Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 140

ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।

140 ਯਹੋਵਾਹ, ਮੈਨੂੰ ਮੰਦੇ ਲੋਕਾਂ ਪਾਸੋਂ ਬਚਾਉ।
    ਜ਼ਾਲਮ ਲੋਕਾਂ ਤੋਂ ਮੇਰੀ ਰੱਖਿਆ ਕਰੋ।
    ਉਹ ਲੋਕ ਮੰਦੀਆਂ ਯੋਜਨਾਵਾਂ ਬਨਾਉਂਦੇ ਹਨ।
    ਉਹ ਲੋਕ ਹਰ ਵੇਲੇ ਲੜਾਈਆਂ ਛੇੜਦੇ ਹਨ।
ਉਨ੍ਹਾਂ ਦੀਆਂ ਜੀਭਾਂ ਜ਼ਹਿਰੀਲੇ ਸੱਪਾਂ ਵਰਗੀਆਂ ਹਨ।
    ਇਵੇਂ ਹੈ ਜਿਵੇਂ ਉਨ੍ਹਾਂ ਦੀ ਜੀਭ ਹੇਠਾਂ ਸੱਪ ਦਾ ਜ਼ਹਿਰ ਛੁਪਿਆ ਹੋਵੇ।

ਯਹੋਵਾਹ, ਮੈਨੂੰ ਬਦ ਲੋਕਾਂ ਤੋਂ ਬਚਾਉ।
    ਜ਼ਾਲਮ ਲੋਕਾਂ ਤੋਂ ਮੇਰੀ ਰੱਖਿਆ ਕਰੋ।
    ਉਹ ਲੋਕ ਮੇਰਾ ਪਿੱਛਾ ਕਰਦੇ ਹਨ ਅਤੇ ਮੈਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰਦੇ ਹਨ।
ਉਹ ਗੁਮਾਨੀ ਲੋਕ ਮੇਰੇ ਲਈ ਫ਼ੰਦੇ ਲਾਉਂਦੇ ਹਨ।
    ਉਹ ਮੈਨੂੰ ਫ਼ੜਨ ਲਈ ਜਾਲ ਲਾਉਂਦੇ ਹਨ।
    ਉਹ ਮੇਰੇ ਰਾਹ ਵਿੱਚ ਫ਼ੰਦਾ ਲਾਉਂਦੇ ਹਨ।

ਯਹੋਵਾਹ, ਤੁਸੀਂ ਮੇਰੇ ਪਰਮੇਸ਼ੁਰ ਹੋ।
    ਯਹੋਵਾਹ ਮੇਰੀ ਪ੍ਰਾਰਥਨਾ ਸੁਣੋ।
ਯਹੋਵਾਹ, ਤੁਸੀਂ ਮੇਰੇ ਸ਼ਕਤੀਸ਼ਾਲੀ ਮਾਲਕ ਹੋ।
ਤੁਸੀਂ ਮੇਰੇ ਮੁਕਤੀਦਾਤਾ ਹੋ।
    ਤੁਸੀਂ ਯੁੱਧ ਵਿੱਚ ਮੇਰੇ ਸਿਰ ਦੀ ਰੱਖਿਆ ਕਰ ਰਹੇ ਟੋਪ ਵਾਂਗ ਹੋ।
ਯਹੋਵਾਹ, ਉਹ ਲੋਕ ਬਦ ਹਨ।
ਉਨ੍ਹਾਂ ਨੂੰ ਉਹ ਨਾ ਦਿਉ ਜੋ ਉਹ ਮੰਗਦੇ ਹਨ।
    ਉਨ੍ਹਾਂ ਦੀਆਂ ਯੋਜਨਾਵਾਂ ਸਫ਼ਲ ਨਾ ਹੋਣ ਦਿਉ।

