New Testament in a Year
21 “ਉਸ ਵਕਤ ਕੁਝ ਲੋਕ ਤੁਹਾਨੂੰ ਇਹ ਵੀ ਆਖਣਗੇ, ‘ਵੇਖੋ! ਮਸੀਹ ਇੱਥੇ ਹੈ’ ਕੁਝ ਹੋਰ ਲੋਕ ਸ਼ਾਇਦ ਇਹ ਵੀ ਆਖਣ, ‘ਉਹ ਉੱਥੇ ਹੈ!’ ਪਰ ਤੁਸੀਂ ਉਨ੍ਹਾਂ ਤੇ ਵਿਸ਼ਵਾਸ ਨਾ ਕਰਨਾ। 22 ਬਹੁਤ ਸਾਰੇ ਝੂਠੇ ਮਸੀਹ ਅਤੇ ਝੂਠੇ ਨਬੀ ਆਉਣਗੇ ਅਤੇ ਕਰਿਸ਼ਮੇ ਅਤੇ ਅਚੰਭੇ ਵਿਖਾਉਣਗੇ ਅਤੇ ਹਰ ਸੰਭਵ ਤਰ੍ਹਾਂ ਨਾਲ ਉਸ ਦੇ ਚੁਣੇ ਹੋਏ ਲੋਕਾਂ ਨੂੰ ਵੀ ਗੁਮਰਾਹ ਕਰਣਗੇ। 23 ਇਸ ਲਈ ਪੂਰੇ ਚੌਕਸ ਰਹਿਣਾ। ਇਸੇ ਲਈ ਸਭ ਕੁਝ ਵਾਪਰਨ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਚੌਕਸ ਕਰ ਦਿੱਤਾ ਹੈ।
24 “ਪਰ ਉਨ੍ਹਾਂ ਦਿਨਾਂ ਦੇ ਕਸ਼ਟਾਂ ਤੋਂ ਬਾਦ,
‘ਸੂਰਜ ਹਨੇਰਾ ਹੋ ਜਾਵੇਗਾ
ਅਤੇ ਚੰਨ ਆਪਣੀ ਚਾਨਣੀ ਗੁਆ ਲਵੇਗਾ।
25 ਤਾਰੇ ਅਕਾਸ਼ ਤੋਂ ਡਿੱਗ ਪੈਣਗੇ
ਅਤੇ ਅਕਾਸ਼ ਵਿੱਚਲੀਆਂ ਸ਼ਕਤੀਆਂ ਹਿੱਲ ਜਾਣਗੀਆਂ।’ [a]
26 “ਤਦ ਲੋਕ ਮਨੁੱਖ ਦੇ ਪੁੱਤਰ ਨੂੰ ਬੱਦਲਾਂ ਵਿੱਚ ਮਹਾਨ ਸ਼ਕਤੀ ਅਤੇ ਮਹਿਮਾ ਨਾਲ ਆਉਂਦਾ ਵੇਖਣਗੇ। 27 ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਧਰਤੀ ਦੇ ਚਾਰੀ ਪਾਸੀਂ ਭੇਜੇਗਾ। ਦੂਤ ਉਸ ਦੇ ਚੁਣੇ ਹੋਇਆਂ ਨੂੰ ਧਰਤੀ ਦੀ ਹਰ ਕੌਮ ਵਿੱਚੋਂ ਇਕੱਠਾ ਕਰਨਗੇ।
28 “ਅੰਜੀਰ ਦਾ ਰੁੱਖ ਸਾਨੂੰ ਇੱਕ ਸਬਕ ਸਿੱਖਾਉਂਦਾ ਹੈ। ਜਦੋਂ ਅੰਜੀਰ ਦੇ ਰੁੱਖ ਦੀਆਂ ਟਹਿਣੀਆਂ ਹਰੀਆਂ ਅਤੇ ਕੋਮਲ ਹੁੰਦੀਆਂ ਹਨ, ਅਤੇ ਨਵੇਂ ਪੱਤੇ ਉੱਗਣੇ ਸ਼ੁਰੂ ਹੁੰਦੇ ਹਨ, ਫ਼ਿਰ ਤੁਸੀਂ ਜਾਣ ਜਾਂਦੇ ਹੋ ਕਿ ਗਰਮੀ ਆਉਣ ਵਾਲੀ ਹੈ। 