Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਅੱਯੂਬ 20-21

ਸੋਫਰ ਦਾ ਜਵਾਬ

20 ਫ਼ੇਰ ਨਅਮਾਤੀ ਦੇ ਸੋਫਰ ਨੇ ਜਵਾਬ ਦਿੱਤਾ:

“ਅੱਯੂਬ, ਤੇਰੇ ਵਿੱਚਾਰ ਉਲਝੇ ਹੋਏ ਨੇ।
    ਇਸ ਲਈ ਮੈਂ ਤੈਨੂੰ ਅਵੱਸ਼ ਜਵਾਬ ਦੇਵਾਂਗਾ।
ਮੈਨੂੰ ਤੇਜੀ ਨਾਲ ਤੈਨੂੰ ਦੱਸ ਦੇਣਾ ਚਾਹੀਦਾ ਹੈ
    ਕਿ ਮੈਂ ਕੀ ਸੋਚ ਰਿਹਾਂ ਹਾਂ।
ਤੂੰ ਸਾਨੂੰ ਆਪਣੇ ਜਵਾਬਾਂ ਨਾਲ ਬੇਇੱਜ਼ਤ ਕੀਤਾ ਹੈ।
    ਪਰ ਮੈਂ ਸਿਆਣਾ ਹਾਂ ਮੈਂ ਜਾਣਦਾ ਹਾਂ ਕਿ ਤੈਨੂੰ ਕਿਵੇਂ ਜਵਾਬ ਦੇਣਾ ਹੈ।

4-5 “ਤੂੰ ਜਾਣਦਾ ਹੈ ਕਿ ਬੁਰੇ ਆਦਮੀ ਦੀ ਖੁਸ਼ੀ ਬਹੁਤਾ ਚਿਰ ਨਹੀਂ ਰਹਿੰਦੀ।
    ਲੰਮੇ ਸਮੇਂ ਤੋਂ ਇਹ ਗੱਲ ਸੱਚ ਹੈ, ਉਸ ਸਮੇਂ ਤੋਂ ਜਦੋਂ ਆਦਮ ਨੂੰ ਧਰਤੀ ਤੇ ਪਾਇਆ ਗਿਆ ਸੀ।
    ਜਿਹੜਾ ਬੰਦਾ ਪਰਮੇਸ਼ੁਰ ਦੀ ਪ੍ਰਵਾਹ ਨਹੀਂ ਕਰਦਾ ਸਿਰਫ ਬੋੜੇ ਸਮੇਂ ਲਈ ਹੀ ਖੁਸ਼ ਰਹਿੰਦਾ ਹੈ।
ਹੋ ਸੱਕਦਾ, ਬਦ ਆਦਮੀ ਦਾ ਹਂਕਾਰ ਅਕਾਸ਼ ਤੱਕ ਜਾ ਪਹੁੰਚੇ,
    ਤੇ ਉਸਦਾ ਸਿਰ ਬਦਲਾਂ ਨੂੰ ਛੂੰਹਦਾ ਹੋਵੇ।
ਪਰ ਉਹ, ਆਪਣੇ ਹੀ ਗੋਬਰ ਵਾਂਗ, ਸਦਾ ਲਈ ਚੱਲਾ ਜਾਵੇਗਾ।
    ਉਹ ਲੋਕ ਜਿਨ੍ਹਾਂ ਨੇ ਉਸ ਨੂੰ ਵੇਖਿਆ, ‘ਆਖਣਗੇ ਉਹ ਕਿੱਥੋ ਹੈ?’
ਸੁਪਨੇ ਵਾਂਗ ਉਹ ਦੂਰ ਉੱਡ ਜਾਵੇਗਾ ਤੇ ਕੋਈ ਵੀ ਉਸ ਨੂੰ ਲੱਭ ਨਹੀਂ ਸੱਕੇਗਾ।
    ਉਸ ਨੂੰ ਦੂਰ ਭਜਾ ਦਿੱਤਾ ਜਾਵੇਗਾ ਤੇ ਬੁਰੇ ਸੁਪਨੇ ਵਾਂਗ ਭੁਲਾ ਦਿੱਤਾ ਜਾਵੇਗਾ।
ਜਿਹੜੇ ਲੋਕਾਂ ਨੇ ਉਸ ਨੂੰ ਦੇਖਿਆ ਸੀ ਉਸ ਨੂੰ ਦੋਬਾਰਾ ਨਹੀਂ ਦੇਖਣਗੇ।
    ਉਸਦਾ ਪਰਿਵਾਰ ਕਦੇ ਉਸ ਨੂੰ ਦੋਬਾਰਾ ਨਹੀਂ ਦੇਖੇਗਾ।
10 ਬਦ ਆਦਮੀ ਦੇ ਬੱਚੇ ਉਸ ਨੂੰ ਉਹੀ ਵਾਪਸ ਦੇਣਗੇ ਜੋ ਉਸ ਨੇ ਗਰੀਬਾਂ ਪਾਸੋਂ ਲਿਆ ਸੀ।
    ਬਦ ਆਦਮੀ ਦੇ ਆਪਣੇ ਹੀ ਹੱਥ ਖੁਦ ਉਸਦੀ ਦੌਲਤ ਵਾਪਸ ਕਰਨਗੇ।
11 ਜਦੋਂ ਉਹ ਜਵਾਨ ਸੀ ਉਸ ਦੀਆਂ ਹੱਡੀਆਂ ਬਹੁਤ ਮਜਬੂਤ ਸਨ,
    ਪਰ ਉਸ ਦੇ ਬਾਕੀ ਦੇ ਸਰੀਰ ਵਾਂਗ, ਉਹ ਧੂੜ ਅੰਦਰ ਜਾਣਗੀਆਂ।

