Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਜ਼ਬੂਰ 40-42

ਨਿਰਦੇਸ਼ਕ ਲਈ : ਦਾਊਦ ਦਾ ਇੱਕ ਗੀਤ।

40 ਮੈਂ ਯਹੋਵਾਹ ਨੂੰ ਪੁਕਾਰਿਆ ਅਤੇ ਉਸ ਨੇ ਮੇਰੀ ਪੁਕਾਰ ਸੁਣੀ।
    ਉਸ ਨੇ ਮੇਰੀਆਂ ਚੀਕਾਂ ਸੁਣੀਆਂ।
ਯਹੋਵਾਹ ਨੇ ਮੈਨੂੰ ਕਬਰ ਤੋਂ ਬਚਾ ਲਿਆ।
    ਉਸ ਨੇ ਮੈਨੂੰ ਚਿੱਕੜ ਵਿੱਚੋਂ ਉਤਾਹਾਂ ਚੁੱਕਿਆ।
ਉਸ ਨੇ ਮੈਨੂੰ ਚੁੱਕਿਆ ਅਤੇ ਠੋਸ ਧਰਤੀ ਉੱਤੇ ਸਥਾਪਿਤ ਕੀਤਾ
    ਅਤੇ ਮੇਰੇ ਪੈਰ ਨੂੰ ਤਿਲਕਣ ਤੋਂ ਬਚਾਇਆ।
ਪਰਮੇਸ਼ੁਰ ਨੇ ਮੇਰੇ ਮੂੰਹ ਵਿੱਚ ਇੱਕ ਨਵਾਂ ਗੀਤ ਪਾਇਆ।
    ਮੇਰੇ ਪਰਮੇਸ਼ੁਰ ਦੀ ਉਸਤਤਿ ਦਾ ਗੀਤ।
ਬਹੁਤ ਸਾਰੇ ਲੋਕ ਗਵਾਹੀ ਦੇਣਗੇ ਕਿ ਮੇਰੇ ਨਾਲ ਕੀ ਵਾਪਰਿਆ ਅਤੇ ਉਹ ਪਰਮੇਸ਼ੁਰ ਦੀ ਉਪਾਸਨਾ ਕਰਨਗੇ।
    ਉਨ੍ਹਾਂ ਨੂੰ ਯਹੋਵਾਹ ਵਿੱਚ ਭਰੋਸਾ ਹੋਵੇਗਾ।
ਜੇ ਕੋਈ ਵਿਅਕਤੀ ਯਹੋਵਾਹ ਵਿੱਚ ਆਪਣੀ ਆਸਥਾ ਰੱਖਦਾ ਹੈ, ਉਹ ਸੱਚਮੁੱਚ ਖੁਸ਼ ਹੋਵੇਗਾ।
    ਉਹ ਵਿਅਕਤੀ ਸੱਚਮੁੱਚ ਖੁਸ਼ ਹੋਵੇਗਾ ਜੋ ਮਦਦ ਲਈ ਭੂਤਾਂ ਅਤੇ ਝੂਠੇ ਦੇਵਤਿਆਂ ਵੱਲ ਨਹੀਂ ਤੱਕਦਾ।
ਯਹੋਵਾਹ, ਸਾਡੇ ਪਰਮੇਸ਼ੁਰ ਤੁਸੀਂ ਬਹੁਤ ਅਦਭੁਤ ਗੱਲਾਂ ਕੀਤੀਆਂ ਹਨ।
    ਸਾਡੇ ਲਈ ਤੁਹਾਡੀਆਂ ਅਦਭੁਤ ਯੋਜਨਾਵਾਂ ਹਨ।
ਜਿਨ੍ਹਾਂ ਸਾਰੀਆਂ ਦੀ ਕੋਈ ਵੀ ਗਿਣਤੀ ਨਹੀਂ ਕਰ ਸੱਕਦਾ।
    ਮੈਂ ਇਨ੍ਹਾਂ ਗੱਲਾਂ ਬਾਰੇ ਬਾਰ-ਬਾਰ ਦੱਸਾਂਗਾ ਜਿਹੜੀਆਂ ਗਿਣਤੀ ਬਾਹਰੀਆਂ ਹਨ।
ਯਹੋਵਾਹ, ਤੁਸੀਂ ਮੈਨੂੰ ਇਹੀ ਸਮਝਾਇਆ;
    ਅਸਲ ਵਿੱਚ, ਤੁਹਾਨੂੰ ਬਲੀਆਂ ਅਤੇ ਅੰਨ੍ਹ ਦੇ ਚੜ੍ਹਾਵੇ ਨਹੀਂ ਚਾਹੀਦੇ।
    ਤੁਹਾਨੂੰ ਸੱਚਮੁੱਚ ਹੋਮ ਚੜ੍ਹਾਵੇ ਅਤੇ ਪਾਪ ਦੇ ਚੜ੍ਹਾਵੇ ਨਹੀਂ ਚਾਹੀਦੇ।
ਇਸ ਲਈ ਮੈਂ ਆਖਿਆ, “ਮੈਂ ਇੱਥੇ ਹਾਂ।
    ਮੈਨੂੰ ਲੈ ਜਾਉ। ਮੈਂ ਆ ਰਿਹਾ।
    ਮੇਰੇ ਬਾਰੇ ਪੁਸਤਕ ਵਿੱਚ ਇਹ ਲਿਖਿਆ ਗਿਆ ਹੈ।
ਮੇਰੇ ਪਰਮੇਸ਼ੁਰ ਮੈਂ ਉਹੀ ਕਰਨਾ ਚਾਹੁੰਦਾ ਹਾਂ ਜੋ ਤੁਸੀਂ ਚਾਹੁੰਦੇ ਹੋ।
    ਮੈਂ ਤੁਹਾਡੀਆਂ ਸਿੱਖਿਆਵਾਂ ਤੋਂ ਵਾਕਿਫ਼ ਹਾਂ।”
ਮੈਂ ਲੋਕਾਂ ਨੂੰ ਮਹਾਂ ਸਭਾ ਵਿੱਚ ਤੇਰੀ ਜਿੱਤ ਬਾਰੇ ਖੁਸ਼ਖਬਰੀ ਦੱਸੀ।
    ਅਤੇ ਯਹੋਵਾਹ, ਤੁਸੀਂ ਜਾਣਦੇ ਹੋ, ਮੈਂ ਕਦੇ ਵੀ ਉਹ ਖੁਸ਼ਖਬਰੀ ਦੇਣ ਤੋਂ ਨਹੀਂ ਰੁਕਾਂਗਾ।
10 ਹੇ ਯਹੋਵਾਹ, ਮੈਂ ਤੇਰੀਆਂ ਕੀਤੀਆਂ ਚੰਗੀਆਂ ਗੱਲਾਂ ਬਾਰੇ ਦੱਸਿਆ।
    ਮੈਂ ਉਨ੍ਹਾਂ ਗੱਲਾਂ ਨੂੰ ਦਿਲ ਅੰਦਰ ਨਹੀਂ ਛੁਪਾਇਆ।
ਯਹੋਵਾਹ, ਮੈਂ ਲੋਕਾਂ ਨੂੰ ਦੱਸਿਆ ਕਿ ਉਹ ਆਪਣੇ ਬਚਾਉ ਲਈ ਤੁਹਾਡੇ ਉੱਪਰ ਨਿਰਭਰ ਕਰ ਸੱਕਦੇ ਹਨ।
    ਮੈਂ ਸਭਾ ਵਿੱਚ ਲੋਕਾਂ ਕੋਲੋਂ ਤੁਹਾਡੀ ਨਿਸ਼ਠਾ ਅਤੇ ਤੁਹਾਡਾ ਸੱਚਾ ਪਿਆਰ ਨਹੀਂ ਲੁਕੋਇਆ।
11 ਇਸ ਲਈ ਯਹੋਵਾਹ, ਮੇਰੇ ਪਾਸੋਂ ਆਪਣਾ ਰਹਮ ਨਾ ਛੁਪਾਉ।
    ਤੁਹਾਡੀ ਦਯਾ ਅਤੇ ਵਫ਼ਾਦਾਰੀ ਨੂੰ ਮੇਰੀ ਰੱਖਿਆ ਕਰਨ ਦਿਉ।

