Revised Common Lectionary (Complementary)
104 ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
ਮੇਰੇ ਯਹੋਵਾਹ ਪਰਮੇਸ਼ੁਰ ਤੁਸੀਂ ਬਹੁਤ ਮਹਾਨ ਹੋ।
ਤੁਸੀਂ ਮਹਿਮਾ ਅਤੇ ਮਾਨ ਨਾਲ ਕੱਜੇ ਹੋਏ ਹੋ।
2 ਤੁਸੀਂ ਨੂਰ ਨੂੰ ਪਹਿਨਦੇ ਹੋ ਜਿਵੇਂ ਕੋਈ ਚੋਲਾ ਪਹਿਨਦਾ ਹੈ।
ਤੁਸੀਂ ਅਕਾਸ਼ਾਂ ਨੂੰ ਪਰਦੇ ਵਾਂਗ ਖਿਲਾਰ ਦਿੱਤਾ ਹੈ।
3 ਹੇ ਪਰਮੇਸ਼ੁਰ ਤੁਸੀਂ ਆਪਣਾ ਘਰ ਉਨ੍ਹਾਂ ਤੋਂ ਉੱਪਰ ਬਣਾਇਆ।
ਤੁਸੀਂ ਮੋਟੇ ਬੱਦਲਾਂ ਦੀ ਰੱਥ ਵਾਂਗ ਵਰਤੋਂ ਕਰਦੇ ਹੋ
ਅਤੇ ਅਕਾਸ਼ ਦੇ ਆਰ-ਪਾਰ ਹਵਾ ਦੇ ਖੰਬਾਂ ਉੱਤੇ ਸਵਾਰੀ ਕਰਦੇ ਹੋ।
4 ਹੇ ਪਰਮੇਸ਼ੁਰ, ਤੁਸੀਂ ਆਪਣੇ ਦੂਤਾਂ ਨੂੰ ਹਵਾ ਦੇ ਵਾਂਗ
ਅਤੇ ਸੇਵਕਾਂ ਨੂੰ ਅੱਗ ਵਾਂਗ ਬਣਾਇਆ ਹੈ।
5 ਹੇ ਪਰਮੇਸ਼ੁਰ, ਤੁਸਾਂ ਧਰਤੀ ਨੂੰ ਇਸ ਦੀਆਂ ਬੁਨਿਆਦਾਂ ਉੱਤੇ ਉਸਾਰਿਆ।
ਤਾਂ ਜੋ ਇਹ ਕਦੇ ਵੀ ਤਬਾਹ ਨਾ ਹੋਵੇ।
6 ਤੁਸੀਂ ਇਸ ਨੂੰ ਕੰਬਲ ਵਾਂਗ ਪਾਣੀ ਨਾਲ ਢੱਕ ਦਿੱਤਾ ਹੈ।
ਪਾਣੀ ਨੇ ਪਰਬਤਾਂ ਨੂੰ ਢੱਕ ਲਿਆ ਸੀ।
7 ਪਰ ਤੁਸੀਂ ਹੁਕਮ ਦਿੱਤਾ ਅਤੇ ਪਾਣੀ ਦੂਰ-ਦੂਰ ਭੱਜਿਆ।
ਹੇ ਪਰਮੇਸ਼ੁਰ, ਤੁਸੀਂ ਗੁੱਸੇ ਨਾਲ ਪਾਣੀ ਉੱਤੇ ਗਜੇ ਅਤੇ ਪਾਣੀ ਤੁਹਾਥੋਂ ਦੂਰ ਭੱਜ ਉੱਠਿਆ।
8 ਪਾਣੀ ਪਰਬਤਾਂ ਤੋਂ ਹੇਠਾਂ ਵਾਦੀਆਂ ਵੱਲ ਵਗਿਆ
ਅਤੇ ਫ਼ੇਰ ਉਨ੍ਹਾਂ ਵੱਲ ਜਿਹੜੀਆਂ ਤੁਸੀਂ ਇਸ ਲਈ ਬਣਾਈਆਂ ਸਨ।
9 ਕਿਉਂਕਿ ਤੁਸੀਂ ਸਮੁੰਦਰਾਂ ਲਈ ਹਦ ਨਿਸ਼ਚਿਤ ਕਰ ਦਿੱਤੀ ਹੈ,
ਪਾਣੀ ਧਰਤੀ ਨੂੰ ਕੱਜਣ ਲਈ ਫ਼ੇਰ ਕਦੇ ਵੀ ਨਹੀਂ ਚੜ੍ਹੇਗਾ।
10 ਹੇ ਪਰਮੇਸ਼ੁਰ, ਤੁਸੀਂ ਪਾਣੀ ਨੂੰ ਚਸ਼ਮਿਆਂ ਤੋਂ ਨਦੀਆਂ ਵੱਲ ਵਗਣ ਲਾ ਦਿੰਦੇ ਹੋ।
ਇਹ ਪਾਣੀ ਨਦੀਆਂ ਵਿੱਚੋਂ ਵੱਗਦਾ ਹੈ।
