Revised Common Lectionary (Complementary)
ਮੁਕਤੀ ਦਾ ਦਿਨ
8 ਯਹੋਵਾਹ ਆਖਦਾ ਹੈ,
“ਇੱਥੇ ਖਾਸ ਸਮਾਂ ਹੋਵੇਗਾ ਜਦੋਂ ਮੈਂ ਆਪਣੀ ਮਿਹਰ ਦਰਸਾਵਾਂਗਾ।
ਉਸ ਵੇਲੇ ਮੈਂ ਤੁਹਾਡੀਆਂ ਪ੍ਰਾਰਥਨਾਵਾਂ ਸੁਣ ਲਵਾਂਗਾ।
ਉਹ ਖਾਸ ਦਿਹਾੜਾ ਹੋਵੇਗਾ ਜਦੋਂ ਮੈਂ ਤੁਹਾਨੂੰ ਬਚਾ ਲਵਾਂਗਾ।
ਉਸ ਵੇਲੇ ਮੈਂ ਤੁਹਾਡੀ ਸਹਾਇਤਾ ਕਰਾਂਗਾ।
ਮੈਂ ਤੁਹਾਡੀ ਰਾਖੀ ਕਰਾਂਗਾ।
ਅਤੇ ਤੁਸੀਂ ਇਸਦਾ ਪ੍ਰਮਾਣ ਹੋਵੋਂਗੇ ਕਿ ਮੈਂ ਲੋਕਾਂ ਨਾਲ ਇਕਰਾਰਨਾਮਾ ਕੀਤਾ।
ਹੁਣ ਦੇਸ਼ ਤਬਾਹ ਹੋ ਗਿਆ ਹੈ
ਪਰ ਤੁਸੀਂ ਉਸ ਧਰਤ ਨੂੰ ਉਨ੍ਹਾਂ ਲੋਕਾਂ ਨੂੰ ਵਾਪਸ ਦੇ ਦਿਓਗੇ ਜੋ ਇਸਦੇ ਮਾਲਕ ਸਨ।
9 ਤੁਸੀਂ ਕੈਦੀਆਂ ਨੂੰ ਆਖੋਂਗੇ,
‘ਆਪਣੀ ਕੈਦ ਵਿੱਚੋਂ ਬਾਹਰ ਆ ਜਾਵੋ!’
ਤੁਸੀਂ ਉਨ੍ਹਾਂ ਲੋਕਾਂ ਨੂੰ ਆਖੋਂਗੇ ਜੋ ਅੰਧਕਾਰ ਵਿੱਚ ਹਨ,
‘ਅੰਧਕਾਰ ਵਿੱਚੋਂ ਬਾਹਰ ਨਿਕਲ ਆਵੋ!’
ਯਾਤਰਾ ਸਮੇਂ ਲੋਕ ਭੋਜਨ ਕਰਨਗੇ।
ਸੱਖਣੀਆਂ ਪਹਾੜੀਆਂ ਵਿੱਚ ਵੀ ਉਨ੍ਹਾਂ ਕੋਲ ਭੋਜਨ ਹੋਵੇਗਾ।
10 ਲੋਕ ਭੁੱਖੇ ਨਹੀਂ ਹੋਣਗੇ।
ਉਹ ਪਿਆਸੇ ਨਹੀਂ ਹੋਣਗੇ।
ਧੁੱਪ ਅਤੇ ਹਵਾ ਉਨ੍ਹਾਂ ਨੂੰ ਨੁਕਸਾਨ ਨਹੀਂ ਪੁਚਾਵੇਗੀ।
ਕਿਉਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਸੱਕੂਨ ਪਹੁੰਚਾਉਂਦਾ ਹੈ।
