Revised Common Lectionary (Complementary)
10 ਪਰਮੇਸ਼ੁਰ ਨੇ ਉਨ੍ਹਾਂ ਦੀਆਂ ਕਰਨੀਆਂ ਵੇਖੀਆਂ ਅਤੇ ਇਹ ਵੀ ਵੇਖਿਆ ਕਿ ਉਨ੍ਹਾਂ ਨੇ ਮੰਦੀਆਂ ਗੱਲਾਂ ਕਰਨੀਆਂ ਬੰਦ ਕਰ ਦਿੱਤੀਆਂ ਸਨ, ਫ਼ੇਰ ਪਰਮੇਸ਼ੁਰ ਨੇ ਆਪਣਾ ਨਿਆਂ ਬਦਲ ਲਿਆ ਅਤੇ ਉਹ ਨਹੀਂ ਕੀਤਾ ਜੋ ਉਸ ਨੇ ਵਿਉਂਤਿਆ ਸੀ ਅਤੇ ਲੋਕਾਂ ਨੂੰ ਸਜ਼ਾ ਨਹੀਂ ਦਿੱਤੀ।
ਪਰਮੇਸ਼ੁਰ ਦੀ ਮਿਹਰ ਨੇ ਯੂਨਾਹ ਨੂੰ ਕ੍ਰੋਧਿਤ ਕੀਤਾ
4 ਯੂਨਾਹ ਪਰਮੇਸ਼ੁਰ ਦੇ ਸ਼ਹਿਰ ਨੂੰ ਬਚਾਉਣ ਕਾਰਣ ਖੁਸ਼ ਨਹੀਂ ਸੀ, ਇਸਦੀ ਬਜਾਇ ਉਸ ਨੂੰ ਗੁੱਸਾ ਆ ਗਿਆ। 2 ਯੂਨਾਹ ਨੇ ਯਹੋਵਾਹ ਨੂੰ ਸ਼ਿਕਾਇਤ ਕੀਤੀ ਅਤੇ ਆਖਿਆ, “ਮੈਂ ਜਾਣਦਾ ਸੀ ਕਿ ਅਜਿਹਾ ਹੀ ਵਾਪਰੇਗਾ। ਜਦੋਂ ਮੈਂ ਆਪਣੇ ਦੇਸ ਵਿੱਚ ਸੀ ਤੂੰ ਮੈਨੂੰ ਇੱਥੇ ਆਉਣ ਲਈ ਕਿਹਾ। ਉਸ ਵਕਤ, ਮੈਂ ਜਾਣਦਾ ਸੀ ਕਿ ਤੂੰ ਇਸ ਪਾਪੀ ਸ਼ਹਿਰ ਦੇ ਲੋਕਾਂ ਨੂੰ ਮੁਆਫ ਕਰ ਦੇਵੇਂਗਾ ਇਸ ਲਈ ਮੈਂ ਤਰਸ਼ੀਸ਼ ਨੂੰ ਭੱਜਣਾ ਚਾਹੁੰਦਾ ਸਾਂ। ਮੈਂ ਜਾਣਦਾ ਸੀ ਕਿ ਤੂੰ ਮਿਹਰਬਾਨ ਪਰਮੇਸ਼ੁਰ ਹੈਂ। ਅਤੇ ਤੂੰ ਆਪਣਾ ਰਹਿਮ ਦਰਸਾਅ ਕੇ ਉਨ੍ਹਾਂ ਲੋਕਾਂ ਨੂੰ ਮੁਆਫ਼ ਕਰ ਦੇਵੇਂਗਾ। ਮੈਨੂੰ ਪਤਾ ਸੀ ਕਿ ਤੂੰ ਮਿਹਰਬਾਨ ਅਤੇ ਕਿਰਪਾਲੂ ਹੈਂ ਤੇ ਜੇਕਰ ਇਹ ਲੋਕ ਪਾਪ ਕਰਨੇ ਬੰਦ ਕਰ ਦੇਣਗੇ, ਤੂੰ ਆਪਣੀਆਂ ਵਿਉਂਤਾਂ ਬਦਲ ਦੇਵੇਂਗਾ ਤੇ ਉਨ੍ਹਾਂ ਨੂੰ ਬਰਬਾਦ ਨਹੀਂ ਕਰੇਂਗਾ। 3 ਇਸ ਲਈ ਹੁਣ ਯਹੋਵਾਹ, ਮੈਂ ਤੈਨੂੰ ਮਾਰਨ ਲਈ ਆਖਦਾ ਹਾਂ। ਮੇਰੇ ਲਈ ਜਿਉਂਦੇ ਰਹਿਣ ਨਾਲੋਂ ਮਰਨਾ ਚੰਗਾ ਹੈ।”