12 “ਬਦੀ ਬੁਰੇ ਬੰਦੇ ਦੇ ਮੂੰਹ ਅੰਦਰ ਮਿੱਠੀ ਲੱਗਦੀ ਹੈ।
    ਉਹ ਇਸ ਦਾ ਪੂਰਾ ਸੁੱਖ ਮਾਨਣ ਲਈ ਇਸ ਨੂੰ ਆਪਣੀ ਜੀਭ ਹੇਠਾਂ ਰੱਖਦਾ ਹੈ।
13 ਇੱਕ ਬਦ ਆਦਮੀ ਬਦੀ ਨੂੰ ਮਾਣਦਾ ਹੈ।
    ਉਹ ਇਸ ਨੂੰ ਛੱਡ ਦੇਣ ਨੂੰ ਨਫ਼ਰਤ ਕਰਦਾ ਹੈ।
    ਇਹ ਇੱਕ ਮਿੱਠੀ ਗੋਲੀ ਵਾਂਗ ਹੁੰਦੀ ਹੈ ਜਿਸ ਨੂੰ ਉਹ ਆਪਣੇ ਮੂੰਹ ਅੰਦਰ ਰੱਖਦਾ।
14 ਪਰ ਉਹ ਬਦੀ ਉਸ ਦੇ ਮਿਹਦੇ ਅੰਦਰ ਜ਼ਹਿਰ ਬਣ ਜਾਵੇਗੀ।
    ਇਹ ਉਸ ਦੇ ਅੰਦਰ ਕੌੜੇ ਜ਼ਹਿਰ ਵਾਂਗ ਹੋਵੇਗੀ, ਜਿਵੇਂ ਸੱਪ ਦਾ ਜ਼ਹਿਰ ਹੁੰਦਾ ਹੈ।
15 ਬੁਰੇ ਆਦਮੀ ਨੇ ਅਮੀਰੀ ਨੂੰ ਨਿਗਲ ਲਿਆ ਹੈ।
    ਪਰ ਉਹ ਇਸ ਦੀ ਉਲਟੀ ਕਰ ਦੇਵੇਗਾ।
ਪਰਮੇਸ਼ੁਰ ਉਸ ਨੂੰ ਇਸ ਨੂੰ ਬਾਹਰ ਕੱਢਣ ਲਈ ਮਜ਼ਬੂ੍ਰਰ ਕਰੇਗਾ।
16 ਬਦ ਆਦਮੀ ਦਾ ਜਾਮ ਸੱਪ ਦੇ ਜ਼ਹਿਰ ਵਰਗਾ ਹੋਵੇਗਾ।
    ਸੱਪਾਂ ਦੇ ਜ਼ਹਿਰੀਲੇ ਦੰਦ ਉਸ ਨੂੰ ਮਾਰ ਦੇਣਗੇ।
17 ਫ਼ੇਰ ਬੁਰਾ ਆਦਮੀ ਸ਼ਹਿਦ ਅਤੇ
    ਘਿਉ ਦੇ ਵਗਦੇ ਦਰਿਆਵਾਂ ਨੂੰ ਵੇਖਣਾ ਨਹੀਂ ਮਾਣੇਗਾ।
18 ਬਦ ਆਦਮੀ ਨੂੰ ਆਪਣੇ ਮੁਨਾਫ਼ਿਆਂ ਨੂੰ ਵਾਪਸ ਕਰਨ ਲਈ ਮਜਬੂਰ ਕੀਤਾ ਜਾਵੇਗਾ
    ਉਸ ਨੂੰ ਉਨ੍ਹਾਂ ਚੀਜ਼ਾਂ ਨੂੰ ਮਾਨਣ ਦੀ ਇਜਾਜ਼ਤ ਨਹੀਂ ਹੋਵੇਗੀ ਜਿਨ੍ਹਾਂ ਲਈ ਉਸ ਨੇ ਕੰਮ ਕੀਤਾ ਸੀ।
19 ਕਿਉਂਕਿ ਬਦ ਆਦਮੀ ਗਰੀਬਾਂ ਨੂੰ ਦੁੱਖ ਦਿੰਦਾ ਹੈ ਤੇ ਉਨ੍ਹਾਂ ਨਾਲ ਬਦਸਲੂਕੀ ਕਰਦਾ ਹੈ।
    ਉਹ ਉਨ੍ਹਾਂ ਬਾਰੇ ਪ੍ਰਵਾਹ ਨਹੀਂ ਕਰਦਾ ਤੇ ਉਨ੍ਹਾਂ ਦੀਆਂ ਚੀਜ਼ਾਂ ਖੋਹ ਲਈਆਂ ਸਨ।
    ਉਸ ਨੇ ਹੋਰ ਕਿਸੇ ਦੁਆਰਾ ਉਸਾਰੇ ਹੋਏ ਮਕਾਨ ਖੋਹੇ।

