New Testament in a Year
ਯਿਸੂ ਸਬਤ ਦੇ ਦਿਨ ਦਾ ਪ੍ਰਭੂ ਹੈ(A)
6 ਸਬਤ ਦੇ ਦਿਨ ਯਿਸੂ ਕਣਕ ਦੇ ਖੇਤਾਂ ਵਿੱਚੋਂ ਦੀ ਜਾ ਰਿਹਾ ਸੀ। ਉਸ ਦੇ ਕੁਝ ਚੇਲੇ ਕਣਕ ਦੇ ਸਿੱਟੇ ਤੋੜਕੇ ਆਪਣੇ ਹੱਥਾਂ ਤੇ ਮਲਕੇ ਖਾ ਰਹੇ ਸਨ। 2 ਕੁਝ ਫ਼ਰੀਸੀਆਂ ਨੇ ਕਿਹਾ, “ਤੁਸੀਂ ਇਹ ਕਿਉਂ ਕਰ ਰਹੇ ਹੋ? ਸਬਤ ਦੇ ਦਿਨ ਨੇਮ ਦੇ ਮੁਤਾਬਿਕ ਇੰਝ ਕਰਨ ਦੀ ਇਜਾਜ਼ਤ ਨਹੀਂ ਹੈ।”
3 ਯਿਸੂ ਨੇ ਆਖਿਆ, “ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ, ਜਦੋਂ ਉਹ ਅਤੇ ਉਸ ਦੇ ਸਾਥੀ ਭੁੱਖੇ ਸਨ। 4 ਕੀ ਤੁਸੀਂ ਨਹੀਂ ਪੜ੍ਹਿਆ ਕਿ ਉਹ ਪਰਮੇਸ਼ੁਰ ਦੇ ਘਰ ਵੜਿਆ, ਤੇ ਉਸ ਨੇ ਉਹ ਰੋਟੀ ਚੁੱਕੀ ਜੋ ਕਿ ਪਰਮੇਸ਼ੁਰ ਨੂੰ ਭੇਂਟ ਕੀਤੀ ਗਈ ਸੀ ਕੁਝ ਖੁਦ ਖਾਧੀ ਅਤੇ ਕੁਝ ਉਨ੍ਹਾਂ ਲੋਕਾਂ ਨੂੰ ਦਿੱਤੀ, ਜੋ ਉਸ ਦੇ ਨਾਲ ਸਨ। ਇਹ ਨੇਮ ਦੇ ਵਿਰੁੱਧ ਸੀ ਜਦ ਕਿ ਨੇਮ ਤਾਂ ਇਹੀ ਆਖਦਾ ਹੈ ਕਿ ਕੇਵਲ ਜਾਜਕ ਹੀ ਉਸ ਰੋਟੀ ਦਾ ਸੇਵਨ ਕਰ ਸੱਕਦਾ ਹੈ।” 5 ਤਦ ਯਿਸੂ ਨੇ ਫ਼ਰੀਸੀਆਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।”
ਯਿਸੂ ਸਬਤ ਦੇ ਦਿਨ ਇੱਕ ਆਦਮੀ ਨੂੰ ਰਾਜੀ ਕਰਦਾ ਹੈ(B)
