Chronological
ਯਿਰਮਿਯਾਹ ਨੂੰ ਕੁਂਡ ਵਿੱਚ ਸੁੱਟਿਆ ਗਿਆ
38 ਕੁਝ ਸ਼ਾਹੀ ਅਧਿਕਾਰੀਆਂ ਸੁਣ ਲਿਆ ਕਿ ਯਿਰਮਿਯਾਹ ਕੀ ਪ੍ਰਚਾਰ ਕਰ ਰਿਹਾ ਸੀ। ਉਹ ਸਨ: ਮੱਤਾਨ ਦਾ ਪੁੱਤਰ ਸ਼ਫਟਯਾਹ, ਪਸ਼ਹੂਰ ਦਾ ਪੁੱਤਰ ਗਦਲਯਾਹ, ਸ਼ਲਮਯਾਹ ਦਾ ਪੁੱਤਰ ਯੂਕਲ ਅਤੇ ਮਲਕੀਯਾਹ ਦਾ ਪੁੱਤਰ ਪਸ਼ਹੂਰ। ਯਿਰਮਿਯਾਹ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦੇ ਰਿਹਾ ਸੀ: 2 “ਯਹੋਵਾਹ ਇਹ ਆਖਦਾ ਹੈ: ‘ਜਿਹੜਾ ਵੀ ਯਰੂਸ਼ਲਮ ਵਿੱਚ ਠਹਿਰੇਗਾ ਉਹ ਤਲਵਾਰ ਨਾਲ ਭੁੱਖ ਨਾਲ ਜਾਂ ਭਿਆਨਕ ਬਿਮਾਰੀ ਨਾਲ ਮਰੇਗਾ। ਪਰ ਹਰ ਉਹ ਬੰਦਾ ਜਿਹੜਾ ਬਾਬਲ ਦੀ ਫ਼ੌਜ ਅੱਗੇ ਆਤਮ-ਸਮਰਪਣ ਕਰੇਗਾ ਉਹ ਜੀਵੇਗਾ। ਉਹ ਬੰਦੇ ਆਪਣੀਆਂ ਜਾਨਾਂ ਬਚਾਕੇ ਨਿਕਲ ਜਾਣਗੇ।’ 3 ਅਤੇ ਇਹ ਹੈ ਜੋ ਯਹੋਵਾਹ ਆਖਦਾ ਹੈ: ‘ਯਰੂਸ਼ਲਮ ਦਾ ਇਹ ਸ਼ਹਿਰ ਅਵੱਸ਼ ਹੀ ਬਾਬਲ ਦੇ ਰਾਜੇ ਦੀ ਫ਼ੌਜ ਦੇ ਹਵਾਲੇ ਕੀਤਾ ਜਾਵੇਗਾ। ਉਹ ਇਸ ਸ਼ਹਿਰ ਉੱਤੇ ਕਬਜ਼ਾ ਕਰੇਗਾ।’”
4 ਫ਼ੇਰ ਉਹ ਸ਼ਾਹੀ ਅਧਿਕਾਰੀ ਜਿਨ੍ਹਾਂ ਨੇ ਉਹ ਗੱਲਾਂ ਸੁਣੀਆਂ ਜਿਹੜੀਆਂ ਯਿਰਮਿਯਾਹ ਲੋਕਾਂ ਨੂੰ ਆਖ ਰਿਹਾ ਸੀ, ਰਾਜੇ ਸਿਦਕੀਯਾਹ ਕੋਲ ਗਏ। ਉਨ੍ਹਾਂ ਨੇ ਰਾਜੇ ਨੂੰ ਆਖਿਆ, “ਯਿਰਮਿਯਾਹ ਨੂੰ ਅਵੱਸ਼ ਹੀ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਉਹ ਉਨ੍ਹਾਂ ਫ਼ੌਜੀਆਂ ਦਾ ਹੌਸਲਾ ਢਾਹ ਰਿਹਾ ਹੈ ਜਿਹੜੇ ਹਾਲੇ ਤੱਕ ਸ਼ਹਿਰ ਵਿੱਚ ਹਨ। ਯਿਰਮਿਯਾਹ ਹਰ ਬੰਦੇ ਦਾ, ਆਪਣੀਆਂ ਗੱਲਾਂ ਰਾਹੀਂ ਹੌਸਲਾ ਢਾਹ ਰਿਹਾ ਹੈ। ਯਿਰਮਿਯਾਹ ਨਹੀਂ ਚਾਹੁੰਦਾ ਕਿ ਸਾਡੇ ਨਾਲ ਚੰਗਾ ਵਾਪਰੇ। ਉਹ ਯਰੂਸ਼ਲਮ ਦੇ ਲੋਕਾਂ ਨੂੰ ਬਰਬਾਦ ਕਰਨਾ ਚਾਹੁੰਦਾ ਹੈ।”
5 ਇਸ ਲਈ ਰਾਜੇ ਨੇ ਉਨ੍ਹਾਂ ਅਧਿਕਾਰੀਆਂ ਨੂੰ ਆਖਿਆ, “ਯਿਰਮਿਯਾਹ ਤੁਹਾਡੇ ਅਧਿਕਾਰ ਹੇਠਾਂ ਹੈ। ਮੈਂ ਤੁਹਾਨੂੰ ਰੋਕਣ ਲਈ ਕੁਝ ਵੀ ਨਹੀਂ ਕਰ ਸੱਕਦਾ।”
6 ਇਸ ਲਈ ਉਨ੍ਹਾਂ ਅਧਿਕਾਰੀਆਂ ਨੇ ਯਿਰਮਿਯਾਹ ਨੂੰ ਫ਼ੜ ਕੇ ਮਲਕੀਯਾਹ ਦੇ ਟੋਏ ਵਿੱਚ ਸੁੱਟ ਦਿੱਤਾ। ਮਲਕੀਯਾਹ ਰਾਜੇ ਦਾ ਪੁੱਤਰ ਸੀ। ਟੋਆ ਮੰਦਰ ਦੇ ਉਸ ਵਰਾਂਡੇ ਵਿੱਚ ਸੀ ਜਿੱਥੇ ਰਾਜੇ ਦੀ ਸੁਰੱਖਿਆ ਗਾਰਦ ਤੈਨਾਤ ਸੀ। ਉਨ੍ਹਾਂ ਅਧਿਕਾਰੀਆਂ ਨੇ ਰਸੀਆਂ ਦੀ ਵਰਤੋਂ ਕਰਕੇ ਯਿਰਮਿਯਾਹ ਨੂੰ ਟੋਏ ਵਿੱਚ ਸੁੱਟ ਦਿੱਤਾ। ਟੋਏ ਵਿੱਚ ਪਾਣੀ ਨਹੀਂ ਸੀ ਸਗੋਂ ਸਿਰਫ਼ ਗਾਰਾ ਸੀ। ਅਤੇ ਯਿਰਮਿਯਾਹ ਗਾਰੇ ਅੰਦਰ ਖੁਭ ਗਿਆ।
7 ਪਰ ਅਬਦ-ਮਲਕ ਨਾਂ ਦੇ ਇੱਕ ਬੰਦੇ ਨੇ ਸੁਣਿਆ ਕਿ ਉਨ੍ਹਾਂ ਅਧਿਕਾਰੀਆਂ ਨੇ ਯਿਰਮਿਯਾਹ ਨੂੰ ਟੋਏ ਵਿੱਚ ਸੁੱਟ ਦਿੱਤਾ ਹੈ। ਅਬਦ-ਮਲਕ ਇਬੋਪੀਆ ਦਾ ਵਸਨੀਕ ਸੀ ਅਤੇ ਰਾਜ ਮਹਿਲ ਦਾ ਇੱਕ ਹੀਜੜਾ ਸੀ। ਰਾਜਾ ਸਿਦਕੀਯਾਹ ਬਿਨਯਾਮੀਨ ਦਰਵਾਜ਼ੇ ਤੇ ਬੈਠਾ ਹੋਇਆ ਸੀ। ਇਸ ਲਈ ਅਬਦ-ਮਲਕ ਰਾਜ ਮਹਿਲ ਵਿੱਚੋਂ ਨਿਕਲ ਕੇ ਰਾਜੇ ਨਾਲ ਗੱਲ ਕਰਨ ਲਈ ਉਸ ਦਰਵਾਜ਼ੇ ਉੱਤੇ ਆਇਆ। 8-9 ਅਬਦ-ਮਲਕ ਨੇ ਆਖਿਆ, “ਮੇਰੇ ਮਾਲਕ ਅਤੇ ਪਾਤਸ਼ਾਹ ਜੀ, ਉਨ੍ਹਾਂ ਅਧਿਕਾਰੀਆਂ ਨੇ ਮੰਦਾ ਕੰਮ ਕੀਤਾ ਹੈ। ਉਨ੍ਹਾਂ ਨੇ ਨਬੀ ਯਿਰਮਿਯਾਹ ਨਾਲ ਬੁਰਾ ਸਲੂਕ ਕੀਤਾ ਹੈ। ਉਨ੍ਹਾਂ ਨੇ ਉਸ ਨੂੰ ਟੋਏ ਵਿੱਚ ਸੁੱਟ ਦਿੱਤਾ ਹੈ। ਉਨ੍ਹਾਂ ਨੇ ਉਸ ਨੂੰ ਓੱਥੇ ਮਾਰਨ ਲਈ ਛੱਡ ਦਿੱਤਾ ਹੈ।”
10 ਫ਼ੇਰ ਰਾਜੇ ਸਿਦਕੀਯਾਹ ਨੇ ਇਬੋਪੀਆ ਵਾਸੀ ਅਬਦ-ਮਲਕ ਨੂੰ ਇੱਕ ਆਦੇਸ਼ ਦਿੱਤਾ। ਆਦੇਸ਼ ਇਹ ਸੀ: “ਅਬਦ-ਮਲਕ, ਰਾਜ ਮਹਿਲ ਵਿੱਚੋਂ ਤਿੰਨ ਆਦਮੀ ਆਪਣੇ ਨਾਲ ਲੈ ਲੈ। ਜਾ ਜਾਕੇ ਯਿਰਮਿਯਾਹ ਨੂੰ ਉਸ ਦੇ ਮਰਨ ਤੋਂ ਪਹਿਲਾਂ ਟੋਏ ਵਿੱਚੋਂ ਕੱਢ ਲੈ।”
