M’Cheyne Bible Reading Plan
4 ਸਮੂਏਲ ਦੀ ਖ਼ਬਰ ਸਾਰੇ ਇਸਰਾਏਲ ਵਿੱਚ ਫ਼ੈਲ ਗਈ। ਏਲੀ ਬਹੁਤ ਬੁੱਢਾ ਹੋ ਗਿਆ ਸੀ ਅਤੇ ਉਸ ਦੇ ਪੁੱਤਰ ਯਹੋਵਾਹ ਦੇ ਸਾਹਮਣੇ ਬਦਸਲੂਕੀ ਕਰਦੇ ਰਹੇ।
ਫ਼ਲਿਸਤੀਆਂ ਨੇ ਇਸਰਾਏਲੀਆਂ ਨੂੰ ਹਰਾਇਆ
ਉਸ ਵਕਤ ਇਸਰਾਏਲ ਫ਼ਲਿਸਤੀਆਂ ਨਾਲ ਲੜਨ ਨੂੰ ਨਿਕਲ ਪਏ ਅਤੇ ਉਨ੍ਹਾਂ ਨੇ ਅਬਨ-ਅਜ਼ਰ ਦੇ ਨਜ਼ਦੀਕ ਤੰਬੂ ਲਾਏ। ਫ਼ਲਿਸਤੀਆਂ ਨੇ ਅਫ਼ੇਕ ਵਿੱਚ ਤੰਬੂ ਲਾਏ। 2 ਤਾਂ ਫ਼ਲਿਸਤੀਆਂ ਨੇ ਇਸਰਾਏਲ ਉੱਪਰ ਹਮਲਾ ਕਰਨ ਦੀ ਤਿਆਰੀ ਕੀਤੀ ਅਤੇ ਲੜਾਈ ਸ਼ੁਰੂ ਹੋ ਗਈ।
ਫ਼ਲਿਸਤੀਆਂ ਨੇ ਇਸਰਾਏਲੀਆਂ ਨੂੰ ਹਰਾ ਦਿੱਤਾ। ਉਨ੍ਹਾਂ ਨੇ ਇਸਰਾਏਲੀਆਂ ਦੀ ਸੈਨਾ ਦੇ ਤਕਰੀਬਨ 4,000 ਸੈਨਿਕ ਮਾਰ ਦਿੱਤੇ। 3 ਬਾਕੀ ਦੇ ਇਸਰਾਏਲੀ ਆਪਣੇ ਡੇਰਿਆਂ ਨੂੰ ਪਰਤ ਗਏ। ਇਸਰਾਏਲ ਦੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਪੁੱਛਿਆ, “ਅੱਜ ਯਹੋਵਾਹ ਨੇ ਫ਼ਲਿਸਤੀਆਂ ਨੂੰ ਸਾਨੂੰ ਹਰਾਉਣ ਕਿਉਂ ਦਿੱਤਾ? ਅਸੀਂ ਸ਼ੀਲੋਹ ਵਿੱਚੋਂ ਯਹੋਵਾਹ ਦੇ ਨੇਮ ਦਾ ਸੰਦੂਕ ਲਿਆਵਾਂਗੇ। ਇਉਂ, ਜੰਗ ਵਿੱਚ ਪਰਮੇਸ਼ੁਰ ਸਾਡੇ ਨਾਲ ਜਾਵੇਗਾ ਅਤੇ ਸਾਡੇ ਦੁਸ਼ਮਣਾ ਤੋਂ ਸਾਡੀ ਰੱਖਿਆ ਕਰੇਗਾ।”
4 ਤਾਂ ਕੁਝ ਲੋਕ ਸ਼ੀਲੋਹ ਨੂੰ ਭੇਜੇ ਗਏ, ਉਹ ਯਹੋਵਾਹ ਸਰਬ ਸ਼ਕਤੀਮਾਨ ਦਾ ਨੇਮ ਦਾ ਸੰਦੂਕ ਲੈ ਆਏ। ਸੰਦੂਕ ਉੱਤੇ ਕਰੂਬੀ ਫ਼ਰਿਸ਼ਤੇ ਸਨ ਅਤੇ ਇਹ ਤਖਤ ਵਾਂਗ ਸੀ ਜਿਸ ਉੱਤੇ ਯਹੋਵਾਹ ਬੈਠਦਾ। ਏਲੀ ਦੇ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਸੰਦੂਕ ਦੇ ਨਾਲ ਆਏ।
5 ਜਦੋਂ ਯਹੋਵਾਹ ਦੇ ਨੇਮ ਦਾ ਸੰਦੂਕ ਤੰਬੂ ਵਿੱਚ ਆਇਆ, ਤਾਂ ਸਾਰੇ ਇਸਰਾਏਲੀਆਂ ਨੇ ਉੱਚੀ ਅਵਾਜ਼ ਵਿੱਚ ਜੈਕਾਰਾ ਲਾਇਆ, ਜਿਸਨੇ ਧਰਤੀ ਨੂੰ ਵੀ ਹਿਲਾ ਦਿੱਤਾ। 6 ਜਦੋਂ ਫ਼ਲਿਸਤੀਆਂ ਨੇ ਉਨ੍ਹਾਂ ਦਾ ਗੂੰਜਦਾ ਜੈਕਾਰਾ ਸੁਣਿਆ ਤਾਂ ਉਨ੍ਹਾਂ ਆਖਿਆ, “ਭਈ ਇਬਰਾਨੀਆਂ ਦੇ ਤੰਬੂ ਵਿੱਚ ਇਹ ਜੈਕਾਰੇ ਦੀ ਕੈਸੀ ਆਵਾਜ਼ ਹੈ?”
ਤਦ ਫ਼ਲਿਸਤੀਆਂ ਨੂੰ ਜਾ ਪਤਾ ਲੱਗਾ ਕਿ ਯਹੋਵਾਹ ਦਾ ਪਵਿੱਤਰ ਸੰਦੂਕ ਇਸਰਾਏਲੀਆਂ ਦੇ ਤੰਬੂ ਵਿੱਚ ਲਿਆਇਆ ਗਿਆ ਹੈ। 7 ਤਾਂ ਫ਼ਲਿਸਤੀ ਡਰ ਗਏ ਅਤੇ ਉਨ੍ਹਾਂ ਨੇ ਕਿਹਾ, “ਪਰਮੇਸ਼ੁਰ ਡੇਰੇ ਵਿੱਚ ਆਏ ਹਨ। ਹੁਣ ਅਸੀਂ ਮੁਸੀਬਤ ਵਿੱਚ ਹਾਂ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। 8 ਸਾਨੂੰ ਫ਼ਿਕਰ ਲੱਗਾ ਹੋਇਆ ਹੈ ਕਿ ਹੁਣ ਸਾਨੂੰ ਇਨ੍ਹਾਂ ਸ਼ਕਤੀਵਾਨ ਲੋਕਾਂ ਤੋਂ ਕੌਣ ਬਚਾਵੇਗਾ? ਇਹ ਉਹੀ ਦੇਵਤੇ ਹਨ ਜਿਨ੍ਹਾਂ ਨੇ ਮਿਸਰੀਆਂ ਨੂੰ ਉਜਾੜ ਵਿੱਚ ਸਭ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਭਿਆਨਕ ਦੁੱਖ ਰੋਗ ਦਿੱਤੇ ਸਨ। 9 ਹੇ ਫ਼ਲਿਸਤੀਓ! ਤੁਸੀਂ ਤਕੜੇ ਹੋ ਜਾਵੋ। ਬਹਾਦੁਰਾਂ ਵਾਂਗ ਲੜੋ! ਅਤੀਤ ਵਿੱਚ ਇਬਰਾਨੀ ਸਾਡੇ ਗੁਲਾਮ ਰਹੇ ਹਨ ਇਸ ਲਈ ਮਰਦਾਂ ਵਾਂਗ ਲੜੋ, ਕਿਤੇ ਇਹ ਨਾ ਹੋਵੇ ਕਿ ਤੁਸੀਂ ਉਨ੍ਹਾਂ ਦੇ ਗੁਲਾਮ ਬਣ ਜਾਵੋ।”
10 ਸੋ ਫ਼ਲਿਸਤੀਆਂ ਨੇ ਡਟਕੇ ਮੁਕਾਬਲਾ ਕੀਤਾ ਅਤੇ ਇਸਰਾਏਲੀਆਂ ਨੂੰ ਹਾਰ ਦਿੱਤੀ। ਹਰ ਇਸਰਾਏਲੀ ਫ਼ੌਜੀ ਆਪਣੇ ਤੰਬੂ ਵਿੱਚ ਨੱਸ ਗਿਆ। ਇਹ ਉਨ੍ਹਾਂ ਦੀ ਬੜੀ ਸਖ਼ਤ ਹਾਰ ਸੀ ਜਿਸ ਵਿੱਚ 30,000 ਸਿਪਾਹੀ ਮਾਰਿਆ ਗਿਆ ਸੀ। 11 ਫ਼ਲਿਸਤੀਆਂ ਨੇ ਪਰਮੇਸ਼ੁਰ ਦਾ ਪਵਿੱਤਰ ਸੰਦੁਕ ਚੁੱਕਿਆ ਅਤੇ ਏਲੀ ਦੇ ਦੋਨਾਂ ਪੁੱਤਰਾਂ ਹਾਫ਼ਨੀ ਅਤੇ ਫ਼ੀਨਹਾਸ ਨੂੰ ਮਾਰ ਸੁੱਟਿਆ।
12 ਉਸ ਦਿਨ ਬਿਨਯਾਮੀਨ ਦਾ ਇੱਕ ਮਨੁੱਖ ਫ਼ੌਜ ਦੇ ਵਿੱਚੋਂ ਨੱਠਿਆ ਅਤੇ ਕੱਪੜੇ ਪਾੜਕੇ ਅਤੇ ਸਿਰ ਵਿੱਚ ਮਿੱਟੀ ਪਾਕੇ ਉਸੇ ਦਿਨ ਸ਼ੀਲੋਹ ਵਿੱਚ ਪਹੁੰਚਿਆ। ਇਹ ਹਾਲ ਸਭ ਉਸ ਨੇ ਆਪਣਾ ਸ਼ੋਕ ਪਰਗਟ ਕਰਨ ਲਈ ਕੀਤਾ। 13 ਸ਼ਹਿਰ ਦੇ ਦਰਵਾਜ਼ੇ ਦੇ ਕੋਲ ਕੁਰਸੀ ਉੱਪਰ ਏਲੀ ਬੈਠਿਆ ਹੋਇਆ ਸੀ ਜਦੋਂ ਇਹ ਆਦਮੀ ਸ਼ੀਲੋਹ ਵਿੱਚ ਆਇਆ। ਏਲੀ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਬਾਰੇ ਫ਼ਿਕਰਮੰਦ ਸੀ ਇਸ ਲਈ ਉਹ ਬਾਹਰ ਬੈਠਾ ਵੇਖ ਰਿਆ ਅਤੇ ਉਡੀਕ ਰਿਹਾ ਸੀ ਤਦ ਹੀ ਬਿਨਯਾਮੀਨ ਦੇ ਇੱਕ ਮਨੁੱਖ ਨੇ ਸ਼ੀਲੋਹ ਵਿੱਚ ਆਕੇ ਇਹ ਭੈੜੀ ਖਬਰ ਦੱਸੀ। ਤਾਂ ਸ਼ਹਿਰ ਵਿੱਚ ਸਾਰੇ ਲੋਕਾਂ ਨੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ। 14-15 ਏਲੀ 98 ਵਰ੍ਹਿਆਂ ਦਾ ਹੋ ਗਿਆ ਸੀ। ਉਸ ਨੂੰ ਨਜ਼ਰ ਵੀ ਕੁਝ ਨਹੀਂ ਸੀ ਆਉਂਦਾ, ਇਸ ਲਈ ਉਸ ਨੂੰ ਇਹ ਤਾਂ ਨਾ ਨਜ਼ਰ ਆਇਆ ਕਿ ਕੀ ਹੋ ਰਿਹਾ ਹੈ ਪਰ ਲੋਕਾਂ ਦੇ ਉੱਚੀ-ਉੱਚੀ ਰੋਣ-ਪਿੱਟਣ ਦੀਆਂ ਆਵਾਜ਼ਾਂ ਸੁਣਕੇ ਏਲੀ ਨੇ ਪੁੱਛਿਆ, “ਲੋਕ ਇੰਨਾ ਰੌਲਾ ਕਿਉਂ ਪਾ ਰਹੇ ਹਨ?”
