M’Cheyne Bible Reading Plan
ਦਾਊਦ ਦਾ ਸ਼ਾਊਲ ਨੂੰ ਸ਼ਰਮਿੰਦਾ ਕਰਨਾ
24 ਜਦੋਂ ਸ਼ਾਊਲ ਫ਼ਲਿਸਤਿਆਂ ਦਾ ਪਿੱਛਾ ਕਰਕੇ ਮੁੜ ਪਿਆ ਤਾਂ ਲੋਕਾਂ ਨੇ ਸ਼ਾਊਲ ਨੂੰ ਕਿਹਾ, “ਦਾਊਦ ਹੁਣ ਏਨ-ਗਦੀ ਦੀ ਉਜਾੜ ਵਿੱਚ ਹੈ।”
2 ਤਾਂ ਸ਼ਾਊਲ ਨੇ ਸਾਰੇ ਇਸਰਾਏਲ ਵਿੱਚੋਂ 3,000 ਆਦਮੀ ਚੁਣੇ ਅਤੇ ਉਨ੍ਹਾਂ ਨੂੰ ਨਾਲ ਲੈ ਕੇ ਦਾਊਦ ਅਤੇ ਉਸ ਦੇ ਸਾਥੀਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਦਾਊਦ ਨੂੰ ਜੰਗਲੀ ਬੱਕਰੀਆਂ ਦੀ ਚੱਟਾਨ ਵੱਲ ਲੱਭਿਆ। 3 ਸ਼ਾਊਲ ਦਾਊਦ ਨੂੰ ਲੱਭਦਿਆਂ ਹੋਇਆਂ, ਰਾਹ ਦੇ ਪਾਸੇ ਤੇ ਭੇਡਾਂ ਦੇ ਵਾੜੇ ਕੋਲ ਪਹੁੰਚ ਗਿਆ। ਉੱਥੇ ਕੋਲ ਹੀ ਇੱਕ ਗੁਫ਼ਾ ਸੀ, ਇਸ ਲਈ ਉਹ ਆਰਾਮ ਕਰਨ ਲਈ ਗੁਫ਼ਾ ਅੰਦਰ ਚੱਲਾ ਗਿਆ। ਉੱਥੇ ਉਸੇ ਗੁਫ਼ਾ ਵਿੱਚ ਦਾਊਦ ਅਤੇ ਉਸ ਦੇ ਸਾਥੀ ਲੁਕੇ ਹੋਏ ਸਨ। 4 ਦਾਊਦ ਦੇ ਸਾਥੀਆਂ ਨੇ ਆਖਿਆ, “ਅੱਜ ਹੀ ਉਹ ਦਿਨ ਹੈ ਜਿਸਦੇ ਬਾਰੇ ਯਹੋਵਾਹ ਨੇ ਆਖਿਆ ਸੀ। ਯਹੋਵਾਹ ਨੇ ਤੈਨੂੰ ਕਿਹਾ ਸੀ, ‘ਮੈਂ ਤੇਰੇ ਦੁਸ਼ਮਣ ਤੇਰੇ ਹੱਥ ਦੇਵੇਆਂਗਾ ਫ਼ਿਰ ਤੂੰ ਜੋ ਚਾਹੇਂ ਆਪਣੇ ਦੁਸ਼ਮਣ ਨਾਲ ਕਰੀਂ।’”
ਤਦ ਦਾਊਦ ਰੀਂਗਦਾ-ਰੀਂਗਦਾ ਸ਼ਾਊਲ ਦੇ ਬਹੁਤ ਨੇੜੇ ਆ ਗਿਆ। ਤਦ ਦਾਊਦ ਨੇ ਸ਼ਾਊਲ ਦੇ ਚੋਗੇ ਦੀ ਨੁੱਕਰ ਪਾੜੀ। ਸ਼ਾਊਲ ਨੂੰ ਦਾਊਦ ਨਜ਼ਰ ਨਾ ਆਇਆ। 5 ਬਾਦ ਵਿੱਚ ਦਾਊਦ ਨੂੰ ਸ਼ਾਊਲ ਦੇ ਚੋਗੇ ਦੀ ਨੁੱਕਰ ਕੱਟਣ ਦਾ ਅਫ਼ਸੋਸ ਲੱਗਾ। 6 ਦਾਊਦ ਨੇ ਆਪਣੇ ਸਾਥੀਆਂ ਨੂੰ ਆਖਿਆ, “ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਕਿ ਮੈਂ ਫ਼ਿਰ ਅਜਿਹਾ ਆਪਣੇ ਰਾਜੇ ਨਾਲ ਨਹੀਂ ਕਰਾਂਗਾ। ਉਹ ਯਹੋਵਾਹ ਦੁਆਰਾ ਚੁਣਿਆ ਗਿਆ ਹੈ। ਕਿਉਂ ਕਿ ਉਹ ਚੁਣਿਆ ਹੋਇਆ ਹੈ, ਮੈਂ ਕਦੇ ਵੀ ਉਸ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰਾਂਗਾ।” 7 ਦਾਊਦ ਨੇ ਇਹ ਸਭ ਗੱਲਾਂ ਆਪਣੇ ਸਾਥੀਆਂ ਨੂੰ ਝਿੜਕਣ ਲਈ ਕਹੀਆਂ। ਦਾਊਦ ਨਹੀਂ ਸੀ ਚਾਹੁੰਦਾ ਕਿ ਉਸ ਦੇ ਆਦਮੀ ਸ਼ਾਊਲ ਨੂੰ ਮਾਰਨ।
ਸ਼ਾਊਲ ਗੁਫ਼ਾ ਛੱਡ ਕੇ ਆਪਣੇ ਰਾਹ ਨੂੰ ਹੋਇਆ। 8 ਦਾਊਦ ਗੁਫ਼ਾ ਵਿੱਚੋਂ ਬਾਹਰ ਨਿਕਲਿਆ ਅਤੇ ਸ਼ਾਊਲ ਨੂੰ ਲਲਕਾਰਿਆ, “ਹੇ ਮੇਰੇ ਮਹਾਰਾਜ ਪਾਤਸ਼ਾਹ!”
