Book of Common Prayer
137 ਅਸੀਂ ਬੇਬੀਲੋਨ ਦੇ ਦਰਵਾਜਿਆਂ ਦੇ ਕੰਢੇ ਬੈਠੇ ਸਾਂ
    ਅਤੇ ਅਸੀਂ ਸੀਯੋਨ ਨੂੰ ਯਾਦ ਕਰਕੇ ਰੋਂਦੇ ਸਾਂ।
2 ਅਸੀਂ ਆਪਣੇ ਰਬਾਬ ਨੇੜੇ ਦੇ ਚਿਨਾਰ ਦੇ ਰੁੱਖਾਂ ਉੱਤੇ ਟੰਗ ਦਿੱਤੇ।
3 ਬੇਬੀਲੋਨ ਵਿੱਚ ਜਿਨ੍ਹਾਂ ਲੋਕਾਂ ਨੇ ਸਾਨੂੰ ਫ਼ੜਿਆ ਸੀ, ਸਾਨੂੰ ਗਾਉਣ ਲਈ ਆਖਿਆ।
    ਉਨ੍ਹਾਂ ਨੇ ਸਾਨੂੰ ਖੁਸ਼ੀ ਭਰੇ ਗੀਤ ਗਾਉਣ ਲਈ ਆਖਿਆ।
    ਉਨ੍ਹਾਂ ਨੇ ਸਾਨੂੰ ਸੀਯੋਨ ਬਾਰੇ ਗੀਤ ਗਾਉਣ ਲਈ ਆਖਿਆ।
4 ਪਰ ਅਸੀਂ ਬੇਗਾਨੇ ਦੇਸ਼ ਵਿੱਚ ਯਹੋਵਾਹ
    ਦੇ ਗੀਤ ਨਹੀਂ ਗਾ ਸੱਕਦੇ।
5 ਹੇ ਯਰੂਸ਼ਲਮ, ਜੇ ਮੈਂ ਕਦੇ ਤੈਨੂੰ ਭੁੱਲ ਜਾਵਾਂ।
    ਮੈਨੂੰ ਆਸ ਹੈ ਕਿ ਫ਼ਿਰ ਮੈਂ ਕਦੇ ਵੀ ਨਹੀਂ ਗੁਆਚਾਂਗਾ।
6 ਹੇ ਯਰੂਸ਼ਲਮ, ਜੇ ਮੈਂ ਕਦੀ ਤੈਨੂੰ ਭੁੱਲ ਜਾਵਾਂ,
    ਮੈਨੂੰ ਫ਼ੇਰ ਕਦੀ ਵੀ ਗੀਤ ਨਾ ਗਾਉਣ ਦੇਵੀ।
7 ਮੈਂ ਇਕਰਾਰ ਕਰਦਾ ਹਾਂ ਯਰੂਸ਼ਲਮ ਹੀ ਸਦਾ
    ਮੇਰੀ ਸਭ ਤੋਂ ਵੱਡੀ ਖੁਸ਼ੀ ਹੋਵੇਗੀ।
8 ਬੇਬੀਲੋਨ, ਤੂੰ ਤਬਾਹ ਹੋ ਜਾਵੇਗਾ,
    ਉਸ ਬੰਦੇ ਨੂੰ ਅਸੀਸ ਦੇ, ਜਿਹੜਾ ਤੈਨੂੰ ਦੰਡ ਦਿੰਦਾ ਹੈ, ਜਿਸ ਦਾ ਤੂੰ ਅਧਿਕਾਰੀ ਹੈਂ।
ਉਸ ਬੰਦੇ ਨੂੰ ਅਸੀਸ ਦੇ ਜਿਹੜਾ ਤੈਨੂੰ ਦੁੱਖ ਦਿੰਦਾ ਹੈ।
    ਜਿਵੇਂ ਤੂੰ ਸਾਨੂੰ ਦੁੱਖ ਦਿੰਦਾ ਹੈ।
9     ਉਸ ਬੰਦੇ ਨੂੰ ਅਸੀਸ ਦੇ ਜਿਹੜਾ ਤੇਰੇ ਬੱਚਿਆਂ ਨੂੰ ਫ਼ੜ ਲੈਂਦਾ ਹੈ।
    ਅਤੇ ਉਨ੍ਹਾਂ ਨੂੰ ਚੱਟਾਨ ਉੱਤੇ ਪਟਕਾ ਮਾਰਦਾ ਹੈ।
ਦਾਊਦ ਦਾ ਇੱਕ ਗੀਤ।
144 ਯਹੋਵਾਹ ਮੇਰੀ ਚੱਟਾਨ ਹੈ,
    ਯਹੋਵਾਹ ਨੂੰ ਅਸੀਸ ਦਿਉ।
ਯਹੋਵਾਹ ਮੈਨੂੰ ਯੁੱਧ ਲਈ ਤਿਆਰ ਕਰਦਾ ਹੈ।
    ਯਹੋਵਾਹ ਲੜਾਈ ਲਈ ਮੈਨੂੰ ਸਿਖਲਾਈ ਦਿੰਦਾ ਹੈ।
2 ਯਹੋਵਾਹ ਮੈਨੂੰ ਪਿਆਰ ਕਰਦਾ ਹੈ ਅਤੇ ਮੇਰੀ ਰੱਖਿਆ ਕਰਦਾ ਹੈ।
    ਯਹੋਵਾਹ ਹੀ ਉੱਚੇ ਪਹਾੜਾ ਵਿੱਚ ਮੇਰਾ ਸੁਰੱਖਿਅਤ ਸਥਾਨ ਹੈ।
ਯਹੋਵਾਹ ਮੈਨੂੰ ਬਚਾਉਂਦਾ ਹੈ।
    ਯਹੋਵਾਹ ਮੇਰੀ ਢਾਲ ਹੈ।
ਮੈਨੂੰ ਉਸ ਉੱਤੇ ਵਿਸ਼ਵਾਸ ਹੈ।
    ਆਪਣੇ ਉੱਤੇ ਰਾਜ ਕਰਨ ਵਿੱਚ ਯਹੋਵਾਹ ਮੇਰੀ ਮਦਦ ਕਰਦਾ ਹੈ।
3 ਯਹੋਵਾਹ, ਲੋਕੀ ਤੁਹਾਡੇ ਲਈ ਮਹੱਤਵਪੂਰਣ ਕਿਉਂ ਹਨ?
    ਤੁਸੀਂ ਸਾਡੇ ਵੱਲ ਧਿਆਨ ਵੀ ਕਿਉਂ ਦਿੰਦੇ ਹੋ?
4 ਇੱਕ ਬੰਦੇ ਦਾ ਜੀਵਨ ਹਵਾ ਦੇ ਬੁੱਲੇ ਵਰਗਾ ਹੈ।
    ਇੱਕ ਬੰਦੇ ਦਾ ਜੀਵਨ ਲੰਘਦੇ ਪਰਛਾਵੇਂ ਵਰਗਾ ਹੈ।
5 ਯਹੋਵਾਹ, ਆਕਾਸ਼ ਨੂੰ ਚੀਰ ਸੁੱਟੋ ਅਤੇ ਹੇਠਾ ਆਉ।
    ਪਹਾੜਾਂ ਨੂੰ ਛੂਹ ਲਵੋ ਅਤੇ ਉਨ੍ਹਾਂ ਵਿੱਚੋਂ ਧੂੰਆਂ ਉੱਠਣ ਲੱਗੇਗਾ।
6 ਯਹੋਵਾਹ, ਬਿਜਲੀ ਭੇਜੋ ਅਤੇ ਮੇਰੇ ਦੁਸ਼ਮਣਾ ਨੂੰ ਭਜਾ ਦਿਉ।
    ਆਪਣੇ “ਤੀਰ” ਛੱਡੋ ਅਤੇ ਉਨ੍ਹਾਂ ਨੂੰ ਭਜਾ ਦਿਉ।
7 ਯਹੋਵਾਹ, ਸਵਰਗ ’ਚੋਂ ਹੇਠਾ ਆਵੋ ਅਤੇ ਮੈਨੂੰ ਬਚਾ ਲਵੋ!