16 ਬਿਨਯਾਮੀਨ ਦਾ ਆਦਮੀ ਦੌੜਾਕੇ ਏਲੀ ਕੋਲ ਆਇਆ ਅਤੇ ਆਕੇ ਸਾਰੀ ਵਾਰਦਾਤ ਦੱਸੀ ਅਤੇ ਕਿਹਾ, “ਮੈਂ ਹੁਣੇ-ਹੁਣੇ ਉਸ ਲੜਾਈ ਵਿੱਚੋਂ ਅੱਜ ਹੀ ਭੱਜਕੇ ਇੱਥੇ ਆਇਆ ਹਾਂ।”
ਏਲੀ ਨੇ ਪੁੱਛਿਆ, “ਪੁੱਤਰ, ਕੀ ਹੋਇਆ ਹੈ ਉੱਥੇ?”
17 ਬਿਨਯਾਮੀਨ ਦੇ ਮਨੁੱਖ ਨੇ ਕਿਹਾ, “ਇਸਰਾਏਲ ਨੇ ਫ਼ਲਿਸਤੀਆਂ ਅੱਗੇ ਹਾਰ ਖਾਧੀ ਅਤੇ ਆਪਣੀ ਬਹੁਤੀ ਸੈਨਾ ਦੇ ਸਿਪਾਹੀ ਕਤਲ ਹੋ ਗਏ। ਤੇਰੇ ਦੋਨੋ ਪੁੱਤਰ ਵੀ ਮਰ ਗਏ ਹਨ। ਅਤੇ ਫ਼ਲਿਸਤੀਆਂ ਨੇ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਵੀ ਚੁੱਕ ਲਿਆ ਹੈ।”
18 ਜਦੋਂ ਬਿਨਯਾਮੀਨ ਦੇ ਹਲਕਾਰੇ ਨੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਬਾਰੇ ਖ਼ਬਰ ਦਿੱਤੀ ਤਾਂ ਏਲੀ ਦਰਵਾਜ਼ੇ ਦੇ ਕੋਲ ਜਿਸ ਕੁਰਸੀ ਉੱਤੇ ਬੈਠਾ ਹੋਇਆ ਸੀ ਉੱਥੇ ਹੀ ਉਸਦੀ ਧੌਣ ਲੁੜਕ ਗਈ। ਏਲੀ ਬੁੱਢਾ ਅਤੇ ਮੋਟਾ ਸੀ ਇਸ ਲਈ ਉਹ ਉੱਥੇ ਹੀ ਚਿੱਤ ਹੋ ਗਿਆ। ਏਲੀ 40 ਵਰ੍ਹੇ ਇਸਰਾਏਲ ਦਾ ਨਿਆਂ ਕਰਦਾ ਰਿਹਾ ਸੀ।
ਪਰਤਾਪ ਖਤਮ ਹੋਇਆ
19 ਏਲੀ ਦੀ ਨੂਹ ਅਤੇ ਫ਼ੀਨਹਾਸ ਦੀ ਤੀਵੀਂ ਗਰਭਵਤੀ ਸੀ ਅਤੇ ਉਸ ਨੂੰ ਜਲਦ ਹੀ ਬੱਚਾ ਜੰਮਣ ਵਾਲਾ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਚੁੱਕਿਆ ਗਿਆ ਹੈ ਅਤੇ ਉਸਦਾ ਸੌਹਰਾ, ਏਲੀ ਅਤੇ ਪਤੀ ਫ਼ੀਨਹਾਸ ਵੀ ਖਤਮ ਹੋ ਚੁੱਕੇ ਹਨ, ਜਦ ਹੀ ਉਸ ਨੇ ਇਹ ਖਬਰਾਂ ਸੁਣੀਆਂ ਤਾਂ ਉਸ ਨੂੰ ਪ੍ਰਸੂਤੀ ਪੀੜਾਂ ਉੱਠੀਆਂ ਅਤੇ ਉਸ ਨੇ ਬੱਚਾ ਜੰਮਣਾ ਸ਼ੁਰੂ ਕੀਤਾ। 20 ਉਹ ਮਰਨ ਹੀ ਵਾਲੀ ਸੀ ਕਿ ਇੱਕ ਔਰਤ ਨੇ ਜਿਸਨੇ ਉਸਦੀ ਮਦਦ ਕੀਤੀ ਉਸ ਨੂੰ ਕਿਹਾ, “ਫ਼ਿਕਰ ਨਾ ਕਰ, ਅਤੇ ਤੇਰੇ ਘਰ ਪੁੱਤਰ ਪੈਦਾ ਹੋਇਆ ਹੈ।”
ਪਰ ਏਲੀ ਦੀ ਨੂੰਹ ਨੇ ਉਸ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਚੁੱਪ ਰਹੀ। 21 ਏਲੀ ਦੀ ਨੂੰਹ ਨੇ ਬੱਚੇ ਦਾ ਨਾਮ ਈਕਾਬੋਦ ਰੱਖਿਆ। ਜਿਸਤੋਂ ਉਸਦਾ ਭਾਵ ਸੀ, “ਇਸਰਾਏਲ ਦਾ ਪਰਤਾਪ ਜਾਂਦਾ ਰਿਹਾ।” ਉਸ ਨੇ ਇਹ ਇਸ ਲਈ ਕਿਹਾ ਕਿਉਂਕਿ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਜੋ ਚੁੱਕਿਆ ਗਿਆ ਸੀ ਅਤੇ ਉਸਦਾ ਸੌਹਰਾ ਅਤੇ ਪਤੀ ਦੋਵੇਂ ਮਰ ਗਏ ਸਨ। 22 ਉਸ ਨੇ ਕਿਹਾ, “ਇਸਰਾਏਲ ਦੀ ਵਡਿਆਈ ਪਰਤਾਪ ਖਤਮ ਹੋ ਗਿਆ” ਕਿਉਂਕਿ ਫ਼ਲਿਸਤੀਆਂ ਨੇ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਚੁੱਕ ਲਿਆ ਹੈ।
ਅਬਰਾਹਾਮ ਦਾ ਉਦਾਹਰਣ
4 ਤਾਂ ਅਸੀਂ ਅਬਰਾਹਾਮ ਬਾਰੇ ਕੀ ਆਖੀਏ ਜੋ ਸਾਡੇ ਲੋਕਾਂ ਦਾ ਪਿਤਾ ਹੈ? 2 ਉਸ ਨੇ ਨਿਹਚਾ ਬਾਰੇ ਕੀ ਸਿੱਖਿਆ? ਜੇਕਰ ਅਬਰਾਹਾਮ ਅਪਣੇ ਕੰਮਾਂ ਕਾਰਣ ਧਰਮੀ ਬਣਾਇਆ ਗਿਆ ਸੀ, ਤਾਂ ਉਸ ਕੋਲ ਸ਼ੇਖੀ ਦਾ ਕਾਰਣ ਹੈ, ਪਰ ਉਹ ਪਰਮੇਸ਼ੁਰ ਅੱਗੇ ਸ਼ੇਖੀ ਨਾ ਮਾਰ ਸੱਕਿਆ। 3 ਪੋਥੀ ਆਖਦੀ ਹੈ: “ਅਬਰਾਹਾਮ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਅਤੇ ਪਰਮੇਸ਼ੁਰ ਨੇ ਉਸਦੀ ਨਿਹਚਾ ਕਬੂਲ ਕੀਤੀ ਅਤੇ ਉਸ ਨੂੰ ਧਰਮੀ ਕਰਾਰ ਦਿੱਤਾ।” [a]
