Old/New Testament
ਬਿਲਦਦ ਦਾ ਅੱਯੂਬ ਨੂੰ ਜਵਾਬ
25 ਫੇਰ ਸ਼ੂਹੀ ਦੇ ਬਿਲਦਦ ਨੇ ਜਵਾਬ ਦਿੱਤਾ:
2 “ਪਰਮੇਸ਼ੁਰ ਹਾਕਮ ਹੈ।
ਉਸ ਤੋਂ ਭੈਭੀਤ ਹੋਣਾ ਚਾਹੀਦਾ ਹੈ।
ਉਹ ਆਪਣੇ ਰਾਜ ਵਿੱਚ ਸ਼ਾਂਤੀ ਉੱਪਰ ਰੱਖਦਾ ਹੈ।
3 ਕੋਈ ਵੀ ਆਪਣੇ ਤਾਰਿਆਂ [a] ਨੂੰ ਨਹੀਂ ਗਿਣ ਸੱਕਦਾ।
ਪਰਮੇਸ਼ੁਰ ਦਾ ਸੂਰਜ ਸਾਰੇ ਲੋਕਾਂ ਉੱਪਰ ਉੱਗਦਾ ਹੈ।
4 ਪਰਮੇਸ਼ੁਰ ਦੇ ਮੁਕਾਬਲੇ ਕੋਈ ਵੀ ਬੰਦਾ ਨੇਕ ਨਹੀਂ।
ਔਰਤ ਦਾ ਜਾਇਆ ਕੋਈ ਵੀ ਸੱਚਮੁੱਚ ਪਵਿੱਤਰ ਨਹੀਂ ਹੋ ਸੱਕਦਾ।
5 ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਚੰਨ ਵੀ ਸ਼ੁੱਧ
ਤੇ ਚਮਕੀਲਾ ਨਹੀਂ, ਤਾਰੇ ਵੀ ਸ਼ੁੱਧ ਨਹੀਂ ਹਨ।
6 ਲੋਕ ਤਾਂ ਹੋਰ ਵੀ ਘੱਟ ਸ਼ੁੱਧ ਨੇ।
ਲੋਕ ਬੇਕਾਰ ਭਮਕੱੜਾਂ ਵਰਗੇ, ਕੀੜਿਆਂ ਵਰਗੇ ਹਨ।”
ਅੱਯੂਬ ਦਾ ਬਿਲਦਦ ਨੂੰ ਜਵਾਬ
26 ਫ਼ੇਰ ਅੱਯੂਬ ਨੇ ਜਵਾਬ ਦਿੱਤਾ:
2 “ਬਿਲਦਦ ਸੋਫਰ ਤੇ ਅਲੀਫਜ਼ ਬਿਨਾ ਸ਼ਕਤੀ ਤੁਸੀਂ ਕਿਸੇ ਲਈ ਕੀ ਚੰਗੇ ਹੋ?
ਕੀ ਤੁਸੀਂ ਹੁਣ ਕਿਸੇ ਅਜਿਹੇ ਆਦਮੀ ਨੂੰ ਬਚਾਇਆ ਜੋ ਬਿਲਕੁਲ ਨਿਰਬਲ ਹੋਵੇ?
3 ਹਾਂ, ਤੁਸੀਂ ਬੇਸਮਝ ਬੰਦੇ ਨੂੰ ਸ਼ਾਨਦਾਰ ਮਸ਼ਵਰਾ ਦਿੱਤਾ ਹੈ।
ਤੁਸੀਂ ਦਰਸਾ ਦਿੱਤਾ ਹੈ ਕਿ ਤੁਸੀਂ ਸੱਚਮੁੱਚ ਕਿੰਨੇ ਸਿਆਣੇ ਹੋ।
4 ਇਹ ਗੱਲਾਂ ਆਖਣ ਵਿੱਚ ਕਿਸਨੇ ਤੁਹਾਡੀ ਮਦਦ ਕੀਤੀ ਹੈ?
