Chronological
ਯੋਸੀਯਾਹ ਨੇ ਯਹੂਦਾਹ ਵਿੱਚ ਆਪਣਾ ਰਾਜ ਸ਼ੁਰੂ ਕੀਤਾ
22 ਯੋਸੀਯਾਹ ਜਦੋਂ ਰਾਜ ਕਰਨ ਲੱਗਾ ਉਹ ਸਿਰਫ਼ ਅੱਠਾਂ ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ 31ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਯਦੀਦਾਹ ਸੀ ਜੋ ਬਾਸਕਥੀ ਤੋਂ ਅਦਾਯਾਹ ਦੀ ਧੀ ਸੀ। 2 ਯੋਸੀਯਾਹ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸਨ। ਯੋਸੀਯਾਹ ਨੇ ਆਪਣੇ ਪੁਰਖੇ ਦਾਊਦ ਵਾਂਗ ਪਰਮੇਸ਼ੁਰ ਦਾ ਹੁਕਮ ਮੰਨਿਆ ਅਤੇ ਪਰਮੇਸ਼ੁਰ ਦੀ ਬਿਵਸਥਾ ਤੇ ਅਮਲ ਕੀਤਾ। ਉਸ ਨੇ ਬਿਲਕੁਲ ਪਰਮੇਸ਼ੁਰ ਦੀ ਮਰਜ਼ੀ ਦੇ ਕੰਮ ਹੀ ਕੀਤੇ।
ਯੋਸੀਯਾਹ ਨੇ ਮੰਦਰ ਦੀ ਮੁਰੰਮਤ ਕਰਵਾਈ
3 ਯੋਸੀਯਾਹ ਪਾਤਸ਼ਾਹ ਦੇ 18 ਵਰ੍ਹੇ ਪਾਤਸ਼ਾਹ ਨੇ ਮਸ਼ੁੱਲਾਮ ਦੇ ਪੋਤਰੇ ਤੇ ਅਸਲਯਾਹ ਦੇ ਪੁੱਤਰ ਸ਼ਾਫ਼ਾਨ ਜੋ ਸਕੱਤਰ ਸੀ ਨੂੰ ਯਹੋਵਾਹ ਦੇ ਮੰਦਰ ਨੂੰ ਇਹ ਆਖਕੇ ਭੇਜਿਆ, 4 “ਪਰਧਾਨ ਜਾਜਕ ਹਿਲਕੀਯਾਹ ਕੋਲ ਜਾ ਅਤੇ ਉਸ ਨੂੰ ਆਖ ਕਿ ਉਹ ਧੰਨ ਜੋ ਯਹੋਵਾਹ ਦੇ ਮੰਦਰ ਵਿੱਚ ਲਿਆਇਆ ਜਾਂਦਾ ਹੈ ਅਤੇ ਜਿਸ ਨੂੰ ਫ਼ਾਟਕ ਦੇ ਪਹਿਰੇਦਾਰਾਂ ਨੇ ਲੋਕਾਂ ਕੋਲੋਂ ਇਕੱਠਾ ਕੀਤਾ ਹੈ, ਉਸ ਨੂੰ ਗਿਣੇ। 5 ਤੇ ਉਹ ਪੈਸਾ ਉਨ੍ਹਾਂ ਮਜ਼ਦੂਰਾਂ ਦੇ ਹੱਥ ਦੇ ਦੇਣ ਜਿਹੜੇ ਯਹੋਵਾਹ ਦੇ ਮੰਦਰ ਦੀ ਮੁਰੰਮਤ ਕਰ ਰਹੇ ਹਨ। ਅਤੇ ਜਿਹੜੇ ਕਾਮੇ ਯਹੋਵਾਹ ਦੇ ਮੰਦਰ ਤੇ ਕੰਮ ਕਰਨ ਵਾਲਿਆਂ ਦੀ ਰੱਖਵਾਲੀ ਤੇ ਹਨ। 6 ਉਸ ਪੈਸੇ ਨੂੰ ਤਰਖਾਣਾਂ, ਪੱਥਰ ਦੀ ਕਟਾਈ ਤੇ ਕੁਟਾਈ ਕਰਨ ਵਾਲਿਆਂ ਨੂੰ ਦੇ ਦੇਣ। ਅਤੇ ਮੰਦਰ ਦੀ ਉਸਾਰੀ ਲਈ ਜਿਹੜੀ ਲੱਕੜ ਤੇ ਪੱਥਰ ਹੋਰ ਖਰੀਦਣ ਦੀ ਲੋੜ ਹੈ, ਉਹ ਇਸ ਧੰਨ ਵਿੱਚੋਂ ਵਰਤਿਆ ਜਾਵੇ। 7 ਪਰ ਜਿਹੜਾ ਪੈਸਾ ਉਨ੍ਹਾਂ ਕਾਮਿਆਂ ਨੂੰ ਦਿੱਤਾ ਜਾਵੇ, ਉਸਦਾ ਲੇਖਾ ਨਾ ਲਿਆ ਜਾਵੇ, ਕਿਉਂ ਕਿ ਉਹ ਭਰੋਸੇ ਯੋਗ ਮਨੁੱਖ ਹਨ।”
ਬਿਵਸਥਾ ਦੀ ਪੋਥੀ ਦਾ ਮੰਦਰ ਵਿੱਚ ਮਿਲਣਾ
8 ਤਦ ਹਿਲਕੀਯਾਹ ਪਰਧਾਨ ਜਾਜਕ ਨੇ ਸ਼ਾਫ਼ਾਨ ਜੋ ਸੱਕੱਤਰ ਸੀ ਉਸ ਨੂੰ ਕਿਹਾ, “ਵੇਖ! ਮੈਨੂੰ ਯਹੋਵਾਹ ਦੇ ਮੰਦਰ ਵਿੱਚੋਂ ਬਿਵਸਥਾ ਦੀ ਪੋਥੀ ਪ੍ਰਾਪਤ ਹੋਈ ਹੈ!” ਹਿਲਕੀਯਾਹ ਨੇ ਇਹ ਪੋਥੀ ਸ਼ਾਫ਼ਾਨ ਨੂੰ ਦਿੱਤੀ ਤਦ ਸ਼ਾਫ਼ਾਨ ਨੇ ਉਸ ਪੋਥੀ ਨੂੰ ਪੜ੍ਹਿਆ।
9 ਤਦ ਸ਼ਾਫ਼ਾਨ ਸਕੱਤਰ ਪਾਤਸ਼ਾਹ ਯੋਸੀਯਾਹ ਕੋਲ ਆਇਆ ਤੇ ਉਸ ਨੂੰ ਸਾਰੀ ਘਟਨਾ ਬਾਰੇ ਸੁਣਾਇਆ। ਸ਼ਾਫ਼ਾਨ ਨੇ ਆਖਿਆ, “ਤੇਰੇ ਸੇਵਕਾਂ ਨੇ ਮੰਦਰ ਵਿੱਚ ਜਿੰਨਾ ਵੀ ਖਜ਼ਾਨਾ ਸੀ ਉਹ ਇੱਕਤਰ ਕਰ ਲਿਆ ਹੈ ਅਤੇ ਉਨ੍ਹਾਂ ਨੇ ਇਹ ਪੈਸਾ ਜਿਹੜੇ ਕਾਮਿਆਂ ਦੀ ਨਿਗਰਾਨੀ ਕਰਦੇ ਸਨ, ਉਨ੍ਹਾਂ ਵਿੱਚ ਵੰਡ ਦਿੱਤਾ ਹੈ।” 10 ਤਦ ਸ਼ਾਫ਼ਾਨ ਨੇ ਪਾਤਸ਼ਾਹ ਨੂੰ ਦੱਸਿਆ, “ਅਤੇ ਹਿਲਕੀਯਾਹ ਜਾਜਕ ਨੇ ਇੱਕ ਪੋਥੀ ਮੈਨੂੰ ਫ਼ੜਾਈ ਹੈ।” ਤਦ ਸ਼ਾਫ਼ਾਨ ਨੇ ਇਹ ਪੋਥੀ ਪਾਤਸ਼ਾਹ ਨੂੰ ਪੜ੍ਹ ਕੇ ਸੁਣਾਈ।
11 ਜਦੋਂ ਰਾਜੇ ਨੇ ਬਿਵਸਥਾ ਦੀ ਪੋਥੀ ਦੇ ਬਚਨ ਸੁਣੇ ਤਾਂ ਉਸ ਨੇ ਇਹ ਦਰਸਾਉਣ ਲਈ ਕਿ ਉਹ ਬੜਾ ਦੁੱਖੀ ਅਤੇ ਪਰੇਸ਼ਾਨ ਹੈ, ਆਪਣੇ ਕੱਪੜੇ ਪਾੜ ਸੁੱਟੇ। 12 ਤਦ ਪਾਤਸ਼ਾਹ ਨੇ ਹਿਲਕੀਯਾਹ ਜਾਜਕ ਅਤੇ ਸ਼ਾਫ਼ਾਨ ਦੇ ਪੁੱਤਰ ਅਹੀਕਾਮ ਅਤੇ ਮੀਕਾਯਾਹ ਦੇ ਪੁੱਤਰ ਅਕਬੋਰ, ਸ਼ਾਫ਼ਾਨ ਸਕੱਤਰ, ਪਾਤਸ਼ਾਹ ਦੇ ਸੇਵਕ ਅਸਾਯਾਹ ਨੂੰ ਇਹ ਆਗਿਆ ਦਿੱਤੀ ਤੇ ਆਖਿਆ, 13 “ਜਾਓ ਅਤੇ ਜਾਕੇ ਯਹੋਵਾਹ ਨੂੰ ਪੁੱਛੋ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ? ਯਹੋਵਾਹ ਕੋਲੋਂ ਮੇਰੇ ਲਈ, ਲੋਕਾਂ ਲਈ ਅਤੇ ਸਾਰੇ ਯਹੂਦਾਹ ਲਈ ਇਹ ਪੁੱਛੋ ਕਿ ਹੁਣ ਕੀ ਕਰੀਏ? ਉਸ ਕੋਲੋਂ ਇਸ ਪੋਥੀ ਦੇ ਬਚਨਾਂ ਬਾਰੇ ਜੋ ਮੰਦਰ ਵਿੱਚੋਂ ਪ੍ਰਾਪਤ ਹੋਈ ਹੈ ਬਾਰੇ ਪੁੱਛੋ। ਯਹੋਵਾਹ ਸਾਡੇ ਤੇ ਨਾਰਾਜ਼ ਹੈ। ਕਿਉਂ ਕਿ ਸਾਡੇ ਪੁਰਖਿਆਂ ਨੇ ਇਸ ਪੋਥੀ ਦੇ ਬਚਨਾਂ ਨੂੰ ਨਹੀਂ ਮੰਨਿਆ। ਤੇ ਜਿਹੜੇ ਹੁਕਮ, ਸਾਡੇ ਵਾਸਤੇ ਜੋ ਨੇਮ ਇਸ ਪੋਥੀ ਵਿੱਚ ਲਿਖੇ ਗਏ ਸਨ, ਉਨ੍ਹਾਂ ਸਭ ਤੇ ਅਮਲ ਨਹੀਂ ਕੀਤਾ।”
ਯੋਸੀਯਾਹ ਅਤੇ ਹੁਲਦਾਹ ਨਬੀਆਂ
14 ਤਦ ਹਿਲਕੀਯਾਹ ਜਾਜਕ, ਅਹੀਕਾਮ, ਅਕਬੋਰ, ਸ਼ਾਫ਼ਾਨ ਅਤੇ ਅਸਾਯਾਹ ਹੁਲਦਾਹ ਨਬੀਆਂ ਕੋਲ ਗਏ ਉਹ ਤਿਕਵਾਹ ਦੇ ਪੁੱਤਰ ਅਤੇ ਹਰਹਸ ਦੇ ਪੋਤਰੇ ਸੱਲੁਮ ਦੀ ਪਤਨੀ ਸੀ। ਸੱਲੁਮ ਦੇ ਕੱਪੜਿਆਂ ਦੀ ਸ਼ਾਂਭ-ਸੰਭਾਲ ਕਰਦਾ ਹੁੰਦਾ ਸੀ। ਹੁਲਦਾਹ ਯਰੂਸ਼ਲਮ ਦੇ ਨਵੇਂ ਹਿੱਸੇ ਵਿੱਚ ਰਹਿੰਦੀ ਸੀ। ਉਨ੍ਹਾਂ ਨੇ ਉਸ ਨੇ ਉਸ ਕੋਲ ਜਾਕੇ ਗੱਲ ਕੀਤੀ।