ਯਹੋਵਾਹ, ਮੇਰੇ ਦੁਸ਼ਮਣਾ ਨੂੰ ਨਾ ਜਿੱਤਣ ਦਿਉ।
    ਉਹ ਲੋਕ ਮੰਦੀਆਂ ਗੱਲਾਂ ਦੀਆਂ ਯੋਜਨਾਵਾਂ ਬਣਾਉਂਦੇ ਹਨ, ਪਰ ਕੁਝ ਅਜਿਹਾ ਕਰੋ ਕਿ ਮੰਦੀਆਂ ਗੱਲਾਂ ਉਨ੍ਹਾਂ ਨਾਲ ਹੀ ਵਾਪਰਨ।
10 ਉਨ੍ਹਾਂ ਦੇ ਸਿਰਾਂ ਉੱਤੇ ਭੱਖਦੇ ਕੋਲੇ ਵਰਸਾਉ।
    ਮੇਰੇ ਦੁਸ਼ਮਣਾਂ ਨੂੰ ਅੱਗ ਵਿੱਚ ਸੁੱਟ ਦਿਉ।
    ਉਨ੍ਹਾਂ ਨੂੰ ਖਾਈ (ਕਬਰ) ਵਿੱਚ ਸੁੱਟ ਦਿਉ ਜਿੱਥੇ ਉਹ ਕਦੇ ਵੀ ਨਾ ਨਿਕਲ ਸੱਕਣ।
11 ਯਹੋਵਾਹ, ਉਨ੍ਹਾਂ ਝੂਠਿਆ ਨੂੰ ਨਾ ਜਿਉਣ ਦਿਉ।
    ਉਨ੍ਹਾਂ ਮੰਦੇ ਲੋਕਾਂ ਨਾਲ ਮੰਦੀਆਂ ਗੱਲਾਂ ਵਾਪਰਨ ਦਿਉ।
12 ਮੈਂ ਜਾਣਦਾ ਹਾਂ ਕਿ ਯਹੋਵਾਹ ਨਿਰਪੱਖ ਹੋਕੇ ਗਰੀਬ ਲੋਕਾਂ ਬਾਰੇ ਨਿਆਂ ਕਰੇਗਾ।
    ਪਰਮੇਸ਼ੁਰ ਬੇਸਹਾਰਿਆਂ ਦੀ ਮਦਦ ਕਰੇਗਾ।
13 ਨੇਕ ਲੋਕ ਤੁਹਾਡੇ ਨਾਮ ਦੀ ਉਸਤਤਿ ਕਰਨਗੇ, ਯਹੋਵਾਹ।
    ਨੇਕ ਲੋਕ ਤੁਹਾਡੀ ਉਪਾਸਨਾ ਕਰਨਗੇ।

ਜ਼ਬੂਰ 142

ਦਾਊਦ ਦਾ ਇੱਕ ਭੱਗਤੀ ਗੀਤ। ਇਹ ਉਸ ਵੇਲੇ ਦੀ ਪ੍ਰਾਰਥਨਾ ਹੈ ਜਦੋਂ ਉਹ ਗੁਫ਼ਾ ਵਿੱਚ ਸੀ।

142 ਮੈਂ ਮਦਦ ਵਾਸਤੇ ਯਹੋਵਾਹ ਨੂੰ ਪੁਕਾਰਾਂਗਾ।
    ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ।
ਮੈਂ ਯਹੋਵਾਹ ਨੂੰ ਆਪਣੀਆਂ ਸੰਮਸਿਆਵਾਂ ਬਾਰੇ ਦੱਸਾਂਗਾ।
    ਮੈਂ ਯਹੋਵਾਹ ਨੂੰ ਆਪਣੀਆਂ ਮੁਸੀਬਤਾਂ ਬਾਰੇ ਦੱਸਾਂਗਾ।
ਮੇਰੇ ਦੁਸ਼ਮਣਾ ਨੇ ਮੇਰੇ ਲਈ ਫ਼ੰਦਾ ਲਾਇਆ ਹੈ।
    ਮੈਂ ਹਥਿਆਰ ਛੱਡਣ ਲਈ ਤਿਆਰ ਹਾਂ।
    ਪਰ ਯਹੋਵਾਹ ਜਾਣਦਾ ਹੈ ਕਿ ਮੇਰੇ ਨਾਲ ਕੀ ਵਾਪਰ ਰਿਹਾ ਹੈ।