ਕਿਸਦਾ ਆਤਮਾ ਤੁਹਾਡੇ ਰਾਹੀਂ ਬੋਲ ਰਿਹਾ ਹੈ।
5 “ਸੁਤ੍ਤੇ ਹੋਏ ਲੋਕਾਂ ਦੀਆਂ ਰੂਹਾਂ ਧਰਤੀ ਹੇਠਲੇ ਪਾਣੀਆਂ ਅੰਦਰ
ਡਰ ਨਾਲ ਕੰਬਦੀਆਂ ਨੇ।
6 ਪਰ ਪਰਮੇਸ਼ੁਰ ਮੌਤ ਦੇ ਉਸ ਸਥਾਨ ਨੂੰ ਸਾਫ਼-ਸਾਫ਼ ਦੇਖ ਸੱਕਦਾ ਹੈ।
ਮੌਤ ਪਰਮੇਸ਼ੁਰ ਕੋਲੋਂ ਛੁਪੀ ਹੋਈ ਨਹੀਂ ਹੈ।
7 ਪਰਮੇਸ਼ੁਰ ਨੇ ਅਕਾਸ਼ ਨੂੰ ਉੱਤਰ ਵਿੱਚ ਉਜਾੜ ਜ਼ਮੀਨ ਉੱਤੇ ਫ਼ੈਲਾ ਦਿੱਤਾ ਹੈ।
ਪਰਮੇਸ਼ੁਰ ਨੇ ਧਰਤੀ ਨੂੰ ਕਾਸੇ ਤੇ ਵੀ ਨਹੀਂ ਲਟਕਾਇਆ।
8 ਪਰਮੇਸ਼ੁਰ ਮੋਟੇ ਬੱਦਲਾਂ ਨੂੰ ਪਾਣੀ ਨਾਲ ਭਰਦਾ ਹੈ।
ਪਰ ਪਰਮੇਸ਼ੁਰ ਉਸ ਭਾਰੇ ਭਾਰ ਨਾਲ ਬੱਦਲਾਂ ਨੂੰ ਫ਼ਟਣ ਨਹੀਂ ਦਿੰਦਾ।
9 ਪਰਮੇਸ਼ੁਰ ਪੁਂਨਿਆਂ ਦੇ ਚੰਨ ਦਾ ਚਿਹਰਾ ਢੱਕ ਦਿੰਦਾ ਹੈ।
ਉਹ ਆਪਣੇ ਬੱਦਲਾਂ ਨੂੰ ਉਸ ਉੱਤੇ ਫ਼ੈਲਾ ਦਿੰਦਾ ਹੈ ਅਤੇ ਉਸ ਨੂੰ ਢੱਕ ਦਿੰਦਾ ਹੈ।
10 ਪਰਮੇਸ਼ੁਰ ਨੇ ਦਿਗਮਂਡਲ ਨੂੰ ਇੱਕ ਘੇਰੇ ਵਾਂਗ ਸਮੁੰਦਰ ਉੱਤੇ ਵਾਹ ਦਿੱਤਾ ਹੈ,
ਜਿੱਥੇ ਰੌਸ਼ਨੀ ਅਤੇ ਹਨੇਰਾ ਮਿਲਦੇ ਹਨ।
11 ਉਹ ਬੁਨਿਆਦਾਂ ਜਿਹੜੀਆਂ ਅਕਾਸ਼ ਨੂੰ ਚੁੱਕੀ ਰੱਖਦੀਆਂ ਨੇ
ਡਰ ਨਾਲ ਕੰਬਦੀਆਂ ਨੇ ਜਦੋਂ ਪਰਮੇਸ਼ੁਰ ਉਨ੍ਹਾਂ ਨੂੰ ਧਮਕਾਉਂਦਾ ਹੈ।
12 ਪਰਮੇਸ਼ੁਰ ਦੀ ਸ਼ਕਤੀ ਸਮੁੰਦਰ ਨੂੰ ਸ਼ਾਂਤ ਕਰ ਦਿੰਦੀ ਹੈ।
ਪਰਮੇਸ਼ੁਰ ਦੀ ਸਿਆਣਪ ਨੇ ਰਾਹਬ ਦੇ ਸਹਾਇਕਾਂ ਨੂੰ ਤਬਾਹ ਕਰ ਦਿੱਤਾ।
13 ਪਰਮੇਸ਼ੁਰ ਦਾ ਸਾਹ ਆਕਾਸ਼ ਨੂੰ ਸਾਫ਼ ਕਰ ਦਿੰਦਾ ਹੈ।
ਪਰਮੇਸ਼ੁਰ ਨੇ ਬਦ ਸੱਪ ਨੂੰ ਤਬਾਹ ਕਰ ਦਿੱਤਾ ਹੈ ਜਿਸ ਨੇ ਬਚ ਨਿਕਲਣ ਦੀ ਕੋਸ਼ਿਸ਼ ਕੀਤੀ ਸੀ। [b]
14 ਇਹ ਸਿਰਫ਼ ਕੁਝ ਅਚਂਭਿਤ ਗੱਲਾਂ ਹਨ ਜਿਹੜੀਆਂ ਪਰਮੇਸ਼ੁਰ ਕਰਦਾ ਹੈ।
ਅਸੀਂ ਪਰਮੇਸ਼ੁਰ ਦੀ ਸਿਰਫ਼ ਬੋੜੀ ਜਿਹੀ ਕਾਨਾਫ਼ੂਸੀ ਹੀ ਸੁਣਦੇ ਹਾਂ।
ਕੋਈ ਵੀ ਬੰਦਾ ਸੱਚਮੁੱਚ ਨਹੀਂ ਸਮਝ ਸੱਕਦਾ ਕਿ ਪਰਮੇਸ਼ੁਰ ਕਿੰਨਾ ਮਹਾਨ ਤੇ ਤਾਕਤਵਰ ਹੈ।”