11 ਇਸ ਲਈ ਅਬਦ-ਮਲਕ ਨੇ ਆਪਣੇ ਨਾਲ ਆਦਮੀ ਲੈ ਲੇ। ਪਰ ਪਹਿਲਾਂ ਉਹ ਰਾਜ ਮਹਿਲ ਦੇ ਗੁਦਾਮ ਦੇ ਹੇਠਲੇ ਕਮਰੇ ਵਿੱਚ ਗਿਆ। ਉਸ ਨੇ ਉਸ ਕਮਰੇ ਵਿੱਚੋਂ ਕੁਝ ਫ਼ਟੇ ਪੁਰਾਣੇ ਕਪੜੇ ਲੇ। ਫ਼ੇਰ ਉਸ ਨੇ ਉਨ੍ਹਾਂ ਫ਼ਟੇ ਪੁਰਾਣਿਆਂ ਕਪੜਿਆਂ ਨੂੰ ਰੱਸਿਆਂ ਨਾਲ ਟੋਏ ਅੰਦਰ ਯਿਰਮਿਯਾਹ ਦੇ ਕੋਲ ਲਮਕਾਇਆ। 12 ਇਬੋਪੀਆ ਦੇ ਅਬਦ-ਮਲਕ ਨੇ ਯਿਰਮਿਯਾਹ ਨੂੰ ਆਖਿਆ, “ਇਨ੍ਹਾਂ ਫ਼ਟੇ ਪੁਰਾਣੇ ਕਪੜਿਆਂ ਨੂੰ ਆਪਣੀਆਂ ਕੱਛਾਂ ਵਿੱਚ ਰੱਖ ਲੈ। ਜਦੋਂ ਅਸੀਂ ਤੈਨੂੰ ਬਾਹਰ ਖਿੱਚਾਂਗੇ ਤਾਂ ਇਹ ਚਿਬੜੇ ਤੇਰੀਆਂ ਕੱਛਾਂ ਲਈ ਪੈਡ ਦਾ ਕੰਮ ਕਰਨਗੇ। ਫ਼ੇਰ ਰੱਸਿਆਂ ਨਾਲ ਤੈਨੂੰ ਤਕਲੀਫ਼ ਨਹੀਂ ਹੋਵੇਗੀ।” ਇਸ ਤਰ੍ਹਾਂ ਯਿਰਮਿਯਾਹ ਨੇ ਓਵੇਂ ਹੀ ਕੀਤਾ ਜਿਵੇਂ ਅਬਦ-ਮਲਕ ਨੇ ਆਖਿਆ ਸੀ। 13 ਉਨ੍ਹਾਂ ਆਦਮੀਆਂ ਨੇ ਯਿਰਮਿਯਾਹ ਨੂੰ ਰੱਸਿਆਂ ਨਾਲ ਉੱਪਰ ਖਿਚਿਆ ਅਤੇ ਟੋਏ ਵਿੱਚੋਂ ਬਾਹਰ ਕੱਢਿਆ। ਅਤੇ ਯਿਰਮਿਯਾਹ ਮੰਦਰ ਦੀ ਗਾਰਦ ਦੀ ਨਿਗਰਾਨੀ ਵਿੱਚ ਰਿਹਾ।
ਸਿਦਕੀਯਾਹ ਦੇ ਯਿਰਮਿਯਾਹ ਨੂੰ ਹੋਰ ਸਵਾਲ ਪੁੱਛਣੇ
14 ਫ਼ੇਰ ਰਾਜੇ ਸਿਦਕੀਯਾਹ ਨੇ ਕਿਸੇ ਨੂੰ ਨਬੀ ਯਿਰਮਿਯਾਹ ਨੂੰ ਬੁਲਾਉਣ ਲਈ ਘਲਿਆ। ਉਸ ਨੇ ਯਿਰਮਿਯਾਹ ਨੂੰ ਯਹੋਵਾਹ ਦੇ ਮੰਦਰ ਦੇ ਤੀਸਰੇ ਪ੍ਰਵੇਸ਼ ਦੁਆਰ ਕੋਲ ਬੁਲਾਇਆ। ਫ਼ੇਰ ਰਾਜੇ ਨੇ ਆਖਿਆ, “ਯਿਰਮਿਯਾਹ ਮੈਂ ਤੈਨੂੰ ਇੱਕ ਸਵਾਲ ਪੁੱਛ ਰਿਹਾ ਹਾਂ। ਮੇਰੇ ਕੋਲੋਂ ਕੁਝ ਵੀ ਨਾ ਛੁਪਾਈਁ ਸਗੋਂ ਹਰ ਗੱਲ ਈਮਾਨਦਾਰੀ ਨਾਲ ਦੱਸੀਁ।”
15 ਯਿਰਮਿਯਾਹ ਨੇ ਸਿਦਕੀਯਾਹ ਨੂੰ ਆਖਿਆ, “ਜੇ ਮੈਂ ਤੈਨੂੰ ਜਵਾਬ ਦੇਵਾਂਗਾ ਤਾਂ ਸ਼ਾਇਦ ਤੂੰ ਮੈਨੂੰ ਮਾਰ ਦੇਵੇਂ। ਅਤੇ ਜੇ ਮੈਂ ਤੈਨੂੰ ਕੋਈ ਸਲਾਹ ਵੀ ਦੇਵਾਂਗਾ ਤਾਂ ਸ਼ਾਇਦ ਤੂੰ ਸੁਣੇਗਾ ਨਹੀਂ।”
16 ਪਰ ਰਾਜੇ ਸਿਦਕੀਯਾਹ ਨੇ ਗੁਪਤ ਰੂਪ ਵਿੱਚ ਸੌਂਹ ਚੁਕੱਦਿਆਂ ਯਿਰਮਿਯਾਹ ਨੂੰ ਆਖਿਆ ਸਿਦਕੀਯਾਹ ਨੇ ਆਖਿਆ, “ਯਹੋਵਾਹ ਸਾਨੂੰ ਜੀਵਨ ਅਤੇ ਸੁਆਸ ਦਿੰਦਾ ਹੈ। ਜਿਵੇਂ ਕਿ ਯਹੋਵਾਹ ਸਾਖੀ ਹੈ, ਮੈਂ ਤੈਨੂੰ ਨਹੀਂ ਮਾਰਾਂਗਾ, ਯਿਰਮਿਯਾਹ। ਅਤੇ ਮੈਂ ਇਕਰਾਰ ਕਰਦਾ ਹਾਂ ਕਿ ਮੈਂ ਤੈਨੂੰ ਉਨ੍ਹਾਂ ਅਧਿਕਾਰੀਆਂ ਦੇ ਹਵਾਲੇ ਨਹੀਂ ਕਰਾਂਗਾ ਜਿਹੜੇ ਤੈਨੂੰ ਮਾਰ ਮੁਕਾਉਣਾ ਚਾਹੁੰਦੇ ਹਨ।”
17 ਫ਼ੇਰ ਯਿਰਮਿਯਾਹ ਨੇ ਰਾਜੇ ਸਿਦਕੀਯਾਹ ਨੂੰ ਆਖਿਆ, “ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਹੈ। ਯਹੋਵਾਹ ਆਖਦਾ ਹੈ, ‘ਜੇ ਤੂੰ ਬਾਬਲ ਦੇ ਰਾਜੇ ਦੇ ਅਧਿਕਾਰੀਆਂ ਅੱਗੇ ਆਤਮ ਸਮਰਪਣ ਕਰੇਂਗਾ, ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ ਅਤੇ ਯਰੂਸ਼ਲਮ ਨੂੰ ਸਾੜਿਆ ਨਹੀਂ ਜਾਵੇਗਾ। ਅਤੇ ਤੂੰ ਅਤੇ ਤੇਰਾ ਪਰਿਵਾਰ ਜਿਉਂਦਾ ਰਹੇਗਾ। 18 ਪਰ ਜੇ ਤੂੰ ਆਤਮ ਸਮਰਪਣ ਕਰਨ ਤੋਂ ਇਨਕਾਰ ਕਰੇਂਗਾ ਤਾਂ ਯਰੂਸ਼ਲਮ ਬਾਬਲ ਦੀ ਫ਼ੌਜ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉਹ ਯਰੂਸ਼ਲਮ ਨੂੰ ਸਾੜ ਦੇਣਗੇ ਅਤੇ ਤੂੰ ਵੀ ਉਨ੍ਹਾਂ ਕੋਲੋਂ ਬਚ ਨਹੀਂ ਸੱਕੇਂਗਾ।’”
19 ਪਰ ਰਾਜੇ ਸਿਦਕੀਯਾਹ ਨੇ ਯਿਰਮਿਯਾਹ ਨੂੰ ਆਖਿਆ, “ਪਰ ਮੈਂ ਤਾਂ ਯਹੂਦਾਹ ਦੇ ਉਨ੍ਹਾਂ ਬੰਦਿਆਂ ਕੋਲੋਂ ਭੈਭੀਤ ਹਾਂ ਜਿਹੜੇ ਪਹਿਲਾਂ ਹੀ ਬਾਬਲ ਦੀ ਫ਼ੌਜ ਵੱਲ ਹੋ ਚੁੱਕੇ ਨੇ। ਮੈਨੂੰ ਡਰ ਹੈ ਕਿ ਫ਼ੌਜੀ ਮੈਨੂੰ ਯਹੂਦਾਹ ਦੇ ਉਨ੍ਹਾਂ ਲੋਕਾਂ ਦੇ ਹਵਾਲੇ ਕਰ ਦੇਣਗੇ ਅਤੇ ਉਹ ਮੇਰੇ ਨਾਲ ਭੈੜਾ ਸਲੂਕ ਕਰਨਗੇ ਅਤੇ ਮੈਨੂੰ ਦੁੱਖ ਪਹੁੰਚਾਣਗੇ।”
20 ਪਰ ਯਿਰਮਿਯਾਹ ਨੇ ਜਵਾਬ ਦਿੱਤਾ, “ਫ਼ੌਜੀ ਤੈਨੂੰ ਯਹੂਦਾਹ ਦੇ ਉਨ੍ਹਾਂ ਬੰਦਿਆਂ ਦੇ ਹਵਾਲੇ ਨਹੀਂ ਕਰਨਗੇ। ਰਾਜੇ ਸਿਦਕੀਯਾਹ ਉਹ ਗੱਲਾਂ ਕਰਕੇ ਜੋ ਮੈਂ ਤੈਨੂੰ ਆਖ ਰਿਹਾ ਹਾਂ, ਯਹੋਵਾਹ ਦਾ ਹੁਕਮ ਮੰਨ। ਫ਼ੇਰ ਤੇਰੇ ਲਈ ਸਭ ਠੀਕ ਹੋਵੇਗਾ ਅਤੇ ਤੇਰਾ ਜੀਵਨ ਬਚ ਜਾਵੇਗਾ। 21 ਪਰ ਜੇ ਤੂੰ ਬਾਬਲ ਦੀ ਫ਼ੌਜ ਅੱਗੇ ਆਤਮ-ਸਮਰਪਣ ਕਰਨ ਤੋਂ ਇਨਕਾਰ ਕਰੇਂਗਾ ਤਾਂ ਯਹੋਵਾਹ ਨੇ ਤੈਨੂੰ ਦਰਸਾ ਦਿੱਤਾ ਹੈ ਕਿ ਕੀ ਵਾਪਰੇਗਾ। ਇਹੀ ਹੈ ਜੋ ਯਹੋਵਾਹ ਨੇ ਮੈਨੂੰ ਆਖਿਆ ਹੈ। 22 ਉਨ੍ਹਾਂ ਸਾਰੀਆਂ ਔਰਤਾਂ ਨੂੰ ਜਿਹੜੀਆਂ ਯਹੂਦਾਹ ਦੇ ਰਾਜੇ ਦੇ ਮਹਿਲ ਵਿੱਚ ਰਹਿ ਜਾਣਗੀਆਂ, ਬਾਹਰ ਲਿਆਂਦਾ ਜਾਵੇਗਾ। ਉਨ੍ਹਾਂ ਨੂੰ ਬਾਬਲ ਦੇ ਰਾਜੇ ਦੇ ਮਹੱਤਵਪੂਰਣ ਅਧਿਕਾਰੀਆਂ ਦੇ ਸਾਹਮਣੇ ਲਿਆਂਦਾ ਜਾਵੇਗਾ। ਤੁਹਾਡੀਆਂ ਔਰਤਾਂ ਇੱਕ ਗੀਤ ਰਾਹੀਂ ਤੁਹਾਡਾ ਮਜ਼ਾਕ ਉਡਾਉਣਗੀਆਂ। ਇਹੀ ਹੈ ਜੋ ਉਹ ਔਰਤਾਂ ਆਖਣਗੀਆਂ:
