Revised Common Lectionary (Complementary)
ਦਾਊਦ ਦਾ ਇੱਕ ਗੀਤ।
103 ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ।
ਮੇਰੇ ਜਿਸਮ ਦੇ ਸਾਰੇ ਅੰਗੋ, ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
2 ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
ਅਤੇ ਇਹ ਵੀ ਨਾ ਭੁੱਲੀ ਕਿ ਉਹ ਸੱਚਮੁੱਚ ਮਿਹਰਬਾਨ ਹੈ।
3 ਯਹੋਵਾਹ ਉਨ੍ਹਾਂ ਉੱਤੇ ਜਿਹੜੇ ਉਸਦੀ ਉਪਾਸਨਾ ਕਰਦੇ ਹਨ
ਉਸੇ ਤਰ੍ਹਾਂ ਦਯਾਵਾਨ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਦਯਾਵਾਨ ਹੁੰਦਾ ਹੈ।
4 ਪਰਮੇਸ਼ੁਰ ਸਾਡੀ ਜਿੰਦ ਨੂੰ ਕਬਰ ਪਾਸੋਂ ਬਚਾਉਂਦਾ ਹੈ।
ਅਤੇ ਉਹ ਸਾਨੂੰ ਆਪਣਾ ਪਿਆਰ ਅਤੇ ਹਮਦਰਦੀ ਦਿੰਦਾ ਹੈ।
5 ਪਰਮੇਸ਼ੁਰ ਬਹੁਤ ਸਾਰੀਆਂ ਸ਼ੁਭ ਚੀਜ਼ਾਂ ਦਿੰਦਾ ਹੈ।
ਉਹ ਸਾਨੂੰ ਇੱਕ ਵਾਰੇ ਫ਼ੇਰ ਬਾਜ ਵਾਂਗ ਜਵਾਨ ਬਣਾ ਦਿੰਦਾ ਹੈ।
6 ਯਹੋਵਾਹ ਬੇਲਾਗ ਹੈ।
ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਿਆਂ ਦਿੰਦਾ ਹੈ ਜਿਨ੍ਹਾਂ ਨੂੰ ਹੋਰ ਲੋਕਾਂ ਨੇ ਦੁੱਖ ਦਿੱਤੇ ਹਨ।
7 ਪਰਮੇਸ਼ੁਰ ਨੇ ਮੂਸਾ ਨੂੰ ਆਪਣੇ ਨੇਮ ਸਿੱਖਾਏ।
ਪਰਮੇਸ਼ੁਰ ਨੇ ਇਸਰਾਏਲ ਨੂੰ ਦਿਖਾ ਦਿੱਤਾ ਕਿ ਉਹ ਕਿੰਨੀਆਂ ਸ਼ਕਤੀਸ਼ਾਲੀ ਗੱਲਾਂ ਕਰ ਸੱਕਦਾ ਹੈ।
8 ਯਹੋਵਾਹ ਦਯਾਵਾਨ ਅਤੇ ਰਹਿਮ ਕਰਨ ਵਾਲਾ ਹੈ।
ਉਹ ਧੀਰਜ ਅਤੇ ਪਿਆਰ ਨਾਲ ਭਰਪੂਰ ਹੈ।
9 ਯਹੋਵਾਹ ਸਦਾ ਨੁਕਤਾਚੀਨੀ ਨਹੀਂ ਕਰਦਾ ਪਰਮੇਸ਼ੁਰ ਸਾਡੇ ਉੱਤੇ ਸਦਾ ਕ੍ਰੋਧਵਾਨ ਨਹੀਂ ਰਹਿੰਦਾ।
10 ਅਸੀਂ ਪਰਮੇਸ਼ੁਰ ਦੇ ਵਿਰੁੱਧ ਗੁਨਾਹ ਕੀਤੇ
ਪਰ ਉਸ ਨੇ ਸਾਨੂੰ ਦੰਡ ਨਹੀਂ ਦਿੱਤਾ ਜਿਸਦੇ ਅਸੀਂ ਅਧਿਕਾਰੀ ਸਾਂ।
