Chronological
ਨਬੂਕਦਨੱਸਰ ਪਾਤਸ਼ਾਹ ਦਾ ਯਹੂਦਾਹ ’ਚ ਆਉਣਾ
24 ਯਹੋਯਾਕੀਮ ਪਾਤਸ਼ਾਹ ਦੇ ਸਮੇਂ ਵਿੱਚ ਬਾਬਲ ਦਾ ਪਾਤਸ਼ਾਹ ਨਬੂਕਦਨੱਸਰ ਯਹੂਦਾਹ ਦੇਸ ਵਿੱਚ ਆਇਆ। ਯਹੋਯਾਕੀਮ ਤਿੰਨ ਵਰ੍ਹੇ ਉਸਦਾ ਦਾਸ ਬਣਿਆ ਫ਼ਿਰ ਉਸਤੋਂ ਯਹੋਯਾਕੀਮ ਬਾਗ਼ੀ ਹੋ ਗਿਆ ਅਤੇ ਉਸ ਦੇ ਰਾਜ ਤੋਂ ਉਸ ਨੇ ਤੋੜਕੇ ਬੇਮੁਖ ਹੋ ਗਿਆ। 2 ਯਹੋਵਾਹ ਨੇ ਯਹੋਯਾਕੀਮ ਦੇ ਵਿਰੋਧ ਵਿੱਚ ਕਸਦੀਆਂ ਦੇ ਟੋਲੇ, ਅਰਾਮ ਦੇ, ਮੋਆਬ ਅਤੇ ਅੰਮੋਨੀਆਂ ਦੇ ਜੱਥੇ ਭੇਜੇ। ਯਹੋਵਾਹ ਨੇ ਉਨ੍ਹਾਂ ਨੂੰ, ਯਹੂਦਾਹ ਨੂੰ ਨਸ਼ਟ ਕਰਨ ਲਈ ਭੇਜਿਆ। ਇਹ ਸਭ ਕੁਝ ਯਹੋਵਾਹ ਦੇ ਬਚਨ ਮੁਤਾਬਕ ਹੋਇਆ ਜੋ ਉਸ ਨੇ ਆਪਣੇ ਸੇਵਕਾਂ, ਨਬੀਆਂ ਦੇ ਰਾਹੀਂ ਬੋਲਿਆ ਸੀ।
3 ਯਹੂਦਾਹ ਵਿੱਚ ਇਉਂ ਸਭ ਕੁਝ ਵਾਪਰੇ ਇਹ ਯਹੋਵਾਹ ਦੇ ਹੁਕਮ ਨਾਲ ਹੀ ਹੋਇਆ ਸੀ ਕਿਉਂ ਕਿ ਇਉਂ ਉਹ ਉਨ੍ਹਾਂ ਨੂੰ ਆਪਣੀਆਂ ਅੱਖਾਂ ਤੋਂ ਦੂਰ ਕਰਨਾ ਚਾਹੁੰਦਾ ਸੀ। ਇਹ ਸਭ ਕੁਝ ਉਸ ਨੇ ਮਨੱਸ਼ਹ ਦੇ ਪਾਪਾਂ ਕਾਰਣ ਕੀਤਾ। 4 ਯਹੋਵਾਹ ਨੇ ਇਹ ਇਸ ਲਈ ਵੀ ਸਭ ਕਰਵਾਇਆ ਕਿਉਂ ਕਿ ਮਨੱਸ਼ਹ ਨੇ ਬੜੇ ਮਾਸੂਮ ਲੋਕਾਂ ਨੂੰ ਮਰਵਾਇਆ ਸੀ ਅਤੇ ਉਨ੍ਹਾਂ ਦੇ ਖੂਨ ਨਾਲ ਸਾਰੇ ਯਰੂਸ਼ਲਮ ਨੂੰ ਲਥਪਥ ਕੀਤਾ ਸੀ। ਤਾਂ ਹੀ ਯਹੋਵਾਹ ਉਸ ਨੂੰ ਖਿਮਾ ਨਹੀਂ ਕਰਨਾ ਚਾਹੁੰਦਾ ਸੀ।
5 ਯਹੋਯਾਕੀਮ ਦੀਆਂ ਹੋਰ ਕਰਨੀਆਂ ਯਹੂਦਾਹ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਸ਼ਾਮਿਲ ਹਨ। 6 ਯਹੋਯਾਕੀਮ ਮਰਨ ਬਾਅਦ ਆਪਣੇ ਪੁਰਖਿਆਂ ਕੋਲ ਹੀ ਦਫ਼ਨਾਇਆ ਗਿਆ ਅਤੇ ਉਸਤੋਂ ਬਾਅਦ ਉਸਦਾ ਪੁੱਤਰ ਯਹੋਯਾਕੀਨ ਨਵਾਂ ਪਾਤਸ਼ਾਹ ਬਣਿਆ।
7 ਬਾਬਲ ਦੇ ਪਾਤਸ਼ਾਹ ਨੇ ਮਿਸਰ ਦੀ ਨਦੀ ਤੋਂ ਲੈ ਕੇ ਫ਼ਰਾਤ ਦੇ ਦਰਿਆ ਤੀਕ ਸਭ ਕੁਝ ਜੋ ਮਿਸਰ ਦੇ ਪਾਤਸ਼ਾਹ ਦਾ ਸੀ, ਹਥਿਆ ਲਿਆ ਤੇ ਉਸਤੋਂ ਬਾਅਦ ਫ਼ੇਰ ਕਦੇ ਮਿਸਰ ਦਾ ਪਾਤਸ਼ਾਹ ਆਪਣੇ ਦੇਸ਼ ਤੋਂ ਬਾਹਰ ਨਾ ਨਿਕਲ ਸੱਕਿਆ।
ਨਬੂਕਦਨੱਸਰ ਦਾ ਯਰੂਸ਼ਲਮ ਤੇ ਕਬਜ਼ਾ
8 ਯਹੋਯਾਕੀਨ ਜਦੋਂ ਰਾਜ ਕਰਨ ਲੱਗਾ ਤਾਂ ਉਹ 18 ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ ਤਿੰਨਾਂ ਮਹੀਨਿਆਂ ਲਈ ਰਾਜ ਕੀਤਾ। ਉਸਦੀ ਮਾਂ ਦਾ ਨਾਂ ਨਹੁਸ਼ਤਾ ਸੀ ਜੋ ਯਰੂਸ਼ਲਮ ਦੇ ਅਲਨਾਥਾਨ ਦੀ ਧੀ ਸੀ। 9 ਯਹੋਯਾਕੀਨ ਨੇ ਵੀ ਆਪਣੇ ਬਾਪ ਵਾਂਗ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗੇ ਨਹੀਂ ਸਨ।