‘ਤੁਹਾਡੇ ਸਂਗੀਆਂ ਚੰਗੇ ਮਿੱਤਰਾਂ ਨੇ ਚਲਾਕੀ ਕੀਤੀ ਤੁਹਾਡੇ ਨਾਲ
ਅਤੇ ਯਕੀਨ ਦਵਾਇਆ ਤੁਹਾਨੂੰ ਮੰਦਾ ਕਰਨ ਦਾ।
ਫ਼ਸ ਗਏ ਪੈਰ ਤੁਹਾਡੇ ਗਾਰੇ ਅੰਦਰ
ਅਤੇ ਛੱਡ ਗਏ ਉਹ ਫ਼ੇਰ ਤੁਹਾਨੂੰ ਇੱਕਲਿਆਂ।’
23 “ਤੁਹਾਡੇ ਬੱਚਿਆਂ ਅਤੇ ਪਤਨੀਆਂ ਸਾਰਿਆਂ ਨੂੰ ਬਾਹਰ ਲਿਆਂਦਾ ਜਾਵੇਗਾ। ਉਨ੍ਹਾਂ ਨੂੰ ਬਾਬਲ ਦੀ ਫ਼ੌਜ ਦੇ ਹਵਾਲੇ ਕਰ ਦਿੱਤਾ ਜਾਵੇਗਾ। ਤੁਸੀਂ ਖੁਦ ਵੀ ਬਾਬਲ ਦੀ ਫ਼ੌਜ ਕੋਲੋਂ ਬਚ ਨਹੀਂ ਸੱਕੋਗੇ। ਤੁਹਾਨੂੰ ਬਾਬਲ ਦਾ ਰਾਜਾ ਫ਼ੜ ਲਵੇਗਾ ਅਤੇ ਯਰੂਸ਼ਲਮ ਨੂੰ ਸਾੜ ਦਿੱਤਾ ਜਾਵੇਗਾ।”
24 ਫ਼ੇਰ ਸਿਦਕੀਯਾਹ ਨੇ ਯਿਰਮਿਯਾਹ ਨੂੰ ਆਖਿਆ ਕਿਸੇ ਬੰਦੇ ਨੂੰ ਇਹ ਨਾ ਦੱਸਣਾ ਕਿ ਮੈਂ ਤੁਹਾਡੇ ਨਾਲ ਗੱਲਾਂ ਕੀਤੀਆਂ ਹਨ। ਜੇ ਤੁਸੀਂ ਦੱਸੋਗੇ ਤਾਂ ਸ਼ਾਇਦ ਮਾਰੇ ਜਾਓਗੇ। 25 ਉਹ ਅਧਿਕਾਰੀ ਸ਼ਾਇਦ ਇਹ ਸੂਹ ਕੱਢ ਲੈਣ ਕਿ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ। ਤਾਂ ਉਹ ਤੁਹਾਡੇ ਕੋਲ ਆਉਣਗੇ ਅਤੇ ਆਖਣਗੇ, ‘ਯਿਰਮਿਯਾਹ ਦੱਸ ਸਾਨੂੰ ਕੀ ਤੂੰ ਰਾਜੇ ਸਿਦਕੀਯਾਹ ਨੂੰ ਕੀ ਆਖਿਆ। ਅਤੇ ਸਾਨੂੰ ਇਹ ਵੀ ਦੱਸ ਕਿ ਰਾਜੇ ਸਿਦਕੀਯਾਹ ਨੇ ਤੈਨੂੰ ਕੀ ਆਖਿਆ। ਸਾਡੇ ਨਾਲ ਇਮਾਨਦਾਰੀ ਨਾਲ ਹਰ ਗੱਲ ਕਰੀਂ ਨਹੀਂ ਤਾਂ ਅਸੀਂ ਤੈਨੂੰ ਮਾਰ ਦਿਆਂਗੇ।’ 26 ਜੇ ਉਹ ਤੈਨੂੰ ਇਹ ਆਖਣ ਤਾਂ ਤੂੰ ਉਨ੍ਹਾਂ ਨੂੰ ਆਖੀਂ, ‘ਮੈਂ ਰਾਜੇ ਨੂੰ ਬੇਨਤੀ ਕਰ ਰਿਹਾ ਸੀ ਕਿ ਮੈਨੂੰ ਯਹੋਨਾਥਾਨ ਦੇ ਘਰ ਦੀ ਉਸ ਕਾਲ ਕੋਠੜੀ ਵਿੱਚ ਵਾਪਸ ਨਾ ਭੇਜਣਾ। ਜੇ ਮੈਨੂੰ ਓੱਥੇ ਜਾਣਾ ਪਿਆ ਤਾਂ ਮੈਂ ਮਰ ਜਾਵਾਂਗਾ।’”
27 ਵਾਪਰਿਆ ਇਹ ਕਿ ਰਾਜੇ ਦੇ ਉਹ ਸ਼ਾਹੀ ਅਧਿਕਾਰੀ ਯਿਰਮਿਯਾਹ ਨੂੰ ਸਵਾਲ ਪੁੱਛਣ ਜ਼ਰੂਰ ਆਏ। ਇਸ ਲਈ ਯਿਰਮਿਯਾਹ ਨੇ ਉਨ੍ਹਾਂ ਨੂੰ ਹਰ ਉਹ ਗੱਲ ਦੱਸ ਦਿੱਤੀ ਜਿਸਦਾ ਰਾਜੇ ਨੇ ਆਦੇਸ਼ ਦਿੱਤਾ ਸੀ। ਤਾਂ ਫ਼ੇਰ ਉਨ੍ਹਾਂ ਅਧਿਕਾਰੀਆਂ ਨੇ ਯਿਰਮਿਯਾਹ ਨੂੰ ਇੱਕਲਿਆਂ ਛੱਡ ਦਿੱਤਾ। ਕਿਸੇ ਬੰਦੇ ਨੇ ਵੀ ਨਹੀਂ ਸੀ ਸੁਣਿਆ ਕਿ ਯਿਰਮਿਯਾਹ ਅਤੇ ਰਾਜੇ ਦੀ ਕੀ ਗੱਲ ਬਾਤ ਹੋਈ ਸੀ।
28 ਇਸ ਯਿਰਮਿਯਾਹ ਮੰਦਰ ਵਿੱਚ ਉਦੋਂ ਤੀਕ ਨਜ਼ਰਬੰਦ ਰਿਹਾ ਜਿੰਨਾ ਚਿਰ ਤੀਕ ਕਿ ਯਰੂਸ਼ਲਮ ਉੱਤੇ ਕਬਜ਼ਾ ਨਹੀਂ ਹੋ ਗਿਆ।
ਯਰੂਸ਼ਲਮ ਦਾ ਪਤਨ
39 ਯਰੂਸ਼ਲਮ ਉੱਤੇ ਇਸ ਤਰ੍ਹਾਂ ਕਬਜ਼ਾ ਹੋਇਆ: ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜਕਾਲ ਦੇ 9ਵੇਂ ਵਰ੍ਹੇ ਦੇ 10ਵੇਂ ਮਹੀਨੇ ਦੌਰਾਨ ਬਾਬਲ ਦੇ ਰਾਜੇ ਨਬੂਕਦਨੱਸਰ ਨੇ ਯਰੂਸ਼ਲਮ ਉੱਤੇ ਆਪਣੀ ਪੂਰੀ ਫ਼ੌਜ ਲੈ ਕੇ ਚੜ੍ਹਾਈ ਕਰ ਦਿੱਤੀ। ਉਸ ਨੇ ਸ਼ਹਿਰ ਨੂੰ ਹਰਾਉਣ ਲਈ ਇਸਦੇ ਦੁਆਲੇ ਘੇਰਾ ਪਾ ਲਿਆ। 2 ਅਤੇ ਸਿਦਕੀਯਾਹ ਦੇ ਰਾਜ ਕਾਲ ਦੇ 11ਵੇਂ ਵਰ੍ਹੇ ਦੇ ਚੌਬੇ ਮਹੀਨੇ ਦੇ 9ਵੇਂ ਦਿਨ ਯਰੂਸ਼ਲਮ ਦੀ ਦੀਵਾਰ ਵਿੱਚ ਪਾੜ ਲਿਆ ਗਿਆ। 3 ਫ਼ੇਰ ਬਾਬਲ ਦੇ ਰਾਜੇ ਦੇ ਸਾਰੇ ਸ਼ਾਹੀ ਅਧਿਕਾਰੀ ਯਰੂਸ਼ਲਮ ਸ਼ਹਿਰ ਵਿੱਚ ਆਏ। ਉਹ ਅੰਦਰ ਆਕੇ ਵਿੱਚਕਾਰਲੇ ਦਰਵਾਜ਼ੇ ਕੋਲ ਬੈਠ ਗਏ। ਉਨ੍ਹਾਂ ਅਧਿਕਾਰੀਆਂ ਦੇ ਨਾਮ ਇਹ ਹਨ: ਨੇਰਗਲ ਸ਼ਰਾਸਰ, ਜ਼ਿਲਾ ਸਮਗਰ-ਨਬੂ ਦਾ ਪ੍ਰਬੰਧਕ, ਇੱਕ ਬਹੁਤ ਉੱਚ ਅਧਿਕਾਰੀ, ਇੱਕ ਹੋਰ ਬਹੁਤ ਉੱਚ-ਅਧਿਕਾਰੀ, ਸਰਸੱਕੀਮ ਅਤੇ ਕਈ ਹੋਰ ਮਹੱਤਵਪੂਰਣ ਅਧਿਕਾਰੀ ਓੱਥੇ ਸਨ।
4 ਯਹੂਦਾਹ ਦੇ ਰਾਜੇ ਸਿਦਕੀਯਾਹ ਨੇ ਬਾਬਲ ਦੇ ਉਨ੍ਹਾਂ ਅਧਿਕਾਰੀਆਂ ਨੂੰ ਦੇਖਿਆ, ਇਸ ਲਈ ਉਹ ਆਪਣੇ ਸਿਪਾਹੀਆਂ ਨਾਲ ਦੂਰ ਭੱਜ ਗਿਆ। ਉਨ੍ਹਾਂ ਨੇ ਰਾਤ ਵੇਲੇ ਯਰੂਸ਼ਲਮ ਨੂੰ ਛੱਡਿਆ। ਉਹ ਰਾਜੇ ਦੇ ਬਾਗ਼ ਵਿੱਚੋਂ ਹੁੰਦੇ ਹੋਏ ਅਤੇ ਉਸ ਦਰਵਾਜ਼ੇ ਵਿੱਚੋਂ ਹੁੰਦੇ ਹੋਏ ਬਾਹਰ ਚੱਲੇ ਗਏ ਜਿਹੜਾ ਦੋ ਦੀਵਾਰਾਂ ਦੇ ਵਿੱਚਕਾਰ ਸੀ। ਫ਼ੇਰ ਉਹ ਮਾਰੂਬਲ ਵੱਲ ਚੱਲੇ ਗਏ। 