15 ਤਦ ਹੁਲਦਾਹ ਨੇ ਉਨ੍ਹਾਂ ਨੂੰ ਦੱਸਿਆ, “ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਇਵੇਂ ਆਖਦਾ ਹੈ: ਤੁਸੀਂ ਉਸ ਆਦਮੀ ਨੂੰ ਜਿਸਨੇ ਤੁਹਾਨੂੰ ਮੇਰੇ ਕੋਲ ਭੇਜਿਆ ਹੈ ਕਹਿਣਾ: 16 ‘ਯਹੋਵਾਹ ਇਹ ਆਖਦਾ ਹੈ: ਵੇਖੋ! ਮੈਂ ਇਸ ਜਗ੍ਹਾ ਉੱਤੇ ਇੱਥੇ ਰਹਿੰਦੇ ਸਾਰੇ ਲੋਕਾਂ ਉੱਤੇ, ਸਾਰੇ ਕਸ਼ਟ ਲਿਆਵਾਂਗਾ ਜਿਹੜੇ ਯਹੂਦਾਹ ਦਾ ਪਾਤਸ਼ਾਹ ਨੇ ਪੜ੍ਹੇ ਸਨ। ਜੋ ਇਸ ਪੋਥੀ ਵਿੱਚ ਲਿਖੇ ਹੋਏ ਹਨ। 17 ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਮੈਨੂੰ ਛੱਡ ਦਿੱਤਾ ਅਤੇ ਹੋਰਨਾਂ ਦੇਵਤਿਆਂ ਅੱਗੇ ਧੂਪ ਧੁਖਾਕੇ ਉਨਹਾਂ ਨੇ ਮੈਨੂੰ ਕ੍ਰੋਧਿਤ ਕਰ ਦਿੱਤਾ। ਉਨ੍ਹਾਂ ਨੇ ਬਹੁਤ ਸਾਰੇ ਬੁੱਤ ਬਣਾਏ, ਇਸ ਲਈ ਮੈਂ ਇਸ ਥਾਵੇਂ ਆਪਣੀ ਕਰੋਪ ਦਰਸਾਵਾਂਗਾ ਅਤੇ ਇਹ ਤਬਾਹੀ ਦੀ ਅੱਗ ਵਰਗੀ ਹੋਵੇਗੀ ਜਿਹੜੀ ਬੁਝਾਈ ਨਹੀਂ ਜਾ ਸੱਕੇਗੀ।’
18-19 “ਯਹੂਦਾਹ ਦੇ ਪਾਤਸ਼ਾਹ ਨੂੰ ਜਿਸਨੇ ਤੁਹਾਨੂੰ ਯਹੋਵਾਹ ਕੋਲੋਂ ਪੁੱਛ-ਗਿੱਛ ਕਰਨ ਲਈ ਭੇਜਿਆ ਹੈ, ਉਸ ਨੂੰ ਜਾਕੇ ਇਹ ਆਖਣਾ: ‘ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਇਹ ਸਭ ਗੱਲਾਂ ਆਖੀਆਂ ਜੋ ਤੁਸੀਂ ਸੁਣੀਆਂ। ਤੁਸੀਂ ਉਹ ਗੱਲਾਂ ਸੁਣੀਆਂ ਜੋ ਮੈਂ ਇਸ ਜਗ੍ਹਾ ਬਾਰੇ ਅਤੇ ਇੱਥੇ ਰਹਿੰਦੇ ਲੋਕਾਂ ਬਾਰੇ ਸੁਣੀਆਂ। ਇਹ ਸੁਣਕੇ ਤੇਰਾ ਦਿਲ ਪਸੀਜਿਆ ਗਿਆ। ਤੂੰ ਦੁੱਖ ਮਹਿਸੂਸ ਕੀਤਾ ਅਤੇ ਆਪਣੇ-ਆਪ ਨੂੰ ਯਹੋਵਾਹ ਦੇ ਸਾਹਮਣੇ ਨਿਮਾਣਾ ਬਣਾਇਆ। ਜਦੋਂ ਮੈਂ ਕਿਹਾ ਯਰੂਸ਼ਲਮ ਉੱਤੇ ਅਨੇਕਾਂ ਮੁਸੀਬਤਾਂ ਆਉਣਗੀਆਂ, ਤੁਸੀਂ ਆਪਣੀ ਉਦਾਸੀ ਦਰਸਾਉਣ ਲਈ ਆਪਣੇ ਕੱਪੜੇ ਪਾੜ ਲਏ ਅਤੇ ਤੁਸੀਂ ਮੇਰੇ ਅੱਗੇ ਰੋਣ ਲੱਗ ਪਏ, ਇਸੇ ਵਾਸਤੇ ਮੈਂ ਤੁਹਾਡੀ ਪ੍ਰਾਰਥਨਾ ਸੁਣੀ।’ ਯਹੋਵਾਹ ਇਹ ਆਖਦਾ ਹੈ, 20 ‘ਇਸ ਲਈ ਵੇਖ! ਮੈਂ ਤੈਨੂੰ ਤੇਰੇ ਪੁਰਖਿਆਂ ਨਾਲ ਰਲਾਉਣ ਵਾਲਾ ਹਾਂ। ਤੂੰ ਮਰੇਂਗਾ ਅਤੇ ਆਪਣੀ ਕਬਰ ਵਿੱਚ ਸ਼ਾਂਤੀ ਨਾਲ ਰੱਖਿਆ ਜਾਵੇਂਗਾ। ਇਸ ਲਈ ਤੇਰੀਆਂ ਅੱਖਾਂ ਨੂੰ ਇਹ ਸਾਰੀ ਭੌਜੜ ਜੋ ਮੈਂ ਇਸ ਥਾਵੇਂ (ਯਰੂਸ਼ਲਮ) ਉੱਤੇ ਲਿਆਉਣ ਵਾਲਾ ਹਾਂ ਤੈਨੂੰ ਨਹੀਂ ਦੇਖਣੀ ਪਵੇਗੀ।’”
ਤਦ ਹਿਲਕੀਯਾਹ ਜਾਜਕ, ਅਹੀਕਮ, ਅਕਬੋਰ, ਸ਼ਾਫ਼ਾਨ ਅਤੇ ਅਸਾਯਾਹ ਨੇ ਇਹ ਸੁਨੇਹਾ ਪਾਤਸ਼ਾਹ ਨੂੰ ਦਿੱਤਾ।
ਲੋਕਾਂ ਨੇ ਨੇਮ ਸੁਣਿਆ
23 ਯੋਸੀਯਾਹ ਪਾਤਸ਼ਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਆਗੂਆਂ ਨੂੰ ਮਿਲਣ ਆਉਣ ਲਈ ਆਖਿਆ। 2 ਤਦ ਪਾਤਸ਼ਾਹ ਯਹੋਵਾਹ ਦੇ ਮੰਦਰ ਵਿੱਚ ਗਿਆ ਅਤੇ ਸਾਰੇ ਉਹ ਲੋਕ ਜੋ ਯਹੂਦਾਹ ਅਤੇ ਯਰੂਸ਼ਲਮ ਵਿੱਚ ਰਹਿੰਦੇ ਸਨ ਉਸ ਦੇ ਨਾਲ ਗਏ। ਸਾਰੇ ਜਾਜਕ, ਨਬੀ ਅਤੇ ਸਾਰੇ ਵੱਡੇ ਜਾਂ ਛੋਟੇ ਨਾਮਣੇ ਵਾਲੇ ਮਨੁੱਖ ਵੀ ਉਸ ਦੇ ਨਾਲ ਗਏ। ਤਦ ਉਸ ਨੇ ਬਿਵਸਥਾ ਦੀ ਪੋਥੀ ਨੂੰ ਪੜ੍ਹਿਆ। ਇਹ ਉਹ ਬਿਵਸਥਾ ਦੀ ਪੋਥੀ ਸੀ ਜੋ ਕਿ ਯਹੋਵਾਹ ਦੇ ਮੰਦਰ ਵਿੱਚੋਂ ਪ੍ਰਾਪਤ ਹੋਈ ਸੀ। ਯੋਸੀਯਾਹ ਨੇ ਉੱਚੀ ਜਗ੍ਹਾ ਇਸ ਪੋਥੀ ਨੂੰ ਪੜ੍ਹਿਆ ਤਾਂ ਜੋ ਸਾਰੇ ਇਸ ਨੂੰ ਸੁਣ ਸੱਕਣ।
3 ਫ਼ੇਰ ਪਾਤਸ਼ਾਹ ਥੰਮ ਤੋਂ ਅਗਾਂਹ ਖਲੋ ਗਿਆ ਅਤੇ ਯਹੋਵਾਹ ਦੇ ਪਿੱਛੇ ਲੱਗਣ ਅਤੇ ਉਸ ਦੇ ਅਸੂਲਾਂ, ਹੁਕਮਾਂ, ਇਕਰਾਰਨਾਮੇ ਅਤੇ ਉਸਦੀਆਂ ਬਿਧੀਆਂ ਨੂੰ ਤਹੇ ਦਿਲੋਂ ਮੰਨਣ ਦਾ ਇਕਰਾਰਨਾਮਾ ਕੀਤਾ। ਉਹ ਪੋਥੀ ਵਿੱਚਲੇ ਇਕਰਾਰਨਾਮੇ ਨੂੰ ਵੀ ਤਹੇ ਦਿਲੋਂ ਮੰਨਣ ਲਈ ਤਿਆਰ ਹੋ ਗਿਆ। ਤਾਂ ਸਾਰੇ ਲੋਕਾਂ ਨੇ ਖੜ੍ਹੇ ਹੋਕੇ ਪਾਤਸ਼ਾਹ ਦੇ ਇਕਰਾਰਨਾਮੇ ਨੂੰ ਕਬੂਲਿਆ।
4 ਤਦ ਪਾਤਸ਼ਾਹ ਨੇ ਹਿਲਕੀਯਾਹ ਜਾਜਕ ਨੂੰ, ਦੂਜੇ ਜਾਜਕਾਂ ਨੂੰ ਅਤੇ ਦਰਬਾਨਾਂ ਨੂੰ ਇਹ ਹੁਕਮ ਦਿੱਤਾ ਕਿ ਉਹ ਸਾਰੇ ਭਾਂਡੇ ਜੋ ਬਆਲ ਅਤੇ ਅਸ਼ੇਰਾਹ ਦੇਵੀ, ਅਕਾਸ਼ ਦੇ ਸਾਰੇ ਲਸ਼ਕਰ ਲਈ ਬਣਾਏ ਗਏ ਸਨ, ਯਹੋਵਾਹ ਦੇ ਮੰਦਰ ਵਿੱਚੋਂ ਬਾਹਰ ਕੱਢ ਲਿਆਉਣ। ਤਦ ਯੋਸੀਯਾਹ ਨੇ ਯਰੂਸ਼ਲਮ ਤੋਂ ਬਾਹਰ ਕਿਦਰੋਨ ਦੇ ਖੇਤਾਂ ਵਿੱਚ ਉਨ੍ਹਾਂ ਨੂੰ ਸਾੜ ਦਿੱਤਾ ਅਤੇ ਉਨ੍ਹਾਂ ਦੀ ਸੁਆਹ ਨੂੰ ਬੈਤਏਲ ਲੈ ਗਿਆ।
5 ਯਹੂਦਾਹ ਦੇ ਪਾਤਸ਼ਾਹਾਂ ਨੇ ਕੁਝ ਆਮ ਆਦਮੀਆਂ ਨੂੰ ਜਾਜਕ ਹੋਣ ਲਈ ਚੁਣਿਆ ਸੀ। ਇਹ ਆਦਮੀ ਅਰੋਨ ਦੇ ਪਰਿਵਾਰ ਵਿੱਚੋਂ ਨਹੀਂ ਸਨ। ਇਹ ਝੂਠੇ ਜਾਜਕ ਯਹੂਦਾਹ ਵਿੱਚਲੀਆਂ ਸਾਰਿਆਂ ਉੱਚੀਆਂ ਥਾਵਾਂ ਅਤੇ ਯਰੂਸ਼ਲਮ ਦੇ ਆਸ ਪਾਸ ਦੇ ਸਾਰੇ ਸ਼ਹਿਰਾਂ ਵਿੱਚ ਧੂਫ਼ ਧੁਖਾਉਂਦੇ ਸਨ। ਉਹ ਬਾਅਲ, ਸੂਰਜ, ਚੰਦ, ਤਾਰਾ ਮੰਡਲ ਅਤੇ ਸਾਰੇ ਤਾਰਿਆਂ ਲਈ ਧੂਫ਼ ਧੁਪਾਉਂਦੇ ਸਨ। ਪਰ ਯੋਸੀਯਾਹ ਨੇ ਉਨ੍ਹਾਂ ਸਭਨਾਂ ਜਾਜਕਾਂ ਨੂੰ ਹਟਾ ਦਿੱਤਾ
6 ਯੋਸੀਯਾਹ ਨੇ ਯਹੋਵਾਹ ਦੇ ਮੰਦਰ ਵਿੱਚੋਂ ਅਸ਼ੇਰਾਹ ਦਾ ਥੰਮ ਵੀ ਹਟਾ ਦਿੱਤਾ। ਅਤੇ ਇਸ ਨੂੰ ਕਿਦਰੋਨ ਵਾਦੀ ਵਿੱਚ ਬਾਹਰ ਕੱਢ ਕੇ ਸਾੜ ਦਿੱਤਾ। ਫ਼ੇਰ ਉਸ ਨੇ ਇਸ ਨੂੰ ਮਿੱਟੀ ਵਿੱਚ ਮਿੱਧ ਦਿੱਤਾ ਅਤੇ ਧੂੜ ਨੂੰ ਆਮ ਲੋਕਾਂ ਦੀਆਂ ਕਬਰਾਂ ਉੱਤੇ ਖਿਲਾਰ ਦਿੱਤਾ।