10 ਉਸ ਵਕਤ ਨਬੂਕਦਨੱਸਰ, ਜੋ ਕਿ ਬਾਬਲ ਦਾ ਪਾਤਸ਼ਾਹ ਸੀ, ਦੇ ਅਫ਼ਸਰਾਂ ਨੇ ਯਰੂਸ਼ਲਮ ਉੱਪਰ ਘੇਰਾ ਪਾ ਲਿਆ। 11 ਤਦ ਨਬੂਕਦਨੱਸਰ, ਬਾਬਲ ਦਾ ਪਾਤਸ਼ਾਹ, ਸ਼ਹਿਰ ਵਿੱਚ ਆਇਆ ਤਾਂ 12 ਯਹੂਦਾਹ ਦਾ ਪਾਤਸ਼ਾਹ ਯਹੋਯਾਕੀਨ ਉਸ ਨੂੰ ਮਿਲਣ ਲਈ ਬਾਹਰ ਨਿਕਲਿਆ। ਯਹੋਯਾਕੀਨ ਦੀ ਮਾਂ, ਉਸ ਦੇ ਅਫ਼ਸਰ, ਨੇਤਾ ਆਗੂ ਅਤੇ ਦਰਬਾਰੀ ਵੀ ਉਸ ਦੇ ਨਾਲ ਗਏ ਤਦ ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੇ ਯਹੋਯਾਕੀਨ ਨੂੰ ਗਿਰਫ਼ਤਾਰ ਕਰ ਲਿਆ। ਇਹ ਘਟਨਾ ਯਹੋਯਾਕੀਨ ਦੇ ਰਾਜ ਕਾਲ ਦੇ 18 ਵਰ੍ਹੇ ’ਚ ਹੋਈ।
13 ਨਬੂਕਦਨੱਸਰ ਨੇ ਯਹੋਵਾਹ ਦੇ ਮੰਦਰ ਵਿੱਚੋਂ ਯਰੂਸ਼ਲਮ ਚੋ ਸਾਰਾ ਖਜ਼ਾਨਾ ਕੱਢ ਲਿਆ ਅਤੇ ਪਾਤਸ਼ਾਹ ਦੇ ਮਹਿਲ ਵਿੱਚੋਂ ਵੀ ਸਾਰਾ ਖਜ਼ਾਨਾ ਲੁੱਟ ਲਿਆ। ਸੋਨੇ ਦੇ ਸਾਰੇ ਭਾਂਡੇ ਜੋ ਇਸਰਾਏਲ ਦੇ ਪਾਤਸ਼ਾਹ ਸੁਲੇਮਾਨ ਨੇ ਯਹੋਵਾਹ ਦੇ ਮੰਦਰ ਵਿੱਚ ਰੱਖੇ ਸਨ, ਉਸ ਨੇ ਕੱਟ ਕੇ ਤੋੜ ਕੇ ਯਹੋਵਾਹ ਦੇ ਕਹੇ ਅਨੁਸਾਰ ਟੁਕੜੇ-ਟੁਕੜੇ ਕਰ ਦਿੱਤੇ।
14 ਉਸ ਨੇ ਯਰੂਸ਼ਲਮ ਦੇ ਸਾਰੇ ਲੋਕਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਿਸ ਵਿੱਚ ਧਨਾਢ ਲੋਕ ਅਤੇ ਆਗੂ ਵੀ ਸ਼ਾਮਿਲ ਸਨ। ਉਸ ਨੇ 10,000 ਲੋਕਾਂ ਨੂੰ ਫ਼ੜਕੇ ਕੈਦ ਕਰ ਲਿਆ। ਉਸ ਨੇ ਸਾਰੇ ਕਾਰੀਗਰਾਂ ਅਤੇ ਲੋਹਾਰਾਂ ਨੂੰ ਵੀ ਫ਼ੜ ਲਿਆ ਅਤੇ ਸਧਾਰਨ ਗਰੀਬ ਲੋਕਾਂ ਤੋਂ ਸਿਵਾਇ ਦੇਸ਼ ਦਾ ਕੋਈ ਬੰਦਾ ਨਾ ਛੱਡਿਆ। 15 ਨਬੂਕਦਨੱਸਰ ਯਹੋਯਾਕੀਨ ਨੂੰ ਬੰਦੀ ਬਣਾਕੇ ਬਾਬਲ ਨੂੰ ਲੈ ਗਿਆ। ਉਹ ਉਸ ਦੀ ਮਾਂ, ਉਸਦੀਆਂ ਬੀਵੀਆਂ, ਅਫ਼ਸਰਾਂ ਅਤੇ ਆਗੂ ਨੇਤਾਵਾਂ ਅਤੇ ਕਹਿੰਦੇ-ਕਹਾਉਂਦੇ ਲੋਕਾਂ ਨੂੰ ਵੀ ਆਪਣੇ ਨਾਲ ਲੈ ਗਿਆ। ਇਨ੍ਹਾਂ ਸਭਨਾਂ ਨੂੰ ਉਹ ਬਾਬਲ ਵਿੱਚ ਕੈਦੀ ਬਣਾ ਕੇ ਲਿਆਇਆ। 16 ਉਸ ਵਿੱਚ 7,000 ਸਿਪਾਹੀ ਸਨ। ਨਬੂਕਦਨੱਸਰ ਸਾਰੇ ਸਿਪਾਹੀਆਂ ਅਤੇ 1,000 ਕਾਰੀਗਰਾਂ ਤੇ ਕਾਮਿਆਂ ਨੂੰ ਆਪਣੇ ਨਾਲ ਲੈ ਆਇਆ। ਇਹ ਸਾਰੇ ਮਨੁੱਖ ਜੰਗ ਦੀ ਸਿਖਲਾਈ ਲਏ ਹੋਏ ਜੰਗ ਲਈ ਤਿਆਰ ਸਿਪਾਹੀ ਸਨ ਜਿਨ੍ਹਾਂ ਨੂੰ ਬਾਬਲ ਦਾ ਪਾਤਸ਼ਾਹ ਬੰਦੀ ਬਣਾਕੇ ਬਾਬਲ ਵਿੱਚ ਲੈ ਆਇਆ।
ਸਿਦਕੀਯਾਹ ਪਾਤਸ਼ਾਹ
17 ਬਾਬਲ ਦੇ ਪਾਤਸ਼ਾਹ ਨੇ ਯਹੋਯਾਕੀਨ ਦੇ ਚਾਚੇ, ਮਤੱਨਯਾਹ ਨੂੰ ਨਵਾਂ ਪਾਤਸ਼ਾਹ ਬਣਾਇਆ, ਅਤੇ ਉਸ ਨੂੰ ਸਿਦਕੀਯਾਹ ਨਾਂ ਦਿੱਤਾ। 18 ਸਿਦਕੀਯਾਹ 21ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ। ਉਸ ਨੇ ਯਰੂਸ਼ਲਮ ਵਿੱਚ 11ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਹਮੂਟਲ ਸੀ ਜੋ ਕਿ ਯਿਰਮਯਾਹ ਦੀ ਧੀ ਸੀ ਅਤੇ ਉਹ ਲਿਬਨਾਹ ਤੋਂ ਸੀ। 19 ਸਿਦਕੀਯਾਹ ਨੇ ਵੀ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ। ਸਿਦਕੀਯਾਹ ਨੇ ਵੀ ਯਹੋਯਾਕੀਨ ਵਾਂਗ ਸਭ ਮਾੜੇ ਕੰਮ ਕੀਤੇ। 20 ਤਦ ਯਹੋਵਾਹ ਯਰੂਸ਼ਲਮ ਤੇ ਯਹੂਦਾਹ ਤੇ ਇੰਨਾ ਕਰੋਧ ਵਿੱਚ ਆਇਆ ਕਿ ਉਸ ਨੇ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿੱਤਾ।