12 ਬੁਰੇ ਲੋਕੀਂ ਮੈਨੂੰ ਘੇਰੀ ਬੈਠੇ ਹਨ।
    ਉਨ੍ਹਾਂ ਦੀ ਗਿਣਤੀ ਬੇਸ਼ੁਮਾਰ ਹੈ।
ਮੈਨੂੰ ਮੇਰੇ ਗੁਨਾਹਾਂ ਨੇ ਫ਼ੜ ਲਿਆ ਹੈ
    ਅਤੇ ਮੈਂ ਉਨ੍ਹਾਂ ਤੋਂ ਨਹੀਂ ਬਚ ਸੱਕਦਾ।
ਉਹ ਗਿਣਤੀ ਵਿੱਚ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਵੱਧ ਹਨ,
    ਇਸ ਲਈ ਮੈਂ ਆਪਣਾ ਹੌਂਸਲਾ ਹਾਰ ਗਿਆ ਹਾਂ।
13 ਯਹੋਵਾਹ, ਮੇਰੇ ਕੋਲ ਨੱਸੱਕੇ ਆਉ ਅਤੇ ਮੈਨੂੰ ਬਚਾ ਲਵੋ।
    ਯਹੋਵਾਹ ਛੇਤੀ ਆਉ ਅਤੇ ਮੇਰੀ ਸਹਾਇਤਾ ਕਰੋ।
14 ਉਹ ਮੰਦੇ ਲੋਕ ਮੈਨੂੰ ਮਾਰਨ ਦੀ ਕੋਸ਼ਿਸ਼ ਵਿੱਚ ਹਨ।
    ਯਹੋਵਾਹ, ਉਨ੍ਹਾਂ ਲੋਕਾਂ ਨੂੰ ਸ਼ਰਮਸਾਰ ਅਤੇ ਨਾ ਉੱਮੀਦ ਕਰੋ।
ਉਹ ਲੋਕ ਮੈਨੂੰ ਦੁੱਖ ਦੇਣਾ ਚਾਹੁੰਦੇ ਹਨ।
    ਉਨ੍ਹਾਂ ਨੂੰ ਸ਼ਰਮਸਾਰ ਹੋਕੇ ਭੱਜ ਜਾਣ ਦਿਉ।
15 ਉਹ ਮੰਦੇ ਲੋਕ ਮੇਰਾ ਮਜ਼ਾਕ ਉਡਾ ਰਹੇ ਹਨ।
    ਉਨ੍ਹਾਂ ਨੂੰ ਬੋਲਣ ਤੋਂ ਵੀ ਸੰਗਾਉ।
16 ਉਨ੍ਹਾਂ ਲੋਕਾਂ ਨੂੰ, ਜਿਹੜੇ ਤੁਹਾਡੇ ਕੋਲ ਆਉਂਦੇ ਹਨ ਉਨ੍ਹਾਂ ਨੂੰ ਖੁਸ਼ੀ ਅਤੇ ਆਨੰਦ ਮਨਾਉਣ ਦਿਉ।
    ਉਹ ਤੁਹਾਡੇ ਦੁਆਰਾ ਬਚਾਏ ਜਾਣ ਨੂੰ ਪਸੰਦ ਕਰਦੇ ਹਨ।
    ਇਸ ਲਈ ਉਨ੍ਹਾਂ ਨੂੰ ਹਮੇਸ਼ਾ ਆਖਣ ਦਿਉ, “ਯਹੋਵਾਹ ਦੀ ਉਸਤਤਿ ਕਰੋ।”