ਅਤੇ ਪਰਮੇਸ਼ੁਰ ਹੀ ਉਨ੍ਹਾਂ ਦੀ ਅਗਵਾਈ ਕਰੇਗਾ।
ਉਹ ਉਨ੍ਹਾਂ ਦੀ ਅਗਵਾਈ ਪਾਣੀ ਦੇ ਝਰਨਿਆਂ ਵੱਲ ਕਰੇਗਾ।
11 ਮੈਂ ਆਪਣੇ ਲੋਕਾਂ ਲਈ ਰਾਹ ਬਣਾਵਾਂਗਾ।
ਪਰਬਤ ਪੱਧਰੇ ਕੀਤੇ ਜਾਣਗੇ
ਤੇ ਨੀਵੀਆਂ ਸੜਕਾਂ ਉੱਚੀਆਂ ਕੀਤੀਆਂ ਜਾਣਗੀਆਂ।
12 “ਦੇਖੋ! ਲੋਕ ਦੂਰ-ਦੁਰਾਡੀਆਂ ਥਾਵਾਂ ਤੋਂ ਮੇਰੇ ਵੱਲ ਆ ਰਹੇ ਨੇ।
ਲੋਕ ਉੱਤਰ ਵੱਲੋਂ ਅਤੇ ਪੱਛਮ ਵੱਲੋਂ ਮੇਰੇ ਵੱਲ ਆ ਰਹੇ ਨੇ।
ਲੋਕ ਮਿਸਰ ਵਿੱਚੋਂ ਅਸਵਾਨ ਤੋਂ ਮੇਰੇ ਕੋਲ ਆ ਰਹੇ ਨੇ।”
13 ਹੇ ਅਕਾਸ਼ ਅਤੇ ਧਰਤੀਏ, ਪ੍ਰਸੰਨ ਹੋਵੋ!
ਪਰਬਤੋਂ, ਖੁਸ਼ੀ ਦੇ ਨਾਹਰੇ ਮਾਰੋ!
ਕਿਉਂ ਕਿ ਯਹੋਵਾਹ ਆਪਣੇ ਬੰਦਿਆਂ ਨੂੰ ਸੱਕੂਨ ਪਹੁੰਚਾਉਂਦਾ ਹੈ।
ਯਹੋਵਾਹ ਆਪਣੇ ਗਰੀਬ ਲੋਕਾਂ ਨਾਲ ਨੇਕੀ ਕਰਦਾ ਹੈ।
14 ਪਰ ਸੀਯੋਨ ਹੁਣ ਆਖਦਾ ਹੈ, “ਯਹੋਵਾਹ ਨੇ ਮੈਨੂੰ ਛੱਡ ਦਿੱਤਾ ਹੈ।
ਮੇਰਾ ਸੁਆਮੀ ਮੈਨੂੰ ਭੁੱਲ ਗਿਆ ਹੈ।”
15 ਪਰ ਮੈਂ ਆਖਦਾ ਹਾਂ,
“ਕੀ ਕੋਈ ਮਾਂ ਆਪਣੇ ਬੱਚੇ ਨੂੰ ਭੁੱਲ ਸੱਕਦੀ ਹੈ? ਨਹੀਂ!
ਭਾਵੇਂ ਉਹ ਭੁੱਲ ਜਾਵੇ ਮੈਂ ਤੂਹਾਨੂੰ ਨਹੀਂ ਭੁੱਲਾਂਗਾ।
16 ਦੇਖੋ, ਮੈਂ ਤੁਹਾਡਾ ਨਾਮ ਆਪਣੀ ਹਬੇਲੀ ਉੱਤੇ ਉਕਰ ਲਿਆ ਹੈ।
ਮੈਂ ਹਰ ਵੇਲੇ ਤੁਹਾਡੇ ਬਾਰੇ ਸੋਚਦਾ ਰਹਿੰਦਾ ਹਾਂ!