4 ਫ਼ਿਰ ਯਹੋਵਾਹ ਨੇ ਆਖਿਆ, “ਕੀ ਤੂੰ ਇਹ ਗੱਲ ਠੀਕ ਸਮਝਦਾ ਹੈਂ ਕਿ ਤੂੰ ਮੇਰੇ ਨਾਲ ਗੁੱਸੇ ਹੈਂ ਉਹ ਵੀ ਇਸ ਲਈ ਕਿ ਮੈਂ ਉਨ੍ਹਾਂ ਲੋਕਾਂ ਨੂੰ ਤਬਾਹ ਨਹੀਂ ਕੀਤਾ?”
5 ਯੂਨਾਹ ਅਜੇ ਵੀ ਇਸ ਸਭ ਕਾਸੇ ਬਾਰੇ ਗੁੱਸੇ ਸੀ, ਇਸ ਲਈ ਉਹ ਸ਼ਹਿਰੋ ਬਾਹਰ ਚੱਲਾ ਗਿਆ। ਉਹ ਸ਼ਹਿਰ ਦੇ ਪੂਰਬੀ ਹਿੱਸੇ ਦੇ ਨੇੜੇ ਇੱਕ ਸਥਾਨ ਤੇ ਚੱਲਾ ਗਿਆ। ਉੱਥੇ ਉਸ ਨੇ ਆਪਣੇ ਲਈ ਇੱਕ ਸ਼ਰਣ ਸਥਾਨ ਬਣਾਇਆ ਅਤੇ ਉਸ ਛਾਂ ਹੇਠਾਂ ਇਹ ਵੇਖਣ ਦੇ ਇੰਤਜਾਰ ਵਿੱਚ ਬੈਠ ਗਿਆ ਕਿ ਸ਼ਹਿਰ ਨਾਲ ਕੀ ਵਾਪਰੇਗਾ।
ਕੱਦ ਦਾ ਪੌਦਾ ਅਤੇ ਕੀੜਾ
6 ਯਹੋਵਾਹ ਨੇ ਯੂਨਾਹ ਦੇ ਉੱਪਰ ਜਲਦੀ ਹੀ ਇੱਕ ਕੱਦ ਦਾ ਬੂਟਾ ਉਗਾਇਆ ਤਾਂ ਜੋ ਯੂਨਾਹ ਇਸਦੀ ਛਾਵੇਂ ਬੈਠ ਸੱਕੇ ਅਤੇ ਭਿਆਨਕ ਗਰਮੀ ਤੋਂ ਬਚ ਸੱਕੇ। ਇਸ ਨਾਲ ਯੂਨਾਹ ਨੂੰ ਬੜਾ ਆਰਾਮ ਮਿਲਿਆ ਅਤੇ ਉਹ ਇਸ ਬੂਟੇ ਕਾਰਣ ਬੜਾ ਖੁਸ਼ ਸੀ।
7 ਅਗਲੀ ਸਵੇਰ ਪਰਮੇਸ਼ੁਰ ਨੇ ਇਸ ਬੂਟੇ ਨੂੰ ਖਾਣ ਲਈ ਇੱਕ ਕੀੜਾ ਭੇਜਿਆ ਤਾਂ ਕੀੜੇ ਨੇ ਉਸ ਬੂਟੇ ਨੂੰ ਖਾਣਾ ਸ਼ੁਰੂ ਕਰ ਦਿੱਤਾ ਅਤੇ ਉਹ ਬੂਟਾ ਸੁੱਕ ਸੜ ਗਿਆ।