    ਮੈਨੂੰ ਦੁਸ਼ਮਣਾ ਦੇ ਸਮੁੰਦਰ ਵਿੱਚ ਨਾ ਡੁੱਬਣ ਦੇਵੋ।
    ਮੈਨੂੰ ਉਨ੍ਹਾਂ ਪਰਦੇਸੀਆ ਕੋਲੋਂ ਬਚਾਉ।
8 ਇਹ ਦੁਸ਼ਮਣ ਝੂਠੇ ਹਨ।
    ਉਹ ਗੱਲਾਂ ਆਖਦੇ ਹਨ ਜਿਹੜੀਆਂ ਸੱਚ ਨਹੀਂ ਹਨ।
9 ਯਹੋਵਾਹ, ਮੈਂ ਤੁਹਾਡੇ ਕਰਿਸ਼ਮਿਆ ਬਾਰੇ ਇੱਕ ਨਵਾ ਗੀਤ ਗਾਵਾਂਗਾ।
    ਮੈਂ ਤੁਹਾਡੀ ਉਸਤਤਿ ਕਰਾਂਗਾ ਅਤੇ ਦਸ ਤਾਰਾਂ ਵਾਲੀ ਸਾਰੰਗੀ ਵਜਾਵਾਂਗਾ।
10 ਯਹੋਵਾਹ ਰਾਜਿਆ ਦੀ ਮਦਦ ਉਨ੍ਹਾਂ ਦੀਆਂ ਲੜਾਈਆਂ ਜਿੱਤਣ ਵਿੱਚ ਕਰਦਾ ਹੈ।
    ਯਹੋਵਾਹ ਨੇ ਆਪਣੇ ਸੇਵਕ ਦਾਊਦ ਨੂੰ ਉਸ ਦੇ ਦੁਸ਼ਮਣਾ ਦੀਆਂ ਤਲਵਾਰਾਂ ਕੋਲੋਂ ਬਚਾਇਆ।
11 ਮੈਨੂੰ ਇਨ੍ਹਾਂ ਵਿਦੇਸ਼ੀਆ ਕੋਲੋਂ ਬਚਾਉ।
    ਇਹ ਦੁਸ਼ਮਣ ਝੂਠੇ ਹਨ।
    ਉਹ ਉਹੀ ਗੱਲਾਂ ਕਰਦੇ ਹਨ ਜਿਹੜੀਆਂ ਸੱਚ ਨਹੀਂ ਹਨ।
12 ਸਾਡੇ ਜਵਾਨ ਪੁੱਤਰ ਮਜ਼ਬੂਤ ਰੱਖਾਂ ਵਰਗੇ ਹਨ।
    ਸਾਡੀਆਂ ਧੀਆਂ ਮਹਿਲਾਂ ਦੀਆਂ ਖੂਬਸੂਰਤ ਸਜਾਵਟ ਵਰਗੀਆਂ ਹਨ।
13 ਸਾਡੇ ਅਨਾਜ ਦੇ ਕੋਠੇ ਸਭ ਤਰ੍ਹਾਂ ਦੀਆਂ ਫ਼ਸਲਾਂ ਨਾਲ ਭਰੇ ਹੋਏ ਹਨ।
    ਸਾਡੇ ਖੇਤਾਂ ਵਿੱਚ ਹਜ਼ਾਰਾਂ ਹੀ ਭੇਡਾਂ ਹਨ।
14     ਸਾਡੇ ਫ਼ੌਜੀ ਸੁਰੱਖਿਅਤ ਹਨ ਕੋਈ ਵੀ ਦੁਸ਼ਮਣ
ਅੰਦਰ ਆਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ।
    ਅਸੀਂ ਲੜਨ ਲਈ ਨਹੀਂ ਜਾ ਰਹੇ ਹਾਂ
ਸਾਡੀਆਂ ਗਲੀਆਂ ਵਿੱਚ ਲੋਕ ਨਹੀਂ ਚੀਖ ਰਹੇ ਹਨ।
15 ਇਸੇ ਤਰ੍ਹਾਂ, ਦੇ ਵੇਲਿਆਂ ਵਿੱਚ ਲੋਕ ਬਹੁਤ ਹੀ ਖੁਸ਼ ਹੁੰਦੇ ਹਨ
    ਜੇ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹੋਵੇ ਲੋਕ ਬਹੁਤ ਹੀ ਖੁਸ਼ ਹੁੰਦੇ ਹਨ।
104 ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
    ਮੇਰੇ ਯਹੋਵਾਹ ਪਰਮੇਸ਼ੁਰ ਤੁਸੀਂ ਬਹੁਤ ਮਹਾਨ ਹੋ।
ਤੁਸੀਂ ਮਹਿਮਾ ਅਤੇ ਮਾਨ ਨਾਲ ਕੱਜੇ ਹੋਏ ਹੋ।
2     ਤੁਸੀਂ ਨੂਰ ਨੂੰ ਪਹਿਨਦੇ ਹੋ ਜਿਵੇਂ ਕੋਈ ਚੋਲਾ ਪਹਿਨਦਾ ਹੈ।
ਤੁਸੀਂ ਅਕਾਸ਼ਾਂ ਨੂੰ ਪਰਦੇ ਵਾਂਗ ਖਿਲਾਰ ਦਿੱਤਾ ਹੈ।
3     ਹੇ ਪਰਮੇਸ਼ੁਰ ਤੁਸੀਂ ਆਪਣਾ ਘਰ ਉਨ੍ਹਾਂ ਤੋਂ ਉੱਪਰ ਬਣਾਇਆ।
ਤੁਸੀਂ ਮੋਟੇ ਬੱਦਲਾਂ ਦੀ ਰੱਥ ਵਾਂਗ ਵਰਤੋਂ ਕਰਦੇ ਹੋ
    ਅਤੇ ਅਕਾਸ਼ ਦੇ ਆਰ-ਪਾਰ ਹਵਾ ਦੇ ਖੰਬਾਂ ਉੱਤੇ ਸਵਾਰੀ ਕਰਦੇ ਹੋ।
4 ਹੇ ਪਰਮੇਸ਼ੁਰ, ਤੁਸੀਂ ਆਪਣੇ ਦੂਤਾਂ ਨੂੰ ਹਵਾ ਦੇ ਵਾਂਗ
    ਅਤੇ ਸੇਵਕਾਂ ਨੂੰ ਅੱਗ ਵਾਂਗ ਬਣਾਇਆ ਹੈ।
5 ਹੇ ਪਰਮੇਸ਼ੁਰ, ਤੁਸਾਂ ਧਰਤੀ ਨੂੰ ਇਸ ਦੀਆਂ ਬੁਨਿਆਦਾਂ ਉੱਤੇ ਉਸਾਰਿਆ।
    ਤਾਂ ਜੋ ਇਹ ਕਦੇ ਵੀ ਤਬਾਹ ਨਾ ਹੋਵੇ।
6 ਤੁਸੀਂ ਇਸ ਨੂੰ ਕੰਬਲ ਵਾਂਗ ਪਾਣੀ ਨਾਲ ਢੱਕ ਦਿੱਤਾ ਹੈ।
    ਪਾਣੀ ਨੇ ਪਰਬਤਾਂ ਨੂੰ ਢੱਕ ਲਿਆ ਸੀ।