11 ਨਦੀਆਂ ਸਮੂਹ ਜੰਗਲੀ ਜਾਨਵਰਾਂ ਨੂੰ ਪਾਣੀ ਦਿੰਦੀਆਂ ਹਨ।
ਅਵਾਰਾ ਖੋਤੇ ਵੀ ਇੱਥੇ ਪਾਣੀ ਪੀਣ ਲਈ ਆਉਂਦੇ ਹਨ।
12 ਜੰਗਲੀ ਪੰਛੀ ਵੀ ਇੱਥੇ ਤਲਾਵਾਂ ਉੱਤੇ ਰਹਿਣ ਲਈ ਆਉਂਦੇ ਹਨ।
ਉਹ ਨੇੜਲੇ ਰੁੱਖਾਂ ਦੀ ਟਹਿਣੀਆਂ ਵਿੱਚ ਗਾਉਂਦੇ ਹਨ।
13 ਪਰਮੇਸ਼ੁਰ ਹੇਠਾਂ ਪਹਾੜਾਂ ਉੱਪਰ ਵਰੱਖਾ ਭੇਜਦਾ ਹੈ।
ਸਾਰੀਆਂ ਚੀਜ਼ਾਂ ਜੋ ਪਰਮੇਸ਼ੁਰ ਨੇ ਬਣਾਈਆਂ ਧਰਤੀ ਨੂੰ ਆਪਣੀ ਲੋੜੀਦੀ ਹਰ ਸ਼ੈਅ ਪ੍ਰਦਾਨ ਕਰਦੀਆਂ ਹਨ।
14 ਪਰਮੇਸ਼ੁਰ ਪਸ਼ੂਆਂ ਨੂੰ ਭੋਜਨ ਦੇਣ ਲਈ ਘਾਹ ਉਗਾਉਂਦਾ ਹੈ।
ਉਹ ਸਾਨੂੰ ਪੌਦੇ ਦਿੰਦਾ ਹੈ ਜਿਨ੍ਹਾਂ ਨੂੰ ਅਸੀਂ ਉਗਾਉਂਦੇ ਹਾਂ।
ਉਹ ਪੌਦੇ ਸਾਨੂੰ ਧਰਤੀ ਵਿੱਚੋਂ ਭੋਜਨ ਦਿੰਦੇ ਹਨ।
15 ਪਰਮੇਸ਼ੁਰ ਸਾਨੂੰ ਦਾਖਰਸ ਦਿੰਦਾ ਹੈ ਜਿਹੜੀ ਸਾਨੂੰ ਪ੍ਰਸੰਨ ਕਰਦੀ ਹੈ।
ਤੇਲ ਜਿਹੜਾ ਸਾਡੀ ਚਮੜੀ ਨੂੰ ਨਰਮ ਬਣਾਉਂਦਾ
ਅਤੇ ਉਹ ਭੋਜਨ ਜਿਹੜਾ ਸਾਨੂੰ ਮਜ਼ਬੂਤ ਬਣਾਉਂਦਾ ਹੈ।
16 ਲਬਾਨੋਨ ਦੇ ਦੇਵਦਾਰ ਦੇ ਰੁੱਖ ਪਰਮੇਸ਼ੁਰ ਦੀ ਜ਼ਇਦਾਦ ਹਨ।
ਯਹੋਵਾਹ ਨੇ ਉਹ ਰੁੱਖ ਬੀਜੇ ਸਨ ਅਤੇ ਉਹ ਉਨ੍ਹਾਂ ਦੀ ਲੋੜ ਲਈ ਪਾਣੀ ਦਿੰਦਾ ਹੈ।
17 ਪੰਛੀ ਉਨ੍ਹਾਂ ਰੁੱਖਾਂ ਉੱਤੇ ਆਲ੍ਹਣੇ ਬਣਾਉਂਦੇ ਹਨ,
ਉਨ੍ਹਾਂ ਰੁੱਖਾਂ ਉੱਤੇ ਵੱਡੇ ਬਗਲੇ ਰਹਿੰਦੇ ਹਨ।
18 ਉੱਚੇ ਪਰਬਤ ਜੰਗਲੀ ਬਕਰਿਆਂ ਦੇ ਘਰ ਹਨ।
ਵੱਡੀਆਂ ਚੱਟਾਨਾਂ ਵਿੱਚ ਰਹਿਣ ਵਾਲੇ ਜੀਵਾਂ ਲਈ ਚੱਟਾਨਾਂ ਹੀ ਛੁਪਣਗਾਹਾਂ ਹਨ।
19 ਹੇ ਪਰਮੇਸ਼ੁਰ, ਤੁਸੀਂ ਸਾਨੂੰ ਇਹ ਸੂਚਿਤ ਕਰਨ ਲਈ ਚੰਨ ਦਿੱਤਾ ਹੈ ਕਿ ਤਿਉਹਾਰ ਕਦੋਂ ਸ਼ੁਰੂ ਹੋਵੇਗਾ।
ਅਤੇ ਸੂਰਜ ਜਾਣੇਗਾ ਕਿ ਕਦੋਂ ਛੁਪਣਾ ਹੈ।
20 ਤੁਸੀਂ ਹਨੇਰੇ ਨੂੰ ਰਾਤ ਬਣਾਇਆ
ਉਹ ਸਮਾਂ ਜਦੋਂ ਜੰਗਲੀ ਜਾਨਵਰ ਘੁੰਮਣ ਲਈ ਬਾਹਰ ਆਉਂਦੇ ਹਨ।