20 “ਬੁਰਾ ਆਦਮੀ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ।
    ਉਸ ਨੂੰ ਉਸ ਦੀ ਦੌਲਤ ਬਚਾ ਨਹੀਂ ਸੱਕਦੀ।
21 ਜਦੋਂ ਉਹ ਕੁਝ ਵੀ ਖਾਂਦਾ ਹੈ ਬਚਦਾ ਨਹੀਂ।
    ਉਸ ਦੀ ਕਾਮਯਾਬੀ ਸਦਾ ਨਹੀਂ ਰਹੇਗੀ।
22 ਜਦੋਂ ਆਦਮੀ ਕੋਲ ਬਹੁਤਾ ਹੁੰਦਾ ਹੈ ਉਹ ਮੁਸੀਬਤਾਂ ਨਾਲ ਦਬ ਜਾਂਦਾ ਹੈ।
    ਉਸ ਦੀਆਂ ਔਕੜਾਂ ਉਸ ਉੱਤੇ ਆ ਪੈਣਗੀਆਂ।
23 ਜਦੋਂ ਬਦ ਆਦਮੀ, ਜੋ ਉਹ ਚਾਹੁੰਦਾ ਖਾ ਚੁੱਕੇਗਾ,
    ਪਰਮੇਸ਼ੁਰ ਆਪਣਾ ਬਲਦਾ ਹੋਇਆ ਕਹਿਰ ਉਸ ਬੰਦੇ ਉੱਤੇ ਸੁੱਟੇਗਾ
    ਪਰਮੇਸ਼ੁਰ ਉਸ ਬੰਦੇ ਉੱਤੇ ਦਂ ਦੀ ਬਾਰਸ਼ ਕਰੇਗਾ।
24 ਸ਼ਾਇਦ ਬੁਰਾ ਆਦਮੀ ਲੋਹੇ ਦੀ ਤਲਵਾਰ ਤੋਂ ਬਚਕੇ ਭੱਜ ਜਾਵੇਗਾ।
    ਪਰ ਉਸ ਨੂੰ ਕਾਂਸੀ ਦਾ ਤੀਰ ਲੱਗੇਗਾ।
25 ਕਾਂਸੀ ਦਾ ਤੀਰ ਉਸ ਦੇ ਸ਼ਰੀਰ ਦੇ ਆਰ-ਪਾਰ ਹੋ ਜਾਵੇਗਾ
    ਤੇ ਪਿੱਠ ਵਿੱਚੋਂ ਬਾਹਰ ਨਿਕਲੇਗਾ।
ਇਸ ਦਾ ਚਮਕੀਲਾ ਸਿਰਾ ਉਸ ਦੇ ਜਿਗਰ ਨੂੰ ਵਿਂਨ੍ਹ ਦੇਵੇਗਾ
    ਅਤੇ ਉਹ ਖੌਫ਼ ਨਾਲ ਹੈਰਾਨ ਹੋ ਜਾਵੇਗਾ।
26 ਉਸ ਦੇ ਸਾਰੇ ਖਜ਼ਾਨੇ ਤਬਾਹ ਹੋ ਜਾਣਗੇ।
    ਇੱਕ ਅੱਗ ਉਸ ਨੂੰ ਤਬਾਹ ਕਰ ਦੇਵੇਗੀ।
ਉਹ ਅੱਗ ਜਿਹੜੀ ਕਿਸੇ ਇਨਸਾਨ ਦੁਆਰਾ ਨਹੀਂ ਲਗਾਈ ਗਈ ਸੀ।
    ਅੱਗ ਉਸ ਦੇ ਘਰ ਵਿੱਚ ਬਚੀ ਹੋਈ ਹਰ ਸ਼ੈਅ ਨੂੰ ਤਬਾਹ ਕਰ ਦੇਵੇਗੀ।
27 ਅਕਾਸ਼ ਸਿੱਧ ਕਰ ਦੇਵੇਗਾ ਕਿ ਬੁਰਾ ਆਦਮੀ ਦੋਸ਼ੀ ਹੈ।
    ਧਰਤੀ ਉਸ ਦੇ ਖਿਲਾਫ਼ ਗਵਾਹੀ ਦੇਵੇਗੀ।
28 ਉਸ ਦੇ ਘਰ ਵਿੱਚਲੀ ਹਰ ਸ਼ੈਅ ਪਰਮੇਸ਼ੁਰ ਦੇ ਕਹਿਰ ਦੇ
    ਹੜ੍ਹ ਵਿੱਚ ਰੁਢ਼ ਜਾਵੇਗੀ।
29 ਇਹੀ ਹੈ ਜੋ ਪਰਮੇਸ਼ੁਰ ਇੱਕ ਬਦ ਆਦਮੀ ਨਾਲ ਕਰੇਗਾ।
    ਪਰਮੇਸ਼ੁਰ ਨੇ ਇਹੀ ਉਸ ਦੇ ਲਈ ਛੱਡਣ ਦਾ ਫੈਸਲਾ ਕੀਤਾ ਹੈ।”

ਅੱਯੂਬ ਦਾ ਜਵਾਬ

21 ਫੇਰ ਅੱਯੂਬ ਨੇ ਜਵਾਬ ਦਿੱਤਾ:

“ਜੋ ਮੈਂ ਆਖਦਾ ਹਾਂ, ਸੁਣੋ।
    ਮੈਨੂੰ ਰਾਹਤ ਦੇਣ ਲਈ ਤੁਹਾਡਾ ਇਹ ਰਾਹ ਰਹਿਣ ਦਿਓ।
ਮੇਰੇ ਗੱਲ ਕਰਦਿਆਂ ਤਾਂ ਧੀਰਜ ਰੱਖੋ।
    ਫੇਰ ਜਦੋਂ ਮੈਂ ਬੋਲ ਚੁੱਕਿਆ ਭ੍ਭਾਵੇਂ ਮੇਰਾ ਮਜ਼ਾਕ ਉਡਾ ਲੈਣਾ।