7 ਪਰ ਤੁਸੀਂ ਹੁਕਮ ਦਿੱਤਾ ਅਤੇ ਪਾਣੀ ਦੂਰ-ਦੂਰ ਭੱਜਿਆ।
    ਹੇ ਪਰਮੇਸ਼ੁਰ, ਤੁਸੀਂ ਗੁੱਸੇ ਨਾਲ ਪਾਣੀ ਉੱਤੇ ਗਜੇ ਅਤੇ ਪਾਣੀ ਤੁਹਾਥੋਂ ਦੂਰ ਭੱਜ ਉੱਠਿਆ।
8 ਪਾਣੀ ਪਰਬਤਾਂ ਤੋਂ ਹੇਠਾਂ ਵਾਦੀਆਂ ਵੱਲ ਵਗਿਆ
    ਅਤੇ ਫ਼ੇਰ ਉਨ੍ਹਾਂ ਵੱਲ ਜਿਹੜੀਆਂ ਤੁਸੀਂ ਇਸ ਲਈ ਬਣਾਈਆਂ ਸਨ।
9 ਕਿਉਂਕਿ ਤੁਸੀਂ ਸਮੁੰਦਰਾਂ ਲਈ ਹਦ ਨਿਸ਼ਚਿਤ ਕਰ ਦਿੱਤੀ ਹੈ,
    ਪਾਣੀ ਧਰਤੀ ਨੂੰ ਕੱਜਣ ਲਈ ਫ਼ੇਰ ਕਦੇ ਵੀ ਨਹੀਂ ਚੜ੍ਹੇਗਾ।
10 ਹੇ ਪਰਮੇਸ਼ੁਰ, ਤੁਸੀਂ ਪਾਣੀ ਨੂੰ ਚਸ਼ਮਿਆਂ ਤੋਂ ਨਦੀਆਂ ਵੱਲ ਵਗਣ ਲਾ ਦਿੰਦੇ ਹੋ।
    ਇਹ ਪਾਣੀ ਨਦੀਆਂ ਵਿੱਚੋਂ ਵੱਗਦਾ ਹੈ।
11 ਨਦੀਆਂ ਸਮੂਹ ਜੰਗਲੀ ਜਾਨਵਰਾਂ ਨੂੰ ਪਾਣੀ ਦਿੰਦੀਆਂ ਹਨ।
    ਅਵਾਰਾ ਖੋਤੇ ਵੀ ਇੱਥੇ ਪਾਣੀ ਪੀਣ ਲਈ ਆਉਂਦੇ ਹਨ।
12 ਜੰਗਲੀ ਪੰਛੀ ਵੀ ਇੱਥੇ ਤਲਾਵਾਂ ਉੱਤੇ ਰਹਿਣ ਲਈ ਆਉਂਦੇ ਹਨ।
    ਉਹ ਨੇੜਲੇ ਰੁੱਖਾਂ ਦੀ ਟਹਿਣੀਆਂ ਵਿੱਚ ਗਾਉਂਦੇ ਹਨ।
13 ਪਰਮੇਸ਼ੁਰ ਹੇਠਾਂ ਪਹਾੜਾਂ ਉੱਪਰ ਵਰੱਖਾ ਭੇਜਦਾ ਹੈ।
    ਸਾਰੀਆਂ ਚੀਜ਼ਾਂ ਜੋ ਪਰਮੇਸ਼ੁਰ ਨੇ ਬਣਾਈਆਂ ਧਰਤੀ ਨੂੰ ਆਪਣੀ ਲੋੜੀਦੀ ਹਰ ਸ਼ੈਅ ਪ੍ਰਦਾਨ ਕਰਦੀਆਂ ਹਨ।
14 ਪਰਮੇਸ਼ੁਰ ਪਸ਼ੂਆਂ ਨੂੰ ਭੋਜਨ ਦੇਣ ਲਈ ਘਾਹ ਉਗਾਉਂਦਾ ਹੈ।
ਉਹ ਸਾਨੂੰ ਪੌਦੇ ਦਿੰਦਾ ਹੈ ਜਿਨ੍ਹਾਂ ਨੂੰ ਅਸੀਂ ਉਗਾਉਂਦੇ ਹਾਂ।
ਉਹ ਪੌਦੇ ਸਾਨੂੰ ਧਰਤੀ ਵਿੱਚੋਂ ਭੋਜਨ ਦਿੰਦੇ ਹਨ।
15 ਪਰਮੇਸ਼ੁਰ ਸਾਨੂੰ ਦਾਖਰਸ ਦਿੰਦਾ ਹੈ ਜਿਹੜੀ ਸਾਨੂੰ ਪ੍ਰਸੰਨ ਕਰਦੀ ਹੈ।
    ਤੇਲ ਜਿਹੜਾ ਸਾਡੀ ਚਮੜੀ ਨੂੰ ਨਰਮ ਬਣਾਉਂਦਾ
    ਅਤੇ ਉਹ ਭੋਜਨ ਜਿਹੜਾ ਸਾਨੂੰ ਮਜ਼ਬੂਤ ਬਣਾਉਂਦਾ ਹੈ।
16 ਲਬਾਨੋਨ ਦੇ ਦੇਵਦਾਰ ਦੇ ਰੁੱਖ ਪਰਮੇਸ਼ੁਰ ਦੀ ਜ਼ਇਦਾਦ ਹਨ।
    ਯਹੋਵਾਹ ਨੇ ਉਹ ਰੁੱਖ ਬੀਜੇ ਸਨ ਅਤੇ ਉਹ ਉਨ੍ਹਾਂ ਦੀ ਲੋੜ ਲਈ ਪਾਣੀ ਦਿੰਦਾ ਹੈ।
17 ਪੰਛੀ ਉਨ੍ਹਾਂ ਰੁੱਖਾਂ ਉੱਤੇ ਆਲ੍ਹਣੇ ਬਣਾਉਂਦੇ ਹਨ,
    ਉਨ੍ਹਾਂ ਰੁੱਖਾਂ ਉੱਤੇ ਵੱਡੇ ਬਗਲੇ ਰਹਿੰਦੇ ਹਨ।
18 ਉੱਚੇ ਪਰਬਤ ਜੰਗਲੀ ਬਕਰਿਆਂ ਦੇ ਘਰ ਹਨ।
    ਵੱਡੀਆਂ ਚੱਟਾਨਾਂ ਵਿੱਚ ਰਹਿਣ ਵਾਲੇ ਜੀਵਾਂ ਲਈ ਚੱਟਾਨਾਂ ਹੀ ਛੁਪਣਗਾਹਾਂ ਹਨ।
19 ਹੇ ਪਰਮੇਸ਼ੁਰ, ਤੁਸੀਂ ਸਾਨੂੰ ਇਹ ਸੂਚਿਤ ਕਰਨ ਲਈ ਚੰਨ ਦਿੱਤਾ ਹੈ ਕਿ ਤਿਉਹਾਰ ਕਦੋਂ ਸ਼ੁਰੂ ਹੋਵੇਗਾ।
    ਅਤੇ ਸੂਰਜ ਜਾਣੇਗਾ ਕਿ ਕਦੋਂ ਛੁਪਣਾ ਹੈ।
20 ਤੁਸੀਂ ਹਨੇਰੇ ਨੂੰ ਰਾਤ ਬਣਾਇਆ
    ਉਹ ਸਮਾਂ ਜਦੋਂ ਜੰਗਲੀ ਜਾਨਵਰ ਘੁੰਮਣ ਲਈ ਬਾਹਰ ਆਉਂਦੇ ਹਨ।
21 ਸ਼ੇਰ ਹਮਲਾ ਕਰਨ ਵੇਲੇ ਦਹਾੜਦੇ ਹਨ
    ਜਿਵੇਂ ਉਹ ਪਰਮੇਸ਼ੁਰ ਕੋਲੋਂ ਭੋਜਨ ਮੰਗ ਰਹੇ ਹੋਣ ਜਿਹੜਾ ਉਹ ਉਨ੍ਹਾਂ ਨੂੰ ਦਿੰਦਾ ਹੈ।
22 ਫ਼ੇਰ ਸੂਰਜ ਚੜ੍ਹਦਾ ਹੈ,