7 ਫ਼ੇਰ ਯੋਸੀਯਾਹ ਨੇ ਖੁਸਰਿਆਂ ਦੇ ਘਰ ਢਾਹ ਦਿੱਤੇ ਜੋ ਯਹੋਵਾਹ ਦੇ ਮੰਦਰ ਵਿੱਚ ਸਨ। ਔਰਤਾਂ ਵੀ ਦੇਵੀ ਅਸ਼ੇਰਾਹ ਦਾ ਆਦਰ ਕਰਨ ਲਈ ਇਨ੍ਹਾਂ ਘਰਾਂ ਵਿੱਚ ਪਾਉਣ ਲਈ ਛੋਟੇ-ਛੋਟੇ ਸ਼ਰਾਈਨ ਦੇ ਕੱਜਣ ਬੁਣਦੀਆਂ ਹੁੰਦੀਆਂ ਸਨ।
8-9 ਉਸ ਵਕਤ ਉਹ ਯਹੂਦਾਹ ਦੇ ਸ਼ਹਿਰਾਂ ਵਿੱਚੋਂ ਸਾਰੇ ਜਾਜਕਾਂ ਨੂੰ ਲਿਆਇਆ ਅਤੇ ਗ਼ਬਾ ਤੋਂ ਲੈ ਕੇ ਬਏਰਸ਼ਬਾ ਤੀਕ ਉਨ੍ਹਾਂ ਸਾਰਿਆਂ ਉੱਚੀਆਂ ਥਾਵਾਂ ਨੂੰ ਜਿੱਥੇ ਉਨ੍ਹਾਂ ਜਾਜਕਾਂ ਨੇ ਧੂਫ਼ ਧੁਖਾਈ ਸੀ, ਭਰਿਸ਼ਟ ਕਰ ਦਿੱਤਾ। ਉਸ ਨੇ ਪ੍ਰਵੇਸ਼ ਦੁਆਰ ਦੇ ਉੱਚੇ ਸਥਾਨਾਂ ਨੂੰ ਵੀ ਤੋੜ ਦਿੱਤਾ, ਜਿਹੜੇ ਯਹੋਸ਼ੂਆ ਸ਼ਹਿਰ ਦੇ ਆਗੂ ਦੇ ਫ਼ਾਟਕ ਦੇ ਖੁਲ੍ਹਣ ਤੇ ਸਨ, ਜੋ ਕਿ ਕਿਸੇ ਬੰਦੇ ਦੇ ਵੜਦਿਆਂ ਹੀ ਖੱਬੇ ਪਾਸੇ ਸੀ। ਤਦ ਵੀ ਉੱਚੀਆਂ ਥਾਵਾਂ ਦੇ ਜਾਜਕ ਯਰੂਸ਼ਲਮ ਵਿੱਚ ਯਹੋਵਾਹ ਦੀ ਜਗਵੇਦੀ ਕੋਲ ਨਾ ਆਏ, ਪਰ ਉਹ ਆਪਣੇ ਭਰਾਵਾਂ ਦਰਮਿਆਨ ਪਤੀਰੀ ਰੋਟੀ ਖਾ ਲੈਂਦੇ ਹੁੰਦੇ ਸਨ।
10 ਹਿੰਨੋਮ ਦੇ ਪੁੱਤਰ ਦੀ ਵਾਧੀ ਵਿੱਚ ਤੋਫ਼ਥ ਅਜਿਹੀ ਜਗ੍ਹਾ ਹੈ ਜਿੱਥੇ ਲੋਕ ਆਪਣੇ ਬੱਚਿਆਂ ਨੂੰ ਮਾਰਕੇ ਜਗਵੇਦੀ ਉੱਪਰ ਸਾੜਨ ਲਈ ਚੜ੍ਹਾਉਂਦੇ ਸਨ ਤਾਂ ਜੋ ਉਹ ਝੂਠੇ ਦੇਵਤੇ ਮੋਲਕ ਨੂੰ ਇਉਂ ਖੁਸ਼ ਕਰ ਸੱਕਣ। ਯੋਸੀਯਾਹ ਨੇ ਉਸ ਥਾਂ ਨੂੰ ਨਸ਼ਟ ਕਰ ਦਿੱਤਾ ਤਾਂ ਜੋ ਲੋਕ ਝੂਠੇ ਦੇਵਤੇ ਨੂੰ ਰਿਝਾਉਣ ਲਈ ਆਪਣੇ ਬੱਚਿਆਂ ਨੂੰ ਅੱਗ ਵਿੱਚ ਨਾ ਸਾੜਨ। 11 ਪਹਿਲਾਂ, ਯਹੂਦਾਹ ਦੇ ਪਾਤਸ਼ਾਹਾਂ ਨੇ ਯਹੋਵਾਹ ਦੇ ਮੰਦਰ ਦੇ ਪ੍ਰਵੇਸ਼ ਦਵਾਰ ਦੇ ਕੋਲ ਰੱਥ ਅਤੇ ਘੋੜੇ ਬੰਨੇ ਹੁੰਦੇ ਸਨ। ਇਹ ਨਾਥਾਨ-ਮਲਕ ਜੋ ਦਫ਼ਤਰੀ ਖਾਸ ਬੰਦਾ ਸੀ ਉਸ ਦੇ ਕਮਰੇ ਦੇ ਕੋਲ ਬੰਨ੍ਹੇ ਹੋਏ ਸਨ। ਇਹ ਰੱਥ ਅਤੇ ਘੋੜੇ ਸੂਰਜ ਦੇਵਤੇ ਦੇ ਸਨਮਾਨ ਲਈ ਸਨ। ਯੋਸੀਯਾਹ ਨੇ ਉੱਥੋਂ ਘੋੜਿਆਂ ਨੂੰ ਹਟਾਅ ਦਿੱਤਾ ਅਤੇ ਰੱਥਾਂ ਨੂੰ ਸਾੜ ਦਿੱਤਾ।
12 ਇਸਤੋਂ ਪਹਿਲਾਂ ਯਹੂਦਾਹ ਦੇ ਪਾਤਸਾਹ ਨੇ ਆਹਾਜ਼ ਦੇ ਭਵਨ ਦੀ ਛੱਤ ਉੱਪਰ ਜਗਵੇਦੀਆਂ ਬਣਾਈਆਂ ਹੋਈਆਂ ਸਨ। ਮਨੱਸ਼ਹ ਪਾਤਸ਼ਾਹ ਨੇ ਵੀ ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਦੋ ਜਗਵੇਦੀਆਂ ਬਣਵਾਈਆਂ ਪਰ ਯੋਸੀਯਾਹ ਪਾਤਸ਼ਾਹ ਨੇ ਉਨ੍ਹਾਂ ਸਾਰੀਆਂ ਜਗਵੇਦੀਆਂ ਨੂੰ ਢਾਹ ਸੁੱਟਿਆ ਅਤੇ ਉਨ੍ਹਾਂ ਟੁਕੜਿਆਂ ਤੇ ਮੁਲਣਾਂ ਨੂੰ ਕਿਦਰੋਨ ਦੀ ਵਾਦੀ ਵਿੱਚ ਸੁਟਵਾ ਦਿੱਤਾ।
13 ਪਹਿਲਾਂ ਸੁਲੇਮਾਨ ਪਾਤਸ਼ਾਹ ਨੇ ਵੀ ਉੱਚੀਆਂ ਥਾਵਾਂ ਬਣਵਾਈਆਂ ਸਨ ਉਹ ਉਸ ਪਹਾੜੀ ਦੇ ਦੱਖਣ ਵਾਲੇ ਪਾਸੇ ਸਨ। ਇਹ ਇਸਰਾਏਲ ਦੇ ਰਾਜੇ ਸੁਲੇਮਾਨ ਦੁਆਰਾ ਸਿਦੋਨ ਦੀ ਭਿਆਨਕ ਦੇਵੀ ਅਸ਼ਤਾਰੋਥ, ਅਤੇ ਮੋਆਬ ਦੇ ਦੇਵਤੇ ਕਮੋਸ਼ ਅਤੇ ਅਮੋਨੀਆਂ ਦੇ ਮਿਲਕੋਮ ਦੇ ਸਤਿਕਾਰ ਵਿੱਚ ਬਣਾਈਆਂ ਗਈਆਂ ਸਨ। ਤਾਂ ਜੋ ਉਹ ਉਨ੍ਹਾਂ ਦੇਵਤਿਆਂ ਦੀ ਉਪਾਸਨਾ ਤੇ ਸਨਮਾਨ ਕਰ ਸੱਕਣ। ਪਰ ਯੋਸੀਯਾਹ ਪਾਤਸ਼ਾਹ ਨੇ ਇਹ ਸਾਰੀਆਂ ਉਪਾਸਨਾ ਦੀਆਂ ਉੱਚੀਆਂ ਥਾਵਾਂ ਨੂੰ ਨਸ਼ਟ ਕਰਵਾ ਦਿੱਤਾ। 14 ਯੋਸੀਯਾਹ ਪਾਤਸ਼ਾਹ ਨੇ ਸਾਰੇ ਯਾਦਗਾਰੀ ਥੰਮਾਂ ਨੂੰ ਟੁਕੜੇ-ਟੁਕੜੇ ਕਰ ਦਿੱਤਾ ਅਤੇ ਅਸ਼ੇਰਾ ਦੇ ਥੰਮ ਨੂੰ ਵੀ ਢਾਹ ਦਿੱਤਾ ਅਤੇ ਫ਼ਿਰ ਉਸ ਨੇ ਮੁਰਦਿਆਂ ਦੀਆਂ ਹੱਡੀਆਂ ਉਨ੍ਹਾਂ ਉੱਚਿਆਂ ਥਾਵਾਂ ਤੇ ਖਿਲਾਰ ਦਿੱਤੀਆਂ।
15 ਯੋਸੀਯਾਹ ਨੇ ਉਹ ਜਗਵੇਦੀ ਤੇ ਉੱਚੀ ਥਾਂ ਜੋ ਬੈਤਏਲ ਵਿੱਚ ਸੀ ਉਹ ਵੀ ਢਾਹ ਸੁੱਟੀ। ਇਹ ਥਾਂ ਨਬਾਟ ਦੇ ਪੁੱਤਰ ਯਾਰਾਬੁਆਮ ਨੇ ਬਣਵਾਇਆ ਸੀ ਜਿਸ ਦੇ ਨਾਲ ਉਸ ਨੇ ਇਸਰਾਏਲ ਤੋਂ ਪਾਪ ਕਰਵਾਇਆ ਸੀ ਤੇ ਯੋਸੀਯਾਹ ਨੇ ਉਹ ਦੋਵੇਂ ਜਗਵੇਦੀ ਤੇ ਉੱਚਾ ਥਾਂ ਢਾਹ ਦਿੱਤਾ। ਅਤੇ ਜਗਵੇਦੀ ਦੇ ਪੱਥਰ ਦੇ ਟੁਕੜੇ-ਟੁਕੜੇ ਕਰਵਾ ਦਿੱਤੇ ਇੱਥੋਂ ਤੱਕ ਕਿ ਉਨ੍ਹਾਂ ਦਾ ਚੂਰਾ ਕਰਵਾ ਦਿੱਤਾ। ਉਸ ਨੇ ਅਸ਼ੇਰਾਹ ਦਾ ਥੰਮ ਵੀ ਸਾੜ ਦਿੱਤਾ। 16 ਯੋਸੀਯਾਹ ਨੇ ਚਾਰੋ ਪਾਸੇ ਵੇਖਿਆ ਤੇ ਪਰਬਤਾਂ ਉੱਪਰ ਦੀਆਂ ਕਬਰਾਂ ਵੱਲ ਨਿਗਾਹ ਮਾਰੀ। ਅਤੇ ਉਸ ਨੇ ਆਦਮੀਆਂ ਨੂੰ ਭੇਜਿਆ। ਉਨ੍ਹਾਂ ਆਦਮੀਆਂ ਜਿਨ੍ਹਾਂ ਨੇ ਉਨ੍ਹਾਂ ਕਬਰਾਂ ਵਿੱਚੋਂ ਹੱਡੀਆਂ ਕੱਢੀਆਂ ਅਤੇ ਯੋਸੀਯਾਹ ਉਨ੍ਹਾਂ ਨੂੰ ਜਗਵੇਦੀ ਉੱਪਰ ਸਾੜ ਦਿੱਤਾ। ਇਸ ਤਰ੍ਹਾਂ ਯੋਸੀਯਾਹ ਨੇ ਜਗਵੇਦੀ ਨੂੰ ਯਹੋਵਾਹ ਦੇ ਸੰਦੇਸ਼ ਮੁਤਾਬਕ ਭ੍ਰਸ਼ਟ ਕਰ ਦਿੱਤਾ ਜਿਸਦਾ ਪਰਮੇਸ਼ੁਰ ਦੇ ਮਨੁੱਖ ਨੇ ਐਲਾਨ ਕੀਤਾ ਸੀ। ਪਰਮੇਸ਼ੁਰ ਦੇ ਮਨੁੱਖ ਨੇ ਇਨ੍ਹਾਂ ਗੱਲਾਂ ਦਾ ਐਲਾਨ ਉਸ ਵਕਤ ਕੀਤਾ ਸੀ, ਜਦੋਂ ਯਰਾਬੁਆਮ ਜਗਵੇਦੀ ਦੇ ਪਾਸੇ ਖੜ੍ਹਾ ਸੀ।
ਤਦ ਯੋਸੀਯਾਹ ਨੇ ਚਾਰੋ ਪਾਸੇ ਵੇਖਿਆ ਅਤੇ ਪਰਮੇਸ਼ੁਰ ਦੇ ਮਨੁੱਖ (ਨਬੀ) ਦੀ ਕਬਰ ਵੇਖੀ।
17 ਯੋਸੀਯਾਹ ਨੇ ਆਖਿਆ, “ਉਹ ਯਾਦਗਾਰੀ ਚਿੰਨ੍ਹ ਜੋ ਮੈਂ ਵੇਖ ਰਿਹਾ ਹਾਂ, ਉਹ ਕੀ ਹੈ?”