8 ਜਦੋਂ ਸੂਰਜ ਅਕਾਸ਼ ਵਿੱਚ ਉੱਚਾ ਸੀ, ਪਰਮੇਸ਼ੁਰ ਨੇ ਪੂਰਬ ਵੱਲੋਂ ਇੱਕ ਤੱਤੀ ਹਵਾ ਵਗਾਈ ਅਤੇ ਸੂਰਜ ਯੂਨਾਹ ਨੂੰ ਕਮਜ਼ੋਰ ਕਰਦਿਆਂ ਹੋਇਆਂ ਉਸ ਦੇ ਸਿਰ ਉਤੇ ਤਪਣ ਲੱਗ ਪਿਆ। ਯੂਨਾਹ ਨੇ ਇਹ ਆਖਦਿਆਂ ਹੋਇਆਂ ਪਰਮੇਸ਼ੁਰ ਨੂੰ ਉਸ ਨੂੰ ਮਰ ਜਾਣ ਲਈ ਵੀ ਕਿਹਾ, “ਅਜਿਹੇ ਜੀਵਨ ਜਿਉਣ ਤੋਂ ਤਾਂ ਚੰਗਾ ਹੈ ਕਿ ਮੈਂ ਮਰ ਜਾਵਾਂ।”
9 ਪਰ ਪਰਮੇਸ਼ੁਰ ਨੇ ਯੂਨਾਹ ਨੂੰ ਆਖਿਆ, “ਕੀ ਉਸ ਬੂਟੇ ਦੇ ਮਰ ਜਾਣ ਕਾਰਣ ਗੁੱਸੇ ਹੋਣਾ ਠੀਕ ਹੈ?”
ਯੂਨਾਹ ਨੇ ਜਵਾਬ ਦਿੱਤਾ, “ਹਾਂ, ਮੇਰੇ ਲਈ ਗੁੱਸਾ ਕਰਨਾ ਠੀਕ ਹੈ! ਮਰਨ ਲਈ ਮੇਰਾ ਗੁੱਸਾ ਕਾਫ਼ੀ ਹੈ!”
10 ਤਾਂ ਯਹੋਵਾਹ ਨੇ ਆਖਿਆ, “ਤੂੰ ਉਸ ਬੂਟੇ ਲਈ ਕੋਈ ਮਿਹਨਤ ਨਹੀਂ ਕੀਤੀ ਨਾ ਹੀ ਤੂੰ ਉਸ ਨੂੰ ਉਗਾਇਆ। ਰਾਤੋਂ-ਰਾਤ ਉਹ ਉਗਿਆ ਅਤੇ ਅਗਲੇ ਦਿਨ ਉਹ ਖਤਮ ਹੋ ਗਿਆ ਅਤੇ ਤੂੰ ਹੁਣ ਉਸ ਬੂਟੇ ਕਾਰਣ ਦੁੱਖੀ ਹੈਂ। 11 ਜੇਕਰ ਤੂੰ ਇੱਕ ਬੂਟੇ ਕਾਰਣ ਪਰੇਸ਼ਾਨ ਹੋ ਸੱਕਦਾ ਹੈਂ, ਤਾਂ ਮੈਂ ਨੀਨਵਾਹ ਜਿਹੇ ਸ਼ਹਿਰ ਤੇ ਤਰਸ ਖਾ ਕੇ ਅਜਿਹੇ ਵੱਡੇ ਸ਼ਹਿਰ ਨੂੰ ਬਖਸ ਕਿਵੇਂ ਨਹੀਂ ਕਰ ਸੱਕਦਾ? ਇਸ ਸ਼ਹਿਰ ਵਿੱਚ ਅਨੇਕਾਂ ਲੋਕ ਅਤੇ ਜਾਨਵਰ ਹਨ। ਇਸ ਸ਼ਹਿਰ ਵਿੱਚ 1,20,000 ਤੋਂ ਵੱਧ ਲੋਕ ਹਨ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਗ਼ਲਤ ਕਰ ਰਹੇ ਸਨ।”
ਦਾਊਦ ਦਾ ਇੱਕ ਗੀਤ।
145 ਮੈਂ ਤੁਹਾਡੀ ਉਸਤਤਿ ਕਰਦਾ ਹਾਂ। ਮੇਰੇ ਪਰਮੇਸ਼ੁਰ ਅਤੇ ਰਾਜੇ,
ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਨੂੰ ਅਸੀਸ ਦਿੰਦਾ ਹਾਂ।