    ਅਤੇ ਜਾਨਵਰ ਅਰਾਮ ਕਰਨ ਲਈ ਵਾਪਸ ਆਪਣੇ ਘੋਰਨਿਆਂ ਵਿੱਚ ਜਾਂਦੇ ਹਨ।
23 ਫ਼ੇਰ ਲੋਕ ਕੰਮ ਕਰਨ ਲਈ ਬਾਹਰ ਜਾਂਦੇ ਹਨ
    ਅਤੇ ਉਹ ਸ਼ਾਮ ਤੱਕ ਕੰਮ ਕਰਦੇ ਹਨ।
24 ਯਹੋਵਾਹ, ਤੁਸੀਂ ਅਨੇਕਾਂ ਚਮਤਕਾਰ ਕੀਤੇ ਹਨ।
    ਧਰਤੀ ਉਨ੍ਹਾਂ ਚੀਜ਼ਾਂ ਨਾਲ ਭਰੀ ਪਈ ਹੈ ਜਿਹੜੀਆਂ ਤੁਸਾ ਸਾਜੀਆਂ ਸਨ।
    ਅਸੀਂ ਹਰ ਚੀਜ਼ ਵਿੱਚ ਜੋ ਵੀ ਤੁਸੀਂ ਕਰਦੇ ਹੋ ਤੁਹਾਡੀ ਸਿਆਣਪ ਵੇਖਦੇ ਹਾਂ।
25 ਸਮੁੰਦਰ ਵੱਲ ਵੇਖੋ।
ਇਹ ਕਿੰਨਾ ਵੱਡਾ ਹੈ।
    ਅਤੇ ਇਸ ਵਿੱਚ ਅਨੇਕਾਂ ਜੀਵ ਰਹਿੰਦੇ ਹਨ
    ਇੱਥੇ ਛੋਟੇ ਅਤੇ ਵੱਡੇ ਅਣਗਿਣਤ ਜੀਵ ਰਹਿੰਦੇ ਹਨ।
26 ਸਮੁੰਦਰ ਉੱਤੇ ਜਹਾਜ਼ ਸਫ਼ਰ ਕਰਦੇ ਹਨ।
    ਲਿਵਯਾਥਾਨ, ਸਮੁੰਦਰੀ ਜੀਵ ਜਿਹੜਾ ਤੁਸੀਂ ਸਾਜਿਆ,
    ਸਮੁੰਦਰ ਵਿੱਚ ਖੇਡਦਾ ਹੈ।
27 ਹੇ ਪਰਮੇਸ਼ੁਰ, ਇਹ ਸਾਰੀਆਂ ਚੀਜ਼ਾਂ ਤੁਹਾਡੇ ਉੱਤੇ ਨਿਰਭਰ ਕਰਦੀਆਂ ਹਨ।
    ਤੁਸੀਂ ਇਨ੍ਹਾਂ ਨੂੰ ਸਮੇਂ ਸਿਰ ਭੋਜਨ ਦਿੰਦੇ ਹੋ।
28 ਹੇ ਪਰਮੇਸ਼ੁਰ, ਤੁਸੀਂ ਸਮੂਹ ਜੀਵਾਂ ਨੂੰ ਉਨ੍ਹਾਂ ਦੇ ਖਾਣ ਯੋਗ ਭੋਜਨ ਦਿੰਦੇ ਹੋ।
    ਤੁਸੀਂ ਚੰਗੇ ਭੋਜਨਾਂ ਨਾਲ ਭਰੇ ਹੋਏ ਤੁਹਾਡੇ ਹੱਥ ਖੋਲ੍ਹ ਦਿੰਦੇ ਹੋ ਅਤੇ ਰੱਜ ਜਾਣ ਤੀਕ ਖਾਣ ਦਿੰਦੇ ਹੋ।
29 ਜਦੋਂ ਤੁਸੀਂ ਉਨ੍ਹਾਂ ਕੋਲੋਂ ਆਪਣਾ ਮੂੰਹ ਮੋੜ ਲੈਂਦੇ ਹੋ,
    ਉਹ ਭੈਭੀਤ ਹੋ ਜਾਂਦੇ ਹਨ।
    ਜਦੋਂ ਵੀ ਤੁਸੀਂ ਉਨ੍ਹਾਂ ਦੇ ਸਾਹ ਕੱਢ ਲੈਂਦੇ ਹੋ।
ਉਹ ਕਮਜ਼ੋਰ ਬਣ ਜਾਂਦੇ ਹਨ।
    ਅਤੇ ਉਨ੍ਹਾਂ ਦੇ ਸ਼ਰੀਰ ਫ਼ੇਰ ਤੋਂ ਖਾਕ ਹੋ ਜਾਂਦੇ ਹਨ।
30 ਪਰ, ਹੇ ਯਹੋਵਾਹ, ਜਦੋਂ ਤੁਸੀਂ ਆਪਣੀ ਆਤਮਾ ਉਨ੍ਹਾਂ ਵੱਲ ਭੇਜਦੇ ਹੋ।
    ਉਹ ਸਿਹਤਮੰਦ ਬਣ ਜਾਂਦੇ ਹਨ।
    ਅਤੇ ਤੁਸੀਂ ਇੱਕ ਵਾਰ ਫ਼ੇਰ ਧਰਤੀ ਨੂੰ ਨਵਾਂ ਨਕੋਰ ਬਣਾ ਦਿੰਦੇ ਹੋ।
31 ਯਹੋਵਾਹ ਦੀ ਮਹਿਮਾ ਸਦਾ ਲਈ ਚਮਕੇ
    ਯਹੋਵਾਹ ਉਨ੍ਹਾਂ ਚੀਜ਼ਾਂ ਦਾ ਆਨੰਦ ਮਾਣੇ ਜੋ ਉਸ ਨੇ ਸਾਜੀਆਂ ਹਨ।
32 ਯਹੋਵਾਹ ਸਿਰਫ਼ ਧਰਤੀ ਵੱਲ ਵੇਖਦਾ ਹੈ
    ਅਤੇ ਇਹ ਕੰਬਣ ਲੱਗ ਜਾਂਦੀ ਹੈ।
ਉਹ ਪਹਾੜਾਂ ਨੂੰ ਛੂੰਹਦਾ ਹੈ
    ਅਤੇ ਉਨ੍ਹਾਂ ਤੋਂ ਧੂੰਆਂ ਉੱਠਣ ਲੱਗੇਗਾ।
33 ਮੈਂ ਉਮਰ ਭਰ ਯਹੋਵਾਹ ਦੇ ਗੀਤ ਗਾਵਾਂਗਾ।
    ਮੈਂ ਯਹੋਵਾਹ ਦੀ ਉਸਤਤਿ ਉਦੋਂ ਤੱਕ ਗਾਵਾਂਗਾ ਜਦੋਂ ਤੱਕ ਮੈਂ ਜਿਉਂਦਾ ਹਾਂ।
34 ਮੈਨੂੰ ਆਸ ਹੈ ਕਿ ਇਹ ਸ਼ਬਦ, ਜਿਹੜੇ ਮੈਂ ਆਖੇ ਹਨ ਉਸ ਨੂੰ ਪ੍ਰਸੰਨ ਕਰਨਗੇ।
    ਮੈਂ ਯਹੋਵਾਹ ਨਾਲ ਖੁਸ਼ ਹਾਂ।
35 ਪਾਪੀਆਂ ਨੂੰ ਧਰਤੀ ਤੋਂ ਖਤਮ ਹੋ ਜਾਣ ਦਿਉ।
    ਬੁਰੇ ਲੋਕਾਂ ਨੂੰ ਇੱਥੋਂ ਸਦਾ ਲਈ ਦੂਰ ਚੱਲੇ ਜਾਣ ਦਿਉ।
ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ।
    ਯਹੋਵਾਹ ਦੀ ਉਸਤਤਿ ਕਰ।