ਸ਼ਹਿਰ ਦੇ ਲੋਕਾਂ ਨੇ ਉਸ ਨੂੰ ਕਿਹਾ, “ਇਹ ਯਹੂਦਾਹ ਤੋਂ ਆਏ ਪਰਮੇਸ਼ੁਰ ਦੇ ਮਨੁੱਖ (ਨਬੀ) ਦੀ ਕਬਰ ਹੈ। ਇਸ ਮਨੁੱਖ ਨੇ ਯਹੂਦਾਹ ਤੋਂ ਆਕੇ ਉਨ੍ਹਾਂ ਕੰਮਾਂ ਦਾ ਪਰਚਾਰ ਕੀਤਾ ਸੀ ਜੋ ਤੂੰ ਬੈਤਏਲ ਦੀ ਜਗਵੇਦੀ ਦੇ ਵਿਰੁੱਧ ਕੀਤੇ ਹਨ। ਉਸ ਨੇ ਇਹ ਗੱਲਾਂ ਬਹੁਤ ਸਮਾਂ ਪਹਿਲਾਂ ਹੀ ਦੱਸ ਦਿੱਤੀਆਂ ਸਨ।”
18 ਯੋਸੀਯਾਹ ਨੇ ਕਿਹਾ, “ਇਸ ਪਰਮੇਸ਼ੁਰ ਦੇ ਮਨੁੱਖ ਨੂੰ ਇੱਕਲਾ ਛੱਡ ਦਿਉ। ਇਸਦੀਆਂ ਹੱਡੀਆਂ ਇੱਥੋਂ ਨਾ ਚੁੱਕੋ ਇਸ ਨੂੰ ਵਿਸ਼ਰਾਮ ਕਰਨ ਦਿਉ।” ਤਾਂ ਉਨ੍ਹਾਂ ਨੇ ਉਸ ਮਨੁੱਖ ਦੀਆਂ ਹੱਡੀਆਂ ਉਸ ਨਬੀ ਦੀਆਂ ਹੱਡੀਆਂ ਜੋ ਸਾਮਰਿਯਾ ਵਿੱਚੋਂ ਆਇਆ ਸੀ, ਰਹਿਣ ਦਿੱਤੀਆਂ।
19 ਯੋਸੀਯਾਹ ਨੇ ਉਨ੍ਹਾਂ ਉੱਚੀਆਂ ਥਾਵਾਂ ਅਤੇ ਸਾਰੇ ਮੰਦਰਾਂ ਨੂੰ ਵੀ ਜੋ ਸਾਮਰਿਯਾ ਦੇ ਸ਼ਹਿਰਾਂ ਵਿੱਚ ਸਨ, ਜਿਨ੍ਹਾਂ ਨੂੰ ਇਸਰਾਏਲ ਦੇ ਪਾਤਸ਼ਾਹ ਨੇ ਯਹੋਵਾਹ ਦੇ ਗੁੱਸੇ ਨੂੰ ਭੜਕਾਉਣ ਲਈ ਬਣਾਇਆ ਸੀ ਢਾਹ ਦਿੱਤਾ। ਅਤੇ ਉਹ ਸਭ ਕੁਝ ਜੋ ਉਸ ਨੇ ਬੈਤਏਲ ਵਿੱਚ ਕੀਤਾ ਸੀ, ਉਸੇ ਤਰ੍ਹਾਂ ਉਨ੍ਹਾਂ ਨਾਲ ਵੀ ਕੀਤਾ।
20 ਯੋਸੀਯਾਹ ਨੇ ਸਾਮਰਿਯਾ ਦੀ ਉਚਿਆਂ ਥਾਵਾਂ ਤੇ ਜਿੰਨੇ ਵੀ ਜਾਜਕ ਸਨ, ਸਭਨਾਂ ਨੂੰ ਮਾਰ ਸੁੱਟਿਆ। ਉਸ ਨੇ ਉਨ੍ਹਾਂ ਆਦਮੀਆਂ ਦੀਆਂ ਹੱਡੀਆਂ ਨੂੰ ਜਗਵੇਦੀਆਂ ’ਚ ਸਾੜਿਆ। ਇਉਂ ਉਸ ਨੇ ਇਨ੍ਹਾਂ ਉਪਾਸਨਾ ਅਸਥਾਨਾਂ ਨੂੰ ਨਸਟ ਕੀਤਾ। ਫ਼ਿਰ ਉਹ ਯਰੂਸ਼ਲਮ ਨੂੰ ਮੁੜ ਗਿਆ।
ਯਹੂਦਾਹ ਦੇ ਲੋਕਾਂ ਨੇ ਪਸਹ ਮਨਾਇਆ
21 ਤਦ ਪਾਤਸ਼ਾਹ ਨੇ ਸਾਰੇ ਲੋਕਾਂ ਨੂੰ ਇਹ ਹੁਕਮ ਦਿੱਤਾ ਤੇ ਆਖਿਆ, “ਯਹੋਵਾਹ ਆਪਣੇ ਪਰਮੇਸ਼ੁਰ ਦੇ ਲਈ ਪਸਹ ਮਨਾਓ। ਇਹ ਉਵੇਂ ਹੀ ਮਨਾਓ ਜਿਵੇਂ ਨੇਮ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ।”
22 ਲੋਕਾਂ ਨੇ ਨਿਆਂਕਾਰ ਦੇ ਸਮੇਂ ਤੋਂ ਲੈ ਕੇ, ਜਿਸ ਨੇ ਇਸਰਾਏਲ ਨੂੰ ਇਸਦੇ ਦੁਸ਼ਮਣਾਂ ਤੋਂ ਬਚਾਇਆ ਸੀ, ਅਜਿਹਾ ਪਸਾਹ ਕਦੇ ਨਹੀਂ ਮਨਾਇਆ ਸੀ। ਜਿਵੇਂ ਹੁਣ ਮਨਾਇਆ ਗਿਆ ਸੀ । ਨਾ ਹੀ ਕਿਸੇ ਇਸਰਾਏਲ ਦੇ ਪਾਤਸ਼ਾਹ ਅਤੇ ਨਾਹੀ ਯਹੂਦਾਹ ਦੇ ਕਿਸੇ ਪਾਤਸ਼ਾਹ ਨੇ ਅਜਿਹਾ ਪਸਹ ਦਾ ਵੱਡਾ ਜਸ਼ਨ ਕਦੇ ਮਨਾਇਆ ਸੀ। 23 ਉਨ੍ਹਾਂ ਨੇ ਯੋਸੀਯਾਹ ਦੇ ਰਾਜ ਦੇ 18ਵਰ੍ਹੇ ਵਿੱਚ ਯਰੂਸ਼ਲਮ ਵਿੱਚ ਯਹੋਵਾਹ ਲਈ ਇਹ ਪਸਹ ਮਨਾਇਆ।
24 ਯੋਸੀਯਾਹ ਨੇ ਪ੍ਰੇਤ ਆਤਮਾਵਾਂ ਨਾਲ ਗੱਲ ਕਰਨ ਵਾਲੀਆਂ ਰੂਹਾਂ, ਜਾਦੂਗਰਾਂ, ਘਰੇਲੂ ਦੇਵਤਿਆਂ, ਬੁੱਤਾਂ ਅਤੇ ਹੋਰ ਅਜਿਹੀਆਂ ਸਭ ਭਿਆਨਕ ਚੀਜ਼ਾਂ, ਜਿਨ੍ਹਾਂ ਦੀ ਲੋਕ ਯਹੂਦਾਹ ਅਤੇ ਯਰੂਸ਼ਲਮ ਵਿੱਚ ਉਪਾਸਨਾ ਕਰਦੇ ਸਨ, ਨਸ਼ਟ ਕਰ ਦਿੱਤਾ। ਪਾਤਸ਼ਾਹ ਨੇ ਅਜਿਹਾ ਬਿਵਸਥਾ ਦੀ ਪੋਥੀ ਵਿੱਚ ਲਿਖੇ ਨੂੰ ਮੰਨਣ ਲਈ ਕੀਤਾ। ਜਿਹੜੀ ਹਿਲਕੀਯਾਹ ਜਾਜਕ ਨੂੰ ਯਹੋਵਾਹ ਦੇ ਮੰਦਰ ਵਿੱਚੋਂ ਲੱਭੀ ਸੀ।
25 ਯੋਸ਼ੀਯਾਹ ਵਰਗਾ ਕੋਈ ਹੋਰ ਪਾਤਸ਼ਾਹ ਨਹੀਂ ਸੀ ਉਹ ਯਹੋਵਾਹ ਵੱਲ ਪੂਰੇ ਦਿਲੋਂ, ਆਪਣੀ ਪੂਰੀ ਰੂਹ ਅਤੇ ਆਪਣੇ ਪੂਰੀ ਤਾਕਤ ਨਾਲ ਪਰਤਿਆ ਅਤੇ ਮੂਸਾ ਦੇ ਬਿਵਸਥਾ ਨਾਲ ਅਪਣੇ-ਆਪ ਨੂੰ ਇੰਝ ਬੰਨ੍ਹਿਆ ਜਿਵੇਂ ਕਿ ਕਦੇ ਵੀ ਕਿਸੇ ਹੋਰ ਰਾਜੇ ਨੇ ਨਹੀਂ ਕੀਤਾ ਸੀ। ਉਸ ਦਿਨ ਤਾਈ ਯੋਸ਼ੀਯਾਹ ਵਰਗਾ ਕੋਈ ਪਾਤਸ਼ਾਹ ਨਹੀਂ ਹੋਇਆ ਸੀ।
26 ਪਰ ਤਦ ਵੀ ਯਹੋਵਾਹ ਦੀ ਯਹੂਦਾਹ ਦੇ ਲੋਕਾਂ ਨਾਲ ਨਾਰਾਜ਼ਗੀ ਨਾ ਹਟੀ। ਯਹੋਵਾਹ ਅਜੇ ਵੀ ਉਨ੍ਹਾਂ ਤੇ ਕਰੋਧਿਤ ਸੀ ਕਿਉਂ ਕਿ ਮਨੱਸ਼ਹ ਦੇ ਭੈੜੇ ਕੰਮ ਨੇ ਉਸ ਨੂੰ ਕ੍ਰੋਧਿਤ ਕੀਤਾ ਸੀ। 27 ਯਹੋਵਾਹ ਨੇ ਆਖਿਆ, “ਮੈਂ ਇਸਰਾਏਲ ਦੇ ਲੋਕਾਂ ਨੂੰ ਉਨ੍ਹਾਂ ਦੀ ਧਰਤੀ ਛੱਡਣ ਤੇ ਮਜ਼ਬੂਰ ਕੀਤਾ ਤੇ ਇਵੇਂ ਹੀ ਮੈਂ ਯਹੂਦਾਹ ਨਾਲ ਕਰਾਂਗਾ। ਮੈਂ ਯਹੂਦਾਹ ਨੂੰ ਵੀ ਆਪਣੀਆਂ ਅੱਖਾਂ ਤੋਂ ਦੂਰ ਕਰ ਦੇਵਾਂਗਾ। ਮੈਂ ਯਰੂਸ਼ਲਮ ਨੂੰ ਵੀ ਸਵੀਕਾਰ ਨਹੀਂ ਕਰਾਂਗਾ। ਹਾਂ, ਇਹ ਠੀਕ ਹੈ ਕਿ ਮੈਂ ਉਹ ਸ਼ਹਿਰ ਚੁਣਿਆ ਸੀ। ਜਦੋਂ ਮੈਂ ਇਹ ਆਖਿਆ ਸੀ ਕਿ ਇੱਥੇ ਮੇਰਾ ਨਾਂ ਉੱਚਾ ਹੋਵੇਗਾ ਤਾਂ ‘ਮੈਂ ਯਰੂਸ਼ਲਮ ਬਾਰੇ ਹੀ ਗੱਲ ਕਰ ਰਿਹਾ ਸੀ’ ਪਰ ਹੁਣ ਮੈਂ ਹੁਣੇ ਉਸ ਮੰਦਰ ਨੂੰ ਤਬਾਹ ਕਰਾਂਗਾ ਜਿਹੜਾ ਹੁਣ ਉਸ ਥਾਵੇਂ ਹੈ।”
28 ਯੋਸੀਯਾਹ ਨੇ ਹੋਰ ਜਿਹੜੇ ਵੀ ਕਾਰਜ ਕੀਤੇ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।
ਯੋਸੀਯਾਹ ਦੀ ਮੌਤ
29 ਯੋਸੀਯਾਹ ਦੇ ਸਮੇਂ ਦੌਰਾਨ, ਮਿਸਰ ਦਾ ਪਾਤਸ਼ਾਹ ਫ਼ਿਰਊਨ ਨਕੋਹ, ਅੱਸ਼ੂਰ ਦੇ ਰਾਜੇ ਦੇ ਖਿਲਾਫ਼ ਲੜਨ ਲਈ ਫ਼ਰਾਤ ਨਦੀ ਵੱਲ ਗਿਆ। ਯੋਸੀਯਾਹ ਉੱਥੇ ਨਕੋਹ ਨੂੰ ਮਿਲਣ ਲਈ ਮਗਿੱਦੋ ਗਿਆ। ਫ਼ਿਰਊਨ ਨੇ ਯੋਸੀਯਾਹ ਨੂੰ ਵੇਖਿਆ ਤਾਂ ਉਸ ਨੂੰ ਵੱਢ ਸੁੱਟਿਆ। 30 ਯੋਸੀਯਾਹ ਦੇ ਅਫ਼ਸਰਾਂ ਨੇ ਉਸਦੀ ਲੋਥ ਨੂੰ ਰੱਥ ਵਿੱਚ ਪਾਇਆ ਤੇ ਉਸ ਨੂੰ ਮਗਿੱਦੋ ਤੋਂ ਯਰੂਸ਼ਲਮ ਵਿੱਚ ਲੈ ਆਏ। ਉਨ੍ਹਾਂ ਨੇ ਯੋਸੀਯਾਹ ਦੀ ਆਪਣੀ ਕਬਰ ਬਣਾਕੇ ਉਸ ਨੂੰ ਦਫ਼ਨਾਇਆ।
ਤਦ ਆਮ ਲੋਕਾਂ ਨੇ ਯੋਸੀਯਾਹ ਦੇ ਪੁੱਤਰ ਯਹੋਆਹਾਜ਼ ਨੂੰ ਲੈ ਕੇ ਉਸ ਨੂੰ ਮਸਹ ਕੀਤਾ ਅਤੇ ਉਸ ਦੇ ਪਿਤਾ ਦੀ ਜਗ੍ਹਾ ਉਸ ਨੂੰ ਪਾਤਸ਼ਾਹ ਬਣਾਇਆ।
ਯਹੋਆਹਾਜ਼ ਯਹੂਦਾਹ ਦਾ ਪਾਤਸ਼ਾਹ ਬਣ ਗਿਆ
31 ਯਹੋਆਹਾਜ਼ 23 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ। ਉਸ ਨੇ ਯਰੂਸ਼ਲਮ ਵਿੱਚ ਤਿੰਨ ਮਹੀਨੇ ਰਾਜ ਕੀਤਾ। ਉਸ ਦੀ ਮਾਂ ਦਾ ਨਾਂ ਹਮੂਟਲ ਸੀ, ਜੋ ਲਿਬਨਾਹ ਦੇ ਯਿਰਮਯਾਹ ਦੀ ਧੀ ਸੀ। 32 ਯਹੋਆਹਾਜ਼ ਨੇ ਯਹੋਵਾਹ ਦੇ ਕਹੇ ਮੁਤਾਬਕ ਕੰਮ ਨਾ ਕੀਤੇ। ਉਸ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ ਤੇ ਉਹ ਵੀ ਆਪਣੇ ਪੁਰਖਿਆਂ ਵਾਂਗ ਯਹੋਵਾਹ ਦੇ ਉਲਟ ਕੰਮ ਕਰਦਾ ਰਿਹਾ।
