬ ਤੇ ਚੜ੍ਹਾਇਆ ਗਿਆ(G)
ਸਿਪਾਹੀ ਯਿਸੂ ਨੂੰ ਲੈ ਗਏ। 17 ਉਸ ਨੇ ਆਪਣੀ ਸਲੀਬ ਆਪ ਚੁੱਕੀ ਅਤੇ “ਖੋਪਰੀ” ਨਾਮੇਂ ਥਾਂ ਤੇ ਗਿਆ। ਅਤੇ ਇਬਰਾਨੀ ਭਾਸ਼ਾ ਵਿੱਚ ਉਸ ਨੂੰ “ਗਲਗੱਥਾ” ਕਹਿੰਦੇ ਹਨ। 18 ਉੱਥੇ ਉਨ੍ਹਾਂ ਨੇ ਯਿਸੂ ਨੂੰ ਸਲੀਬ ਦਿੱਤੀ। ਉੱਥੇ ਦੋ ਮਨੁੱਖ ਹੋਰ ਸਨ ਜਿਨ੍ਹਾਂ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਸੀ। ਇੱਕ ਇੱਕ ਮਨੁੱਖ ਉਸ ਦੇ ਦੋਹੀਂ ਪਾਸੀ ਅਤੇ ਯਿਸੂ ਵਿੱਚਾਲੇ।
19 ਪਿਲਾਤੁਸ ਨੇ ਇੱਕ ਚਿੰਨ੍ਹ ਪੱਟੀ ਲਿਖਵਾ ਕੇ ਸਲੀਬ ਉੱਪਰ ਟੰਗਵਾਈ ਜਿਸਤੇ ਇਹ ਲਿਖਿਆ ਹੋਇਆ ਸੀ, “ ਯਿਸੂ ਨਾਸਰੀ ਯਹੂਦੀਆਂ ਦਾ ਰਾਜਾ।” 20 ਇਹ ਚਿੰਨ੍ਹ ਪੱਟੀ ਇਬਰਾਨੀ, ਲਾਤੀਨੀ ਅਤੇ ਯੂਨਾਨੀ ਭਾਸ਼ਾ ਵਿੱਚ ਲਿਖੀ ਹੋਈ ਸੀ। ਬਹੁਤ ਸਾਰੇ ਯਹੂਦੀਆਂ ਨੇ ਇਹ ਸੰਕੇਤ ਪੜ੍ਹਿਆ, ਕਿਉਂ ਕਿ ਜਿਸ ਜਗ੍ਹਾ ਉਸ ਨੂੰ ਸਲੀਬ ਦਿੱਤੀ ਗਈ ਸੀ, ਸ਼ਹਿਰ ਦੇ ਨੇੜੇ ਹੀ ਸੀ।
21 ਪਰਧਾਨ ਯਹੂਦੀ ਜਾਜਕਾਂ ਨੇ ਪਿਲਾਤੁਸ ਨੂੰ ਕਿਹਾ ਕਿ, “ਇਹ ਨਾ ਲਿਖ, ‘ਉਹ ਯਹੂਦੀਆ ਦਾ ਰਾਜਾ ਹੈ।’ ਸਗੋਂ ਇਹ ਲਿਖ ਕਿ, ‘ਉਸ ਨੇ ਆਖਿਆ, ਕਿ ਮੈਂ ਯਹੂਦੀਆਂ ਦਾ ਰਾਜਾ ਹਾਂ।’”
22 ਪਿਲਾਤੁਸ ਨੇ ਆਖਿਆ, “ਜੋ ਮੈਂ ਲਿਖਿਆ ਹੈ, ਉਸ ਨੂੰ ਮੈਂ ਹੁਣ ਨਹੀਂ ਬਦਲ ਸੱਕਦਾ।”
23 ਜਦੋਂ ਸੈਨਕਾਂ ਨੇ ਯਿਸੂ ਨੂੰ ਸਲੀਬ ਦਿੱਤੀ, ਉਨ੍ਹਾਂ ਨੇ ਉਸ ਦੇ ਵਸਤਰ ਲਏ ਅਤੇ ਉਨ੍ਹਾਂ ਨੂੰ ਚਾਰ ਹਿਸਿਆਂ ਵਿੱਚ ਵੰਡਿਆ। ਹਰੇਕ ਸਿਪਾਹੀ ਦਾ ਇੱਕ ਹਿੱਸਾ। ਉਨ੍ਹਾਂ ਨੇ ਉਸਦਾ ਕੁੜਤਾ ਵੀ ਲੈ ਲਿਆ। ਇਹ ਇੱਕ ਸਿਰੇ ਤੋਂ ਥੱਲੇ ਤੱਕ ਇੱਕੋ ਹੀ ਟੁਕੜੇ ਦਾ ਬਣਿਆ ਹੋਇਆ ਸੀ। 