ਦਾਊਦ ਦੇ ਅੰਤਿਮ ਬਚਨ
23 ਦਾਊਦ ਦੇ ਅੰਤਿਮ ਸ਼ਬਦ:
“ਇਹ ਗੀਤ ਯੱਸੀ ਦੇ ਪੁੱਤਰ ਦਾਊਦ ਦਾ ਸੀ।
    ਇਹ ਗੀਤ ਉਸ ਮਨੁੱਖ ਦਾ ਹੈ
ਜੋ ਉੱਚਾ ਚੁੱਕਿਆ ਗਿਆ ਸੀ ਅਤੇ ਯਾਕੂਬ ਦੇ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ ਸੀ।
    ਉਹ ਇਸਰਾਏਲ ਦੇ ਰੱਖਿਅਕ ਦਾ ਮਨਪਸੰਦ ਸੀ। [a]
2 ਯਹੋਵਾਹ ਦਾ ਆਤਮਾ ਮੇਰੇ ਵਿੱਚੋਂ ਬੋਲਿਆ
    ਅਤੇ ਉਸਦਾ ਬਚਨ ਮੇਰੀ ਜ਼ਬਾਨ ਉੱਤੇ ਸੀ।
3 ਇਸਰਾਏਲ ਦੇ ਪਰਮੇਸ਼ੁਰ ਨੇ ਆਖਿਆ,
    ਇਸਰਾਏਲ ਦੀ ਚੱਟਾਨ ਨੇ ਮੈਨੂੰ ਆਖਿਆ,
‘ਜਿਹੜਾ ਮਨੁੱਖਾਂ ਉੱਪਰ ਧਰਮ ਨਾਲ ਰਾਜ ਕਰਦਾ ਹੈ
    ਜੋ ਪਰਮੇਸ਼ੁਰ ਦੀ ਭੌ ਨਾਲ ਰਾਜ ਕਰਦਾ ਹੈ।
4 ਉਹ ਮਨੁੱਖ ਸਵੇਰ ਦੇ ਚਾਨਣ ਵਾਂਗ ਹੋਵੇਗਾ ਜਦੋਂ ਸੂਰਜ ਨਿਕਲਦਾ ਹੀ ਹੈ,
    ਅਜਿਹੀ ਸਵੇਰ ਜਿਸ ਵਿੱਚ ਬੱਦਲ ਨਾ ਹੋਣ
ਅਤੇ ਬਰਖਾ ਬਾਅਦ ਉਸ ਚਮਕਦੀ ਧੁੱਪ ਵਰਗਾ ਤੇ ਉਸ ਘਾਹ ਵਰਗਾ,
    ਜੋ ਮੀਂਹ ਤੋਂ ਪਿੱਛੋਂ ਧੁੱਪ ਦੇ ਕਾਰਣ ਧਰਤੀ ਉੱਪਰ ਉੱਗਦਾ ਹੈ।’
5 “ਪਰਮੇਸ਼ੁਰ ਨੇ ਮੇਰਾ ਪਰਿਵਾਰ ਬਲਵਾਨ ਤੇ ਸੁਰੱਖਿਅਤ ਕੀਤਾ
    ਉਸ ਨੇ ਸਦਾ ਲਈ ਮੇਰੇ ਨਾਲ ਇਕਰਾਰਨਾਮਾ ਕੀਤਾ
ਜੋ ਸਾਰੀਆਂ ਗੱਲਾਂ ਵਿੱਚ ਠੀਕ ਅਤੇ ਪੱਕਾ ਹੈ ਜ਼ਰੂਰ ਹੀ
    ਉਹ ਮੈਨੂੰ ਹਮੇਸ਼ਾ ਜੇਤੂ ਰੱਖੇਗਾ ਅਤੇ ਮੇਰੀਆਂ ਇੱਛਾਵਾਂ ਪੂਰੀਆਂ ਕਰੇਗਾ!
6 “ਪਰ ਬੇਧਰਮੀ ਸਾਰੇ ਕੰਡਿਆਂ ਵਾਂਗ ਲਾਂਭੇ ਸੁੱਟੇ ਜਾਣਗੇ
    ਕਿਉਂ ਜੋ ਉਹ ਹੱਥਾਂ ਨਾਲ ਫ਼ੜੇ ਨਹੀਂ ਜਾਂਦੇ।
7 ਜੇਕਰ ਕੋਈ ਮਨੁੱਖ ਉਨ੍ਹਾਂ ਨੂੰ ਛੂਹ ਲਵੇ ਤਾਂ
    ਉਹ ਛਿਲਤਰ ਜਾਂ ਸੂਈ ਵਾਂਗ ਕਿੱਲ ਵਾਂਗ ਚੁੱਭਦੇ ਹਨ।
ਹਾਂ ਉਹ ਲੋਕ ਕੰਡਿਆਂ ਵਰਗੇ ਹਨ
    ਉਹ ਅੱਗ ਵਿੱਚ ਝੋਂਕੇ ਜਾਣਗੇ
    ਅਤੇ ਪੂਰੀ ਤਰ੍ਹਾਂ ਸਾੜੇ ਜਾਣਗੇ।”
13 ਇੱਕ ਵਾਰ ਉਨ੍ਹਾਂ ਤੀਹਾਂ ਮੁਖੀਆਂ ਵਿੱਚੋਂ ਤਿੰਨ ਨਿਕਲ ਗਏ ਅਤੇ ਅਦੁਲਾਮ ਦੀ ਗੁਫ਼ਾ ਨੂੰ ਵਾਢੀਆਂ ਦੇ ਵਕਤ ਦਾਊਦ ਕੋਲ ਆਏ, ਅਤੇ ਫ਼ਲਿਸਤੀਆਂ ਦੇ ਦਲ ਨੇ ਰਫ਼ਾਈਮ ਦੀ ਵਾਦੀ ਵਿੱਚ ਤੰਬੂ ਲਾਏ ਹੋਏ ਸਨ।
14 ਇੰਝ ਹੀ ਇੱਕ ਵਾਰ, ਦਾਊਦ ਇੱਕ ਗੜ੍ਹੀ ਵਿੱਚ ਸੀ ਅਤੇ ਕੁਝ ਫ਼ਲਿਸਤੀ ਸਿਪਾਹੀ ਬੈਤਲਹਮ ਵਿੱਚ ਸਨ। 15 ਦਾਊਦ ਆਪਣੇ ਨਗਰ ਦਾ ਪਾਣੀ ਪੀਣ ਲਈ ਬਹੁਤ ਉਤਸੁਕ ਸੀ ਇਸ ਲਈ ਉਸ ਨੇ ਆਖਿਆ, “ਮੈਂ ਇੱਛਾ ਕਰਦਾ ਕਿ ਕਾਸ਼ ਕੋਈ ਮੈਨੂੰ ਬੈਤਲਹਮ ਦੇ ਪ੍ਰਵੇਸ਼ ਵਾਲੇ ਖੂਹ ਤੋਂ ਪਾਣੀ ਲਿਆਕੇ ਦੇਵੇ।” 16 ਪਰ ਉਨ੍ਹਾਂ ਤਿੰਨਾਂ ਨਾਇੱਕਾਂ ਨੇ ਫ਼ਲਿਸਤੀਆਂ ਦੇ ਡੇਰੇ ਦੇ ਵਿੱਚੋਂ ਦੀ ਲੰਘਕੇ ਬੈਤਲਹਮ ਦੇ ਖੂਹ ਤੋਂ ਪਾਣੀ ਭਰਿਆ, ਜਿਹੜਾ ਕਿ ਉਸੇ ਫ਼ਾਟਕ ਉੱਪਰ ਸੀ ਅਤੇ ਪਾਣੀ ਭਰਕੇ ਦਾਊਦ ਨੂੰ ਲਿਆਕੇ ਦਿੱਤਾ। ਪਰ ਦਾਊਦ ਨੇ ਉਹ ਪਾਣੀ ਨਾ ਪੀਤਾ ਸਗੋਂ ਉਸ ਨੂੰ ਭੇਟ ਵਜੋਂ ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ। 