27 ਫੇਰ ਅੱਯੂਬ ਨੇ ਆਪਣੀ ਕਬਾ ਜਾਰੀ ਰੱਖੀ। ਅੱਯੂਬ ਨੇ ਆਖਿਆ,
2 “ਸੱਚਮੁੱਚ ਹੀ ਪਰਮੇਸ਼ੁਰ ਜਿਉਂਦਾ ਹੈ।
ਅਤੇ ਜਿਵੇਂ ਸੱਚਮੁੱਚ ਵਿੱਚ ਪਰਮੇਸ਼ੁਰ ਜਿਉਂਦਾ ਹੈ ਉਸ ਨੇ ਸੱਚਮੁੱਚ ਵਿੱਚ ਮੇਰੇ ਨਾਲ ਅਨਿਆਂ ਕੀਤਾ ਹੈ।
ਸਰਬ ਸ਼ਕਤੀਮਾਨ ਪਰਮੇਸ਼ੁਰ ਨੇ ਮੇੇੇਰੇ ਜੀਵਨ ਵਿੱਚ ਕੜਵਾਹਟ ਭਰ ਦਿੱਤੀ ਹੈ।
3 ਪਰ ਜਿੰਨਾ ਚਿਰ ਮੇਰੇ ਅੰਦਰ ਜਿਂਦਗੀ ਹੈ
ਤੇ ਪਰਮੇਸ਼ੁਰ ਦਾ ਜੀਵਨ ਦੇਣ ਵਾਲਾ ਸਾਹ ਮੇਰੇ ਨੱਕ ਵਿੱਚ ਵਗਦਾ ਹੈ।
4 ਉਦੋਁ ਤੱਕ ਮੇਰੇ ਹੋਠ ਮਾੜੀਆਂ ਗੱਲਾਂ ਨਹੀਂ ਬੋਲਣਗੇ
ਤੇ ਮੇਰੀ ਜ਼ਬਾਨ ਕਦੇ ਵੀ ਝੂਠ ਨਹੀਂ ਬੋਲੇਗੀ।
5 ਮੈਂ ਕਦੇ ਵੀ ਸ੍ਵੀਕਾਰ ਨਹੀਂ ਕਰਾਂਗਾ ਕਿ ਤੁਸੀਂ ਲੋਕ ਸਹੀ ਹੋ।
ਮੈਂ ਆਪਣੇ ਮਰਨ ਦਿਹਾੜੇ ਤੀਕ ਆਖਦਾ ਰਹਾਂਗਾ ਕਿ ਮੈਂ ਬੇਗੁਨਾਹ ਹਾਂ।
6 ਮੈਂ ਆਪਣੀ ਮਾਸੂਮੀਅਤ ਨੂੰ ਘੁੱਟ ਕੇ ਫ਼ੜੀ ਰੱਖਾਂਗਾ।
ਮੈਂ ਕਦੇ ਵੀ ਨੇਕ ਜੀਵਨ ਜਿਉਣੋ ਨਹੀਂ ਹਟਾਂਗਾ।
ਮੇਰਾ ਜ਼ਮੀਰ ਕਦੇ ਵੀ ਮੈਨੂੰ ਪਰੇਸ਼ਾਨ ਨਹੀਂ ਕਰੇਗਾ ਜਦੋਂ ਤੀਕ ਮੈਂ ਜਿਉਂਦਾ ਹਾਂ।
7 ਲੋਕ ਮੇਰੇ ਵਿਰੁੱਧ ਖਲੋ ਗਏ ਹਨ।
ਮੈਨੂੰ ਉਮੀਦ ਹੈ ਕਿ ਮੇਰੇ ਦੁਸ਼ਮਣਾਂ ਨੂੰ ਦੰਡ ਮਿਲੇਗਾ ਜਿਵੇਂ ਬੁਰੇ ਲੋਕਾਂ ਨੂੰ ਦੰਡ ਮਿਲਣਾ ਚਾਹੀਦਾ ਹੈ।
8 ਜੇ ਕੋਈ ਬੰਦਾ ਪਰਮੇਸ਼ੁਰ ਦੀ ਪਰਵਾਹ ਨਹੀਂ ਕਰਦਾ ਤਾਂ ਉਸ ਬੰਦੇ ਲਈ ਕੋਈ ਉਮੀਦ ਨਹੀਂ ਜਦੋਂ ਉਹ ਮਰ ਜਾਵੇਗਾ।
ਉਸ ਬੰਦੇ ਲਈ ਕੋਈ ਉਮੀਦ ਨਹੀਂ ਜਦੋਂ ਪਰਮੇਸ਼ੁਰ ਉਸ ਕੋਲੋਂ ਜੀਵਨ ਖੋਹ ਲਵੇਗਾ।
9 ਉਹ ਬੁੁਰਾ ਬੰਦਾ ਮੁਸੀਬਤਾਂ ਵਿੱਚ ਫ਼ਸੇਗਾ ਅਤੇ ਪਰਮੇਸ਼ੁਰ ਕੋਲ ਸਹਾਇਤਾ ਲਈ ਪੁਕਾਰ ਕਰੇਗਾ।
ਪਰ ਪਰਮੇਸ਼ੁਰ ਉਸ ਨੂੰ ਨਹੀਂ ਸੁਣੇਗਾ।
10 ਉਸ ਬੰਦੇ ਨੂੰ ਸਰਬ-ਸ਼ਕਤੀਮਾਨ ਪਰਮੇਸ਼ੁਰ ਨੂੰ ਜਾਨਣ ਵਿੱਚ ਪ੍ਰਸੰਸਾਮਈ ਹੋਣਾ ਚਾਹੀਦਾ ਸੀ।
ਉਸ ਬੰਦੇ ਨੂੰ ਚਾਹੀਦਾ ਸੀ ਕਿ ਪਰਮੇਸ਼ੁਰ ਅੱਗੇ ਹਰ ਸਮੇਂ ਪ੍ਰਾਰਥਨਾ ਕਰਦਾ।