17 ਮਾਲਕ, ਮੈਂ ਸਿਰਫ਼ ਇੱਕ ਕੰਗਾਲ ਅਤੇ ਬੇਸਹਾਰਾ ਬੰਦਾ ਹਾਂ।
    ਮੇਰੀ ਸਹਾਇਤਾ ਕਰੋ।
ਮੈਨੂੰ ਬਚਾਉ।
    ਮੇਰੇ ਪਰਮੇਸ਼ੁਰ ਬਹੁਤ ਦੇਰੀ ਨਾ ਲਾਵੋ।

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।

41 ਜੋ ਬੰਦਾ ਗਰੀਬਾਂ ਦੀ ਸਹਾਇਤਾ ਕਰਦਾ ਹੈ ਉਹ ਸਫ਼ਲਤਾ ਲਈ ਬਹੁਤ ਅਸੀਸਾਂ ਪ੍ਰਾਪਤ ਕਰੇਗਾ।
    ਜਦੋਂ ਮੁਸੀਬਤਾਂ ਆਉਣਗੀਆਂ, ਯਹੋਵਾਹ ਉਸ ਬੰਦੇ ਨੂੰ ਬਚਾਵੇਗਾ।
ਯਹੋਵਾਹ ਉਸ ਬੰਦੇ ਦੀ ਰੱਖਿਆ ਕਰੇਗਾ ਅਤੇ ਉਸਦੀ ਜ਼ਿੰਦਗੀ ਬਚਾਵੇਗਾ।
    ਉਹ ਬੰਦਾ ਧਰਤੀ ਉੱਤੇ ਸੁਭਾਗਾ ਹੋਵੇਗਾ।
    ਪਰਮੇਸ਼ੁਰ ਉਸ ਬੰਦੇ ਨੂੰ ਆਪਣੇ ਦੁਸ਼ਮਣਾਂ ਹੱਥੋਂ ਤਬਾਹ ਨਹੀਂ ਹੋਣ ਦੇਵੇਗਾ।
ਜਦੋਂ ਉਹ ਬੰਦਾ ਬਿਮਾਰ ਅਤੇ ਲਾਚਾਰ ਹੋਵੇਗਾ, ਯਹੋਵਾਹ ਉਸ ਨੂੰ ਤਾਕਤ ਦੇਵੇਗਾ।
    ਉਹ ਬੰਦਾ ਬਿਮਾਰੀ ਵਿੱਚ ਮੰਜੇ ਉੱਤੇ ਪਿਆ ਹੋ ਸੱਕਦਾ, ਪਰ ਪਰਮੇਸ਼ੁਰ ਉਸ ਨੂੰ ਨਿਰੋਗ ਕਰੇਗਾ।

ਮੈਂ ਆਖਿਆ, “ਯਹੋਵਾਹ, ਮੇਰੇ ਉੱਤੇ ਮਿਹਰ ਕਰੋ।
    ਮੈਂ ਤੁਹਾਡੇ ਵਿਰੁੱਧ ਗੁਨਾਹ ਕੀਤਾ, ਮੇਰਾ ਪਾਪ ਮੁਆਫ਼ ਕਰ ਦਿਉ ਅਤੇ ਮੈਨੂੰ ਨਿਰੋਗ ਕਰ ਦਿਉ।”
ਮੇਰੇ ਦੁਸ਼ਮਣ ਮੇਰੇ ਬਾਰੇ ਮੰਦੀਆਂ ਗੱਲਾਂ ਆਖਦੇ ਹਨ।
    ਉਹ ਆਖ ਰਹੇ ਹਨ, “ਉਹ ਕਦੋਂ ਮਰੇਗਾ ਅਤੇ ਭੁਲਾਇਆ ਜਾਵੇਗਾ।”
ਲੋਕ ਮੈਨੂੰ ਮਿਲਣ ਆਉਂਦੇ ਹਨ ਪਰ ਉਸ ਬਾਰੇ ਨਹੀਂ ਦੱਸਦੇ ਜੋ ਉਹ ਅਸਲ ਵਿੱਚ ਸੋਚ ਰਹੇ ਹਨ।
    ਉਹ ਬਸ ਮੇਰੀ ਖਬਰ ਲੈਣ ਖਾਤਿਰ ਆਉਂਦੇ ਹਨ।
ਫ਼ੇਰ ਉਹ ਚੱਲੇ ਜਾਂਦੇ ਹਨ
    ਅਤੇ ਆਪਣੀ ਅਫ਼ਵਾਹਾਂ ਫ਼ੈਲਾਉਂਦੇ ਹਨ।
ਮੇਰੇ ਦੁਸ਼ਮਣ ਮੇਰੇ ਬਾਰੇ ਬੁਰੀ ਖੁਸਰ-ਫ਼ੁਸਰ ਕਰਦੇ ਹਨ।
    ਉਹ ਮੇਰੇ ਬਾਰੇ ਛੜਯੰਤਰ ਰਚ ਰਹੇ ਹਨ।
ਉਹ ਆਖਦੇ ਹਨ, “ਉਸਨੇ ਕੋਈ ਗਲਤ ਗੱਲ ਕੀਤੀ ਹੈ।
    ਇਸੇ ਕਾਰਣ ਉਹ ਬਿਮਾਰ ਹੈ।
    ਮੈਨੂੰ ਉਮੀਦ ਹੈ ਉਹ ਕਦੇ ਵੀ ਚੰਗਾ ਨਹੀਂ ਹੋਵੇਗਾ।”
ਮੇਰੇ ਸਭ ਤੋਂ ਚੰਗੇ ਦੋਸਤ ਨੇ ਮੇਰੇ ਨਾਲ ਭੋਜਨ ਕੀਤਾ।
    ਮੈਂ ਉਸ ਉੱਤੇ ਭਰੋਸਾ ਕੀਤਾ। ਪਰ ਹੁਣ ਉਹ ਵੀ ਮੇਰੇ ਖਿਲਾਫ਼ ਹੋ ਗਿਆ ਹੈ।
10 ਇਸ ਲਈ ਯਹੋਵਾਹ, ਮੇਰੇ ਉੱਤੇ ਮਿਹਰ ਕਰੋ।
    ਮੈਨੂੰ ਉੱਠ ਖਲੋਣ ਦਿਉ ਅਤੇ ਮੈਂ ਉਨ੍ਹਾਂ ਨੂੰ ਭਾਜੀ ਮੋੜਾਂਗਾ।
11 ਯਹੋਵਾਹ, ਅਜਿਹਾ ਕਰੋ ਕਿ ਮੇਰੇ ਦੁਸ਼ਮਣ ਮੈਨੂੰ ਦੁੱਖ ਨਾ ਦੇ ਸੱਕਣ।
    ਫ਼ੇਰ ਮੈਂ ਜਾਣ ਜਾਵਾਂਗਾ ਕਿ ਤੁਸਾਂ ਉਨ੍ਹਾਂ ਨੂੰ ਮੈਨੂੰ ਸੱਟ ਮਾਰਨ ਲਈ ਨਹੀਂ ਭੇਜਿਆ।
12 ਮੈਂ ਬੇਕਸੂਰ ਸਾਂ ਅਤੇ ਤੁਸੀਂ ਮੈਨੂੰ ਸਹਾਰਾ ਦਿੱਤਾ।
    ਤੁਸਾਂ ਮੈਨੂੰ ਖਲੋ ਜਾਣ ਦਿੱਤਾ ਅਤੇ ਤੁਸੀਂ ਸਦਾ ਲਈ ਮੇਰੀ ਸੇਵਾ ਕਰਨ ਦਿੱਤੀ।