ਸ਼ਾਊਲ ਵੇਖਣ ਲਈ ਪਿੱਛੇ ਮੁੜਿਆ। ਦਾਊਦ ਉਸ ਨੂੰ ਇੱਜ਼ਤ ਦੇਣ ਲਈ ਧਰਤੀ ਉੱਤੇ ਝੁਕ ਗਿਆ। 9 ਦਾਊਦ ਨੇ ਸ਼ਾਊਲ ਨੂੰ ਕਿਹਾ, “ਤੂੰ ਲੋਕਾਂ ਦੀ ਕਿਉਂ ਸੁਣਦਾ ਹੈਂ ਜਦੋਂ ਉਹ ਤੈਨੂੰ ਇਹ ਆਖਦੇ ਹਨ ਕਿ, ‘ਦਾਊਦ ਤੈਨੂੰ ਮਾਰਨ ਦੀ ਵਿਉਂਤ ਕਰਦਾ ਪਿਆ ਹੈ?’ 10 ਮੈਂ ਤੈਨੂੰ ਦੁੱਖ ਦੇਣਾ ਨਹੀਂ ਚਾਹੁੰਦਾ! ਇਹ ਤੂੰ ਆਪਣੀਆਂ ਅੱਖਾਂ ਨਾਲ ਖੁਦ ਦੇਖ ਸੱਕਦਾ ਹੈ। ਯਹੋਵਾਹ ਨੇ ਤੈਨੂੰ ਅੱਜ ਮੈਨੂੰ ਮਿਲਣ ਦਾ ਮੌਕਾ ਦਿੱਤਾ, ਪਰ ਮੈਂ ਤੈਨੂੰ ਮਾਰਨ ਤੋਂ ਇਨਕਾਰ ਕੀਤਾ। ਮੈਨੂੰ ਤੇਰੇ ਉੱਤੇ ਤਰਸ ਆਇਆ। ਮੈਂ ਕਿਹਾ, ‘ਮੈਂ ਆਪਣੇ ਸੁਆਮੀ ਉੱਤੇ ਘਾਤ ਨਹੀਂ ਕਰਾਂਗਾ। ਸ਼ਾਊਲ ਯਹੋਵਾਹ ਦਾ ਚੁਣਿਆ ਹੋਇਆ ਪਾਤਸ਼ਾਹ ਹੈ।’ 11 ਇਹ ਵੇਖ ਜੋ ਮੇਰੇ ਹੱਥ ਵਿੱਚ ਤੇਰੇ ਚੋਗੇ ਦੀ ਕੰਤਰ ਹੈ, ਮੈਂ ਤੈਨੂੰ ਮਾਰ ਸੱਕਦਾ ਸੀ, ਪਰ ਮੈਂ ਅਜਿਹਾ ਨਾ ਕੀਤਾ। ਹੁਣ ਮੈਂ ਤੈਨੂੰ ਇਹ ਸਮਝਾਉਣਾ ਚਾਹੁੰਦਾ ਹਾਂ ਅਤੇ ਤੈਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਤੇਰੇ ਵਿਰੁੱਧ ਕੋਈ ਚਾਲ ਚੱਲਣ ਦਾ ਵਿੱਚਾਰ ਨਹੀਂ। ਮੈਂ ਤੇਰੇ ਨਾਲ ਕੋਈ ਵੀ ਗਲਤ ਕੰਮ ਨਹੀਂ ਕੀਤਾ ਤੈਨੂੰ ਨੁਕਸਾਨ ਨਹੀਂ ਪਹੁੰਚਾਇਆ। ਪਰ ਤੂੰ ਸ਼ਿਕਾਰੀਆਂ ਵਾਂਗ ਮੇਰਾ ਸ਼ਿਕਾਰ ਕਰਕੇ ਮੈਨੂੰ ਮਾਰਨ ਉੱਤੇ ਤੁਲਿਆ ਹੋਇਆ ਹੈ। 12 ਚੱਲ ਯਹੋਵਾਹ ਨੂੰ ਇਸਦਾ ਨਿਆਂ ਕਰਨ ਦੇ। ਹੋ ਸੱਕਦਾ ਹੈ ਜੋ ਤੂੰ ਮੇਰੇ ਨਾਲ ਮਾੜਾ ਕੀਤਾ ਯਹੋਵਾਹ ਤੈਨੂੰ ਉਸਦਾ ਦੰਡ ਦੇਵੇ ਪਰ ਮੈਂ ਖੁਦ ਤੇਰੇ ਨਾਲ ਨਹੀਂ ਲੜਾਂਗਾ। 13 ਇੱਕ ਪੁਰਾਨੀ ਕਹਾਵਤ ਹੈ ਕਿ,
‘ਬੁਰਿਆਂ ਤੋਂ ਬੁਰਾਈ ਹੀ ਹੁੰਦੀ ਹੈ।’
“ਮੈਂ ਕੁਝ ਵੀ ਤੇਰੇ ਨਾਲ ਮਾੜਾ ਨਹੀਂ ਕੀਤਾ, ਮੈਂ ਬੁਰਾ ਆਦਮੀ ਨਹੀਂ ਹਾਂ। ਮੈਂ ਤੈਨੂੰ ਦੁੱਖ ਨਹੀਂ ਦੇਵਾਂਗਾ। 14 ਇਸਰਾਏਲ ਦਾ ਪਾਤਸ਼ਾਹ ਕਿਸ ਦੇ ਮਗਰ ਲੱਗਾ ਹੋਇਆ ਹੈ ਕਿਸੇ ਦੇ ਖਿਲਾਫ਼ ਲੜ ਰਿਹਾ ਹੈ? ਕੀ ਤੂੰ ਭਲਾ ਇੱਕ ਮੋਏ ਹੋਏ ਕੁੱਤੇ ਜਾਂ ਪਿੱਸੂ ਦਾ ਪਿੱਛਾ ਕਰ ਰਿਹਾ ਹੈ? 15 ਇਸ ਦਾ ਨਿਆਂ ਯਹੋਵਾਹ ਨੂੰ ਹੀ ਕਰਨ ਦੇ। ਉਸ ਨੂੰ ਹੀ ਤੇਰੇ ਅਤੇ ਮੇਰੇ ਵਿੱਚਕਾਰ ਫ਼ੈਸਲਾ ਕਰਨ ਦੇ। ਯਹੋਵਾਹ ਮੇਰੀ ਮਦਦ ਕਰੇਗਾ ਅਤੇ ਇਹ ਸਾਬਿਤ ਕਰੇਗਾ ਕਿ ਮੈਂ ਠੀਕ ਹਾਂ। ਯਹੋਵਾਹ ਤੇਰੇ ਤੋਂ ਮੈਨੂੰ ਬਚਾਵੇਗਾ।”
16 ਜਦੋਂ ਦਾਊਦ ਬੋਲ ਹਟਿਆ ਤਾਂ ਸ਼ਾਊਲ ਨੇ ਕਿਹਾ, “ਦਾਊਦ! ਮੇਰੇ ਪੁੱਤਰ! ਕੀ ਇਹ ਤੂੰ ਆਪਣੀ ਆਵਾਜ਼ ’ਚ ਬੋਲ ਰਿਹਾ ਸੀ?” ਤਦ ਸ਼ਾਊਲ ਨੇ ਰੋਣਾ ਸ਼ੁਰੂ ਕਰ ਦਿੱਤਾ। 17 ਉਹ ਬਹੁਤ ਰੋਇਆ ਅਤੇ ਕਹਿਣ ਲੱਗਾ, “ਹਾਂ ਤੂੰ ਸਹੀ ਸੀ ਅਤੇ ਮੈਂ ਗਲਤ। ਤੂੰ ਤਾਂ ਹਮੇਸ਼ਾ ਮੇਰੇ ਨਾਲ ਭਲਾਈ ਕੀਤੀ ਹੈ ਪਰ ਮੈਂ ਹੀ ਤੇਰੇ ਨਾਲ ਬੁਰਾ ਕਰਦਾ ਰਿਹਾ ਹਾਂ। 