ਮੈਂ ਚਾਰ-ਚੁਫ਼ੇਰੇ ਵੇਖਦਾ ਹਾਂ
    ਅਤੇ ਮੈਨੂੰ ਕੋਈ ਵੀ ਦੋਸਤ ਨਜ਼ਰ ਨਹੀਂ ਆਉਂਦਾ।
ਮੇਰੇ ਲਈ ਭੱਜਣ ਲਈ ਕੋਈ ਵੀ ਥਾਂ ਨਹੀਂ ਹੈ।
    ਕੋਈ ਵੀ ਬੰਦਾ ਮੈਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ।
ਇਸ ਲਈ ਮੈਂ ਰੋ-ਰੋ ਕੇ ਯਹੋਵਾਹ ਅੱਗੇ ਮਦਦ ਲਈ ਪ੍ਰਾਰਥਨਾ ਕਰਦਾ ਹਾਂ।
    “ਯਹੋਵਾਹ ਤੁਸੀਂ ਮੇਰਾ ਸੁਰੱਖਿਅਤ ਟਿਕਾਣਾ ਹੋ।
    ਯਹੋਵਾਹ, ਤੁਸੀਂ ਮੈਨੂੰ ਜਿਉਂਦਾ ਰਹਿਣ ਦੇ ਸੱਕਦੇ ਹੋ।”
ਯਹੋਵਾਹ, ਮੇਰੀ ਪ੍ਰਾਰਥਨਾ ਕਰੋ।
    ਮੈਨੂੰ ਤੁਹਾਡੀ ਬਹੁਤ ਲੋੜ ਹੈ।
ਮੈਨੂੰ ਲੋਕਾਂ ਕੋਲੋ ਬਚਾਉ ਜਿਹੜੇ ਮੇਰਾ ਪਿੱਛਾ ਕਰ ਰਹੇ ਹਨ।
    ਉਹ ਲੋਕ ਮੇਰੇ ਕੋਲੋਂ ਤਾਕਤਵਰ ਹਨ।
ਇਸ ਫ਼ੰਦੇ ਵਿੱਚੋਂ ਨਿਕਲਣ ਲਈ ਮੇਰੀ ਮਦਦ ਕਰੋ।
    ਤਾਂ ਜੋ ਮੈਂ ਤੁਹਾਡੇ ਨਾਮ ਦੀ ਉਸਤਤਿ ਕਰਾਂ।
ਅਤੇ ਚੰਗੇ ਲੋਕ ਮੇਰੇ ਨਾਲ ਜਸ਼ਨ ਮਨਾਉਣਗੇ,
    ਕਿਉਂ ਕਿ ਤੁਸੀਂ ਮੇਰਾ ਧਿਆਨ ਰੱਖਿਆ।

ਜ਼ਬੂਰ 141

ਦਾਊਦ ਦਾ ਇੱਕ ਉਸਤਤਿ ਗੀਤ।

141 ਯਹੋਵਾਹ, ਮੈਂ ਤੁਹਾਨੂੰ ਮਦਦ ਲਈ ਪੁਕਾਰਦਾ ਹਾਂ।
    ਮੈਨੂੰ ਸੁਣੋ ਜਦੋਂ ਮੈਂ ਤੁਹਾਨੂੰ ਪ੍ਰਾਰਥਨਾ ਕਰ ਰਿਹਾ ਹੋਵਾ।
    ਛੇਤੀ ਕਰੋ ਅਤੇ ਮੇਰੀ ਮਦਦ ਕਰੋ।
ਯਹੋਵਾਹ, ਮੇਰੀ ਪ੍ਰਾਰਥਨਾ ਮੰਨ ਲਵੋ।
ਇਹ ਬਲਦੀ ਹੋਈ ਧੂਫ਼ ਦੀ ਸੁਗਾਤ ਵਾਂਗ ਹੋਵੇ।
    ਇਹ ਸ਼ਾਮ ਵੇਲੇ ਦੀ ਬਲੀ ਵਾਂਗ ਹੋਵੇ।