24 ਸਿਪਾਹੀਆਂ ਨੇ ਆਪਸ ਵਿੱਚ ਕਿਹਾ, “ਸਾਨੂੰ ਇਸ ਕੁੜਤੇ ਨੂੰ ਹਿੱਸਿਆਂ ਵਿੱਚ ਨਹੀਂ ਪਾੜਨਾ ਚਾਹੀਦਾ, ਸਗੋਂ ਅਸੀਂ ਪਰਚੀਆਂ ਪਾਕੇ ਵੇਖ ਲੈਦੇ ਹਾਂ ਇਹ ਕਿਸ ਦੇ ਹਿੱਸੇ ਆਉਂਦਾ ਹੈ।” ਇਹ ਇਸ ਲਈ ਹੋਇਆ ਤਾਂ ਜੋ ਪੋਥੀ ਦਾ ਕਥਨ ਪੂਰਾ ਹੋ ਸੱਕੇ।
“ਉਨ੍ਹਾਂ ਮੇਰੇ ਵਸਤਰ ਵੀ ਆਪਸ ਚ ਵੰਡ ਲਏ
ਅਤੇ ਮੇਰੇ ਕੱਪੜਿਆਂ ਤੇ ਪਰਚੀ ਸੁੱਟੀ।” (H)
ਤਾਂ ਸਿਪਾਹੀ ਨੇ ਇਉਂ ਕੀਤਾ।
25 ਯਿਸੂ ਦੀ ਮਾਤਾ ਉਸਦੀ ਸਲੀਬ ਦੇ ਕੋਲ ਖੜ੍ਹੀ ਸੀ। ਉਸਦੀ ਮਾਂ ਦੀ ਭੈਣ, ਕਲੋਪਸ ਦੀ ਪਤਨੀ ਮਰਿਯਮ ਅਤੇ ਮਰਿਯਮ ਮਗਦਲੀਨੀ ਵੀ ਖਲੋਤੀਆਂ ਸਨ। 26 ਯਿਸੂ ਨੇ ਆਪਣੀ ਮਾਤਾ ਨੂੰ ਵੇਖਿਆ। ਅਤੇ ਜਿਸ ਚੇਲੇ ਨੂੰ ਬੜਾ ਪਿਆਰ ਕੀਤਾ ਸੀ ਵੀ ਉੱਥੇ ਹੀ ਖੜ੍ਹਾ ਸੀ ਤਾਂ ਉਸ ਨੇ ਆਪਣੀ ਮਾਤਾ ਨੂੰ ਕਿਹਾ, “ਪਿਆਰੀ ਔਰਤ! ਇਹ ਰਿਹਾ ਤੇਰਾ ਪੁੱਤਰ।” 27 ਤਦ ਯਿਸੂ ਨੇ ਉਸ ਚੇਲੇ ਨੂੰ ਆਖਿਆ, “ਤੇਰੀ ਮਾਤਾ ਇੱਥੇ ਹੈ।” ਤਾਂ ਇਸਤੋਂ ਬਾਦ ਉਹ ਚੇਲਾ ਯਿਸੂ ਦੀ ਮਾਤਾ ਨੂੰ ਆਪਣੇ ਘਰ ਆਪਣੇ ਕੋਲ ਲੈ ਗਿਆ।
ਯਿਸੂ ਦੀ ਮੌਤ(I)
28 ਯਿਸੂ ਜਾਣਦਾ ਸੀ ਕਿ ਸਭ ਕੁਝ ਸੰਪੂਰਨ ਹੋ ਚੁੱਕਿਆ ਸੀ। ਇਸ ਲਈ ਪੋਥੀ ਵਿੱਚ ਜੋ ਲਿਖਿਆ ਹੈ ਉਸ ਨੂੰ ਪੂਰਾ ਕਰਨ ਲਈ ਉਸ ਨੇ ਆਖਿਆ, “ਮੈਂ ਪਿਆਸਾ ਹਾਂ।” [b] 29 ਉੱਥੇ ਇੱਕ ਵੱਡਾ ਮਰਤਬਾਨ ਸਿਰਕੇ ਦਾ ਭਰਿਆ ਹੋਇਆ ਸੀ ਤਾਂ ਸਿਪਾਹੀਆਂ ਨੇ ਇੱਕ ਸਪੰਜ ਨੂੰ ਉਸ ਵਿੱਚ ਭਿਗੋਇਆ ਅਤੇ ਉਸ ਸਪੰਜ ਨੂੰ ਜ਼ੂਫ਼ੇ ਨਾਂ ਦੇ ਪੌਧੇ ਦੀ ਟਹਿਣੀ ਨਾਲ ਬੰਨ੍ਹਕੇ, ਉਸ ਨੂੰ ਯਿਸੂ ਦੇ ਮੂੰਹ ਤੱਕ ਉੱਪਰ ਉੱਠਾਇਆ। 30 ਜਦ ਯਿਸੂ ਨੇ ਸਿਰਕੇ ਦਾ ਸਵਾਦ ਵੇਖਿਆ, ਉਸ ਨੇ ਆਖਿਆ, “ਇਹ ਪੂਰਾ ਹੋ ਗਿਆ ਹੈ।” ਤਦ ਯਿਸੂ ਨੇ ਆਪਣਾ ਸਿਰ ਨਿਵਾਇਆ ਅਤੇ ਜਾਨ ਦੇ ਦਿੱਤੀ।