ਨਬੂਕਦਨੱਸਰ ਨੇ ਸਿਦਕੀਯਾਹ ਦਾ ਰਾਜ ਖਤਮ ਕੀਤਾ
ਸਿਦਕੀਯਾਹ ਬੇਮੁਖ ਹੋ ਗਿਆ ਅਤੇ ਉਹ ਬਾਬਲ ਦੇ ਪਾਤਸ਼ਾਹ ਦਾ ਹੁਕਮ ਮੰਨਣ ਤੋਂ ਬਾਗ਼ੀ ਹੋ ਗਿਆ।
25 ਹੁਣ ਨਬੂਕਦਨੱਸਰ ਜੋ ਕਿ ਬਾਬਲ ਦਾ ਪਾਤਸ਼ਾਹ ਸੀ ਆਪਣੀ ਫ਼ੌਜ ਨਾਲ ਯਰੂਸ਼ਲਮ ਦੇ ਵਿਰੁੱਧ ਲੜਨ ਲਈ ਆਇਆ। ਇਹ ਘਟਨਾ ਸਿਦਕੀਯਾਹ ਦੇ ਰਾਜ ਦੇ ਨੌਵੇਂ ਵਰ੍ਹੇ ਦੇ ਦਸਵੇਂ ਮਹੀਨੇ ਦੇ ਦਸਵੇਂ ਦਿਨ ਵਾਪਰੀ। ਉਸ ਨੇ ਆਪਣੀ ਫ਼ੌਜ ਦਾ ਯਰੂਸ਼ਲਮ ਉੱਪਰ ਘੇਰਾ ਪਾ ਲਿਆ ਤਾਂ ਜੋ ਲੋਕ ਅੰਦਰ ਜਾ ਸ਼ਹਿਰ ਤੋਂ ਬਾਹਰ ਨਾ ਆ ਸੱਕਣ। ਫ਼ੇਰ ਉਸ ਨੇ ਸ਼ਹਿਰ ਦੇ ਆਲੇ-ਦੁਆਲੇ ਕਿਲ੍ਹਾਬੰਦੀ ਦੀ ਕੰਧ ਬਣਾਈ। 2 ਨਬੂਕਦਨੱਸਰ ਦੀ ਫ਼ੌਜ ਸਿਦਕੀਯਾਹ ਦੇ ਯਹੂਦਾਹ ਦੇ ਰਾਜ ਕਰਨ ਦੇ 11ਵਰ੍ਹੇ ਤੀਕ ਸ਼ਹਿਰ ਨੂੰ ਘੇਰੀ ਰਹੀ। 3 ਸ਼ਹਿਰ ਵਿੱਚ ਅਕਾਲ ਨੇ ਬੁਰੀ ਹਾਲਤ ਕਰ ਦਿੱਤੀ ਅਤੇ ਚੌਥੇ ਮਹੀਨੇ ਦੇ ਨੌਵੇਂ ਦਿਨ ਸ਼ਹਿਰ ਵਿੱਚ ਆਮ ਲੋਕਾਈ ਕੋਲ ਖਾਣ ਨੂੰ ਅੰਨ ਦਾ ਦਾਣਾ ਨਾ ਰਿਹਾ।
4 ਨਬੂਕਦਨੱਸਰ ਦੀ ਫ਼ੌਜ ਨੇ ਅਖੀਰ ਸ਼ਹਿਰ ਦੀ ਉਹ ਦੀਵਾਰ ਢਾਹ ਦਿੱਤੀ। ਉਸ ਰਾਤ ਸਿਦਕੀਯਾਹ ਪਾਤਸ਼ਾਹ ਅਤੇ ਉਸ ਦੇ ਸਰਦਾਰ ਉੱਥੋਂ ਭੱਜ ਨਿਕਲੇ। ਉਨ੍ਹਾਂ ਨੇ ਭੱਜਣ ਲਈ ਦੁਹਰੀਆਂ ਦੀਵਾਰਾਂ ਦੇ ਵਿੱਚੋਂ ਦੀ ਜੋ ਗੁਪਤ ਫ਼ਾਟਕ ਸੀ ਉਸਦੀ ਵਰਤੋਂ ਕੀਤੀ। ਇਹ ਰਾਹ ਪਾਤਸ਼ਾਹ ਦੇ ਬਾਗ਼ਾਂ ਵਿੱਚੋਂ ਦੀ ਸੀ। ਦੁਸ਼ਮਣ ਫ਼ੌਜ ਨੇ ਸਾਰੇ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ ਪਰ ਸਿਦਕੀਯਾਹ ਤੇ ਉਸ ਦੇ ਸਰਦਾਰ ਉਜਾੜ ਦੇ ਰਾਹ ਤੋਂ ਭੱਜ ਕੇ ਬਚ ਨਿਕਲੇ। 5 ਬਾਬਲ ਦੀ ਫ਼ੌਜ ਨੇ ਸਿਦਕੀਯਾਹ ਪਾਤਸ਼ਾਹ ਦਾ ਪਿੱਛਾ ਕੀਤਾ ਤੇ ਉਸ ਨੂੰ ਯਰੀਹੋ ਦੇ ਨੇੜੇ ਫ਼ੜ ਲਿਆ। ਸਿਦਕੀਯਾਹ ਦੇ ਸਾਰੇ ਸਿਪਾਹੀ ਉਸ ਨੂੰ ਛੱਡ ਕੇ ਭੱਜ ਗਏ।
6 ਤਦ ਬਾਬਲ ਦੇ ਸਿਪਾਹੀ ਸਿਦਕੀਯਾਹ ਪਾਤਸ਼ਾਹ ਨੂੰ ਫ਼ੜ ਕੇ ਬਾਬਲ ਦੇ ਪਾਤਸ਼ਾਹ ਕੋਲ ਰਿਬਲਾਹ ਵਿੱਚ ਲਿਆਏ ਤੇ ਉਨ੍ਹਾਂ ਲੋਕਾਂ ਨੇ ਉਸ ਨੂੰ ਦੰਡ ਦੇਣ ਦਾ ਵਿੱਚਾਰ ਕੀਤਾ। 7 ਉਨ੍ਹਾਂ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਸ ਦੇ ਸਾਹਮਣੇ ਵੱਢਿਆ। ਫ਼ਿਰ ਉਨ੍ਹਾਂ ਨੇ ਸਿਦਕੀਯਾਹ ਦੀਆਂ ਅੱਖਾਂ ਕੱਢੀਆਂ ਤੇ ਫ਼ਿਰ ਉਸ ਨੂੰ ਜੰਜੀਰਾਂ ਨਾਲ ਬੰਨ੍ਹਕੇ ਬਾਬਲ ਵਿੱਚ ਲੈ ਆਏ।
ਯਰੂਸ਼ਲਮ ਦਾ ਨਾਸ
8 ਨਬੂਕਦਨੱਸਰ 5 ਮਹੀਨੇ ਦੇ ਸੱਤਵੇਂ ਦਿਨ ਜੋ ਉਸਦੀ ਪਾਤਸ਼ਾਹੀ ਦਾ 19ਵਰ੍ਹਾ ਸੀ ਯਰੂਸ਼ਲਮ ਵਿੱਚ ਆਇਆ। ਨਬੂਜ਼ਰਦਾਨ ਨਬੂਕਦਨੱਸਰ ਦੀ ਵੱਧੀਆ ਫ਼ੌਜ ਦਾ ਕਪਤਾਨ ਸੀ। 9 ਨਬੂਕਦਨੱਸਰ ਨੇ ਯਹੋਵਾਹ ਦਾ ਮੰਦਰ ਅਤੇ ਪਾਤਸ਼ਾਹ ਦਾ ਮਹਿਲ ਸਾੜ ਸੁੱਟਿਆ ਅਤੇ ਯਰੂਸ਼ਲਮ ਦੇ ਸਾਰੇ ਘਰਾਂ ਨੂੰ ਸਾੜ ਦਿੱਤਾ! ਉਸ ਨੇ ਵੱਡੀਆਂ-ਵੱਡੀਆਂ ਇਮਾਰਤਾਂ ਨੂੰ ਵੀ ਸਾੜ ਦਿੱਤਾ।