33 ਫ਼ਿਰ ਫ਼ਿਰਊਨ ਨਕੋਹ ਨੇ ਯਹੋਆਹਾਜ਼ ਨੂੰ ਰਿਬਲਾਹ ਵਿੱਚ ਜੋ ਹਮਾਥ ਦੇ ਦੇਸ਼ ਵਿੱਚ ਹੈ ਕੈਦ ਕਰ ਦਿੱਤਾ ਤਾਂ ਜੋ ਉਹ ਯਰੂਸ਼ਲਮ ਵਿੱਚ ਰਾਜ ਨਾ ਕਰ ਸੱਕੇ ਅਤੇ ਉਸ ਨੇ ਉਸ ਦੇ ਦੇਸ਼ ਉੱਪਰ 3,400 ਕਿੱਲੋ ਚਾਂਦੀ ਅਤੇ 34 ਤੌੜੇ ਸੋਨਾ ਸਜ਼ਾ ਵਜੋਂ ਦੰਡ ਲਾ ਦਿੱਤਾ।
34 ਫ਼ਿਰਊਨ ਨਕੋਹ ਨੇ ਯੋਸੀਯਾਹ ਦੇ ਪੁੱਤਰ ਅਲਯਾਕੀਮ ਨੂੰ ਉਸ ਦੇ ਪਿਤਾ ਦੀ ਥਾਵੇ ਨਵਾਂ ਪਾਤਸ਼ਾਹ ਠਹਿਰਾਇਆ। ਫ਼ਿਰਊਨ ਨਕੋਹ ਨੇ ਅਲਯਾਕੀਮ ਦਾ ਨਾਂ ਬਦਲ ਕੇ ਯਹੋਯਾਕੀਮ ਧਰ ਦਿੱਤਾ ਪਰ ਉਹ ਯਹੋਆਹਾਜ਼ ਨੂੰ ਮਿਸਰ ਵਿੱਚ ਲੈ ਗਿਆ। ਯਹੋਆਹਾਜ਼ ਮਿਸਰ ਵਿੱਚ ਹੀ ਮਰਿਆ। 35 ਯਹੋਯਾਕੀਮ ਨੇ ਚਾਂਦੀ ਤੇ ਸੋਨਾ ਫ਼ਿਰਊਨ ਨੂੰ ਦੇ ਦਿੱਤਾ। ਪਰ ਉਸ ਨੇ ਦੇਸ ਉੱਪਰ ਫ਼ਿਰਊਨ ਦੇ ਹੁਕਮ ਮੁਤਾਬਕ ਕਰ ਲਾ ਦਿੱਤਾ ਉਸ ਨੇ ਦੇਸ ਦੇ ਹਰ ਆਮ ਮਨੁੱਖ ਤੋਂ ਉਸ ਦੇ ਕਰ ਮੁਤਾਬਕ ਚਾਂਦੀ-ਸੋਨਾ ਲਿਆ ਅਤੇ ਫ਼ਿਰ ਯਹੋਯਾਕੀਮ ਨੇ ਇਹ ਪੈਸਾ ਫ਼ਿਰਊਨ ਨਕੋਹ ਨੂੰ ਸੌਂਪਿਆ।
36 ਯਹੋਯਾਕੀਮ 25ਵਰ੍ਹਿਆਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ। ਉਸ ਨੇ ਯਰੂਸ਼ਲਮ ਵਿੱਚ 11 ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਜ਼ਬੂਦਾਹ ਸੀ ਜੋ ਰੂਮਾਹ ਤੋਂ ਪਦਾਯਾਹ ਦੀ ਧੀ ਸੀ। 37 ਇਸਨੇ ਵੀ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ ਅਤੇ ਆਪਣੇ ਪੁਰਖਿਆਂ ਵਾਂਗ ਹੀ ਯਹੋਯਾਕੀਮ ਨੇ ਵੀ ਮਾੜੇ ਕੰਮ ਹੀ ਕੀਤੇ।
ਯਹੂਦਾਹ ਦਾ ਪਾਤਸ਼ਾਹ ਯੋਸੀਯਾਹ
34 ਯੋਸੀਯਾਹ ਜਦੋਂ ਪਾਤਸ਼ਾਹ ਬਣਿਆ ਉਹ ਕੁੱਲ ਅੱਠ ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ 31ਵਰ੍ਹੇ ਰਾਜ ਕੀਤਾ। 2 ਯੋਸੀਯਾਹ ਨੇ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਸਹੀ ਸਨ। ਉਸ ਦਾ ਵਿਹਾਰ ਉਸ ਦੇ ਪੁਰਖੇ ਦਾਊਦ ਵਰਗਾ ਹੀ ਸੀ, ਅਤੇ ਉਸ ਨੇ ਚੰਗੇ ਕੰਮਾਂ ਕਰਨ ਤੋਂ ਮੂੰਹ ਨਾ ਮੋੜਿਆ। 3 ਜਦੋਂ ਯੋਸੀਯਾਹ ਆਪਣੀ ਪਾਤਸ਼ਾਹੀ ਦੇ ਅੱਠਵੇਂ ਵਰ੍ਹੇ ’ਚ ਸੀ ਤਾਂ ਉਸ ਨੇ ਪਰਮੇਸ਼ੁਰ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਉਸ ਪਰਮੇਸ਼ੁਰ ਨੂੰ ਉਸ ਨੇ ਮੰਨਿਆ ਜਿਸ ਨੂੰ ਉਸ ਦੇ ਪੁਰਖਿਆਂ ਚੋ ਦਾਊਦ ਨੇ ਮੰਨਿਆ ਸੀ। ਅਤੇ ਆਪਣੇ ਰਾਜ ਦੇ 12ਵਰ੍ਹੇ ਵਿੱਚ ਯਹੂਦਾਹ ਅਤੇ ਯਰੂਸ਼ਲਮ ਨੂੰ ਜਿੱਥੇ ਉਚਿਆਂ ਥਾਵਾਂ ਅਤੇ ਟੁੰਡੇ ਦੇਵਤਿਆਂ ਨੂੰ ਘੜਿਆ ਗਿਆ ਸੀ ਅਤੇ ਢਾਲੇ ਹੋਏ ਬੁੱਤਾਂ ਨੂੰ ਸਾਜਿਆ ਗਿਆ ਸੀ, ਇਨ੍ਹਾਂ ਸਭਨਾਂ ਦਾ ਉਸ ਨੇ ਸਫ਼ਾਇਆ ਕਰ ਦਿੱਤਾ। 4 ਲੋਕਾਂ ਨੇ ਉੱਥੋਂ ਬਆਲਾਂ ਦੀਆਂ ਜਗਵੇਦੀਆਂ ਨੂੰ ਢਾਹ ਦਿੱਤਾ। ਇਹ ਢਾਹ-ਢੁਹਾਈ ਉਨ੍ਹਾਂ ਯੋਸੀਯਾਹ ਦੇ ਸਾਹਮਣੇ ਕੀਤੀ। ਫ਼ੇਰ ਉਸ ਨੇ ਧੂਪ ਦੀਆਂ ਉਹ ਜਗਵੇਦੀਆਂ ਢਾਹ ਦਿੱਤੀਆਂ, ਜੋ ਲੋਕਾਂ ਦੇ ਉੱਪਰ ਉੱਚੀਆਂ ਖਲੋਤੀਆਂ ਸਨ। ਉਸ ਨੇ ਘੜੇ ਹੋਏ ਬੁੱਤਾਂ ਅਤੇ ਢਾਲੇ ਹੋਏ ਬੁੱਤਾਂ ਨੂੰ ਢਾਹ ਦਿੱਤਾ। ਉਸ ਨੇ ਉਨ੍ਹਾਂ ਬੁੱਤਾਂ ਦਾ ਚੂਰਾ ਬਣਾ ਦਿੱਤਾ। ਫ਼ੇਰ ਯੋਸੀਯਾਹ ਨੇ ਉਸ ਚੂਰੇ ਨੂੰ ਉਨ੍ਹਾਂ ਲੋਕਾਂ ਦੀਆਂ ਕਬਰਾਂ ਤੇ ਛਿੜਕ ਦਿੱਤਾ ਜਿਨ੍ਹਾਂ ਨੇ ਬਆਲ ਦੇਵਤਿਆਂ ਨੂੰ ਬਲੀਆਂ ਚੜ੍ਹਾਈਆਂ ਸਨ। 5 ਯੋਸੀਯਾਹ ਨੇ ਉਨ੍ਹਾਂ ਜਾਜਕਾਂ ਦੀਆਂ ਹੱਡੀਆਂ ਨੂੰ ਵੀ ਸਾੜ ਦਿੱਤਾ ਜਿਨ੍ਹਾਂ ਨੇ ਆਪਣੀ ਜਗਵੇਦੀ ਉੱਪਰ ਬਆਲ ਦੇਵਤਿਆਂ ਦੀ ਸੇਵਾ ਕੀਤੀ। ਇਉਂ ਯੋਸੀਯਾਹ ਨੇ ਯਹੂਦਾਹ ਅਤੇ ਯਰੂਸਲਮ ਵਿੱਚੋਂ ਮੂਰਤੀ ਉਪਾਸਨਾ ਦਾ ਖਾਤਮਾ ਕੀਤਾ। 6 ਯੋਸੀਯਾਹ ਨੇ ਮਨੱਸ਼ਹ, ਅਫ਼ਰਾਈਮ ਅਤੇ ਸ਼ਿਮਓਨ ਦੇ ਸ਼ਹਿਰਾਂ ਵਿੱਚ ਅਤੇ ਨਫ਼ਤਾਲੀ ਅਤੇ ਉਨ੍ਹਾਂ ਦੇ ਦੁਆਲੇ ਦਿਆਂ ਉਜਾੜਾਂ ਵਿੱਚ ਵੀ ਅਜਿਹਾ ਹੀ ਕੀਤਾ। 7 ਯੋਸੀਯਾਹ ਨੇ ਜਗਵੇਦੀਆਂ ਅਤੇ ਅਸੇਰਾਹ ਦੇ ਥੰਮਾਂ ਨੂੰ ਢਾਹ ਦਿੱਤਾ। ਉਸ ਨੇ ਬੁੱਤਾਂ ਦਾ ਚੂਰਾ ਕਰ ਦਿੱਤਾ। ਉਸ ਨੇ ਇਸਰਾਏਲ ਦੇ ਦੇਸ਼ ਵਿੱਚ ਬਆਲ ਦੀ ਉਪਾਸਨਾ ਕਰਨ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਧੂਪ ਦੀਆਂ ਜਗਵੇਦੀਆਂ ਢਾਹ ਦਿੱਤੀਆਂ। ਫ਼ੇਰ ਉਹ ਯਰੂਸ਼ਲਮ ਨੂੰ ਵਾਪਸ ਪਰਤਿਆ।
8 ਆਪਣੀ ਪਾਤਸ਼ਾਹੀ ਦੇ ਅੱਠਾਰ੍ਹਵੇਂ ਵਰ੍ਹੇ ਜਦੋਂ ਉਹ ਦੇਸ ਅਤੇ ਮੰਦਰ ਨੂੰ ਸਾਫ਼ ਕਰ ਚੁੱਕਿਆ ਤਾਂ ਉਸ ਨੇ ਅਸਲਯਾਹ ਦੇ ਪੁੱਤਰ ਸ਼ਾਫ਼ਾਨ ਨੂੰ ਸ਼ਹਿਰ ਦੇ ਸਰਦਾਰ ਮਅਸੇਯਾਹ ਅਤੇ ਯੋਆਹਾਜ਼ ਦੇ ਪੁੱਤਰ ਯੋਆਹ ਲਿਖਾਰੀ ਕੋਲ ਭੇਜਿਆ ਜੋ ਸਾਰੀਆਂ ਘਟਨਾਵਾਂ ਬਾਰੇ ਲਿਖਦਾ ਹੁੰਦਾ ਸੀ ਕਿ ਯਹੋਵਾਹ ਉਸ ਦੇ ਪਰਮੇਸ਼ੁਰ ਦੇ ਮੰਦਰ ਦੀ ਮੁਰੰਮਤ ਕਰਵਾਉਣ।