11 ਪਰਮੇਸ਼ੁਰ ਦਾ ਆਪਣੇ ਚੇਲਿਆਂ ਲਈ ਪਿਆਰ ਸਾਡੇ ਨਾਲੋਂ ਇੰਨਾ ਉੱਚਾ ਹੈ
ਜਿੰਨਾ ਧਰਤੀ ਕੋਲੋਂ ਅਕਾਸ਼ ਉੱਚਾ ਹੈ।
12 ਅਤੇ ਪਰਮੇਸ਼ੁਰ ਨੇ ਸਾਡੇ ਗੁਨਾਹ ਇੰਨੇ ਦੂਰ ਸੁੱਟ ਦਿੱਤੇ ਹਨ
ਜਿੰਨਾ ਪੱਛਮ ਪੂਰਬ ਤੋਂ ਦੂਰ ਹੈ।
13 ਯਹੋਵਾਹ ਉਨ੍ਹਾਂ ਉੱਤੇ ਜਿਹੜੇ ਉਸਦੀ ਉਪਾਸਨਾ ਕਰਦੇ ਹਨ
ਉਸੇ ਤਰ੍ਹਾਂ ਦਿਆਲੂ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਦਯਾਲੂ ਹੁੰਦਾ ਹੈ।
ਅਕਾਲ ਦਾ ਸਮਾਂ ਸ਼ੁਰੂ ਹੁੰਦਾ ਹੈ
53 ਸੱਤ ਸਾਲਾਂ ਤੱਕ, ਲੋਕਾਂ ਕੋਲ ਉਨ੍ਹਾਂ ਲਈ ਲੋੜੀਂਦਾ ਸਾਰਾ ਅਨਾਜ ਸੀ। ਪਰ ਫ਼ੇਰ ਉਹ ਸਾਲ ਖਤਮ ਹੋ ਗਏ। 54 ਅਤੇ ਅਕਾਲ ਦੇ ਸੱਤ ਵਰ੍ਹੇ ਸ਼ੁਰੂ ਹੋ ਗਏ, ਜਿਵੇਂ ਕਿ ਯੂਸੁਫ਼ ਨੇ ਪਹਿਲਾਂ ਹੀ ਆਖਿਆ ਸੀ। ਉਸ ਇਲਾਕੇ ਵਿੱਚਲੇ ਕਿਸੇ ਵੀ ਦੇਸ਼ ਵਿੱਚ ਕੋਈ ਅਨਾਜ ਨਹੀਂ ਪੈਦਾ ਹੋਇਆ। ਪਰ ਮਿਸਰ ਵਿੱਚ, ਲੋਕਾਂ ਕੋਲ ਖਾਣ ਲਈ ਕਾਫ਼ੀ ਸੀ! ਕਿਉਂਕਿ ਯੂਸੁਫ਼ ਨੇ ਅਨਾਜ ਜਮ੍ਹਾਂ ਕਰ ਲਿਆ ਸੀ। 55 ਕਾਲ ਦਾ ਸਮਾਂ ਸ਼ੁਰੂ ਹੋ ਗਿਆ, ਅਤੇ ਲੋਕ ਫ਼ਿਰਊਨ ਅੱਗੇ ਭੋਜਨ ਲਈ ਪੁਕਾਰ ਕਰਨ ਲੱਗੇ। ਫ਼ਿਰਊਨ ਨੇ ਮਿਸਰ ਦੇ ਲੋਕਾਂ ਨੂੰ ਆਖਿਆ, “ਯੂਸੁਫ਼ ਨੂ ਜਾਕੇ ਪੁੱਛੋ ਕਿ ਕੀ ਕਰਨਾ ਹੈ।”
56 ਹਰ ਥਾਂ ਅਕਾਲ ਪਿਆ ਹੋਇਆ ਸੀ, ਇਸ ਲਈ ਯੂਸੁਫ਼ ਨੇ ਉੱਥੋਂ ਜਿੱਥੇ ਅਨਾਜ ਰੱਖਿਆ ਹੋਇਆ ਸੀ, ਕੱਢਿਆ ਅਤੇ ਇਸ ਨੂੰ ਲੋਕਾਂ ਨੂੰ ਦੇ ਦਿੱਤਾ। ਯੂਸੁਫ਼ ਨੇ ਜਮ੍ਹਾਂ ਕੀਤਾ ਹੋਇਆ ਅਨਾਜ ਮਿਸਰ ਦੇ ਲੋਕਾਂ ਨੂੰ ਵੇਚਿਆ। ਮਿਸਰ ਵਿੱਚ ਅਕਾਲ ਸਖ਼ਤ ਸੀ। 57 ਪਰ ਅਕਾਲ ਹਰ ਥਾਂ ਸਖ਼ਤ ਸੀ। ਇਸ ਲਈ ਮਿਸਰ ਦੇ ਆਲੇ-ਦੁਆਲੇ ਦੇ ਦੇਸ਼ਾਂ ਦੇ ਲੋਕਾਂ ਨੂੰ ਯੂਸੁਫ਼ ਤੋਂ ਅਨਾਜ ਖਰੀਦਣ ਲਈ ਮਿਸਰ ਆਉਣਾ ਪੈਂਦਾ ਸੀ।