17 ਦਾਊਦ ਨੇ ਆਖਿਆ, “ਹੇ ਯਹੋਵਾਹ! ਮੈਂ ਇਹ ਪਾਣੀ ਨਹੀਂ ਪੀ ਸੱਕਦਾ, ਇਹ ਪਾਣੀ ਪੀਣਾ ਉਨ੍ਹਾਂ ਵੀਰ ਸੂਰਮਿਆਂ ਦਾ ਖੂਨ ਪੀਣ ਦੇ ਬਰਾਬਰ ਹੋਵੇਗਾ, ਜਿਨ੍ਹਾਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਮੇਰੇ ਲਈ ਇਹ ਪਾਣੀ ਲਿਆਂਦਾ ਹੈ।” ਇਸੇ ਕਾਰਣ ਦਾਊਦ ਨੇ ਪਾਣੀ ਪੀਣ ਤੋਂ ਇਨਕਾਰ ਕੀਤਾ। ਇੰਝ ਇਨ੍ਹਾਂ ਤਿੰਨਾਂ ਨਾਇੱਕਾਂ ਨੇ ਅਜਿਹੇ ਬੜੇ ਸੂਰਮਗਤੀ ਦੇ ਕਾਰਜ ਕੀਤੇ।
ਪੌਲੁਸ ਅਗ੍ਰਿਪਾ ਦੇ ਸਾਹਮਣੇ
13 ਕੁਝ ਦਿਨਾਂ ਬਾਅਦ, ਰਾਜਾ ਅਗ੍ਰਿਪਾ ਅਤੇ ਬਰਨੀਕੇ ਕੈਸਰਿਯਾ ਵਿੱਚ ਫ਼ੇਸਤੁਸ ਨਾਲ ਭੇਂਟ ਕਰਨ ਲਈ ਆਏ। 14 ਉਹ ਉੱਥੇ ਕਾਫ਼ੀ ਦਿਨ ਰੁਕੇ। ਫ਼ੇਸਤੁਸ ਨੇ ਪੌਲੁਸ ਦੇ ਮਾਮਲੇ ਬਾਰੇ ਰਾਜੇ ਨਾਲ ਚਰਚਾ ਕੀਤੀ ਅਤੇ ਆਖਿਆ, “ਇਥੇ ਇੱਕ ਆਦਮੀ ਹੈ ਜਿਸ ਨੂੰ ਫ਼ੇਲਿਕੁਸ ਨੇ ਕੈਦ ਵਿੱਚ ਰੱਖ ਛੱਡਿਆ ਹੈ। 15 ਜਦੋਂ ਮੈਂ ਯਰੂਸ਼ਲਮ ਵਿੱਚ ਗਿਆ ਤਾਂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਉਸ ਦੇ ਵਿਰੁੱਧ ਦੋਸ਼ ਲਗਾਏ। ਇਹ ਯਹੂਦੀ ਚਾਹੁੰਦੇ ਸਨ ਕਿ ਮੈਂ ਇਸ ਨੂੰ ਮਾਰ ਦੇਵਾਂ। 16 ਪਰ ਮੈਂ ਆਖਿਆ, ‘ਇਹ ਰੋਮੀਆਂ ਦਾ ਕਾਨੂੰਨ ਨਹੀਂ ਕਿ ਜਿੰਨਾ ਚਿਰ ਮਨੁੱਖ ਆਪਣੇ ਤੇ ਦੋਸ਼ ਲਾਉਣ ਵਾਲਿਆਂ ਦਾ ਸਾਹਮਣਾ ਨਹੀਂ ਕਰਦਾ ਅਤੇ ਉਸ ਨੂੰ ਉਸ ਦੇ ਖਿਲਾਫ਼ ਲਾਏ ਦੋਸ਼ਾਂ ਤੋਂ ਆਪਣੀ ਰੱਖਿਆ ਕਰਨ ਦਾ ਅਵਸਰ ਨਹੀਂ ਦਿੱਤਾ ਜਾਂਦਾ ਉਸ ਨੂੰ ਹਵਾਲੇ ਨਹੀਂ ਕੀਤਾ ਜਾਂਦਾ।’ 17 ਇਸ ਲਈ ਇਹ ਯਹੂਦੀ ਇੱਥੇ ਇਕੱਠੇ ਹੋਏ। ਮੈਂ ਮੁਨਸਫ਼ ਦੀ ਗੱਦੀ ਤੇ ਬੈਠਾ ਅਤੇ ਉਸ ਮਨੁੱਖ ਨੂੰ ਮੇਰੇ ਸਾਹਮਣੇ ਪੇਸ਼ ਕਰਨ ਦਾ ਆਦੇਸ਼ ਦਿੱਤਾ। 18 ਯਹੂਦੀ ਖੜ੍ਹੇ ਹੋਏ ਅਤੇ ਉਸਤੇ ਇਲਜ਼ਾਮ ਲਾਏ। ਪਰ ਉਨ੍ਹਾਂ ਨੇ ਉਸ ਉੱਤੇ ਅਜਿਹੇ ਕੋਈ ਦੋਸ਼ ਨਹੀਂ ਲਾਏ ਜੋ ਮੈਂ ਸੋਚੇ ਸਨ। 19 ਇਸਦੀ ਜਗ਼੍ਹਾ, ਇਹ ਸਭ ਉਨ੍ਹਾਂ ਦੇ ਧਰਮ ਦੇ ਮਾਮਲੇ ਅਤੇ ਯਿਸੂ ਨਾਂ ਦੇ ਆਦਮੀ ਬਾਰੇ ਸਨ। ਯਿਸੂ ਮਰ ਚੁੱਕਿਆ ਹੈ, ਪਰ ਪੌਲੁਸ ਨੇ ਆਖਿਆ ਕਿ ਉਹ ਹਾਲੇ ਵੀ ਜਿਉਂਦਾ ਹੈ। 20 ਮੈਨੂੰ ਇਨ੍ਹਾਂ ਗੱਲਾਂ ਬਾਰੇ ਬਹੁਤਾ ਪਤਾ ਨਹੀਂ ਸੀ ਇਸ ਲਈ ਮੈਂ ਜ਼ਿਆਦਾ ਸਵਾਲ ਨਾ ਕੀਤੇ ਪਰ ਮੈਂ ਪੌਲੁਸ ਨੂੰ ਪੁੱਛਿਆ, ‘ਕੀ ਤੂੰ ਯਰੂਸ਼ਲਮ ਜਾਕੇ ਉੱਥੇ ਨਿਆਂ ਪਾਉਣਾ ਚਾਹੁੰਦਾ ਹੈ?’ 21 ਪਰ ਪੌਲੁਸ ਨੇ ਚਾਹਿਆ ਕਿ ਉਸ ਨੂੰ ਕੈਸਰਿਯਾ ਵਿੱਚ ਹੀ ਰੱਖਿਆ ਜਾਵੇ। ਉਸ ਨੇ ਕੈਸਰ ਨੂੰ ਬੇਨਤੀ ਕੀਤੀ। ਸੋ ਮੈਂ ਹੁਕਮ ਦਿੱਤਾ ਕਿ ਪੌਲੁਸ ਨੂੰ ਉਦੋਂ ਤੱਕ ਨਜ਼ਰਬੰਦ ਰੱਖੋ ਜਦੋਂ ਤੱਕ ਮੈਂ ਉਸ ਨੂੰ ਰੋਮ ਵਿੱਚ ਕੈਸਰ ਕੋਲ ਨਾ ਭੇਜ ਦੇਵਾਂ।”