13 ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਕਰੋ।
    ਉਹ ਸਦਾ ਸੀ, ਅਤੇ ਸਦਾ ਵਾਸਤੇ ਹੀ ਰਹੇਗਾ।

ਆਮੀਨ ਫੇਰ ਆਮੀਨ।।

ਦੂਜਾ ਭਾਗ

(ਜ਼ਬੂਰ 42-72)

ਨਿਰਦੇਸ਼ਕ ਲਈ: ਕੋਰਹ ਪਰਿਵਾਰ ਦਾ ਇੱਕ ਭੱਗਤੀ ਗੀਤ।

42 ਇੱਕ ਹਿਰਨ ਨੂੰ ਵੱਗਦੀ ਧਾਰਾ ਦੇ ਪਾਣੀ ਦੀ ਪਿਆਸ ਲਗਦੀ ਹੈ।
    ਹੇ ਪਰਮੇਸ਼ੁਰ, ਇਸੇ ਤਰ੍ਹਾਂ ਹੀ ਮੇਰੀ ਰੂਹ ਤੁਹਾਡੇ ਲਈ ਪਿਆਸੀ ਹੈ।
ਮੇਰੀ ਰੂਹ ਜਿਉਂਦੇ ਪਰਮੇਸ਼ੁਰ ਲਈ ਪਿਆਸੀ ਹੈ।
    ਮੈਂ ਉਸ ਨੂੰ ਮਿਲਣ ਲਈ ਕਦੋਂ ਜਾ ਸੱਕਦਾ ਹਾਂ?
ਮੇਰਾ ਵੈਰੀ ਲਗਾਤਾਰ ਮੇਰਾ ਮਜ਼ਾਕ ਉਡਾਉਂਦਾ ਹੈ।
    ਉਹ ਆਖਦਾ ਹੈ ਤੇਰਾ ਪਰਮੇਸ਼ੁਰ ਕਿੱਥੇ ਹੈ।
ਕੀ ਹਾਲੇ ਤੱਕ ਉਹ ਤੈਨੂੰ ਬਚਾਉਣ ਲਈ ਆਇਆ ਹੈ।
    ਮੈਂ ਇੰਨਾ ਉਦਾਸ ਹਾਂ।
    ਇਸ ਲਈ ਦਿਨ ਅਤੇ ਰਾਤ ਮੇਰਾ ਭੋਜਨ ਕੇਵਲ ਮੇਰੇ ਹੰਝੂ ਹੀ ਸਨ।

ਇਸ ਲਈ ਮੈਂ ਉਦੋਂ ਇਹ ਗੱਲਾਂ ਯਾਦ ਕਰਦਾ ਹਾਂ ਜਦੋਂ ਮੈਂ ਆਪਣੀ ਰੂਹ ਬਾਹਰ ਡੋਲ੍ਹ ਰਿਹਾ ਹੁੰਦਾ।
    ਮੈਂ ਭੀੜਾਂ ਵਿੱਚੋਂ ਲੰਘਦਾ ਹੋਇਆ ਯਾਦ ਕਰਦਾ ਹਾਂ ਜਦੋਂ ਮੈਂ ਉਨ੍ਹਾਂ ਦੀ ਅਗਵਾਈ ਪਰਮੇਸ਼ੁਰ ਦੇ ਮੰਦਰ ਵੱਲ ਕਰਦਾ ਹਾਂ
ਮੈਂ ਉਸਤਤਿ ਦੇ ਖੁਸ਼ੀ ਭਰੇ ਗੀਤ ਯਾਦ ਕਰਦਾ ਹਾਂ
    ਭੀੜਾਂ ਨੇ ਉਤਸਵਾਂ ਦੇ ਜਸ਼ਨ ਮਨਾਏ।