5 ਬਾਬਲ ਦੀ ਫ਼ੌਜ ਨੇ ਸਿਦਕੀਯਾਹ ਅਤੇ ਉਸ ਦੇ ਸਿਪਾਹੀਆਂ ਦਾ ਪਿੱਛਾ ਕੀਤਾ। ਉਨ੍ਹਾਂ ਫ਼ੌਜੀਆਂ ਨੇ ਸਿਦਕੀਯਾਹ ਨੂੰ ਯਰੀਹੋ ਦੇ ਮੈਦਾਨ ਵਿੱਚ ਜਾ ਘੇਰਿਆ। ਉਨ੍ਹਾਂ ਨੇ ਸਿਦਕੀਯਾਹ ਨੂੰ ਫ਼ੜ ਲਿਆ ਅਤੇ ਉਸ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਕੋਲ ਲੈ ਗਏ। ਨਬੂਕਦਨੱਸਰ ਹਮਾਬ ਦੇ ਦੇਸ ਵਿੱਚ ਰਿਬਲਾਹ ਕਸਬੇ ਵਿੱਚ ਸੀ। ਉਸ ਸਥਾਨ ਉੱਤੇ ਨਬੂਕਦਨੱਸਰ ਨੇ ਇਹ ਨਿਆਂ ਕੀਤਾ ਕਿ ਸਿਦਕੀਯਾਹ ਨਾਲ ਕੀ ਸਲੂਕ ਕੀਤਾ ਜਾਵੇ। 6 ਓੱਥੇ, ਰਿਬਲਾਹ ਦੇ ਕਸਬੇ ਵਿੱਚ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੀਆਂ ਅੱਖਾਂ ਸਾਹਮਣੇ ਸਿਦਕੀਯਾਹ ਦੇ ਪੁੱਤਰਾਂ ਨੂੰ ਮਾਰ ਦਿੱਤਾ। ਅਤੇ ਨਬੂਕਦਨੱਸਰ ਨੇ ਸਿਦਕੀਯਾਹ ਦੀਆਂ ਨਜ਼ਰਾਂ ਸਾਹਮਣੇ ਯਹੂਦਾਹ ਦੇ ਸਾਰੇ ਸ਼ਾਹੀ ਅਧਿਕਾਰੀਆਂ ਨੂੰ ਵੀ ਮਾਰ ਦਿੱਤਾ। 7 ਫ਼ੇਰ ਨਬੂਕਦਨੱਸਰ ਨੇ ਸਿਦਕੀਯਾਹ ਦੀਆਂ ਅੱਖਾਂ ਕੱਢ ਦਿੱਤੀਆਂ। ਉਸ ਨੇ ਸਿਦਕੀਯਾਹ ਨੂੰ ਤਾਂਬੇ ਦੀਆਂ ਜ਼ੰਜ਼ੀਰਾਂ ਨਾਲ ਬੰਨ੍ਹ ਦਿੱਤਾ ਅਤੇ ਉਸ ਨੂੰ ਬਾਬਲ ਲੈ ਗਿਆ।
8 ਬਾਬਲ ਦੀ ਫ਼ੌਜ ਨੇ ਰਾਜੇ ਦੇ ਮਹਿਲ ਅਤੇ ਯਰੂਸ਼ਲਮ ਦੇ ਲੋਕਾਂ ਦੇ ਮਕਾਨਾਂ ਨੂੰ ਅੱਗਾਂ ਲਾ ਦਿੱਤੀਆਂ। ਅਤੇ ਉਨ੍ਹਾਂ ਨੇ ਯਰੂਸ਼ਲਮ ਦੀਆਂ ਦੀਵਾਰਾਂ ਢਾਹ ਦਿੱਤੀਆਂ। 9 ਨਬੂਜ਼ਰਦਾਨ ਨਾਂ ਦਾ ਬੰਦਾ ਬਾਬਲ ਦੇ ਰਾਜੇ ਦੇ ਸੁਰੱਖਿਆ ਸੈਨਕਾਂ ਦਾ ਕਮਾਂਡਰ ਸੀ। ਉਸ ਨੇ ਯਰੂਸ਼ਲਮ ਵਿੱਚ ਰਹਿ ਗਏ ਲੋਕਾਂ ਨੂੰ ਫ਼ੜ ਲਿਆ ਅਤੇ ਉਨ੍ਹਾਂ ਨੂੰ ਬੰਦੀ ਬਣਾ ਲਿਆ। ਉਹ ਉਨ੍ਹਾਂ ਨੂੰ ਬਾਬਲ ਲੈ ਗਿਆ। ਨਬੂਜ਼ਰਦਾਨ ਨੇ ਯਰੂਸ਼ਲਮ ਦੇ ਉਨ੍ਹਾਂ ਲੋਕਾਂ ਨੂੰ ਵੀ ਬੰਦੀ ਬਣਾ ਲਿਆ ਜਿਨ੍ਹਾਂ ਨੇ ਪਹਿਲਾਂ ਹੀ ਉਸ ਦੇ ਅੱਗੇ ਆਤਮ-ਸਮਰਪਣ ਕਰ ਦਿੱਤਾ ਸੀ। ਉਸ ਨੇ ਯਰੂਸ਼ਲਮ ਦੇ ਹੋਰ ਸਾਰੇ ਲੋਕਾਂ ਨੂੰ ਵੀ ਬੰਦੀ ਬਣਾ ਲਿਆ ਅਤੇ ਉਨ੍ਹਾਂ ਨੂੰ ਬਾਬਲ ਲੈ ਗਿਆ। 10 ਪਰ ਖਾਸ ਸੁਰੱਖਿਆ ਸੈਨਿਕਾਂ ਦੇ ਕਮਾਂਡਰ ਨਬੂਜ਼ਰਦਾਨ ਨੇ ਯਹੂਦਾਹ ਦੇ ਕੁਝ ਲੋਕਾਂ ਨੂੰ ਪਿੱਛੇ ਛੱਡ ਦਿੱਤਾ। ਇਹ ਉਹ ਲੋਕ ਸਨ ਜਿਨ੍ਹਾਂ ਕੋਲ ਕੁਝ ਵੀ ਨਹੀਂ ਸੀ। ਇਸ ਲਈ ਉਸ ਦਿਨ ਨਬੂਜ਼ਰਦਾਨ ਨੇ ਯਹੂਦਾਹ ਦੇ ਉਨ੍ਹਾਂ ਗਰੀਬ ਲੋਕਾਂ ਨੂੰ ਅੰਗੂਰਾਂ ਦੇ ਬਗੀਚੇ ਅਤੇ ਖੇਤ ਦੇ ਦਿੱਤੇ।
11 ਪਰ ਨਬੂਕਦਨੱਸਰ ਨੇ ਨਬੂਜ਼ਰਦਾਨ ਨੂੰ ਯਿਰਮਿਯਾਹ ਬਾਰੇ ਵੀ ਕੁਝ ਆਦੇਸ਼ ਦਿੱਤੇ। ਨਬੂਜ਼ਰਦਾਨ ਨਬੂਕਦਨੱਸਰ ਦੇ ਖਾਸ ਦਸਤੇ ਦਾ ਕਮਾਂਡਰ ਸੀ। ਹੁਕਮ ਇਹ ਸਨ: 12 “ਯਿਰਮਿਯਾਹ ਨੂੰ ਲੱਭੋ ਅਤੇ ਅਤੇ ਉਸਦੀ ਦੇਖ ਭਾਲ ਕਰੋ। ਉਸ ਨੂੰ ਕੋਈ ਨੁਕਸਾਨ ਨਾ ਪਹੁੰਚੇ। ਉਸ ਨੂੰ ਜੋ ਵੀ ਉਹ ਮਂਗਦਾ ਹੈ, ਦੇ ਦਿਓ।”
13 ਇਸ ਲਈ ਰਾਜੇ ਦੇ ਖਾਸ ਦਸਤੇ ਦੇ ਕਮਾਂਡਰ ਨਬੂਜ਼ਰਦਾਨ, ਬਾਬਲ ਦੀ ਫ਼ੌਜ ਦੇ ਇੱਕ ਮੁੱਖ ਅਧਿਕਾਰੀ ਨਬੂਸ਼ਜ਼ਬਾਜ਼, ਇੱਕ ਉੱਚ ਅਧਿਕਾਰੀ, ਨੇਰਗਲ-ਸ਼ਰਾਸਰ ਅਤੇ ਬਾਬਲ ਦੀ ਫ਼ੌਜ ਦੇ ਹੋਰ ਸਾਰੇ ਅਧਿਕਾਰੀਆਂ ਨੇ ਯਿਰਮਿਯਾਹ ਨੂੰ ਸੱਦ ਭੇਜਿਆ। 14 ਉਨ੍ਹਾਂ ਬੰਦਿਆਂ ਨੇ ਯਿਰਮਿਯਾਹ ਨੂੰ ਮੰਦਰ ਦੇ ਉਸ ਵਰਾਂਡੇ ਵਿੱਚੋਂ ਬਾਹਰ ਲਿਆਂਦਾ ਜਿੱਥੇ ਯਹੂਦਾਹ ਦੀ ਗਾਰਦ ਦੀ ਨਿਗਰਾਨੀ ਹੇਠਾਂ ਸੀ। ਬਾਬਲ ਦੀ ਫ਼ੌਜ ਦੇ ਉਨ੍ਹਾਂ ਅਧਿਕਾਰੀਆਂ ਨੇ ਯਿਰਮਿਯਾਹ ਨੂੰ ਗਦਲਯਾਹ ਦੇ ਹਵਾਲੇ ਕਰ ਦਿੱਤਾ। ਗਦਲਯਾਹ ਅਹੀਕਾਮ ਦਾ ਪੁੱਤਰ ਸੀ। ਅਹੀਕਾਮ ਸ਼ਾਫ਼ਾਨ ਦਾ ਪੁੱਤਰ ਸੀ। ਗਦਲਯਾਹ ਨੂੰ ਆਦੇਸ਼ ਸੀ ਕਿ ਉਹ ਯਿਰਮਿਯਾਹ ਨੂੰ ਵਾਪਸ ਘਰ ਲੈ ਜਾਵੇ। ਇਸ ਲਈ ਯਿਰਮਿਯਾਹ ਨੂੰ ਘਰ ਵਾਪਸ ਲਿਆਂਦਾ ਗਿਆ ਅਤੇ ਉਹ ਆਪਣੇ ਲੋਕਾਂ ਵਿੱਚਕਾਰ ਰਿਹਾ।
ਅਬਦ-ਮਲਕ ਨੂੰ ਯਹੋਵਾਹ ਦਾ ਇੱਕ ਸੰਦੇਸ਼
