Revised Common Lectionary (Complementary)
ਮੰਦਰ ਜਾਣ ਵੇਲੇ ਦਾਊਦ ਦਾ ਇੱਕ ਗੀਤ।
131 ਯਹੋਵਾਹ, ਮੈਂ ਗੁਮਾਨੀ ਨਹੀਂ ਹਾਂ।
ਮੈਂ ਮਹੱਤਵਪੂਰਣ ਹੋਂਣ ਦਾ ਦਿਖਾਵਾ ਨਹੀਂ ਕਰਦਾ।
ਮੈਂ ਮਹਾਨ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕਰਦਾ।
ਮੈਂ ਉਨ੍ਹਾਂ ਗੱਲਾਂ ਬਾਰੇ ਫ਼ਿਕਰ ਨਹੀਂ ਕਰਦਾ ਜਿਹੜੀਆਂ ਮੇਰੇ ਵਾਸਤੇ ਮੁਸ਼ਕਿਲ ਹਨ।
2 ਮੈਂ ਸ਼ਾਂਤ ਹਾਂ। ਮੇਰੀ ਰੂਹ ਸ਼ਾਂਤ ਹੈ।
ਮੇਰੀ ਰੂਹ ਸ਼ਾਂਤ ਅਤੇ ਚੁੱਪ ਹੈ।
ਜਿਵੇਂ ਕੋਈ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਸੰਤੁਸ਼ਟ ਹੋਵੇ।
3 ਇਸਰਾਏਲ, ਯਹੋਵਾਹ ਉੱਤੇ ਵਿਸ਼ਵਾਸ ਕਰ।
ਹੁਣ ਉਸ ਉੱਤੇ ਵਿਸ਼ਵਾਸ ਕਰ ਅਤੇ ਸਦਾ ਲਈ ਵਿਸ਼ਵਾਸ ਕਰ।
ਇਸਰਾਏਲ ਨੂੰ ਪਰਮੇਸ਼ੁਰ ਦੀ ਸ਼ਕਤੀ ਉੱਤੇ ਨਿਰਭਰ ਕਰਨਾ ਚਾਹੀਦਾ ਹੈ
31 ਸਹਾਇਤਾ ਲਈ ਮਿਸਰ ਵੱਲ ਜਾਂਦੇ ਲੋਕਾਂ ਨੂੰ ਦੇਖੋ। ਲੋਕ ਘੋੜੇ ਮੰਗਦੇ ਹਨ। ਉਹ ਸੋਚਦੇ ਨੇ ਕਿ ਘੋੜੇ ਉਨ੍ਹਾਂ ਨੂੰ ਬਚਾ ਲੈਣਗੇ। ਲੋਕਾਂ ਨੂੰ ਉਮੀਦ ਹੈ ਕਿ ਮਿਸਰ ਦੇ ਰੱਥ ਅਤੇ ਘੋੜਸਵਾਰ ਫ਼ੌਜੀ ਉਨ੍ਹਾਂ ਦੀ ਰਾਖੀ ਕਰਨਗੇ। ਲੋਕ ਸੋਚਦੇ ਹਨ ਕਿ ਉਹ ਸੁਰੱਖਿਅਤ ਹਨ ਕਿਉਂ ਕਿ ਉਹ ਫ਼ੌਜ ਬਹੁਤ ਵੱਡੀ ਹੈ। ਲੋਕ ਇਸਰਾਏਲ ਦੇ ਪਵਿੱਤਰ ਪੁਰੱਖ (ਪਰਮੇਸ਼ੁਰ) ਉੱਤੇ ਭਰੋਸਾ ਨਹੀਂ ਕਰਦੇ। ਲੋਕ ਯਹੋਵਾਹ ਪਾਸੋਂ ਸਹਾਇਤਾ ਨਹੀਂ ਮੰਗਦੇ। 2 ਪਰ, ਇਹ ਯਹੋਵਾਹ ਹੀ ਹੈ ਜੋ ਸਿਆਣਾ ਹੈ। ਅਤੇ ਇਹ ਯਹੋਵਾਹ ਹੀ ਹੈ ਜਿਹੜਾ ਉਨ੍ਹਾਂ ਦੇ ਵਿਰੁੱਧ ਮੁਸੀਬਤ ਲੈ ਕੇ ਆਵੇਗਾ। ਲੋਕ ਯਹੋਵਾਹ ਦੇ ਆਦੇਸ਼ ਨੂੰ ਬਦਲਣ ਦੇ ਕਾਬਲ ਨਹੀਂ ਹੋਣਗੇ। ਯਹੋਵਾਹ ਉੱਠ ਕੇ ਬਦ ਲੋਕਾਂ ਦੇ ਖਿਲਾਫ਼ ਅਤੇ ਉਨ੍ਹਾਂ ਦੁਸ਼ਟ ਲੋਕਾਂ ਦੇ ਖਿਲਾਫ਼ ਲੜੇਗਾ ਜੋ ਉਨ੍ਹਾਂ ਦੀ ਮਦਦ ਲਰਨ ਦੀ ਕੋਸ਼ਿਸ਼ ਕਰਦੇ ਹਨ।