9 ਤਦ ਉਹ ਹਿਲਕੀਯਾਹ ਪ੍ਰਧਾਨ ਜਾਜਕ ਕੋਲ ਗਏ। ਉਨ੍ਹਾਂ ਨੇ ਉਸ ਨੂੰ ਉਹ ਦੌਲਤ ਦਿੱਤੀ ਜਿਹੜੀ ਲੋਕਾਂ ਨੇ ਯਹੋਵਾਹ ਦੇ ਮੰਦਰ ਲਈ ਦਿੱਤੀ ਸੀ। ਦਰਬਾਨ ਲੇਵੀਆਂ ਨੇ ਮਨੱਸ਼ਹ ਅਤੇ ਅਫ਼ਰਾਈਮ ਦੇ ਹੱਥੋਂ ਅਤੇ ਬਾਕੀ ਦੇ ਬਚੇ ਹੋਏ ਇਸਰਾਏਲੀਆਂ ਕੋਲੋਂ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਅਤੇ ਯਰੂਸ਼ਲਮ ਦੇ ਵਾਸੀਆਂ ਕੋਲੋਂ ਇਕੱਠੀ ਕੀਤੀ ਸੀ, ਉਸ ਨੂੰ ਦੇ ਦਿੱਤੀ। 10 ਤਦ ਲੇਵੀਆਂ ਨੇ ਉਨ੍ਹਾਂ ਕਰਿੰਦਿਆਂ ਨੂੰ ਮਾਲ ਅਤੇ ਧੰਨ ਰਾਸ਼ੀ ਦਿੱਤੀ ਜਿਹੜੇ ਯਹੋਵਾਹ ਦੇ ਮੰਦਰ ਦੀ ਦੇਖ-ਰੇਖ ਕਰ ਰਹੇ ਸਨ। ਅਤੇ ਦੇਖ-ਰੇਖ ਕਰਨ ਵਾਲਿਆਂ ਨੇ ਉਨ੍ਹਾਂ ਕਰੰਦਿਆਂ ਨੂੰ ਧਨ-ਰਾਸ਼ੀ ਦਿੱਤੀ ਜਿਹੜੇ ਯਹੋਵਾਹ ਦੇ ਮੰਦਰ ਦੀ ਮੁਰੰਮਤ ਕਰ ਰਹੇ ਸਨ। 11-12 ਇਸ ਤੋਂ ਇਲਾਵਾ, ਤਰਖਾਣਾਂ ਅਤੇ ਰਾਜਾਂ ਨੂੰ ਧੰਨ ਦਿੱਤਾ ਗਿਆ ਤਾਂ ਜੋ ਉਹ ਪੱਥਰ ਅਤੇ ਲੱਕੜ ਖਰੀਦ ਸੱਕਣ, ਜਿਹੜੀ ਕਿ ਇਮਾਰਤ ਨੂੰ ਫਿਰ ਤੋਂ ਬਨਾਉਣ ਲਈ ਲੋੜੀਂਦੀ ਸੀ। ਉਨ੍ਹਾਂ ਨੂੰ ਮੰਦਰ ਦੇ ਉਨ੍ਹਾਂ ਘਰਾਂ ਲਈ ਵੀ ਰਕਮ ਦਿੱਤੀ ਸੀ ਜਿਨ੍ਹਾਂ ਨੂੰ ਯਹੂਦਾਹ ਦੇ ਪਾਤਸ਼ਾਹਾਂ ਨੇ ਉਨ੍ਹਾਂ ਦੀ ਅਣਗਿਹਲੀ ਕਾਰਣ ਢਹਿ ਲੈਣ ਦਿੱਤਾ ਸੀ। ਉਨ੍ਹਾਂ ਨੂੰ ਇਨ੍ਹਾਂ ਘਰਾਂ ਲਈ ਸ਼ਤੀਰਾਂ ਬਨਾਉਣ ਲਈ ਕਿਹਾ ਗਿਆ ਸੀ। ਮਰਾਰੀ ਦੇ ਘਰਾਣੇ ਵਿੱਚੋਂ ਯਹਤ ਅਤੇ ਓਬਦਯਾਹ ਨੇ ਅਤੇ ਕੋਹਾਥੀਆਂ ਦੇ ਘਰਾਣੇ ਵਿੱਚੋਂ ਜ਼ਕਰਯਾਹ ਅਤੇ ਮਸ਼ੁੱਲਮ ਨੇ ਲੇਵੀਆਂ ਅਤੇ ਉਨ੍ਹਾਂ ਸਾਰਿਆਂ ਦੀ ਨਿਗਰਾਨੀ ਕੀਤੀ ਜਿਹੜੇ ਸੰਗੀਤਕ ਸਾਜਾਂ ਦੇ ਮਾਹਰ ਸਨ। 13 ਲੇਵੀ ਮਜਦੂਰਾਂ ਦੇ ਇੰਚਾਰਜ ਸਨ ਅਤੇ ਸਾਰੇ ਕਾਮਿਆਂ ਦੀ ਉਨ੍ਹਾਂ ਦੇ ਵੱਖੋ-ਵੱਖ ਕੰਮਾਂ ਵਿੱਚ ਅਗਵਾਈ ਕੀਤੀ। ਕੁਝ ਲੇਵੀਆਂ ਨੇ ਮੁਨਸ਼ੀਆਂ, ਅਫ਼ਸਰਾਂ ਅਤੇ ਦਰਬਾਨਾਂ ਆਦਿ ਦਾ ਕਾਰਜ ਵੀ ਸੰਭਾਲਿਆ।
ਬਿਵਸਥਾ ਦੀ ਪੋਥੀ ਦਾ ਲੱਭਣਾ
14 ਜਦ ਉਹ ਦੌਲਤ ਜੋ, ਯਹੋਵਾਹ ਦੇ ਮੰਦਰ ਵਿੱਚ ਲਿਆਂਦੀ ਗਈ ਸੀ, ਬਾਹਰ ਕੱਢ ਰਹੇ ਸਨ ਤਦ ਹਿਲਕੀਯਾਹ ਜਾਜਕ ਨੂੰ ਯਹੋਵਾਹ ਦੀ ਬਿਵਸਥਾ ਦੀ ਪੋਥੀ ਜਿਹੜੀ ਕਿ ਮੂਸਾ ਦੇ ਰਾਹੀਂ ਦਿੱਤੀ ਗਈ ਸੀ, ਲੱਭੀ। 15 ਤਦ ਹਿਲਕੀਯਾਹ ਨੇ ਸ਼ਾਫ਼ਾਨ ਮੁਨਸ਼ੀ ਨੂੰ ਆਖਿਆ, “ਮੈਨੂੰ ਯਹੋਵਾਹ ਦੇ ਭਵਨ ਵਿੱਚੋਂ ਬਿਵਸਥਾ ਦੀ ਪੋਥੀ ਲੱਭੀ ਹੈ!” ਹਿਲਕੀਯਾਹ ਨੇ ਇਹ ਪੋਥੀ ਸ਼ਾਫ਼ਾਨ ਨੂੰ ਦੇ ਦਿੱਤੀ। 16 ਸ਼ਾਫ਼ਾਨ ਇਹ ਪੋਥੀ ਪਾਤਸ਼ਾਹ ਯੋਸੀਯਾਹ ਕੋਲ ਲੈ ਕੇ ਆਇਆ ਅਤੇ ਉਸ ਨੇ ਪਾਤਸ਼ਾਹ ਨੂੰ ਕਿਹਾ, “ਤੁਹਾਡੇ ਸੇਵਕ ਜਿਵੇਂ ਜੋ ਜੋ ਤੁਸੀਂ ਹੁਕਮ ਦਿੱਤਾ ਸੀ ਤਿਵੇਂ ਕਰ ਰਹੇ ਹਨ। 17 ਉਹ ਦੌਲਤ ਜਿਹੜੀ ਯਹੋਵਾਹ ਦੇ ਮੰਦਰ ਵਿੱਚੋਂ ਮਿਲੀ ਉਸ ਨੂੰ ਦੇਖ ਭਾਲ ਕਰਨ ਵਾਲਿਆਂ ਨੂੰ ਅਤੇ ਕਰਿੰਦਿਆਂ ਨੂੰ ਦੇ ਦਿੱਤੀ।” 18 ਤਦ ਸ਼ਾਫ਼ਾਨ ਨੇ ਪਾਤਸ਼ਾਹ ਨੂੰ ਕਿਹਾ, “ਹਿਲਕੀਯਾਹ ਜਾਜਕ ਨੇ ਮੈਨੂੰ ਪੋਥੀ ਸੌਂਪੀ ਹੈ।” ਤਦ ਸ਼ਾਫ਼ਾਨ ਨੇ ਉਹ ਪੋਥੀ ਯੋਸੀਯਾਹ ਪਾਤਸ਼ਾਹ ਦੇ ਸਾਹਮਣੇ ਖੜ੍ਹ ਕੇ ਪੜ੍ਹ ਕੇ ਸੁਣਾਈ। 19 ਜਦੋਂ ਯੋਸੀਯਾਹ ਪਾਤਸ਼ਾਹ ਨੇ ਬਿਵਸਥਾ ਦੇ ਵਾਕ ਸੁਣੇ ਤਾਂ ਉਸ ਨੇ ਆਪਣੇ ਵਸਤਰ ਫ਼ਾੜ ਲਏ। 20 ਤਾਂ ਪਾਤਸ਼ਾਹ ਨੇ ਹਿਲਕੀਯਾਹ ਨੂੰ, ਸ਼ਾਫ਼ਾਨ ਦੇ ਪੁੱਤਰ ਅਹੀਕਾਮ ਮੀਕਹ ਦੇ ਪੁੱਤਰ ਅਬਦੋਨ, ਸ਼ਾਫ਼ਾਨ ਮੁਨਸ਼ੀ ਨੂੰ ਅਤੇ ਅਸਾਯਾਹ ਸੇਵਕ ਨੂੰ ਹੁਕਮ ਦਿੱਤਾ। 21 ਪਾਤਸ਼ਾਹ ਨੇ ਆਖਿਆ, “ਜਾਓ ਅਤੇ ਮੇਰੇ ਵੱਲੋਂ ਅਤੇ ਉਨ੍ਹਾਂ ਲੋਕਾਂ ਵੱਲੋਂ ਜਿਹੜੇ ਇਸਰਾਏਲ ਅਤੇ ਯਹੂਦਾਹ ਵਿੱਚ ਬਾਕੀ ਹਨ, ਇਸ ਪੋਥੀ ਦੀਆਂ ਗੱਲਾਂ ਦੇ ਬਾਰੇ, ਜੋ ਲੱਭੀ ਹੈ, ਯਹੋਵਾਹ ਤੋਂ ਪੁੱਛ ਗਿੱਛ ਕਰੋ ਕਿਉਂ ਕਿ ਯਹੋਵਾਹ ਦੀ ਭਾਰੀ ਕਰੋਪੀ ਸਾਡੇ ਉੱਪਰ ਹੋਈ ਹੈ ਕਿਉਂ ਜੋ ਸਾਡੇ ਵੱਡੇਰਿਆਂ ਨੇ ਯਹੋਵਾਹ ਦੇ ਬਚਨਾਂ ਦਾ ਪਾਲਨ ਨਹੀਂ ਕੀਤਾ। ਸਾਡੇ ਪੁਰਖਿਆਂ ਨੇ, ਜਿਵੇਂ ਇਸ ਪੋਥੀ ਵਿੱਚ ਹੁਕਮ ਸੀ ਕਰਨ ਦਾ ਉਵੇਂ ਨਹੀਂ ਕੀਤਾ।”
22 ਤਾਂ ਹਿਲਕੀਯਾਹ ਅਤੇ ਪਾਤਸ਼ਾਹ ਦੇ ਸੇਵਕ ਹੁਲਦਾਹ ਨਬੀਆਂ ਕੋਲ ਗਏ। ਹੁਲਦਾਹ ਸ਼ੱਲੁਮ ਦੀ ਪਤਨੀ ਸੀ ਜੋ ਕਿ ਤਾਕਹਥ ਦਾ ਪੁੱਤਰ ਸੀ। ਤਾਕਹਥ ਹਸਰਾਹ ਦਾ ਪੁੱਤਰ ਸੀ। ਹਸਰਾਹ ਪਾਤਸ਼ਾਹ ਦੇ ਤੋਸ਼ੇ ਖਾਨੇ ਦਾ ਰੱਖਵਾਲਾ ਸੀ। ਹੁਲਦਾਹ ਯਰੂਸ਼ਲਮ ਦੇ ਨਵੇਂ ਮੁਹੱਲੇ ਵਿੱਚ ਰਹਿੰਦੀ ਸੀ। ਹਿਲਕੀਯਾਹ ਅਤੇ ਪਾਤਸ਼ਾਹ ਦੇ ਸੇਵਕਾਂ ਨੇ ਇਹ ਸਾਰੀ ਗੱਲ ਹੁਲਦਾਹ ਨੂੰ ਜਾਕੇ ਸੁਣਾਈ। 23 ਹੁਲਦਾਹ ਨੇ ਉਨ੍ਹਾਂ ਨੂੰ ਕਿਹਾ, “ਯੋਸੀਯਾਹ ਪਾਤਸ਼ਾਹ ਨੂੰ ਜਾਕੇ ਕਹਿਣਾ ਕਿ ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਇਹ ਆਖਦਾ ਹੈ: 24 ‘ਮੈਂ ਇਸ ਥਾਂ ਅਤੇ ਇੱਥੋਂ ਦੇ ਵਾਸੀਆਂ ਉੱਪਰ ਕਰੋਪੀ ਲਿਆਉਣ ਵਾਲਾ ਹਾਂ। ਜੋ ਕੁਝ ਵੀ ਪਾਤਸ਼ਾਹ ਦੇ ਸਾਹਮਣੇ ਗੱਲਾਂ ਪੜ੍ਹਕੇ ਸੁਣਾਈਆਂ ਗਈਆਂ ਹਨ, ਜੋ ਇਸ ਪੋਥੀ ਵਿੱਚ ਲਿਖੀਆਂ ਹਨ, ਇਹ ਸਭ ਕੁਝ ਇੱਥੇ ਵਾਪਰੇਗਾ। 25 ਅਜਿਹਾ ਇਸ ਲਈ ਹੋਵੇਗਾ ਕਿਉਂ ਕਿ ਲੋਕਾਂ ਨੇ ਮੈਨੂੰ ਛੱਡ ਕੇ ਝੂਠੇ ਦੇਵਤਿਆਂ ਅੱਗੇ ਧੂਪ ਧੁਖਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਲੋਕਾਂ ਨੇ ਸਭ ਬੁਰਿਆਈਆਂ ਕਰਕੇ ਮੈਨੂੰ ਕਰੋਧ ਚੜ੍ਹਾਇਆ ਹੈ, ਇਸ ਲਈ ਇਸ ਥਾਵੇਂ ਮੈਂ ਆਪਣੀ ਕਰੋਪੀ ਵਰਸਾਵਾਂਗਾ ਜੋ ਕਿ ਬਲਦੀ ਅੱਗ ਵਾਂਗ ਹੁਣ ਬੁਝਣ ਵਾਲਾ ਨਹੀਂ।’
26 “ਪਰ ਯਹੂਦਾਹ ਦੇ ਪਾਤਸ਼ਾਹ ਯੋਸੀਯਾਹ ਨੂੰ ਜਿਸਨੇ ਤੁਹਾਨੂੰ ਯਹੋਵਾਹ ਕੋਲੋਂ ਪੁੱਛ-ਗਿੱਛ ਕਰਨ ਲਈ ਭੇਜਿਆ ਹੈ ਜਾ ਕੇ ‘ਇਉਂ ਆਖਣਾ ਕਿ ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਇਵੇਂ ਫ਼ਰਮਾਉਂਦਾ ਹੈ ਕਿ ਉਨ੍ਹਾਂ ਗੱਲਾਂ ਦੇ ਬਾਰੇ ਜੋ ਤੂੰ ਸੁਣੀਆਂ ਹਨ: 27 ਯੋਸੀਯਾਹ ਤੂੰ ਪਰਾਸਚਿਤ ਕਰਕੇ ਆਪਣੇ-ਆਪ ਨੂੰ ਨਿਮ੍ਰ ਬਣਾਇਆ ਅਤੇ ਆਪਣੇ ਵਸਤਰ ਵੀ ਪਾੜ ਲਏ ਲਏ ਆਪਣੀ ਸ਼ਰਮਸਾਰੀ ਕਾਰਣ ਤੂੰ ਮੇਰੇ ਅੱਗੇ ਮਿੰਨਤ ਅਤੇ ਬੇਨਤੀ ਕੀਤੀ। ਤੂੰ ਮੇਰੇ ਅੱਗੇ ਰੋਇਆ ਅਤੇ ਮੈਂ ਤੇਰੇ ਸ਼ਬਦਾਂ ਨੂੰ ਵੀ ਸੁਣਿਆ ਹੈ, ਯਹੋਵਾਹ ਆਖਦਾ ਹੈ। 28 ਮੈਂ ਤੈਨੂੰ ਤੇਰੇ ਪੁਰਖਿਆਂ ਨਾਲ ਮਿਲਾਵਾਂਗਾ ਪਰ ਤੂੰ ਆਪਣੀ ਕਬਰ ਵਿੱਚ ਸ਼ਾਂਤੀ ਨਾਲ ਜਾਵੇਂਗਾ। ਜੋ ਵੀ ਕਰੋਪੀ ਮੈਂ ਇਸ ਥਾਂ ਤੇ ਅਤੇ ਇਨ੍ਹਾਂ ਲੋਕਾਂ ਉੱਪਰ ਲਿਆਵਾਂਗਾ, ਤੈਨੂੰ ਉਹ ਨਹੀਂ ਵੇਖਣੀ-ਭੋਗਣੀ ਪਵੇਗੀ, ਕਿਉਂ ਕਿ ਤੂੰ ਮੇਰੇ ਅਧੀਨ ਹੋਇਆ ਹੈਂ!’” ਹਿਲਕੀਯਾਹ ਅਤੇ ਪਾਤਸ਼ਾਹ ਦੇ ਸੇਵਕ ਇਹ ਸੁਨੇਹਾ ਲੈ ਕੇ ਪਾਤਸ਼ਾਹ ਯੋਸੀਯਾਹ ਕੋਲ ਵਾਪਸ ਆਏ।