15 ਜਦੋਂ ਗਾਰਦ ਯਿਰਮਿਯਾਹ ਨੂੰ ਮੰਦਰ ਦੇ ਵਰਾਂਡੇ ਵਿੱਚ ਦੇਖ ਰਹੇ ਸਨ, ਉਸ ਨੂੰ ਯਹੋਵਾਹ ਵੱਲੋਂ ਇੱਕ ਸੰਦੇਸ਼ ਆਇਆ। ਸੰਦੇਸ਼ ਇਹ ਸੀ: 16 “ਯਿਰਮਿਯਾਹ, ਜਾਹ ਅਤੇ ਕੂਸ਼ ਦੇ ਅਬਦ-ਮਲਕ ਨੂੰ, ਇਹ ਸੰਦੇਸ਼ ਦੇਹ: ‘ਇਹੀ ਹੈ ਜੋ ਸਰਬ-ਸ਼ਕਤੀਮਾਨ ਯਹੋਵਾਹ ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ, ਆਖਦਾ ਹੈ: ਛੇਤੀ ਹੀ ਮੈਂ ਯਰੂਸ਼ਲਮ ਦੇ ਇਸ ਸ਼ਹਿਰ ਬਾਰੇ ਆਪਣੀਆਂ ਭਵਿੱਖਬਾਣੀਆਂ ਨੂੰ ਸੱਚ ਸਿੱਧ ਕਰਾਂਗਾ। ਮੇਰੇ ਸੰਦੇਸ਼ ਚੰਗੀਆਂ ਘਟਨਾਵਾਂ ਨਾਲ ਨਹੀਂ ਸਗੋਂ ਬਿਪਤਾਵਾਂ ਨਾਲ ਸੱਚ ਸਿਧ ਹੋਣਗੇ। ਤੁਸੀਂ ਆਪਣੀਆਂ ਅੱਖਾਂ ਨਾਲ ਹਰ ਗੱਲ ਨੂੰ ਸੱਚ ਸਿਧ ਹੁੰਦਿਆਂ ਦੇਖੋਗੇ। 17 ਪਰ ਮੈਂ ਤੁਹਾਨੂੰ ਉਸ ਦਿਨ ਬਚਾ ਲਵਾਂਗਾ ਅਬਦ-ਮਲਕ।’ ਯਹੋਵਾਹ ਦਾ ਸੰਦੇਸ਼ ਹੈ ਇਹ। ‘ਤੈਨੂੰ ਉਨ੍ਹਾਂ ਲੋਕਾਂ ਦੇ ਹਵਾਲੇ ਨਹੀਂ ਕੀਤਾ ਜਾਵੇਗਾ ਜਿਨ੍ਹਾਂ ਕੋਲੋਂ ਤੂੰ ਭੈਭੀਤ ਹੈਂ। 18 ਮੈਂ ਤੇਰੀ ਰੱਖਿਆ ਕਰਾਂਗਾ ਅਬਦ-ਮਲਕ। ਤੂੰ ਤਲਵਾਰ ਨਾਲ ਨਹੀਂ ਮਰੇਂਗਾ ਸਗੋਂ ਤੂੰ ਬਚਕੇ ਨਿਕਲ ਜਾਵੇਂਗਾ ਅਤੇ ਜੀਵੇਂਗਾ। ਅਜਿਹਾ ਇਸ ਲਈ ਵਾਪਰੇਗਾ ਕਿਉਂ ਕਿ ਤੂੰ ਮੇਰੇ ਉੱਤੇ ਭਰੋਸਾ ਕੀਤਾ ਹੈ।’” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
ਯਿਰਮਿਯਾਹ ਦੀ ਆਜ਼ਾਦੀ
40 ਯਹੋਵਾਹ ਦਾ ਸੰਦੇਸ਼ ਯਿਰਮਿਯਾਹ ਨੂੰ ਉਦੋਂ ਮਿਲਿਆ ਜਦੋਂ ਉਹ ਰਾਮਾਹ ਸ਼ਹਿਰ ਵਿੱਚ ਆਜ਼ਾਦ ਕਰ ਦਿੱਤਾ ਗਿਆ ਸੀ। ਬਾਬਲ ਦੇ ਰਾਜੇ ਦੇ ਖਾਸ ਗਾਰਦਾਂ ਦੇ ਕਮਾਂਡਰ ਨਬੂਜ਼ਰਦਾਨ ਨੇ ਯਿਰਮਿਯਾਹ ਨੂੰ ਰਾਮਾਹ ਵਿੱਚ ਲੱਭ ਲਿਆ। ਯਿਰਮਿਯਾਹ ਜ਼ੰਜ਼ੀਰਾਂ ਵਿੱਚ ਜਕੜਿਆ ਹੋਇਆ ਸੀ। ਉਹ ਯਰੂਸ਼ਲਮ ਅਤੇ ਯਹੂਦਾਹ ਦੇ ਕੈਦੀਆਂ ਦੇ ਨਾਲ ਸੀ। ਉਨ੍ਹਾਂ ਕੈਦੀਆਂ ਨੂੰ ਬਾਬਲ ਵਿੱਚ ਕੈਦ ਕਰਨ ਲਈ ਲਿਜਾਇਆ ਜਾ ਰਿਹਾ ਸੀ। 2 ਜਦੋਂ ਕਮਾਂਡਰ ਨਬੂਜ਼ਰਦਾਨ ਨੇ ਯਿਰਮਿਯਾਹ ਨੂੰ ਲੱਭਿਆ ਤਾਂ ਉਸ ਨੇ ਉਸ ਦੇ ਨਾਲ ਗੱਲ ਕੀਤੀ। ਉਸ ਨੇ ਆਖਿਆ, “ਯਿਰਮਿਯਾਹ, ਯਹੋਵਾਹ ਤੇਰੇ ਪਰਮੇਸ਼ੁਰ ਨੇ ਐਲਾਨ ਕੀਤਾ ਸੀ ਕਿ ਇਸ ਜਗ੍ਹਾ ਇਹ ਬਿਪਤਾ ਆਵੇਗੀ। 3 ਅਤੇ ਹੁਣ ਯਹੋਵਾਹ ਨੇ ਬਿਲਕੁਲ ਉਵੇਂ ਹੀ ਕੀਤਾ ਹੈ ਜਿਵੇਂ ਉਸ ਨੇ ਆਖਿਆ ਸੀ ਕਿ ਉਹ ਕਰੇਗਾ। ਇਹ ਬਿਪਤਾ ਇਸ ਲਈ ਆਈ ਕਿਉਂ ਕਿ ਤੁਸੀਂ ਯਹੂਦਾਹ ਦੇ ਲੋਕਾਂ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤੇ ਸਨ। ਤੁਸੀਂ ਲੋਕਾਂ ਨੇ ਯਹੋਵਾਹ ਦਾ ਹੁਕਮ ਨਹੀਂ ਮੰਨਿਆ। 4 ਪਰ ਹੁਣ, ਯਿਰਮਿਯਾਹ, ਮੈਂ ਤੈਨੂੰ ਆਜ਼ਾਦ ਕਰ ਦਿਆਂਗਾ। ਮੈਂ ਤੇਰੀਆਂ ਹੱਥ ਕੜੀਆਂ ਖੋਲ੍ਹ ਰਿਹਾ ਹਾਂ। ਜੇ ਤੂੰ ਚਾਹੇਁ ਤਾਂ ਮੇਰੇ ਨਾਲ ਬਾਬਲ ਆ ਜਾਹ, ਮੈਂ ਤੇਰੀ ਚੰਗੀ ਸੇਵਾ ਕਰਾਂਗਾ। ਪਰ ਜੇ ਤੂੰ ਮੇਰੇ ਨਾਲ ਨਹੀਂ ਆਉਣਾ ਚਾਹੁੰਦਾ ਤਾਂ ਨਾ ਆ। ਦੇਖ, ਸਾਰਾ ਦੇਸ਼ ਤੇਰੇ ਲਈ ਖੁਲ੍ਹਾ ਪਿਆ ਹੈ। ਜਿੱਥੇ ਜੀ ਚਾਹੇ ਜਾਹ। 5 ਜਾਂ ਫ਼ੇਰ ਅਹੀਕਾਮ ਦੇ ਪੁੱਤਰ ਅਤੇ ਸ਼ਾਫ਼ਾਨ ਦੇ ਪੋਤਰੇ ਗਦਲਯਾਹ ਕੋਲ ਵਾਪਸ ਚੱਲਾ ਜਾ। ਬਾਬਲ ਦੇ ਰਾਜੇ ਨੇ ਗਦਲਯਾਹ ਨੂੰ ਯਹੂਦਾਹ ਦੇ ਕਸਬਿਆਂ ਦਾ ਗਵਰਨਰ ਬਾਪਿਆ ਹੈ। ਜਾਹ ਅਤੇ ਗਦਲਯਾਹ ਨਾਲ ਲੋਕਾਂ ਦੇ ਵਿੱਚਕਾਰ ਰਹਿ। ਜਾਂ ਫ਼ੇਰ ਤੂੰ ਜਿੱਥੇ ਵੀ ਜੀ ਚਾਹੇ ਜਾ ਸੱਕਦਾ ਹੈਂ।”
ਫ਼ੇਰ ਨਬੂਜ਼ਰਦਾਨ ਨੇ ਯਿਰਮਿਯਾਹ ਨੂੰ ਕੁਝ ਭੋਜਨ ਅਤੇ ਇੱਕ ਤੋਹਫ਼ਾ ਦਿੱਤਾ ਅਤੇ ਜਾਣ ਦਿੱਤਾ। 6 ਇਸ ਲਈ ਯਿਰਮਿਯਾਹ ਅਹੀਕਾਮ ਦੇ ਪੁੱਤਰ ਗਦਲਯਾਹ ਕੋਲ ਮਿਸਪਾਹ ਚੱਲਾ ਗਿਆ। ਯਿਰਮਿਯਾਹ ਗਦਲਯਾਹ ਦੇ ਨਾਲ ਉਨ੍ਹਾਂ ਲੋਕਾਂ ਦਰਮਿਆਨ ਟਿਕ ਗਿਆ ਜਿਹੜੇ ਯਹੂਦਾਹ ਦੀ ਧਰਤੀ ਉੱਤੇ ਪਿੱਛੇ ਰਹਿ ਗਏ ਸਨ।
ਗਦਲਯਾਹ ਦਾ ਬੋੜੀ ਦੇਰ ਦਾ ਰਾਜ
7 ਜਦੋਂ ਯਰੂਸ਼ਲਮ ਨੂੰ ਤਬਾਹ ਕੀਤਾ ਗਿਆ ਸੀ ਤਾਂ ਓੱਥੇ ਯਹੂਦਾਹ ਦੀ ਫ਼ੌਜ ਦੇ ਕੁਝ ਸਿਪਾਹੀ, ਅਧਿਕਾਰੀ ਅਤੇ ਉਨ੍ਹਾਂ ਦੇ ਬੰਦੇ ਖੁਲ੍ਹੇ ਇਲਾਕੇ ਵਿੱਚ ਹਾਲੇ ਵੀ ਬਾਹਰ ਸਨ। ਉਨ੍ਹਾਂ ਸਿਪਾਹੀਆਂ ਨੇ ਸੁਣਿਆ ਕਿ ਬਾਬਲ ਦੇ ਰਾਜੇ ਨੇ ਦੇਸ਼ ਦੇ ਬਚੇ ਹੋਏ ਲੋਕਾਂ ਉੱਤੇ ਰਾਜ ਕਰਨ ਲਈ ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਮੁਖੀ ਬਣਾ ਦਿੱਤਾ ਸੀ। ਜਿਹੜੇ ਲੋਕ ਰਹਿ ਗਏ ਸਨ ਉਹ ਅਜਿਹੇ ਆਦਮੀ ਔਰਤਾਂ ਅਤੇ ਬੱਚੇ ਸਨ ਜਿਹੜੇ ਬਹੁਤ ਗਰੀਬ ਸਨ ਅਤੇ ਜਿਨ੍ਹਾਂ ਨੂੰ ਬਾਬਲ ਵਿੱਚ ਬੰਦੀ ਬਣਾ ਕੇ ਨਹੀਂ ਲਿਜਾਇਆ ਗਿਆ ਸੀ। 8 ਇਸ ਲਈ ਉਹ ਸਿਪਾਹੀ ਗਦਲਯਾਹ ਕੋਲ ਮਿਸਪਾਹ ਆ ਗਏ। ਉਹ ਸਨ: ਨਬਨਯਾਹ ਦਾ ਪੁੱਤਰ ਇਸ਼ਮਾਏਲ, ਕਰੇਅਹ ਦੇ ਪੁੱਤਰ ਯੋਹਾਨਾਨ ਅਤੇ ਯਹੋਨਾਥਾਨ, ਤਨਹੁਮਬ ਦਾ ਪੁੱਤਰ ਸਰਾਯਾਹ ਨਟੋਫ਼ਾਬ ਦੇ ਏਫ਼ਈ ਦੇ ਪੁੱਤਰ ਅਤੇ ਮਆਕਾਬੀ ਦਾ ਪੁੱਤਰ ਯਜ਼ਨਯਾਹ ਅਤੇ ਉਸ ਦੇ ਨਾਲ ਦੇ ਆਦਮੀ।