4 ਜਦੋਂ ਕੋਈ ਵਿਅਕਤੀ ਕੰਮ ਕਰਦਾ ਹੈ, ਤਾਂ ਉਸਦੀ ਤਨਖਾਹ ਉਸ ਨੂੰ ਤੋਹਫ਼ੇ ਵਾਂਗ ਨਹੀਂ ਸਗੋਂ ਜਿਵੇਂ ਕਿ ਉਸ ਨੇ ਮਜਦੂਰੀ ਕਮਾਈ, ਦਿੱਤੀ ਜਾਂਦੀ ਹੈ। 5 ਪਰ ਜੇਕਰ ਇੱਕ ਵਿਅਕਤੀ ਧਰਮੀ ਬਣਨ ਵਾਸਤੇ ਕੋਈ ਕੰਮ ਨਹੀਂ ਕਰਦਾ, ਸਗੋਂ ਪਰਮੇਸ਼ੁਰ ਵਿੱਚ ਯਕੀਨ ਰੱਖਦਾ ਹੈ,ਦੋ ਦੁਸ਼ਟ ਆਦਮੀ ਨੂੰ ਧਰਮੀ ਬਣਾਉਂਦਾ ਹੈ, ਫ਼ਿਰ ਪਰਮੇਸ਼ੁਰ ਉਸਦੀ ਨਿਹਚਾ ਨੂੰ ਕਬੂਲਦਾ ਹੈ ਅਤੇ ਉਸ ਨੂੰ ਧਰਮੀ ਬਣਾਉਂਦਾ ਹੈ। 6 ਦਾਊਦ ਵੀ ਆਖਦਾ ਹੈ ਕਿ ਉਹ ਮਨੁੱਖ ਧੰਨ ਹੈ ਜਿਸ ਨੂੰ ਪਰਮੇਸ਼ੁਰ ਉਸ ਦੇ ਕੰਮਾਂ ਨੂੰ ਗਿਣਿਆ ਬਿਨਾ ਧਰਮੀ ਕਰਾਰ ਦਿੰਦਾ ਹੈ।
7 “ਧੰਨ ਹਨ ਉਹ ਲੋਕ ਜਿਨ੍ਹਾਂ ਦੀਆਂ ਦੁਸ਼ਟ ਕਰਨੀਆਂ ਮੁਆਫ਼ ਕੀਤੀਆਂ
ਗਈਆਂ ਹਨ ਅਤੇ ਜਿਨ੍ਹਾਂ ਦੇ
ਪਾਪ ਭੁਲਾਏ ਗਏ ਹਨ।
8 ਧੰਨ ਹੈ ਉਹ ਮਨੁੱਖ ਜਿਸਦੇ
ਪਾਪ ਪ੍ਰਭੂ ਵੱਲੋਂ ਨਹੀਂ ਗਿਣੇ ਜਾਣਗੇ।” (A)
9 ਕੀ ਇਹ ਖੁਸ਼ ਨਸੀਬੀ ਸਿਰਫ਼ ਸੁੰਨਤੀਆਂ ਲਈ ਹੀ ਹੈ? ਜਾਂ ਕੀ ਇਹ ਉਨ੍ਹਾਂ ਲਈ ਵੀ ਹੈ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ? ਅਸੀਂ ਪਹਿਲਾਂ ਹੀ ਆਖਿਆ ਹੈ ਕਿ ਅਬਰਾਹਾਮ ਦੀ ਵਿਸ਼ਵਾਸ ਪਰਮੇਸ਼ੁਰ ਦੁਆਰਾ ਕਬੂਲੀ ਗਈ ਸੀ ਅਤੇ ਉਸਦੀ ਵਿਸ਼ਵਾਸ ਨੇ ਉਸ ਨੂੰ ਧਰਮੀ ਬਣਾਇਆ। 10 ਪਰ ਇਹ ਕਦ ਵਾਪਰਿਆ? ਕੀ ਪਰਮੇਸ਼ੁਰ ਨੇ ਅਬਰਾਹਾਮ ਨੂੰ ਸੁੰਨਤ ਹੋਣ ਤੋਂ ਪਹਿਲਾਂ ਕਬੂਲਿਆ ਜਾਂ ਉਸਦੀ ਸੁੰਨਤ ਹੋਣ ਤੋਂ ਬਾਅਦ? ਪਰਮੇਸ਼ੁਰ ਨੇ ਉਸ ਨੂੰ ਉਸਦੀ ਸੁੰਨਤ ਹੋਣ ਤੋਂ ਪਹਿਲਾਂ ਹੀ ਸਵੀਕਾਰ ਕਰ ਲਿਆ ਸੀ। 11 ਉਸ ਨੇ ਨਿਸ਼ਾਨੀ ਦੇ ਤੌਰ ਤੇ ਬਾਅਦ ਵਿੱਚ ਸੁੰਨਤ ਕਰਾਈ ਕਿ ਪਰੇਮਸ਼ੁਰ ਨੇ ਉਸ ਨੂੰ ਕਬੂਲਿਆ ਹੈ। ਉਸਦੀ ਸੁੰਨਤ ਇੱਕ ਸਬੂਤ ਸੀ ਕਿ ਉਹ ਸੁੰਨਤ ਹੋਣ ਤੋਂ ਪਹਿਲਾਂ ਹੀ ਧਰਮੀ ਸੀ। ਤਾਂ ਅਬਰਾਹਾਮ ਸਾਰਿਆਂ ਲੋਕਾਂ ਦਾ ਪਿਤਾ ਹੈ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ, ਪਰ ਵਿਸ਼ਵਾਸ ਰੱਖਦੇ ਹਨ। ਪਰਮੇਸ਼ੁਰ ਇਨ੍ਹਾਂ ਲੋਕਾਂ ਨੂੰ ਧਰਮੀ ਲੋਕਾਂ ਵਜੋਂ ਕਬੂਲਦਾ ਹੈ। 12 ਅਤੇ ਅਬਰਾਹਾਮ ਉਨ੍ਹਾਂ ਲੋਕਾਂ ਦਾ ਵੀ ਪਿਤਾ ਹੈ ਜਿਹੜੇ ਸੁੰਨਤੀਏ ਹਨ, ਪਰ ਇਹ ਉਨ੍ਹਾਂ ਦੀ ਇੱਕਲੀ ਸੁੰਨਤ ਹੀ ਨਹੀਂ ਜੋ ਅਬਰਾਹਾਮ ਨੂੰ ਉਨ੍ਹਾਂ ਦਾ ਪਿਤਾ ਥਾਪਦੀ ਹੈ, ਸਗੋਂ ਇਹ ਉਹੀ ਨਿਹਚਾ ਹੈ ਜਿਸ ਨੂੰ ਉਹ ਮੰਨਦੇ ਹਨ ਜਿਹੜੀ ਅਬਰਾਹਾਮ ਨੂੰ ਸੁੰਨਤ ਤੋਂ ਪਹਿਲਾਂ ਸੀ।
ਪਰਮੇਸ਼ੁਰ ਦੇ ਇਕਰਾਰ ਦਾ ਨਿਹਚਾ ਰਾਹੀਂ ਪ੍ਰਾਪਤ ਹੋਣਾ
13 ਅਬਰਾਹਾਮ ਅਤੇ ਉਸਦੀ ਉਲਾਦ ਨਾਲ ਇਹ ਵਚਨ ਹੋਇਆ ਕਿ ਉਹ ਪੂਰੀ ਦੁਨੀਆਂ ਪ੍ਰਾਪਤ ਕਰ ਸੱਕਣਗੇ। ਉਸ ਨੂੰ ਇਹ ਵਚਨ ਸਿਰਫ਼ ਸ਼ਰ੍ਹਾ ਦਾ ਅਨੁਸਰਣ ਕਰਨ ਕਾਰਣ ਪ੍ਰਾਪਤ ਨਹੀਂ ਹੋਇਆ, ਸਗੋਂ ਉਸ ਨੇ ਇਹ ਵਚਨ ਸਦਾਚਾਰੀ ਰਾਹੀਂ, ਜਿਹੜੀ ਨਿਹਚਾ ਦੁਆਰਾ ਆਉਂਦੀ ਹੈ, ਪ੍ਰਾਪਤ ਕੀਤਾ। 14 ਜੇਕਰ ਮਨੁੱਖ ਸ਼ਰ੍ਹਾ ਦੀ ਪਾਲਣਾ ਕਰਕੇ ਉਹ ਵਸਤਾਂ, ਜਿਨ੍ਹਾਂ ਦਾ ਵਚਨ ਪਰਮੇਸ਼ੁਰ ਨੇ ਕੀਤਾ ਹੈ, ਪ੍ਰਾਪਤ ਕਰ ਸੱਕਦਾ ਤਾਂ ਨਿਹਚਾ ਬੇਕਾਰ ਹੈ ਅਤੇ ਪਰਮੇਸ਼ੁਰ ਦਾ ਅਬਰਾਹਾਮ ਨਾਲ ਕੀਤਾ ਵਚਨ ਹੀ ਬੇਕਾਰ ਹੈ। 15 ਕਿਉਂ? ਕਿਉਂਕਿ ਸ਼ਰ੍ਹਾ ਸਿਰਫ਼ ਪਰਮੇਸ਼ੁਰ ਦਾ ਗੁੱਸਾ ਹੀ ਲਿਆ ਸੱਕਦੀ ਹੈ ਜਦੋਂ ਸ਼ਰ੍ਹਾ ਦਾ ਪਾਲਣ ਨਹੀਂ ਹੁੰਦਾ। ਪਰ ਜੇਕਰ ਇੱਥੇ ਸ਼ਰ੍ਹਾ ਨਾ ਹੋਵੇ, ਤਾਂ ਸ਼ਰ੍ਹਾ ਦੀ ਕੋਈ ਅਵਗਿਆ ਨਹੀਂ ਹੋ ਸੱਕਦੀ?