21 ਸ਼ੇਰ ਹਮਲਾ ਕਰਨ ਵੇਲੇ ਦਹਾੜਦੇ ਹਨ
ਜਿਵੇਂ ਉਹ ਪਰਮੇਸ਼ੁਰ ਕੋਲੋਂ ਭੋਜਨ ਮੰਗ ਰਹੇ ਹੋਣ ਜਿਹੜਾ ਉਹ ਉਨ੍ਹਾਂ ਨੂੰ ਦਿੰਦਾ ਹੈ।
22 ਫ਼ੇਰ ਸੂਰਜ ਚੜ੍ਹਦਾ ਹੈ,
ਅਤੇ ਜਾਨਵਰ ਅਰਾਮ ਕਰਨ ਲਈ ਵਾਪਸ ਆਪਣੇ ਘੋਰਨਿਆਂ ਵਿੱਚ ਜਾਂਦੇ ਹਨ।
23 ਫ਼ੇਰ ਲੋਕ ਕੰਮ ਕਰਨ ਲਈ ਬਾਹਰ ਜਾਂਦੇ ਹਨ
ਅਤੇ ਉਹ ਸ਼ਾਮ ਤੱਕ ਕੰਮ ਕਰਦੇ ਹਨ।
24 ਯਹੋਵਾਹ, ਤੁਸੀਂ ਅਨੇਕਾਂ ਚਮਤਕਾਰ ਕੀਤੇ ਹਨ।
ਧਰਤੀ ਉਨ੍ਹਾਂ ਚੀਜ਼ਾਂ ਨਾਲ ਭਰੀ ਪਈ ਹੈ ਜਿਹੜੀਆਂ ਤੁਸਾ ਸਾਜੀਆਂ ਸਨ।
ਅਸੀਂ ਹਰ ਚੀਜ਼ ਵਿੱਚ ਜੋ ਵੀ ਤੁਸੀਂ ਕਰਦੇ ਹੋ ਤੁਹਾਡੀ ਸਿਆਣਪ ਵੇਖਦੇ ਹਾਂ।
25 ਸਮੁੰਦਰ ਵੱਲ ਵੇਖੋ।
ਇਹ ਕਿੰਨਾ ਵੱਡਾ ਹੈ।
ਅਤੇ ਇਸ ਵਿੱਚ ਅਨੇਕਾਂ ਜੀਵ ਰਹਿੰਦੇ ਹਨ
ਇੱਥੇ ਛੋਟੇ ਅਤੇ ਵੱਡੇ ਅਣਗਿਣਤ ਜੀਵ ਰਹਿੰਦੇ ਹਨ।
26 ਸਮੁੰਦਰ ਉੱਤੇ ਜਹਾਜ਼ ਸਫ਼ਰ ਕਰਦੇ ਹਨ।
ਲਿਵਯਾਥਾਨ, ਸਮੁੰਦਰੀ ਜੀਵ ਜਿਹੜਾ ਤੁਸੀਂ ਸਾਜਿਆ,
ਸਮੁੰਦਰ ਵਿੱਚ ਖੇਡਦਾ ਹੈ।
27 ਹੇ ਪਰਮੇਸ਼ੁਰ, ਇਹ ਸਾਰੀਆਂ ਚੀਜ਼ਾਂ ਤੁਹਾਡੇ ਉੱਤੇ ਨਿਰਭਰ ਕਰਦੀਆਂ ਹਨ।
ਤੁਸੀਂ ਇਨ੍ਹਾਂ ਨੂੰ ਸਮੇਂ ਸਿਰ ਭੋਜਨ ਦਿੰਦੇ ਹੋ।
28 ਹੇ ਪਰਮੇਸ਼ੁਰ, ਤੁਸੀਂ ਸਮੂਹ ਜੀਵਾਂ ਨੂੰ ਉਨ੍ਹਾਂ ਦੇ ਖਾਣ ਯੋਗ ਭੋਜਨ ਦਿੰਦੇ ਹੋ।
ਤੁਸੀਂ ਚੰਗੇ ਭੋਜਨਾਂ ਨਾਲ ਭਰੇ ਹੋਏ ਤੁਹਾਡੇ ਹੱਥ ਖੋਲ੍ਹ ਦਿੰਦੇ ਹੋ ਅਤੇ ਰੱਜ ਜਾਣ ਤੀਕ ਖਾਣ ਦਿੰਦੇ ਹੋ।
29 ਜਦੋਂ ਤੁਸੀਂ ਉਨ੍ਹਾਂ ਕੋਲੋਂ ਆਪਣਾ ਮੂੰਹ ਮੋੜ ਲੈਂਦੇ ਹੋ,
ਉਹ ਭੈਭੀਤ ਹੋ ਜਾਂਦੇ ਹਨ।
ਜਦੋਂ ਵੀ ਤੁਸੀਂ ਉਨ੍ਹਾਂ ਦੇ ਸਾਹ ਕੱਢ ਲੈਂਦੇ ਹੋ।
ਉਹ ਕਮਜ਼ੋਰ ਬਣ ਜਾਂਦੇ ਹਨ।
ਅਤੇ ਉਨ੍ਹਾਂ ਦੇ ਸ਼ਰੀਰ ਫ਼ੇਰ ਤੋਂ ਖਾਕ ਹੋ ਜਾਂਦੇ ਹਨ।