“ਮੈਂ ਲੋਕਾਂ ਦੇ ਵਰਿੁੱਸ਼ ਸ਼ਿਕਾਇਤ ਨਹੀਂ ਕਰ ਰਿਹਾ ਹਾਂ, ਕੀ ਮੈਂ ਕਰ ਰਿਹਾ ਹਾਂ?
    ਤਾਂ ਮੈਂ ਬੇਸਬਰਾ ਕਿਉਂ ਨਾ ਹੋਵਾਂ?
ਮੇਰੇ ਵੱਲ ਤੱਕੋ ਤੇ ਹੈਰਾਨ ਹੋਵੋ।
    ਆਪਣੇ ਮੂੰਹ ਤੇ ਹੱਥ ਰੱਖੋ ਤੇ ਮੇਰੇ ਵੱਲ ਹੈਰਾਨੀ ਨਾਲ ਝਾਕੋ।
ਜਦੋਂ ਮੈਂ ਸੋਚਦਾ ਹਾਂ ਕਿ ਮੇਰੇ ਨਾਲ ਕੀ ਵਾਪਰਿਆ ਹੈ
    ਮੈਂ ਡਰ ਮਹਿਸੂਸ ਕਰਦਾ ਹਾਂ ਤੇ ਮੇਰਾ ਸ਼ਰੀਰ ਕੰਬਦਾ ਹੈ।
ਬੁਰੇ ਆਦਮੀ ਲੰਮਾ ਜੀਵਨ ਕਿਉਂ ਜਿਉਂਦੇ ਨੇ?
    ਉਹ ਕਿਉਂ ਬਿਰਧ ਤੇ ਕਾਮਯਾਬ ਹੁੰਦੇ ਨੇ?
ਬੁਰੇ ਆਦਮੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਵੱਧਦਿਆਂ ਫ਼ੁਲਦਿਆਂ ਦੇਖਦੇ ਨੇ।
    ਬੁਰੇ ਆਦਮੀ ਆਪਣੇ ਪੋਤਰਿਆਂ ਨੂੰ ਵੇਖਣ ਲਈ ਜਿਉਂਦੇ ਰਹਿੰਦੇ ਨੇ।
ਉਨ੍ਹਾਂ ਦੇ ਘਰ ਸੁਰੱਖਿਅਤ ਨੇ ਤੇ ਉਹ ਭੈਭੀਤ ਨਹੀਂ ਹਨ।
    ਬੁਰੇ ਆਦਮੀਆਂ ਨੂੰ ਦੰਡ ਦੇਣ ਲਈ ਪਰਮੇਸ਼ੁਰ ਕੋਈ ਲਾਠੀ ਨਹੀਂ ਵਰਤਦਾ।
10 ਉਨ੍ਹਾਂ ਦੇ ਬਲਦ ਕਦੇ ਮੇਲ ਕਰਨ ਤੋਂ ਨਹੀਂ ਖੁਂਝਦੇ।
    ਉਨ੍ਹਾਂ ਦੀਆਂ ਗਾਵਾਂ ਦੇ ਵੱਛੇ ਹੁੰਦੇ ਹਨ, ਤੇ ਵੱਛੇ ਜਨਮ ਸਮੇਂ ਨਹੀਂ ਮਰਦੇ।
11 ਬਦ ਆਦਮੀ ਆਪਣੇ ਬੱਚਿਆਂ ਨੂੰ ਲੇਲਿਆਂ ਵਾਂਗ ਖੇਡਣ ਲਈ ਬਾਹਰ ਭੇਜਦੇ ਨੇ।
    ਉਨ੍ਹਾਂ ਦੇ ਬੱਚੇ ਇੱਧਰ-ਓਧਰ ਨੱਚਦੇ ਫ਼ਿਰਦੇ ਨੇ।
12 ਉਹ ਤੰਬੂਰੀਆਂ, ਰਬਾਬਾਂ ਅਤੇ ਸਿਤਾਰਾਂ ਦੀ ਧੁਨ ਉੱਤੇ ਨੱਚਦੇ ਗਾਉਂਦੇ ਨੇ।
13 ਬੁਰੇ ਆਦਮੀ ਆਪਣੀਆਂ ਜ਼ਿੰਦਗੀਆਂ ਦੌਰਾਨ ਕਾਮਯਾਬੀ ਮਾਣਦੇ ਨੇ।
    ਫ਼ੇਰ ਉਹ ਮਰ ਜਾਂਦੇ ਨੇ ਤੇ ਬਿਨਾ ਦੁੱਖ ਤੋਂ ਆਪਣੀ ਕਬਰ ਵਿੱਚ ਪੈ ਜਾਂਦੇ ਨੇ।
14 ਪਰ ਬੁਰੇ ਆਦਮੀ ਪਰਮੇਸ਼ੁਰ ਨੂੰ ਆਖਦੇ ਨੇ, ‘ਸਾਨੂੰ ਇੱਕਲਿਆਂ ਛੱਡ ਦਿਉ!
    ਸਾਨੂੰ ਇਸਦੀ ਪ੍ਰਵਾਹ ਨਹੀਂ ਕਿ ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਕਰੀਏ!’
15 ਤੇ ਬੁਰੇ ਆਦਮੀ ਆਖਦੇ ਨੇ ਸਰਬ-ਸ਼ਕਤੀਮਾਨ ਪਰਮੇਸ਼ੁਰ ਕੌਣ ਹੈ?
    ਸਾਨੂੰ ਉਸ ਦੀ ਸੇਵਾ ਕਰਨ ਦੀ ਲੋੜ ਨਹੀਂ।
    ਉਸ ਦੇ ਅੱਗੇ ਪ੍ਰਾਰਥਨਾ ਕਰਨ ਦਾ ਲਾਭ ਨਹੀਂ ਹੋਵੇਗਾ!

16 “ਕੀ ਬਦ ਲੋਕ ਖੁਦ ਹੀ ਕਾਮਯਾਬੀ ਹਾਸਿਲ ਨਹੀਂ ਕਰਦੇ?
    ਪਰ ਮੈਂ ਉਨ੍ਹਾਂ ਦੇ ਮਸ਼ਵਰੇ ਤੋਂ ਦੂਰ ਰਹਿੰਦਾ ਹਾਂ।
17 ਪਰ, ਕਿੰਨੀ ਵਾਰੀ ਬਦ ਲੋਕਾਂ ਦੀ ਰੌਸ਼ਨੀ ਬੁਝਾਈ ਗਈ ਹੈ?
    ਕਿੰਨੀ ਕੁ ਵਾਰੀ ਬਦ ਲੋਕਾਂ ਉੱਤੇ ਮੁਸੀਬਤ ਆਉਂਦੀ ਹੈ।
    ਕਦੋਂ ਪਰਮੇਸ਼ੁਰ ਉਨ੍ਹਾਂ ਉੱਤੇ ਕ੍ਰੋਧਵਾਨ ਹੁੰਦਾ ਹੈ ਤੇ ਉਨ੍ਹਾਂ ਨੂੰ ਦੰਡ ਦਿੰਦਾ ਹੈ?
18 ਕੀ ਪਰਮੇਸ਼ੁਰ ਬੁਰੇ ਬੰਦਿਆਂ ਨੂੰ ਦੂਰ ਉਡਾ ਦਿੰਦਾ ਹੈ, ਜਿਵੇਂ ਹਵਾ ਤਿਨਕੇ ਨੂੰ ਉਡਾਉਂਦੀ ਹੈ,
    ਜਿਵੇਂ ਤੇਜ਼ ਹਵਾ ਅਨਾਜ ਦੀ ਤੂੜੀ ਨੂੰ ਉਡਾਉਂਦੀ ਹੈ।
19 ਪਰ ਤੁਸੀਂ ਆਖਦੇ ਹੋ ‘ਪਰਮੇਸ਼ੁਰ ਇੱਕ ਬੱਚੇ ਨੂੰ ਉਸ ਦੇ ਪਿਤਾ ਦੇ ਪਾਪਾਂ ਦੇ ਬਦਲੇ ਦੰਡ ਦਿੰਦਾ ਹੈ!’
    ਪਰਮੇਸ਼ੁਰ ਨੂੰ ਖੁਦ ਬੁਰੇ ਆਦਮੀ ਨੂੰ ਦੰਡ ਦੇਣ ਦਿਓ ਫ਼ੇਰ ਉਹ ਬੁਰਾ ਆਦਮੀ ਜਾਣ ਲਵੇਗਾ ਕਿ ਉਸ ਨੂੰ ਉਸ ਦੇ ਪਾਪਾਂ ਦਾ ਦੰਡ ਮਿਲ ਰਿਹਾ ਹੈ।
20 ਗੁਨਾਹਗਾਰ ਨੂੰ ਖੁਦ ਆਪਣੀ ਸਜ਼ਾ ਦੇਖਣ ਦਿਉ।
    ਉਸ ਨੂੰ ਸਰਬ-ਸ਼ਕਤੀਮਾਨ ਪਰਮੇਸ਼ੁਰ ਦਾ ਕ੍ਰੋਧ ਮਹਿਸੂਸ ਕਰਨ ਦਿਉ।
21 ਜਦੋਂ ਬੁਰੇ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਤੇ ਉਹ ਮਰ ਜਾਂਦਾ ਹੈ
    ਉਹ ਉਸ ਪਰਿਵਾਰ ਦੀ ਪਰਵਾਹ ਨਹੀਂ ਕਰਦਾ ਜਿਸ ਨੂੰ ਉਹ ਪਿੱਛੇ ਛੱਡ ਜਾਂਦਾ ਹੈ।