18 ਅੱਜ ਤੂੰ ਮੈਨੂੰ ਦੱਸਿਆ ਜੋ ਨੇਕਨਾਮੀਆਂ ਤੂੰ ਮੇਰੇ ਨਾਲ ਕੀਤੀਆਂ। ਯਹੋਵਾਹ ਨੇ ਤੈਨੂੰ ਮੇਰੇ ਸਾਹਮਣੇ ਕਰਕੇ ਮੈਨੂੰ ਤੇਰੇ ਹਵਾਲੇ ਕੀਤਾ, ਪਰ ਤੂੰ ਮੈਨੂੰ ਨਾ ਮਾਰਿਆ। 19 ਇੱਥੋਂ ਪਤਾ ਚੱਲਿਆ ਕਿ ਤੂੰ ਮੇਰਾ ਵੈਰੀ ਨਹੀਂ ਹੈ। ਕੋਈ ਵੀ ਮਨੁੱਖ ਆਪਣੇ ਦੁਸ਼ਮਣ ਨੂੰ ਫ਼ੜਕੇ ਛੱਡਦਾ ਨਹੀਂ। ਉਹ ਆਪਣੇ ਦੁਸ਼ਮਣ ਨਾਲ ਭਲਾਈ ਨਹੀਂ ਕਰਦਾ। ਮੈਂ ਆਸ ਕਰਦਾ ਹਾਂ ਕਿ ਯਹੋਵਾਹ ਤੇਰੀ ਅੱਜ ਦੀ ਇਸ ਭਲਾਈ ਦਾ ਤੈਨੂੰ ਜ਼ਰੂਰ ਇਨਾਮ ਦੇਵੇਗਾ। 20 ਮੈਂ ਜਾਣਦਾ ਹਾਂ ਕਿ ਇਸਰਾਏਲ ਦਾ ਤੂੰ ਨਵਾਂ ਪਾਤਸ਼ਾਹ ਬਣ ਕੇ ਇਸਰਾਏਲ ਉੱਤੇ ਰਾਜ ਕਰੇਂਗਾ। 21 ਹੁਣ ਮੇਰੇ ਨਾਲ ਸੌਂਹ ਚੁੱਕ। ਯਹੋਵਾਹ ਦੇ ਨਾਉਂ ਦੀ ਸੌਂਹ ਚੁੱਕ ਕਿ ਤੂੰ ਮੇਰੇ ਪਿੱਛੇ ਮੇਰੇ ਉੱਤਰਾਧਿਕਾਰੀਆਂ ਦਾ ਨਾਸ਼ ਨਹੀਂ ਕਰੇਂਗਾ ਅਤੇ ਮੇਰੇ ਨਾਮ ਅਤੇ ਮੇਰੇ ਪਿਉ ਦੀ ਅੰਸ਼ ਨੂੰ ਖਤਮ ਨਹੀਂ ਕਰੇਂਗਾ।”
22 ਤਦ ਦਾਊਦ ਨੇ ਸ਼ਾਊਲ ਨੂੰ ਵਚਨ ਕੀਤਾ। ਉਸ ਨੇ ਸੌਂਹ ਚੁੱਕੀ ਕਿ ਉਹ ਸ਼ਾਊਲ ਦੇ ਪਰਿਵਾਰ ਦਾ ਨਾਸ਼ ਨਹੀਂ ਕਰੇਂਗਾ। ਤਦ ਸ਼ਾਊਲ ਘਰ ਨੂੰ ਵਾਪਸ ਪਰਤ ਗਿਆ। ਦਾਊਦ ਅਤੇ ਉਸ ਦੇ ਸਾਥੀ ਕਿਲੇ ਨੂੰ ਪਰਤ ਗਏ।
ਕਲੀਸਿਯਾ ਦੀ ਇੱਕ ਨੈਤਿਕ ਸਮੱਸਿਆ
5 ਲੋਕ ਸੱਚਮੁੱਚ ਆਖ ਰਹੇ ਹਨ ਕਿ ਤੁਹਾਡੇ ਵਿੱਚ ਜਿਨਸੀ ਗੁਨਾਹ ਹੈ। ਅਜਿਹਾ ਜਿਨਸੀ ਗੁਨਾਹ ਉਨ੍ਹਾਂ ਲੋਕਾਂ ਵਿੱਚਕਾਰ ਵੀ ਨਹੀਂ ਹੁੰਦਾ ਜੋ ਅਵਿਸ਼ਵਾਸੀ ਹਨ। ਲੋਕੀਂ ਆਖਦੇ ਹਨ ਕਿ ਕਿਸੇ ਵਿਅਕਤੀ ਨੇ ਆਪਣੇ ਪਿਤਾ ਦੀ ਪਤਨੀ ਨਾਲ ਗੁਨਾਹ ਕੀਤਾ ਹੈ। 2 ਅਤੇ ਫ਼ੇਰ ਵੀ ਤੁਸੀਂ ਆਪਣੇ-ਆਪ ਉੱਤੇ ਘਮੰਡ ਕਰਦੇ ਹੋ। ਤੁਹਾਨੂੰ ਉਦਾਸੀ ਨਾਲ ਭਰੇ ਹੋਣਾ ਚਾਹੀਦਾ ਸੀ। ਤੁਹਾਨੂੰ ਉਸ ਵਿਅਕਤੀ ਨੂੰ, ਜਿਸਨੇ ਅਜਿਹਾ ਗੁਨਾਹ ਕੀਤਾ, ਆਪਣੇ ਭਾਈਚਾਰੇ ਵਿੱਚੋਂ ਕੱਢ ਦੇਣਾ ਚਾਹੀਦਾ ਸੀ। 3 ਮੇਰਾ ਸਰੀਰ ਭਾਵੇਂ ਤੁਹਾਡੇ ਨਾਲ ਨਹੀਂ ਹੈ, ਪਰ ਮੇਰਾ ਆਤਮਾ ਤੁਹਾਡੇ ਨਾਲ ਹੈ। ਅਤੇ ਮੈਂ ਪਹਿਲਾਂ ਹੀ ਉਸ ਵਿਅਕਤੀ ਨੂੰ ਪਰੱਖ ਲਿਆ ਹੈ ਜਿਸਨੇ ਪਾਪ ਕੀਤਾ ਹੈ। ਮੈਂ ਉਸਦਾ ਨਿਰਨਾ ਬੁਲਕੁਲ ਉਸੇ ਤਰ੍ਹਾਂ ਕੀਤਾ ਹੈ ਜਿਵੇਂ ਮੈਂ ਸੱਚਮੁੱਚ ਉੱਥੇ ਹੀ ਸੀ। 4 ਸਾਡੇ ਪ੍ਰਭੂ ਯਿਸੂ ਦੇ ਨਾਮ ਉੱਤੇ ਇੱਕ ਜਗ਼੍ਹਾ ਇਕੱਠੇ ਹੋਵੋ। ਆਤਮਾ ਵਿੱਚ ਮੈਂ ਤੁਹਾਡੇ ਨਾਲ ਹੋਵਾਂਗਾ ਅਤੇ ਸਾਡੇ ਪ੍ਰਭੂ ਯਿਸੂ ਦੀ ਸ਼ਕਤੀ ਵੀ ਤੁਹਾਡੇ ਨਾਲ ਹੋਵੇਗੀ। 5 ਤਾਂ ਇਸ ਵਿਅਕਤੀ ਨੂੰ ਸ਼ੈਤਾਨ ਦੇ ਹਵਾਲੇ ਕਰ ਦਿਉ ਤਾਂ ਜੋ ਇਸ ਦਾ ਪਾਪੀ ਆਪਾ ਨਸ਼ਟ ਕੀਤਾ ਜਾ ਸੱਕੇ। ਫ਼ੇਰ ਨਿਆਂ ਦੇ ਦਿਨ ਉਸ ਦਾ ਆਤਮਾ ਬਚਾਇਆ ਜਾਵੇਗਾ।