11 “ਮੈਂ ਤੁਹਾਨੂੰ ਪਰਮੇਸ਼ੁਰ ਦੀ ਸ਼ਕਤੀ ਬਾਰੇ ਸਿੱਖਿਆ ਦ੍ਦੇਵਾਂਗਾ।
ਮੈਂ ਸਰਬ-ਸ਼ਕਤੀਮਾਨ ਪਰਮੇਸ਼ੁਰ ਦੀਆਂ ਯੋਜਨਾਵਾਂ ਨੂੰ ਛੁਪਾਵਾਂਗਾ ਨਹੀਂ।
12 ਤੁਸੀਂ ਖੁਦ ਆਪਣੀਆਂ ਅੱਖਾਂ ਨਾਲ ਪਰਮੇਸ਼ੁਰ ਦੀ ਸ਼ਕਤੀ ਦੇਖੀ ਹੈ।
ਇਸ ਲਈ ਇਹੋ ਜਿਹੀਆਂ ਫ਼ਿਜ਼ੂਲ ਗੱਲਾਂ ਕਿਉਂ ਕਰਦੇ ਹੋ।
13 “ਇਹੀ ਹੈ ਜਿਸਦੀ ਯੋਜਨਾ ਪਰਮੇਸ਼ੁਰ ਨੇ ਬੁਰੇ ਲੋਕਾਂ ਲਈ ਬਣਾਈ ਸੀ।
ਇਹੀ ਹੈ ਜੋ ਜ਼ਾਲਮ ਲੋਕਾਂ ਨੂੰ ਸਰਬ-ਸ਼ਕਤੀਮਾਨ ਪਰਮੇਸ਼ੁਰ ਪਾਸੋਂ ਮਿਲੇਗਾ।
14 ਕੋਈ ਬੁਰਾ ਬੰਦਾ ਬਹੁਤ ਬੱਚਿਆਂ ਦਾ ਪਿਤਾ ਹੋ ਸੱਕਦਾ ਹੈ।
ਪਰ ਉਸ ਦੇ ਬੱਚੇ ਯੁੱਧ ਅੰਦਰ ਮਾਰੇ ਜਾਣਗੇ।
ਬੁਰੇ ਬੰਦੇ ਦੇ ਬੱਚਿਆਂ ਕੱੋਲ ਖਾਣ ਲਈ ਪੂਰਾ ਭੋਜਨ ਨਹੀਂ ਹੋਵੇਗਾ।
15 ਉਸ ਦੇ ਸਾਰੇ ਬੱਚੇ ਮਾਰੇ ਜਾਣਗੇ
ਤੇ ਉਸਦੀ ਵਿਧਵਾ ਉਦਾਸ ਨਹੀਂ ਹੋਵੇਗੀ।
16 ਇੱਕ ਬਦ ਆਦਮੀ ਨੂੰ ਚਾਂਦੀ ਦਾ ਇੱਕ ਅਜਿਹਾ ਢੇਰ ਮਿਲ ਸੱਕਦਾ ਜੋ
ਉਸ ਲਈ ਗੰਦਗੀ ਵਾਂਗ ਹੋਵੇ। ਉਸ ਕੋਲ ਇੰਨੇ ਕੱਪੜੇ ਹੋ ਸੱਕਦੇ ਹਨ ਜੋ ਉਸ ਲਈ ਮਿੱਟੀ ਦੇ ਢੇਰਾਂ ਵਾਂਗ ਹੋਣ।
17 ਪਰ ਨੇਕ ਬੰਦੇ ਨੂੰ ਆਪਣੇ ਬਸਤਰ ਮਿਲਣਗੇ।
ਬੇਗੁਨਾਹ ਨੂੰ ਉਸਦੀ ਗੱਦੀ ਮਿਲੇਗੀ।
18 ਹੋ ਸੱਕਦਾ ਕਿ ਬਦ ਆਦਮੀ ਆਪਣਾ ਮਕਾਨ ਬਣਾ ਲਵੇ, ਪਰ ਇਹ ਬਹੁਤੀ ਦੇਰ ਤੱਕ ਨਹੀਂ ਰਹੇਗਾ।
ਇਹ ਮਕੱੜੀ ਦੇ ਜਾਲੇ ਵਰਗਾ ਜਾਂ ਚੌਁਕੀਦਾਰ ਦੇ ਤੰਬੂ ਵਰਗਾ ਹੋਵੇਗਾ।
19 ਹੋ ਸੱਕਦਾ ਕਿ ਜਦੋਂ ਬਦ ਆਦਮੀ ਬਿਸਤਰੇ ਤੇ ਜਾਵੇ ਉਹ ਅਮੀਰ ਹੋਵੇ,
ਪਰ ਜਦੋਂ ਉਸ ਦੀਆਂ ਅੱਖਾਂ ਖੁੱਲ੍ਹਣ ਉਸ ਦੀ ਤਮਾਮ ਦੌਲਤ ਚਲੀ ਗਈ ਹੋਵੇਗੀ।
20 ਉਹ ਭੈਭੀਤ ਹੋਵੇਗਾ।
ਇਹ ਇੰਝ ਹੋਵੇਗਾ ਜਿਵੇਂ ਹੜ੍ਹ ਆਇਆ ਹੋਵੇ,
ਜਿਵੇਂ ਤੂਫ਼ਾਨ ਆਇਆ ਹੋਵੇ,
ਅਤੇ ਹਰ ਸ਼ੈਅ ਰੁਢ਼ ਗਈ ਹੋਵੇ।
21 ਪੂਰਬ ਦੀ ਹਵਾ ਉਸ ਨੂੰ ਉਡਾ ਕੇ ਲੈ ਜਾਵੇਗੀ ਤੇ ਉਹ ਮਰ ਜਾਵੇਗਾ।
ਤੂਫ਼ਾਨ ਉਸ ਨੂੰ ਆਪਣੇ ਘਰ ਵਿੱਚੋਂ ਹੂੰਝ ਕੇ ਲੈ ਜਾਵੇਗਾ।