3 ਮਿਸਰ ਦੇ ਲੋਕ ਤਾਂ ਸਿਰਫ਼ ਇਨਸਾਨ ਹਨ-ਪਰਮੇਸ਼ੁਰ ਨਹੀਂ। ਮਿਸਰ ਦੇ ਘੋੜੇ ਸਿਰਫ਼ ਜਾਨਵਰ ਹਨ-ਆਤਮਾ ਨਹੀਂ। ਯਹੋਵਾਹ ਆਪਣਾ ਬਾਜ਼ੂ ਫ਼ੈਲਾਵੇਗਾ ਅਤੇ ਸਹਾਇਕ (ਮਿਸਰ) ਹਰਾ ਦਿੱਤਾ ਜਾਵੇਗਾ। ਅਤੇ ਉਹ ਲੋਕ ਜਿਹੜੇ ਸਹਾਇਤਾ ਚਾਹੁੰਦੇ ਸਨ (ਯਹੂਦਾਹ) ਢਹਿ ਪੈਣਗੇ। ਉਹ ਸਾਰੇ ਲੋਕ ਇਕੱਠੇ ਹੀ ਤਬਾਹ ਹੋ ਜਾਣਗੇ।
4 ਯਹੋਵਾਹ ਨੇ ਮੈਨੂੰ ਦੱਸਿਆ, “ਜਦੋਂ ਕੋਈ ਸ਼ੇਰ ਜਾਂ ਸ਼ੇਰ ਦਾ ਬੱਚਾ ਕਿਸੇ ਜਾਨਵਰ ਨੂੰ ਖਾਣ ਲਈ ਫੜਦਾ ਹੈ ਤਾਂ ਸ਼ੇਰ ਮਰੇ ਹੋਏ ਜਾਨਵਰ ਉੱਤੇ ਖੜ੍ਹਾ ਹੋ ਜਾਂਦਾ ਹੈ ਅਤੇ ਗਰਜਦਾ ਹੈ। ਉਸ ਸਮੇਂ ਕੋਈ ਵੀ ਚੀਜ਼ ਉਸ ਮਹਾਨ ਸ਼ੇਰ ਨੂੰ ਭੈਭੀਤ ਨਹੀਂ ਕਰ ਸੱਕਦੀ। ਜੇ ਬੰਦੇ ਆ ਕੇ ਸ਼ੇਰ ਉੱਤੇ ਚੀਖਦੇ ਹਨ ਤਾਂ ਵੀ ਸ਼ੇਰ ਨਹੀਂ ਡਰਦਾ। ਲੋਕ ਭਾਵੇਂ ਬਹੁਤ ਵੱਡਾ ਸ਼ੋਰ ਮਚਾਉਣ ਪਰ ਸ਼ੇਰ ਨਹੀਂ ਭੱਜੇਗਾ।”
ਓਸ ਤਰ੍ਹਾਂ, ਸਰਬ ਸ਼ਕਤੀਮਾਨ ਯਹੋਵਾਹ ਸੀਯੋਨ ਪਰਬਤ ਉੱਤੇ ਉਤਰੇਗਾ। ਯਹੋਵਾਹ ਉਸ ਪਹਾੜੀ ਉੱਤੇ ਲੜੇਗਾ। 5 ਸਰਬ ਸ਼ਕਤੀਮਾਨ ਯਹੋਵਾਹ ਯਰੂਸ਼ਲਮ ਦੀ ਰੱਖਿਆ ਕਰੇਗਾ ਜਿਵੇਂ ਪੰਛੀ ਆਪਣੇ ਆਲ੍ਹਣਿਆਂ ਉੱਤੇ ਉੱਡਦੇ ਹਨ। ਯਹੋਵਾਹ ਉਸ ਨੂੰ ਬਚਾ ਲਵੇਗਾ। ਯਹੋਵਾਹ ਉੱਥੋਂ ਗੁਜ਼ਰ ਜਾਵੇਗਾ ਅਤੇ ਯਰੂਸ਼ਲਮ ਨੂੰ ਬਚਾ ਲਵੇਗਾ।
6 ਇਸਰਾਏਲ ਦੇ ਬਚਿਓ, ਤੁਸੀਂ ਪਰਮੇਸ਼ੁਰ ਦੇ ਵਿਰੁੱਧ ਹੋ ਗਏ ਸੀ। ਤੁਹਾਨੂੰ ਪਰਮੇਸ਼ੁਰ ਵੱਲ ਵਾਪਸ ਪਰਤ ਆਉਣਾ ਚਾਹੀਦਾ ਹੈ। 7 ਫ਼ੇਰ ਲੋਕ ਉਨ੍ਹਾਂ ਸੋਨੇ ਚਾਂਦੀ ਦੀਆਂ ਮੂਰਤੀਆਂ ਦੀ ਉਪਾਸਨਾ ਕਰਨੀ ਛੱਡ ਦੇਣਗੇ ਜਿਹੜੀਆਂ ਤੁਸੀਂ ਬਣਾਈਆਂ ਸਨ। ਤੁਸੀਂ ਸੱਚਮੁੱਚ ਉਦੋਂ ਪਾਪ ਕੀਤਾ ਸੀ ਜਦੋਂ ਤੁਸੀਂ ਉਹ ਮੂਰਤੀਆਂ ਬਣਾਈਆਂ ਸਨ।