9 ਗਦਲਯਾਹ ਵਲਦ ਅਹੀਕਾਮ ਵਲਦ ਸ਼ਾਫ਼ਾਨ ਨੇ ਸੌਂਹ ਖਾਧੀ ਕਿ ਉਹ ਉਨ੍ਹਾਂ ਸਿਪਾਹੀਆਂ ਅਤੇ ਉਨ੍ਹਾਂ ਦੇ ਬੰਦਿਆਂ ਦੇ ਜੀਵਨ ਨੂੰ ਹੋਰ ਸੁੱਖ ਭਰਪੂਰ ਬਣਾਵੇਗਾ। ਗਲਦਯਾਹ ਨੇ ਇਹ ਆਖਿਆ ਸੀ: “ਤੁਸੀਂ ਸਿਪਾਹੀਓ, ਬਾਬਲ ਦੇ ਲੋਕਾਂ ਦੀ ਸੇਵਾ ਕਰਨ ਤੋਂ ਨਾ ਡਰੋ। ਧਰਤੀ ਉੱਤੇ ਟਿਕ ਜਾਓ ਅਤੇ ਬਾਬਲ ਦੇ ਰਾਜੇ ਦੀ ਸੇਵਾ ਕਰੋ। ਜੇ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡੇ ਚੰਗਾ ਵਾਪਰੇਗਾ। 10 ਮੈਂ ਖੁਦ ਮਿਸਪਾਹ ਵਿੱਚ ਰਹਾਂਗਾ। ਮੈਂ ਕਸਦੀ ਲੋਕਾਂ ਨਾਲ ਤੁਹਾਡੇ ਹੱਕ ਵਿੱਚ ਗੱਲ ਕਰਾਂਗਾ, ਜਦੋਂ ਉਹ ਇੱਥੇ ਆਉਣਗੇ। ਤੁਹਾਨੂੰ ਲੋਕਾਂ ਨੂੰ ਇਹ ਕੰਮ ਮੇਰੇ ਲਈ ਛੱਡ ਦੇਣਾ ਚਾਹੀਦਾ ਹੈ। ਤੁਹਾਨੂੰ ਸ਼ਰਾਬ, ਗਰਮੀਆਂ ਦੇ ਫ਼ਲਾਂ ਅਤੇ ਤੇਲ ਦੀ ਪੈਦਾਵਾਰ ਕਰਨੀ ਚਾਹੀਦੀ ਹੈ। ਜੋ ਵੀ ਤੁਸੀਂ ਉਪਜ ਪੈਦਾ ਕਰੋ ਉਸ ਨੂੰ ਆਪਣੇ ਜਮ੍ਹਾਂ ਕਰਨ ਵਾਲੇ ਘੜਿਆਂ ਵਿੱਚ ਰੱਖ ਦਿਓ। ਉਨ੍ਹਾਂ ਕਸਬਿਆਂ ਵਿੱਚ ਰਹੋ ਜਿਨ੍ਹਾਂ ਨੂੰ ਤੁਸੀਂ ਆਪਣੇ ਅਧਿਕਾਰ ਹੇਠਾਂ ਲੈ ਚੁੱਕੇ ਹੋ।”
11 ਯਹੂਦਾਹ ਦੇ ਉਹ ਸਾਰੇ ਲੋਕਾਂ ਨੇ ਜਿਹੜੇ ਮੋਆਬ, ਅੰਮੋਨ, ਅਦੋਮ ਅਤੇ ਹੋਰ ਸਾਰੇ ਦੇਸ਼ਾਂ ਵਿੱਚ ਰਹਿੰਦੇ ਸਨ, ਨੇ ਸੁਣਿਆ ਕਿ ਬਾਬਲ ਦੇ ਰਾਜੇ ਨੇ ਯਹੂਦਾਹ ਦੇ ਕੁਝ ਲੋਕਾਂ ਨੂੰ ਉਸ ਧਰਤੀ ਤੇ ਛੱਡ ਦਿੱਤਾ ਸੀ। ਅਤੇ ਉਨ੍ਹਾਂ ਨੇ ਇਹ ਵੀ ਸੁਣਿਆ ਕਿ ਬਾਬਲ ਦੇ ਰਾਜੇ ਨੇ ਅਹੀਕਾਮ ਦੇ ਪੁੱਤਰ ਅਤੇ ਸ਼ਾਫ਼ਾਨ ਦੇ ਪੋਤਰੇ ਗਲਦਯਾਹ ਨੂੰ ਉਨ੍ਹਾਂ ਉੱਪਰ ਹਕੂਮਤ ਕਰਨ ਲਈ ਚੁਣਿਆ ਸੀ। 12 ਜਦੋਂ ਯਹੂਦਾਹ ਦੇ ਉਨ੍ਹਾਂ ਲੋਕਾਂ ਨੇ ਇਹ ਖਬਰ ਸੁਣੀ, ਉਹ ਯਹੂਦਾਹ ਦੀ ਧਰਤੀ ਉੱਤੇ ਵਾਪਸ ਪਰਤ ਆਏ। ਉਹ ਉਨ੍ਹਾਂ ਸਾਰੇ ਮੁਲਕਾਂ ਵਿੱਚੋਂ ਗਦਲਯਾਹ ਕੋਲ ਮਿਸਪਾਹ ਵਾਪਸ ਆ ਗਏ ਜਿੱਥੇ ਕਿਤੇ ਵੀ ਉਹ ਖਿਲਰ ਗਏ ਸਨ। ਇਸ ਲਈ ਉਹ ਵਾਪਸ ਆ ਗਏ ਅਤੇ ਉਨ੍ਹਾਂ ਨੇ ਸ਼ਰਾਬ ਅਤੇ ਗਰਮੀਆਂ ਦੇ ਫ਼ਲਾਂ ਦੀ ਵੱਡੀ ਫ਼ਸਲ ਇੱਕਤ੍ਰ ਕੀਤੀ।
13 ਯੋਹਾਨਾਨ, ਵਲਦ ਕਾਰੇਆਹ, ਅਤੇ ਯਹੂਦਾਹ ਦੀ ਫੌਜ ਦੇ ਹੋਰ ਸਾਰੇ ਅਧਿਕਾਰੀ ਜਿਹੜੇ ਹਾਲੇ ਵੀ ਖੇਤਾਂ ਵਿੱਚ ਸਨ, ਗਦਲਯਾਹ ਕੋਲ ਆ ਗਏ। ਗਦਲਯਾਹ ਮਿਸਪਾਹ ਕਸਬੇ ਵਿੱਚ ਸੀ। 14 ਯੋਹਾਨਾਨ ਅਤੇ ਉਸ ਦੇ ਨਾਲ ਦੇ ਹੋਰਨਾਂ ਅਧਿਕਾਰੀਆਂ ਨੇ ਗਦਲਯਾਹ ਨੂੰ ਆਖਿਆ, “ਕੀ ਤੁਸੀਂ ਜਾਣਦੇ ਹੋ ਕਿ ਅੰਮੋਨੀ ਲੋਕਾਂ ਦਾ ਰਾਜਾ ਬਅਲੀਸ ਤੁਹਾਨੂੰ ਮਾਰਨਾ ਚਾਹੁੰਦਾ ਹੈ? ਉਸ ਨੇ ਨਬਨਯਾਹ ਦੇ ਪੁੱਤਰ ਇਸ਼ਮਾਏਲ ਨੂੰ ਤੁਹਾਨੂੰ ਮਾਰਨ ਲਈ ਘਲਿਆ ਹੈ।” ਪਰ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਉਨ੍ਹਾਂ ਉੱਤੇ ਇਤਬਾਰ ਨਹੀਂ ਕੀਤਾ।
15 ਫ਼ੇਰ ਕਾਰੇਆਹ ਦੇ ਪੁੱਤਰ ਯੋਹਾਨਾਨ ਨੇ ਮਿਸਪਾਹ ਵਿੱਚ ਗਦਲਯਾਹ ਨਾਲ ਗੁਪਤ ਰੂਪ ਵਿੱਚ ਗੱਲ ਕੀਤੀ। ਯੋਹਾਨਾਨ ਨੇ ਗਦਲਯਾਹ ਨੂੰ ਆਖਿਆ, “ਮੈਨੂੰ ਜਾਣ ਦਿਓ ਅਤੇ ਨਬਨਯਾਹ ਦੇ ਪੁੱਤਰ ਇਸ਼ਮਾਏਲ ਨੂੰ ਕਤਲ ਕਰ ਲੈਣ ਦਿਓ। ਕੋਈ ਵੀ ਬੰਦਾ ਇਸ ਬਾਰੇ ਨਹੀਂ ਜਾਣ ਸੱਕੇਗਾ। ਸਾਨੂੰ ਚਾਹੀਦਾ ਹੈ ਕਿ ਇਸ਼ਮਾਏਲ ਨੂੰ ਤੁਹਾਨੂੰ ਮਾਰਨ ਨਾ ਦੇਈਏ। ਇਸ ਤਰ੍ਹਾਂ ਨਾਲ ਤਾਂ ਯਹੂਦਾਹ ਦੇ ਉਹ ਸਾਰੇ ਲੋਕ ਜਿਹੜੇ ਤੁਹਾਡੇ ਆਲੇ-ਦੁਆਲੇ ਇਕੱਠੇ ਹੋਏ ਨੇ ਫ਼ੇਰ ਇੱਕ ਵਾਰ ਵੱਖ-ਵੱਖ ਦੇਸ਼ਾਂ ਵਿੱਚ ਖਿੱਲਰ ਜਾਣਗੇ। ਅਤੇ ਇਸਦਾ ਅਰਬ ਇਹ ਹੋਵੇਗਾ ਕਿ ਯਹੂਦਾਹ ਦੇ ਬੋੜੇ ਜਿੰਨੇ ਬਚੇ ਹੋਏ ਲੋਕ ਵੀ ਖਤਮ ਹੋ ਜਾਣਗੇ।”
16 ਪਰ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਕਾਰੇਆਹ ਦੇ ਪੁੱਤਰ ਯੋਹਾਨਾਨ ਨੂੰ ਆਖਿਆ, “ਇਸ਼ਮਾਏਲ ਨਹੀਂ ਮਾਰਨਾ। ਜਿਹੜੀਆਂ ਗੱਲਾਂ ਤੁਸੀਂ ਇਸ਼ਮਾਏਲ ਬਾਰੇ ਆਖ ਰਹੇ ਹੋ ਉਹ ਠੀਕ ਨਹੀਂ ਹਨ।”
ਆਸਾਫ਼ ਦਾ ਇੱਕ ਭੱਗਤੀ ਗੀਤ।
74 ਹੇ ਪਰਮੇਸ਼ੁਰ, ਕੀ ਤੁਸੀਂ ਸਾਨੂੰ ਸਦਾ ਲਈ ਛੱਡ ਦਿੱਤਾ ਹੈ?