2 ਮੈਂ ਹਰ-ਰੋਜ਼ ਤੁਹਾਡੀ ਉਸਤਤਿ ਕਰਦਾ ਹਾਂ,
ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਦੀ ਉਸਤਤਿ ਕਰਦਾ ਹਾਂ।
3 ਯਹੋਵਾਹ ਮਹਾਨ ਹੈ।
ਲੋਕ ਉਸਦੀ ਉਸਤਤਿ ਬਹੁਤ ਕਰਦੇ ਹਨ।
ਅਸੀਂ ਉਸ ਦੇ ਸਾਰੇ ਮਹਾਨ ਕਾਰਜਾਂ ਨੂੰ ਨਹੀਂ ਗਿਣ ਸੱਕਦੇ।
4 ਯਹੋਵਾਹ, ਲੋਕ ਸਦਾ-ਸਦਾ ਲਈ ਤੁਹਾਡੇ ਕਾਰਜਾਂ ਲਈ ਤੁਹਾਡੀ ਉਸਤਤਿ ਕਰਨਗੇ।
ਉਹ ਤੁਹਾਡੇ ਮਹਾਨ ਕਾਰਜਾ ਬਾਰੇ ਦੱਸਣਗੇ।
5 ਤੁਹਾਡੀ ਸ਼ਾਨੋ-ਸ਼ੌਕਤ ਬਹੁਤ ਅਦਭੁਤ ਹੈ।
ਮੈਂ ਤੁਹਾਡੇ ਚਮਤਕਾਰਾਂ ਬਾਰੇ ਦੱਸਾਂਗਾ।
6 ਯਹੋਵਾਹ, ਲੋਕ ਤੁਹਾਡੇ ਅਦਭੁਤ ਕਾਰਿਆਂ ਬਾਰੇ ਦੱਸਣਗੇ।
ਮੈਂ ਤੁਹਾਡੇ ਮਹਾਨ ਕਾਰਜਾਂ ਬਾਰੇ ਦੱਸਾਂਗਾ।
7 ਲੋਕ ਤੁਹਾਡੇ ਸ਼ੁਭ ਕਾਰਜਾ ਬਾਰੇ ਦੱਸਣਗੇ।
ਲੋਕ ਤੁਹਾਡੀ ਨੇਕੀ ਦੇ ਗੀਤ ਗਾਉਣਗੇ।
8 ਯਹੋਵਾਹ ਮਿਹਰਬਾਨ ਅਤੇ ਦਿਆਲੂ ਹੈ।
ਯਹੋਵਾਹ ਸਹਿਜ ਅਤੇ ਪਿਆਰ ਭਰਿਆ ਹੈ।
21 ਮੇਰੀ ਜ਼ਿੰਦਗੀ ਦੀ ਮਹੱਤਵਪੂਰਣ ਗੱਲ ਮਸੀਹ ਲਈ ਜਿਉਣਾ ਹੈ। “ਮੌਤ ਵੀ ਮੇਰੇ ਲਈ ਫ਼ਾਇਦੇਮੰਦ ਹੋਵੇਗੀ।” [a]
22 ਜੋ ਮੈਂ ਸਰੀਰਕ ਤੌਰ ਤੇ ਜਿਉਂਦਾ ਰਹਿੰਦਾ ਹਾਂ ਤਾਂ ਜੋ ਮੈਂ ਪ੍ਰਭੂ ਲਈ ਕਾਰਜ ਕਰ ਸੱਕਾਂਗਾ। ਪਰ ਮੈਨੂੰ ਚੋਣ ਕਿਸ ਗੱਲ ਦੀ ਕਰਨੀ ਚਾਹੀਦੀ ਹੈ। ਜਿਉਣ ਦੀ ਜਾਂ ਮਰਨ ਦੀ? ਮੈਨੂੰ ਪਤਾ ਨਹੀਂ। 