22 “ਕੋਈ ਵੀ ਬੰਦਾ ਪਰਮੇਸ਼ੁਰ ਨੂੰ ਗਿਆਨ ਨਹੀਂ ਸਿੱਖਾ ਸੱਕਦਾ।
    ਪਰਮੇਸ਼ੁਰ ਉੱਚੇ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਵੀ ਪਰੱਖਦਾ ਹੈ।
23 ਇੱਕ ਆਦਮੀ ਪੂਰੀ ਅਤੇ ਕਾਮਯਾਬ ਜ਼ਿੰਦਗੀ ਮਗਰੋਂ ਮਰਦਾ ਹੈ।
    ਉਸ ਨੇ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਆਰਾਮਦਾਇੱਕ ਜ਼ਿੰਦਗੀ ਜੀਵੀ।
24 ਉਸ ਦੇ ਸ਼ਰੀਰ ਨੂੰ ਬਹੁਤ ਭੋਜਨ ਮਿਲਿਆ
    ਤੇ ਉਸ ਦੀਆਂ ਹੱਡੀਆਂ ਹਾਲੇ ਵੀ ਮਜ਼ਬੂਤ ਸਨ।
25 ਪਰ ਇੱਕ ਹੋਰ ਬੰਦਾ ਸਖਤ ਜ਼ਿੰਦਗੀ ਮਗਰੋਂ ਕੁੜਤ੍ਤਨ ਭਰੀ ਰੂਹ ਨਾਲ ਮਰਦਾ ਹੈ।
    ਉਸ ਨੇ ਕਦੇ ਵੀ ਕੋਈ ਚੰਗੀ ਸ਼ੈਅ ਨਹੀਂ ਮਾਣੀ।
26 ਅੰਤ ਵਿੱਚ ਉਹ ਦੋਵੇਂ ਬੰਦੇ ਇਕੱਠੇ ਹੀ ਖਾਕ ਅੰਦਰ ਲੇਟ ਜਾਣਗੇ।
    ਕੀੜੇ ਉਨ੍ਹਾਂ ਦੋਹਾਂ ਨੂੰ ਢੱਕ ਲੈਣਗੇ।

27 “ਪਰ ਮੈਂ ਜਾਣਦਾ ਹਾਂ ਕਿ ਤੁਸੀਂ ਕੀ ਸੋਚ ਰਹੇ ਹੋ,
    ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਦੁੱਖ ਪੁਹਂਚਾਉਣਾ ਚਾਹੁੰਦੇ ਹੋ।
28 ਭਾਵੇਂ ਤੁਸੀਂ ਆਖੋ: ‘ਮੈਨੂੰ ਕਿਸੇ ਨੇਕ ਆਦਮੀ ਦਾ ਘਰ ਦਿਖਾ।
    ਹੁਣ, ਮੈਨੂੰ ਦਿਖਾ ਜਿੱਥੇ ਬੁਰੇ ਆਦਮੀ ਰਹਿੰਦੇ ਨੇ।’

29 “ਅਵੱਸ਼ ਹੀ ਤੂੰ ਰਾਹੀਆਂ ਨਾਲ ਗੱਲਾਂ ਕੀਤੀਆਂ ਹੋਣੀਆਂ।
    ਅਵੱਸ਼ ਹੀ, ਤੂੰ ਉਨ੍ਹਾਂ ਦੀ ਕਹਾਣੀਆਂ ਕਬੂਲ ਕਰੇਂਗਾ।
30 ਬੁਰੇ ਆਦਮੀ ਬਚ ਜਾਂਦੇ ਨੇ ਜਦੋਂ ਬਿਪਤਾ ਆਉਂਦੀ ਹੈ।
    ਉਹ ਬਚ ਜਾਂਦੇ ਨੇ ਜਦੋਂ ਪਰਮੇਸ਼ੁਰ ਆਪਣਾ ਕਹਿਰ ਦਰਸਾਉਂਦਾ ਹੈ।
31 ਕੋਈ ਵੀ ਬੁਰੇ ਆਦਮੀ ਦੀ, ਉਸ ਦੇ ਮੰਦੇ ਕਾਰਿਆਂ ਲਈ, ਉਸ ਦੇ ਮੂੰਹ ਉੱਤੇ ਉਸਦੀ ਅਲੋਚਨਾ ਨਹੀਂ ਕਰਦਾ।
    ਕੋਈ ਵੀ ਬੰਦਾ ਉਸ ਨੂੰ ਉਸ ਦੀ ਬਦੀ ਲਈ ਦੰਡ ਨਹੀਂ ਦਿੰਦਾ।
32 ਜਦੋਂ ਉਸ ਆਦਮੀ ਨੂੰ ਉਸਦੀ ਕਬਰ ਵੱਲ ਲਿਜਾਇਆ ਜਾਵੇਗਾ,
    ਪਹਿਰੇਦਾਰ ਉਸਦੀ ਕਬਰ ਦੇ ਨੇੜੇ ਖੜ੍ਹਾ ਹੋਵੇਗਾ।
33 ਇਸ ਲਈ ਉਸ ਬੁਰੇ ਬੰਦੇ ਲਈ ਵਾਦੀ ਦੀ ਮਿੱਟੀ ਵੀ ਖੁਸ਼ਗਵਾਰ ਹੋਵੇਗੀ।
    ਤੇ ਉਸ ਦੇ ਜਨਾਜ਼ੇ ਵਿੱਚ ਹਜ਼ਾਰਾਂ ਲੋਕੀ ਸ਼ਾਮਿਲ ਹੋਣਗੇ।