8 ਇਹ ਸੱਚ ਹੈ ਕਿ ਅੱਸ਼ੂਰ ਨੂੰ ਤਲਵਾਰ ਨਾਲ ਹਰਾ ਦਿੱਤਾ ਜਾਵੇਗਾ। ਪਰ ਉਹ ਤਲਵਾਰ ਕਿਸੇ ਇਨਸ਼ਾਨ ਦੀ ਤਲਵਾਰ ਨਹੀਂ ਹੋਵੇਗੀ। ਅੱਸ਼ੂਰ ਪਰਮੇਸ਼ੁਰ ਦੀ ਤਲਵਾਰ ਕੋਲੋਂ ਭੱਜੇਗਾ। ਪਰ ਨੌਜਵਾਨ ਬੰਦੇ ਫ਼ੜ ਲੇ ਜਾਣਗੇ ਅਤੇ ਗੁਲਾਮ ਬਣਾ ਲੇ ਜਾਣਗੇ। 9 ਉਨ੍ਹਾਂ ਦਾ ਸੁਰੱਖਿਅਤ ਟਿਕਾਣਾ ਤਬਾਹ ਕਰ ਦਿੱਤਾ ਜਾਵੇਗਾ। ਉਨ੍ਹਾਂ ਦੇ ਆਗੂ ਹਾਰ ਜਾਣਗੇ ਅਤੇ ਆਪਣੇ ਝੰਡੇ ਪਿੱਛੇ ਛੱਡ ਜਾਣਗੇ।
ਯਹੋਵਾਹ ਨੇ ਇਹ ਸਾਰੀਆਂ ਗੱਲਾਂ ਆਖੀਆਂ। ਯਹੋਵਾਹ ਦੀ ਅੱਗ ਸੀਯੋਨ ਵਿੱਚ ਹੈ ਅਤੇ ਉਸ ਦੀ ਭਠ੍ਠੀ ਯਰੂਸ਼ਲਮ ਵਿੱਚ ਹੈ।
ਯਿਸੂ ਦਾ ਅਧਿਕਾਰ ਪਰਮੇਸ਼ੁਰ ਵੱਲੋਂ ਹੈ(A)
14 ਇੱਕ ਵਾਰ ਯਿਸੂ ਇੱਕ ਆਦਮੀ ਵਿੱਚੋਂ ਭੂਤ ਕੱਢ ਰਿਹਾ ਸੀ। ਜੋ ਕਿ ਭੂਤ ਦੇ ਕਬਜ਼ੇ ਕਾਰਣ ਗੂੰਗਾ ਸੀ, ਜਦੋਂ ਭੂਤ ਬਾਹਰ ਆਇਆ ਤਾਂ ਆਦਮੀ ਨੇ ਬੋਲਣਾ ਸ਼ੁਰੂ ਕਰ ਦਿੱਤਾ। ਇਸ ਘਟਨਾ ਤੇ ਲੋਕ ਬੜੇ ਹੈਰਾਨ ਹੋ ਗਏ। 15 ਪਰ ਕੁਝ ਲੋਕਾਂ ਨੇ ਕਿਹਾ, “ਉਹ ਭੂਤਾਂ ਦੇ ਸ਼ਾਸਕ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।”
16 ਅਤੇ ਹੋਰਾਂ ਨੇ ਉਸ ਨੂੰ ਪਰੱਖਣ ਲਈ ਸਵਰਗ ਵੱਲੋਂ ਨਿਸ਼ਾਨ ਦਰਸ਼ਾਉਣ ਲਈ ਆਖਿਆ। 17 ਪਰ ਯਿਸੂ ਉਨ੍ਹਾਂ ਦੇ ਮਨ ਦੀਆਂ ਜਾਣਦਾ ਸੀ ਸੋ ਉਸ ਨੇ ਲੋਕਾਂ ਨੂੰ ਆਖਿਆ, “ਇੱਕ ਰਾਜ, ਜੋ ਵੰਡਿਆ ਹੋਇਆ ਅਤੇ ਆਪਣੇ ਵਿਰੁੱਧ ਲੜਦਾ ਹੈ, ਨਸ਼ਟ ਹੋ ਜਾਵੇਗਾ। ਅਤੇ ਇੰਝ ਹੀ ਇੱਕ ਘਰ ਜਿਹੜਾ ਕਿ ਵੰਡਿਆ ਹੋਇਆ ਹੈ ਅਤੇ ਆਪਣੇ ਵਿਰੁੱਧ ਲੜਦਾ ਹੈ, ਢਹਿ ਜਾਵੇਗਾ। 