ਸੁਪਨੇ ਸੱਚ ਹੋਏ
42 ਅਕਾਲ ਕਨਾਨ ਵਿੱਚ ਵੀ ਸਖ਼ਤ ਸੀ। ਪਰ ਯਾਕੂਬ ਨੂੰ ਪਤਾ ਲੱਗਿਆ ਕਿ ਮਿਸਰ ਵਿੱਚ ਅਨਾਜ ਹੈ। ਇਸ ਲਈ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਆਖਿਆ, “ਅਸੀਂ ਇੱਥੇ ਨਿਕੰਮੇ ਕਿਉਂ ਬੈਠੇ ਹਾਂ? 2 ਮੈਂ ਸੁਣਿਆ ਹੈ ਕਿ ਮਿਸਰ ਕੋਲ ਵੇਚਣ ਲਈ ਅਨਾਜ ਹੈ। ਇਸ ਲਈ ਆਉ ਅਨਾਜ ਖਰੀਦਣ ਲਈ ਉੱਥੇ ਚੱਲੀਏ। ਫ਼ੇਰ ਅਸੀਂ ਆਪਣੇ-ਆਪ ਨੂੰ ਮਰਦਿਆਂ ਦੇਖਣ ਦੀ ਬਜਾਇ ਜਿਉਂ ਸੱਕਦੇ ਹਾਂ।”
3 ਇਸ ਲਈ ਯੂਸੁਫ਼ ਦੇ ਦਸ ਭਰਾ ਅਨਾਜ ਖਰੀਦਣ ਲਈ ਮਿਸਰ ਗਏ। 4 ਯਾਕੂਬ ਨੇ ਬਿਨਯਾਮੀਨ ਨੂੰ ਉਸ ਦੇ ਭਰਾਵਾਂ ਨਾਲ ਨਹੀਂ ਭੇਜਿਆ। (ਬਿਨਯਾਮੀਨ ਹੀ ਯੂਸੁਫ਼ ਦਾ ਇੱਕ ਸੱਕਾ ਭਰਾ ਸੀ।) ਯਾਕੂਬ ਡਰਦਾ ਸੀ ਕਿ ਬਿਨਯਾਮੀਨ ਨਾਲ ਕੁਝ ਮਾੜਾ ਨਾ ਵਾਪਰ ਜਾਵੇ।
5 ਕਨਾਨ ਵਿੱਚ ਅਕਾਲ ਬਹੁਤ ਸਖ਼ਤ ਸੀ, ਇਸ ਲਈ ਕਨਾਨ ਦੇ ਬਹੁਤ ਸਾਰੇ ਲੋਕ ਸਨ ਜਿਹੜੇ ਅਨਾਜ ਖਰੀਦਣ ਲਈ ਮਿਸਰ ਗਏ ਸਨ। ਉਨ੍ਹਾਂ ਵਿੱਚ ਇਸਰਾਏਲ ਦੇ ਪੁੱਤਰ ਵੀ ਸਨ।
6 ਉਸ ਸਮੇਂ, ਯੂਸੁਫ਼ ਮਿਸਰ ਦਾ ਰਾਜਪਾਲ ਸੀ ਅਤੇ ਯੂਸੁਫ਼ ਹੀ ਸੀ ਜਿਹੜਾ ਉਨ੍ਹਾਂ ਲੋਕਾਂ ਲਈ ਅਨਾਜ ਦੀ ਵਿਕਰੀ ਕਰਾਉਣ ਦਾ ਅਧਿਕਾਰੀ ਸੀ ਜਿਹੜੇ ਮਿਸਰ ਨੂੰ ਆਉਂਦੇ ਸਨ। ਇਸ ਲਈ ਯੂਸੁਫ਼ ਦੇ ਭਰਾ ਉਸ ਕੋਲ ਆਏ ਅਤੇ ਉਸ ਅੱਗੇ ਝੁਕ ਗਏ। 7 ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਦੇਖਿਆ। ਯੂਸੁਫ਼ ਨੇ ਉਨ੍ਹਾਂ ਨੂੰ ਪਛਾਣ ਲਿਆ ਪਰ ਉਸ ਨੇ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਿਵੇਂ ਉਨ੍ਹਾਂ ਨੂੰ ਜਾਣਦਾ ਹੀ ਨਾ ਹੋਵੇ। ਉਨ੍ਹਾ ਨਾਲ ਗੱਲ ਕਰਦਿਆਂ ਉਹ ਬੜਾ ਕੁਰੱਖਤ ਸੀ। ਉਸ ਨੇ ਆਖਿਆ, “ਤੁਸੀਂ ਕਿੱਥੋਂ ਆਏ ਹੋ?”