10 ਕਸਦੀਆਂ ਦੀ ਸਾਰੀ ਫ਼ੌਜ ਨੇ ਜੋ ਜਲਾਦਾਂ ਦੇ ਸਰਦਾਰ ਦੇ ਨਾਲ ਸੀ ਯਰੂਸ਼ਲਮ ਦੇ ਆਲੇ-ਦੁਆਲੇ ਦੀਆਂ ਕੰਧਾਂ ਨੂੰ ਢਾਹ ਸੁੱਟਿਆ। 11 ਨਬੂਕਦਨੱਸਰ ਨੇ ਸ਼ਹਿਰ ਵਿੱਚ ਬਾਕੀ ਦੇ ਲੁਕੇ ਹੋਏ ਲੋਕਾਂ ਨੂੰ ਵੀ ਫ਼ੜ ਲਿਆ ਅਤੇ ਉਨ੍ਹਾਂ ਨੂੰ ਕੈਦੀ ਬਣਾ ਲਿਆ। ਉਨ੍ਹਾਂ ਲੋਕਾਂ ਨੂੰ ਵੀ ਉਸ ਨੇ ਬੰਦੀ ਬਣਾ ਲਿਆ ਜਿਹੜੇ ਕਿ ਉਸ ਕੋਲ ਸਮਰਪਣ ਹੋਣ ਲਈ ਤਰਲੇ ਲੈਣ ਆਏ। 12 ਨਬੂਕਦਨੱਸਰ ਨੇ ਗਰੀਬਾਂ ਨੂੰ ਕੈਦੀ ਨਾ ਬਣਾਇਆ। ਉਸ ਨੇ ਉਨ੍ਹਾਂ ਨੂੰ ਉੱਥੇ ਹੀ ਛੱਡ ਦਿੱਤਾ ਤਾਂ ਜੋ ਉਹ ਅੰਗੂਰ ਅਤੇ ਬਾਕੀ ਫ਼ਸਲਾਂ ਦੀ ਦੇਖ-ਭਾਲ ਕਰ ਸੱਕਣ।
13 ਬਾਬਲ ਦੀ ਸੈਨਾ ਨੇ ਕਾਂਸੇ ਦੇ ਉਨ੍ਹਾਂ ਸਾਰੇ ਥੰਮਾਂ, ਕੁਰਸੀਆਂ, ਕਾਂਸੇ ਦੇ ਵੱਡੇ ਟੱਬਾਂ ਨੂੰ ਤੋੜ ਦਿੱਤਾ ਜੋ ਯਹੋਵਾਹ ਦੇ ਮੰਦਰ ਵਿੱਚ ਸਨ ਅਤੇ ਸਾਰਾ ਕਾਂਸਾ ਬਾਬਲ ਦੇਸ਼ ਨੂੰ ਲੈ ਗਏ। 14 ਤਸਲੇ, ਕੜਛੇ, ਗੁਲਤਰਾਸ਼, ਕਟੋਰੀਆਂ ਅਤੇ ਪਿੱਤਲ ਦੇ ਉਹ ਸਾਰੇ ਭਾਂਡੇ, ਜਿਨ੍ਹਾਂ ਨਾਲ ਸੇਵਾ ਕੀਤੀ ਜਾਂਦੀ ਸੀ ਉਹ ਲੈ ਗਏ। 15 ਨਬੂਜ਼ਰਦਾਨ ਸਾਰੀਆਂ ਅੰਗੀਠੀਆਂ ਬਾਟੇ ਤੇ ਜੋ ਕੁਝ ਸੋਨੇ ਦਾ ਸੀ ਅਤੇ ਚਾਂਦੀ ਦਾ ਉਹ ਵੀ ਲੈ ਗਿਆ। 16-17 ਜੋ ਕੁਝ ਨਬੂਕਦਨੱਸਰ ਲੈ ਗਿਆ ਸੀ: ਦੋ ਥੰਮ (ਹਰ ਥੰਮ 27 ਫੁੱਟ ਉੱਚਾ ਸੀ ਇਸ ਉੱਤਲੇ ਤਾਜ ਸਾਢੇ ਚਾਰ ਫੁੱਟ ਦੇ ਸਨ। ਉਨ੍ਹਾਂ ਤਾਜਾਂ ਉੱਤੇ, ਇੱਕ ਜਾਲ ਅਤੇ ਅਨਾਰਾਂ ਦਾ ਡੀਜਾਈਨ ਸੀ। ਦੋਵੇਂ ਥੰਮ ਇੱਕੋ ਜਿਹੇ ਸਨ ਅਤੇ ਇੱਕ ਜਿਹੇ ਡੀਜਾਈਨ ਦੇ ਸਨ।) ਇੱਕ ਕਾਂਸੇਂ ਦਾ ਵੱਡਾ ਟੱਬ, ਅਤੇ ਗੱਡੇ ਜੋ ਸੁਲੇਮਾਨ ਨੇ ਯਹੋਵਾਹ ਲਈ ਬਣਵਾਏ ਸਨ। ਇਨ੍ਹਾਂ ਸਭ ਕਾਸੇ ਉੱਤੇ ਇੰਨਾ ਕਾਂਸਾ ਸੀ ਜਿਸ ਨੂੰ ਤੋਲਿਆ ਨਹੀਂ ਜਾ ਸੱਕਦਾ ਸੀ।
ਯਹੂਦਾਹ ਦੇ ਲੋਕ ਬੰਦੀਵਾਨ
18 ਮੰਦਰ ਵਿੱਚੋਂ ਨਬੂਜ਼ਰਦਾਨ ਲੈ ਗਿਆ ਜਲਾਦਾਂ ਦੇ ਸਰਦਾਰ ਪਰਧਾਨ ਜਾਜਕ ਸਰਾਯਾਹ, ਸਫ਼ਨਯਾਹ ਦੂਜਾ ਜਾਜਕ ਤੇ ਤਿੰਨ ਪ੍ਰਵੇਸ਼ ਦੁਆਰ ਦੇ ਦਰਬਾਰੀ।
19 ਅਤੇ ਨਬੂਜ਼ਰਦਾਨ ਸ਼ਹਿਰ ਵਿੱਚ ਲੈ ਗਿਆ: ਇੱਕ ਅਧਿਕਾਰੀ ਨੂੰ ਜੋ ਕਿ ਸੈਨਾ ਦਾ ਸਰਦਾਰ ਸੀ। ਪਾਤਸ਼ਾਹ ਦੇ 5 ਸਲਾਹਕਾਰਾਂ ਨੂੰ ਜੋ ਕਿ ਹਾਲੇ ਵੀ ਸ਼ਹਿਰ ਵਿੱਚ ਸਨ। ਸੈਨਾ ਦੇ ਕਪਤਾਨ ਦੇ ਇੱਕ ਸਕੱਤਰ ਨੂੰ ਜੋ ਕਿ ਲੋਕਾਂ ਦੀ ਗਿਣਤੀ ਕਰਣ ਦਾ ਇੰਚਾਰਜ ਸੀ ਅਤੇ ਕਈਆਂ ਨੂੰ ਫ਼ੌਜ ਲਈ ਭਰਤੀ ਕਰਦਾ ਹੰਦਾ ਸੀ ਅਤੇ ਬਾਕੀ ਹੋਰ ਲੋਕਾਂ ਨੂੰ ਜੋ ਕਿ ਉਸ ਨੂੰ ਸ਼ਹਿਰ ਅੰਦਰ ਲੱਭੇ।
20-21 ਫ਼ਿਰ ਇਨ੍ਹਾਂ ਸਾਰਿਆਂ ਨੂੰ ਜਲਾਦਾਂ ਦਾ ਸਰਦਾਰ ਨਬੂਜ਼ਰਦਾਨ ਫ਼ੜਕੇ ਬਾਬਲ ਦੇ ਪਾਤਸ਼ਾਹ ਕੋਲ ਰਿਬਲਾਹ ਵਿੱਚ ਲੈ ਗਿਆ। ਅਤੇ ਬਾਬਲ ਦੇ ਪਾਤਸ਼ਾਹ ਨੇ ਉਨ੍ਹਾਂ ਨੂੰ ਹਮਾਥ ਦੇਸ਼ ਦੇ ਰਿਬਲਾਹ ਵਿੱਚ ਮਾਰਕੇ ਉਨ੍ਹਾਂ ਦੀ ਹਤਿਆ ਕੀਤੀ ਇਉਂ ਯਹੂਦਾਹ ਆਪਣੀ ਹੀ ਧਰਤੀ ਤੋਂ ਅਸੀਰ ਹੋ ਗਏ।