6 ਇੱਕ ਹੋਰ ਸਬਤ ਦੇ ਦਿਨ ਉਹ ਯਹੂਦੀ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇਣ ਲਈ ਗਿਆ। ਉੱਥੇ ਇੱਕ ਆਦਮੀ ਸੀ ਜਿਸਦੇ ਸੱਜੇ ਹੱਥ ਨੂੰ ਅਧਰੰਗ ਸੀ। 7 ਨੇਮ ਦੇ ਉਪਦੇਸ਼ਕ ਅਤੇ ਫ਼ਰੀਸੀ ਇਸ ਉਡੀਕ ਵਿੱਚ ਸਨ ਕਿ ਵੇਖੀਏ ਯਿਸੂ ਇਸ ਨੂੰ ਸਬਤ ਦੇ ਦਿਨ ਰਾਜੀ ਕਰੇਗਾ ਕਿ ਨਹੀਂ। ਉਹ ਚਾਹੁੰਦੇ ਸਨ ਕਿ ਯਿਸੂ ਕੋਈ ਗਲਤ ਕੰਮ ਕਰੇ ਤੇ ਉਹ ਉਸ ਨੂੰ ਦੋਸ਼ੀ ਠਹਿਰਾ ਸੱਕਣ। 8 ਯਿਸੂ ਉਨ੍ਹਾਂ ਦੀਆਂ ਸੋਚਾਂ ਨੂੰ ਜਾਣਦਾ ਸੀ। ਅਤੇ ਉਸ ਨੇ ਉਸ ਮਨੁੱਖ ਨੂੰ ਆਖਿਆ ਜਿਸਦੇ ਹੱਥ ਨੂੰ ਅਧਰੰਗ ਹੋਇਆ ਸੀ, “ਉੱਠ ਅਤੇ ਵਿੱਚਾਲੇ ਆਕੇ ਖੜ੍ਹਾ ਹੋ ਜਾ।” ਤਾਂ ਉਸ ਨੇ ਇੰਝ ਹੀ ਕੀਤਾ। 9 ਤਦ ਯਿਸੂ ਨੇ ਲੋਕਾਂ ਨੂੰ ਪੁੱਛਿਆ, “ਮੈਂ ਤੁਹਾਨੂੰ ਪੁੱਛਦਾ ਹਾਂ ਕਿ ਸਬਤ ਦੇ ਦਿਨ ਕੀ ਕਰਨ ਦੀ ਇਜਾਜ਼ਤ ਹੈ? ਚੰਗਿਆਈ ਕਰਨ ਦੀ ਜਾਂ ਬਦੀ? ਕਿਸੇ ਦੇ ਪ੍ਰਾਣ ਨਸ਼ਟ ਕਰਨ ਦੀ ਜਾਂ ਕਿਸੇ ਦੇ ਪ੍ਰਾਣਾਂ ਨੂੰ ਬਚਾਉਣ ਦੀ?”
10 ਯਿਸੂ ਦੇ ਆਲੇ-ਦੁਆਲੇ ਉਨ੍ਹਾਂ ਸਾਰਿਆਂ ਲੋਕਾਂ ਨੂੰ ਵੇਖਿਆ ਅਤੇ ਬਿਮਾਰ ਆਦਮੀ ਨੂੰ ਆਖਿਆ, “ਮੈਨੂੰ ਆਪਣਾ ਹੱਥ ਵਿਖਾ।” ਜਦ ਉਸ ਅਧਰੰਗੀ ਮਨੁੱਖ ਨੇ ਆਪਣਾ ਹੱਥ ਵਿਖਾਉਣ ਲਈ ਬਾਹਰ ਕੱਢਿਆ ਤਾਂ ਉਹ ਬਿਲਕੁਲ ਠੀਕ ਸੀ। 11 ਤਦ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਇਹ ਵੇਖਕੇ ਬੜੇ ਕਰੋਧ ਵਿੱਚ ਆਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਆਪਾਂ ਯਿਸੂ ਨਾਲ ਕੀ ਕਰੀਏ?”