ਕੀ ਤੁਸੀਂ ਹਾਲੇ ਵੀ ਆਪਣੇ ਲੋਕਾਂ ਉੱਤੇ ਕ੍ਰੋਧਵਾਨ ਹੋ?
2 ਉਨ੍ਹਾਂ ਲੋਕਾਂ ਨੂੰ ਯਾਦ ਕਰੋ ਜਿਨ੍ਹਾਂ ਨੂੰ ਬਹੁਤ ਸਮਾਂ ਪਹਿਲਾਂ ਤੁਸੀਂ ਖਰੀਦ ਲਿਆ ਸੀ।
ਤੁਸੀਂ ਸਾਨੂੰ ਬਚਾਇਆ।
ਅਸੀਂ ਤੇਰੇ ਨਾਲ ਸੰਬੰਧਿਤ ਹਾਂ।
ਸੀਯੋਨ ਪਰਬਤ ਨੂੰ ਯਾਦ ਕਰੋ, ਜਿੱਥੇ ਤੁਸੀਂ ਰਹਿੰਦੇ ਸੀ।
3 ਹੇ ਪਰਮੇਸ਼ੁਰ, ਆਪ ਇਨ੍ਹਾਂ ਕਦੀਮੀ ਖੰਡ੍ਹਰਾਂ ਵਿੱਚੋਂ ਵੀ ਗੁਜਰੋ।
ਉਸ ਪਵਿੱਤਰ ਥਾਂ ਉੱਤੇ ਆ ਜਾਉ ਜਿਸ ਨੂੰ ਵੈਰੀਆਂ ਨੇ ਤਬਾਹ ਕੀਤਾ ਸੀ।
4 ਵੈਰੀਆਂ ਨੇ ਮੰਦਰ ਵਿੱਚ ਜੰਗਜੂ ਨਾਹਰੇ ਲਾਏ ਸਨ।
ਉਨ੍ਹਾਂ ਨੇ ਇਹ ਦਰਸਾਉਣ ਲਈ ਮੰਦਰ ਉੱਤੇ ਝੰਡੇ ਗਡ ਦਿੱਤੇ ਸੀ ਕਿ ਉਨ੍ਹਾਂ ਨੇ ਜੰਗ ਜਿੱਤ ਲਈ ਸੀ।
5 ਵੈਰੀਆਂ ਦੇ ਸਿਪਾਹੀ ਉਨ੍ਹਾਂ ਬੰਦਿਆਂ ਵਰਗੇ ਸਨ
ਜਿਹੜੇ ਦਾਤਰੀ ਨਾਲ ਘਾਹ-ਫ਼ੂਸ ਵੱਢਦੇ ਹਨ।
6 ਹੇ ਪਰਮੇਸ਼ੁਰ, ਉਨ੍ਹਾਂ ਨੇ ਤੇਰੇ ਮੰਦਰ ਦੇ ਸੱਜਿਤ ਦਰਾਂ ਨੂੰ ਬਰਬਾਦ ਕਰਨ ਲਈ
ਕੁਲਹਾੜੀਆਂ ਅਤੇ ਕਹੀਆਂ ਦਾ ਇਸਤੇਮਾਲ ਕੀਤਾ।
7 ਉਨ੍ਹਾਂ ਦੇ ਸਿਪਾਹੀਆਂ ਨੇ ਤੁਹਾਡਾ ਪਵਿੱਤਰ ਸਥਾਨ ਸਾੜ ਸੁੱਟਿਆ।
ਉਹ ਮੰਦਰ ਤੁਹਾਡੇ ਨਾਮ ਨੂੰ ਆਦਰ ਦੇਣ ਲਈ ਬਣਾਇਆ ਗਿਆ ਸੀ।
ਪਰ ਉਨ੍ਹਾਂ ਨੇ ਇਸ ਨੂੰ ਢਹਿ-ਢੇਰੀ ਕਰ ਦਿੱਤਾ।
8 ਵੈਰੀਆਂ ਨੇ ਸਾਨੂੰ ਪੂਰੀ ਤਰ੍ਹਾਂ ਕੁਚਲਣ ਦਾ ਫ਼ੈਸਲਾ ਕੀਤਾ ਸੀ।
ਉਨ੍ਹਾਂ ਨੇ ਦੇਸ਼ ਦਾ ਹਰ ਪਵਿੱਤਰ ਸਥਾਨ ਸਾੜ ਦਿੱਤਾ।
9 ਅਸੀਂ ਉਨ੍ਹਾਂ ਕਰਾਮਾਤੀ ਨਿਸ਼ਾਨਾਂ ਵਿੱਚੋਂ ਕੋਈ ਵੀ ਨਾ ਵੇਖ ਸੱਕੇ।
ਜੋ ਸਾਡੇ ਦਰਮਿਆਨ ਵਾਪਰਦੇ ਸਨ। ਅਤੇ ਉੱਥੇ ਹੋਰ ਨਬੀ ਨਹੀਂ ਹਨ।
ਕੋਈ ਕੀ ਕਰੇ, ਕੋਈ ਬੰਦਾ ਨਹੀਂ ਜਾਣਦਾ ਸੀ।
10 ਹੇ ਪਰਮੇਸ਼ੁਰ, ਕਿੰਨਾ ਕੁ ਚਿਰ ਵੈਰੀ ਸਾਡਾ ਹੋਰ ਮਜ਼ਾਕ ਉਡਾਉਣਗੇ?
ਕੀ ਤੁਸਾਂ ਸਦਾ ਹੀ ਉਨ੍ਹਾਂ ਕੋਲੋਂ ਆਪਣਾ ਨਾਮ ਬੇਇੱਜ਼ਤ ਕਰ ਦੇਵੋਂਗੇ?
11 ਹੇ ਪਰਮੇਸ਼ੁਰ, ਤੁਸਾਂ ਸਾਨੂੰ ਇੰਨਾ ਸਖਤ ਦੰਡ ਕਿਉਂ ਦਿੱਤਾ?
ਤੁਸੀਂ ਆਪਣੀ ਮਹਾਂ ਸ਼ਕਤੀ ਦਾ ਇਸਤੇਮਾਲ ਕੀਤਾ ਅਤੇ ਸਾਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
12 ਹੇ ਪਰਮੇਸ਼ੁਰ, ਲੰਬੇ ਸਮੇਂ ਤੋਂ ਤੁਸੀਂ ਸਾਡੇ ਪਾਤਸ਼ਾਹ ਰਹੇ ਹੋ।
ਇਸ ਦੇਸ਼ ਅੰਦਰ ਤੁਸੀਂ ਸਾਡੀਆਂ ਬਹੁਤ ਲੜਾਈਆਂ ਜਿੱਤਣ ਵਿੱਚ ਸਹਾਈ ਹੋਏ ਹੋਂ।
13 ਹੇ ਪਰਮੇਸ਼ੁਰ ਤੁਸਾਂ ਲਾਲ ਸਾਗਰ ਨੂੰ ਪਾੜਨ ਲਈ
ਆਪਣੀ ਮਹਾਨ ਸ਼ਕਤੀ ਦਾ ਇਸਤੇਮਾਲ ਕੀਤਾ।
14 ਤੁਸੀਂ ਵੱਡੇ ਸਮੁੰਦਰੀ ਦੈਤਾਂ ਉੱਤੇ ਫ਼ਤੇਹ ਹਾਸਲ ਕੀਤੀ।
ਤੁਸਾਂ ਲੇਵੀਥਾਨ ਦੇ ਸਿਰ ਭੰਨ ਸੁੱਟੇ
ਅਤੇ ਉਸਦੀ ਲਾਸ਼ ਜਾਨਵਰਾਂ ਦੇ ਖਾਣ ਲਈ ਛੱਡ ਦਿੱਤੀ।
15 ਤੁਸੀਂ ਨਦੀ ਅਤੇ ਚਸ਼ਮਿਆਂ ਨੂੰ ਰਵਾਨੀ ਦਿੰਦੇ ਹੋ।
ਅਤੇ ਤੁਸੀਂ ਨਦੀਆਂ ਨੂੰ ਸੁਕਾ ਦਿੰਦੇ ਹੋ।
16 ਹੇ ਪਰਮੇਸ਼ੁਰ, ਤੁਸੀਂ ਹਰ ਦਿਨ ਉੱਤੇ ਕਾਬੂ ਰੱਖਦੇ ਹੋਂ
ਅਤੇ ਹਰ ਰਾਤ ਉੱਤੇ ਵੀ ਕਾਬੂ ਰੱਖਦੇ ਹੋਂ। ਤੁਸਾਂ ਸੂਰਜ ਅਤੇ ਚੰਨ ਨੂੰ ਸਾਜਿਆ।
17 ਤੁਸਾਂ ਧਰਤੀ ਉੱਤੇ ਹਰ ਸ਼ੈਅ ਦੀ ਸੀਮਾ ਰੱਖ ਦਿੱਤੀ।
ਅਤੇ ਤੁਸੀਂ ਗਰਮੀ ਤੇ ਸਰਦੀ ਨੂੰ ਸਾਜਿਆ।
18 ਹੇ ਪਰਮੇਸ਼ੁਰ, ਇਨ੍ਹਾਂ ਗੱਲਾਂ ਨੂੰ ਯਾਦ ਕਰੋ।
ਯਾਦ ਕਰੋ ਕਿ ਵੈਰੀਆਂ ਨੇ ਤੁਹਾਡੇ ਉੱਤੇ ਬੇਪਰਤੀਤੀ ਕੀਤੀ ਸੀ।
ਉਹ ਮੂਰਖ ਲੋਕ ਤੁਹਾਡੇ ਨਾਮ ਨੂੰ ਨਫ਼ਰਤ ਕਰਦੇ ਹਨ।
19 ਉਨ੍ਹਾਂ ਜੰਗਲੀ ਜਾਨਵਰਾਂ ਨੂੰ ਆਪਣੀ ਘੁੱਗੀ ਨਾ ਫ਼ੜਨ ਦਿਉ।
ਆਪਣੇ ਗਰੀਬ ਲੋਕਾਂ ਨੂੰ ਸਦਾ ਲਈ ਨਾ ਭੁੱਲੋ।
20 ਸਾਡੇ ਕਰਾਰ ਨੂੰ ਯਾਦ ਰੱਖ!