ਮੰਦਰ ਜਾਣ ਵੇਲੇ ਦਾਊਦ ਦਾ ਇੱਕ ਗੀਤ।
131 ਯਹੋਵਾਹ, ਮੈਂ ਗੁਮਾਨੀ ਨਹੀਂ ਹਾਂ।
ਮੈਂ ਮਹੱਤਵਪੂਰਣ ਹੋਂਣ ਦਾ ਦਿਖਾਵਾ ਨਹੀਂ ਕਰਦਾ।
ਮੈਂ ਮਹਾਨ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕਰਦਾ।
ਮੈਂ ਉਨ੍ਹਾਂ ਗੱਲਾਂ ਬਾਰੇ ਫ਼ਿਕਰ ਨਹੀਂ ਕਰਦਾ ਜਿਹੜੀਆਂ ਮੇਰੇ ਵਾਸਤੇ ਮੁਸ਼ਕਿਲ ਹਨ।
2 ਮੈਂ ਸ਼ਾਂਤ ਹਾਂ। ਮੇਰੀ ਰੂਹ ਸ਼ਾਂਤ ਹੈ।
ਮੇਰੀ ਰੂਹ ਸ਼ਾਂਤ ਅਤੇ ਚੁੱਪ ਹੈ।
ਜਿਵੇਂ ਕੋਈ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਸੰਤੁਸ਼ਟ ਹੋਵੇ।
3 ਇਸਰਾਏਲ, ਯਹੋਵਾਹ ਉੱਤੇ ਵਿਸ਼ਵਾਸ ਕਰ।
ਹੁਣ ਉਸ ਉੱਤੇ ਵਿਸ਼ਵਾਸ ਕਰ ਅਤੇ ਸਦਾ ਲਈ ਵਿਸ਼ਵਾਸ ਕਰ।
ਮਸੀਹ ਦੇ ਰਸੂਲ
4 ਇਹੀ ਹੈ ਜੋ ਲੋਕਾਂ ਨੂੰ ਸਾਡੇ ਬਾਰੇ ਸੋਚਣਾ ਚਾਹੀਦਾ ਹੈ; ਕਿ ਅਸੀਂ ਮਸੀਹ ਦੇ ਸੇਵਕ ਹਾਂ। ਅਸੀਂ ਉਹ ਲੋਕ ਹਾਂ ਜਿਨ੍ਹਾਂ ਉੱਤੇ ਪਰਮੇਸ਼ੁਰ ਨੇ ਆਪਣੀਆਂ ਗੁਪਤ ਸੱਚਾਈਆਂ ਦਾ ਭਰੋਸਾ ਕੀਤਾ ਹੈ। 2 ਉਸ ਵਿਅਕਤੀ ਨੂੰ, ਜਿਸ ਉੱਤੇ ਕਿਸੇ ਕੰਮ ਦਾ ਭਰੋਸਾ ਕੀਤਾ ਜਾਂਦਾ ਹੈ, ਉਸ ਨੂੰ, ਸਾਬਿਤ ਕਰਨਾ ਚਾਹੀਦਾ ਹੈ ਕਿ ਉਹ ਉਸ ਭਰੋਸੇ ਦੇ ਯੋਗ ਹੈ। 3 ਮੈਨੂੰ ਕੋਈ ਪ੍ਰਵਾਹ ਨਹੀਂ ਭਾਵੇਂ ਤੁਸੀਂ ਮੇਰਾ ਨਿਆਂ ਕਰਨ ਜਾ ਰਹੇ ਹੋ। ਅਤੇ ਮੈਨੂੰ ਕੋਈ ਫ਼ਿਕਰ ਨਹੀਂ ਜੇਕਰ ਮੇਰਾ ਨਿਆਂ ਕਿਸੇ ਮਨੁੱਖੀ ਕਚਿਹਰੀ ਦੁਆਰਾ ਕੀਤਾ ਜਾਂਦਾ ਹੈ। ਮੈਂ ਤਾਂ ਆਪਣੇ-ਆਪ ਦੀ ਪਰੱਖ ਵੀ ਨਹੀਂ ਕਰਦਾ। 4 ਮੈਂ ਨਹੀਂ ਜਾਣਦਾ ਕਿ ਮੈਂ ਕੋਈ ਬੁਰਾ ਕੰਮ ਕੀਤਾ ਹੈ। ਪਰ ਇਹ ਗੱਲ ਮੈਨੂੰ ਨਿਰਦੋਸ਼ ਸਿੱਧ ਨਹੀਂ ਕਰਦੀ ਇਹ ਪ੍ਰਭੂ ਹੀ ਹੈ ਜੋ ਮੇਰੀ ਪਰੱਖ ਕਰਦਾ ਹੈ। 