22 ਅਗ੍ਰਿਪਾ ਨੇ ਫ਼ੇਸਤੁਸ ਨੂੰ ਕਿਹਾ, “ਮੈਂ ਵੀ ਇਸ ਮਨੁੱਖ ਨੂੰ ਸੁਨਣਾ ਚਾਹੁੰਦਾ ਹਾਂ।” ਫ਼ੇਸਤੁਸ ਨੇ ਕਿਹਾ, “ਕੱਲ ਤੂੰ ਉਸ ਨੂੰ ਸੁਣ ਸੱਕਦਾ ਹੈਂ।”
23 ਅਗਲੇ ਦਿਨ ਅਗ੍ਰਿਪਾ ਅਤੇ ਬਰਨੀਕੇ ਵੱਡੀ ਧੂਮ-ਧਾਮ ਨਾਲ ਆਏ। ਉਹ ਦੋਨੋਂ ਅਤੇ ਸੈਨਾ ਦੇ ਮੁਖੀ ਅਤੇ ਖਾਸ-ਖਾਸ ਕੈਸਰਿਯਾ ਦੇ ਮਨੁੱਖ ਸਾਰੇ ਕਚਿਹਰੀ ਵਿੱਚ ਜਾ ਵੜੇ। ਫ਼ੇਸਤੁਸ ਨੇ ਪੌਲੁਸ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। 24 ਅਤੇ ਕਿਹਾ, “ਰਾਜਾ ਅਗ੍ਰਿਪਾ ਅਤੇ ਇੱਥੇ ਸਾਡੇ ਨਾਲ ਇਕੱਠੇ ਤੁਸੀਂ ਸਾਰੇ ਆਦਮੀਓ, ਇਸ ਮਨੁੱਖ ਵੱਲ ਵੇਖੋ। ਇੱਥੋਂ ਦੇ ਅਤੇ ਯਰੂਸ਼ਲਮ ਦੇ ਸਾਰੇ ਯਹੂਦੀਆਂ ਨੇ ਮੈਨੂੰ ਸ਼ਿਕਾਇਤ ਕੀਤੀ ਹੈ ਅਤੇ ਰੌਲਾ ਪਾਇਆ ਹੈ ਕਿ ਉਸ ਨੂੰ ਹੋਰ ਵੱਧੇਰੇ ਨਹੀਂ ਜਿਉਣਾ ਚਾਹੀਦਾ। 25 ਪਰ ਮੈਂ ਇਸਦੇ ਕਿਸੇ ਵੀ ਅਮਲ ਨੂੰ ਮੌਤ ਦੀ ਸਜ਼ਾ ਦਾ ਅਧਿਕਾਰੀ ਹੋਣ ਵਾਸਤੇ ਦੋਸ਼ੀ ਨਹੀਂ ਪਾਇਆ। ਪਰ ਉਸ ਨੇ ਖੁਦ ਕੈਸਰ ਨੂੰ ਬੇਨਤੀ ਕੀਤੀ, ਇਸ ਲਈ ਮੈਂ ਉਸ ਨੂੰ ਰੋਮ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ। 26 ਪਰ ਮੇਰੇ ਕੋਲ ਕੈਸਰ ਨੂੰ ਇਸ ਆਦਮੀ ਬਾਰੇ ਲਿਖਣ ਲਈ ਕੋਈ ਵਿਸ਼ੇਸ਼ ਗੱਲ ਨਹੀਂ ਹੈ। ਇਸੇ ਕਾਰਣ ਮੈਂ ਇਸ ਨੂੰ ਤੁਹਾਡੇ ਸਭ ਦੇ ਸਾਹਮਣੇ ਲਿਆਇਆ ਹਾਂ, ਖਾਸ ਕਰ, ਰਾਜਾ ਅਗ੍ਰਿਪਾ ਤੇਰੇ ਸਾਹਮਣੇ। ਤੇ ਮੈਂ ਉਮੀਦ ਕਰਦਾ ਹਾਂ ਕਿ ਤੂੰ ਉਸ ਨਾਲ ਸਵਾਲ ਜਵਾਬ ਕਰਕੇ ਮੈਨੂੰ ਦੱਸੇਗਾ ਤਾਂ ਜੋ ਮੈਂ ਕੈਸਰ ਨੂੰ ਕੁਝ ਲਿਖ ਸੱਕਾਂ। 27 ਮੈਂ ਸੋਚਦਾ ਹਾਂ ਕਿ ਇੱਕ ਕੈਦੀ ਤੇ ਦੋਸ਼ ਲਾਏ ਬਿਨਾ ਉਸ ਨੂੰ ਰੋਮ ਭੇਜਣਾ ਮੂਰੱਖਤਾ ਹੋਵੇਗੀ।”
ਮੰਦਰ ਦਾ ਭਵਿੱਖ ਵਿੱਚ ਹੋਣ ਵਾਲਾ ਵਿਨਾਸ਼(A)
13 ਜਦੋਂ ਯਿਸੂ ਮੰਦਰ ਵਾਲੀ ਥਾਂ ਛੱਡ ਕੇ ਜਾ ਰਿਹਾ ਸੀ ਤਾਂ ਉਸ ਦੇ ਇੱਕ ਚੇਲੇ ਨੇ ਕਿਹਾ, “ਗੁਰੂ ਜੀ ਵੇਖੋ! ਇਸ ਮੰਦਰ ਦੀਆਂ ਇਮਾਰਤਾਂ ਕਿੰਨੀਆਂ ਖੂਬਸੂਰਤ ਹਨ ਤੇ ਕਿੰਨੇ ਵੱਡੇ-ਵੱਡੇ ਪੱਥਰਾਂ ਦੀਆਂ ਬਣੀਆਂ ਹੋਈਆਂ ਹਨ!”
2 ਉਸ ਨੇ ਕਿਹਾ, “ਇਹ ਵੱਡੀਆਂ ਇਮਾਰਤਾਂ, ਜੋ ਤੂੰ ਵੇਖ ਰਿਹਾ ਹੈ, ਸਾਰੀਆਂ ਨਸ਼ਟ ਹੋ ਜਾਣਗੀਆਂ। ਇੱਕ-ਇੱਕ ਪੱਥਰ ਜ਼ਮੀਨ ਤੇ ਡਿੱਗ ਪਵੇਗਾ। ਇੱਕ ਵੀ ਪੱਥਰ ਦੂਜੇ ਉੱਤੇ ਖੜ੍ਹਾ ਨਹੀਂ ਰਹੇਗਾ।”
3 ਬਾਦ ਵਿੱਚ ਉਹ ਜੈਤੂਨ ਦੇ ਪਹਾੜ ਉੱਤੇ ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਯਾਸ ਨਾਲ ਇੱਕਲਾ ਬੈਠਾ ਸੀ। ਉਥੋ ਉਹ ਮੰਦਰ ਵੇਖ ਸੱਕਦੇ ਸਨ। ਤਾਂ ਉਨ੍ਹਾਂ ਚੇਲਿਆਂ ਨੇ ਉਸ ਨੂੰ ਪੁੱਛਿਆ। 4 “ਸਾਨੂੰ ਇਹ ਦੱਸ ਕਿ ਇਹ ਸਭ ਕਦੋਂ ਵਾਪਰੇਗਾ? ਅਤੇ ਇਸਦਾ ਕੀ ਸਬੂਤ ਹੈ ਕਿ ਇਹ ਸਭ ਵਾਪਰਣ ਵਾਲਾ ਹੈ?”