22 ਭਾਵੇਂ ਬੁਰਾ ਬੰਦਾ ਤੂਫ਼ਾਨ ਦੀ ਸ਼ਕਤੀ ਕੋਲੋਂ ਦੌੜਨ ਦੀ ਕੋਸ਼ਿਸ਼ ਕਰੇ।
ਪਰ ਤੂਫ਼ਾਨ ਉਸ ਉੱਤੇ ਨਿਰਦਈ ਹੋਕੇ ਬਪੇੜੇ ਮਾਰੇਗਾ।
23 ਝੱਖੜ ਆਪਣੇ ਹੱਥਾਂ ਨਾਲ ਬਦ ਬੰਦੇ ਉੱਤੇ ਤਾਲੀ ਮਾਰੇਗਾ।
ਇਹ ਉਸ ਉੱਤੇ ਸੀਟੀ ਮਾਰੇਗਾ ਜਦੋਂ ਉਹ ਆਪਣੇ ਘਰੋ ਭੱਜੇਗਾ।
ਹੇਰੋਦੇਸ ਅਗਰਿੱਪਾ ਦਾ ਕਲੀਸਿਯਾ ਨੂੰ ਤਸੀਹੇ ਦੇਣਾ
12 ਉਸ ਸਮੇਂ, ਰਾਜਾ ਹੇਰੋਦੇਸ ਨੇ ਕਲੀਸਿਯਾ ਦੇ ਕੁਝ ਲੋਕਾਂ ਨੂੰ ਦੰਡ ਦੇਣੇ ਸ਼ੁਰੂ ਕੀਤੇ। 2 ਹੇਰੋਦੇਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਵੱਢ ਦੇਣ ਦਾ ਹੁਕਮ ਦਿੱਤਾ। 3 ਜਦੋਂ ਉਸ ਨੇ ਵੇਖਿਆ ਕਿ ਯਹੂਦੀਆਂ ਨੂੰ ਇਹ ਚੰਗਾ ਲੱਗਿਆ ਹੈ, ਤੰ ਉਸ ਨੇ ਪਤਰਸ ਨੂੰ ਵੀ ਗਿਰਫ਼ਤਾਰ ਕਰਨ ਦਾ ਨਿਸ਼ਚਾ ਕੀਤਾ। ਇਹ ਘਟਨਾ ਯਹੂਦੀਆਂ ਦੀਆਂ ਛੁੱਟੀਆਂ ਵਿੱਚ ਪਸਾਹ ਦੇ ਤਿਉਹਾਰ ਵੇਲੇ ਹੋਈ। 4 ਹੇਰੋਦੇਸ ਨੇ ਪਤਰਸ ਨੂੰ ਗਿਰਫ਼ਤਾਰ ਕਰ ਲਿਆ ਅਤੇ ਉਸ ਨੂੰ ਕੈਦ ਵਿੱਚ ਪਾ ਦਿੱਤਾ। ਉਸ ਨੇ ਸੋਲਾਂ ਸਿਪਾਹੀਆਂ ਨੂੰ ਉਸਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤਾ। ਉਹ ਪਸਾਹ ਦੇ ਤਿਉਹਾਰ ਦੇ ਲੰਘਣ ਦਾ ਇੰਤਜ਼ਾਰ ਕਰਨਾ ਚਾਹੁੰਦਾ ਸੀ ਅਤੇ ਫ਼ੇਰ ਪਤਰਸ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦਾ ਸੀ। 5 ਇਸ ਲਈ ਪਤਰਸ ਨੂੰ ਕੈਦ ਵਿੱਚ ਰੱਖਿਆ ਗਿਆ ਸੀ, ਪਰ ਨਿਹਚਾਵਾਨ ਲਗਾਤਾਰ ਪਰਮੇਸ਼ੁਰ ਅੱਗੇ ਉਸ ਲਈ ਪ੍ਰਾਰਥਨਾ ਕਰ ਰਹੇ ਸਨ।
ਪਤਰਸ ਦਾ ਕੈਦ ਤੋਂ ਛੁਟਕਾਰਾ
6 ਪਤਰਸ ਦੋ ਸਿਪਾਹੀਆਂ ਵਿੱਚਕਾਰ ਸੁੱਤਾ ਪਿਆ ਸੀ, ਜੋ ਉਸਤੇ ਨਿਗਰਾਨੀ ਲਈ ਸਨ ਅਤੇ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਸੀ ਅਤੇ ਬਾਕੀ ਸਾਰੇ ਸਿਪਾਹੀ ਜੇਲ੍ਹ ਦੇ ਦਰਵਾਜ਼ੇ ਤੇ ਚੌਕਸੀ ਕਰ ਰਹੇ ਸਨ। ਇਹ ਰਾਤ ਦਾ ਪਹਿਰ ਸੀ ਅਤੇ ਹੇਰੋਦੇਸ ਅਗਲੀ ਸਵੇਰ ਪਤਰਸ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਵਿਉਂਤ ਬਣਾ ਰਿਹਾ ਸੀ। 