30 ਪਰ, ਹੇ ਯਹੋਵਾਹ, ਜਦੋਂ ਤੁਸੀਂ ਆਪਣੀ ਆਤਮਾ ਉਨ੍ਹਾਂ ਵੱਲ ਭੇਜਦੇ ਹੋ।
ਉਹ ਸਿਹਤਮੰਦ ਬਣ ਜਾਂਦੇ ਹਨ।
ਅਤੇ ਤੁਸੀਂ ਇੱਕ ਵਾਰ ਫ਼ੇਰ ਧਰਤੀ ਨੂੰ ਨਵਾਂ ਨਕੋਰ ਬਣਾ ਦਿੰਦੇ ਹੋ।
31 ਯਹੋਵਾਹ ਦੀ ਮਹਿਮਾ ਸਦਾ ਲਈ ਚਮਕੇ
ਯਹੋਵਾਹ ਉਨ੍ਹਾਂ ਚੀਜ਼ਾਂ ਦਾ ਆਨੰਦ ਮਾਣੇ ਜੋ ਉਸ ਨੇ ਸਾਜੀਆਂ ਹਨ।
32 ਯਹੋਵਾਹ ਸਿਰਫ਼ ਧਰਤੀ ਵੱਲ ਵੇਖਦਾ ਹੈ
ਅਤੇ ਇਹ ਕੰਬਣ ਲੱਗ ਜਾਂਦੀ ਹੈ।
ਉਹ ਪਹਾੜਾਂ ਨੂੰ ਛੂੰਹਦਾ ਹੈ
ਅਤੇ ਉਨ੍ਹਾਂ ਤੋਂ ਧੂੰਆਂ ਉੱਠਣ ਲੱਗੇਗਾ।
33 ਮੈਂ ਉਮਰ ਭਰ ਯਹੋਵਾਹ ਦੇ ਗੀਤ ਗਾਵਾਂਗਾ।
ਮੈਂ ਯਹੋਵਾਹ ਦੀ ਉਸਤਤਿ ਉਦੋਂ ਤੱਕ ਗਾਵਾਂਗਾ ਜਦੋਂ ਤੱਕ ਮੈਂ ਜਿਉਂਦਾ ਹਾਂ।
34 ਮੈਨੂੰ ਆਸ ਹੈ ਕਿ ਇਹ ਸ਼ਬਦ, ਜਿਹੜੇ ਮੈਂ ਆਖੇ ਹਨ ਉਸ ਨੂੰ ਪ੍ਰਸੰਨ ਕਰਨਗੇ।
ਮੈਂ ਯਹੋਵਾਹ ਨਾਲ ਖੁਸ਼ ਹਾਂ।
35 ਪਾਪੀਆਂ ਨੂੰ ਧਰਤੀ ਤੋਂ ਖਤਮ ਹੋ ਜਾਣ ਦਿਉ।
ਬੁਰੇ ਲੋਕਾਂ ਨੂੰ ਇੱਥੋਂ ਸਦਾ ਲਈ ਦੂਰ ਚੱਲੇ ਜਾਣ ਦਿਉ।
ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ।
ਯਹੋਵਾਹ ਦੀ ਉਸਤਤਿ ਕਰ।
ਏਲੀਯਾਹ ਅਤੇ ਸੋਕਾ
17 ਏਲੀਯਾਹ ਗਿਲਆਦ ਵਿੱਚ ਤਿਸ਼ਬੀ ਸ਼ਹਿਰ ਦਾ ਨਬੀ ਸੀ। ਏਲੀਯਾਹ ਨੇ ਅਹਾਬ ਪਾਤਸ਼ਾਹ ਨੂੰ ਆਖਿਆ, “ਮੈਂ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦਾ ਸੇਵਕ ਹਾਂ। ਉਸਦੀ ਸ਼ਕਤੀ ਨਾਲ, ਮੈਂ ਇਕਰਾਰ ਕਰਦਾ ਹਾਂ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ, ਨਾ ਮੀਂਹ ਪਵੇਗਾ ਨਾ ਤ੍ਰੇਲ। ਮੀਂਹ ਉਦੋਂ ਹੀ ਪਵੇਗਾ ਜਦੋਂ ਮੈਂ ਹੁਕਮ ਦੇਵਾਂਗਾ।”