5-6 ਮੈਨੂੰ ਇੰਨਾ ਉਦਾਸ ਕਿਉਂ ਹੋਣਾ ਚਾਹੀਦਾ ਹੈ?
    ਮੈਨੂੰ ਇੰਨਾ ਪਰੇਸ਼ਾਨ ਕਿਉਂ ਹੋਣਾ ਚਾਹੀਦਾ ਹੈ?
ਮੈਨੂੰ ਪਰਮੇਸ਼ੁਰ ਦੀ ਸਹਾਇਤਾ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ।
    ਮੈਨੂੰ ਹਾਲੇ ਉਸਦੀ ਉਸਤਤਿ ਕਰਨ ਦਾ ਮੌਕਾ ਮਿਲੇਗਾ।
    ਉਹ ਮੈਨੂੰ ਬਚਾ ਲਵੇਗਾ।
ਮੇਰੇ ਪਰਮੇਸ਼ੁਰ, ਮੈਂ ਕਿੰਨਾ ਉਦਾਸ ਹਾਂ।
ਇਸੇ ਲਈ ਮੈਂ ਯਰਦਨ ਘਾਟੀ ਤੋਂ,
    ਹਰਮੋਨ ਦੇ ਪਰਬਤਾਂ ਤੋਂ ਅਤੇ ਮਿਸਰ ਪਰਬਤ ਤੋਂ ਤੁਹਾਡੇ ਲਈ ਪੁਕਾਰਿਆ।
ਮੈ ਸਮੁੰਦਰ ਤੋਂ ਲਹਿਰਾਂ ਦੇ ਟਕਰਾਉਣ ਦੀ ਅਵਾਜ਼ ਸੁਣਦਾ ਹਾਂ।
    ਬਾਰ-ਬਾਰ ਮੇਰੇ ਉੱਤੇ ਸਮੁੰਦਰ ਵਿੱਚੋਂ ਲਹਿਰਾਂ ਆਉਣ ਵਾਂਗ ਮੁਸੀਬਤਾਂ ਆਈਆਂ ਹਨ।

ਯਹੋਵਾਹ ਮੈਨੂੰ ਆਪਣਾ ਪਿਆਰ ਦਿਨ ਦੇ ਸਮੇਂ ਦਰਸ਼ਾਵੇ,
    ਤਾਂ ਜੋ ਮੈਂ ਰਾਤ ਵੇਲੇ ਆਪਣੇ ਜਿਉਂਦੇ ਪਰਮੇਸ਼ੁਰ ਨੂੰ ਪ੍ਰਾਰਥਨਾ ਦੇ ਤੌਰ ਤੇ ਗੀਤ ਗਾਵਾਂਗਾ।
ਮੈਂ ਪਰਮੇਸ਼ੁਰ ਨੂੰ ਆਪਣੀ ਚੱਟਾਨ ਆਖਦਾ ਹਾਂ,
    “ਤੁਸਾਂ ਮੈਨੂੰ ਕਿਉਂ ਭੁਲਾ ਦਿੱਤਾ ਹੈ।
    ਮੈਂ ਆਪਣੇ ਦੁਸ਼ਮਣਾਂ ਦੇ ਇੰਨੇ ਜ਼ੁਲਮ ਕਿਉਂ ਝੱਲਾ?”
10 ਮੇਰਾ ਦੁਸ਼ਮਣ ਲਗਾਤਾਰ ਮੈਨੂੰ ਜ਼ਲੀਲ ਕਰਦਾ ਹੈ ਅਤੇ ਮਾਰੂ ਵਾਰ ਕਰਦਾ ਹੈ।
    ਜਦੋਂ ਉਹ ਆਖਦਾ ਤੇਰਾ ਪਰਮੇਸ਼ੁਰ ਕਿੱਥੇ ਹੈ?
    “ਉਹ ਅਜੇ ਤੱਕ ਤੈਨੂੰ ਬਚਾਉਣ ਆਇਆ ਹੈ?”

11 ਮੈਂ ਇੰਨਾ ਉਦਾਸ ਕਿਉਂ ਹੋਵਾਂ?
    ਮੈਨੂੰ ਇੰਨਾ ਪਰੇਸ਼ਾਨ ਕਿਉਂ ਹੋਣਾ ਚਾਹੀਦਾ ਹੈ?
ਮੈਨੂੰ ਪਰਮੇਸ਼ੁਰ ਦੀ ਸਹਾਇਤਾ ਲਈ ਉਡੀਕਣਾ ਚਾਹੀਦਾ ਹੈ।
    ਅਜੇ ਮੈਨੂੰ ਉਸਦੀ ਉਸਤਤਿ ਕਰਨ ਦਾ ਮੌਕਾ ਮਿਲੇਗਾ।
    ਉਹ ਮੈਨੂੰ ਬਚਾ ਲਵੇਗਾ।

ਰਸੂਲਾਂ ਦੇ ਕਰਤੱਬ 27:1-26

ਪੌਲੁਸ ਦਾ ਰੋਮ ਨੂੰ ਜਾਣਾ

27 ਇਹ ਨਿਸ਼ਚਿਤ ਸੀ ਕਿ ਅਸੀਂ ਇਤਾਲਿਯਾ ਨੂੰ ਜਹਾਜ਼ ਵਿੱਚ ਸਫ਼ਰ ਕਰਾਂਗੇ। ਪੌਲੁਸ ਅਤੇ ਕੁਝ ਹੋਰ ਕੈਦੀ ਇੱਕ ਯੂਲਿਉਸ ਨਾਂ ਦੇ ਸੈਨਾ ਅਧਿਕਾਰੀ ਦੇ ਹਵਾਲੇ ਕਰ ਦਿੱਤੇ ਗਏ ਸਨ। ਯੂਲਿਉਸ “ਪਾਤਸ਼ਾਹੀ” ਨਾਮੇ ਖਾਸ ਸੈਨਾ ਸਮੂਹ ਨਾਲ ਸੰਬੰਧਿਤ ਸੀ। ਅਸੀਂ ਜਹਾਜ਼ ਵਿੱਚ ਚੜ੍ਹ੍ਹ ਗਏ। ਇਹ ਜਹਾਜ਼ ਅੱਸਿਯਾ ਦੇ ਕਿਨਾਰੇ ਦੇ ਸ਼ਹਿਰਾਂ ਨੂੰ ਜਾਣ ਵਾਲਾ ਸੀ। ਅਰਿਸਤਰੱਖੁਸ ਜੋ ਕਿ ਥੱਸਲੁਨੀਕੇ ਮਕਦੂਨਿਯਾ ਦੇ ਸ਼ਹਿਰ ਦਾ ਸੀ, ਸਾਡੇ ਨਾਲ ਗਿਆ ਸੀ।