31 ਇਹ ਦਿਨ ਤਿਆਰੀ ਦਾ ਦਿਨ ਸੀ ਅਤੇ ਅਗਲਾ ਦਿਨ ਸਬਤ ਦਾ ਦਿਨ ਸੀ। ਯਹੂਦੀ ਇਹ ਨਹੀਂ ਚਾਹੁੰਦੇ ਸਨ ਕਿ ਲੋਥਾਂ ਸਲੀਬ ਤੇ ਟੰਗੀਆਂ ਰਹਿਣ। ਕਿਉਂਕਿ ਸਬਤ ਦਾ ਦਿਨ ਉਨ੍ਹਾਂ ਲਈ ਬਹੁਤ ਖਾਸ ਸੀ। ਉਨ੍ਹਾਂ ਪਿਲਾਤੁਸ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੀਆਂ ਲੱਤਾਂ ਤੋੜਨ ਦੀ ਆਗਿਆ ਦੇਵੇ, ਤਾਂ ਜੋ ਉਹ ਜਲਦੀ ਮਰ ਜਾਣ ਅਤੇ ਸਲੀਬਾਂ ਤੋਂ ਜਲਦੀ ਹੀ ਲੋਥਾਂ ਨੂੰ ਉਤਾਰਿਆ ਜਾ ਸੱਕੇ। 32 ਤਾਂ ਸਿਪਾਹੀ ਆਏ ਅਤੇ ਉਨ੍ਹਾਂ ਨੇ ਪਹਿਲੇ ਆਦਮੀ ਦੀਆਂ ਲੱਤਾਂ ਤੋੜੀਆਂ ਜਿਸ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਸੀ। ਫ਼ੇਰ ਉਨ੍ਹਾਂ ਨੇ ਦੂਜੇ ਆਦਮੀ ਦੀਆਂ ਲੱਤਾਂ ਵੀ ਤੋੜ ਦਿੱਤੀਆਂ। 33 ਪਰ ਜਦੋਂ ਸਿਪਾਹੀ ਯਿਸੂ ਕੋਲ ਪਹੁੰਚੇ ਤਾਂ ਕੀ ਵੇਖਿਆ ਕਿ ਯਿਸੂ ਤਾਂ ਪਹਿਲਾਂ ਹੀ ਮਰ ਚੁੱਕਾ ਹੈ, ਇਸ ਲਈ ਉਨ੍ਹਾਂ ਨੇ ਉਸਦੀਆਂ ਲੱਤਾਂ ਨਾ ਤੋੜੀਆਂ।
34 ਪਰ ਉਨ੍ਹਾਂ ਵਿੱਚੋਂ ਇੱਕ ਸਿਪਾਹੀ ਨੇ ਤਲਵਾਰ ਕੱਢੀ ਅਤੇ ਯਿਸੂ ਦੀ ਵੱਖੀ ਵਿੰਨ੍ਹ ਦਿੱਤੀ। ਉਸ ਦੇ ਸਰੀਰ ਵਿੱਚੋਂ ਲਹੂ ਅਤੇ ਪਾਣੀ ਆਇਆ। 35 (ਜਿਸ ਨੇ ਇਹ ਸਭ ਵੇਖਿਆ ਗਵਾਹੀ ਦਿੱਤੀ ਅਤੇ ਉਸਦੀ ਗਵਾਹੀ ਸੱਚੀ ਹੈ, ਉਹ ਜਾਣਦਾ ਹੈ ਜੋ ਉਹ ਕਹਿ ਰਿਹਾ, ਸੱਚ ਹੈ। ਉਸ ਨੇ ਗਵਾਹੀ ਦਿੱਤੀ ਤਾਂ ਜੋ ਤੁਸੀਂ ਵੀ ਵਿਸ਼ਵਾਸ ਕਰ ਸੱਕੋਂ।) 