2 ਤਦ ਯਹੋਵਾਹ ਨੇ ਏਲੀਯਾਹ ਨੂੰ ਕਿਹਾ, 3 “ਇੱਥੋਂ ਚੱਲੇ ਜਾ ਅਤੇ ਆਪਣਾ ਮੁਹਾਣਾ ਪੂਰਬ ਵੱਲ ਕਰ ਲੈ। ਆਪਣੇ ਆਪਨੂੰ ਕਰੀਥ ਦੇ ਨਾਲੇ ਕੋਲ ਜਿਹੜਾ ਕਿ ਯਰਦਨ ਦਰਿਆ ਦੇ ਪੂਰਬ ਵੱਲ ਹੈ ਲੁਕਾਅ ਲੈ। 4 ਤੂੰ ਉਸ ਨਦੀ ਵਿੱਚੋਂ ਪਾਣੀ ਪੀ ਸੱਕਦਾ ਹੈਂ। ਮੈਂ ਪਹਾੜੀ ਕਾਵਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਉੱਥੇ ਤੈਨੂੰ ਭੋਜਨ ਪੁੱਜਦਾ ਕਰਨ।” 5 ਸੋ ਏਲੀਯਾਹ ਨੇ ਉਹੀ ਕੁਝ ਕੀਤਾ ਜੋ ਕੁਝ ਯਹੋਵਾਹ ਨੇ ਉਸ ਨੂੰ ਕਰਨ ਨੂੰ ਕਿਹਾ। ਤਦ ਉਹ ਕਰੀਥ ਦੇ ਨਾਲੇ ਜੋ ਯਰਦਨ ਦਰਿਆ ਦੇ ਪੂਰਬ ਵੱਲ ਸੀ ਰਹਿਣ ਲੱਗਾ। 6 ਪਹਾੜੀ ਕਾਂ ਹਰ ਰੋਜ਼ ਸਵੇਰੇ, ਸ਼ਾਮ ਉਸ ਨੂੰ ਭੋਜਨ ਪੁੱਜਦਾ ਕਰਦੇ ਅਤੇ ਏਲੀਯਾਹ ਉਸ ਨਦੀ ਵਿੱਚੋਂ ਪਾਣੀ ਪੀ ਲੈਂਦਾ।
7 ਕੁਝ ਸਮੇਂ ਬਾਅਦ ਨਾਲਾ ਸੁੱਕ ਗਿਆ ਕਿਉਂ ਕਿ ਧਰਤੀ ਤੇ ਕੋਈ ਮੀਂਹ ਨਾ ਪਿਆ। 8 ਤਦ ਯਹੋਵਾਹ ਨੇ ਏਲੀਯਾਹ ਨੂੰ ਕਿਹਾ, 9 “ਉੱਠ ਅਤੇ ਸੀਦੋਨ ਦੇ ਸਾਰਫ਼ਥ ਨੂੰ ਚੱਲਾ ਜਾ ਅਤੇ ਉੱਥੇ ਜਾਕੇ ਟਿਕ ਜਾ। ਉੱਥੇ ਇੱਕ ਔਰਤ ਉਸ ਜਗ੍ਹਾ ਦੇ ਕਰੀਬ ਰਹਿੰਦੀ ਹੈ ਜਿਸਦਾ ਕਿ ਪਤੀ ਮਰ ਚੁੱਕਾ ਹੈ। ਮੈਂ ਉਸ ਨੂੰ ਹੁਕਮ ਕੀਤਾ ਹੈ ਤੇ ਉਹ ਤੈਨੂੰ ਭੋਜਨ ਦੇਵੇਗੀ।”
10 ਤਾਂ ਏਲੀਯਾਹ ਸਾਰਫ਼ ਨੂੰ ਚੱਲਾ ਗਿਆ। ਜਦੋਂ ਉਹ ਸ਼ਹਿਰ ਦੇ ਫ਼ਾਟਕ ਕੋਲ ਪੁਜਿਆ ਤਾਂ ਉਸ ਨੇ ਇੱਕ ਔਰਤ ਵੇਖੀ। ਉਸਦਾ ਪਤੀ ਮਰ ਚੁੱਕਾ ਸੀ। ਉਹ ਔਰਤ ਜੰਗਲ ਚੋ ਅੱਗ ਬਾਲਣ ਲਈ ਲੱਕੜ ਇਕੱਠੀ ਕਰ ਰਹੀ ਸੀ ਤਾਂ ਏਲੀਯਾਹ ਨੇ ਉਸ ਨੂੰ ਕਿਹਾ, “ਕੀ ਤੂੰ ਮੈਨੂੰ ਪਿਆਲੇ ’ਚ ਕੁਝ ਪਾਣੀ ਦੇ ਸੱਕਦੀ ਹੈਂ, ਤਾਂ ਜੋ ਮੈਂ ਆਪਣੀ ਪਿਆਸ ਮਿਟਾ ਲਵਾਂ?” 11 ਜਦੋਂ ਔਰਤ ਉਸ ਲਈ ਪਾਣੀ ਲੈਣ ਗਈ ਤਾਂ ਏਲੀਯਾਹ ਨੇ ਕਿਹਾ, “ਕਿਰਪਾ ਕਰਕੇ ਮੇਰੇ ਲਈ ਇੱਕ ਰੋਟੀ ਦਾ ਟੁਕੜਾ ਵੀ ਲੈ ਆਵੀਂ!”