16 ਇਸ ਕਾਰਣ ਪਰਮੇਸ਼ੁਰ ਦਾ ਵਚਨ ਨਿਹਚਾ ਤੋਂ ਹੋਇਆ। ਇਹ ਇਸ ਲਈ ਹੋਇਆ ਤਾਂ ਜੋ ਵਚਨ ਇੱਕ ਮੁਫ਼ਤੀ ਦਾਤ ਹੋਵੇ। ਤੇ ਜੇਕਰ ਵਚਨ ਮੁਫ਼ਤੀ ਦਾਤ ਹੈ ਤਾਂ ਅਬਰਾਹਾਮ ਦੇ ਸਾਰੇ ਲੋਕ ਇਸ ਵਚਨ ਨੂੰ ਪ੍ਰਾਪਤ ਕਰ ਸੱਕਦੇ ਹਨ। ਇਹ ਵਚਨ ਸਿਰਫ਼ ਉਨ੍ਹਾਂ ਲੋਕਾਂ ਲਈ ਹੀ ਨਹੀਂ ਹੈ ਜੋ ਮੂਸਾ ਦੀ ਸ਼ਰ੍ਹਾ ਹੇਠ ਜਿਉਂਦੇ ਹਨ, ਸਗੋਂ ਇਹ ਉਨ੍ਹਾਂ ਲੋਕਾਂ ਵਾਸਤੇ ਹੈ ਜੋ ਅਬਰਾਹਾਮ ਵਾਂਗ ਨਿਹਚਾ ਨਾਲ ਜਿਉਂਦੇ ਹਨ। ਇਸ ਲਈ ਅਬਰਾਹਾਮ ਸਾਡੇ ਸਾਰਿਆਂ ਵਾਸਤੇ ਪਿਤਾ ਹੈ। 17 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਗਿਆ ਹੈ: “ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ।” [b] ਇਹ ਪਰਮੇਸ਼ੁਰ ਦੇ ਅੱਗੇ ਸੱਚ ਹੈ ਕਿ ਅਬਰਾਹਾਮ ਨੇ ਉਸ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਜਿਹੜਾ ਮੁਰਦੇ ਲੋਕਾਂ ਨੂੰ ਜੀਵਨ ਵਿੱਚ ਲਿਆਉਂਦਾ ਹੈ ਅਤੇ ਅਣਹੋਣੀਆਂ ਨੂੰ ਵੀ ਹੋਣੀਆਂ ਕਰਦਾ ਹੈ।
18 ਕੋਈ ਉਮੀਦ ਨਹੀਂ ਸੀ ਕਿ ਅਬਰਾਹਾਮ ਦੇ ਘਰ ਔਲਾਦ ਹੋਵੇਗੀ। ਪਰ ਅਬਰਾਹਾਮ ਨੇ ਉਮੀਦ ਨਾਲ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਇਸੇ ਲਈ ਉਹ ਬਹੁਤੀਆਂ ਕੌਮਾਂ ਦਾ ਪਿਤਾ ਹੋ ਗਿਆ, ਜਿਵੇਂ ਕਿ ਪਰਮੇਸ਼ੁਰ ਨੇ ਉਸ ਨੂੰ ਕਿਹਾ, “ਤੇਰੀਆਂ ਬਹੁਤ ਔਲਾਦਾਂ ਹੋਣਗੀਆਂ।” [c] 19 ਅਬਰਾਹਾਮ ਬਹੁਤ ਬਜ਼ੁਰਗ ਹੋ ਚੁੱਕਾ ਸੀ। ਤਕਰੀਬਨ ਸੌ ਵਰ੍ਹਿਆਂ ਦਾ। ਉਹ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਲਈ ਔਲਾਦ ਪੈਦਾ ਕਰਨਾ ਸੰਭਵ ਨਹੀਂ ਸੀ। ਸਾਰਾਹ ਵੀ ਬੱਚੇ ਨੂੰ ਜਨਮ ਦੇਣ ਤੋਂ ਅਸਮਰਥ ਸੀ। ਪਰ ਪਰਮੇਸ਼ੁਰ ਵਿੱਚ ਉਸਦੀ ਨਿਹਚਾ ਕਮਜ਼ੋਰ ਨਾ ਹੋਈ। 20 ਪਰਮੇਸ਼ੁਰ ਦੇ ਵਚਨ ਵੱਲੋਂ ਉਸ ਨੇ ਬੇਪਰਤੀਤੀ ਨਾਲ ਸ਼ੰਕਾ ਨਾ ਕੀਤੀ। ਸਗੋਂ ਨਿਹਚਾ ਵਿੱਚ ਬਲਵਾਨ ਹੋਕੇ ਪਰਮੇਸ਼ੁਰ ਦੀ ਉਸਤਤਿ ਕੀਤੀ। 21 ਦੂਜੇ ਪਾਸੇ, ਉਸ ਨੇ ਦ੍ਰਿੜਤਾ ਨਾਲ ਵਿਸ਼ਵਾਸ ਕੀਤਾ ਕਿ ਪਰਮੇਸ਼ੁਰ, ਜਿਸਨੇ ਉਸ ਨਾਲ ਵਚਨ ਕੀਤਾ ਸੀ, ਵਚਨ ਨੂੰ ਪੂਰਨ ਕਰਨ ਯੋਗ ਸੀ। 22 ਇਸ ਲਈ, “ਪਰਮੇਸ਼ੁਰ ਨੇ ਉਸਦੀ ਨਿਹਚਾ ਨੂੰ ਕਬੂਲ ਕੀਤਾ ਅਤੇ ਉਸ ਨੂੰ ਧਰਮੀ ਬਣਾਇਆ।” [d] 23 ਇਹ ਸ਼ਬਦ (“ਪਰਮੇਸ਼ੁਰ ਨੇ ਉਸਦੀ ਨਿਹਚਾ ਨੂੰ ਕਬੂਲ ਕੀਤਾ”) ਸਿਰਫ਼ ਅਬਰਾਹਾਮ ਲਈ ਨਹੀਂ ਲਿਖੇ ਗਏ ਸਗੋਂ ਇਹ ਸ਼ਬਦ ਸਾਡੇ ਲਈ ਵੀ ਲਿਖੇ ਗਏ ਸਨ। 24 ਪਰਮੇਸ਼ੁਰ ਸਾਨੂੰ ਵੀ ਕਬੂਲ ਕਰੇਗਾ ਕਿਉਂਕਿ ਅਸੀਂ ਉਸ ਉੱਪਰ ਨਿਹਚਾ ਕਰਦੇ ਹਾਂ। ਅਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਾਂ ਜਿਸਨੇ ਯਿਸੂ ਸਾਡੇ ਪ੍ਰਭੂ ਨੂੰ ਮੌਤ ਤੋਂ ਜਿਵਾਲਿਆ। 25 ਯਿਸੂ ਸਾਡੇ ਪਾਪਾਂ ਖਾਤਿਰ ਮਾਰਨ ਲਈ ਸੌਂਪਿਆ ਗਿਆ ਸੀ ਅਤੇ ਸਾਨੂੰ ਧਰਮੀ ਬਨਾਉਣ ਲਈ ਉਹ ਮੌਤ ਤੋਂ ਜੀਵਿਤ ਕੀਤਾ ਗਿਆ ਸੀ।
42 ਹਾਲੇ ਜਦੋਂ ਉਹ ਗੇਰੁਬ ਕਿਮਹਾਮ ਵਿੱਚ ਹੀ ਸਨ ਤਾਂ ਯੋਹਾਨਾਨ ਅਤੇ ਹੋਸ਼ਅਯਾਹ ਦਾ ਇੱਕ ਪੁੱਤਰ ਜਿਸਦਾ ਨਾਂ ਯਜ਼ਨਯਾਹ ਸੀ, ਨਬੀ ਯਿਰਮਿਯਾਹ ਵੱਲ ਗਏ। ਸਾਰੇ ਫ਼ੌਜੀ ਅਧਿਕਾਰੀ ਯੋਹਾਨਾਨ ਅਤੇ ਯਜ਼ਨਯਾਹ ਦੇ ਨਾਲ ਗਏ। ਸਾਰੇ ਬੰਦੇ ਛੋਟੇ ਤੋਂ ਲੈ ਕੇ ਵੱਡੇ ਤੱਕ, ਯਿਰਮਿਯਾਹ ਵੱਲ ਗਏ। 2 ਉਨ੍ਹਾਂ ਸਾਰੇ ਲੋਕਾਂ ਨੇ ਉਸ ਨੂੰ ਆਖਿਆ, “ਯਿਰਮਿਯਾਹ ਮਿਹਰਬਾਨੀ ਕਰਕੇ ਜੋ ਅਸੀਂ ਆਖਦੇ ਹਾਂ ਉਸ ਨੂੰ ਧਿਆਨ ਨਾਲ ਸੁਣੋ। ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਉਨ੍ਹਾਂ ਸਾਰੇ ਲੋਕਾਂ ਲਈ, ਜਿਹੜੇ ਯਹੂਦਾਹ ਦੇ ਪਰਿਵਾਰ ਵਿੱਚੋਂ ਬਚੇ ਰਹਿ ਗਏ ਹਨ, ਪ੍ਰਾਰਥਨਾ ਕਰੋ। ਯਿਰਮਿਯਾਹ, ਇਹ ਤਾਂ ਤੁਸੀਂ ਦੇਖਦੇ ਹੀ ਹੋ ਕਿ ਸਾਡੇ ਵਿੱਚੋਂ ਬਹੁਤੇ ਲੋਕ ਨਹੀਂ ਬਚੇ ਹੋਏ। ਇੱਕ ਵੇਲੇ ਅਸੀਂ ਬਹੁਤ ਸਾਂ। 3 ਯਿਰਮਿਯਾਹ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ ਕਿ ਉਹ ਸਾਨੂੰ ਦੱਸੇ ਕਿ ਅਸੀਂ ਕਿੱਧਰ ਜਾਈਏ ਅਤੇ ਕੀ ਕਰੀਏ।”