6 ਤੁਹਾਡੇ ਲਈ ਸ਼ੇਖੀ ਮਾਰਨੀ ਚੰਗੀ ਨਹੀਂ। ਤੁਸੀਂ ਇਹ ਅਖਾਣ ਸੁਣਿਆ ਹੈ, “ਚੁਟਕੀ ਭਰ ਖਮੀਰ ਨਾਲ ਤੌਣ ਉਫ਼ਣ ਆਉਂਦੀ ਹੈ।” 7 ਸਾਰਾ ਪੁਰਾਣਾ ਖਮੀਰ ਲਾ ਦਿਉ ਤਾਂ ਜੋ ਤੁਸੀਂ ਤਾਜ਼ੇ ਆਟੇ ਦੀ ਤੌਣ ਬਣ ਸੱਕੋਂ। ਤੁਸੀਂ ਸੱਚਮੁੱਚ ਖਮੀਰ ਰਹਿਤ ਪਸਾਹ ਦਾ ਭੋਜਨ ਹੋ। ਹਾਂ, ਮਸੀਹ ਸਾਡਾ ਪਸਾਹ ਦਾ ਲੇਲਾ ਹੈ, ਮਸੀਹ ਪਹਿਲਾਂ ਹੀ ਬਲੀ ਚੜ੍ਹ੍ਹ ਚੁੱਕਿਆ ਹੈ। 8 ਇਸ ਲਈ ਆਓ ਅਸੀਂ ਪਸਾਹ ਦਾ ਭੋਜਨ ਕਰੀਏ, ਪਰ ਉਸ ਰੋਟੀ ਨਾਲ ਨਹੀਂ ਜਿਸ ਉੱਪਰ ਪੁਰਾਣਾ ਖਮੀਰ ਚੜ੍ਹ੍ਹਿਆ ਹੋਇਆ ਹੈ। ਇਹ ਖਮੀਰ ਗੁਨਾਹ ਅਤੇ ਬਦੀ ਦਾ ਖਮੀਰ ਹੈ। ਪਰ ਆਓ, ਅਸੀਂ ਖਮੀਰ ਰਹਿਤ ਰੋਟੀ ਖਾਈਏ। ਇਹ ਚੰਗਿਆਈ ਅਤੇ ਸੱਚ ਦੀ ਰੋਟੀ ਹੈ।
9 ਮੈਂ ਤੁਹਾਨੂੰ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਤੁਹਾਨੂੰ ਉਨ੍ਹਾਂ ਦਾ ਸੰਗ ਨਹੀਂ ਕਰਨਾ ਚਾਹੀਦਾ ਜਿਹੜੇ ਜਿਨਸੀ ਪਾਪ ਕਰਦੇ ਹਨ। 10 ਪਰ ਮੈਂ ਤੁਹਾਨੂੰ ਇਸ ਭਾਵ ਨਾਲ ਨਹੀਂ ਲਿਖਿਆ ਸੀ ਕਿ ਤੁਹਾਨੂੰ ਇਸ ਦੁਨੀਆਂ ਦੇ ਉਨ੍ਹਾਂ ਲੋਕਾਂ ਦਾ ਸੰਗ ਨਹੀਂ ਕਰਨਾ ਚਾਹੀਦਾ ਜੋ ਅਨੈਤਿਕ ਹਨ, ਜੋ ਜਿਨਸੀ ਪਾਪ ਕਰਦੇ ਹਨ, ਜੋ ਖੁਦਗਰਜ਼ ਹਨ, ਜੋ ਦੂਜਿਆਂ ਨੂੰ ਧੋਖਾ ਦਿੰਦੇ ਹਨ, ਜਾਂ ਉਨ੍ਹਾਂ ਨਾਲ ਜੋ ਮੂਰਤੀਆਂ ਦੀ ਉਪਾਸਨਾ ਕਰਦੇ ਹਨ। ਜੇਕਰ ਤੁਸੀਂ ਉਨ੍ਹਾਂ ਤੋਂ ਦੂਰ ਹੋਣਾ ਹੈ ਤਾਂ ਤੁਹਾਨੂੰ ਇਹ ਦੁਨੀਆਂ ਛੱਡਣੀ ਪਵੇਗੀ। 11 ਮੈਂ ਤੁਹਾਨੂੰ ਇਹ ਦੱਸਣ ਲਈ ਲਿਖ ਰਿਹਾ ਹਾਂ ਕਿ ਉਹ ਬੰਦਾ ਜਿਸਦਾ ਤੁਹਾਨੂੰ ਕਦੀ ਸੰਗ ਨਹੀਂ ਕਰਨਾ ਚਾਹੀਦਾ ਉਹ ਅਜਿਹਾ ਹੈ: ਉਹ ਵਿਅਕਤੀ ਜੋ ਆਪਣੇ ਆਪ ਨੂੰ ਈਸਾਈ ਆਖਦਾ ਪਰ ਅਜੇ ਵੀ ਜਿਨਸੀ ਗੁਨਾਹ ਕਰਦਾ, ਜਾਂ ਜੇਕਰ ਉਹ ਖੁਦਗਰਜ਼ ਹੈ, ਜਾਂ ਮੂਰਤੀਆਂ ਦੀ ਉਪਾਸਨਾ ਕਰਦਾ, ਜਾਂ ਦੂਜਿਆਂ ਨੂੰ ਮੰਦੀਆਂ ਗੱਲਾਂ ਬੋਲਦਾ, ਸ਼ਰਾਬੀ ਹੋ ਜਾਂਦਾ ਹੈ, ਜਾਂ ਲੋਕਾਂ ਨੂੰ ਧੋਖਾ ਦਿੰਦਾ, ਤੁਹਾਨੂੰ ਅਜਿਹੇ ਬੰਦੇ ਨਾਲ ਭੋਜਨ ਵੀ ਨਹੀਂ ਕਰਨਾ ਚਾਹੀਦਾ।
12-13 ਉਨ੍ਹਾਂ ਲੋਕਾਂ ਦੀ ਪਰੱਖ ਕਰਨਾ ਮੇਰਾ ਕੰਮ ਨਹੀਂ ਜਿਹੜੇ ਕਲੀਸਿਯਾ ਨਾਲ ਸੰਬੰਧਿਤ ਨਹੀਂ ਹਨ। ਪਰਮੇਸ਼ੁਰ ਉਨ੍ਹਾਂ ਦਾ ਨਿਆਂ ਕਰੇਗਾ। ਤੁਹਾਨੂੰ ਉਨ੍ਹਾਂ ਲੋਕਾਂ ਦੀ ਪਰੱਖ ਕਰਨੀ ਚਾਹੀਦੀ ਹੈ ਜਿਹੜੇ ਕਲੀਸਿਯਾ ਨਾਲ ਸੰਬੰਧਿਤ ਹਨ। ਪੋਥੀਆਂ ਆਖਦੀਆਂ ਹਨ, “ਦੁਸ਼ਟ ਬੰਦੇ ਨੂੰ ਆਪਣੇ ਭਾਈਚਾਰੇ ਵਿੱਚੋਂ ਕੱਢ ਦਿਉ।” [a]
3 ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਜੋ ਤੂੰ ਦੇਖਦਾ ਹੈਂ ਉਸ ਨੂੰ ਖਾ ਜਾ। ਇਸ ਪੱਤਰੀ ਨੂੰ ਖਾ ਜਾ, ਅਤੇ ਫ਼ੇਰ ਜਾਕੇ ਇਹ ਗੱਲਾਂ ਇਸਰਾਏਲ ਦੇ ਪਰਿਵਾਰ ਨੂੰ ਦੱਸ।”
2 ਇਸ ਲਈ ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਪੱਤਰੀ ਨੂੰ ਆਪਣੇ ਮੂੰਹ ਵਿੱਚ ਰੱਖ ਲਿਆ। 3 ਫ਼ੇਰ ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਮੈਂ ਤੈਨੂੰ ਇਹ ਪੱਤਰੀ ਦੇ ਰਿਹਾ ਹਾਂ। ਇਸ ਨੂੰ ਨਿਗਲ ਲੈ! ਇਸ ਪੱਤਰੀ ਨੂੰ ਆਪਣੇ ਸ਼ਰੀਰ ਵਿੱਚ ਭਰ ਜਾਣ ਦੇ।”
ਇਸ ਲਈ ਮੈਂ ਪੱਤਰੀ ਖਾ ਲਈ। ਇਹ ਮੇਰੇ ਮੂੰਹ ਵਿੱਚ ਸ਼ਹਿਦ ਵਰਗੀ ਮਿੱਠੀ ਲਗੀ ਸੀ।