23 ਜਿਉਣ ਤੇ ਮਰਨ ਵਿੱਚਕਾਰ ਚੋਣ ਕਰਨੀ ਔਖੀ ਹੈ। ਸੱਚਮੁੱਚ ਮੈਂ ਇਹ ਜੀਵਨ ਛੱਡਣਾ ਚਾਹੁੰਦਾ ਹਾਂ ਅਤੇ ਮਸੀਹ ਨਾਲ ਰਹਿਣਾ ਚਾਹੁੰਦਾ ਹਾਂ। ਉਹ ਕਿਤੇ ਜ਼ਿਆਦੇ ਬਿਹਤਰ ਹੈ। 24 ਪਰ ਤੁਹਾਨੂੰ ਲੋਕਾਂ ਨੂੰ ਮੇਰੀ ਸਰੀਰਕ ਤੌਰ ਤੇ ਲੋੜ ਹੈ। 25 ਮੈਨੂੰ ਪਤਾ ਹੈ ਕਿ ਤੁਹਾਨੂੰ ਮੇਰੀ ਲੋੜ ਹੈ। ਇਸੇ ਲਈ ਮੈਂ ਜਾਣਦਾ ਹਾਂ ਕਿ ਮੈਂ ਤੁਹਾਡੀ ਸਹਾਇਤਾ ਕਰਨ ਲਈ ਨਿਸ਼ਚਿਤ ਹੀ ਇੱਥੇ ਠਹਿਰਾਂਗਾ ਤਾਂ ਕਿ ਤੁਸੀਂ ਵੱਧੋਂ ਅਤੇ ਇਹ ਨਿਸ਼ਚਿਤ ਕਰਨ ਲਈ ਕਿ ਤੁਹਾਡੇ ਕੋਲ ਅਨੰਦ ਹੈ ਜੋ ਨਿਹਚਾ ਤੋਂ ਮਿਲਦਾ ਹੈ। 26 ਇਸ ਲਈ ਤੁਸੀਂ ਮਸੀਹ ਯਿਸੂ ਵਿੱਚ ਬਹੁਤ ਖੁਸ਼ ਹੋਵੋਂਗੇ, ਜਦੋਂ ਮੈਂ ਫ਼ੇਰ ਤੁਹਾਡੇ ਨਾਲ ਹੋਵਾਂਗਾ।
27 ਇਹ ਨਿਸ਼ਚਿਤ ਹੋਵੋ ਕਿ ਤੁਸੀਂ ਮਸੀਹ ਦੀ ਖੁਸ਼ਖਬਰੀ ਦੀ ਯੋਗਤਾ ਦੇ ਢੰਗ ਵਿੱਚ ਰਹਿੰਦੇ ਹੋ। ਫ਼ੇਰ ਜੇ ਮੈਂ ਤੁਹਾਡੇ ਕੋਲ ਸਫ਼ਰ ਕਰਕੇ ਆਵਾਂ ਜਾਂ ਮੈਂ ਤੁਹਾਥੋਂ ਦੂਰ ਹੋਵਾਂ, ਮੈਂ ਤੁਹਾਡੇ ਬਾਰੇ ਚੰਗੀਆਂ ਗੱਲਾਂ ਸੁਣਾਂਗਾ। ਮੈਂ ਸੁਣਾਂਗਾ ਕਿ ਤੁਸੀਂ ਇੱਕ ਮਨ ਨਾਲ ਨਿਹਚਾ ਲਈ, ਜਿਹੜੀ ਖੁਸ਼ਖਬਰੀ ਤੋਂ ਆਉਂਦੀ ਹੈ, ਸੰਘਰਸ਼ ਕਰ ਰਹੇ ਹੋ। 28 ਅਤੇ ਤੁਹਾਨੂੰ ਉਨ੍ਹਾਂ, ਲੋਕਾਂ ਤੋਂ ਕੋਈ ਡਰ ਨਹੀਂ ਹੋਵੇਗਾ, ਜਿਹੜੇ ਤੁਹਾਡੇ ਖਿਲਾਫ਼ ਹਨ। ਇਹ ਸਾਰੀਆਂ ਗੱਲਾਂ ਪਰਮੇਸ਼ੁਰ ਵੱਲੋਂ ਸਬੂਤ ਹਨ ਕਿ ਤੁਸੀਂ ਬਚਾਏ ਜਾਵੋਂਗੇ ਅਤੇ ਤੁਹਾਡੇ ਵੈਰੀ ਨਸ਼ਟ ਕੀਤੇ ਜਾਣਗੇ। 