12 ਉਸ ਔਰਤ ਨੇ ਕਿਹਾ, “ਮੈਂ ਯਹੋਵਾਹ ਤੇਰੇ ਪਰਮੇਸ਼ੁਰ ਅੱਗੇ ਸੌਂਹ ਖਾਕੇ ਕਹਿਂਦੀ ਹਾਂ ਕਿ ਮੇਰੇ ਕੋਲ ਤੈਨੂੰ, ਖਾਣ ਵਾਸਤੇ ਦੇਣ ਲਈ ਰੋਟੀ ਨਹੀਂ ਹੈ। ਸਿਰਫ਼ ਮਰਤਬਾਨ ਵਿੱਚ ਥੋੜਾ ਜਿਹਾ ਆਟਾ ਹੈ ਅਤੇ ਬੋਤਲ ਵਿੱਚ ਕੁਝ ਕਿ ਜੈਤੂਨ ਦਾ ਤੇਲ ਹੈ। ਮੈਂ ਇੱਥੇ ਅੱਗ ਬਾਲਣ ਲਈ ਲੱਕੜਾਂ ਇਕੱਠੀਆਂ ਕਰਨ ਲਈ ਆਈ ਸਾਂ। ਫ਼ੇਰ ਮੈਂ ਘਰ ਨੂੰ ਜਾਕੇ ਮੇਰੇ ਅਤੇ ਮੇਰੇ ਪੁੱਤਰ ਲਈ ਆਖੀਰੀ ਭੋਜਨ ਤਿਆਰ ਕਰਾਂਗੀ। ਅਸੀਂ ਇਸ ਨੂੰ ਖਾਵਾਂਗੇ ਅਤੇ ਫ਼ੇਰ ਭੁੱਖ ਕਾਰਣ ਮਰ ਜਾਵਾਂਗੇ।”
13 ਏਲੀਯਾਹ ਨੇ ਉਸ ਔਰਤ ਨੂੰ ਆਖਿਆ, “ਫ਼ਿਕਰ ਨਾ ਕਰ! ਜਿਵੇਂ ਤੂੰ ਕਿਹਾ ਹੈ ਇੰਝ ਹੀ ਘਰ ਜਾਕੇ ਆਪਣਾ ਭੋਜਨ ਤਿਆਰ ਕਰ। ਪਰ ਪਹਿਲਾਂ ਤੂੰ ਇੱਕ ਛੋਟੀ ਜਿਹੀ ਰੋਟੀ ਪਕਾ ਕੇ ਮੇਰੇ ਕੋਲ ਲਿਆ, ਉਸ ਤੋਂ ਬਾਅਦ ਹੀ ਆਪਣੇ ਅਤੇ ਆਪਣੇ ਪੁੱਤਰ ਵਾਸਤੇ ਪਕਾਵੀਂ। 14 ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਉਹ ਆਟੇ ਵਾਲਾ ਮਰਤਬਾਨ ਕਦੇ ਵੀ ਖਾਲੀ ਨਾ ਹੋਵੇਗਾ ਤੇ ਤੇਰੀ ਬੋਤਲ ਵਿੱਚ ਹਮੇਸ਼ਾ ਤੇਲ ਭਰਿਆ ਰਹੇਗਾ। ਇਹ ਤਦ ਤੱਕ ਸਿਲਸਿਲਾ ਚੱਲਦਾ ਰਹੇਗਾ, ਜਦ ਤੀਕ ਯਹੋਵਾਹ ਇਸ ਧਰਤੀ ਤੇ ਮੀਂਹ ਨਹੀਂ ਪਾਉਂਦਾ।’”
15 ਤਾਂ ਉਹ ਔਰਤ ਆਪਣੇ ਘਰ ਨੂੰ ਪਰਤੀ ਤੇ ਉਸ ਨੇ ਉਵੇਂ ਹੀ ਕੀਤਾ ਜਿਵੇਂ ਏਲੀਯਾਹ ਨੇ ਉਸ ਨੂੰ ਆਖਿਆ ਸੀ। ਇਉਂ ਏਲੀਯਾਹ, ਔਰਤ ਤੇ ਉਸਦਾ ਪੁੱਤਰ ਕਾਫ਼ੀ ਦਿਨਾਂ ਤੱਕ ਭੋਜਨ ਖਾਂਦੇ ਰਹੇ। 16 ਆਟੇ ਵਾਲਾ ਅਤੇ ਤੇਲ ਵਾਲ ਭਾਂਡਾ ਕਦੇ ਵੀ ਖਾਲੀ ਨਾ ਹੋਏ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਦਾ ਹੁਕਮ ਹੋਇਆ ਸੀ ਅਤੇ ਯਹੋਵਾਹ ਨੇ ਇਹ ਬਚਨ ਏਲੀਯਾਹ ਦੇ ਮੂੰਹੋਂ ਕਹੇ ਸਨ।