ਅਗਲੇ ਦਿਨ ਅਸੀਂ ਸੈਦਾ ਵਿੱਚ ਜਾ ਉੱਤਰੇ ਅਤੇ ਯੂਲਿਉਸ ਨੇ ਪੌਲੁਸ ਨਾਲ ਬੜਾ ਚੰਗਾ ਸਲੂਕ ਕੀਤਾ ਅਤੇ ਉਸ ਨੂੰ ਉੱਥੇ ਆਪਣੇ ਮਿੱਤਰਾਂ ਨੂੰ ਮਿਲਣ ਦੀ ਪਰਵਾਨਗੀ ਦੇ ਦਿੱਤੀ। ਇਨ੍ਹਾਂ ਮਿੱਤਰਾਂ ਨੇ ਪੌਲੁਸ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ। ਅਸੀਂ ਸੈਦਾ ਦਾ ਸ਼ਹਿਰ ਛੱਡ ਦਿੱਤਾ ਅਤੇ ਕੁਪਰੁਸ ਟਾਪੂ ਦੇ ਤੱਟ ਤੇ ਸਫ਼ਰ ਕੀਤਾ ਕਿਉਂਕਿ ਹਵਾ ਸਾਡੇ ਅਗਿਉਂ ਵਗ ਰਹੀ ਸੀ। ਅਸੀਂ ਦਿਲਦਿਯਾ ਅਤੇ ਪੰਮਫ਼ੁਲਿਯਾ ਦੇ ਨੇੜਿਉਂ ਸਮੁੰਦਰੋਂ ਪਾਰ ਲੰਘੇ ਅਤੇ ਲੁਕਿਯਾ ਦੇ ਨਗਰ ਮੂਰਾ ਵਿੱਚ ਆ ਪਹੁੰਚੇ। ਉੱਥੇ ਸੈਨਾ ਅਧਿਕਾਰੀ ਨੇ ਸਿਕੰਦਰਿਯਾ ਦਾ ਇੱਕ ਜਹਾਜ਼ ਵੇਖਿਆ ਜੋ ਕਿ ਇਤਾਲਿਯਾ ਵੱਲ ਜਾ ਰਿਹਾ ਸੀ ਅਤੇ ਸਾਨੂੰ ਉਸ ਜਹਾਜ਼ ਉੱਪਰ ਚੜ੍ਹਾ ਦਿੱਤਾ।

ਬੜੇ ਦਿਨ ਅਸੀਂ ਹੌਲੀ-ਹੌਲੀ ਸਫ਼ਰ ਕਰਦੇ ਰਹੇ ਪਰ ਸਾਡੇ ਵਾਸਤੇ ਕਨੀਦੁਸ ਸ਼ਹਿਰ ਤੱਕ ਪਹੁੰਚਣਾ ਬੜਾ ਮੁਸ਼ਕਿਲ ਹੋ ਰਿਹਾ ਸੀ ਕਿਉਂਕਿ ਹਵਾ ਸਾਡੇ ਸਾਹਮਣੀ ਤਰਫ਼ੋ ਸੀ। ਅਸੀਂ ਉਸ ਰਸਤੇ ਬਹੁਤੀ ਦੂਰ ਤੱਕ ਨਹੀਂ ਸੀ ਜਾ ਸੱਕਦੇ। ਇਸ ਲਈ ਅਸੀਂ ਕਰੇਤ ਟਾਪੂ ਦੇ ਦੱਖਣੀ ਪਾਸੇ ਸਲਮੋਨੋ ਦੇ ਨੇੜੇ ਨੂੰ ਸਫ਼ਰ ਕੀਤਾ। ਬੜੀ ਮੁਸ਼ਕਿਲ ਨਾਲ, ਅਸੀਂ ਸਮੁੰਦਰੀ ਤਟ ਦੇ ਨਾਲ ਸਫ਼ਰ ਕੀਤਾ ਅਤੇ, “ਸੁਰੱਖਿਅਤ ਬੰਦਰਗਾਹ” ਨਾਮੀਂ ਇੱਕ ਜਗ਼੍ਹਾ ਤੇ ਪਹੁੰਚੇ। ਉੱਥੋਂ ਲਸਾਯਾ ਨਗਰ ਨੇੜੇ ਹੀ ਸੀ।