5 ਇਸੇ ਲਈ ਸਹੀ ਵਕਤ ਤੋਂ ਪਹਿਲਾਂ ਕਿਸੇ ਦੀ ਵੀ ਪਰੱਖ ਨਾ ਕਰੋ। ਪ੍ਰਭੂ ਦੀ ਆਮਦ ਦਾ ਇੰਤਜ਼ਾਰ ਕਰੋ। ਉਹ ਉਨ੍ਹਾਂ ਚੀਜ਼ਾਂ ਨੂੰ ਪ੍ਰਕਾਸ਼ਮਾਨ ਕਰ ਦੇਵੇਗਾ ਜਿਹੜੀਆਂ ਅੰਧਕਾਰ ਵਿੱਚ ਲੁਕੀਆਂ ਹੋਈਆਂ ਹਨ। ਉਹ ਲੋਕਾਂ ਦੇ ਦਿਲਾਂ ਵਿੱਚ ਲੁਕੇ ਹੋਏ ਮਨੋਰੱਥਾਂ ਨੂੰ ਪ੍ਰਗਟ ਕਰ ਦੇਵੇਗਾ। ਫ਼ੇਰ ਪਰਮੇਸ਼ੁਰ ਹਰ ਵਿਅਕਤੀ ਨੂੰ ਉਸ ਦੇ ਯੋਗ ਉਸਤਤਿ ਦੇਵੇਗਾ।
24 “ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਇੱਕ ਹੀ ਸਮੇਂ ਨਹੀਂ ਕਰ ਸੱਕਦਾ ਕਿਉਂਕਿ ਇੱਕ ਨਾਲ ਉਹ ਵੈਰ ਅਤੇ ਦੂਜੇ ਨਾਲ ਪ੍ਰੀਤ ਰੱਖੇਗਾ ਜਾਂ ਇੱਕ ਨਾਲ ਉਹ ਮਿਲਿਆ ਰਹੇਗਾ ਅਤੇ ਦੂਜੇ ਨੂੰ ਭੁੱਲ ਜਾਵੇਗਾ। ਇਸ ਲਈ ਤੁਸੀਂ ਪਰਮੇਸ਼ੁਰ ਅਤੇ ਦੌਲਤ ਦੀ ਸੇਵਾ ਇੱਕੋ ਵੇਲੇ ਨਹੀਂ ਕਰ ਸੱਕਦੇ।
ਪਰਮੇਸ਼ੁਰ ਦੇ ਰਾਜ ਨੂੰ ਪਹਿਲ(A)
25 “ਇਸ ਕਰਕੇ ਮੈਂ ਤੁਹਾਨੂੰ ਦੱਸਦਾ ਹਾਂ, ਕਿ ਆਪਣੀ ਜ਼ਿੰਦਗੀ ਦੀ ਚਿੰਤਾ ਨਾ ਕਰੋ, ਅਤੇ ਨਾ ਹੀ ਇਸ ਗੱਲ ਦੀ ਕਿ ਤੁਸੀਂ ਕੀ ਖਾਵੋਂਗੇ ਅਤੇ ਕੀ ਪੀਵੋਂਗੇ। ਅਤੇ ਨਾ ਹੀ ਤੁਸੀਂ ਇਸਦੀ ਚਿੰਤਾ ਕਰੋ ਕਿ ਤੁਹਾਨੂੰ ਆਪਣੇ ਸ਼ਰੀਰ ਤੇ ਪਹਿਨਣ ਲਈ ਕਿਸ ਦੀ ਲੋੜ ਹੈ। ਕੀ ਜ਼ਿੰਦਗੀ ਭੋਜਨ ਨਾਲੋਂ ਅਤੇ ਸ਼ਰੀਰ ਵਸਤਰ ਨਾਲੋਂ ਵੱਧ ਮਹੱਤਵਪੂਰਣ ਨਹੀਂ? 26 ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ। ਨਾ ਤਾਂ ਉਹ ਬੀਜਦੇ ਹਨ ਤੇ ਨਾ ਹੀ ਵੱਢਦੇ ਹਨ ਨਾ ਹੀ ਭੜੋਲਿਆਂ ਵਿੱਚ ਅਨਾਜ ਇਕੱਠਾ ਕਰਦੇ ਹਨ। ਪਰ ਤੁਹਾਡਾ ਸੁਰਗੀ ਪਿਤਾ ਉਨ੍ਹਾਂ ਦੀ ਪ੍ਰਿਤਪਾਲ ਕਰਦਾ ਹੈ। ਭਲਾ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ। 27 ਜੇ ਤੁਸੀਂ ਚਿੰਤਾ ਕਰਦੇ ਰਹੋਂਗੇ ਤਾਂ, ਤੁਸੀਂ ਆਪਣੀ ਉਮਰ ਵਿੱਚ ਇੱਕ ਵੀ ਪਲ ਦਾ ਵਾਧਾ ਨਹੀਂ ਕਰ ਸੱਕਦੇ।