ਯਹੂਦਾਹ ਦਾ ਰਾਜਪਾਲ ਗਦਲਯਾਹ
22 ਲੇਕਿਨ ਜੋ ਲੋਕ ਯਹੂਦਾਹ ਦੀ ਧਰਤੀ ਤੇ ਰਹਿ ਗਏ, ਜਿਨ੍ਹਾਂ ਨੂੰ ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੇ ਛੱਡ ਦਿੱਤਾ, ਉਨ੍ਹਾਂ ਉੱਪਰ ਉਸ ਨੇ ਅਹੀਕਾਮ ਦੇ ਪੁੱਤਰ ਅਤੇ ਸ਼ਾਫ਼ਾਨ ਦੇ ਪੋਤਰੇ ਗਦਲਯਾਹ ਨੂੰ ਠਹਿਰਾਇਆ।
23 ਜਦੋਂ ਸਾਰੇ ਸੈਨਾਪਤੀਆਂ ਅਤੇ ਉਨ੍ਹਾਂ ਦੇ ਸਿਪਾਹੀਆਂ ਨੇ ਸੁਣਿਆ ਕਿ ਬਾਬਲ ਦੇ ਪਾਤਸ਼ਾਹ ਨੇ ਗਦਲਯਾਹ ਨੂੰ ਅਧਿਕਾਰ ਦੇ ਦਿੱਤਾ ਹੈ ਤਾਂ ਉਹ ਮਿਸਪਹ ਵਿੱਚ ਗਦਲਯਾਹ ਕੋਲ ਆਏ। ਨਥਨਯਾਹ ਦਾ ਪੁੱਤਰ ਇਸ਼ਮਾਏਲ ਅਤੇ ਕਾਰੇਆਹ ਦਾ ਪੁੱਤਰ ਯੋਹਾਨਨ, ਨਟੋਫ਼ਥੀ ਤਨਹੁਮਥ ਦਾ ਪੁੱਤਰ ਸਰਾਯਾਹ ਅਤੇ ਮਅਕਾਥੀ ਦਾ ਪੁੱਤਰ ਯਅਜ਼ਨਯਾਹ ਅਤੇ ਇਨ੍ਹਾਂ ਦੇ ਹੋਰ ਮਨੁੱਖ ਵੀ ਗਦਲਯਾਹ ਕੋਲ ਆਏ। 24 ਗਦਲਯਾਹ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਆਦਮੀਆਂ ਨਾਲ ਇਕਰਾਰ ਕਰਕੇ ਆਖਿਆ, “ਬਾਬਲ ਦੇ ਅਫ਼ਸਰਾਂ ਤੋਂ ਡਰੋ ਨਾ। ਇਸੇ ਜ਼ਮੀਨ ਉੱਤੇ ਰਹੋ ਅਤੇ ਬਾਬਲ ਦੇ ਪਾਤਸ਼ਾਹ ਦੀ ਸੇਵਾ ਕਰੋ। ਫ਼ਿਰ ਤੁਹਾਡੇ ਨਾਲ ਸਭ ਕੁਝ ਠੀਕ-ਠਾਕ ਹੋ ਜਾਵੇਗਾ।”
25 ਨਥਨਯਾਹ ਦਾ ਪੁੱਤਰ, ਅਲੀਸ਼ਾਮਾ ਦਾ ਪੋਤਰਾ ਇਸ਼ਮਾਏਲ ਪਾਤਸ਼ਾਹ ਦੇ ਘਰਾਣੇ ਵਿੱਚੋਂ ਸੀ। 7ਵੇਂ ਮਹੀਨੇ ਵਿੱਚ, ਇਸ਼ਮਾਏਲ ਆਪਣੇ ਦਸਾਂ ਆਦਮੀਆਂ ਨਾਲ ਆਇਆ ਅਤੇ ਗਦਲਯਾਹ ਉੱਤੇ ਹਮਲਾ ਕਰਕੇ ਯਹੂਦਾਹ ਦੇ ਸਾਰੇ ਆਦਮੀਆਂ ਅਤੇ ਬਾਬਲ ਦੇ ਸਾਰੇ ਆਦਮੀਆਂ ਨੂੰ ਮਾਰ ਦਿੱਤਾ ਜੋ ਕਿ ਉਸ ਨਾਲ ਮਿਸਪਾਹ ਵਿੱਚ ਸਨ। 26 ਫ਼ੇਰ ਸਾਰੇ ਸੈਨਾ ਅਧਿਕਾਰੀ ਅਤੇ ਬਾਕੀ ਲੋਕ ਮਿਸਰ ਨੂੰ ਭੱਜ ਗਏ। ਸਾਰੇ ਲੋਕ, ਤੁੱਛ ਤੋਂ ਲੈ ਕੇ ਮਹਾਨ ਤਾਈਂ ਭੱਜ ਗਏ ਕਿਉਂ ਕਿ ਉਹ ਬੇਬੀਲੋਨੀਆਂ ਤੋਂ ਡਰਦੇ ਸਨ।
27 ਬਾਅਦ ਵਿੱਚ ਅਵੀਲ ਮਰੋਦਕ ਬਾਬਲ ਦਾ ਰਾਜਾ ਬਣਿਆ। ਉਸ ਨੇ ਯਹੂਦਾਹ ਦੇ ਪਾਤਸ਼ਾਹ ਯਹੋਯਾਕੀਨ ਨੂੰ ਕੈਦ ਵਿੱਚੋਂ ਕੱਢਿਆ। ਇਹ ਯਹੋਯਾਕੀਨ ਦੇ ਬੰਦੀ ਬਣਨ ਤੋਂ 37ਵਰ੍ਹੇ ’ਚ ਇਹ ਘਟਨਾ ਵਾਪਰੀ। ਇਉਂ ਅਵੀਲ ਮਰੋਦਕ ਦੇ ਰਾਜ ਸੰਭਾਲਣ ਤੋਂ 12ਮਹੀਨੇ ਦੇ 27 ਦਿਨ ਵਾਪਰਿਆ। 28 ਅਵੀਲ ਮਹੋਦਕ ਯਹੋਯਾਕੀਨ ਤੇ ਦਯਾਲੂ ਸੀ ਅਤੇ ਉਸ ਨੂੰ ਦੂਜਿਆਂ ਪਾਤਸ਼ਾਹਾਂ ਨਾਲੋਂ ਉੱਚਾ ਦਰਜਾ ਦਿੱਤਾ ਜਿਹੜੇ ਕਿ ਉਸ ਦੇ ਨਾਲ ਬਾਬਲ ਵਿੱਚ ਸਨ। 29 ਅਵੀਲ-ਮਰੋਦਕ ਨੇ ਯਹੋਯਾਕੀਨ ਨੂੰ ਕੈਦੀਆਂ ਵਾਲੇ ਵਸਤਰ ਪਾਉਣ ਤੋਂ ਰੋਕ ਦਿੱਤਾ ਅਤੇ ਯਹੋਯਾਕੀਨ ਰਾਜੇ ਦੇ ਮੇਜ਼ ਤੇ ਬੈਠਿਆ ਅਤੇ ਜਿੰਨਾ ਚਿਰ ਜਿਉਂਇਆ ਉੱਥੇ ਹੀ ਖਾਧਾ। 30 ਇਉਂ ਅਵੀਲ ਮਰੋਦਕ ਨੇ ਰਹਿੰਦੀ ਉਮਰ ਯਹੋਯਾਕੀਨ ਨੂੰ ਉਸਦਾ ਰਾਸ਼ਨ ਹਮੇਸ਼ਾ ਲਈ ਦਿੱਤਾ।