29 ਤੁਹਾਨੂੰ ਸਿਰਫ਼ ਮਸੀਹ ਵਿੱਚ ਵਿਸ਼ਵਾਸ ਰੱਖਣ ਦਾ ਹੀ ਅਧਿਕਾਰ ਨਹੀਂ ਦਿੱਤਾ ਗਿਆ, ਸਗੋਂ ਮਸੀਹ ਲਈ ਦੁੱਖ ਝੱਲਣ ਦਾ ਵੀ। ਪਰ ਇਹ ਗੱਲਾਂ ਮਸੀਹ ਲਈ ਮਹਿਮਾ ਲਿਆਉਂਦੀਆਂ ਹਨ। 30 ਤੁਸੀਂ ਉਹ ਜੱਦੋਂ-ਜਹਿਦ ਵੇਖੀ ਜੋ ਮੈਂ ਕੀਤੀ, ਅਤੇ ਅਜੇ ਵੀ ਤੁਸੀਂ ਉਨ੍ਹਾਂ ਸੰਘਰਸ਼ਾਂ ਬਾਰੇ ਸੁਣਦੇ ਹੋ ਜੋ ਮੈਨੂੰ ਹਨ। ਤੁਸੀਂ ਖੁਦ ਉਨ੍ਹਾਂ ਸੰਘਰਸ਼ਾਂ ਰਾਹੀਂ ਲੰਘ ਰਹੇ ਹੋ।
ਯਿਸੂ ਦਾ ਖੇਤ ਦੇ ਮਜਦੂਰਾਂ ਬਾਰੇ ਇੱਕ ਦ੍ਰਿਸ਼ਟਾਂਤ
20 “ਸਵਰਗ ਦਾ ਰਾਜ ਤਾਂ ਇੱਕ ਜਿਮੀਦਾਰ ਵਰਗਾ ਹੈ, ਜੋ ਤੜਕੇ ਹੀ ਘਰੋਂ ਨਿੱਕਲਿਆ ਕਿ ਆਪਣੇ ਅੰਗੂਰਾਂ ਦੇ ਬਾਗ ਵਿੱਚ ਕੁਝ ਕਾਮੇ ਲਾਵੇ। 2 ਉਸ ਨੇ ਕਾਮਿਆਂ ਨਾਲ ਇੱਕ ਚਾਂਦੀ ਦਾ ਸਿੱਕਾ ਦਿਹਾੜੀ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਬਾਗ ਵਿੱਚ ਭੇਜ ਦਿੱਤਾ।
3 “ਨੌ ਕੁ ਵਜੇ ਉਹ ਆਦਮੀ ਬਜ਼ਾਰ ਗਿਆ ਤਾਂ ਕੁਝ ਬੰਦਿਆਂ ਨੂੰ ਉੱਥੇ ਖੜ੍ਹੇ ਵੇਖਿਆ, ਇਹ ਲੋਕ ਕੁਝ ਵੀ ਨਹੀਂ ਸੀ ਕਰ ਰਹੇ। 4 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ‘ਜੇਕਰ ਤੁਸੀਂ ਵੀ ਮੇਰੇ ਬਾਗਾਂ ਵਿੱਚ ਜਾਕੇ ਕੰਮ ਕਰੋ ਤਾਂ ਮੈਂ ਤੁਹਾਨੂੰ ਜਿੰਨਾ ਤੁਹਾਡਾ ਹੱਕ ਬਣੇਗਾ ਦੇਵਾਂਗਾ।’ 5 ਅਤੇ ਉਹ ਲੋਕ ਵੀ ਉਸ ਦੇ ਖੇਤ ਵਿੱਚ ਕੰਮ ਕਰਨ ਲਈ ਚੱਲੇ ਗਏ।