34 “ਇਸ ਲਈ ਆਪਣੇ ਖਾਲੀ ਸ਼ਬਦਾਂ ਨਾਲ ਤੁਸੀਂ ਮੈਨੂੰ ਰਾਹਤ ਨਹੀਂ ਪਹੁੰਚਾ ਸੱਕਦੇ।
    ਤੁਹਾਡੇ ਸ਼ਬਦ ਬਿਨਾ ਸਾਜ਼ਿਸ਼ ਦੇ ਕੁਝ ਨਹੀਂ ਹਨ।”

ਰਸੂਲਾਂ ਦੇ ਕਰਤੱਬ 10:24-48

24 ਅਗਲੇ ਦਿਨ ਉਹ ਕੈਸਰਿਯਾ ਵਿੱਚ ਪਹੁੰਚੇ, ਜਿੱਥੇ ਕੁਰਨੇਲਿਯੁਸ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਉਸ ਨੇ ਪਹਿਲਾਂ ਤੋਂ ਹੀ ਆਪਣੇ ਘਰ ਵਿੱਚ ਰਿਸ਼ਤੇਦਾਰਾਂ ਅਤੇ ਨੇੜੇ ਦੇ ਮਿੱਤਰਾਂ ਨੂੰ ਸੱਦਾ ਦੇਕੇ ਇਕੱਠਾ ਕੀਤਾ ਹੋਇਆ ਸੀ।

25 ਜਦੋਂ ਪਤਰਸ ਨੇ ਘਰ ਅੰਦਰ ਪ੍ਰਵੇਸ਼ ਕੀਤਾ ਤਾਂ ਪਤਰਸ ਨੂੰ ਕੁਰਨੇਲਿਯੁਸ ਮਿਲਿਆ ਅਤੇ ਉਸ ਦੇ ਪੈਰਾਂ ਤੇ ਮੱਥਾ ਟੇਕਿਆ। 26 ਪਰ ਪਤਰਸ ਨੇ ਉਸ ਨੂੰ ਉੱਠਾਇਆ ਅਤੇ ਆਖਿਆ, “ਉੱਠ ਖਲੋ। ਕਿਉਂਕਿ ਮੈਂ ਵੀ ਤੇਰੇ ਵਾਂਗ ਇੱਕ ਸਾਧਾਰਣ ਮਨੁੱਖ ਹੀ ਹਾਂ।” 27 ਉਸ ਦੇ ਨਾਲ ਗੱਲਾਂ ਕਰਦਿਆਂ, ਪਤਰਸ ਨੇ ਘਰ ਵਿੱਚ ਪ੍ਰਵੇਸ਼ ਕੀਤਾ। ਉੱਥੇ ਉਸ ਨੇ ਬਹੁਤ ਸਰਿਆਂ ਨੂੰ ਇਕੱਠੇ ਹੋਏ ਵੇਖਿਆ।

28 ਤਾਂ ਉਸ ਨੇ ਲੋਕਾਂ ਨੂੰ ਕਿਹਾ, “ਕਿ ਤੁਹਾਨੂੰ ਪਤਾ ਹੈ ਕਿ ਯਹੂਦੀਆਂ ਦੀ ਸ਼ਰ੍ਹਾ ਅਨੁਸਾਰ ਇੱਕ ਯਹੂਦੀ ਨੂੰ ਦੂਜੀ ਜਾਤ ਦੇ ਮਨੁੱਖ ਨਾਲ ਸਹਯੋਗੀ ਹੋਣ ਜਾਂ ਮੇਲ-ਮਿਲਾਪ ਕਰਨ ਦੀ ਆਗਿਆ ਨਹੀਂ ਹੈ। ਪਰ ਪਰਮੇਸ਼ੁਰ ਨੇ ਮੈਨੂੰ ਖੁਦ ਇਹ ਪ੍ਰਗਟ ਕੀਤਾ ਹੈ ਕਿ ਮੈਂ ਕਿਸੇ ਵੀ ਮਨੁੱਖ ਨੂੰ ‘ਅਪਵਿੱਤਰ’ ਜਾਂ ‘ਅਸ਼ੁੱਧ’ ਨਾ ਕਹਾਂ। 29 ਇਸੇ ਲਈ ਜਦੋਂ ਇਨ੍ਹਾਂ ਆਦਮੀਆਂ ਨੇ ਮੈਨੂੰ ਇੱਥੇ ਆਉਣ ਲਈ ਕਿਹਾ ਮੈਂ ਆਉਣ ਲਈ ਸਹਿਮਤ ਹੋ ਗਿਆ। ਸੋ ਹੁਣ ਤੁਸੀਂ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਮੈਨੂੰ ਇੱਥੇ ਕਾਹਦੇ ਲਈ ਬੁਲਾਇਆ ਹੈ?”

30 ਕੁਰਨੇਲਿਯੁਸ ਨੇ ਕਿਹਾ, “ਚਾਰ ਦਿਨ ਪਹਿਲਾਂ ਮੈਂ ਆਪਣੇ ਘਰ ਵਿੱਚ ਪ੍ਰਾਰਥਨਾ ਕਰ ਰਿਹਾ ਸਾਂ, ਇਹ ਦੁਪਹਿਰੇ ਤਿੰਨ ਕੁ ਵਜੇ ਦੇ ਆਸ-ਪਾਸ ਦਾ ਵਕਤ ਸੀ। ਅਚਾਨਕ ਇੱਕ ਦੂਤ ਮੇਰੇ ਅੱਗੇ ਆਕੇ ਖੜੋ ਗਿਆ, ਉਸ ਨੇ ਬੜੇ ਚਮਕੀਲੇ ਕੱਪੜੇ ਪਾਏ ਹੋਏ ਸਨ। 31 ਉਸ ਆਦਮੀ ਨੇ ਕਿਹਾ, ‘ਕੁਰਨੇਲਿਯੁਸ, ਪਰਮੇਸ਼ੁਰ ਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਗਰੀਬਾਂ ਨੂੰ ਦਿੱਤੀਆਂ ਤੇਰੀਆਂ ਦਾਤਾਂ ਵੇਖ ਲਈਆਂ ਹਨ। 32 ਇਸ ਲਈ ਯੱਪਾ ਵਿੱਚ ਕੁਝ ਆਦਮੀਆਂ ਨੂੰ ਭੇਜ ਅਤੇ ਪਤਰਸ ਸ਼ਮਊਨ ਨੂੰ ਇੱਥੇ ਆਉਣ ਲਈ ਆਖ। ਪਤਰਸ ਉਸ ਘਰ ਵਿੱਚ ਰਹਿ ਰਿਹਾ ਹੈ ਜਿਸ ਘਰ ਦੇ ਆਦਮੀ ਦਾ ਨਾਂ ਵੀ ਸ਼ਮਊਨ ਹੈ ਜੋ ਚਮੜੇ ਦਾ ਕੰਮ ਕਰਦਾ ਹੈ। ਅਤੇ ਉਸਦਾ ਘਰ ਸਮੁੰਦਰ ਕੰਢੇ ਹੈ।’ 33 ਤਾਂ ਮੈਂ ਉਸੇ ਵਕਤ ਤੈਨੂੰ ਬੁਲਾਉਣ ਲਈ ਇਨ੍ਹਾਂ ਆਦਮੀਆਂ ਨੂੰ ਭੇਜ ਦਿੱਤਾ। ਆਪਣੀ ਮਿਹਰਬਾਨੀ ਸਦਕਾ ਤੂੰ ਇੱਥੇ ਆਇਆ ਹੈਂ। ਹੁਣ ਅਸੀਂ ਸਭ ਇੱਥੇ ਉਹ ਸਭ ਕੁਝ ਸੁਣਨ ਲਈ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਹਾਂ, ਜੋ ਪ੍ਰਭੂ ਨੇ ਤੈਨੂੰ ਆਖਣ ਦਾ ਹੁਕਮ ਦਿੱਤਾ ਹੈ।”