7 ਅਚਾਨਕ ਉੱਥੇ ਪ੍ਰਭੂ ਦਾ ਇੱਕ ਦੂਤ ਪਰਗਟ ਹੋਇਆ। ਕਮਰੇ ਵਿੱਚ ਬੜੀ ਰੌਸ਼ਨੀ ਹੋਈ। ਦੂਤ ਨੇ ਉਸ ਨੂੰ ਪਾਸੇ ਤੋਂ ਛੋਹਿਆ ਅਤੇ ਉਸ ਨੂੰ ਜਗਾਇਆ। ਦੂਤ ਨੇ ਆਖਿਆ, “ਜਲਦੀ ਕਰ। ਉੱਠ।” ਪਤਰਸ ਦੇ ਹੱਥਾਂ ਚੋਂ ਜੰਜ਼ੀਰਾਂ ਟੁੱਟ ਗਈਆਂ। 8 ਦੂਤ ਨੇ ਪਤਰਸ ਨੂੰ ਕਿਹਾ, “ਆਪਣੇ ਕੱਪੜੇ ਪਹਿਨ ਅਤੇ ਆਪਣੀ ਜੁੱਤੀ ਪਾ।” ਪਤਰਸ ਨੇ ਇਵੇਂ ਹੀ ਕੀਤਾ। ਫ਼ਿਰ ਦੂਤ ਨੇ ਆਖਿਆ, “ਆਪਣਾ ਕੋਟ ਪਾਕੇ ਮੇਰੇ ਪਿੱਛੇ ਆਜਾ।”
9 ਇਉਂ ਦੂਤ ਚੱਲਾ ਗਿਆ ਅਤੇ ਪਤਰਸ ਉਸ ਦੇ ਪਿੱਛੇ ਹੋ ਲਿਆ। ਪਰ ਪਤਰਸ ਨਹੀਂ ਜਾਣਦਾ ਸੀ ਕਿ, ਜੋ ਦੂਤ ਕਰ ਰਿਹਾ ਸੀ, ਸੱਚਮੁੱਚ ਵਾਪਰ ਰਿਹਾ ਸੀ। ਉਸ ਨੇ ਸੋਚਿਆ ਕਿ ਸ਼ਾਇਦ ਉਹ ਇੱਕ ਦਰਸ਼ਨ ਦੇਖ ਰਿਹਾ ਹੈ। 10 ਤਦ ਉਹ ਦੋਨੋਂ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿਕਲ ਕੇ ਇੱਕ ਲੋਹੇ ਦੇ ਫ਼ਾਟਕ ਤੱਕ ਆਏ ਜਿਹੜਾ ਕਿ ਸ਼ਹਿਰ ਵਿੱਚ ਪਹੁੰਚਾਉਂਦਾ ਸੀ। ਉਹ ਆਪਣੇ-ਆਪ ਹੀ ਉਨ੍ਹਾਂ ਲਈ ਖੁਲ੍ਹ ਗਿਆ ਉੱਥੋਂ ਨਿਕਲ ਕੇ ਉਹ ਇੱਕ ਗਲੀ ਦੇ ਰਸਤੇ ਤੇ ਤੁਰ ਪਏ ਪਰ ਉਸੇ ਵੇਲੇ ਦੂਤ ਉਸ ਕੋਲੋਂ ਫ਼ਿਰ ਅਲੋਪ ਹੋ ਗਿਆ।
11 ਤਦ ਪਤਰਸ ਨੂੰ ਸਮਝ ਆਇਆ ਕਿ ਇਹ ਕੀ ਵਾਪਰਿਆ ਸੀ। ਉਸ ਨੇ ਸੋਚਿਆ, “ਹੁਣ ਮੈਨੂੰ ਸਮਝ ਆਇਆ ਹੈ ਕਿ ਵਾਸਤਵ ਵਿੱਚ ਪ੍ਰਭੂ ਨੇ ਇਹ ਦੂਤ ਮੇਰੇ ਲਈ ਭੇਜਿਆ ਸੀ। ਉਸ ਨੇ ਮੈਨੂੰ ਹੇਰੋਦੇਸ ਦੇ ਹੱਥੋਂ ਮੁਕਤ ਕਰਾਇਆ। ਯਹੂਦੀ ਲੋਕਾਂ ਨੇ ਸੋਚਿਆ ਸ਼ਾਇਦ ਮੇਰੇ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ, ਪਰ ਪਰਮੇਸ਼ੁਰ ਨੇ ਮੈਨੂੰ ਇਨ੍ਹਾਂ ਸਭ ਗੱਲਾਂ ਤੋਂ ਬਚਾ ਲਿਆ।”