6 ਭਰਾਵੋ ਅਤੇ ਭੈਣੋ, ਮੈਂ ਅਪੁੱਲੋਸ ਅਤੇ ਆਪਣੇ-ਆਪ ਦਾ ਇਨ੍ਹਾਂ ਗੱਲਾਂ ਦੀ ਮਿਸਾਲ ਵਜੋਂ ਜ਼ਿਕਰ ਕੀਤਾ ਹੈ। ਮੈਂ ਅਜਿਹਾ ਇਸ ਲਈ ਕੀਤਾ ਤਾਂ ਕਿ ਜੋ ਤੁਸੀਂ ਇਨ੍ਹਾਂ ਸ਼ਬਦਾਂ ਦੇ ਅਰਥ ਸਮਝ ਸੱਕੋਂ ਜਿਹੜੇ ਤੁਸੀਂ ਸਾਥੋਂ ਸਿੱਖੇ: “ਕੇਵਲ ਪੋਥੀਆਂ ਵਿੱਚ ਲਿਖੇ ਉੱਤੇ ਹੀ ਅਮਲ ਕਰੋ।” ਫ਼ੇਰ ਤੁਸੀਂ ਕਿਸੇ ਇੱਕ ਮਨੁੱਖ ਉੱਤੇ ਅਭਿਮਾਨ ਨਹੀਂ ਕਰੋਂਗੇ ਅਤੇ ਦੂਜੇ ਨੂੰ ਨਫ਼ਰਤ ਨਹੀਂ ਕਰੋਂਗੇ। 7 ਕੌਣ ਕਹਿੰਦਾ ਹੈ ਕਿ ਤੁਸੀਂ ਹੋਰਾਂ ਲੋਕਾਂ ਨਾਲੋਂ ਬਿਹਤਰ ਹੋ। ਇਸ ਲਈ ਜੇਕਰ ਜੋ ਤੁਹਾਡੇ ਕੋਲ ਹੈ ਉਹ ਤੁਹਾਨੂੰ ਦਿੱਤਾ ਗਿਆ ਹੈ, ਤਾਂ ਫ਼ੇਰ ਤੁਸੀਂ ਇਵੇਂ ਸ਼ੇਖੀ ਕਿਉਂ ਮਾਰਦੇ ਹੋ ਜਿਵੇਂ ਕਿ ਇਹ ਤੁਸੀਂ ਆਪਣੀ ਸ਼ਕਤੀ ਨਾਲ ਪ੍ਰਾਪਤ ਕੀਤਾ ਹੋਵੇ।
8 ਤੁਸੀਂ ਸੋਚਦੇ ਹੋ ਤੁਹਾਡੇ ਕੋਲ ਉਹ ਸਾਰਾ ਕੁਝ ਹੈ ਜੋ ਤੁਹਾਨੂੰ ਲੋੜੀਂਦਾ ਹੈ। ਤੁਸੀਂ ਸੋਚਦੇ ਹੋ ਤੁਸੀਂ ਅਮੀਰ ਹੋ। ਤੁਸੀਂ ਸੋਚਦੇ ਹੋ ਤੁਸੀਂ ਸਾਡੇ ਬਗੈਰ ਹੀ ਰਾਜੇ ਬਣ ਗਏ ਹੋ। ਮੇਰੀ ਤਮੰਨਾ ਹੈ ਕਿ ਤੁਸੀਂ ਸੱਚੀਂ ਰਾਜੇ ਹੁੰਦੇ। ਫ਼ੇਰ ਅਸੀਂ ਵੀ ਤੁਹਾਡੇ ਨਾਲ ਰਾਜੇ ਹੋ ਸੱਕਦੇ ਸਾਂ। 9 ਪਰ ਮੈਨੂੰ ਜਾਪਦਾ ਹੈ ਕਿ ਪਰਮੇਸ਼ੁਰ ਨੇ ਮੈਨੂੰ ਅਤੇ ਹੋਰਨਾਂ ਰਸੂਲਾਂ ਨੂੰ ਆਖਰੀ ਮੁਕਾਮ ਦਿੱਤਾ ਹੈ। ਅਸੀਂ ਵੀ ਮੌਤ ਦੀ ਹੋਣੀ ਭੋਗਣ ਵਾਲੇ ਮਨੁੱਖਾਂ ਵਰਗੇ ਹਾਂ ਜਿਹੜੇ ਦੁਨੀਆਂ, ਦੂਤਾ ਅਤੇ ਮਨੁੱਖਾਂ ਸਾਹਮਣੇ ਤਮਾਸ਼ੇ ਵਰਗੇ ਹਨ। 10 ਅਸੀਂ ਮਸੀਹ ਲਈ ਮੂਰਖ ਹਾਂ। ਪਰ ਤੁਸੀਂ ਸੋਚਦੇ ਹੋ ਕਿ ਤੁਸੀਂ ਮਸੀਹ ਲਈ ਬੜੇ ਸਿਆਣੇ ਹੋ। ਅਸੀਂ ਕਮਜ਼ੋਰ ਹਾਂ, ਪਰ ਤੁਸੀਂ ਸੋਚਦੇ ਹੋ ਕਿ ਤੁਸੀਂ ਬਲਵਾਨ ਹੋ। ਲੋਕੀਂ ਤੁਹਾਨੂੰ ਮਾਣ ਦਿੰਦੇ ਹਨ, ਪਰ ਉਹ ਸਾਨੂੰ ਮਾਣ ਨਹੀਂ ਦਿੰਦੇ। 11 ਇਸ ਘੜੀ ਤੱਕ ਵੀ, ਸਾਡੇ ਕੋਲ ਕਾਫ਼ੀ ਖਾਣ ਅਤੇ ਪੀਣ ਨੂੰ ਨਹੀਂ ਹੈ। ਸਾਡੇ ਕੋਲ ਲੋੜੀਂਦੇ ਕੱਪੜੇ ਤੱਕ ਵੀ ਨਹੀਂ। ਅਸੀਂ ਅਕਸਰ ਮਾਰ ਝੱਲਦੇ ਹਾਂ। ਸਾਡੇ ਘਰ ਨਹੀਂ ਹਨ। 12 ਅਸੀਂ ਆਪਣੇ ਹੱਥਾਂ ਨਾਲ ਸਖਤ ਮਿਹਨਤ ਕਰਦੇ ਹਾਂ। ਲੋਕੀਂ ਸਾਨੂੰ ਦੁਰਸੀਸਾਂ ਦਿੰਦੇ ਹਨ, ਪਰ ਅਸੀਂ ਉਨ੍ਹਾਂ ਨੂੰ ਦਇਆ ਦੇ ਸ਼ਬਦ ਬੋਲਦੇ ਹਾਂ। ਲੋਕੀਂ ਸਾਨੂੰ ਸਤਾਉਂਦੇ ਹਨ, ਪਰ ਅਸੀਂ ਇਸ ਨੂੰ ਸਹਿਜਤਾ ਨਾਲ ਸਹਿੰਦੇ ਹਾਂ। 13 ਲੋਕੀਂ ਸਾਡੇ ਬਾਰੇ ਮੰਦੀਆਂ ਗੱਲਾਂ ਬੋਲਦੇ ਹਨ, ਪਰ ਅਸੀਂ ਉਨ੍ਹਾਂ ਨੂੰ ਨਿਮ੍ਰਤਾ ਨਾਲ ਪੇਸ਼ ਆਉਂਦੇ ਹਾਂ। ਇਸ ਵੇਲੇ ਵੀ ਲੋਕੀਂ ਸਾਨੂੰ ਧਰਤੀ ਦੀ ਧੂੜ ਅਤੇ ਗੰਦਗੀ ਵਾਂਗ ਸਮਝਦੇ ਹਨ।