36 ਇਹ ਪੋਥੀ ਦੀ ਕਹਿਣੀ ਨੂੰ ਪੂਰਾ ਕਰਨ ਲਈ ਵਾਪਰਿਆ: “ਉਸ ਦੀ ਕੋਈ ਹੱਡੀ ਨਹੀਂ ਤੋੜੀ ਜਾਵੇਗੀ।” [c] 37 ਅਤੇ ਦੂਜੀ ਪੋਥੀ ਆਖਦੀ ਹੈ, “ਲੋਕ ਉਸ ਵਿਅਕਤੀ ਵੱਲ ਵੇਖਣਗੇ ਜਿਸ ਨੂੰ ਉਨ੍ਹਾਂ ਨੇ ਤਲਵਾਰ ਨਾਲ ਵਿੰਨ੍ਹਿਆ ਸੀ।” [d]
ਯਿਸੂ ਨੂੰ ਦਫ਼ਨਾਉਣਾ(J)
38 ਇਸ ਤੋਂ ਬਾਦ ਅਰਿਮਥੇਆ ਦੇ ਯੂਸੁਫ਼ ਨੇ ਪਿਲਾਤੁਸ ਨੂੰ ਯਿਸੂ ਦੇ ਸਰੀਰ ਨੂੰ ਲੈ ਜਾਣ ਲਈ ਬੇਨਤੀ ਕੀਤੀ। ਕਿਉਂ ਕਿ ਯੂਸੁਫ਼ ਯਹੂਦੀਆਂ ਤੋਂ ਡਰਦਾ ਸੀ, ਉਹ ਯਿਸੂ ਦਾ ਗੁਪਤ ਚੇਲਾ ਸੀ। ਪਿਲਾਤੁਸ ਨੇ ਉਸ ਨੂੰ ਯਿਸੂ ਦੇ ਸਰੀਰ ਨੂੰ ਲੈ ਜਾਣ ਦੀ ਆਗਿਆ ਦੇ ਦਿੱਤੀ ਤਾਂ ਯੂਸੁਫ਼ ਆਇਆ ਅਤੇ ਯਿਸੂ ਦੀ ਲੋਥ ਨੂੰ ਉੱਥੋਂ ਲੈ ਗਿਆ।
39 ਨਿਕੁਦੇਮੁਸ ਯੂਸੁਫ਼ ਦੇ ਨਾਲ ਗਿਆ। ਨਿਕੁਦੇਮੁਸ ਉਹੀ ਸੀ ਜਿਹੜਾ ਇੱਕ ਵਾਰ ਰਾਤ ਨੂੰ ਯਿਸੂ ਕੋਲ ਗਿਆ ਸੀ। ਉਹ ਆਪਣੇ ਨਾਲ ਚੌਂਤੀ ਲੀਟਰ ਦੇ ਕਰੀਬ ਗੰਧਰਸ ਨਾਲ ਮਿਸ਼੍ਰਿਤ ਊਦ ਲਿਆਇਆ। 40 ਇਨ੍ਹਾਂ ਦੋਹਾਂ ਆਦਮੀਆਂ ਨੇ ਯਿਸੂ ਦੀ ਲੋਥ ਚੁੱਕੀ ਅਤੇ ਯਹੂਦੀਆਂ ਦੇ ਦਫ਼ਨਾਉਣ ਦੇ ਰਿਵਾਜ਼ ਮੁਤਾਬਕ ਸਮਗਰੀ ਪਾਕੇ ਇੱਕ ਪਤਲੇ ਲਿਨਨ ਦੇ ਕੱਪੜੇ ਨਾਲ ਉਸ ਦੇ ਸਰੀਰ ਨੂੰ ਲਪੇਟਿਆ। 41 ਜਿਸ ਜਗ੍ਹਾ ਯਿਸੂ ਨੂੰ ਸਲੀਬ ਦਿੱਤੀ ਗਈ ਸੀ ਉੱਥੇ ਇੱਕ ਬਾਗ ਸੀ। ਉੱਥੇ ਇੱਕ ਨਵੀਂ ਕਬਰ ਸੀ ਜਿਸ ਵਿੱਚ ਕਦੇ ਵੀ ਕਿਸੇ ਨੂੰ ਦਫ਼ਨਾਇਆ ਨਹੀਂ ਗਿਆ ਸੀ। 42 ਆਦਮੀਆਂ ਨੇ ਯਿਸੂ ਨੂੰ ਉਸ ਕਬਰ ਵਿੱਚ ਪਾ ਦਿੱਤਾ ਕਿਉਂ ਕਿ ਇਹ ਨੇੜੇ ਸੀ ਅਤੇ ਸਬਤ ਦੇ ਦਿਨ ਲਈ ਤਿਆਰੀ ਦਾ ਦਿਨ ਵੀ ਸੀ।
2010 by World Bible Translation Center