ਯਿਸੂ ਦਾ ਬਾਰ੍ਹਾਂ ਰਸੂਲਾਂ ਨੂੰ ਚੁਨਣਾ(C)
12 ਉਨ੍ਹੀ ਦਿਨੀ ਯਿਸੂ ਇੱਕ ਪਹਾੜ ਤੇ ਗਿਆ ਅਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਿਆਂ ਸਾਰੀ ਰਾਤ ਬਿਤਾ ਦਿੱਤੀ। 13 ਅਗਲੀ ਸਵੇਰ ਉਸ ਨੇ ਆਪਣੇ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਵਿੱਚੋਂ ਬਾਰ੍ਹਾਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ “ਰਸੂਲ” ਆਖਿਆ। ਉਨ੍ਹਾਂ ਬਾਰ੍ਹਾਂ ਰਸੂਲਾਂ ਦੇ ਨਾਂ ਸਨ:
14 ਸ਼ਮਊਨ (ਜਿਸ ਨੂੰ ਯਿਸੂ ਨੇ ਪਤਰਸ ਨਾਂ ਦਿੱਤਾ)
ਅਤੇ ਉਸਦਾ ਭਰਾ ਅੰਦ੍ਰਿਯਾਸ,
ਯਾਕੂਬ
ਅਤੇ ਯੂਹੰਨਾ,
ਫ਼ਿਲਿਪੁੱਸ
ਅਤੇ ਬਰਥੁਲਮਈ,
15 ਮੱਤੀ,
ਥੋਮਾ
ਅਤੇ ਹਲਫ਼ਈ ਦਾ ਪੁੱਤਰ ਯਾਕੂਬ
ਅਤੇ ਸ਼ਮਊਨ ਜਿਹੜਾ ਜ਼ੇਲੇਤੇਸ ਕਹਾਉਂਦਾ ਸੀ।
16 ਯਾਕੂਬ ਦਾ ਪੁੱਤਰ ਯਹੂਦਾ
ਅਤੇ ਯਹੂਦਾ ਇਸੱਕਰਿਯੋਤੀ (ਇਹ ਉਹੀ ਯਾਕੂਬ ਦਾ ਪੁੱਤਰ ਯਹੂਦਾ ਹੈ ਜੋ ਬਾਦ ਵਿੱਚ ਯਿਸੂ ਨੂੰ ਉਸ ਦੇ ਦੁਸ਼ਮਣਾਂ ਦੇ ਹੱਥ ਫ਼ੜਵਾਉਂਦਾ ਹੈ)।
ਯਿਸੂ ਦਾ ਲੋਕਾਂ ਨੂੰ ਉਪਦੇਸ਼ ਦੇਣਾ ਅਤੇ ਰਾਜੀ ਕਰਨਾ(D)
17 ਯਿਸੂ ਅਤੇ ਰਸੂਲ ਪਹਾੜ ਤੋਂ ਉਤਰ ਕੇ ਇੱਕ ਪਧਰੀ ਜਗ੍ਹਾ ਤੇ ਆਕੇ ਖਲੋਤੇ। ਲੋਕਾਂ ਦਾ ਇੱਕ ਬਹੁਤ ਵੱਡਾ ਸਮੂਹ ਉੱਥੇ ਇਕੱਠਾ ਹੋਇਆ ਸੀ ਜੋ ਕਿ ਸਾਰੇ ਯਹੂਦਿਯਾ, ਯਰੂਸ਼ਲਮ, ਸੂਰ ਅਤੇ ਸੈਦਾ ਦੇ ਸਮੁੰਦਰ ਕੰਢੇ ਦੇ ਸ਼ਹਿਰਾਂ ਤੋਂ ਆਏ ਸਨ। 18 ਉਹ ਸਾਰੇ ਯਿਸੂ ਦੇ ਉਪਦੇਸ਼ ਸੁਨਣ ਅਤੇ ਆਪਣੇ ਰੋਗਾਂ ਤੋਂ ਚੰਗੇ ਹੋਣ ਲਈ ਉਸ ਕੋਲ ਆਏ ਸਨ। ਜਿਹੜੇ ਲੋਕ ਭਰਿਸ਼ਟ ਆਤਮਿਆਂ ਤੋਂ ਪੀੜਿਤ ਸਨ ਉਹ ਵੀ ਰਾਜੀ ਕੀਤੇ ਗਏ। 19 ਸਾਰੇ ਲੋਕ ਯਿਸੂ ਨੂੰ ਛੂਹਣਾ ਚਾਹੁੰਦੇ ਸਨ ਕਿਉਂਕਿ ਉਸ ਵਿੱਚੋਂ ਸ਼ਕਤੀ ਨਿਕਲ ਕੇ ਲੋਕਾਂ ਨੂੰ ਰਾਜੀ ਕਰਦੀ ਸੀ।