ਯਹੂਦਾਹ ਦਾ ਪਾਤਸ਼ਾਹ ਯਹੋਆਹਾਜ਼
36 ਯਹੂਦਾਹ ਦੇ ਲੋਕਾਂ ਨੇ ਯਰੂਸ਼ਲਮ ਦਾ ਨਵਾਂ ਪਾਤਸ਼ਾਹ ਯਹੋਆਹਾਜ਼ ਨੂੰ ਚੁਣਿਆ। ਯਹੋਆਹਾਜ਼ ਯੋਸੀਯਾਹ ਦਾ ਪੁੱਤਰ ਸੀ। 2 ਯਹੋਆਹਾਜ਼ ਜਦੋਂ ਯਹੂਦਾਹ ਦਾ ਪਾਤਸ਼ਾਹ ਬਣਿਆ ਉਸ ਵਕਤ ਉਹ 23ਵਰ੍ਹਿਆਂ ਦਾ ਸੀ। ਉਹ ਯਰੂਸ਼ਲਮ ਦੇ ਰਾਜ ਤੇ 3 ਮਹੀਨੇ ਰਿਹਾ। 3 ਤਦ ਮਿਸਰ ਦੇ ਪਾਤਸ਼ਾਹ, ਨਕੋ ਨੇ ਯਹੋਆਹਾਜ਼ ਨੂੰ ਬੰਦੀ ਬਣਾ ਲਿਆ। ਉਸ ਨੇ ਯਹੂਦਾਹ ਦੇ ਲੋਕਾਂ ਉੱਤੇ 3,400 ਕਿਲੋ ਚਾਂਦੀ ਅਤੇ 34 ਕਿੱਲੋ ਸੋਨਾ ਦੰਡ ਲਾਇਆ। 4 ਨਕੋ ਨੇ ਯਹੋਆਹਾਜ਼ ਦੇ ਭਰਾ ਅਲਯਾਕੀਮ ਨੂੰ ਯਹੂਦਾਹ ਅਤੇ ਯਰੂਸ਼ਲਮ ਦਾ ਨਵਾਂ ਪਾਤਸ਼ਾਹ ਚੁਣਿਆ ਅਤੇ ਫ਼ਿਰ ਉਸ ਨੇ ਅਲਯਾਕੀਮ ਨੂੰ ਨਵਾਂ ਨਾਂ ਦਿੱਤਾ ਅਤੇ ਉਸ ਨੂੰ ਨਵੇਂ ਨਾਂ ਹੇਠ ਯਹੋਯਾਕੀਮ ਕਹਿ ਕੇ ਬੁਲਾਇਆ ਗਿਆ। ਪਰ ਨਕੋ ਯਹੋਆਹਾਜ਼ ਨੂੰ ਮਿਸਰ ਵਿੱਚ ਲੈ ਗਿਆ।
ਯਹੂਦਾਹ ਦਾ ਪਾਤਸ਼ਾਹ ਯਹੋਯਾਕੀਮ
5 ਯਹੋਯਾਕੀਮ 25ਵਰ੍ਹਿਆਂ ਦਾ ਸੀ ਜਦੋਂ ਉਹ ਯਹੂਦਾਹ ਦਾ ਨਵਾਂ ਪਾਤਸ਼ਾਹ ਬਣਿਆ। ਉਸ ਨੇ ਯਰੂਸ਼ਲਮ ਵਿੱਚ 11ਵਰ੍ਹੇ ਰਾਜ ਕੀਤਾ। ਯਹੋਯਾਕੀਮ ਨੇ ਯਹੋਵਾਹ ਉਸ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਜੋ ਬੁਰਾਈ ਸੀ, ਉਹੀ ਕੰਮ ਕੀਤੇ।
6 ਤਦ ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੇ ਯਹੂਦਾਹ ਉੱਪਰ ਹਮਲਾ ਕੀਤਾ। ਉਸ ਨੇ ਯਹੋਯਾਕੀਮ ਨੂੰ ਬੰਦੀ ਬਣਾ ਲਿਆ ਅਤੇ ਉਸ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਬਾਬਲ ਲੈ ਗਿਆ। 7 ਨਬੂਕਦਨੱਸਰ ਯਹੋਵਾਹ ਦੇ ਮੰਦਰ ਵਿੱਚੋਂ ਵੀ ਕੁਝ ਚੀਜ਼ਾਂ ਚੁੱਕ ਕੇ ਲੈ ਗਿਆ ਅਤੇ ਉਹ ਉਨ੍ਹਾਂ ਵਸਤਾਂ ਨੂੰ ਉੱਥੋਂ ਚੁਕਾਅ ਕੇ ਬਾਬਲ ਨੂੰ ਲੈ ਗਿਆ। 8 ਹੁਣ ਯਹੋਯਾਕੀਮ ਦੇ ਸ਼ਾਸ਼ਨਕਾਲ ਦੀਆਂ ਬਾਕੀ ਦੀਆਂ ਘਟਨਾਵਾਂ ਜੋ ਬਦਕਰਨੀਆਂ ਉਸ ਨੇ ਕੀਤੀਆਂ, ਅਤੇ ਉਹ ਸਭ ਕੁਝ ਜਿਨ੍ਹਾਂ ਨੂੰ ਕਰਨ ਦਾ ਉਹ ਦੋਸ਼ੀ ਸੀ, ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹ ਦੀ ਪੋਥੀ ਵਿੱਚ ਦਰਜ ਹਨ।
ਯਹੂਦਾਹ ਦਾ ਪਾਤਸ਼ਾਹ ਯਹੋਯਾਕੀਨ
9 ਯਹੋਯਾਕੀਨ 18ਵਰ੍ਹਿਆਂ ਦਾ ਸੀ ਜਦੋਂ ਉਹ ਯਹੂਦਾਹ ਦਾ ਨਵਾਂ ਪਾਤਸ਼ਾਹ ਬਣਿਆ। ਉਸ ਨੇ ਯਰੂਸ਼ਲਮ ਤੇ ਤਿੰਨ ਮਹੀਨੇ ਅਤੇ ਦਸ ਦਿਨ ਰਾਜ ਕੀਤਾ। ਉਸ ਨੇ ਯਹੋਵਾਹ ਦੀ ਮਰਜ਼ੀ ਮੁਤਾਬਕ ਕੰਮ ਨਾ ਕੀਤੇ ਸਗੋਂ ਯਹੋਵਾਹ ਦੀ ਨਿਗਾਹ ਵਿੱਚ ਪਾਪ ਕੀਤੇ। 10 ਬਹਾਰ ਦੇ ਮੌਸਮ ਵਿੱਚ ਨਬੂਕਦਨੱਸਰ ਪਾਤਸ਼ਾਹ ਯਹੋਯਾਕੀਨ ਨੂੰ ਫ਼ੜਨ ਲਈ ਕੁਝ ਸੇਵਕਾਂ ਨੂੰ ਭੇਜਿਆ ਤਾਂ ਉਹ ਯਹੋਯਾਕੀਨ ਅਤੇ ਯੋਹਵਾਹ ਦੇ ਮੰਦਰ ਵਿੱਚੋਂ ਕੁਝ ਕੀਮਤੀ ਚੀਜ਼ਾਂ ਚੁੱਕ ਕੇ ਬਾਬਲ ਲੈ ਆਏ। ਫ਼ਿਰ ਨਬੂਕਦਨੱਸਰ ਨੇ ਯਹੋਯਾਕੀਨ ਦੇ ਸੰਬੰਧੀ ਨੂੰ ਉਸਦੀ ਥਾਵੇਂ ਯਹੂਦਾਹ ਅਤੇ ਯਰੂਸ਼ਲਮ ਦਾ ਪਾਤਸ਼ਾਹ ਚੁਣਿਆ, ਜਿਸ ਦਾ ਨਾਂ ਸੀ ਸਿਦਕੀਯਾਹ।