4 ਤਦੋ ਨਬੀ ਯਿਰਮਿਯਾਹ ਨੇ ਜਵਾਬ ਦਿੱਤਾ, “ਮੈਂ ਉਨ੍ਹਾਂ ਗੱਲਾਂ ਨੂੰ ਸਮਝਦਾ ਹਾਂ ਜੋ ਤੁਸੀਂ ਮੇਰੇ ਪਾਸੋਂ ਕਰਵਾਉਣਾ ਚਾਹੁੰਦੇ ਹੋ। ਮੈਂ ਯਹੋਵਾਹ ਤੁਹਾਡੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਾਂਗਾ ਜਿਹੀ ਕਿ ਤੁਸੀਂ ਮੈਂ ਕਰਨ ਲਈ ਆਖਿਆ ਹੈ। ਮੈਂ ਤੁਹਾਨੂੰ ਉਹ ਹਰ ਗੱਲ ਦੱਸ ਦਿਆਂਗਾ ਜੋ ਯਹੋਵਾਹ ਆਖੇਗਾ। ਮੈਂ ਤੁਹਾਡੇ ਪਾਸੋਂ ਕੁਝ ਵੀ ਨਹੀਂ ਛੁਪਾਵਾਂਗਾ।”
5 ਫ਼ੇਰ ਉਨ੍ਹਾਂ ਲੋਕਾਂ ਨੇ ਯਿਰਮਿਯਾਹ ਨੂੰ ਆਖਿਆ, “ਅਸੀਂ ਹਰ ਉਹ ਗੱਲ ਕਰਨ ਦਾ ਇਕਰਾਰ ਕਰਦੇ ਹਾਂ ਜਿਹੜੀ ਤੁਹਾਨੂੰ ਯਹੋਵਾਹ ਤੁਹਾਡਾ ਪਰਮੇਸ਼ੁਰ ਸਾਨੂੰ ਦੱਸਣ ਲਈ ਭੇਜਦਾ ਹੈ, ਜੇਕਰ ਅਸੀਂ ਨਹੀਂ ਕਰਾਂਗੇ, ਯਹੋਵਾਹ ਸਾਡੇ ਵਿਰੁੱਧ ਸੱਚਾ ਅਤੇ ਵਫ਼ਾਦਾਰ ਗਵਾਹ ਹੋਵੇ। 6 ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਸੰਦੇਸ਼ ਨੂੰ ਪਸੰਦ ਕਰਦੇ ਹਾਂ ਜਾਂ ਨਹੀਂ ਕਰਦੇ। ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਮੰਨਾਂਗੇ। ਅਸੀਂ ਤੁਹਾਨੂੰ ਯਹੋਵਾਹ ਵੱਲ ਉਸ ਦੇ ਸੰਦੇਸ਼ ਲਈ ਭੇਜ ਰਹੇ ਹਾਂ। ਜੋ ਵੀ ਉਹ ਆਖੇਗਾ ਅਸੀਂ ਮੰਨਾਂਗੇ। ਫ਼ੇਰ ਸਾਡੇ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ। ਹਾਂ, ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਦਾ ਹੁਕਮ ਮੰਨਾਂਗੇ।”
7 ਦਸਾਂ ਦਿਨਾਂ ਦੇ ਅੰਤ ਉੱਤੇ, ਯਿਰਮਿਯਾਹ ਨੂੰ 8 ਯਹੋਵਾਹ ਦਾ ਸੰਦੇਸ਼ ਮਿਲਿਆ। ਫ਼ੇਰ ਯਿਰਮਿਯਾਹ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਅਤੇ ਉਸ ਦੇ ਨਾਲ ਦੇ ਫ਼ੌਜੀ ਅਧਿਕਾਰੀਆਂ ਨੂੰ ਇਕੱਠਿਆਂ ਬੁਲਾਇਆ। ਯਿਰਮਿਯਾਹ ਨੇ ਛੋਟੇ ਤੋਂ ਲੈ ਕੇ ਵੱਡੇ ਤੀਕ ਹੋਰਨਾਂ ਸਭ ਲੋਕਾਂ ਨੂੰ ਇਕੱਠੇ ਹੋਕੇ ਆਉਣ ਲਈ ਆਖਿਆ। 9 ਫ਼ੇਰ ਯਿਰਮਿਯਾਹ ਨੇ ਉਨ੍ਹਾਂ ਨੂੰ ਆਖਿਆ, “ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਇਹ ਆਖਦਾ ਹੈ। ਤੁਸੀਂ ਮੈਨੂੰ ਉਸ ਦੇ ਕੋਲ ਭੇਜਿਆ। ਮੈਂ ਯਹੋਵਾਹ ਓਹ ਗੱਲ ਪੁੱਛੀ ਜੋ ਤੁਸੀਂ ਮੈਨੂੰ ਪੁੱਛਣ ਲਈ ਆਖਿਆ ਸੀ। ਇਹੀ ਹੈ ਜੋ ਯਹੋਵਾਹ ਆਖਦਾ ਹੈ: 10 ‘ਜੇ ਤੁਸੀਂ ਲੋਕ ਯਹੂਦਾਹ ਵਿੱਚ ਠਹਿਰੋਗੇ ਤਾਂ ਮੈਂ ਤੁਹਾਨੂੰ ਤਾਕਤਵਰ ਬਣਾਵਾਂਗਾ-ਮੈਂ ਤੁਹਾਨੂੰ ਤਬਾਹ ਨਹੀਂ ਕਰਾਂਗਾ। ਮੈਂ ਤੁਹਾਨੂੰ ਬੀਜਾਂਗਾ, ਪੁਟ੍ਟਾਂਗਾ ਨਹੀਂ। ਅਜਿਹਾ ਮੈਂ ਇਸ ਲਈ ਕਰਾਂਗਾ ਕਿਉਂ ਕਿ ਮੈਂ ਉਨ੍ਹਾਂ ਭਿਆਨਕ ਗੱਲਾਂ ਕਰਕੇ ਬਹੁਤ ਉਦਾਸ ਹਾਂ ਜਿਹੜੀਆਂ ਮੈਂ ਤੁਹਾਡੇ ਉੱਤੇ ਵਾਪਰਨ ਦਿੱਤੀਆਂ। 11 ਹੁਣ ਤੁਸੀਂ ਬਾਬਲ ਦੇ ਰਾਜੇ ਤੋਂ ਭੈਭੀਤ ਹੋ। ਪਰ ਉਸਤੋਂ ਭੈਭੀਤ ਨਾ ਹੋਵੋ। ਬਾਬਲ ਦੇ ਰਾਜੇ ਤੋਂ ਡਰੋ ਨਾ’, ਯਹੋਵਾਹ ਦਾ ਇਹ ਸੰਦੇਸ਼ ਹੈ, ‘ਕਿਉਂ ਕਿ ਮੈਂ ਤੁਹਾਡੇ ਨਾਲ ਹਾਂ। ਮੈਂ ਤੁਹਾਨੂੰ ਬਚਾਵਾਂਗਾ। ਮੈਂ ਤੁਹਾਨੂੰ ਮੁਸ਼ਕਿਲ ਵਿੱਚੋਂ ਕੱਢਾਂਗਾ। ਉਹ ਤੁਹਾਡੇ ਉੱਪਰ ਹੱਥ ਨਹੀਂ ਪਾ ਸੱਕੇਗਾ। 12 ਮੈਂ ਤੁਹਾਡੇ ਉੱਪਰ ਮਿਹਰਬਾਨ ਹੋਵਾਂਗਾ। ਅਤੇ ਬਾਬਲ ਦਾ ਰਾਜਾ ਵੀ ਤੁਹਾਡੇ ਉੱਤੇ ਰਹਿਮ ਕਰੇਗਾ। ਅਤੇ ਉਹ ਤੁਹਾਨੂੰ ਤੁਹਾਡੀ ਧਰਤੀ ਉੱਤੇ ਵਾਪਸ ਲਿਆਵੇਗਾ।’ 13 ਪਰ ਤੁਸੀਂ ਸ਼ਾਇਦ ਇਹ ਆਖੋ, ‘ਅਸੀਂ ਯਹੂਦਾਹ ਵਿੱਚ ਨਹੀਂ ਠਹਿਰਾਂਗੇ।’ ਜੇ ਤੁਸੀਂ ਇਹ ਆਖੋਗੇ, ਤਾਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਹੁਕਮ ਅਦੂਲੀ ਕਰੋਗੇ। 14 ਅਤੇ ਸ਼ਾਇਦ ਤੁਸੀਂ ਇਹ ਆਖੋ, ‘ਨਹੀਂ, ਅਸੀਂ ਮਿਸਰ ਵਿੱਚ ਜਾਕੇ ਰਹਾਂਗੇ। ਸਾਨੂੰ ਉਸ ਥਾਂ ਉੱਤੇ ਲੜਾਈ ਦੀ ਚਿੰਤਾ ਨਹੀਂ ਹੋਵੇਗੀ। ਸਾਨੂੰ ਓੱਥੇ ਜੰਗ ਦੀਆਂ ਤੁਰ੍ਹੀਆਂ ਨਹੀਂ ਸੁਣਾਈ ਦੇਣਗੀਆਂ। ਅਤੇ ਮਿਸਰ ਵਿੱਚ ਅਸੀਂ ਭੁੱਖੇ ਵੀ ਨਹੀਂ ਮਰਾਂਗੇ।’ 15 ਜੇ ਤੁਸੀਂ ਇਹ ਗੱਲਾਂ ਆਖੋਗੇ, ਤਾਂ ਯਹੂਦਾਹ ਦੇ ਬਾਕੀ ਬਚੇ ਲੋਕੋ, ਤੁਸੀਂ ਯਹੋਵਾਹ ਦਾ ਸੰਦੇਸ਼ ਸੁਣ ਲਵੋ। ਇਹੀ ਹੈ ਜੋ ਯਹੋਵਾਹ ਸਰਬ ਸ਼ਕਤੀਮਾਨ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ: ‘ਜੇ ਤੁਸੀਂ ਮਿਸਰ ਵਿੱਚ ਜਾਕੇ ਰਹਿਣ ਦਾ ਫ਼ੈਸਲਾ ਕਰਦੇ ਹੋ ਤਾਂ ਇਹ ਗੱਲਾਂ ਵਾਪਰਨਗੀਆਂ। 16 ਤੁਸੀਂ ਜੰਗ ਦੀ ਤਲਵਾਰ ਤੋਂ ਭੈਭੀਤ ਹੋ ਪਰ ਇਹ ਤੁਹਾਨੂੰ ਓੱਥੇ ਹਰਾਵੇਗੀ। ਅਤੇ ਤੁਸੀਂ ਭੁੱਖ ਦੀ ਚਿੰਤਾ ਕਰ ਰਹੇ ਹੋ ਪਰ ਮਿਸਰ ਵਿੱਚ ਤੁਸੀਂ ਭੁੱਖੇ ਰਹੋਗੇ। ਤੁਸੀਂ ਓੱਥੇ ਮਰੋਗੇ। 17 ਹਰ ਉਹ ਬੰਦਾ ਜਿਹੜਾ ਮਿਸਰ ਵਿੱਚ ਜਾਕੇ ਰਹਿਣ ਦਾ ਫ਼ੈਸਲਾ ਕਰਦਾ ਹੈ, ਉਹ ਤਲਵਾਰ ਨਾਲ, ਜਾਂ ਭੁੱਖ ਨਾਲ ਜਾਂ ਭਿਆਨਕ ਬਿਮਾਰੀ ਨਾਲ ਮਰੇਗਾ। ਕੋਈ ਵੀ ਬੰਦਾ ਜਿਹੜਾ ਮਿਸਰ ਜਾਵੇਗਾ, ਬਚੇਗਾ ਨਹੀਂ। ਉਨ੍ਹਾਂ ਵਿੱਚੋਂ ਇੱਕ ਵੀ ਬੰਦਾ ਉਨ੍ਹਾਂ ਭਿਆਨਕ ਆਫ਼ਤਾਂ ਤੋਂ ਨਹੀਂ ਬਚ ਸੱਕੇਗਾ ਜਿਹੜੀਆਂ ਮੈਂ ਉਨ੍ਹਾਂ ਲਈ ਲੈ ਕੇ ਆਵਾਂਗਾ।’