29 ਇਸੇ ਤਰ੍ਹਾਂ ਤੁਸੀਂ ਜਦੋਂ ਵੇਖੋਂ ਕਿ ਅਜਿਹੀਆਂ ਗੱਲਾਂ ਹੁੰਦੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਹਨ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਮਾਂ ਨੇੜੇ ਹੀ ਨਹੀਂ ਸਗੋਂ ਬੂਹੇ ਉੱਤੇ ਹੈ। 30 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਇਹ ਸਭ ਗੱਲਾਂ ਇਸ ਪੀੜ੍ਹੀ ਦੇ ਜਿਉਂਦੇ ਜੀ ਵਾਪਰਨਗੀਆਂ। 31 ਸਾਰੀ ਦੁਨੀਆਂ, ਅਕਾਸ਼ ਅਤੇ ਧਰਤੀ ਸਭ ਨਸ਼ਟ ਕੀਤੇ ਜਾਣਗੇ। ਪਰ ਮੇਰੇ ਬਚਨ ਕਦੇ ਵੀ ਨਸ਼ਟ ਨਹੀਂ ਹੋਣਗੇ।
32 “ਕੋਈ ਨਹੀਂ, ਨਾ ਸਵਰਗ ਵਿੱਚ ਦੂਤ ਅਤੇ ਨਾ ਹੀ ਪੁੱਤਰ ਹੀ ਇਹ ਜਾਣਦਾ ਕਿ ਉਹ ਵਕਤ ਕਦੋਂ ਆਵੇਗਾ। ਪਰ ਸਿਰਫ਼ ਪਿਤਾ ਜਾਣਦਾ ਹੈ। 33 ਚੌਕਸ ਰਹੋ! ਅਤੇ ਹਰ ਸਮੇਂ ਤਿਆਰ ਰਹੋ! ਪਤਾ ਨਹੀਂ ਉਹ ਘੜੀ ਕਿਸ ਵੇਲੇ ਆ ਜਾਵੇ।
34 “ਇਹ ਜਮਾਂ ਮਨੁੱਖ ਦੀ ਯਾਤਰਾ ਵਾਂਗ ਹੈ। ਉਸ ਨੇ ਆਪਣਾ ਘਰ ਛੱਡਿਆ। ਉਹ ਆਪਣੇ ਘਰ ਦਾ ਧਿਆਨ ਰੱਖਣ ਲਈ ਆਪਣੇ ਨੋਕਰਾਂ ਨੂੰ ਨਿਯੁਕਤ ਕਰਦਾ ਹੈ। ਹਰ ਨੋਕਰ ਨੂੰ ਇੱਕ ਖਾਸ ਕੰਮ ਦਿੱਤਾ ਗਿਆ ਹੈ। ਉਹ ਇੱਕ ਦਰਬਾਨ ਨੂੰ ਦਰਵਾਜ਼ੇ ਤੇ ਨਿਯੁਕਤ ਕਰਦਾ ਹੈ ਅਤੇ ਹਮੇਸ਼ਾ ਪਹਿਰੇਦਾਰੀ ਕਰਦੇ ਰਹਿਣ ਲਈ ਆਖਦਾ ਹੈ। 35 ਇਸ ਲਈ ਤੁਸੀਂ ਹਮੇਸ਼ਾ ਤੱਤਪਰ ਰਹਿਣਾ। ਤੁਸੀਂ ਨਹੀਂ ਜਾਣਦੇ ਕਦੋਂ ਘਰ ਦਾ ਮਾਲਕ ਵਾਪਸ ਮੁੜ ਆਵੇ। ਕੋਈ ਨਹੀਂ ਜਾਣਦਾ ਕਿ ਕੀ ਉਹ ਆਥਣ ਵੇਲੇ ਜਾਂ ਅੱਧੀ ਰਾਤ ਵੇਲੇ ਜਾਂ ਬਹੁਤ ਹੀ ਤੜਕੇ ਜਾਂ ਸੂਰਜ ਚੜ੍ਹ੍ਹਨ ਤੋਂ ਬਾਦ ਆਵੇਗਾ। 36 ਉਹ ਝੱਟ ਹੀ ਵਾਪਸ ਆ ਸੱਕਦਾ ਹੈ। ਜੇਕਰ ਤੁਸੀਂ ਹਮੇਸ਼ਾ ਚੌਕਸ ਰਹੋ ਜਦੋਂ ਉਹ ਆਵੇ ਤਾਂ ਤੁਸੀਂ ਸੁੱਤੇ ਨਾ ਹੋਵੋ। 37 ਮੈਂ ਇਹ ਤੁਹਾਨੂੰ ਵੀ ਅਤੇ ਹਰ ਮਨੁੱਖ ਨੂੰ ਵੀ ਕਹਿੰਦਾ ਹਾਂ ਕਿ ‘ਜਾਗਦੇ ਰਹੋ।’”
2010 by World Bible Translation Center