4 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਿਵਾਰ ਵੱਲ ਜਾ। ਉਨ੍ਹਾਂ ਨੂੰ ਮੇਰੇ ਸ਼ਬਦ ਸੁਣਾ। 5 ਮੈਂ ਤੈਨੂੰ ਕਿਸੇ ਵਿਦੇਸ਼ੀਆਂ ਕੋਲ ਨਹੀਂ ਭੇਜ ਰਿਹਾ ਜਿਹੜੇ ਤੈਨੂੰ ਸਮਝ ਨਹੀਂ ਸੱਕਦੇ। ਤੈਨੂੰ ਕਿਸੇ ਹੋਰ ਭਾਸ਼ਾ ਨੂੰ ਸਿੱਖਣ ਦੀ ਲੋੜ ਨਹੀਂ! ਮੈਂ ਤੈਨੂੰ ਇਸਰਾਏਲ ਦੇ ਪਰਿਵਾਰ ਵੱਲ ਭੇਜ ਰਿਹਾ ਹਾਂ! 6 ਮੈਂ ਤੈਨੂੰ ਉਨ੍ਹਾਂ ਭਿੰਨ-ਭਿੰਨ ਦੇਸਾਂ ਵੱਲ ਨਹੀਂ ਭੇਜ ਰਿਹਾ ਜਿੱਥੇ ਲੋਕ ਅਜਿਹੀ ਭਾਸ਼ਾ ਬੋਲਦੇ ਨੇ ਜਿਸ ਨੂੰ ਤੂੰ ਸਮਝ ਨਹੀਂ ਸੱਕਦਾ। ਜੇ ਤੂੰ ਉਨ੍ਹਾਂ ਲੋਕਾਂ ਕੋਲ ਜਾ ਕੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਹ ਤੇਰੀ ਆਖੀ ਹੋਈ ਗੱਲ ਨੂੰ ਨਹੀਂ ਸੁਣਨਗੇ। 7 ਨਹੀਂ! ਮੈਂ ਤੈਨੂੰ ਇਸਰਾਏਲ ਦੇ ਪਰਿਵਾਰ ਵੱਲ ਭੇਜ ਰਿਹਾ ਹਾਂ। ਸਿਰਫ਼, ਉਨ੍ਹਾਂ ਲੋਕਾਂ ਦੇ ਦਿਲ ਹੀ ਸਖਤ ਹਨ-ਉਹ ਬਹੁਤ ਜ਼ਿੱਦੀ ਨੇ। ਅਤੇ ਇਸਰਾਏਲ ਦੇ ਲੋਕ ਤੈਨੂੰ ਸੁਣਨ ਤੋਂ ਇਨਕਾਰ ਕਰਨਗੇ। ਉਹ ਮੈਨੂੰ ਸੁਣਨਾ ਨਹੀਂ ਚਾਹੁੰਦੇ? 8 ਪਰ ਮੈਂ ਤੈਨੂੰ ਉਨ੍ਹਾਂ ਜਿੰਨਾ ਹੀ ਜ਼ਿੱਦੀ ਬਣਾ ਦਿਆਂਗਾ। ਤੇਰਾ ਸਿਰ ਵੀ ਉਨ੍ਹਾਂ ਵਰਗਾ ਹੀ ਪੱਕਾ ਹੋਵੇਗਾ! 9 ਹੀਰਾ ਪੱਥਰ ਨਾਲੋਂ ਸਖਤ ਹੁੰਦਾ ਹੈ। ਇਸੇ ਤਰ੍ਹਾਂ ਤੇਰਾ ਸਿਰ ਉਨ੍ਹਾਂ ਦੇ ਸਿਰ ਨਾਲੋਂ ਪਕੇਰਾ ਹੋਵੇਗਾ! ਤੂੰ ਹੋਰ ਵੱਧੇਰੇ ਜ਼ਿੱਦੀ ਹੋਵੇਂਗਾ, ਇਸ ਲਈ ਤੂੰ ਉਨ੍ਹਾਂ ਲੋਕਾਂ ਤੋਂ ਭੈਭੀਤ ਨਹੀਂ ਹੋਵੇਂਗਾ। ਤੂੰ ਉਨ੍ਹਾਂ ਲੋਕਾਂ ਤੋਂ ਭੈਭੀਤ ਨਹੀਂ ਹੋਵੇਂਗਾ ਜਿਹੜੇ ਹਮੇਸ਼ਾ ਮੇਰੇ ਖਿਲਾਫ਼ ਹੋ ਜਾਂਦੇ ਨੇ।”
10 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਤੈਨੂੰ ਉਨ੍ਹਾਂ ਸਾਰੇ ਸ਼ਬਦਾਂ ਨੂੰ ਜ਼ਰੂਰ ਸੁਣਨਾ ਚਾਹੀਦਾ ਹੈ ਜੋ ਮੈਂ ਤੈਨੂੰ ਆਖਦਾ ਹਾਂ। ਅਤੇ ਤੈਨੂੰ ਉਨ੍ਹਾਂ ਸ਼ਬਦਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ। 11 ਫ਼ੇਰ ਆਪਣੇ ਉਨ੍ਹਾਂ ਸਾਰੇ ਲੋਕਾਂ ਕੋਲ ਜਾ ਜਿਨ੍ਹਾਂ ਨੂੰ ਦੇਸ ਨਿਕਾਲਾ ਮਿਲਿਆ ਹੋਇਆ ਹੈ। ਉਨ੍ਹਾਂ ਕੋਲ ਜਾ ਤੇ ਆਖ, ‘ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਆਖਦਾ ਹੈ।’ ਭਾਵੇਂ ਉਹ ਸੁਣਨ ਜਾਂ ਨਾ ਸੁਣਨ, ਤੈਨੂੰ ਇਹ ਗੱਲਾਂ ਜ਼ਰੂਰ ਆਖਣੀਆਂ ਚਾਹੀਦੀਆਂ ਹਨ।”
12 ਫ਼ੇਰ ਹਵਾ ਨੇ ਮੈਨੂੰ ਉੱਪਰ ਚੁੱਕਿਆ ਅਤੇ ਮੈਂ ਆਪਣੇ ਪਿੱਛੇ ਇਹ ਆਵਾਜ਼ ਸੁਣੀ। ਇਹ ਬਹੁਤ ਉੱਚੀ, ਗੜਗੜਾਹਟ ਵਾਂਗ ਸੀ। ਉਸ ਨੇ ਆਖਿਆ, “ਉਸਦੀ ਜਗ੍ਹਾ ਤੋਂ ਯਹੋਵਾਹ ਦੇ ਪਰਤਾਪ ਦੀ ਉਸਤਤ ਹੋਵੇ!” 13 ਫ਼ੇਰ ਜਾਨਵਰਾਂ ਦੇ ਖੰਭ ਹਿੱਲਣ ਲੱਗ ਪਏ। ਖੰਭਾਂ ਨੇ ਬਹੁਤ ਉੱਚੀ ਆਵਾਜ਼ ਕੀਤੀ ਜਦੋਂ ਉਹ ਇੱਕ ਦੂਜੇ ਨਾਲ ਵੱਜੇ। ਅਤੇ ਉਨ੍ਹਾਂ ਦੇ ਸਾਹਮਣੇ ਦੇ ਪਹੀਆਂ ਨੇ ਉੱਚਾ ਸ਼ੋਰ ਕਰਨਾ ਆਰੰਭ ਕਰ ਦਿੱਤਾ-ਇਹ ਗੜਗੜਾਹਟ ਜਿੰਨਾ ਉੱਚਾ ਸੀ। 