ਇਸ ਧਰਤੀ ਦੀ ਹਰ ਹਨੇਰੀ ਥਾਂ ਉੱਤੇ ਹਿੰਸਾ ਹੈ।
21 ਹੇ ਪਰਮੇਸ਼ੁਰ, ਤੁਹਾਡੇ ਲੋਕਾਂ ਨਾਲ ਬਦਸਲੂਕੀ ਕੀਤੀ ਗਈ ਸੀ।
ਉਨ੍ਹਾਂ ਨੂੰ ਹੋਰ ਵੱਧੇਰੇ ਸੱਟ ਨਾ ਖਾਣ ਦਿਉ।
ਤੁਹਾਡੇ ਗਰੀਬ ਬੇਸਹਾਰੇ ਲੋਕ ਤੁਹਾਡੀ ਉਸਤਤਿ ਕਰਦੇ ਹਨ।
22 ਹੇ ਪਰਮੇਸ਼ੁਰ ਉੱਠੋ ਅਤੇ ਜੰਗ ਕਰੋ।
ਯਾਦ ਕਰੋ ਉਨ੍ਹਾਂ ਮੂਰੱਖਾਂ ਨੇ ਤੁਹਾਨੂੰ ਵੰਗਾਰਿਆ ਸੀ।
23 ਆਪਣੇ ਵੈਰੀਆਂ ਦੇ ਨਾਰਿਆਂ ਨੂੰ ਨਾ ਭੁੱਲੋ।
ਉਹ ਬਾਰ-ਬਾਰ ਤੁਹਾਡੀ ਬੇਇੱਜ਼ਤੀ ਕਰਦੇ ਹਨ।
ਆਸਾਫ਼ ਦਾ ਇੱਕ ਉਸਤਤਿ ਗੀਤ।
79 ਹੇ ਪਰਮੇਸ਼ੁਰ, ਪਰਾਈਆਂ ਕੌਮਾਂ ਦੇ ਲੋਕ ਤੁਹਾਡੇ ਲੋਕਾਂ ਨਾਲ ਲੜਨ ਲਈ ਆਏ ਸਨ।
ਉਨ੍ਹਾਂ ਨੇ ਤੁਹਾਡੇ ਪਵਿੱਤਰ ਮੰਦਰ ਨੂੰ ਦੂਸ਼ਿਤ ਕਰ ਦਿੱਤਾ।
ਉਨ੍ਹਾਂ ਨੇ ਯਰੂਸ਼ਲਮ ਨੂੰ ਖੰਡਰ ਬਣਾ ਦਿੱਤਾ।
2 ਵੈਰੀਆਂ ਨੇ ਤੁਹਾਡੇ ਸੇਵਕਾਂ ਦੀਆਂ ਲਾਸ਼ਾਂ ਨੂੰ ਗਿਲਝਾਂ ਅੱਗੇ ਖਾਣ ਲਈ ਸੁੱਟ ਦਿੱਤਾ।
ਉਨ੍ਹਾਂ ਨੇ ਤੁਹਾਡੇ ਪੈਰੋਕਾਰਾਂ ਦੀਆਂ ਲਾਸ਼ਾਂ ਨੂੰ ਜਾਨਵਰਾਂ ਅੱਗੇ ਖਾਣ ਲਈ ਸੁੱਟ ਦਿੱਤਾ।
3 ਹੇ ਪਰਮੇਸ਼ੁਰ, ਵੈਰੀ ਨੇ ਤੇਰੇ ਲੋਕਾਂ ਨੂੰ ਉਦੋਂ ਤੱਕ ਮਾਰਿਆ ਅਤੇ ਸੁੱਟਿਆ ਜਦੋਂ ਤੱਕ ਲਹੂ ਦੀਆਂ ਨਦੀਆਂ ਨਾ ਵਗ ਤੁਰੀਆਂ।
ਕੋਈ ਵੀ ਬੰਦਾ ਲਾਸ਼ਾਂ ਦਫ਼ਨਾਉਣ ਲਈ ਨਹੀਂ ਬਚਿਆ।
4 ਸਾਡੇ ਗੁਆਂਢੀ ਦੇਸ਼ਾਂ ਨੇ ਸਾਨੂੰ ਬੇਇੱਜ਼ਤ ਕੀਤਾ।
ਆਲੇ-ਦੁਆਲੇ ਦੇ ਲੋਕ ਸਾਡੇ ਉੱਤੇ ਹੱਸੇ ਅਤੇ ਉਨ੍ਹਾਂ ਨੇ ਸਾਡਾ ਮਜ਼ਾਕ ਉਡਾਇਆ।
5 ਹੇ ਪਰਮੇਸ਼ੁਰ, ਕੀ ਤੁਸੀਂ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ?
ਕੀ ਤੁਹਾਡੀਆਂ ਕਠੋਰ ਭਾਵਨਾਵਾਂ ਸਾਨੂੰ ਅੱਗ ਵਾਂਗ ਸਾੜੀ ਜਾਣਗੀਆਂ।
6 ਹੇ ਪਰਮੇਸ਼ੁਰ, ਆਪਣੇ ਗੁੱਸੇ ਨੂੰ ਉਨ੍ਹਾਂ ਕੌਮਾਂ ਵੱਲ ਮੋੜ ਜਿਹੜੇ ਤੁਹਾਨੂੰ ਨਹੀਂ ਜਾਣਦੇ।
ਆਪਣਾ ਗੁੱਸਾ ਉਨ੍ਹਾਂ ਕੌਮਾਂ ਵੱਲ ਮੋੜ ਜਿਹੜੇ ਤੁਹਾਡੇ ਨਾਮ ਦੀ ਉਪਾਸਨਾ ਨਹੀਂ ਕਰਦੇ।
7 ਉਨ੍ਹਾਂ ਕੌਮਾਂ ਨੇ ਯਾਕੂਬ ਨੂੰ ਤਬਾਹ ਕੀਤਾ।
ਉਨ੍ਹਾਂ ਨੇ ਯਾਕੂਬ ਦੇ ਦੇਸ਼ ਨੂੰ ਤਬਾਹ ਕਰ ਦਿੱਤਾ।
8 ਹੇ ਪਰਮੇਸ਼ੁਰ, ਸਾਨੂੰ ਸਾਡੇ ਪੁਰਖਿਆਂ ਦੇ ਗੁਨਾਹਾਂ ਲਈ ਦੰਡ ਨਾ ਦਿਉ।
ਛੇਤੀ ਕਰੋ, ਸਾਡੇ ਉੱਤੇ ਦਯਾ ਕਰੋ।
ਸਾਨੂੰ ਤੇਰੀ ਕਿੰਨੀ ਜ਼ਰੂਰਤ ਹੈ।
9 ਸਾਡੇ ਪਰਮੇਸ਼ੁਰ ਅਤੇ ਮੁਕਤੀਦਾਤਾ, ਸਾਡੀ ਸਹਾਇਤਾ ਕਰੋ।
ਸਾਡੀ ਸਹਾਇਤਾ ਕਰ। ਸਾਨੂੰ ਬਚਾਉ।
ਇਸ ਨਾਲ ਤੁਹਾਡਾ ਨਾਮ ਮਹਿਮਾਮਈ ਹੋਵੇਗਾ।
ਆਪਣੇ ਨਾਮ ਦੇ ਚੰਗੇ ਲਈ ਸਾਡੇ ਪਾਪਾਂ ਨੂੰ ਢਾਹ ਦਿਉ।
10 ਸਾਨੂੰ ਹੋਰਾਂ ਕੌਮਾਂ ਨੂੰ ਨਾ ਕਹਿਣ ਦਿਉ, “ਤੁਹਾਡਾ ਪਰਮੇਸ਼ੁਰ ਕਿੱਥੇ ਹੈ?
ਕੀ ਉਹ ਤੁਹਾਡੀ ਸਹਾਇਤਾ ਨਹੀਂ ਕਰ ਸੱਕਦਾ?”
ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਦੰਡ ਦਿਉ ਤਾਂ ਜੋ ਅਸੀਂ ਵੇਖ ਸੱਕੀਏ।
ਉਨ੍ਹਾਂ ਨੂੰ ਆਪਣੇ ਸੇਵਕਾਂ ਨੂੰ ਮਾਰਨ ਦਾ ਦੰਡ ਦਿਉ।
11 ਕਿਰਪਾ ਕਰਕੇ ਕੈਦੀਆਂ ਦੀ ਕੁਰਲਾਟ ਸੁਣੋ।
ਹੇ ਪਰਮੇਸ਼ੁਰ, ਆਪਣੀ ਮਹਾਨ ਸ਼ਕਤੀ ਦਾ ਇਸਤੇਮਾਲ ਕਰੋ ਅਤੇ ਉਨ੍ਹਾਂ ਲੋਕਾਂ ਨੂੰ ਬਚਾ ਲਵੋ ਜਿਨ੍ਹਾਂ ਨੂੰ ਮੌਤ ਦੇ ਹਵਾਲੇ ਕੀਤਾ ਗਿਆ ਹੈ।
12 ਹੇ ਪਰਮੇਸ਼ੁਰ, ਸਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਸੱਤ ਵਾਰੀ ਦੰਡ ਦਿਉ
ਜੋ ਉਨ੍ਹਾਂ ਨੇ ਸਾਡੇ ਨਾਲ ਇੱਕ ਵਾਰੀ ਕੀਤਾ ਸੀ।
ਉਨ੍ਹਾਂ ਲੋਕਾਂ ਨੂੰ ਤੁਹਾਨੂੰ ਬੇਇੱਜ਼ਤ ਕਰਨ ਦੇ ਬਦਲੇ ਦੰਡ ਦਿਉ।
13 ਅਸੀਂ ਤੁਹਾਡੇ ਬੰਦੇ ਹਾਂ।
ਅਸੀਂ ਤੁਹਾਡੇ ਇਜ਼ੜ ਦੀਆਂ ਭੇਡਾਂ ਹਾਂ।
ਅਸੀਂ ਸਦਾ ਹੀ ਤੁਹਾਡੀ ਉਸਤਤਿ ਕਰਾਂਗੇ।
ਹੇ ਪਰਮੇਸ਼ੁਰ, ਅਸੀਂ ਸਦਾ-ਸਦਾ ਹੀ ਤੁਹਾਡੀ ਉਸਤਤਿ ਕਰਾਂਗੇ।
2010 by World Bible Translation Center