ਯਹੂਦਾਹ ਦਾ ਪਾਤਸ਼ਾਹ ਸਿਦਕੀਯਾਹ
11 ਸਿਦਕੀਯਾਹ 21ਵਰ੍ਹਿਆਂ ਦਾ ਸੀ ਜਦੋਂ ਉਹ ਯਹੂਦਾਹ ਦਾ ਪਾਤਸ਼ਾਹ ਬਣਿਆ ਅਤੇ ਉਸ ਨੇ ਯਰੂਸ਼ਲਮ ਵਿੱਚ 11ਵਰ੍ਹੇ ਰਾਜ ਕੀਤਾ। 12 ਉਸ ਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ। ਉਸ ਨੇ ਯਿਰਮਿਯਾਹ ਨਬੀ ਦੇ ਸਾਹਮਣੇ ਜਿਸਨੇ ਉਸ ਨੂੰ ਯਹੋਵਾਹ ਦੇ ਸੰਦੇਸ਼ ਸੁਣਾਏ ਪਰ ਤਦ ਵੀ ਸਿਦਕੀਯਾਹ ਨੇ ਆਪਣੇ-ਆਪ ਨੂੰ ਹਲੀਮੀ ਵਿੱਚ ਨਾ ਲਿਆਂਦਾ ਅਤੇ ਯਿਰਮਿਯਾਹ ਦੀਆਂ ਗੱਲਾਂ ਵੱਲ ਧਿਆਨ ਨਾ ਦਿੱਤਾ।
ਯਰੂਸ਼ਲਮ ਦਾ ਨਾਸ
13 ਸਿਦਕੀਯਾਹ ਨਬੂਕਦਨੱਸਰ ਪਾਤਸ਼ਾਹ ਦਾ ਵਿਰੋਧੀ ਹੋ ਗਿਆ ਜਦ ਕਿ ਪਹਿਲਾਂ ਨਬੂਕਦਨੱਸਰ ਨੇ ਸਿਦਕੀਯਾਹ ਕੋਲੋਂ ਉਸਦਾ ਵਫ਼ਾਦਾਰ ਰਹਿਣ ਦਾ ਵਚਨ ਦੇਣ ਲਈ ਉਸ ਨੂੰ ਮਜ਼ਬੂਰ ਕੀਤਾ ਸੀ ਅਤੇ ਸਿਦਕੀਯਾਹ ਨੇ ਪਰਮੇਸ਼ੁਰ ਦੀ ਸੌਂਹ ਖਾਕੇ ਨਬੂਕਦਨੱਸਰ ਨਾਲ ਵਫ਼ਾਦਾਰ ਰਹਿਣ ਦੀ ਸੌਂਹ ਖਾਧੀ ਸੀ। ਪਰ ਸਿਦਕੀਯਾਹ ਬੜਾ ਢੀਠ ਸੀ। ਸੋ ਉਸ ਨੇ ਆਕੜ ਕੇ ਆਪਣਾ ਰਾਹ ਨਾ ਮੋੜਿਆ ਅਤੇ ਨਾਹੀ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦਾ ਹੁਕਮ ਮੰਨਿਆ। 14 ਇਸ ਤੋਂ ਬਿਨਾਂ ਜਾਜਕਾਂ ਦੇ ਸਾਰੇ ਸਰਦਾਰਾਂ ਅਤੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਬੇਈਮਾਨੀਆਂ ਅਤੇ ਦੂਜੀਆਂ ਕੌਮਾਂ ਦੇ ਘਿਨਾਉਣੇ ਕੰਮਾਂ ਵਾਂਗ ਦੇ ਕੰਮ ਕੀਤੇ ਅਤੇ ਉਨ੍ਹਾਂ ਨੇ ਯਹੋਵਾਹ ਦੇ ਮੰਦਰ ਨੂੰ ਭਰਿਸ਼ਟ ਕੀਤਾ ਜਿਸ ਨੂੰ ਕਿ ਯਹੋਵਾਹ ਨੇ ਯਰੂਸ਼ਲਮ ਵਿੱਚ ਪਵਿੱਤਰ ਕੀਤਾ ਸੀ। 15 ਯਹੋਵਾਹ ਉਨ੍ਹਾਂ ਦੇ ਪੁਰਖਿਆਂ ਦੇ ਪਰਮੇਸ਼ੁਰ ਨੇ ਆਪਣੇ ਦੂਤਾਂ ਦੇ ਰਾਹੀਂ ਉਨ੍ਹਾਂ ਨੂੰ ਯਤਨ ਨਾਲ ਭੇਜ ਕੇ ਉਨ੍ਹਾਂ ਦੇ ਕੋਲ ਸੰਦੇਸ਼ ਭੇਜਿਆ ਕਿਉਂ ਕਿ ਉਸ ਨੂੰ ਲੋਕਾਂ ਅਤੇ ਆਪਣੇ ਮੰਦਰ ਤੇ ਤਰਸ ਆਉਂਦਾ ਸੀ ਅਤੇ ਉਹ ਲੋਕਾਂ ਨੂੰ ਅਤੇ ਮੰਦਰ ਨੂੰ ਨਸ਼ਟ ਨਹੀਂ ਸੀ ਕਰਨਾ ਚਾਹੁੰਦਾ। 16 ਪਰ ਪਰਮੇਸ਼ੁਰ ਦੇ ਲੋਕਾਂ ਨੇ ਪਰਮੇਸ਼ੁਰ ਦੇ ਨਬੀ ਦਾ ਮਖੌਲ ਉਡਾਇਆ ਅਤੇ ਉਸ ਨੂੰ ਸੁਣਨ ਜਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਪਰਮੇਸ਼ੁਰ ਦੇ ਸੰਦੇਸ਼ਾਂ ਨੂੰ ਤਦ ਤੀਕ ਨਫ਼ਰਤ ਕੀਤੀ ਜਦ ਤੀਕ ਕਿ ਯਹੋਵਾਹ ਦਾ ਆਪਣੇ ਲੋਕਾਂ ਖਿਲਾਫ ਗੁੱਸਾ ਇੰਨਾ ਨਾ ਵੱਧ ਗਿਆ ਕਿ ਇਸਦਾ ਕੋਈ ਉਪਾ ਨਾ ਹੋਵੇ। ਹੁਣ ਉਸ ਨੂੰ ਆਪਣੇ ਲੋਕਾਂ ਤੇ ਕਰੋਧ ਆ ਗਿਆ ਜਿਸ ਨੂੰ ਹੁਣ ਕੋਈ ਰੋਕ ਨਹੀਂ ਸੀ ਪਾ ਸੱਕਦਾ। 