29 ਤਦ ਪਾਤਸ਼ਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਬਜ਼ੁਰਗਾਂ ਦੀ ਇੱਕ ਸਭਾ ਆਪਣੇ ਕੋਲ ਬੁਲਾਈ। 30 ਪਾਤਸ਼ਾਹ ਯਹੋਵਾਹ ਦੇ ਮੰਦਰ ਗਿਆ। ਪਾਤਸ਼ਾਹ ਦੇ ਨਾਲ ਸਾਰੇ ਯਹੂਦਾਹ ਦੇ ਲੋਕ, ਯਰੂਸ਼ਲਮ ਵਿੱਚ ਰਹਿੰਦੇ ਲੋਕ, ਜਾਜਕ ਲੇਵੀ ਅਤੇ ਖਾਸ ਅਤੇ ਆਮ ਲੋਕ ਸਭ ਗਏ। ਯੋਸੀਯਾਹ ਨੇ ਬਿਵਸਥਾ ਦੀ ਪੋਥੀ ਦੇ ਬਚਨ ਉਨ੍ਹਾਂ ਅੱਗੇ ਪੜ੍ਹਕੇ ਸੁਣਾਏ, ਜਿਹੜੀ ਕਿ ਯਹੋਵਾਹ ਦੇ ਮੰਦਰ ਵਿੱਚੋਂ ਲੱਭੀ ਸੀ। 31 ਤਦ ਪਾਤਸ਼ਾਹ ਆਪਣੀ ਥਾਂ ਤੇ ਖੜ੍ਹਾ ਹੋਇਆ ਅਤੇ ਉਸ ਨੇ ਯਹੋਵਾਹ ਦੇ ਨਾਲ ਇੱਕ ਇਕਰਾਰਨਾਮਾ ਬੰਨ੍ਹਿਆ। ਉਸ ਨੇ ਇਹ ਨੇਮ ਕੀਤਾ ਕਿ ਅਸੀਂ ਯਹੋਵਾਹ ਦੇ ਕਹੇ ਅਨੁਸਾਰ ਤੁਰਾਂਗੇ ਅਤੇ ਉਸ ਦੇ ਹੁਕਮ ਉਸਦੀਆਂ ਸਿੱਖਿਆਵਾਂ ਅਤੇ ਉਸ ਦੀਆਂ ਬਿਧੀਆਂ ਦੀਆਂ ਆਪਣੇ ਤਨ-ਮਨ ਨਾਲ ਪਾਲਨਾ ਕਰਾਂਗੇ। ਉਸ ਬਿਵਸਥਾ ਦੀ ਪੋਥੀ ਦੀਆਂ ਗੱਲਾਂ ਨੂੰ ਤਹਿ ਦਿਲੋਂ ਮੰਨ ਕੇ ਉਸ ਉੱਪਰ ਪੂਰਨੇ ਪਾਵਾਂਗੇ। 32 ਤਦ ਪਾਤਸ਼ਾਹ ਨੇ ਉਨ੍ਹਾਂ ਸਾਰਿਆਂ ਕੋਲੋਂ ਜਿਹੜੇ ਯਰੂਸ਼ਲਮ ਅਤੇ ਬਿਨਯਾਮੀਨ ਵਿੱਚ ਸਨ ਉਨ੍ਹਾਂ ਨੂੰ ਇਸ ਨੇਮ ਨੂੰ ਮੰਨਣ ਦਾ ਬਚਨ ਲਿਆ। ਯਰੂਸ਼ਲਮ ਦੇ ਲੋਕਾਂ ਨੇ ਪਰਮੇਸ਼ੁਰ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੇ ਇਕਰਾਰਨਾਮੇ ਅਨੁਸਾਰ ਕੰਮ ਕੀਤਾ। 33 ਇਸਰਾਏਲ ਦੇ ਲੋਕਾਂ ਨੇ ਜੋ ਵੱਖ-ਵੱਖ ਧਰਤੀਆਂ ਦੇ ਦੇਵਤਿਆਂ ਦੀਆਂ ਮੂਰਤਾਂ ਇਕੱਠੀਆਂ ਕੀਤੀਆਂ ਹੋਈਆਂ ਸਨ, ਯੋਸੀਯਾਹ ਨੇ ਉਨ੍ਹਾਂ ਸਭਨਾਂ ਨੂੰ ਨਸ਼ਟ ਕਰ ਦਿੱਤਾ ਅਤੇ ਇਸਰਾਏਲੀਆਂ ਨੂੰ ਆਪਣੇ ਯਹੋਵਾਹ ਪਰਮੇਸ਼ੁਰ ਦੀ ਸੇਵਾ ਵਿੱਚ ਲਾ ਦਿੱਤਾ। ਫ਼ਿਰ ਜਦੋਂ ਤੀਕ ਯੋਸੀਯਾਹ ਜਿੰਦਾ ਰਿਹਾ, ਲੋਕ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਸੇਵਾ ਵਿੱਚ ਲੱਗੇ ਰਹੇ।
ਯੋਸੀਯਾਹ ਦਾ ਪਸਹ ਦਾ ਮਨਾਉਣਾ
35 ਯੋਸੀਯਾਹ ਨੇ ਯਰੂਸ਼ਲਮ ਵਿੱਚ ਯਹੋਵਾਹ ਲਈ ਪਸਹ ਕੀਤੀ। ਉਨ੍ਹਾਂ ਨੇ ਪਹਿਲੇ ਮਹੀਨੇ ਦੀ 14ਤਰੀਕ ਨੂੰ ਪਸਹ ਦਾ ਲੇਲਾ ਵੱਢਿਆ। 2 ਪਾਤਸ਼ਾਹ ਨੇ ਜਾਜਕਾਂ ਨੂੰ ਉਨ੍ਹਾਂ ਦੀ ਜੁੰਮੇਵਾਰੀ ਉੱਪਰ ਖੜ੍ਹਾ ਕੀਤਾ। ਉਸ ਨੇ ਜਾਜਕਾਂ ਨੂੰ ਜਦੋਂ ਉਹ ਯਹੋਵਾਹ ਦੇ ਮੰਦਰ ਵਿੱਚ ਸੇਵਾ ਕਰ ਰਹੇ ਸਨ, ਉਤਸਾਹਿਤ ਕੀਤਾ। 3 ਯੋਸੀਯਾਹ ਨੇ ਲੇਵੀਆਂ ਨੂੰ ਜਿਹੜੇ ਕਿ ਯਹੋਵਾਹ ਲਈ ਪਵਿੱਤਰ ਹੋ ਕੇ ਸਾਰੇ ਇਸਰਾਏਲ ਨੂੰ ਸਿੱਖਿਆ ਦਿੰਦੇ ਸਨ ਕਿਹਾ: “ਪਵਿੱਤਰ ਸੰਦੂਕ ਨੂੰ ਉਸ ਮੰਦਰ ਵਿੱਚ ਜਿਸ ਨੂੰ ਦਾਊਦ ਦੇ ਪੁੱਤਰ ਸੁਲੇਮਾਨ, ਇਸਰਾਏਲ ਦੇ ਪਾਤਸ਼ਾਹ ਨੇ ਬਣਾਇਆ ਹੈ ਰੱਖੋਂਗੇ ਤਾਂ ਅਗਾਂਹ ਨੂੰ ਤੁਹਾਡੇ ਮੋਢਿਆਂ ਉੱਪਰ ਕੋਈ ਭਾਰ ਨਹੀਂ ਹੋਵੇਗਾ। ਇਸ ਲਈ ਬਾਰ-ਬਾਰ ਥਾਂ ਪਰ ਥਾਂ ਆਪਣੇ ਮੋਢਿਆਂ ਤੇ ਚੁੱਕਣ ਦੀ ਬਜਾਇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਅਤੇ ਉਸਦੀ ਪਰਜਾ ਇਸਰਾਏਲ ਦੀ ਸੇਵਾ ਕਰੋ। 4 ਆਪੋ-ਆਪਣੇ ਘਰਾਣਿਆਂ ਮੁਤਾਬਕ ਮੰਦਰ ਵਿੱਚ ਸੇਵਾ ਕਰਨ ਲਈ ਆਪਣੇ-ਆਪ ਨੂੰ ਤਿਆਰ ਰੱਖੋ। ਦਾਊਦ ਪਾਤਸ਼ਾਹ ਅਤੇ ਉਸ ਦੇ ਪੁੱਤਰ ਸੁਲੇਮਾਨ ਪਾਤਸ਼ਾਹ ਨੇ ਜਿਹੜੀਆਂ ਸੇਵਾਵਾਂ ਤੁਹਾਨੂੰ ਸੌਂਪੀਆਂ ਸਨ, ਉਹੀ ਕਰੋ। 5 ਲੇਵੀਆਂ ਦੇ ਘਰਾਣੇ ਨਾਲ ਪਵਿੱਤਰ ਅਸਥਾਨ ਉੱਪਰ ਖੜ੍ਹੇ ਹੋਵੋ ਤਾਂ ਜੋ ਤੁਸੀਂ ਪਵਿੱਤਰ ਅਸਥਾਨ ਵਿੱਚ ਪਿੱਤਰਾਂ ਦੇ ਪਰਿਵਾਰ-ਸਮੂਹਾਂ ਦੀ ਵੰਡ ਮੁਤਾਬਕ ਆਪਣੇ ਭਰਾਵਾਂ ਅਤੇ ਆਮ ਲੋਕਾਂ ਦੇ ਮੁਤਾਬਕ ਖੜ੍ਹੇ ਹੋਵੋ। ਤਾਂ ਜੋ ਤੁਸੀਂ ਉਨ੍ਹਾਂ ਦੀ ਮਦਦ ਕਰ ਸੱਕੋ। 6 ਪਸਹ ਦੇ ਲੇਲੇ ਵੱਢੋ ਅਤੇ ਆਪਣੇ-ਆਪ ਨੂੰ ਯਹੋਵਾਹ ਦੇ ਸਾਹਮਣੇ ਪਵਿੱਤਰ ਕਰੋ ਅਤੇ ਇਸਰਾਏਲ ਦੇ ਲੋਕਾਂ ਅਤੇ ਆਪਣੇ ਭਰਾਵਾਂ ਲਈ ਵੀ ਲੇਲੇ ਤਿਆਰ ਰੱਖੋ। ਜੋ ਕੁਝ ਯਹੋਵਾਹ ਨੇ ਸਾਨੂੰ ਕਰਨ ਦਾ ਹੁਕਮ ਦਿੱਤਾ ਸੀ, ਉਹੀ ਕੁਝ ਕਰੋ। ਯਹੋਵਾਹ ਨੇ ਇਹ ਸਾਰੇ ਹੁਕਮ ਸਾਨੂੰ ਮੂਸਾ ਦੇ ਰਾਹੀਂ ਦਿੱਤੇ ਸਨ।”
7 ਯੋਸੀਯਾਹ ਨੇ ਇਸਰਾਏਲੀਆਂ ਨੂੰ ਪਸਹ ਲਈ 30,000 ਭੇਡਾਂ ਬੱਕਰੀਆਂ ਬਲੀ ਲਈ ਦਿੱਤੀਆਂ। ਉਸ ਨੇ ਲੋਕਾਂ ਨੂੰ 3,000 ਹੋਰ ਪਸ਼ੂ ਵੀ ਦਿੱਤੇ। ਇਹ ਸਾਰੇ ਜਾਨਵਰ ਯੋਸੀਯਾਹ ਪਾਤਸ਼ਾਹ ਦੇ ਆਪਣੇ ਸਨ ਜੋ ਉਸ ਨੇ ਲੋਕਾਂ ਨੂੰ ਦਿੱਤੇ। 8 ਪਾਤਸ਼ਾਹ ਦੇ ਅਫ਼ਸਰਾਂ ਨੇ ਵੀ ਲੋਕਾਂ ਨੂੰ, ਅਤੇ ਜਾਜਕਾਂ ਨੂੰ ਅਤੇ ਲੇਵੀਆਂ ਨੂੰ ਪਸਹ ਲਈ ਆਪਣੇ ਵੱਲੋਂ ਮੁਫ਼ਤ ’ਚ ਪਸ਼ੂ ਦਿੱਤੇ ਅਤੇ ਹੋਰ ਵਸਤਾਂ ਵੀ ਦਿੱਤੀਆਂ। ਹਿਲਕੀਯਾਹ, ਜ਼ਕਰਯਾਹ ਅਤੇ ਯਹੀਏਲ ਨੇ ਜਿਹੜੇ ਪਰਮੇਸ਼ੁਰ ਦੇ ਮੰਦਰ ਦੇ ਹਾਕਮ ਸਨ ਜਾਜਕਾਂ ਨੂੰ ਪਸਹ ਲਈ 2,600 ਭੇਡਾਂ, ਬੱਕਰੀਆਂ ਅਤੇ 300 ਬਲਦ ਦਿੱਤੇ। 9 ਕਾਨਨਯਾਹ, ਸ਼ਮਆਯਾਹ ਅਤੇ ਨਥਨਏਲ, ਉਸ ਦੇ ਭਰਾਵਾਂ, ਹਸ਼ਬਯਾਹ, ਯਈੇਏਲ ਅਤੇ ਯੋਜ਼ਾਬਾਦ ਲੇਵੀਆਂ ਦੇ ਆਗੂਆਂ ਨੇ, ਪਸਹ ਦੀਆਂ ਬਲੀਆਂ ਲਈ 5,000 ਭੇਡਾਂ ਅਤੇ ਬੱਕਰੀਆਂ ਅਤੇ 500 ਬਲਦ ਲੇਵੀਆਂ ਨੂੰ ਦਿੱਤੇ।