18 “ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ: ‘ਮੈਂ ਯਰੂਸ਼ਲਮ ਦੇ ਖਿਲਾਫ਼ ਆਪਣਾ ਗੁੱਸਾ ਦਿਖਾਇਆ। ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਜਿਹੜੇ ਯਰੂਸ਼ਲਮ ਵਿੱਚ ਰਹਿੰਦੇ ਸਨ। ਇਸੇ ਤਰ੍ਹਾਂ, ਮੈਂ ਹਰ ਓਸ ਬੰਦੇ ਦੇ ਖਿਲਾਫ਼ ਆਪਣਾ ਗੁੱਸਾ ਦਿਖਾਵਾਂਗਾ ਜਿਹੜਾ ਮਿਸਰ ਜਾਵੇਗਾ। ਹੋਰਨਾਂ ਲੋਕਾਂ ਨੂੰ ਸਰਾਪ ਦੇਣ ਲੱਗਿਆ ਲੋਕ ਤੁਹਾਡੀ ਵਰਤੋਂ ਮਿਸਾਲ ਦੇਣ ਲਈ ਕਰਨਗੇ। ਤੁਸੀਂ ਸਰਾਪ ਦੇ ਸ਼ਬਦ ਵਰਗੇ ਬਣ ਜਾਵੋਗੇ। ਲੋਕ ਤੁਹਾਡੇ ਕੋਲੋਂ ਸ਼ਰਮਸਾਰ ਹੋਣਗੇ। ਲੋਕ ਤੁਹਾਡੀ ਬੇਇੱਜ਼ਤੀ ਕਰਨਗੇ। ਅਤੇ ਤੁਸੀਂ ਫ਼ੇਰ ਕਦੇ ਵੀ ਯਹੂਦਾਹ ਨਹੀਂ ਦੇਖ ਸੱਕੋਗੇ।’
19 “ਯਹੂਦਾਹ ਦੇ ਬਚੇ ਹੋਏ ਲੋਕੋ, ਯਹੋਵਾਹ ਨੇ ਤੁਹਾਨੂੰ ਆਖਿਆ ਸੀ: ‘ਮਿਸਰ ਨੂੰ ਨਾ ਜਾਓ।’ ਮੈਂ ਤੁਹਾਨੂੰ ਹੁਣ, ਇਸੇ ਵੇਲੇ, ਚੇਤਾਵਨੀ ਦਿੰਦਾ ਹਾਂ, 20 ਤੁਸੀਂ ਲੋਕ ਅਜਿਹੀ ਗ਼ਲਤੀ ਕਰ ਰਹੇ ਹੋ ਜਿਹੜੀ ਤੁਹਾਡੀ ਮੌਤ ਦਾ ਕਾਰਣ ਬਣੇਗੀ। ਤੁਸੀਂ ਲੋਕਾਂ ਨੂੰ ਮੈਨੂੰ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਭੇਜਿਆ ਸੀ। ਤੁਸੀਂ ਮੈਨੂੰ ਆਖਿਆ ਸੀ, ‘ਸਾਡੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੋ। ਸਾਨੂੰ ਹਰ ਉਹ ਗੱਲ ਦੱਸੋ ਜੋ ਯਹੋਵਾਹ ਸਾਨੂੰ ਕਰਨ ਲਈ ਆਖਦਾ ਹੈ। ਅਸੀਂ ਯਹੋਵਾਹ ਦਾ ਹੁਕਮ ਮੰਨਾਂਗੇ।’ 21 ਇਸ ਲਈ ਅੱਜ, ਮੈਂ ਤੁਹਾਨੂੰ ਯਹੋਵਾਹ ਦਾ ਸੰਦੇਸ਼ ਦੇ ਦਿੱਤਾ ਹੈ। ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। ਤੁਸੀਂ ਉਹ ਸਾਰੀਆਂ ਗੱਲਾਂ ਨਹੀਂ ਕੀਤੀਆਂ ਜਿਹੜੀਆਂ ਉਸ ਨੇ ਮੇਰੇ ਰਾਹੀਂ ਤੁਹਾਨੂੰ ਕਰਨ ਲਈ ਆਖੀਆਂ ਸਨ। 22 ਇਸ ਲਈ ਹੁਣ, ਪੱਕਾ ਕਰੋ ਕਿ ਤੁਸੀਂ ਇਹ ਗੱਲ ਸਮਝਦੇ ਹੋ: ਤੁਸੀਂ ਲੋਕ ਮਿਸਰ ਵਿੱਚ ਜਾਕੇ ਰਹਿਣਾ ਚਾਹੁੰਦੇ ਹੋ। ਪਰ ਮਿਸਰ ਵਿੱਚ ਤੁਹਾਡੇ ਨਾਲ ਇਹ ਗੱਲਾਂ ਵਾਪਰਨਗੀਆਂ। ਤੁਸੀਂ ਤਲਵਾਰ ਨਾਲ, ਜਾਂ ਭੁੱਖ ਨਾਲ, ਜਾਂ ਭਿਆਨਕ ਬੀਮਾਰੀ ਨਾਲ ਮਰੋਗੇ।”
ਨਿਰਦੇਸ਼ਕ ਲਈ: ਯਹੋਵਾਹ ਦੇ ਸੇਵਕ ਦਾਊਦ ਦਾ ਇੱਕ ਗੀਤ। ਇਹ ਗੀਤ ਦਾਊਦ ਨੇ ਉਸ ਵੇਲੇ ਲਿਖਿਆ, ਜਦੋਂ ਯਹੋਵਾਹ ਨੇ ਸ਼ਾਊਲ ਅਤੇ ਉਸ ਦੇ ਹੋਰ ਦੁਸ਼ਮਣਾਂ ਤੋਂ ਉਸਦੀ ਰੱਖਿਆ ਕੀਤੀ।
18 ਉਸ ਨੇ ਆਖਿਆ, “ਹੇ ਯਹੋਵਾਹ, ਮੇਰੀ ਤਾਕਤ,
ਮੈਂ ਤੁਹਾਨੂੰ ਪਿਆਰ ਕਰਦਾ ਹਾਂ।”
2 ਯਹੋਵਾਹ ਮੇਰੀ ਚੱਟਾਨ, ਮੇਰਾ ਗੜ੍ਹ, ਅਤੇ ਮੇਰਾ ਸੁਰੱਖਿਅਤ ਸਥਾਨ ਹੈ।
ਮੇਰਾ ਪਰਮੇਸ਼ੁਰ ਮੇਰੀ ਚੱਟਾਨ ਹੈ।
ਮੈਂ ਸੁਰੱਖਿਆ ਲਈ ਉਸ ਵੱਲ ਨੱਸਦਾ ਹਾਂ।
ਪਰਮੇਸ਼ੁਰ ਹੀ ਮੇਰੀ ਢਾਲ ਹੈ, ਉਸਦੀ ਸ਼ਕਤੀ ਮੈਨੂੰ ਬਚਾਉਂਦੀ ਹੈ।
ਉੱਚੇ ਪਰਬਤਾਂ ਵਿੱਚ ਯਹੋਵਾਹ ਮੇਰੀ ਛੁਪਨਗਾਹ ਹੈ।
3 ਉਨ੍ਹਾਂ ਨੇ ਮੇਰਾ ਮਜ਼ਾਕ ਉਡਾਇਆ।
ਪਰ ਮੈਂ ਸਹਾਇਤਾ ਲਈ ਯਹੋਵਾਹ ਨੂੰ ਅਵਾਜ਼ ਦਿੱਤੀ
ਅਤੇ ਉਸ ਨੇ ਮੈਨੂੰ ਮੇਰੇ ਦੁਸ਼ਮਣਾਂ ਪਾਸੋਂ ਬਚਾ ਲਿਆ।
4 ਮੇਰੇ ਦੁਸ਼ਮਣ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ।
ਮੇਰੇ ਆਲੇ-ਦੁਆਲੇ ਮੌਤ ਦੇ ਸ਼ਿਕੰਜੇ ਸਨ।
ਮੈਂ ਉਸ ਹੜ੍ਹ ਅੰਦਰ ਰੁੜ੍ਹ ਚੱਲਿਆ ਸਾਂ ਜਿਹੜਾ ਮੈਨੂੰ ਮ੍ਰਿਤੂ ਲੋਕ ਵੱਲ ਲਿਜਾ ਰਿਹਾ ਸੀ।
5 ਕਬਰ ਦੇ ਰੱਸੇ ਮੈਨੂੰ ਘੇਰੀ ਹੋਏ ਸਨ,
ਮੌਤ ਦੇ ਜਾਲ ਮੇਰੇ ਅੱਗੇ ਵਿਛੇ ਹੋਏ ਸਨ।
6 ਇੱਥੋਂ ਤੀਕ ਕਿ ਮੈਂ ਘੇਰਿਆ ਗਿਆ ਸਾਂ, ਫ਼ੇਰ ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ।
ਹਾਂ, ਹਾਂ ਮੈਂ ਆਪਣੇ ਪਰਮੇਸ਼ੁਰ ਨੂੰ ਚੀਕਿਆ
ਪਰਮੇਸ਼ੁਰ ਆਪਣੇ ਮੰਦਰ ਅੰਦਰ ਸੀ। ਉਸ ਨੇ ਮੇਰੀ ਚੀਕ ਸੁਣੀ।