28 “ਤੁਸੀਂ ਵਸਤਰਾਂ ਲਈ ਕਿਉਂ ਚਿੰਤਾ ਕਰਦੇ ਹੋ? ਤੁਸੀਂ ਖੇਤ ਵਿੱਚ ਫ਼ਲਾਂ ਨੂੰ ਵੇਖੋ। ਵੇਖੋ ਉਹ ਕਿਵੇਂ ਉੱਥੇ ਵੱਧਦੇ ਹਨ। ਉਹ ਆਪਣੇ ਲਈ ਨਾ ਮਿਹਨਤ ਕਰਦੇ ਹਨ ਨਾ ਕੱਤਦੇ ਹਨ। 29 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਹਾਨ ਅਤੇ ਅਮੀਰ ਰਾਜਾ ਸੁਲੇਮਾਨ ਵੀ, ਇਨ੍ਹਾਂ ਵਿੱਚੋਂ ਇੱਕ ਫ਼ੁੱਲ ਜਿੰਨਾ ਵੀ ਨਹੀਂ ਸਜਿਆ ਹੋਇਆ ਸੀ। 30 ਪਰਮੇਸ਼ੁਰ ਜੰਗਲੀ ਘਾਹ ਨੂੰ ਵੀ ਜਿਹੜਾ ਅੱਜ ਹੈ ਅਤੇ ਭਲਕੇ ਅੱਗ ਵਿੱਚ ਝੋਕਿਆ ਜਾਵੇਗਾ ਅਜਿਹਾ ਪਹਿਨਣ ਪਹਿਨਾਉਂਦਾ ਹੈ। ਤਾਂ ਹੇ ਥੋੜੀ ਪਰਤੀਤ ਵਾਲਿਓ, ਕੀ ਭਲਾ ਪਰਮੇਸ਼ੁਰ ਤੁਹਾਨੂੰ ਉਸਤੋਂ ਵੱਧ ਨਹੀਂ ਪਹਿਨਾਵੇਗਾ?
31 “ਸੋ ਤੁਸੀਂ ਚਿੰਤਾ ਕਰਕੇ ਇਹ ਨਾ ਕਹੋ ਕਿ, ‘ਕੀ ਖਾਵਾਂਗੇ’ ਜਾਂ ‘ਕੀ ਪੀਵਾਂਗੇ’ ਜਾਂ ‘ਕੀ ਪਹਿਨਾਂਗੇ?’ 32 ਉਹ ਲੋਕ ਜੋ ਪਰਮੇਸ਼ੁਰ ਨੂੰ ਨਹੀਂ ਜਾਣਦੇ ਉਹ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਪਰ ਤੁਸੀਂ ਚਿੰਤਾ ਨਾ ਕਰੋ ਕਿਉਂਕਿ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੈ। 33 ਪਰ ਸਭ ਤੋਂ ਪਹਿਲਾਂ, ਤੁਹਾਨੂੰ ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਧਰਮ ਦੀ ਇੱਛਾ ਕਰਨੀ ਚਾਹੀਦੀ ਹੈ। ਫ਼ਿਰ ਇਹ ਸਭ ਵਸਤਾਂ ਵੀ ਤੁਹਾਨੂੰ ਦੇ ਦਿੱਤੀਆਂ ਜਾਣਗੀਆਂ। 34 ਸੋ ਤੁਸੀਂ ਭਲਕੇ ਦੇ ਲਈ ਚਿੰਤਾ ਨਾ ਕਰੋ। ਇਹ ਆਪਣੇ ਬਾਰੇ ਆਪੇ ਹੀ ਚਿੰਤਾ ਕਰੇਗਾ, ਅੱਜ ਦੇ ਲਈ ਅੱਜ ਦਾ ਦੁੱਖ ਹੀ ਬਥੇਰਾ ਹੈ।
2010 by World Bible Translation Center