10 ਜਦੋਂ ਪਸਹ ਦੀ ਸੇਵਾ ਸ਼ੁਰੂ ਕਰਨ ਦਾ ਸਾਰਾ ਕਾਰਜ ਪੂਰਾ ਹੋ ਗਿਆ, ਤਾਂ ਜਾਜਕ ਅਤੇ ਲੇਵੀ ਆਪੋ-ਆਪਣੇ ਸਥਾਨਾਂ ਤੇ ਪਾਤਸ਼ਾਹ ਦੇ ਹੁਕਮ ਮੁਤਾਬਕ ਖਲੋ ਗਏ। 11 ਉਨ੍ਹਾਂ ਨੇ ਪਸਹ ਦੇ ਲੇਲਿਆਂ ਨੂੰ ਕੱਟਿਆ। ਫ਼ਿਰ ਲੇਵੀਆਂ ਨੇ ਖੱਲਾਂ ਲਾਹੀਆਂ ਅਤੇ ਉਨ੍ਹਾਂ ਦਾ ਖੂਨ ਜਾਜਕਾਂ ਨੂੰ ਦਿੱਤਾ। ਅਤੇ ਜਾਜਕਾਂ ਨੇ ਉਹ ਖੂਨ ਜਗਵੇਦੀ ਉੱਪਰ ਛਿੜਕਿਆ। 12 ਫ਼ਿਰ ਉਹ ਹੋਮ ਦੀਆਂ ਭੇਟਾਂ ਨੂੰ ਲੈ ਗਏ ਅਤੇ ਆਮ ਲੋਕਾਂ ਦੇ ਬਜ਼ੁਰਗਾਂ ਦੇ ਪੁਰਖਿਆਂ ਦੇ ਪਰਿਵਾਰ-ਸਮੂਹਾਂ ਦੀ ਵੰਡ ਮੁਤਾਬਕ ਯਹੋਵਾਹ ਦੇ ਸਾਹਮਣੇ ਭੇਟਾਂ ਚੜ੍ਹਾਉਣ ਲਈ ਉਨ੍ਹਾਂ ਨੂੰ ਦਿੱਤਾ ਜਿਵੇਂ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ ਅਤੇ ਇਵੇਂ ਹੀ ਉਨ੍ਹਾਂ ਨੇ ਬਲਦਾਂ ਨਾਲ ਕੀਤਾ। 13 ਲੇਵੀਆਂ ਨੇ ਪਸਹ ਦੀਆਂ ਬਲੀਆਂ ਨੂੰ ਹੁਕਮ ਮੁਤਾਬਕ ਅੱਗ ਉੱਪਰ ਭੁੰਨਿਆ ਅਤੇ ਪਵਿੱਤਰ ਭੇਟਾਂ ਨੂੰ ਦੇਗਾਂ, ਪਤੀਲਿਆਂ ਅਤੇ ਕੜਾਹਿਆਂ ਵਿੱਚ ਉਬਾਲਿਆ ਤੇ ਫ਼ਿਰ ਜਲਦੀ ਨਾਲ ਬਣਾਕੇ ਲੋਕਾਂ ਵਿੱਚ ਵੰਡ ਦਿੱਤਾ। 14 ਜਦੋਂ ਇਹ ਸਭ ਕੰਮ ਮੁਕਿਆ ਤਾਂ ਲੇਵੀਆਂ ਨੇ ਆਪਣੇ ਲਈ ਅਤੇ ਜਾਜਕਾਂ ਲਈ ਮਾਸ ਤਿਆਰ ਕੀਤਾ ਕਿਉਂ ਕਿ ਹਾਰੂਨ ਦੀ ਵੰਸ਼ ਦੇ ਜਾਜਕ ਹੋਮ ਦੀਆਂ ਭੇਟਾਂ ਅਤੇ ਚਰਬੀ ਚੜ੍ਹਾਉਣ ਲਈ ਰਾਤ ਤੀਕ ਲੱਗੇ ਰਹੇ। ਇਸ ਲਈ ਲੇਵੀਆਂ ਨੇ ਆਪਣੇ ਲਈ ਅਤੇ ਹਾਰੂਨ ਦੀ ਵੰਸ਼ ਦੇ ਜਾਜਕਾਂ ਲਈ ਤਿਆਰ ਕੀਤਾ। 15 ਫ਼ਿਰ ਆਸਾਫ਼ ਦੀ ਵੰਸ਼ ਦੇ ਗਵਈਏ ਦਾਊਦ ਅਤੇ ਆਸਾਫ਼, ਹੇਮਾਨ ਅਤੇ ਪਾਤਸ਼ਾਹ ਦੇ ਗ਼ੈਬਦਾਨ ਯਦੂਥੂਨ ਦੇ ਹੁਕਮ ਮੁਤਾਬਕ ਆਪੋ-ਆਪਣੀ ਜਗ੍ਹਾ ਉੱਤੇ ਖੜ੍ਹੇ ਹੋਏ ਸਨ। ਹਰ ਫ਼ਾਟਕ ਉੱਪਰ ਦਰਬਾਨ ਸਨ, ਜਿਨ੍ਹਾਂ ਨੂੰ ਆਪਣੀ ਥਾਂ ਤੋਂ ਹਟਣਾ ਨਾ ਪਿਆ ਕਿਉਂ ਕਿ ਉਨ੍ਹਾਂ ਦੇ ਲੇਵੀ ਭਰਾਵਾਂ ਨੇ ਉਨ੍ਹਾਂ ਲਈ ਪਸਹ ਵਾਸਤੇ ਸਭ ਕੁਝ ਤਿਆਰ ਕਰ ਦਿੱਤਾ ਸੀ।
16 ਇਉਂ ਪਾਤਸ਼ਾਹ ਯੋਸੀਯਾਹ ਦੇ ਹੁਕਮ ਨਾਲ ਉਸ ਦਿਨ ਯਹੋਵਾਹ ਦੀ ਉਪਾਸਨਾ ਲਈ ਸਭ ਕੁਝ ਤਿਆਰ ਹੋ ਗਿਆ। ਪਸਹ ਮਨਾਇਆ ਗਿਆ ਅਤੇ ਯਹੋਵਾਹ ਦੀ ਜਗਵੇਦੀ ਉੱਪਰ ਹੋਮ ਦੀਆਂ ਭੇਟਾਂ ਚੜ੍ਹਾਈਆਂ ਗਈਆਂ। 17 ਜਿਹੜੇ ਇਸਰਾਏਲੀ ਲੋਕ ਉੱਥੇ ਸਨ ਉਹ ਉਸ ਵੇਲੇ ਪਸਹ ਨੂੰ ਅਤੇ ਪਤੀਰੀ ਰੋਟੀ ਦੇ ਪਰਬ ਨੂੰ ਸੱਤ ਦਿਨ ਤੀਕ ਮਨਾਉਂਦੇ ਰਹੇ। 18 ਇਹੋ ਜਿਹੀ ਪਸਹ ਇਸਰਾਏਲ ਵਿੱਚ ਸਮੂਏਲ ਨਬੀ ਦੇ ਦਿਨਾਂ ਤੋਂ ਨਹੀਂ ਸੀ ਮਨਾਈ ਗਈ ਅਤੇ ਇਸਰਾਏਲ ਦੇ ਕਿਸੇ ਪਾਤਸ਼ਾਹ ਨੇ ਇਹੋ ਜਿਹੀ ਪਸਹ ਨਹੀਂ ਸੀ ਮਨਾਈ ਜਿਹੋ ਜਿਹੀ ਯੋਸੀਯਾਹ ਜਾਜਕਾਂ, ਲੇਵੀਆਂ ਅਤੇ ਸਾਰੇ ਯਹੂਦਾਹ ਅਤੇ ਇਸਰਾਏਲ ਦੇ ਜਿਹੜੇ ਹਾਜ਼ਰ ਸਨ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਰਲ ਕੇ ਮਨਾਈ। 19 ਇਹ ਪਸਹ ਯੋਸੀਯਾਹ ਦੇ ਰਾਜ ਦੇ 18ਵਰ੍ਹੇ ਮਨਾਈ ਗਈ।
ਯੋਸੀਯਾਹ ਦੀ ਮੌਤ
20 ਯੋਸੀਯਾਹ ਨੇ ਮੰਦਰ ਲਈ ਸਾਰੇ ਚੰਗੇ ਉਪਰਾਲੇ ਕੀਤੇ। ਬਾਅਦ ਵਿੱਚ ਮਿਸਰ ਦੇ ਰਾਜੇ ਨਕੋ ਨੇ ਕਰਕਮੀਸ਼ ਦੇ ਵਿਰੁੱਧ ਜੋ ਕਿ ਫ਼ਰਾਤ ਦਰਿਆ ਉੱਤੇ ਹੈ, ਲੜਨ ਲਈ ਚੜ੍ਹਾਈ ਕੀਤੀ ਤਾਂ ਯੋਸੀਯਾਹ ਉਸ ਦੇ ਮੁਕਾਬਲੇ ਲਈ ਬਾਹਰ ਨਿਕਲਿਆ। 21 ਪਰ ਨਕੋ ਨੇ ਯੋਸੀਯਾਹ ਕੋਲ ਹਲਕਾਰੇ ਭੇਜੇ।
ਉਨ੍ਹਾਂ ਕਿਹਾ, “ਹੇ ਯਹੂਦਾਹ ਦੇ ਪਾਤਸ਼ਾਹ ਯੋਸੀਯਾਹ! ਇਸ ਜੰਗ ਵਿੱਚ ਤੇਰਾ ਕੀ ਕੰਮ? ਮੈਂ ਤੇਰੇ ਵਿਰੁੱਧ ਲੜਨ ਨਹੀਂ ਆਇਆ, ਮੈਂ ਤਾਂ ਆਪਣੇ ਦੁਸ਼ਮਨ ਨਾਲ ਲੜਨ ਲਈ ਆਇਆ ਹਾਂ। ਅਤੇ ਪਰਮੇਸ਼ੁਰ ਨੇ ਮੈਨੂੰ ਛੇਤੀ ਕਰਨ ਦਾ ਹੁਕਮ ਦਿੱਤਾ ਹੈ ਸੋ ਤੂੰ ਪਰਮੇਸ਼ੁਰ ਦੇ ਵਿਰੁੱਧ, ਜਿਹੜਾ ਕਿ ਮੇਰੇ ਅੰਗ ਸੰਗ ਹੈ, ਟਾਕਰਾ ਨਾ ਕਰ ਕਿਤੇ ਅਜਿਹਾ ਨਾ ਹੋਵੇ ਕਿ ਉਹ ਤੈਨੂੰ ਮਾਰ ਸੁੱਟੇ।”
22 ਪਰ ਯੋਸੀਯਾਹ ਨਾ ਮੰਨਿਆ। ਉਸ ਨੇ ਨਕੋ ਨਾਲ ਭਿੜਨ ਦੀ ਠਾਨ ਲਈ ਇਸ ਲਈ ਉਹ ਆਪਣਾ ਭੇਸ ਬਦਲ ਕੇ ਲੜਾਈ ਦੇ ਮੈਦਾਨ ਵਿੱਚ ਉਤਰ ਗਿਆ। ਯੋਸੀਯਾਹ ਨੇ ਉਹ ਸਭ ਮੰਨਣ ਤੋਂ ਇਨਕਾਰ ਕੀਤਾ ਜੋ ਨਕੋ ਨੇ ਪਰਮੇਸ਼ੁਰ ਦੇ ਹੁਕਮ ਬਾਰੇ ਆਖਿਆ। ਇਉਂ ਯੋਸੀਯਾਹ ਲੜਾਈ ਲਈ ਮਗਿੱਦੋ ਦੀ ਵਾਦੀ ਵਿੱਚ ਗਿਆ। 23 ਜਦੋਂ ਯੋਸੀਯਾਹ ਲੜਾਈ ਦੇ ਮੈਦਾਨ ਵਿੱਚ ਸੀ ਤਾਂ ਉਹ ਤੀਰਾਂ ਨਾਲ ਮਾਰਿਆ ਗਿਆ। ਉਸ ਨੇ ਆਪਣੇ ਸੇਵਕਾਂ ਨੂੰ ਆਖਿਆ, “ਮੈਂ ਬੁਰੀ ਤਰ੍ਹਾਂ ਜ਼ਖਮੀ ਹੋਇਆ ਹਾਂ, ਮੈਨੂੰ ਇੱਥੋਂ ਲੈ ਚੱਲੋ।”
24 ਸੋ ਉਸ ਦੇ ਸੇਵਕਾਂ ਨੇ ਉਸ ਨੂੰ ਰਥ ਤੋਂ ਲਾਹ ਕੇ ਉਸ ਦੇ ਦੂਜੇ ਰੱਥ ਵਿੱਚ ਚੜ੍ਹਾਇਆ ਅਤੇ ਉਸ ਨੂੰ ਯਰੂਸ਼ਲਮ ਨੂੰ ਲੈ ਗਏ ਜਿੱਥੇ ਜਾ ਕੇ ਉਸਦੀ ਮੌਤ ਹੋ ਗਈ ਅਤੇ ਉਸ ਨੂੰ ਉਸ ਦੇ ਪੁਰਖਿਆਂ ਦੀ ਕਬਰ ’ਚ ਦਫ਼ਨਾਇਆ ਗਿਆ। ਤਦ ਸਾਰੇ ਯਹੂਦਾਹ ਅਤੇ ਯਰੂਸ਼ਲਮ ਨੇ ਯੋਸੀਯਾਹ ਲਈ ਸੋਗ ਕੀਤਾ। 25 ਯਿਰਮਿਯਾਹ ਨੇ ਯੋਸੀਯਾਹ ਉੱਪਰ ਸੋਗ ਗੀਤ ਲਿਖੇ ਅਤੇ ਗਾਏ। ਅੱਜ ਤੀਕ ਵੀ ਉਨ੍ਹਾਂ ਕੀਰਨਿਆਂ-ਵੈਣਾਂ ਨੂੰ ਮਰਦ-ਔਰਤਾਂ ਗਾਉਂਦੇ ਹਨ ਅਤੇ ਉਨ੍ਹਾਂ ਨੇ ਇਸਰਾਏਲ ਵਿੱਚ ਇਹ ਸੋਗ ਗੀਤ ਗਾਉਣ ਦੀ ਇੱਕ ਰੀਤ ਬਣਾ ਲਈ ਅਤੇ ਇਹ ਵੈਣ ਮਾਤਮੀ ਗੀਤਾਂ ਦੀ ਪੋਥੀ ਵਿੱਚ ਲਿਖੇ ਹੋਏ ਹਨ।
26-27 ਜਦੋਂ ਉਹ ਪਾਤਸ਼ਾਹ ਸੀ, ਪਾਤਸ਼ਾਹ ਯੋਸੀਯਾਹ ਦੇ ਰਾਜ ਦੇ ਕੰਮ ਸ਼ੁਰੂ ਤੋਂ ਲੈ ਕੇ ਅੰਤ ਤੀਕ ਇਸਰਾਏਲ ਅਤੇ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। ਇਹ ਪੋਥੀ ਸਾਨੂੰ, ਯਹੋਵਾਹ ਪ੍ਰਤੀ ਉਸਦੀ ਵਫ਼ਾਦਾਰੀ ਅਤੇ ਕਿਵੇਂ ਉਸ ਨੇ ਯਹੋਵਾਹ ਦੀ ਬਿਵਸਥਾ ਮੰਨੀ ਬਾਰੇ ਦੱਸਦੀ ਹੈ।
2010 by World Bible Translation Center