ਉਸ ਨੇ ਮਦਦ ਲਈ ਮੇਰੀ ਅਵਾਜ਼ ਨੂੰ ਸੁਣਿਆ।
7 ਧਰਤੀ ਹਿਲੀ ਅਤੇ ਕੰਬੀ;
ਸਵਰਗ ਦੇ ਥਮਲੇ ਵੀ ਹਿੱਲ ਗਏ।
ਕਿਉਂਕਿ ਯਹੋਵਾਹ ਗੁੱਸੇ ਸੀ।
8 ਪਰਮੇਸ਼ੁਰ ਦੇ ਨੱਕ ਵਿੱਚੋਂ ਧੂਆਂ ਨਿਕਲਿਆ।
ਪਰਮੇਸ਼ੁਰ ਦੇ ਮੁੱਖ ਵਿੱਚੋਂ ਬਲਦੀਆਂ ਲਾਟਾਂ ਨਿਕਲੀਆਂ,
ਉਸ ਪਾਸੋਂ ਬਲਦੇ ਹੋਏ ਚੰਗਿਆੜੇ ਉੱਡੇ।
9 ਯਹੋਵਾਹ ਨੇ ਆਕਾਸ਼ ਨੂੰ ਪਾੜ ਸੁੱਟਿਆ ਅਤੇ ਉਹ ਹੇਠਾ ਆਇਆ।
ਉਹ ਗਹਿਰੇ ਕਾਲੇ ਬੱਦਲ ਉੱਤੇ ਖਲੋਤਾ ਸੀ।
10 ਯਹੋਵਾਹ ਆਕਾਸ਼ ਵਿੱਚ ਉੱਡ ਰਿਹਾ ਸੀ।
ਉਹ ਤੇਜ਼ ਦੇ ਕਰੂਬੀਆਂ ਤੇ ਸਵਾਰ ਉੱਡ ਰਿਹਾ ਸੀ।
ਉਹ ਉੱਚੀਆਂ ਹਵਾਵਾਂ ਉੱਤੋਂ ਦੀ ਉੱਡ ਰਿਹਾ ਸੀ।
11 ਯਹੋਵਾਹ ਹਨੇਰੇ ਬੱਦਲਾਂ ਵਿੱਚ ਛੁਪਿਆ ਹੋਇਆ ਸੀ, ਜਿਹੜੇ ਉਸ ਨੂੰ ਤੰਬੂਆਂ ਵਾਂਗ ਘੇਰੇ ਹੋਏ ਸਨ।
ਉਹ ਆਪਣੇ-ਆਪ ਨੂੰ ਬੱਦਲਾਂ ਅੰਦਰ ਛੁਪਾ ਰਿਹਾ ਸੀ।
12 ਫ਼ੇਰ, ਯਹੋਵਾਹ ਦੀ ਚਮਕਦੀ ਰੌਸ਼ਨੀ ਬੱਦਲਾਂ ਨੂੰ ਪਾੜਦੀ ਹੋਈ ਬਾਹਰ ਨਿੱਕਲੀ।
ਇਸਨੇ ਗੜ੍ਹੇਮਾਰ ਕੀਤੀ ਅਤੇ ਬਿਜਲੀ ਲਸ਼ਕਾਈ।
13 ਯਹੋਵਾਹ ਆਕਾਸ਼ ਵਿੱਚੋਂ ਗਰਜਿਆ।
ਸਭ ਤੋਂ ਉੱਚੇ ਪਰਮੇਸ਼ੁਰ ਨੇ ਲੋਕਾਂ ਨੂੰ ਆਪਣੀ ਅਵਾਜ਼ ਸੁਣਾਈ।
ਇੱਥੋਂ ਤੱਕ ਕਿ ਗੜ੍ਹੇਮਾਰ ਹੋਈ ਅਤੇ ਬਿਜਲੀ ਲਿਸ਼ਕ ਉੱਠੀ।
14 ਯਹੋਵਾਹ ਨੇ ਆਪਣੇ ਤੀਰ ਛੱਡੇ ਅਤੇ ਦੁਸ਼ਮਣਾਂ ਨੂੰ ਭਜਾ ਦਿੱਤਾ।
ਯਹੋਵਾਹ ਨੇ ਬਿਜਲੀ ਦੀਆਂ ਅਨੇਕਾਂ ਕਿਰਣਾਂ ਫ਼ੈਲਾਈਆਂ ਅਤੇ ਲੋਕ ਘਬਰਾਹਟ ਵਿੱਚ ਭੱਜ ਗਏ।
15 ਯਹੋਵਾਹ, ਜਦੋਂ ਤੁਸੀਂ ਉੱਚੀ ਅਵਾਜ਼ ਨਾਲ ਹੁਕਮ ਦਿੱਤਾ,
ਪਾਣੀ ਪਿੱਛਾਹਾਂ ਧੱਕਿਆ ਗਿਆ ਸੀ।
ਅਸੀਂ ਸਮੁੰਦਰ ਦਾ ਤਲਾ ਵੇਖ ਸੱਕਦੇ ਸਾਂ।
ਅਸੀਂ ਧਰਤੀ ਦੀਆਂ ਬੁਨਿਆਦਾਂ ਵੀ ਦੇਖ ਸੱਕਦੇ ਸਾਂ।
16 ਯਹੋਵਾਹ, ਉਚਾਈ ’ਚੋਂ ਹੇਠਾ ਆਇਆ ਅਤੇ ਮੈਨੂੰ ਬਚਾ ਲਿਆ।
ਉਸ ਨੇ ਮੈਨੂੰ ਫ਼ੜ ਲਿਆ ਅਤੇ ਮੈਨੂੰ ਡੂੰਘੇ ਪਾਣੀ (ਮੁਸੀਬਤ) ਵਿੱਚੋਂ ਆਪਣੇ ਵੱਲ ਖਿੱਚਿਆ।
17 ਮੇਰੇ ਦੁਸ਼ਮਣ ਮੇਰੇ ਨਾਲੋਂ ਸ਼ਕਤੀਸ਼ਾਲੀ ਸਨ।
ਉਨ੍ਹਾਂ ਨੇ ਮੈਨੂੰ ਨਫ਼ਰਤ ਕੀਤੀ।
ਮੇਰੇ ਦੁਸ਼ਮਣ ਮੇਰੇ ਨਾਲੋਂ ਵੱਧੇਰੇ ਸ਼ਕਤੀਸ਼ਾਲੀ ਸਨ।
ਇਸੇ ਲਈ ਪਰਮੇਸ਼ੁਰ ਨੇ ਮੈਨੂੰ ਬਚਾ ਲਿਆ।
18 ਮੈਂ ਵੱਡੇ ਸੰਕਟ ਵਿੱਚ ਸਾਂ, ਤੇ ਮੇਰੇ ਉੱਤੇ ਮੇਰਿਆਂ ਦੁਸ਼ਮਣਾਂ ਦੁਆਰਾ ਹਮਲਾ ਕੀਤਾ ਹੋਇਆ ਸੀ।
ਪਰ ਯਹੋਵਾਹ ਮੇਰੀ ਮਦਦ ਲਈ ਆਇਆ।
19 ਯਹੋਵਾਹ ਮੈਨੂੰ ਪਿਆਰ ਕਰਦਾ ਹੈ।
ਇਸੇ ਲਈ ਉਸ ਨੇ ਮੈਨੂੰ ਬਚਾਇਆ।
ਉਹ ਮੈਨੂੰ ਇੱਕ ਸੁਰੱਖਿਅਤ ਸਥਾਨ ਉੱਤੇ ਲੈ ਗਿਆ।
20 ਮੈਂ ਬੇਗੁਨਾਹ ਹਾਂ, ਇਸੇ ਲਈ ਯਹੋਵਾਹ ਮੈਨੂੰ ਇਨਾਮ ਦੇਵੇਗਾ।
ਮੈਂ ਕੋਈ ਵੀ ਬਦੀ ਨਹੀਂ ਕੀਤੀ ਇਸੇ ਲਈ ਉਹ ਮੇਰਾ ਭਲਾ ਕਰੇਗਾ।
21 ਕਿਉਂ? ਕਿਉਂ ਕਿ ਮੈਂ ਉਸ ਦੇ ਆਦੇਸ਼ ਮੰਨੇ।
ਮੈਂ ਤੇਰੇ ਖਿਲਾਫ਼ ਕੋਈ ਵੀ ਅਪਰਾਧ ਨਹੀਂ ਕੀਤਾ ਪਰਮੇਸ਼ੁਰ।
22 ਮੈਂ ਸਦਾ ਯਹੋਵਾਹ ਦੇ ਫ਼ੈਸਲਿਆਂ ਨੂੰ ਚੇਤੇ ਰੱਖਦਾ ਹਾਂ।
ਮੈਂ ਉਸ ਦੇ ਅਸੂਲਾਂ ਨੂੰ ਮੰਨਦਾ ਹਾਂ ਅਤੇ ਉਸਦਾ ਆਚਰਣ ਕਰਦਾ ਹਾਂ।
23 ਮੈਂ ਉਸ ਦੇ ਨਮਿੱਤ ਸ਼ੁੱਧ ਤੇ ਇਮਾਨਦਾਰ ਸਾਂ,
ਮੈਂ ਆਪਣੇ-ਆਪ ਨੂੰ ਮੰਦੇ ਕਾਰਿਆਂ ਤੋਂ ਦੂਰ ਰੱਖਿਆ।
24 ਇਸੇ ਲਈ, ਯਹੋਵਾਹ ਮੈਨੂੰ ਇਨਾਮ ਦੇਵੇਗਾ।
ਕਿਉ? ਕਿਉਂਕਿ ਮੈਂ ਬੇਕਸੂਰ ਹਾਂ।
ਜਿਵੇਂ ਪਰਮੇਸ਼ੁਰ ਇਸ ਨੂੰ ਵੇਖਦਾ ਹੈ, ਮੈਂ ਕੋਈ ਗਲਤ ਕੰਮ ਨਹੀਂ ਕੀਤਾ,
ਇਸ ਲਈ ਉਹ ਮੇਰਾ ਭਲਾ ਕਰੇਗਾ।
25 ਯਹੋਵਾਹ, ਜੇ ਕੋਈ ਸੱਚਮੁੱਚ ਤੈਨੂੰ ਪਿਆਰ ਕਰਦਾ ਹੈ, ਤਾਂ ਤੂੰ ਵੀ ਉਸ ਉੱਪਰ ਆਪਣਾ ਸੱਚਾ ਪਿਆਰ ਛਿੜਕ।
ਜੇ ਕੋਈ ਤੇਰੇ ਪ੍ਰਤਿ ਸੱਚਾ ਹੈ ਤਾਂ ਤੂੰ ਵੀ ਉਸ ਦੇ ਪ੍ਰਤਿ ਸੱਚਾ ਹੋਵੇਂਗਾ।
26 ਯਹੋਵਾਹ, ਤੁਸੀਂ ਉਨ੍ਹਾਂ ਲੋਕਾਂ ਲਈ ਸ਼ੁਭ ਤੇ ਪਵਿੱਤਰ ਹੋ ਜਿਹੜੇ ਸ਼ੁਭ ਤੇ ਪਵਿੱਤਰ ਹਨ।
ਪਰ ਤੁਸੀਂ ਕਮੀਨੇ ਅਤੇ ਮੀਸਣੇ ਲੋਕਾਂ ਲਈ ਵੱਧੇਰੇ ਚਤੁਰ ਬਣ ਜਾਂਦੇ ਹੋਂ।
27 ਹੇ ਯਹੋਵਾਹ, ਤੂੰ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈਂ ਜਿਹੜੇ ਨਿਮ੍ਰ ਹਨ।
ਪਰ ਤੂੰ ਗੁਮਾਨੀ ਲੋਕਾਂ ਨੂੰ ਨਿਵਾਉਦਾ ਹੈਂ।
28 ਯਹੋਵਾਹ, ਤੁਸੀਂ ਮੇਰਾ ਦੀਵਾ ਰੌਸ਼ਨ ਕਰੋ।
ਮੇਰਾ ਪਰਮੇਸ਼ੁਰ, ਮੇਰੇ ਚਾਰ-ਚੁਫ਼ੇਰੇ ਫ਼ੈਲੇ ਅੰਧਕਾਰ ਨੂੰ ਰੌਸ਼ਨ ਕਰਦਾ ਹੈ।