“ਅਤੇ ਫ਼ਿਰ ਉਹੀ ਆਦਮੀ ਬਾਰ੍ਹਾਂ ਕੁ ਵਜੇ ਬਾਹਰ ਗਿਆ, ਅਤੇ ਫ਼ਿਰ ਤਿੰਨ ਕੁ ਵਜੇ। ਦੋਨੋਂ ਵਾਰੀ ਉਸ ਨੇ ਕੁਝ ਕਾਮਿਆਂ ਨੂੰ ਉਸ ਦੇ ਬਾਗ ਵਿੱਚ ਕੰਮ ਕਰਨ ਲਈ ਲਿਆਂਦਾ। 6 ਆਥਣ ਵੇਲੇ, ਪੰਜ ਕੁ ਵਜੇ ਉਹ ਬਾਹਰ ਗਿਆ ਅਤੇ ਕੁਝ ਹੋਰ ਲੋਕਾਂ ਨੂੰ ਬਜ਼ਾਰ ਵਿੱਚ ਖੜ੍ਹੇ ਵੇਖਿਆ। ਅਤੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਇੱਥੇ ਸਾਰਾ ਦਿਨ ਕੁਝ ਕੀਤੇ ਬਿਨਾ ਖੜ੍ਹੇ ਰਹਿੰਦੇ ਹੋ?’
7 “ਉਨ੍ਹਾਂ ਮਨੁੱਖਾਂ ਨੇ ਜਵਾਬ ਦਿੱਤਾ, ‘ਸਾਨੂੰ ਕਿਸੇ ਨੇ ਵੀ ਨੌਕਰੀ ਨਹੀਂ ਦਿੱਤੀ।’
“ਉਸ ਆਦਮੀ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵੀ ਮੇਰੇ ਬਾਗ ਵਿੱਚ ਜਾਕੇ ਕੰਮ ਕਰ ਸੱਕਦੇ ਹੋ।’
8 “ਸ਼ਾਮ ਵੇਲੇ, ਅੰਗੂਰਾਂ ਦੇ ਬਾਗ ਦੇ ਮਾਲਕ ਨੇ ਕਾਮਿਆਂ ਦੇ ਮੁਖਤਿਆਰ ਨੂੰ ਆਖਿਆ, ‘ਕਾਮਿਆਂ ਨੂੰ ਸੱਦ ਅਤੇ ਪਿੱਛਲਿਆਂ ਤੋਂ ਲੈ ਕੇ ਪਹਿਲਿਆਂ ਤੀਕ ਉਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੀ ਮਜੂਰੀ ਦੇ।’
9 “ਜਿਹੜੇ ਕਾਮੇ ਪੰਜ ਵਜੇ ਲਿਆਂਦੇ ਗਏ ਸਨ, ਆਏ ਅਤੇ ਇੱਕ ਚਾਂਦੀ ਦਾ ਸਿੱਕਾ ਪ੍ਰਾਪਤ ਕੀਤਾ। 10 ਫ਼ਿਰ ਜਿਹੜੇ ਕਾਮੇ ਪਹਿਲਾਂ ਲਿਆਂਦੇ ਗਏ ਸਨ ਆਏ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਉਹ ਦੂਜਿਆਂ ਕਾਮਿਆਂ ਨਾਲੋਂ ਵੱਧ ਪ੍ਰਾਪਤ ਕਰਨਗੇ। ਪਰ ਉਨ੍ਹਾਂ ਨੂੰ ਵੀ ਇੱਕ ਚਾਂਦੀ ਦਾ ਸਿੱਕਾ ਹੀ ਮਿਲਿਆ। 