ਭਰਾਵਾਂ ਨੇ ਜਵਾਬ ਦਿੱਤਾ, “ਅਸੀਂ ਕਨਾਨ ਦੀ ਧਰਤੀ ਤੋਂ ਆਏ ਹਾਂ। ਅਸੀਂ ਇੱਥੇ ਅਨਾਜ ਖਰੀਦਣ ਆਏ ਹਾਂ।”
8 ਯੂਸੁਫ਼ ਜਾਣਦਾ ਸੀ ਕਿ ਇਹ ਆਦਮੀ ਉਸ ਦੇ ਭਰਾ ਹਨ। ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਕੌਣ ਸੀ। 9 ਅਤੇ ਯੂਸੁਫ਼ ਨੂੰ ਉਹ ਸੁਪਨੇ ਚੇਤੇ ਆ ਗਏ ਜਿਹੜੇ ਉਸ ਨੇ ਆਪਣੇ ਭਰਾਵਾਂ ਬਾਰੇ ਲਈ ਸਨ।
ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, “ਤੁਸੀਂ ਅਨਾਜ ਖਰੀਦਣ ਨਹੀਂ ਆਏ! ਤੁਸੀਂ ਜਾਸੂਸ ਹੋ। ਤੁਸੀਂ ਸਾਡੀਆਂ ਕਮਜ਼ੋਰੀਆਂ ਦਾ ਪਤਾ ਲਾਉਣ ਆਏ ਹੋ।”
10 ਪਰ ਭਰਾਵਾਂ ਨੇ ਉਸ ਨੂੰ ਆਖਿਆ, “ਨਹੀਂ ਜਨਾਬ! ਅਸੀਂ ਤਾਂ ਤੁਹਾਡੇ ਨੌਕਰ ਹਾਂ। ਅਸੀਂ ਤਾਂ ਸਿਰਫ਼ ਅਨਾਜ ਖਰੀਦਣ ਲਈ ਆਏ ਹਾਂ। 11 ਅਸੀਂ ਸਾਰੇ ਭਰਾ ਹਾਂ-ਸਾਡਾ ਸਾਰਿਆਂ ਦਾ ਇੱਕੋ ਪਿਤਾ ਹੈ। ਅਸੀਂ ਇਮਾਨਦਾਰ ਲੋਕ ਹਾਂ। ਅਸੀਂ ਜਾਸੂਸ ਨਹੀਂ ਹਾਂ।”
12 ਫ਼ੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ: “ਨਹੀਂ! ਤੁਸੀਂ ਸਾਡੀਆਂ ਕਮਜ਼ੋਰੀਆਂ ਲੱਭਣ ਆਏ ਹੋਂ।”
13 ਅਤੇ ਭਰਾਵਾਂ ਨੇ ਆਖਿਆ, “ਨਹੀਂ! ਅਸੀਂ ਸਾਰੇ ਭਰਾ ਹਾਂ। ਸਾਡੇ ਪਰਿਵਾਰ ਵਿੱਚ 12 ਭਰਾ ਹਨ। ਸਾਡੇ ਸਾਰਿਆਂ ਦਾ ਇੱਕ ਪਿਤਾ ਹੈ। ਸਾਡਾ ਸਾਰਿਆਂ ਤੋਂ ਛੋਟਾ ਭਰਾ ਹਲੇ ਵੀ ਸਾਡੇ ਪਿਤਾ ਨਾਲ ਘਰ ਵਿੱਚ ਹੈ। ਅਤੇ ਦੂਸਰਾ ਭਰਾ ਬਹੁਤ ਸਮਾਂ ਪਹਿਲਾਂ ਮਰ ਗਿਆ ਸੀ। ਤੁਹਾਡੇ ਸਾਹਮਣੇ ਅਸੀਂ ਨੌਕਰਾਂ ਵਾਂਗ ਹਾਂ। ਅਸੀਂ ਕਨਾਨ ਦੀ ਧਰਤੀ ਤੋਂ ਹਾਂ।”