20 ਯਿਸੂ ਨੇ ਆਪਣੇ ਚੇਲਿਆਂ ਵੱਲ ਵੇਖਿਆ ਤੇ ਆਖਿਆ,
“ਗਰੀਬ ਲੋਕੋ! ਤੁਸੀਂ ਧੰਨ ਹੋ,
ਕਿਉਂਕਿ ਪਰਮੇਸ਼ੁਰ ਦਾ ਰਾਜ ਤੁਹਾਡਾ ਹੈ।
21 ਤੁਸੀਂ ਜੋ ਹੁਣ ਭੁੱਖੇ ਹੋ,
ਧੰਨ ਹੋ ਕਿਉਂਕਿ ਤੁਹਾਨੂੰ ਸੰਤੁਸ਼ਟ ਕੀਤਾ ਜਾਵੇਗਾ।
ਤੁਸੀਂ ਜੋ ਹੁਣ ਰੋ ਰਹੇ ਹੋ ਧੰਨ ਹੋ
ਕਿਉਂਕਿ ਮਗਰੋਂ ਤੁਸੀਂ ਹੱਸੋਂਗੇ।
22 “ਤੁਸੀਂ ਧੰਨ ਹੋ ਜਦੋਂ ਲੋਕ ਮਨੁੱਖ ਦੇ ਪੁੱਤਰ ਕਾਰਣ ਤੁਹਾਨੂੰ ਨਫ਼ਰਤ ਕਰਨ, ਤਿਆਗਣ, ਬੇਇੱਜਤੀ ਕਰਨ ਅਤੇ ਤੁਹਾਨੂੰ ਦੁਸ਼ਟ ਕਹਿਕੇ ਬੁਲਾਉਣ। 23 ਜਦੋਂ ਇਹ ਵਾਪਰੇ ਤਾਂ ਆਨੰਦ ਨਾਲ ਉਛਲੋ ਕਿਉਂਕਿ ਸੁਰਗ ਵਿੱਚ ਤੁਹਾਡਾ ਫ਼ਲ ਮਹਾਨ ਹੋਵੇਗਾ। ਉਨ੍ਹਾਂ ਦੇ ਪਿਉ-ਦਾਦਿਆਂ ਨੇ ਵੀ ਨਬੀਆਂ ਨਾਲ ਇਵੇਂ ਹੀ ਕੀਤਾ ਸੀ ਜਿਵੇਂ ਉਹ ਤੁਹਾਡੇ ਨਾਲ ਕਰਨਗੇ।
24 “ਤੁਹਾਡੇ ਤੇ ਲਾਹਨਤ, ਅਮੀਰ ਲੋਕੋ,
ਕਿਉਂਕਿ ਤੁਹਾਡੇ ਕੋਲ ਸਭ ਸੁੱਖ ਹਨ।
25 ਤੁਹਾਡੇ ਤੇ ਲਾਹਨਤ, ਜਿਹੜੇ ਹੁਣ ਰੱਜੇ ਹੋਏ ਹੋ
ਮਗਰੋਂ ਤੁਸੀਂ ਭੁੱਖੇ ਰਹੋਂਗੇ।
ਤੁਹਾਡਾ ਬੁਰਾ ਹੋਵੇਗਾ ਜੋ ਹੁਣ ਹੱਸ ਰਹੇ ਹੋ,
ਮਗਰੋਂ ਤੁਸੀਂ ਕੁਰਲਾਉਂਗੇ ਅਤੇ ਅਫ਼ਸੋਸ ਕਰੋਂਗੇ।
26 “ਤੁਹਾਡੇ ਤੇ ਲਾਹਨਤ, ਜਦੋਂ ਸਾਰੇ ਲੋਕਾਂ ਦੁਆਰਾ ਤੁਹਾਡੀ ਉਸਤਤਿ ਹੁੰਦੀ ਹੈ। ਕਿਉਂਕਿ ਉਨ੍ਹਾਂ ਦੇ ਪੁਰਖਿਆਂ ਨੇ ਵੀ ਝੂਠੇ ਨਬੀਆਂ ਨਾਲ ਇਵੇਂ ਹੀ ਕੀਤਾ ਸੀ।
2010 by World Bible Translation Center