11 ਪਰ ਉਹ ਇਹ ਸਿੱਕਾ ਲੈ ਕੇ ਘਰ ਦੇ ਮਾਲਕ ਉੱਤੇ ਕੁੜ੍ਹਨ ਲੱਗੇ। 12 ਅਤੇ ਬੋਲੇ, ‘ਜਿਹੜੇ ਲੋਕ ਅੰਤ ਵਿੱਚ ਲਿਆਂਦੇ ਗਏ ਸਨ ਅਤੇ ਜਿਨ੍ਹਾਂ ਨੇ ਸਿਰਫ਼ ਇੱਕ ਹੀ ਘੰਟੇ ਲਈ ਕੰਮ ਕੀਤਾ, ਤੁਸੀਂ ਉਨ੍ਹਾਂ ਨੂੰ ਵੀ ਸਾਡੇ ਜਿੰਨਾ ਹੀ ਦਿੱਤਾ। ਅਤੇ ਅਸੀਂ ਸਾਰਾ ਦਿਨ ਧੁੱਪੇ ਸਖਤ ਮਿਹਨਤ ਕੀਤੀ।’
13 “ਜਿਮੀਦਾਰ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਆਖਿਆ, ‘ਮਿੱਤਰਾ, ਮੈਂ ਤੇਰੇ ਨਾਲ ਬੇਈਮਾਨੀ ਨਹੀਂ ਕੀਤੀ। ਕੀ ਤੂੰ ਇੱਕ ਚਾਂਦੀ ਦੇ ਸਿੱਕੇ ਵਾਸਤੇ ਕੰਮ ਕਰਨ ਲਈ ਰਾਜੀ ਨਹੀਂ ਹੋਇਆ? 14 ਤੂੰ ਆਪਣੀ ਮਜੂਰੀ ਲੈ ਤੇ ਚੱਲਿਆ ਜਾ। ਪਰ ਮੈਂ ਅਖੀਰਲੇ ਬੰਦੇ ਨੂੰ ਵੀ ਉਹੀ ਦੇਣਾ ਚਾਹੁੰਦਾ ਹਾਂ ਜੋ ਮੈਂ ਤੈਨੂੰ ਦਿੱਤਾ। 15 ਕੀ ਇਹ ਮੇਰਾ ਹੱਕ ਨਹੀਂ ਕਿ ਮੈਂ ਆਪਣੇ ਪੈਸੇ ਨੂੰ ਜਿਵੇਂ ਚਾਹਾਂ ਇਸਤੇਮਾਲ ਕਰਾਂ? ਜਾਂ ਤੈਨੂੰ ਈਰਖਾ ਹੈ ਕਿਉਂਕਿ ਮੈਂ ਉਨ੍ਹਾਂ ਲੋਕਾਂ ਨਾਲ ਉਦਾਰ ਹਾਂ ਜੋ ਮਗਰੋਂ ਆਏ।’
16 “ਇਸੇ ਤਰ੍ਹਾਂ ਜਿਹੜੇ ਲੋਕਾਂ ਦਾ ਹੁਣ ਪਿੱਛਲਾ ਦਰਜਾ ਹੈ ਭਵਿੱਖ ਵਿੱਚ ਉਨ੍ਹਾਂ ਦਾ ਦਰਜਾ ਪਹਿਲਾ ਦਰਜਾ ਹੋਵੇਗਾ ਅਤੇ ਉਹ ਲੋਕ ਜਿਨ੍ਹਾਂ ਦਾ ਹੁਣ ਦਰਜਾ ਪਹਿਲਾ ਹੈ ਭਵਿੱਖ ਵਿੱਚ ਉਨ੍ਹਾਂ ਦਾ ਦਰਜਾ ਪਿੱਛਲਾ ਹੋਵੇਗਾ।”
2010 by World Bible Translation Center