12 ਜਦੋਂ ਪਤਰਸ ਨੇ ਇਹ ਮਹਿਸੂਸ ਕੀਤਾ, ਉਹ ਮਰਿਯਮ ਦੇ ਘਰ ਨੂੰ ਆਇਆ। ਉਹ ਯੂਹੰਨਾ ਦੀ ਮਾਤਾ ਸੀ। ਯੂਹੰਨਾ ਮਰਕੁਸ ਕਰਕੇ ਵੀ ਜਾਣਿਆ ਜਾਂਦਾ ਸੀ। ਉੱਥੇ ਬਹੁਤ ਸਾਰੇ ਲੋਕ ਇਕੱਠੇ ਸਨ ਅਤੇ ਉਹ ਪ੍ਰਾਰਥਨਾ ਕਰ ਰਹੇ ਸਨ। 13 ਪਤਰਸ ਨੇ ਬਾਹਰ ਵਾਲੇ ਦਰਵਾਜ਼ੇ ਤੇ ਦਸਤਕ ਕੀਤੀ ਤਾਂ ਜਵਾਬ ਵਿੱਚ ਇੱਕ ਰੋਦੋ ਨਾਂ ਦੀ ਨੌਕਰਾਨੀ ਜਵਾਬ ਦੇਣ ਲਈ ਬਾਹਰ ਆਈ। 14 ਉਸ ਨੇ ਪਤਰਸ ਦੀ ਅਵਾਜ਼ ਨੂੰ ਪਛਾਣ ਲਿਆ ਅਤੇ ਉਹ ਬੜੀ ਖੁਸ਼ ਹੋਈ। ਉਹ ਇੰਨੀ ਖੁਸ਼ ਹੋਈ ਕਿ ਮਾਰੇ ਖੁਸ਼ੀ ਦੇ ਉਹ ਉਸ ਨੂੰ ਦਰਵਾਜ਼ਾ ਖੋਲ੍ਹਣਾ ਵੀ ਭੁੱਲ ਗਈ ਅਤੇ ਨੱਸਦੀ ਹੋਈ ਉਸ ਸਮੂਹ ਨੂੰ ਪਤਰਸ ਦੇ ਆਮਦ ਦੀ ਖਬਰ ਕਹਿਣ ਚਲੀ ਗਈ ਕਿ, “ਬਾਹਰ ਬੂਹੇ ਤੇ ਪਤਰਸ ਖੜ੍ਹਾ ਹੈ।”
15 ਨਿਹਚਾਵਾਨਾਂ ਨੇ ਰੋਦੋ ਨੂੰ ਕਿਹਾ, “ਤੂੰ ਕਮਲੀ ਹੈ।” ਪਰ ਉਹ ਬਾਰ-ਬਾਰ ਕਹਿੰਦੀ ਰਹੀ ਕਿ ਨਹੀਂ ਇਹ ਸੱਚ ਹੈ ਤਾਂ ਉਨ੍ਹਾਂ ਸੋਚਿਆ, “ਉਹ ਪਤਰਸ ਦਾ ਦੂਤ ਹੋਣਾ ਚਾਹੀਦਾ ਹੈ।”
16 ਪਤਰਸ ਲਗਾਤਾਰ ਬੂਹਾ ਖੜਕਾਉਂਦਾ ਰਿਹਾ। ਜਦੋਂ ਨਿਹਚਾਵਾਨਾਂ ਨੇ ਬੂਹਾ ਖੋਲ੍ਹਿਆ ਤਾਂ ਉਹ ਪਤਰਸ ਨੂੰ ਵੇਖਕੇ ਹੈਰਾਨ ਰਹਿ ਗਏ। 17 ਪਤਰਸ ਨੇ ਹੱਥ ਦੇ ਇਸ਼ਾਰੇ ਨਾਲ ਉਨ੍ਹਾਂ ਨੂੰ ਸਮਝਾਇਆ ਕਿ ਉਹ ਖਾਮੋਸ਼ ਰਹਿਣ। ਤਾਂ ਉਸ ਨੇ ਉਨ੍ਹਾਂ ਨੂੰ ਸਾਰੀ ਗੱਲ ਸਮਝਾਈ ਕਿ ਕਿਵੇਂ ਪ੍ਰਭੂ ਨੇ ਉਸ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਦੀ ਮਦਦ ਕੀਤੀ। ਉਸ ਨੇ ਕਿਹਾ, “ਯਾਕੂਬ ਅਤੇ ਹੋਰ ਭਾਈਆਂ ਨੂੰ ਵੀ ਇਨ੍ਹਾਂ ਗੱਲਾਂ ਦੀ ਖਬਰ ਦੇਵੋ।” ਉਸਤੋਂ ਬਾਅਦ ਪਤਰਸ ਹੋਰ ਥਾਂ ਚੱਲਿਆ ਗਿਆ।
18 ਅਗਲੀ ਸਵੇਰ ਸਿਪਾਹੀ ਬਹੁਤ ਪਰੇਸ਼ਨ ਹੋ ਗਏ। ਉਹ ਹੈਰਾਨ ਸਨ ਕਿ ਪਤਰਸ ਦਾ ਕੀ ਬਣਿਆ? 19 ਹੇਰੋਦੇਸ ਨੇ ਪਤਰਸ ਨੂੰ ਸਭ ਥਾਈਂ ਭਾਲਿਆ ਪਰ ਉਸ ਨੂੰ ਕਿਤੇ ਨਾ ਮਿਲਿਆ। ਇਸ ਲਈ ਉਸ ਨੇ ਪਹਿਰੇਦਾਰਾਂ ਨੂੰ ਸਵਾਲ ਕੀਤੇ। ਫ਼ਿਰ ਉਸ ਨੇ ਹੁਕਮ ਦਿੱਤਾ ਕਿ ਉਹ ਮਾਰ ਦਿੱਤੇ ਜਾਣ।