14 ਮੈਂ ਤੁਹਾਨੂੰ ਸ਼ਰਮਸਾਰ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਪਰ ਮੈਂ ਇਹ ਸਾਰੀਆਂ ਗੱਲਾਂ ਤੁਹਾਨੂੰ ਆਪਣੇ ਪਿਆਰੇ ਬੱਚਿਆਂ ਵਾਂਗ ਸਮਝਕੇ, ਚਿਤਾਵਨੀ ਵਜੋਂ ਲਿਖ ਰਿਹਾ ਹਾਂ। 15 ਸ਼ਾਇਦ ਤੁਹਾਡੇ ਕੋਲ ਮਸੀਹ ਵਿੱਚ ਦਸ ਹਜਾਰ ਗੁਰੂ ਹੋ ਸੱਕਦੇ ਹਨ, ਪਰ ਤੁਹਾਡੇ ਬਹੁਤ ਪਿਤਾ ਨਹੀਂ ਹਨ। ਖੁਸ਼ਖਬਰੀ ਰਾਹੀ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਪਿਤਾ ਬਣ ਗਿਆ। 16 ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਮਿਹਰਬਾਨੀ ਕਰਕੇ ਮੇਰੇ ਜਿਹੇ ਬਣੋ। 17 ਇਸੇ ਲਈ ਮੈਂ ਤੁਹਾਡੇ ਕੋਲ ਤਿਮੋਥਿਉਸ ਨੂੰ ਭੇਜ ਰਿਹਾ ਹਾਂ। ਉਹ ਪ੍ਰਭੂ ਵਿੱਚ ਮੇਰਾ ਪੁੱਤਰ ਹੈ। ਮੈਂ ਤਿਮੋਥਿਉਸ ਨੂੰ ਪਿਆਰ ਕਰਦਾ ਹਾਂ ਅਤੇ ਉਹ ਵਫ਼ਾਦਾਰ ਹੈ। ਉਹ ਤੁਹਾਨੂੰ ਯਾਦ ਕਰਾਵੇਗਾ ਕਿ ਕਿਸ ਢੰਗ ਨਾਲ ਮੈਂ ਮਸੀਹ ਯਿਸੂ ਵਿੱਚ ਜਿਉਂਦਾ ਹਾਂ। ਇਹ ਹੀ ਜੀਵਨ ਦਾ ਮਾਰਗ ਹੈ ਜਿਸ ਬਾਰੇ ਮੈਂ ਹਰ ਥਾਂ ਦੀਆਂ ਸਮੂਹ ਕਲੀਸਿਯਾ ਨੂੰ ਪ੍ਰਚਾਰ ਕਰਦਾ ਹਾਂ।
18 ਤੁਹਾਡੇ ਵਿੱਚੋਂ ਕੁਝ ਅਭਿਮਾਨੀ ਹੋ ਗਏ ਹਨ। ਤੁਸੀਂ ਇਹ ਸੋਚਦੇ ਹੋਏ ਅਭਿਮਾਨੀ ਹੋ ਗਏ ਹੋਂ ਕਿ ਮੈਂ ਤੁਹਾਡੇ ਕੋਲ ਫ਼ੇਰ ਨਹੀਂ ਆਵਾਂਗਾ। 19 ਪਰ ਮੈਂ ਤੁਹਾਡੇ ਕੋਲ ਬਹੁਤ ਛੇਤੀ ਆਵਾਂਗਾ। ਜੇ ਪ੍ਰਭੂ ਦੀ ਰਜ਼ਾ ਹੋਈ, ਮੈਂ ਅਵੱਸ਼ ਹੀ ਆਵਾਂਗਾ। ਫ਼ੇਰ ਮੈਂ ਦੇਖਾਂਗਾ ਇਹ ਅਭਿਮਾਨੀ ਕੀ ਕਰ ਸੱਕਦੇ ਹਨ, ਇਹ ਨਹੀਂ, ਉਹ ਕੀ ਕਹਿ ਸੱਕਦੇ ਹਨ। 20 ਮੈਂ ਇਹ ਦੇਖਣਾ ਚਾਹਵਾਂਗਾ ਕਿਉਂਕਿ ਪਰਮੇਸ਼ੁਰ ਦਾ ਰਾਜ ਗੱਲਾਂ ਨਹੀਂ, ਸ਼ਕਤੀ ਹੈ। 21 ਤੁਹਾਨੂੰ ਕੀ ਚਾਹੀਦਾ: ਕਿ ਮੈਂ ਤੁਹਾਡੇ ਕੋਲ ਸਜ਼ਾ ਲੈ ਕੇ ਆਵਾਂ ਜਾਂ ਕਿ ਮੈਂ ਪ੍ਰੇਮ ਅਤੇ ਕੋਮਲਤਾ ਲੈ ਕੇ ਆਵਾਂ?
2010 by World Bible Translation Center