29 ਹੇ ਯਹੋਵਾਹ, ਤੇਰੀ ਸਹਾਇਤਾ ਨਾਲ, ਮੈਂ ਫ਼ੌਜੀਆਂ ਸੰਗ ਭੱਜ ਸੱਕਦਾ ਹਾਂ।
ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਦੁਸ਼ਮਣ ਦੀਆਂ ਕੰਧਾਂ ਉੱਤੇ ਚੜ੍ਹ ਸੱਕਦਾ ਹਾਂ।
30 ਪਰਮੇਸ਼ੁਰ ਦੀ ਸ਼ਕਤੀ ਪੂਰਨ ਹੈ,
ਯਹੋਵਾਹ ਦਾ ਸ਼ਬਦ ਪਰੱਖਿਆ ਗਿਆ ਹੈ।
ਉਹ ਉਨ੍ਹਾਂ ਲੋਕਾਂ ਦੀ ਰੱਖਿਆ ਕਰਦਾ ਹੈ ਜਿਹੜੇ ਉਸ ਵਿੱਚ ਆਸਥਾ ਰੱਖਦੇ ਹਨ।
31 ਪਰਮੇਸ਼ੁਰ ਤੋਂ ਬਿਨਾ ਕੋਈ ਯਹੋਵਾਹ ਨਹੀਂ ਹੈ।
ਸਾਡੇ ਪਰਮੇਸ਼ੁਰ ਤੋਂ ਬਿਨਾ ਕੋਈ ਚੱਟਾਨ ਨਹੀਂ।
32 ਪਰਮੇਸ਼ੁਰ ਮੈਨੂੰ ਤਾਕਤ ਬਖਸ਼ਦਾ ਹੈ।
ਉਹ ਮੈਨੂੰ ਸ਼ੁੱਧ ਜੀਵਨ ਜਿਉਣ ਵਿੱਚ ਸਹਾਰਾ ਦਿੰਦਾ ਹੈ।
33 ਪਰਮੇਸ਼ੁਰ ਹਿਰਨ ਵਾਂਗ ਤਿਖਾ ਦੌੜਨ ਵਿੱਚ ਮੇਰੀ ਮਦਦ ਕਰਦਾ ਹੈ।
ਉਹ ਮੈਨੂੰ ਉੱਚੀਆਂ ਥਾਵਾਂ ਤੇ ਸਥਿਰ ਰੱਖਦਾ ਹੈ।
34 ਪਰਮੇਸ਼ੁਰ ਮੈਨੂੰ ਜੰਗ ਦੀ ਸਿਖਲਾਈ ਦਿੰਦਾ ਹੈ
ਤਾਂ ਜੋ ਮੇਰੀਆਂ ਬਾਹਾਂ ਸ਼ਕਤੀਸ਼ਾਲੀ ਧਨੁਸ਼ ਨੂੰ ਝੁਕਾ ਸੱਕਣ।
35 ਹੇ ਪਰਮੇਸ਼ੁਰ, ਤੁਸਾਂ ਮੈਨੂੰ ਬਚਾਇਆ ਤੇ ਮੇਰੀ ਜਿੱਤਣ ਵਿੱਚ ਮਦਦ ਕੀਤੀ।
ਤੁਸਾਂ ਮੈਨੂੰ ਆਪਣੀ ਸੱਜੀ ਬਾਂਹ ਦਾ ਸਹਾਰਾ ਦਿੱਤਾ।
ਤੁਸਾਂ ਮੇਰੇ ਦੁਸ਼ਮਣ ਨੂੰ ਹਰਾਉਣ ਵਿੱਚ ਮਦਦ ਕੀਤੀ।
36 ਮੇਰੀਆਂ ਲੱਤਾਂ ਅਤੇ ਗਿੱਟਿਆਂ ਨੂੰ ਮਜ਼ਬੂਤ ਬਣਾ
ਤਾਂ ਜੋ ਮੈਂ ਠੋਕਰਾਂ ਤੋਂ ਬਿਨਾ ਤੇਜ ਤੁਰ ਸੱਕਾਂ।
37 ਫ਼ੇਰ ਮੈਂ ਆਪਣੇ ਦੁਸ਼ਮਣਾਂ ਦਾ ਪਿੱਛਾ ਕਰ ਸੱਕਾਂਗਾ ਅਤੇ ਉਨ੍ਹਾਂ ਨੂੰ ਫ਼ੜ ਸੱਕਾਂਗਾ।
ਮੈਂ ਉਨ੍ਹਾਂ ਨੂੰ ਤਬਾਹ ਕੀਤੇ ਬਿਨਾ ਵਾਪਸ ਨਹੀਂ ਮੁੜਾਂਗਾ।
38 ਮੈਂ ਆਪਣੇ ਵੈਰੀਆਂ ਨੂੰ ਹਰਾ ਦਿਆਂਗਾ, ਤਾਂ ਜੋ ਉਹ ਦੁਬਾਰਾ ਨਹੀਂ ਉੱਠ ਸੱਕਣਗੇ।
ਮੇਰੇ ਸਾਰੇ ਦੁਸ਼ਮਣਾਂ ਨੂੰ ਪੈਰਾਂ ਹੇਠ ਹੋਣਾ ਚਾਹੀਦਾ ਹੈ।
39 ਹੇ ਪਰਮੇਸ਼ੁਰ, ਤੁਸੀਂ ਮੈਨੂੰ ਯੁੱਧ ਵਿੱਚ ਸ਼ਕਤੀਸ਼ਾਲੀ ਬਣਾਇਆ।
ਤੁਸੀਂ ਮੇਰੇ ਦੁਸ਼ਮਣਾਂ ਨੂੰ ਮੇਰੇ ਅੱਗੇ ਡੇਗਿਆ।
40 ਤੁਸੀਂ ਮੈਨੂੰ ਮੇਰੇ ਦੁਸ਼ਮਣ ਦੀ ਗਿੱਚੀ ਤੇ ਵਾਰ ਕਰਨ ਦਾ ਇੱਕ ਮੌਕਾ ਦਿੱਤਾ,
ਅਤੇ ਮੈਂ ਆਪਣੇ ਵੈਰੀਆਂ ਨੂੰ ਥੱਲੇ ਵੱਢ ਸੁੱਟਿਆ।
41 ਮੇਰੇ ਦੁਸ਼ਮਣਾਂ ਮਦਦ ਲਈ ਪੁਕਾਰਿਆ ਸੀ,
ਪਰ ਕੋਈ ਨਹੀਂ ਸੀ ਜਿਹੜਾ ਉਨ੍ਹਾਂ ਨੂੰ ਬਚਾ ਸੱਕੇ।
ਉਨ੍ਹਾਂ ਨੇ ਯਹੋਵਾਹ ਨੂੰ ਵੀ ਪੁਕਾਰਿਆ ਸੀ,
ਪਰ ਉਸ ਨੇ ਉਨ੍ਹਾਂ ਦੀ ਪੁਕਾਰ ਨਹੀਂ ਸੁਣੀ ਸੀ।
42 ਮੈਂ ਆਪਣੇ ਦੁਸ਼ਮਣਾਂ ਦੇ ਟੁਕੜੇ ਕੀਤੇ।
ਉਹ ਉਸ ਖਾਕ ਵਾਂਗ ਸਨ, ਜਿਹੜੀ ਹਵਾ ਵਿੱਚ ਉੱਡਦੀ ਹੈ।
ਮੈਂ ਉਨ੍ਹਾਂ ਨੂੰ ਟੋਟੇ-ਟੋਟੇ ਕੀਤਾ ਸੀ।
43 ਮੈਨੂੰ ਉਨ੍ਹਾਂ ਲੋਕਾਂ ਤੋਂ ਬਚਾਉ ਜਿਹੜੇ ਮੇਰੇ ਵਿਰੁੱਧ ਲੜਦੇ ਹਨ।
ਮੈਂ ਉਨ੍ਹਾਂ ਕੌਮਾਂ ਦਾ ਆਗੂ ਬਣਾ।
ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਮੇਰੀ ਸੇਵਾ ਕਰਨ ਦੇ।
44 ਉਹ ਲੋਕ ਮੇਰੇ ਬਾਰੇ ਸੁਣਨਗੇ ਅਤੇ ਫ਼ੌਰਨ ਮੇਰਾ ਹੁਕਮ ਮੰਨਣਗੇ।
ਉਹ ਵਿਦੇਸ਼ੀ ਮੇਰੇ ਪਾਸੋਂ ਡਰਨਗੇ।
45 ਉਹ ਵਿਦੇਸ਼ੀ ਡਰ ਨਾਲ ਕੰਬਣਗੇ।
ਉਹ ਡਰ ਨਾਲ ਕੰਬੰਦੇ ਹੋਏ ਆਪਣੀਆਂ ਛੁਪਣਗਾਹਾਂ ਵਿੱਚੋਂ ਨਿਕਲ ਆਉਣਗੇ।
46 ਯਹੋਵਾਹ ਜਿਉਂਦਾ ਜਾਗਦਾ ਹੈ।
ਮੈਂ ਆਪਣੀ ਓਟ ਦੀ ਉਸਤਤਿ ਕਰਦਾ ਹਾਂ।
ਪਰਮੇਸ਼ੁਰ ਮੈਨੂੰ ਬਚਾਉਂਦਾ ਹੈ, ਉਹ ਮਹਾਨ ਹੈ।
47 ਪਰਮੇਸ਼ੁਰ ਨੇ ਮੇਰੇ ਲਈ ਮੇਰੇ ਦੁਸ਼ਮਣਾਂ ਨੂੰ ਦੰਡ ਦਿੱਤਾ।
ਉਸ ਨੇ ਲੋਕਾਂ ਨੂੰ ਮੇਰੇ ਅਧੀਨ ਕਰ ਦਿੱਤਾ ਹੈ।
48 ਯਹੋਵਾਹ, ਤੁਸੀਂ ਮੇਰੇ ਦੁਸ਼ਮਣਾਂ ਤੋਂ ਮੇਰੀ ਰੱਖਿਆ ਕੀਤੀ,
ਤੁਸੀਂ ਉਨ੍ਹਾਂ ਨੂੰ ਹਰਾਉਣ ਵਿੱਚ ਮੇਰੀ ਮਦਦ ਕੀਤੀ ਜਿਹੜੇ ਮੇਰੇ ਖਿਲਾਫ਼ ਆ ਖਲੋਏ ਸਨ।
ਤੁਸੀਂ ਮੈਨੂੰ ਜ਼ਾਲਮ ਆਦਮੀਆਂ ਤੋਂ ਬਚਾਇਆ।
49 ਹੇ ਯਹੋਵਾਹ, ਇਸੇ ਲਈ ਮੈਂ ਕੌਮਾਂ ਦੇ ਦਰਮਿਆਨ ਤੁਹਾਡੀ ਉਸਤਤਿ ਕਰਦਾ ਹਾਂ।
ਯਹੋਵਾਹ, ਇਸੇ ਲਈ ਮੈਂ ਤੇਰੇ ਨਾਂ ਦੀ ਮਹਿਮਾ ਲਈ, ਗੀਤ ਗਾਉਂਦਾ ਹਾਂ।
50 ਯਹੋਵਾਹ ਕਈ ਯੁੱਧ ਜਿੱਤਣ ਵਿੱਚ ਆਪਣੇ ਰਾਜੇ ਦੀ ਮਦਦ ਕਰਦਾ ਹੈ।
ਉਹ ਉਸਦਾ ਸੱਚਾ ਪਿਆਰ ਆਪਣੇ ਚੁਣੇ ਹੋਏ ਰਾਜੇ ਲਈ ਦਰਸਾਉਂਦਾ ਹੈ।
ਉਹ ਦਾਊਦ ਲਈ ਅਤੇ ਉਸਦੀ ਅੰਸ਼ ਲਈ ਸਦਾ ਵਾਸਤੇ ਵਫ਼ਾਦਾਰ ਹੋਵੇਗਾ।
2010 by World Bible Translation Center