ਪਰ ਅਸੀਂ ਬੜਾ ਸਮਾਂ ਗੁਆ ਚੁੱਕੇ ਸਾਂ, ਇਸ ਵਕਤ ਜਹਾਜ਼ ਦਾ ਸਫ਼ਰ ਬਹੁਤ ਖਤਰੇ ਵਾਲਾ ਸੀ ਕਿਉਂਕਿ ਯਹੂਦੀਆਂ ਦੇ ਵਰਤ ਦੇ ਦਿਨ ਪਹਿਲਾਂ ਹੀ ਲੰਘ ਚੁੱਕੇ ਸਨ। ਇਸ ਲਾਈ ਪੌਲੁਸ ਨੇ ਉਨ੍ਹਾਂ ਨੂੰ ਚੁਕੰਨਾ ਕੀਤਾ ਤੇ ਕਿਹਾ, 10 “ਹੇ ਮਨੁੱਖੋ। ਮੈਂ ਵੇਖ ਰਿਹਾ ਹਾਂ ਕਿ ਇਸ ਯਾਤਰਾ ਵਿੱਚ ਬਹੁਤ ਸੰਕਟ ਆਵੇਗਾ। ਸਾਡਾ ਜਹਾਜ਼ ਅਤੇ ਇਸ ਵਿੱਚਲਾ ਸਾਰਾ ਸਮਾਨ ਨਸ਼ਟ ਹੋ ਜਾਵੇਗਾ। ਹੋ ਸੱਕਦਾ ਹੈ ਕਿ ਸਾਡੀਆਂ ਜਾਨਾਂ ਵੀ ਚਲੀਆਂ ਜਾਣ।” 11 ਪਰ ਜਹਾਜ਼ ਦਾ ਕਪਤਾਨ ਤੇ ਮਾਲਿਕ ਪੌਲੁਸ ਦੀ ਇਸ ਗੱਲ ਨਾਲ ਸਹਿਮਤ ਨਾ ਹੋਏ ਇਸ ਲਈ ਸੈਨਾ-ਅਧਿਕਾਰੀ ਨੇ ਪੌਲੁਸ ਦੀ ਗੱਲ ਦਾ ਯਕੀਨ ਨਾ ਕੀਤਾ ਸਗੋਂ ਉਸ ਨੇ ਜਹਾਜ਼ ਦੇ ਕਪਤਾਨ ਅਤੇ ਮਾਲਿਕ ਦੀ ਗੱਲ ਤੇ ਇਤਬਾਰ ਕੀਤਾ। 12 ਅਤੇ ਉਹ ਘਾਟ ਸਰਦੀਆਂ ਵਿੱਚ ਜਹਾਜ਼ ਦੇ ਰੁਕਣ ਲਈ ਠੀਕ ਨਹੀਂ ਸੀ, ਇਸ ਲਈ ਬਹੁਤ ਸਾਰੇ ਲੋਕਾਂ ਨੇ ਉੱਥੋਂ ਚੱਲੇ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਫ਼ੈਨੀਕੁਸ ਪਹੁੰਚਣ ਦੀ ਉਮੀਦ ਕੀਤੀ ਤਾਂ ਜੋ ਜਹਾਜ਼ ਸਿਆਲਾਂ ਦੇ ਲੰਘਣ ਤੀਕ ਉੱਥੇ ਖੜ੍ਹਾ ਕੀਤਾ ਜਾ ਸੱਕੇ। ਫ਼ੈਨੀਕੁਸ ਸ਼ਹਿਰ ਕਰੇਤ ਟਾਪੂ ਦਾ ਇੱਕ ਸ਼ਹਿਰ ਹੈ। ਉਸਦਾ ਇੱਕ ਘਾਟ ਹੈ ਜਿਹੜਾ ਦੱਖਣ-ਪੱਛਮ ਅਤੇ ਉੱਤਰ-ਪੱਛਮ ਦੇ ਪਾਸੇ ਵੱਲ ਹੈ।

ਤੂਫ਼ਾਨ

13 ਜਦੋਂ ਦੱਖਣ ਵੱਲੋਂ ਹੌਲੇ-ਹੌਲੇ ਹਵਾ ਵਗਣ ਲੱਗੀ, ਜਹਾਜ਼ ਉੱਤੇ ਆਦਮੀਆਂ ਨੇ ਸੋਚਿਆ, “ਇਹੋ ਹਵਾ ਸੀ ਜੋ ਸਾਨੂੰ ਚਾਹੀਦੀ ਸੀ ਅਤੇ ਸਾਨੂੰ ਮਿਲ ਗਈ ਹੈ।” ਇਸ ਲਈ ਉਨ੍ਹਾਂ ਨੇ ਲੰਗਰ ਨੂੰ ਉਤਾਂਹ ਚੁੱਕਿਆ। ਅਸੀਂ ਕਰੇਤ ਟਾਪੂ ਦੇ ਬਹੁਤ ਨੇੜੇ ਆ ਗਏ। 14 ਪਰ ਤਦ “ਉੱਤਰੀ ਪੂਰਬ” ਵੱਲੋਂ ਇੱਕ ਬੜੀ ਤਕੜੀ ਹਨੇਰੀ ਟਾਪੂ ਤੇ ਆਈ। 15 ਇਹ ਹਵਾ ਜਹਾਜ਼ ਨੂੰ ਆਪਣੇ ਨਾਲ ਲੈ ਤੁਰੀ ਅਤੇ ਜਹਾਜ਼ ਹਵਾ ਦੀ ਉਲਟ ਦਿਸ਼ਾ ਵੱਲ ਜਾਣ ਤੋਂ ਅਸਮਰੱਥ ਸੀ। ਇਸ ਲਈ ਕੋਸ਼ਿਸ਼ ਕਰਨੀ ਬੰਦ ਕਰ ਦਿੱਤੀ ਅਤੇ ਹਵਾ ਨੂੰ ਸਾਨੂੰ ਨਾਲ ਲੈ ਜਾਣ ਦਿੱਤਾ।

16 ਅਸੀਂ ਕਲੌਦਾ ਨਾਂ ਦੇ ਇੱਕ ਛੋਟੇ ਟਾਪੂ ਕੋਲ ਜਾ ਪੁੱਜੇ। ਫ਼ੇਰ ਬੜੀ ਮੁਸ਼ਕਿਲ ਨਾਲ ਅਸੀਂ ਜੀਵਨ ਬੇੜੀ ਜਹਾਜ਼ ਤੇ ਲਿਆ ਸੱਕੇ। 17 ਉਨ੍ਹਾਂ ਨੇ ਜੀਵਨ ਬੇੜੀ ਨੂੰ ਅੰਦਰ, ਇੱਕ ਸਾਥ ਸਹਾਰਾ ਦੇ ਕੇ ਥੱਲਿਉਂ ਜਹਾਜ਼ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ। ਉਹ ਇਸ ਗੱਲੋਂ ਡਰਨ ਲੱਗੇ ਕਿ ਜਹਾਜ਼ ਕਿਤੇ ਸਿਰੁਤੀ ਦੇ ਬਰੇਤੇ ਵਿੱਚ ਨਾ ਫ਼ਸ ਜਾਵੇ ਇਸ ਲਈ ਉਨ੍ਹਾਂ ਨੇ ਪਾਲ ਹੇਠਾਂ ਕਰ ਲਏ ਅਤੇ ਤੇਜ਼ ਹਵਾ ਨੂੰ ਜਹਾਜ਼ ਨੂੰ ਰੋੜਨ ਦਿੱਤਾ।