14 ਹਵਾ ਨੇ ਮੈਨੂੰ ਚੁੱਕਿਆ ਤ੍ਤੇ ਮੈਨੂੰ ਦੂਰ ਲੈ ਗਈ। ਮੈਂ ਉਸ ਥਾਂ ਨੂੰ ਛੱਡ ਦਿੱਤਾ, ਮੈਂ ਬਹੁਤ ਗ਼ਮਗੀਨ ਸਾਂ ਅਤੇ ਮੇਰੇ ਆਤਮੇ ਵਿੱਚ ਬਹੁਤ ਤੜਪ ਸੀ। ਪਰ ਮੈਂ ਯਹੋਵਾਹ ਦੀ ਸ਼ਕਤੀ ਨੂੰ ਆਪਣੇ ਉੱਪਰ ਬੜੀ ਮਜ਼ਬੂਤੀ ਨਾਲ ਪਾਇਆ। 15 ਮੈਂ ਇਸਰਾਏਲ ਦੇ ਉਨ੍ਹਾਂ ਲੋਕਾਂ ਕੋਲ ਗਿਆ ਜਿਨ੍ਹਾਂ ਨੂੰ ਕਬਾਰ ਨਦੀ ਕੰਢੇ ਤੇ ਤੇਲ ਆਬੀਬ ਵਿੱਚ ਰਹਿਣ ਲਈ ਮਜ਼ਬੂਰ ਕੀਤਾ ਗਿਆ ਸੀ। ਮੈਂ ਉਨ੍ਹਾਂ ਕੋਲ ਸੱਤ ਦਿਨ ਤੱਕ ਹੈਰਾਨ ਪਰੇਸ਼ਾਨ ਅਤੇ ਖਾਮੋਸ਼ ਬੈਠਾ ਰਿਹਾ।
ਇਸਰਾਏਲ ਦਾ ਪਹਿਰੇਦਾਰ
16 ਸੱਤ ਦਿਨਾਂ ਮਗਰੋਂ, ਮੇਰੇ ਕੋਲ ਯਹੋਵਾਹ ਦਾ ਸ਼ਬਦ ਆਇਆ। ਉਸ ਨੇ ਆਖਿਆ, 17 “ਆਦਮੀ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦਾ ਇੱਕ ਪਹਿਰੇਦਾਰ ਬਣਾ ਰਿਹਾ ਹਾਂ। ਮੈਂ ਤੈਨੂੰ ਉਹ ਗੱਲਾਂ ਦੱਸਾਂਗਾ ਜਿਹੜੀਆਂ ਉਨ੍ਹਾਂ ਨਾਲ ਵਾਪਰਨਗੀਆਂ। ਅਤੇ ਤੈਨੂੰ ਉਨ੍ਹਾਂ ਗੱਲਾਂ ਬਾਰੇ ਇਸਰਾਏਲ ਨੂੰ ਚੇਤਾਵਨੀ ਜ਼ਰੂਰ ਕਰਨੀ ਚਾਹੀਦੀ ਹੈ। 18 ਜੇ ਮੈਂ ਇਹ ਆਖਾਂ, ‘ਇਹ ਬੁਰਾ ਆਦਮੀ ਅਵੱਸ਼ ਮਰੇਗਾ!’ ਤਾਂ ਫ਼ੇਰ ਤੈਨੂੰ ਉਸ ਨੂੰ ਚੇਤਾਵਨੀ ਜ਼ਰੂਰ ਕਰਨੀ ਚਾਹੀਦੀ ਹੈ! ਤੈਨੂੰ ਉਸ ਨੂੰ ਆਪਣੀ ਜ਼ਿੰਦਗੀ ਨੂੰ ਤਬਦੀਲ ਕਰਨ ਬਾਰੇ ਅਤੇ ਪਾਪਾਂ ਤੋਂ ਹਟਣ ਬਾਰੇ ਜ਼ਰੂਰ ਆਖਣਾ ਚਾਹੀਦਾ ਹੈ। ਜੇ ਤੂੰ ਉਸ ਬੰਦੇ ਨੂੰ ਚੇਤਾਵਨੀ ਨਹੀਂ ਦੇਵੇਂਗਾ ਤਾਂ ਉਹ ਜ਼ਰੂਰ ਮਰੇਗਾ। ਉਹ ਇਸ ਲਈ ਮਰੇਗਾ ਕਿਉਂ ਕਿ ਉਸ ਨੇ ਪਾਪ ਕੀਤਾ ਸੀ। ਪਰ ਮੈਂ ਤੈਨੂੰ ਵੀ ਉਸਦੀ ਮੌਤ ਦਾ ਜ਼ਿੰਮੇਵਾਰ ਠਹਿਰਾਵਾਂਗਾ! ਕਿਉਂ ਕਿ ਤੂੰ ਉਸ ਕੋਲ ਨਹੀਂ ਗਿਆ ਸੀ ਅਤੇ ਉਸ ਦੀ ਜਾਨ ਨਹੀਂ ਬਚਾਈ ਸੀ।
19 “ਸ਼ਾਇਦ ਤੂੰ ਕਿਸੇ ਬੰਦੇ ਨੂੰ ਚੇਤਾਵਨੀ ਦੇਵੇਂ ਅਤੇ ਉਸ ਨੂੰ ਆਪਣਾ ਜੀਵਨ ਬਦਲਣ ਲਈ ਆਖੇਁ, ਅਤੇ ਮੰਦੀਆਂ ਗੱਲਾਂ ਕਰਨ ਤੋਂ ਹਟਾਵੇਂ। ਜੇ ਉਹ ਬੰਦਾ ਤੈਨੂੰ ਸੁਣਨ ਤੋਂ ਇਨਕਾਰ ਕਰਦਾ ਹੈ, ਤਾਂ ਉਹ ਬੰਦਾ ਮਰੇਗਾ। ਉਹ ਇਸ ਲਈ ਮਰੇਗਾ ਕਿਉਂ ਕਿ ਉਸ ਨੇ ਪਾਪ ਕੀਤਾ ਸੀ। ਪਰ ਤੂੰ ਉਸ ਨੂੰ ਚੇਤਾਵਨੀ ਦਿੱਤੀ ਸੀ, ਇਸ ਲਈ ਤੂੰ ਆਪਣੀ ਜ਼ਿੰਦਗੀ ਬਚਾ ਲਈ।
20 “ਜਾਂ ਇੱਕ ਨੇਕ ਬੰਦਾ ਨੇਕ ਹੋਣਾ ਛੱਡ ਦੇਵੇ। ਹੋ ਸੱਕਦਾ ਕਿ ਮੈਂ ਉਸ ਅੱਗੇ ਕੁਝ ਅਜਿਹਾ ਰੱਖਾਂ ਜੋ ਉਸ ਨੂੰ ਪਾਪ ਵੱਲ ਲੈ ਜਾਵੇ। ਉਹ ਮੰਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇਵੇਗਾ ਅਤੇ ਇਸ ਲਈ ਉਹ ਮਰ ਜਾਵੇਗਾ। ਉਹ ਇਸ ਲਈ ਮਰੇਗਾ ਕਿਉਂ ਕਿ ਉਹ ਪਾਪ ਕਰ ਰਿਹਾ ਹੈ ਅਤੇ ਤੂੰ ਉਸ ਨੂੰ ਚੇਤਾਵਨੀ ਨਹੀਂ ਦਿੱਤੀ ਸੀ। ਮੈਂ ਤੈਨੂੰ ਉਸਦੀ ਮੌਤ ਲਈ ਜ਼ਿੰਮੇਵਾਰ ਠਹਿਰਾਵਾਂਗਾ ਅਤੇ ਲੋਕ ਉਸ ਦੇ ਕੀਤੇ ਨੇਕ ਕੰਮਾਂ ਨੂੰ ਯਾਦ ਨਹੀਂ ਕਰਨਗੇ।