14 ਪਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਨਹੀਂ! ਮੈਂ ਜਾਣਦਾ ਹਾਂ ਕਿ ਮੈਂ ਸਹੀ ਹਾਂ। ਤੁਸੀਂ ਜਾਸੂਸ ਹੋ। 15 ਪਰ ਮੈਂ ਤੁਹਾਨੂੰ ਇਹ ਸਾਬਤ ਕਰਨ ਦਾ ਮੌਕਾ ਦਿਆਂਗਾ ਕਿ ਤੁਸੀਂ ਸੱਚ ਬੋਲ ਰਹੇ ਹੋ। ਮੈਂ ਫ਼ਿਰਊਨ ਦਾ ਨਾਮ ਲੈ ਕੇ ਸੌਂਹ ਖਾਂਦਾ ਹਾਂ ਕਿ ਮੈਂ ਤੁਹਾਨੂੰ ਓਨਾ ਚਿਰ ਨਹੀਂ ਜਾਣ ਦਿਆਂਗਾ ਜਦੋਂ ਤੱਕ ਕਿ ਤੁਹਾਡਾ ਸਭ ਤੋਂ ਛੋਟਾ ਭਰਾ ਇੱਥੇ ਨਹੀਂ ਆ ਜਾਂਦਾ। 16 ਮੈਂ ਤੁਹਾਡੇ ਵਿੱਚੋਂ ਇੱਕ ਨੂੰ ਵਾਪਸ ਜਾਣ ਦੇਵਾਂਗਾ ਅਤੇ ਤੁਹਾਡੇ ਸਭ ਤੋਂ ਛੋਟੇ ਭਰਾ ਨੂੰ ਇੱਥੇ ਲਿਆਉਣ ਦਿਆਂਗਾ, ਜਦ ਕਿ ਹੋਰ ਸਾਰੇ ਕੈਦਖਾਨੇ ਵਿੱਚ ਰਹਿਣਗੇ। ਅਸੀਂ ਦੇਖਾਂਗੇ ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਨਹੀਂ। ਪਰ ਜੇ ਤੁਸੀਂ ਅਜਿਹਾ ਨਹੀਂ ਕਰੋਂਗੇ, ਮੈਂ ਫ਼ਿਰਊਨ ਦੀ ਜਾਨ ਦੀ ਸੌਂਹ ਖਾਂਦਾ ਹਾਂ ਕਿ ਮੈਂ ਜਾਣ ਜਾਵਾਂਗਾ ਕਿ ਤੁਸੀਂ ਜਾਸੂਸ ਹੋ।” 17 ਫ਼ੇਰ ਯੂਸੁਫ਼ ਨੇ ਉਨ੍ਹਾਂ ਸਾਰਿਆਂ ਨੂੰ ਤਿੰਨਾ ਦਿਨਾ ਲਈ ਕੈਦਖਾਨੇ ਵਿੱਚ ਪਾ ਦਿੱਤਾ।
9 “ਪਰ ਇਨ੍ਹਾਂ ਪੂਰਵਜ਼ਾਂ ਨੇ ਆਪਣੇ ਛੋਟੇ ਭਰਾ ਯੂਸੁਫ਼ ਨੂੰ ਈਰਖਾ ਕਾਰਣ ਮਿਸਰ ਦੇ ਲੋਕਾਂ ਕੋਲ ਇੱਕ ਦਾਸ ਵਾਂਗ ਵੇਚ ਦਿੱਤਾ। ਪਰ ਪਰਮੇਸ਼ੁਰ ਯੂਸੁਫ਼ ਦੇ ਨਾਲ ਸੀ। 10 ਯੂਸੁਫ਼ ਨੂੰ ਉੱਥੇ ਬੜੀਆਂ ਮੁਸੀਬਤਾਂ ਆਈਆਂ, ਪਰ ਪਰਮੇਸ਼ੁਰ ਨੇ ਉਸ ਨੂੰ ਉਨ੍ਹਾਂ ਸਭ ਮੁਸੀਬਤਾਂ ਤੋਂ ਬਚਾਇਆ। ਉਸ ਵਕਤ, ਫ਼ਿਰਊਨ ਮਿਸਰ ਤੇ ਰਾਜ ਕਰਦਾ ਸੀ। ਫ਼ਿਰਊਨ ਯੂਸੁਫ਼ ਦੀ ਉਸ ਸਿਆਣਪ ਕਾਰਣ, ਜੋ ਪਰਮੇਸ਼ੁਰ ਨੇ ਉਸ ਨੂੰ ਬਖਸ਼ੀ ਸੀ, ਉਸ ਦੀ ਇੱਜ਼ਤ ਕਰਦਾ ਸੀ। ਫ਼ਿਰਊਨ ਨੇ ਯੂਸੁਫ਼ ਨੂੰ ਮਿਸਰ ਦੇ ਰਾਜਪਾਲ ਦਾ ਅਹੁਦਾ ਦਿੱਤਾ ਅਤੇ ਆਪਣੇ ਮਹਿਲਾਂ ਦੀਆਂ ਸਾਰੀਆਂ ਚੀਜ਼ਾਂ ਦੀ ਜਿੰਮੇਵਾਰੀ ਦੇ ਦਿੱਤੀ। 