5 ਯਿਸੂ ਚੇਲਿਆਂ ਨੂੰ ਆਖਣ ਲੱਗਾ, “ਹੋਸ਼ਿਆਰ ਰਹੋ! ਕਿਸੇ ਨੂੰ ਵੀ ਆਪਣੇ-ਆਪ ਨੂੰ ਗੁਮਰਾਹ ਨਾ ਕਰਨ ਦਿਓ। 6 ਬਹੁਤ ਸਾਰੇ ਲੋਕ ਮੇਰੇ ਨਾਂ ਵਿੱਚ ਆਖਣਗੇ, ‘ਮੈਂ ਓਹੋ ਹਾਂ’ ਇਉ ਉਹ ਬਹੁਤ ਸਾਰੇ ਲੋਕਾਂ ਨੂੰ ਮੂਰਖ ਬਨਾਉਣਗੇ। 7 ਤੁਸੀਂ ਬਹੁਤ ਸਾਰੀਆਂ ਜੰਗਾਂ, ਜਿਹੜੀਆਂ ਕਿ ਹੋਣਗੀਆਂ, ਉਨ੍ਹਾਂ ਦੀਆਂ ਕਹਾਣੀਆਂ ਬਾਰੇ ਸੁਣੋਂਗੇ। ਪਰ ਤੁਸੀਂ ਘਬਰਾਉਣਾ ਨਾ। ਅੰਤ ਆਉਣ ਤੋਂ ਪਹਿਲਾਂ ਇਹ ਸਭ ਘਟਨਾਵਾਂ ਵਾਪਰਨੀਆਂ ਚਾਹੀਦੀਆਂ ਹਨ ਪਰ ਅੰਤ ਹਾਲੇ ਆਉਣ ਵਾਲਾ ਹੈ। 8 ਕਿਉਂਕਿ ਇੱਕ ਕੌਮ ਦੂਜੀ ਕੌਮ ਦੇ ਵਿਰੁੱਧ ਲੜੇਗੀ, ਇੱਕ ਰਾਜ ਇੱਕ ਰਾਜ ਦੂਜੇ ਰਾਜ ਦੇ ਵਿਰੁੱਧ ਲੜੇਗਾ। ਅਤੇ ਇੱਕ ਵਕਤ ਆਵੇਗਾ ਜਦੋਂ ਲੋਕਾਂ ਕੋਲ ਖਾਣ ਲਈ ਕੁਝ ਵੀ ਨਹੀਂ ਹੋਵੇਗਾ। ਧਰਤੀ ਦੇ ਵੱਖ-ਵੱਖ ਭਾਗਾਂ ਵਿੱਚ ਭੂਚਾਲ ਆਉਣਗੇ। ਇਹ ਗੱਲਾਂ ਸੂਤਕ ਦੇ ਦਰਦ ਵਰਗੀਆਂ ਹੋਣਗੀਆਂ।
9 “ਪਰ ਤੁਸੀਂ ਚੌਕਸ ਰਹਿਣਾ ਕਿਉਂਕਿ ਲੋਕ ਤੁਹਾਨੂੰ ਕਚਿਹਰੀਆਂ ਦੇ ਹਵਾਲੇ ਕਰਣਗੇ ਅਤੇ ਆਪਣੇ ਪ੍ਰਾਰਥਨਾ ਸਥਾਨਾਂ ਵਿੱਚ ਲਿਜਾਕੇ ਕੁੱਟਣਗੇ। ਤੁਹਾਨੂੰ ਰਾਜਿਆਂ ਅਤੇ ਹਾਕਮਾਂ ਦੇ ਅੱਗੇ ਮੇਰੇ ਕਾਰਣ ਖੜ੍ਹੇ ਕਰਨਗੇ ਅਤੇ ਤੁਸੀਂ ਮੇਰੇ ਬਾਰੇ ਗਵਾਹੀ ਦੇਵੋਂਗੇ। ਇਹ ਸਭ ਉਹ ਇਸ ਲਈ ਕਰਨਗੇ ਕਿਉਂਕਿ ਤੁਸੀਂ ਮੇਰਾ ਅਨੁਸਰਣ ਕਰਦੇ ਹੋ। 10 ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਇੰਜੀਲ ਦਾ ਪ੍ਰਚਾਰ ਸਾਰੀਆਂ ਕੌਮਾਂ ਨੂੰ ਕੀਤਾ ਜਾਵੇ। 11 ਜਦੋਂ ਉਹ ਤੁਹਾਨੂੰ ਗਿਰਫ਼ਤਾਰ ਕਰਨ ਅਤੇ ਕਚਿਹਰੀਆਂ ਦੇ ਹਵਾਲੇ ਕਰਨ ਤਾਂ ਤੁਸੀਂ ਅੱਗੋ ਹੀ ਚਿੰਤਾ ਨਾ ਕਰਨੀ ਕਿ ਅਸੀਂ ਕੀ ਕਹੀਏ। ਤੁਸੀਂ ਉਹੀ ਆਖਣਾ ਜੋ ਉਸ ਵਕਤ ਤੁਹਾਨੂੰ ਪਰਮੇਸ਼ੁਰ ਦੁਆਰਾ ਦੱਸਿਆ ਜਾਵੇਗਾ। ਇਹ ਤੁਸੀਂ ਨਹੀਂ ਬੋਲ ਰਹੇ ਹੋਵੋਂਗੇ, ਇਹ ਤੁਹਾਡੇ ਵਿੱਚੋਂ ਪਵਿੱਤਰ ਆਤਮਾ ਖੁਦ ਬੋਲੇਗਾ।
12 “ਭਰਾ-ਭਰਾ ਦੇ ਵਿਰੁੱਧ ਹੋਵੇਗਾ ਅਤੇ ਉਹ ਇੱਕ ਦੂਜੇ ਨੂੰ ਮਾਰਨ ਲਈ ਫ਼ੜਵਾਉਨਗੇ। ਪਿਓ ਆਪਣੇ ਬੱਚਿਆਂ ਦੇ ਖਿਲਾਫ਼ ਹੋਵੇਗਾ ਅਤੇ ਉਨ੍ਹਾਂ ਨੂੰ ਮਾਰਨ ਲਈ ਫ਼ੜਵਾਏਗਾ। ਇੰਝ ਹੀ, ਬੱਚੇ ਆਪਣੇ ਮਾਂ-ਬਾਪ ਦੇ ਵਿਰੁੱਧ ਹੋਣਗੇ ਅਤੇ ਉਨ੍ਹਾਂ ਨੂੰ ਮਾਰਨ ਲਈ ਫ਼ੜਵਾਉਣਗੇ। 13 ਮੇਰੇ ਕਾਰਣ ਸਭ ਲੋਕ ਤੁਹਾਨੂੰ ਨਫ਼ਰਤ ਕਰਨਗੇ। ਪਰ ਜਿਹੜਾ ਅੰਤ ਤੱਕ ਸਬਰ ਨਾਲ ਇਹ ਸਭ ਸਹੇਗਾ ਉਹੀ ਬਚਾਇਆ ਜਾਵੇਗਾ।
2010 by World Bible Translation Center