21 “ਪਰ ਜੇ ਤੂੰ ਕਿਸੇ ਨੇਕ ਬੰਦੇ ਨੂੰ ਚੇਤਾਵਨੀ ਦੇਵੇਂ ਅਤੇ ਉਸ ਨੂੰ ਪਾਪ ਕਰਨ ਤੋਂ ਹਟ ਜਾਣ ਲਈ ਆਖੇਂ ਅਤੇ ਉਹ ਪਾਪ ਕਰਨੋ ਹਟ ਜਾਵੇ, ਤਾਂ ਉਹ ਨਹੀਂ ਮਰੇਗਾ। ਕਿਉਂ ਕਿ ਤੂੰ ਉਸ ਨੂੰ ਚੇਤਾਵਨੀ ਦਿੱਤੀ ਅਤੇ ਉਸ ਨੇ ਤੇਰੀ ਗੱਲ ਸੁਣੀ। ਇਸ ਤਰ੍ਹਾਂ ਤੂੰ ਆਪਣੀ ਜ਼ਿੰਦਗੀ ਵੀ ਬਚਾ ਲਈ।”
22 ਯਹੋਵਾਹ ਦੀ ਸ਼ਕਤੀ ਮੇਰੇ ਕੋਲ ਆਈ। ਉਸ ਨੇ ਮੈਨੂੰ ਆਖਿਆ, “ਉੱਠ ਅਤੇ ਵਾਦੀ ਵਿੱਚ ਜਾ। ਮੈਂ ਤੇਰੇ ਨਾਲ ਉਸ ਥਾਂ ਗੱਲ ਕਰਾਂਗਾ।”
23 ਇਸ ਲਈ ਮੈਂ ਉੱਠਿਆ ਅਤੇ ਵਾਦੀ ਨੂੰ ਚੱਲਾ ਗਿਆ। ਓੱਥੇ ਯਹੋਵਾਹ ਦਾ ਪਰਤਾਪ ਸੀ-ਬਿਲਕੁਲ ਉਵੇਂ ਦਾ ਜਿਹੋ ਜਿਹਾ ਮੈਂ ਕਬਾਰ ਨਹਿਰ ਕੋਲ ਵੇਖਿਆ ਸੀ। ਇਸ ਲਈ ਮੈਂ ਧਰਤੀ ਵੱਲ ਸਿਰ ਝੁਕਾਇਆ। 24 ਪਰ ਇੱਕ ਹਵਾ ਵਗੀ ਅਤੇ ਮੈਨੂੰ ਚੁੱਕ ਕੇ ਪੈਰਾ ਤੇ ਖੜ੍ਹਾ ਕਰ ਦਿੱਤਾ। ਉਸ ਨੇ ਮੈਨੂੰ ਆਖਿਆ, “ਘਰ ਜਾ ਅਤੇ ਆਪਣੇ-ਆਪ ਨੂੰ ਘਰ ਵਿੱਚ ਬੰਦ ਕਰ ਲੈ। 25 ਆਦਮੀ ਦੇ ਪੁੱਤਰ, ਲੋਕ ਰੱਸੇ ਲੈ ਕੇ ਆਉਣਗੇ ਅਤੇ ਤੈਨੂੰ ਬੰਨ੍ਹ ਲੈਣਗੇ। ਉਹ ਤੈਨੂੰ ਲੋਕਾਂ ਵਿੱਚ ਬਾਹਰ ਨਹੀਂ ਜਾਣ ਦੇਣਗੇ। 26 ਮੈਂ ਤੇਰੀ ਜ਼ਬਾਨ ਨੂੰ ਤਾਲੂ ਨਾਲ ਚਿਪਕਾ ਦਿਆਂਗਾ-ਤੂੰ ਗੱਲ ਨਹੀਂ ਕਰ ਸੱਕੇਂਗਾ। ਇਸ ਲਈ ਉਨ੍ਹਾਂ ਲੋਕਾਂ ਕੋਲ ਕੋਈ ਵੀ ਅਜਿਹਾ ਬੰਦਾ ਨਹੀਂ ਹੋਵੇਗਾ ਜਿਹੜਾ ਉਨ੍ਹਾਂ ਨੂੰ ਇਹ ਸਿੱਖਾਵੇ ਕਿ ਉਹ ਗ਼ਲਤ ਕੰਮ ਕਰ ਰਹੇ ਹਨ। ਕਿਉਂ? ਕਿਉਂ ਕਿ ਉਹ ਲੋਕ ਹਮੇਸ਼ਾ ਮੇਰੇ ਵਿਰੁੱਧ ਹੋ ਜਾਂਦੇ ਹਨ। 27 ਪਰ ਮੈਂ ਤੇਰੇ ਨਾਲ ਗੱਲ ਕਰਾਂਗਾ। ਅਤੇ ਫ਼ੇਰ ਮੈਂ ਤੈਨੂੰ ਬੋਲਣ ਦੀ ਇਜਾਜ਼ਤ ਦਿਆਂਗਾ। ਪਰ ਤੂੰ ਉਨ੍ਹਾਂ ਨੂੰ ਇਹ ਜ਼ਰੂਰ ਆਖੀਂ, ‘ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਆਖਦਾ ਹੈ।’ ਜੇ ਕੋਈ ਬੰਦਾ ਸੁਣਨਾ ਚਾਹੁੰਦਾ ਹੈ, ਤਾਂ ਚੰਗੀ ਗੱਲ ਹੈ। ਜੇ ਕੋਈ ਬੰਦਾ ਨਹੀਂ ਸੁਣਨਾ ਚਾਹੁੰਦਾ, ਤਾਂ ਵੀ ਚੰਗੀ ਗੱਲ ਹੈ। ਪਰ ਉਹ ਲੋਕ ਹਮੇਸ਼ਾ ਮੇਰੇ ਵਿਰੁੱਧ ਹੋ ਜਾਂਦੇ ਹਨ।
ਨਿਰਦੇਸ਼ਕ ਲਈ, ਯਦੂਥੂਨ ਨੂੰ। ਦਾਊਦ ਦਾ ਇੱਕ ਗੀਤ।
39 ਮੈਂ ਆਖਿਆ, “ਮੈਂ ਉਨ੍ਹਾਂ ਗੱਲਾਂ ਦਾ ਧਿਆਨ ਰੱਖਾਂਗਾ ਜੋ ਮੈਂ ਆਖਾਂਗਾ।
ਮੈਂ ਆਪਣੀ ਜ਼ੁਬਾਨ ਨੂੰ, ਮੈਥੋਂ ਪਾਪ ਕਰਾਉਣ ਦਾ ਕਾਰਣ ਨਹੀਂ ਬਣਨ ਦੇਵਾਂਗਾ।
ਮੈਂ ਆਪਣਾ ਮੂੰਹ ਬੰਦ ਰੱਖਾਂਗਾ ਜਦੋਂ ਮੈਂ ਦੁਸ਼ਟ ਲੋਕਾਂ ਦੁਆਰਾ ਘਿਰਿਆ ਹੋਵਾਂਗਾ।”
2 ਇਸ ਲਈ ਮੈਂ ਕੁਝ ਵੀ ਨਹੀਂ ਆਖਿਆ।
ਮੈਂ ਤਾਂ ਕੋ ਚੰਗੀ ਗੱਲ ਵੀ ਨਹੀਂ ਆਖੀ।
ਪਰ ਮੈਂ ਹੋਰ ਵੀ ਪਰੇਸ਼ਾਨ ਹੋ ਗਿਆ।
3 ਮੈਂ ਬਹੁਤ ਕ੍ਰੋਧ ਵਿੱਚ ਸਾਂ।
ਅਤੇ ਮੈਂ ਜਿੰਨਾ ਵੀ ਇਸ ਬਾਰੇ ਸੋਚਿਆ,
ਮੈਂ ਹੋਰ ਕ੍ਰੋਧਵਾਨ ਹੋ ਗਿਆ। ਇਸ ਲਈ ਮੈਂ ਕੁਝ ਆਖਿਆ।
4 ਯਹੋਵਾਹ, ਮੈਨੂੰ ਦੱਸੋ, ਹੁਣ ਮੇਰੇ ਨਾਲ ਕੀ ਹੋਵੇਗਾ?