18 ਅਗਲੇ ਦਿਨ ਤੂਫ਼ਾਨ ਇੰਨਾ ਤੇਜ਼ ਵਗ ਰਿਹਾ ਸੀ ਕਿ ਉਨ੍ਹਾਂ ਨੇ ਕਈ ਵਸਤਾਂ ਜਹਾਜ਼ ਵਿੱਚੋਂ ਸਮੁੰਦਰ ਵਿੱਚ ਸੁੱਟ ਦਿੱਤੀਆਂ। 19 ਇੱਕ ਦਿਨ ਬਾਅਦ ਉਨ੍ਹਾਂ ਨੇ ਜਹਾਜ਼ ਦਾ ਅਸਬਾਬ ਵੀ ਕੱਢ ਕੇ ਸੁੱਟ ਦਿੱਤਾ। 20 ਕਈ ਦਿਨਾਂ ਤੱਕ ਅਕਾਸ਼ ਤੇ ਸਾਨੂੰ ਕੋਈ ਸੂਰਜ ਜਾਂ ਤਾਰੇ ਨਜ਼ਰ ਨਾ ਆਏ। ਇਹ ਬੜਾ ਭਿਅੰਕਰ ਤੂਫ਼ਾਨ ਸੀ। ਅਸੀਂ ਜਿਉਣ ਦੀ ਹੋਰ ਆਸ ਗੁਆ ਦਿੱਤੀ।

21 ਆਦਮੀਆਂ ਨੇ ਕਈ ਦਿਨਾਂ ਤੱਕ ਕੁਝ ਨਾ ਖਾਧਾ, ਤਦ ਇੱਕ ਦਿਨ ਪੌਲੁਸ ਉਨ੍ਹਾਂ ਵਿੱਚ ਖਲ੍ਹੋ ਕੇ ਬੋਲਿਆ, “ਹੇ ਪੁਰਖੋ। ਮੈਂ ਤੁਹਾਨੂੰ ਕਿਹਾ ਸੀ ਜੌਕਿ ਕਰੇਤ ਤੋਂ ਨਾ ਜਾਵੋ, ਤੁਹਾਨੂੰ ਮੇਰੀ ਗੱਲ ਸੁਣਨੀ ਚਾਹੀਦੀ ਸੀ ਜੇਕਰ ਤੁਸੀਂ ਮੇਰਾ ਕਿਹਾ ਮੰਨਿਆ ਹੁੰਦਾ ਤਾਂ ਤੁਹਾਨੂੰ ਇਹ ਮੁਸੀਬਤ ਅਤੇ ਨੁਕਸਾਨ ਨਾ ਉੱਠਾਉਣਾ ਪੈਂਦਾ। 22 ਪਰ ਹੁਣ ਮੈਂ ਤੁਹਾਨੂੰ ਆਖਦਾ ਹਾਂ ਕਿ ਹੌਸਲਾ ਰੱਖੋ। ਤੁਹਾਡੇ ਵਿੱਚੋਂ ਕੋਈ ਵੀ ਨਹੀਂ ਮਰੇਗਾ, ਪਰ ਜਹਾਜ਼ ਤਬਾਹ ਹੋ ਜਾਵੇਗਾ। 23 ਕੱਲ ਰਾਤ ਇੱਕ ਦੂਤ ਮੇਰੇ ਕੋਲ ਆਇਆ ਜਿਸ ਨੂੰ ਪਰਮੇਸ਼ੁਰ ਨੇ ਭੇਜਿਆ ਸੀ, ਇਹ ਉਹੀ ਪਰਮੇਸ਼ੁਰ ਹੈ ਜਿਸਦੀ ਮੈਂ ਉਪਾਸਨਾ ਕਰਦਾ ਹਾਂ, ਮੈਂ ਉਸੇ ਦਾ ਹਾਂ। 24 ਪਰਮੇਸ਼ੁਰ ਦੇ ਦੂਤ ਨੇ ਕਿਹਾ, ‘ਪੌਲੁਸ, ਤੂੰ ਘਬਰਾ ਨਾ। ਤੈਨੂੰ ਕੈਸਰ ਅੱਗੇ ਜ਼ਰੂਰ ਖੜ੍ਹਾ ਹੋਣਾ ਚਾਹੀਦਾ ਹੈ ਅਤੇ ਤੇਰੀ ਖਾਤਿਰ ਪਰਮੇਸ਼ੁਰ ਉਨ੍ਹਾਂ ਸਾਰਿਆਂ ਦੀ ਜਾਨ ਬਚਾਵੇਗਾ ਜੋ ਤੇਰੇ ਨਾਲ ਜਹਾਜ਼ ਤੇ ਹਨ।’ 25 ਸੋ, ਹੇ ਪੁਰੱਖੋ। ਹੌਸਲਾ ਰੱਖੋ। ਮੈਂ ਪਰਮੇਸ਼ੁਰ ਵਿੱਚ ਯਕੀਨ ਰੱਖਦਾ ਹਾਂ ਕਿ ਸਭ ਕੁਝ ਉਵੇਂ ਹੀ ਵਾਪਰੇਗਾ ਜਿਵੇਂ ਦੂਤ ਨੇ ਮੈਨੂੰ ਆਖਿਆ ਹੈ। 26 ਪਰ ਅਸੀਂ ਜ਼ਰੂਰ ਕਿਸੇ ਟਾਪੂ ਨਾਲ ਜਾ ਟਕਰਾਵਾਂਗੇ।”

Punjabi Bible: Easy-to-Read Version (ERV-PA)

2010 by World Bible Translation Center