ਹੇਰੋਦੇਸ ਅਗਰਿੱਪਾ ਦੀ ਮੌਤ
ਇਸਤੋਂ ਬਾਅਦ ਹੇਰੋਦੇਸ ਯਹੂਦਿਯਾ ਤੋਂ ਕੈਸਰਿਯਾ ਨੂੰ ਗਿਆ ਅਤੇ ਉੱਥੇ ਕੁਝ ਸਮੇਂ ਲਈ ਜਾ ਠਹਿਰਿਆ। 20 ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬੜਾ ਨਾਰਾਜ਼ ਸੀ। ਉਹ ਸਾਰੇ ਲੋਕ ਇਕੱਠੇ ਹੋਕੇ ਹੇਰੋਦੇਸ ਕੋਲ ਆਏ। ਉਹ ਬਲਾਸਤੁਸ ਦੀ, ਜਿਹੜਾ ਕਿ ਰਾਜੇ ਦੇ ਖਾਸ ਨੌਕਰ ਸੀ, ਹਮਾਇਤ ਪਾਉਣ ਵਿੱਚ ਕਾਮਯਾਬ ਹੋ ਗਏ। ਉਹ ਹੇਰੋਦੇਸ ਨੂੰ ਸ਼ਾਂਤੀ ਲਈ ਬੇਨਤੀ ਕਰਨ ਲੱਗੇ ਕਿਉਂਕਿ ਉਨ੍ਹਾਂ ਦਾ ਦੇਸ਼ ਭੋਜਨ ਦੀ ਸਮਗਰੀ ਹੇਰੋਦੇਸ ਦੇ ਦੇਸ਼ ਤੋਂ ਪ੍ਰਾਪਤ ਕਰਦਾ ਸੀ।
21 ਹੇਰੋਦੇਸ ਨੇ ਉਨ੍ਹਾਂ ਨੂੰ ਮਿਲਣ ਦਾ ਇੱਕ ਦਿਨ ਨਿਸ਼ਚਿਤ ਕੀਤਾ। ਉਸ ਦਿਨ ਉਹ ਬੜੇ ਖੂਬਸੂਰਤ ਸ਼ਾਹੀ ਲਿਬਾਸ ਵਿੱਚ ਸੀ। ਉਹ ਆਪਣੇ ਸਿੰਘਾਸਣ ਤੇ ਬੈਠਾ ਅਤੇ ਲੋਕਾਂ ਨੂੰ ਇੱਕ ਭਾਸ਼ਣ ਦਿੱਤਾ। 22 ਲੋਕ ਉੱਚੀ ਅਵਾਜ਼ ਵਿੱਚ ਆਖਣ ਲੱਗੇ, “ਇਹ ਤਾਂ ਕਿਸੇ ਦੇਵੇਤੇ ਦੀ ਅਵਾਜ਼ ਹੈ, ਮਨੁੱਖ ਦੀ ਨਹੀਂ।” 23 ਹੇਰੋਦੇਸ ਨੇ ਪਰਮੇਸ਼ੁਰ ਨੂੰ ਮਹਿਮਾ ਨਾ ਦਿੰਦੇ ਹੋਏ ਇਹ ਸਾਰੀ ਉਸਤਤਿ ਆਪਣੇ ਲਈ ਕਬੂਲ ਕਰ ਲਈ, ਇਸ ਲਈ ਪ੍ਰਭੂ ਦੇ ਇੱਕ ਦੂਤ ਨੇ ਉਸ ਨੂੰ ਇੱਕ ਭਿਆਨਕ ਬਿਮਾਰੀ ਦਿੱਤੀ। ਉਹ ਬਿਮਾਰ ਪੈ ਗਿਆ ਤੇ ਅੰਤ ਕੀੜੇ ਪੈਕੇ ਮਰਿਆ।
24 ਪਰਮੇਸ਼ੁਰ ਦਾ ਸੰਦੇਸ਼ ਦਿਨੋਂ-ਦਿਨ ਲੋਕਾਂ ਵਿੱਚ ਵੱਧ ਰਿਹਾ ਸੀ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ ਇਸ ਲਈ ਨਿਹਚਾਵਾਨਾਂ ਦਾ ਸਮੂਹ ਦਿਨੋ-ਦਿਨ ਵੱਧਦਾ ਜਾ ਰਿਹਾ ਸੀ।
25 ਜਦੋਂ ਬਰਨਬਾਸ ਅਤੇ ਸੌਲੁਸ ਨੇ ਆਪਣਾ ਕਾਰਜ ਯਰੂਸ਼ਲਮ ਵਿੱਚ ਪੂਰਾ ਕਰ ਲਿਆ ਤਾਂ ਉਹ ਯੂਹੰਨਾ ਨੂੰ ਜਿਹੜਾ ਮਰਕੁਸ ਕਰਕੇ ਵੀ ਸਦੀਂਦਾ ਹੈ ਆਪਣੇ ਨਾਲ ਲੈ ਕੇ ਅੰਤਾਕਿਯਾ ਨੂੰ ਮੁੜੇ।
2010 by World Bible Translation Center