17 ਇਸ ਲਈ ਪਰਮੇਸ਼ੁਰ ਨੇ ਬਾਬਲ ਦੇ ਪਾਤਸ਼ਾਹ ਕੋਲੋਂ ਯਹੂਦਾਹ ਅਤੇ ਯਰੂਸਲਮ ਦੇ ਲੋਕਾਂ ਉੱਪਰ ਹਮਲਾ ਕਰਵਾਇਆ। ਬਾਬਲ ਦੇ ਪਾਤਸ਼ਾਹ ਨੇ ਉਨ੍ਹਾਂ ਦੇ ਜੁਆਨਾਂ ਨੂੰ ਪਵਿੱਤਰ ਅਸਥਾਨ ਵਿੱਚ ਤਲਵਾਰ ਨਾਲ ਵੱਢ ਸੁੱਟਿਆ। ਉਸ ਨੇ ਨਾ ਜੁਆਨ ਨਾ ਕੁਆਰੀ, ਨਾ ਕਿਸੇ ਬੁੱਢੇ ਤੇ ਨਾ ਹੀ ਵੱਡੀ ਉਮਰ ਵਾਲੇ ਤੇ ਤਰਸ ਖਾਧਾ। ਯਹੋਵਾਹ ਨੇ ਸਾਰਿਆਂ ਨੂੰ ਨਬੂਕਦਨੱਸਰ ਦੇ ਹੱਥ ਦੇ ਦਿੱਤਾ। 18 ਪਾਤਸ਼ਾਹ ਪਰਮੇਸ਼ੁਰ ਦੇ ਮੰਦਰ ਦੇ ਸਾਰੇ ਵੱਡੇ-ਛੋਟੇ ਭਾਂਡੇ ਤੇ ਹੋਰ ਕੀਮਤੀ ਵਸਤਾਂ, ਯਹੋਵਾਹ ਦੇ ਮੰਦਰ ਦਾ ਖਜ਼ਾਨਾ, ਪਾਤਸ਼ਾਹ ਦੇ ਮਹਿਲ ਦਾ ਖਜ਼ਾਨਾ ਅਤੇ ਉਸ ਦੇ ਸਰਦਾਰਾਂ ਦਾ ਸਾਰਾ ਖਜ਼ਾਨਾ ਬਾਬਲ ਨੂੰ ਲੈ ਗਿਆ। 19 ਨਬੂਕਦਨੱਸਰ ਅਤੇ ਉਸਦੀ ਸੈਨਾ ਨੇ ਮੰਦਰ ਨੂੰ ਸਾੜ ਦਿੱਤਾ। ਉਨ੍ਹਾਂ ਨੇ ਯਰੂਸ਼ਲਮ ਦੀ ਦੀਵਾਰ ਤੋੜ ਦਿੱਤੀ ਅਤੇ ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦੇ ਘਰਾਂ ਨੂੰ ਢਹਿ-ਢੇਰੀ ਕਰ ਦਿੱਤਾ। ਉਨ੍ਹਾਂ ਯਰੂਸ਼ਲਮ ਦਾ ਕੁਝ ਸਾਮਾਨ ਨਸ਼ਟ ਕਰ ਦਿੱਤਾ। 20 ਨਬੂਕਦਨੱਸਰ ਨੇ ਬਾਕੀ ਜਿਉਂਦੇ ਲੋਕਾਂ ਨੂੰ ਬਾਬਲ ਵਿੱਚ ਲਿਆਕੇ ਆਪਣੇ ਗੁਲਾਮ ਬਣਾ ਲਿਆ। ਉਹ ਲੋਕ ਪਾਤਸ਼ਾਹ ਦੇ ਅਤੇ ਉਸ ਦੇ ਪੁੱਤਰਾਂ ਦੇ ਤਦ ਤੀਕ ਗੁਲਾਮ ਬਣਕੇ ਰਹੇ ਜਦ ਤੀਕ ਕਿ ਫ਼ਾਰਸ ਦੇ ਪਾਤਸ਼ਾਹ ਨੇ ਬਾਬਲ ਨੂੰ ਹਾਰ ਨਾ ਦੇ ਦਿੱਤੀ ਤੇ ਆਪਣਾ ਰਾਜ ਨਾ ਕਾਇਮ ਕੀਤਾ। 21 ਤਾਂ ਯਹੋਵਾਹ ਦਾ ਬਚਨ ਜਿਹੜਾ ਯਿਰਮਿਯਾਹ ਨਬੀ ਦੇ ਮੂੰਹੋਂ ਨਿਕਲਿਆ ਸੀ ਜੋ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਲਈ ਕੀਤਾ ਸੀ ਜਦ ਉਹ ਵਾਪਰਿਆ, ਕਿ ਯਹੋਵਾਹ ਯਿਰਮਿਯਾਹ ਨੂੰ ਅਖਿਆ ਸੀ ਕਿ: “ਇਹ ਥਾਂ 70 ਵਰ੍ਹੇ ਤੀਕ ਬੰਜਰ ਤੇ ਉਜਾੜ ਰਹੇਗਾ। ਇਹ ਕੰਮ ਸਬਤ ਦੇ ਆਰਾਮ ਭੋਗਣ ਵਾਸਤੇ ਹੋਵੇਗਾ। ਜਿੰਨਾ ਚਿਰ ਲੋਕ ਸਬਤਾਂ ਦਾ ਆਰਾਮ ਨਾ ਭੋਗਣ।”
22 ਫ਼ਾਰਸ ਦੇ ਪਾਤਸ਼ਾਹ ਕੋਰਸ ਦੇ ਪਹਿਲੇ ਸਾਲ ਯਹੋਵਾਹ ਦਾ ਬਚਨ ਜੋ ਯਿਰਮਿਯਾਹ ਦੇ ਮੂੰਹੋਂ ਨਿਕਲਿਆ ਸੀ ਪੂਰਾ ਹੋਵੇ, ਯਹੋਵਾਹ ਨੇ ਫਾਰਸ ਦੇ ਪਾਤਸ਼ਾਹ ਕੋਰਸ ਨੂੰ ਪਰੇਰਿਆ। ਤਾਂ ਉਸ ਨੇ ਆਪਣੇ ਸਾਰੇ ਰਾਜ ਵਿੱਚ ਇਹ ਖਬਰ ਕਰਵਾਈ ਅਤੇ ਇਸ ਵਿਸ਼ੇ ਦਾ ਹੁਕਮ ਵੀ ਲਿਖਿਆ। ਉਸ ਨੇ ਸਾਰੇ ਥਾਂ ਹਲਕਾਰੇ ਭੇਜੇ। ਉਨ੍ਹਾਂ ਇਹ ਸੰਦੇਸ਼ ਪਹੁੰਚਾਇਆ:
23 ਫ਼ਾਰਸ ਦਾ ਪਾਤਸ਼ਾਹ ਕੋਰਸ ਆਖਦਾ ਹੈ:
ਅਕਾਸ਼ ਦੇ ਯਹੋਵਾਹ ਪਰਮੇਸ਼ੁਰ ਨੇ ਮੈਨੂੰ ਧਰਤੀ ਦਾ ਪਾਤਸ਼ਾਹ ਥਾਪਿਆ ਹੈ। ਉਸ ਨੇ ਮੈਨੂੰ ਯਰੂਸ਼ਲਮ ਵਿੱਚ ਮੰਦਰ ਬਨਾਉਣ ਦੀ ਜੁੰਮੇਵਾਰੀ ਸੌਂਪੀ ਹੈ। ਸੋ ਹੁਣ ਤੁਸੀਂ ਸਾਰੇ ਜੋ ਪਰਮੇਸ਼ੁਰ ਦੇ ਲੋਕ ਹੋ, ਸਭ ਯਰੂਸ਼ਲਮ ਵਿੱਚ ਜਾਣ ਲਈ ਆਜ਼ਾਦ ਹੋ, ਅਤੇ ਯਹੋਵਾਹ ਉਸ ਦਾ ਪਰਮੇਸ਼ੁਰ ਤੁਹਾਡੇ ਨਾਲ ਹੋਵੇ।
2010 by World Bible Translation Center