11 ਪਰ ਫ਼ਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪਿਆ, ਜ਼ਮੀਨ ਇੰਨੀ ਸੁੱਕ ਗਈ ਕਿ ਅਨਾਜ ਨਾ ਉੱਗ ਸੱਕਿਆ। ਨਤੀਜਾ, ਲੋਕਾਂ ਨੂੰ ਬਹੁਤ ਕਸ਼ਟ ਝੱਲਣੇ ਪਏ। ਸਾਡੇ ਪਿਉ-ਦਾਦਿਆਂ ਨੂੰ ਉੱਥੇ ਖਾਣ ਨੂੰ ਕੁਝ ਨਾ ਲੱਭਿਆ।
12 “ਪਰ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ ਇਕੱਠਾ ਕੀਤਾ ਗਿਆ ਹੈ। ਇਸ ਲਈ ਉਸ ਨੇ ਸਾਡੇ ਪਿਉ ਦਾਦਿਆਂ ਨੂੰ ਉੱਥੇ ਭੇਜਿਆ। ਮਿਸਰ ਨੂੰ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਸੀ। 13 ਤਦ ਫ਼ਿਰ ਉਹ ਉੱਥੇ ਦੂਜੀ ਵਾਰ ਫ਼ਿਰ ਗਏ। ਇਸ ਵਾਰ, ਯੂਸੁਫ਼ ਤੇ ਆਪਣੇ ਭਰਾਵਾਂ ਨੂੰ ਆਪਣਾ ਅਸਲੀ ਪਰੀਚੇ ਪ੍ਰਗਟਾਇਆ। ਤਾਂ ਫ਼ਿਰਊਨ ਨੂੰ ਯੂਸੁਫ਼ ਦੇ ਪਰਿਵਾਰ ਬਾਰੇ ਮਾਲੂਮ ਹੋ ਗਿਆ। 14 ਤਦ ਯੂਸੁਫ਼ ਨੇ ਕੁਝ ਆਦਮੀਆਂ ਨੂੰ ਆਪਣੇ ਪਿਉ ਯਾਕੂਬ ਨੂੰ ਅਤੇ ਰਿਸ਼ਤੇਦਾਰਾਂ ਨੂੰ, ਮਿਸਰ ਵਿੱਚ ਨਿਉਂਤਾ ਦੇਣ ਲਈ ਭੇਜਿਆ ਜੋ ਕਿ ਗਿਣਤੀ ਵਿੱਚ ਕੁੱਲ ਪੰਝੱਤਰ ਜੀਅ ਸਨ। 15 ਤਦ ਯਾਕੂਬ ਮਿਸਰ ਨੂੰ ਗਿਆ। ਯਾਕੂਬ ਅਤੇ ਸਾਡੇ ਦਾਦੇ-ਪੜਦਾਦੇ ਫ਼ਿਰ ਮਰਨ ਤੱਕ ਉੱਥੇ ਹੀ ਰਹੇ। 16 ਬਾਅਦ ਵਿੱਚ, ਉਨ੍ਹਾਂ ਦੇ ਸਰੀਰ ਸ਼ਕਮ ਨੂੰ ਲਿਜਾਏ ਗਏ ਅਤੇ ਕਬਰ ਵਿੱਚ ਪਾ ਦਿੱਤੇ ਗਏ। ਇਹ ਉਹੀ ਕਬਰ ਸੀ ਜਿਹੜੀਆਂ ਅਬਰਾਹਾਮ ਨੇ ਸ਼ਕਮ ਵਿੱਚ ਹਮੋਰ ਦੇ ਪੁੱਤਰਾਂ ਤੋਂ ਚਾਂਦੀ ਦੇਕੇ ਮੁਲ ਖਰੀਦੀ ਸੀ।
2010 by World Bible Translation Center