ਪਤਰਸ ਦਾ ਕੁਰਨੇਲਿਯੁਸ ਦੇ ਘਰ ਵਿੱਚ ਉਪਦੇਸ਼ ਦੇਣਾ

34 ਤਦ ਪਤਰਸ ਨੇ ਬੋਲਣਾ ਸ਼ੁਰੂ ਕੀਤਾ, “ਮੈਂ ਸੱਚਮੁੱਚ ਹੁਣ ਸਮਝਿਆ ਹਾਂ ਕਿ ਪਰਮੇਸ਼ੁਰ ਦੀ ਨਜ਼ਰ ਵਿੱਚ ਸਭ ਜੀਅ ਬਰਾਬਰ ਹਨ। 35 ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਵੀ ਉਸ ਤੋਂ ਡਰਦਾ ਹੈ ਅਤੇ ਭਲੇ ਕੰਮ ਕਰਦਾ ਹੈ ਉਹ ਪਰਮੇਸ਼ੁਰ ਨੂੰ ਸਵੀਕਾਰ ਹੁੰਦਾ ਹੈ। 36 ਇਹ ਉਹ ਸੁਨੇਹਾ ਹੈ ਜੋ ਉਸ ਨੇ ਯਹੂਦੀ ਲੋਕਾਂ ਨੂੰ ਭੇਜਿਆ ਸੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਖੁਸ਼ਖਬਰੀ ਭੇਜੀ ਸੀ ਕਿ ਯਿਸੂ ਮਸੀਹ ਦੁਆਰਾ ਸ਼ਾਂਤੀ ਆਈ ਹੈ ਅਤੇ ਯਿਸੂ ਸਭ ਲੋਕਾਂ ਦਾ ਪ੍ਰਭੂ ਹੈ।

37 “ਤੁਹਾਨੂੰ ਪਤਾ ਹੈ ਕਿ ਸਾਰੇ ਯਹੂਦਿਯਾ ਵਿੱਚ ਕੀ ਹੋਇਆ ਸੀ। ਇਸ ਦੀ ਸ਼ੁਰੂਆਤ ਗਲੀਲ ਵਿੱਚ ਯੂਹੰਨਾ ਦੇ ਬਪਤਿਸਮੇ ਬਾਰੇ ਪ੍ਰਚਾਰ ਤੋਂ ਬਾਅਦ ਹੋਈ ਅਤੇ ਇਹ ਸਾਰੇ ਯਹੂਦਿਯਾ ਵਿੱਚ ਫ਼ੈਲ ਗਈ ਸੀ। 38 ਤੁਸੀਂ ਯਿਸੂ ਨਾਸਰੀ ਬਾਰੇ ਜਾਣਦੇ ਹੋ। ਪ੍ਰਭੂ ਪਰਮੇਸ਼ੁਰ ਨੇ ਉਸ ਨੂੰ ਪਵਿੱਤਰ ਆਤਮਾ ਤੇ ਸ਼ਕਤੀ ਦੇਕੇ ਮਸੀਹ ਕੀਤਾ ਸੀ ਅਤੇ ਉਹ ਸਭ ਜਗ਼੍ਹਾ ਜਾਕੇ ਲੋਕਾਂ ਦਾ ਭਲਾ ਕਰਦਾ ਰਿਹਾ। ਯਿਸੂ ਨੇ ਉਨ੍ਹਾਂ ਲੋਕਾਂ ਨੂੰ ਚੰਗਿਆਂ ਕੀਤਾ ਜੋ ਸ਼ੈਤਾਨ ਦੁਆਰਾ ਸਤਾਏ ਹੋਏ ਸਨ। ਇੱਥੋਂ ਪਤਾ ਚੱਲਦਾ ਹੈ ਕਿ ਪਰਮੇਸ਼ੁਰ ਉਸ ਦੇ ਵੱਲ ਸੀ।