18 ਜੇਕਰ ਸ਼ੈਤਾਨ ਆਪਸ ਵਿੱਚ ਵੰਡਿਆ ਹੋਇਆ ਹੈ ਤਾਂ ਉਨ੍ਹਾਂ ਦਾ ਰਾਜ ਕਿਵੇਂ ਠਹਿਰੇਗਾ? ਮੈਂ ਅਜਿਹਾ ਇਸ ਲਈ ਆਖਦਾ ਕਿਉਂਕਿ ਤੁਸੀਂ ਆਖਦੇ ਹੋ ਕਿ ਮੈਂ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤ ਕੱਢਦਾ ਹਾਂ। 19 ਅਤੇ ਜੇਕਰ ਮੈਂ ਬਆਲ-ਜ਼ਬੂਲ ਦੀ ਸਹਾਇਤਾ ਨਾਲ ਭੂਤ ਕੱਢਦਾ ਹਾਂ ਤਾਂ ਫ਼ਿਰ ਤੁਹਾਡੇ ਚੇਲੇ ਕਿਸ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਬਾਹਰ ਕੱਢਦੇ ਹਨ? ਇਉਂ ਤੁਹਾਡੇ ਆਪਣੇ ਲੋਕ ਹੀ ਇਹ ਸਾਬਤ ਕਰ ਰਹੇ ਹਨ ਕਿ ਤੁਸੀਂ ਗਲਤ ਹੋ। 20 ਦੂਜੇ ਪਾਸੇ ਮੈਂ ਪਰਮੇਸ਼ੁਰ ਦੀ ਸ਼ਕਤੀ ਦੀ ਸਹਾਇਤਾ ਨਾਲ ਭੂਤ ਬਾਹਰ ਕੱਢਦਾ ਹਾਂ। ਇਸਦਾ ਅਰਥ ਇਹ ਹੈ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲ ਆ ਪਹੁੰਚਿਆ ਹੈ।
21 “ਜਦੋਂ ਕੋਈ ਤਾਕਤਵਰ ਮਨੁੱਖ ਪੂਰੀ ਤਰ੍ਹਾਂ ਹਥਿਆਰ ਬੰਦ ਹੁੰਦਾ ਹੈ ਅਤੇ ਆਪਣੇ ਘਰ ਦੀ ਰੱਖਵਾਲੀ ਕਰ ਰਿਹਾ ਹੁੰਦਾ ਹੈ, ਤਾਂ ਉਸਦੀ ਸੰਪਤੀ ਸੁਰੱਖਿਅਤ ਹੁੰਦੀ ਹੈ। 22 ਪਰ ਜੇਕਰ ਵੱਧੇਰੇ ਸ਼ਕਤੀਸ਼ਾਲੀ ਆਦਮੀ ਉਸਤੇ ਹਮਲਾ ਕਰਦਾ ਹੈ ਅਤੇ ਉਸ ਨੂੰ ਹਰਾ ਦਿੰਦਾ ਹੈ ਤਾਂ, ਜਿਨ੍ਹਾਂ ਹਥਿਆਰਾਂ ਉੱਤੇ ਉਹ ਨਿਰਭਰ ਸੀ, ਉਹ ਉਨ੍ਹਾਂ ਨੂੰ ਲੈ ਲੈਂਦਾ ਹੈ। ਅਤੇ ਦੂਜਿਆਂ ਨਾਲ ਲੁੱਟ ਦਾ ਸਮਾਨ ਵੰਡ ਲੈਂਦਾ ਹੈ।
23 “ਜੇਕਰ ਕੋਈ ਮੇਰੇ ਨਾਲ ਨਹੀਂ, ਓਹ ਮੇਰੇ ਵਿਰੁੱਧ ਹੈ। ਅਤੇ ਜੇਕਰ ਉਹ ਮੇਰੇ ਨਾਲ ਇਕੱਠਾ ਨਹੀਂ ਕਰਦਾ, ਓੁਹ ਖਿੰਡਾਉਂਦਾ ਹੈ।
2010 by World Bible Translation Center