ਮੈਨੂੰ ਦੱਸੋ, ਮੈਂ ਕਿੰਨਾ ਕੁ ਚਿਰ ਜੀਵਾਂਗਾ?
ਮੈਨੂੰ ਜਾਣ ਲੈਣ ਦਿਉ, ਅਸਲ ਵਿੱਚ ਮੇਰੀ ਉਮਰ ਕਿੰਨੀ ਛੋਟੀ ਹੈ।
5 ਹੇ ਯਹੋਵਾਹ, ਤੁਸੀਂ ਮੈਨੂੰ ਜ਼ਿੰਦਗੀ ਦਾ ਸਿਰਫ਼ ਇੱਕ ਛੋਟਾ ਜਿਹਾ ਪਲ ਪ੍ਰਦਾਨ ਕੀਤਾ ਹੈ।
ਤੁਹਾਡੇ ਮੁਕਾਬਲੇ, ਮੇਰੀ ਥੋੜੀ ਜਿਹੀ ਉਮਰ ਕੁਝ ਵੀ ਨਹੀਂ।
ਹਰ ਬੰਦੇ ਦਾ ਜੀਵਨ ਸਿਰਫ਼ ਬੱਦਲ ਵਰਗਾ ਹੈ।
ਜਿਹੜਾ ਛੇਤੀ ਹੀ ਉੱਡ ਜਾਂਦਾ ਹੈ, ਕੋਈ ਵੀ ਬੰਦਾ ਸਦਾ ਲਈ ਨਹੀਂ ਰਹਿੰਦਾ।
6 ਸਾਡਾ ਜੀਵਨ, ਸ਼ੀਸ਼ੇ ਵਿੱਚਲੇ ਇੱਕ ਅਕਸ ਵਰਗਾ ਹੈ।
ਅਸੀਂ ਜੀਵਨ ਵਿੱਚ ਚੀਜ਼ਾਂ ਪਿੱਛੇ ਭੱਜਦੇ ਹਾਂ
ਪਰ ਜਾਣਦੇ ਨਹੀਂ ਕਿ ਸਾਡੇ ਮਰਨ ਪਿੱਛੋਂ ਉਨ੍ਹਾਂ ਨੂੰ ਕੌਣ ਹਾਸਿਲ ਕਰੇਗਾ।
7 ਇਸੇ ਲਈ, ਮੇਰੇ ਮਾਲਕ, ਮੇਰੇ ਕੋਲ ਕੀ ਆਸ ਹੈ?
ਤੁਸੀਂ ਹੀ ਮੇਰੀ ਆਸ ਹੋ।
8 ਯਹੋਵਾਹ, ਮੈਨੂੰ ਉਨ੍ਹਾਂ ਮੰਦੇ ਕੰਮਾਂ ਤੋਂ ਬਚਾਉ ਜਿਹੜੇ ਮੈਂ ਕੀਤੇ ਸਨ।
ਮੇਰੇ ਨਾਲ ਦੁਸ਼ਟ ਆਦਮੀ ਵਰਗਾ ਸਲੂਕ ਨਾ ਹੋਣ ਦਿਉ।
9 ਮੈਂ ਆਪਣਾ ਮੂੰਹ ਨਹੀਂ ਖੋਲ੍ਹਾਂਗਾ।
ਮੈਂ ਕੁਝ ਵੀ ਨਹੀਂ ਆਖਾਂਗਾ। ਯਹੋਵਾਹ,
ਤੁਸੀਂ ਉਹੀ ਕੀਤਾ ਜੋ ਕਰਨ ਵਾਲਾ ਸੀ।
10 ਪਰ ਹੇ ਪਰਮੇਸ਼ੁਰ ਮੈਨੂੰ ਦੰਡ ਦੇਣ ਤੋਂ ਰੁਕ ਜਾਵੋ।
ਤੁਸੀਂ ਨਹੀਂ ਰੁਕੇ ਤਾਂ ਮੈਨੂੰ ਤਬਾਹ ਕਰ ਦਿਉਂਗੇ।
11 ਯਹੋਵਾਹ, ਤੁਸੀਂ ਲੋਕਾਂ ਨੂੰ ਜਿਉਣ ਦਾ ਸਹੀ ਰਸਤਾ ਸਿੱਖਾਉਣ ਲਈ ਉਨ੍ਹਾਂ ਦੇ ਮੰਦੇ ਕਾਰਿਆਂ ਦਾ ਦੰਡ ਦਿੰਦੇ ਹੋ।
ਜਿਵੇਂ ਇੱਕ ਪਤੰਗਾ ਕੱਪੜੇ ਨੂੰ ਬਰਬਾਦ ਕਰਦਾ ਹੈ, ਤਸੀਂ ਪੂਰੀ ਤਰ੍ਹਾਂ ਉਨ੍ਹਾਂ ਚੀਜ਼ਾਂ ਨੂੰ ਤਬਾਹ ਕਰ ਦਿਉ ਜਿਨ੍ਹਾਂ ਨੂੰ ਲੋਕ ਪਿਆਰ ਕਰਦੇ ਹਨ।
ਹਾਂ, ਸਾਡਾ ਜੀਵਨ ਇੱਕ ਨਿੱਕੇ ਬੱਦਲ ਵਰਗਾ ਹੈ ਜਿਹੜਾ ਛੇਤੀ ਹੀ ਉੱਡ ਜਾਂਦਾ ਹੈ।
12 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
ਮੇਰੇ ਵਿਰਲਾਪ ਵੱਲ ਧਿਆਨ ਦਿਉ।
ਮੇਰੇ ਹੰਝੂਆਂ ਵੱਲ ਵੇਖੋ।
ਮੈਂ ਤੁਹਾਡੇ ਸੰਗ ਵਿੱਚ ਸਿਰਫ਼ ਇੱਕ ਮੁਸਾਫ਼ਿਰ ਹਾਂ ਜਿਹੜਾ ਜੀਵਨ ਗੁਜਾਰ ਰਿਹਾ ਹੈ।
ਆਪਣੇ ਸਾਰੇ ਪੁਰਖਿਆਂ ਦੀ ਤਰ੍ਹਾਂ, ਮੈਂ ਇੱਥੇ ਥੋੜੇ ਸਮੇਂ ਲਈ ਰਹਿੰਦਾ ਹਾਂ।
13 ਯਹੋਵਾਹ, ਮੈਨੂੰ ਇੱਕਲਾ ਛੱਡ ਦਿਉ। ਅਤੇ ਮੈਨੂੰ ਖੁਸ਼ ਹੋਣ ਦਿਉ,
ਇਸ ਤੋਂ ਪਹਿਲਾਂ ਕਿ ਮੈਂ ਮਰ ਜਾਵਾਂ ਅਤੇ ਮੁੱਕ ਜਾਵਾਂ।
2010 by World Bible Translation Center