39 “ਅਸੀਂ ਉਨ੍ਹਾਂ ਸਭਨਾਂ ਕੰਮਾਂ ਦੇ ਗਵਾਹ ਹਾਂ ਜਿਹੜੇ ਉਸ ਨੇ ਯਹੂਦਿਯਾ ਅਤੇ ਯਰੂਸ਼ਲਮ ਵਿੱਚ ਕੀਤੇ। ਪਰ ਉਨ੍ਹਾਂ ਨੇ ਉਸ ਨੂੰ ਲਕੜੀ ਦੀ ਬਣੀ ਸਲੀਬ ਤੇ ਮੇਖਾਂ ਨਾਲ ਠੋਕ ਦਿੱਤਾ। 40 ਪਰ ਪਰਮੇਸ਼ੁਰ ਨੇ ਉਸਦੀ ਮੌਤ ਤੋਂ ਤੀਜੇ ਦਿਨ ਬਾਅਦ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਉਸ ਨੂੰ ਲੋਕਾਂ ਨੂੰ ਪ੍ਰਗਟਾਇਆ। 41 ਪਰ ਯਿਸੂ ਸਭ ਲੋਕਾਂ ਨੂੰ ਪਰਗਟ ਨਾ ਹੋਇਆ, ਸਿਰਫ਼ ਜਿਹੜੇ ਗਵਾਹ ਸਨ ਜਿਨ੍ਹਾਂ ਨੂੰ ਕਿ ਪਰਮੇਸ਼ੁਰ ਨੇ ਪਹਿਲਾਂ ਤੋਂ ਹੀ ਚੁਣਿਆ ਹੋਇਆ ਸੀ, ਸਿਰਫ਼ ਉਹੀ ਉਸ ਨੂੰ ਵੇਖਣ ਦੇ ਸਮਰੱਥ ਹੋਏ। ਅਸੀਂ ਹੀ ਉਹ ਗਵਾਹ ਹਾਂ। ਜਦੋਂ ਉਹ ਮੁਰਦੇ ਤੋਂ ਜਿਵਾਲਿਆ ਗਿਆ ਸੀ ਤਾਂ ਅਸੀਂ ਉਸ ਨਾਲ ਮਿਲ ਬੈਠਕੇ ਖਾਧਾ ਅਤੇ ਪੀਤਾ।

42 “ਯਿਸੂ ਨੇ ਸਾਨੂੰ ਲੋਕਾਂ ਵਿੱਚ ਪ੍ਰਚਾਰ ਕਰਨ ਨੂੰ ਕਿਹਾ। ਉਸ ਨੇ ਸਾਨੂੰ ਲੋਕਾਂ ਨੂੰ ਇਹ ਦੱਸਣ ਲਈ ਕਿਹਾ ਕਿ ਉਸ ਨੂੰ ਪਰਮੇਸ਼ੁਰ ਦੁਆਰਾ ਉਨ੍ਹਾਂ ਸਾਰਿਆਂ ਲੋਕਾਂ ਉੱਤੇ ਮੁਨਸਫ਼ ਹੋਣ ਲਈ ਚੁਣਿਆ ਗਿਆ ਹੈ, ਭਾਵੇਂ ਉਹ ਲੋਕ ਜਿਉਂਦੇ ਹਨ ਜਾਂ ਮੁਰਦਾ। 43 ਹਰ ਉਹ ਮਨੁੱਖ ਜਿਹੜਾ ਯਿਸੂ ਵਿੱਚ ਨਿਹਚਾ ਰੱਖਦਾ ਹੈ ਉਸ ਨੂੰ ਮੁਆਫ਼ ਕੀਤਾ ਜਾਵੇਗਾ। ਯਿਸੂ ਦੇ ਨਾਂ ਤੇ ਉਸ ਦੇ ਪਾਪ ਖਿਮਾ ਕੀਤੇ ਜਾਣਗੇ। ਸਭ ਨਬੀ ਇਸ ਗੱਲ ਦੀ ਸਾਖੀ ਦਿੰਦੇ ਹਨ।”

ਪਰਾਈਆਂ ਕੌਮਾਂ ਤੇ ਪਵਿੱਤਰ ਆਤਮਾ ਦਾ ਆਉਣਾ

44 ਜਦੋਂ ਪਤਰਸ ਅਜੇ ਬੋਲ ਕਰ ਰਿਹਾ ਸੀ, ਪਵਿੱਤਰ ਆਤਮਾ ਉਨ੍ਹਾਂ ਸਾਰੇ ਲੋਕਾਂ ਉੱਪਰ ਆਇਆ, ਜੋ ਸੰਦੇਸ਼ ਨੂੰ ਸੁਣ ਰਹੇ ਸਨ। 45 ਯਹੂਦੀ ਚੇਲੇ ਜਿਹੜੇ ਪਤਰਸ ਦੇ ਨਾਲ ਆਏ ਸਨ ਇਹ ਵੇਖਕੇ ਹੈਰਾਨ ਹੋ ਗਏ। ਉਹ ਹੈਰਾਨ ਸਨ ਕਿ ਪਵਿੱਤਰ ਆਤਮਾ ਗੈਰ ਯਹੂਦੀਆਂ ਉੱਪਰ ਵੀ ਵਹਾਇਆ ਗਿਆ ਸੀ। 46 ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਨੂੰ ਵਖਰੀਆਂ ਭਾਸ਼ਾਵਾਂ ਵਿੱਚ ਬੋਲਦਿਆਂ ਅਤੇ ਪਰਮੇਸ਼ੁਰ ਦੀ ਉਸਤਤਿ ਕਰਦਿਆਂ ਸੁਣਿਆ ਸੀ। ਤਦ ਪਤਰਸ ਨੇ ਆਖਿਆ, 47 “ਕੀ ਕੋਈ ਵੀ ਇਨ੍ਹਾਂ ਲੋਕਾਂ ਨੂੰ ਪਾਣੀ ਅੰਦਰ ਜਾਣ ਅਤੇ ਬਪਤਿਸਮਾ ਲੈਣ ਤੋਂ ਰੋਕ ਸੱਕਦਾ ਹੈ? ਕਿਉਂ ਕਿ ਉਨ੍ਹਾਂ ਨੇ ਉਵੇਂ ਹੀ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ ਜਿਵੇਂ ਕਿ ਅਸੀਂ ਪ੍ਰਾਪਤ ਕੀਤਾ ਸੀ।” 48 ਇਸ ਲਈ ਪਤਰਸ ਨੇ ਕੁਰਨੇਲਿਯੁਸ ਨੂੰ ਉਸ ਦੇ ਸਾਕ-ਸੰਬੰਧੀਆਂ ਨੂੰ ਉਸ ਦੇ ਦੋਸਤਾਂ ਨੂੰ ਯਿਸੂ ਮਸੀਹ ਦੇ ਨਾਂ ਤੇ ਬਪਤਿਸਮਾ ਲੈਣ ਦਾ ਹੁਕਮ ਦਿੱਤਾ। ਉਸਤੋਂ ਬਾਅਦ ਉੱਥੋਂ ਦੇ ਲੋਕਾਂ ਨੇ ਪਤਰਸ ਨੂੰ ਉੱਥੇ ਕੁਝ ਦਿਨ ਹੋਰ ਰਹਿਣ ਲਈ ਮਿੰਨਤ ਕੀਤੀ।

Punjabi Bible: Easy-to-Read Version (ERV-PA)

2010 by World Bible Translation Center