ਯਹੋਵਾਹ, ਉਨ੍ਹਾਂ ਚੀਜ਼ਾਂ ਨੂੰ ਵੱਸ ਵਿੱਚ ਕਰਨ ਲਈ ਮੇਰੀ ਮਦਦ ਕਰੋ, ਜਿਨ੍ਹਾਂ ਬਾਰੇ ਮੈਂ ਆਖਦਾ ਹਾਂ।
    ਜੋ ਮੈਂ ਆਖਾ ਮੇਰੀ ਨਿਗਰਾਨੀ ਰੱਖਣ ਵਿੱਚ ਮਦਦ ਕਰੋ।
ਮੈਨੂੰ ਮੰਦੇ ਅਮਲ ਕਰਨ ਦੀ ਇੱਛਾ ਨਾ ਕਰਨ ਦਿਉ।
    ਮੈਨੂੰ ਉਹ ਚੀਜ਼ਾਂ ਸਾਂਝੀਆਂ ਨਾ ਕਰਨ ਦੇਵੋ
    ਜਿਹੜੀਆਂ ਉਹ ਦੁਸ਼ਟ ਲੋਕ ਕਰ ਰਹੇ ਹਨ।
ਇੱਕ ਚੰਗਾ ਬੰਦਾ ਮੈਨੂੰ ਸੁਧਾਰ ਸੱਕਦਾ ਹੈ।
    ਇਹ ਕਰਨਾ ਉਸਦੀ ਕਿੰਨੀ ਮਿਹਰਬਾਨੀ ਹੋਵੇਗੀ।
ਤੁਹਾਡੇ ਚੇਲੇ ਮੇਰੀ ਪੜਚੋਲ ਕਰ ਸੱਕਦੇ ਹਨ।
    ਉਨ੍ਹਾਂ ਲਈ ਉਹ ਕਰਨ ਵਾਲੀ ਚੰਗੀ ਗੱਲ ਹੋਵੇਗੀ।
    ਮੈਂ ਉਸ ਨੂੰ ਪ੍ਰਵਾਨ ਕਰ ਲਵਾਂਗਾ।
ਪਰ ਮੈਂ ਹਮੇਸ਼ਾ ਉਨ੍ਹਾਂ ਮੰਦੇ ਲੋਕਾਂ ਲਈ ਪ੍ਰਾਰਥਨਾ ਕਰਾਂਗਾ ਜੋ ਦੁਸ਼ਟ ਕਾਰੇ ਕਰਦੇ ਹਨ।
ਉਨ੍ਹਾਂ ਦੇ ਹਾਕਮ ਦੰਡਿਤ ਹੋਣ।
    ਫ਼ਿਰ ਲੋਕ ਜਾਣ ਲੈਣਗੇ ਕਿ ਮੈਂ ਸੱਚ ਬੋਲਿਆ ਸੀ।

ਲੋਕੀ ਖੁਦਾਈ ਕਰਦੇ ਹਨ ਅਤੇ ਧਰਤੀ ਉੱਤੇ ਹੱਲ ਚਲਾਉਂਦੇ ਹਨ।
    ਅਤੇ ਆਲੇ-ਦੁਆਲੇ ਮਿੱਟੀ ਉਡਾਉਂਦੇ ਹਨ।
    ਇਸੇ ਤਰ੍ਹਾਂ ਸਾਡੀਆਂ ਹੱਡੀਆਂ ਉਨ੍ਹਾਂ ਦੀ ਕਬਰ ਵਿੱਚ ਖਿੰਡ ਜਾਣਗੀਆਂ।
ਯਹੋਵਾਹ, ਮੇਰੇ ਮਾਲਕ, ਮੈਂ ਤੁਹਾਡੇ ਵੱਲ ਮਦਦ ਲਈ ਤੱਕਦਾ ਹਾਂ।
    ਮੈਨੂੰ ਤੁਹਾਡੇ ਉੱਤੇ ਵਿਸ਼ਵਾਸ ਹੈ, ਕਿਰਪਾ ਕਰਕੇ ਮੈਨੂੰ ਨਾ ਮਰਨ ਦੇਵੋ।
ਮੰਦੇ ਲੋਕਾਂ ਨੇ ਮੇਰੇ ਬਾਰੇ ਫ਼ੰਦੇ ਲਾਏ ਹੋਏ ਹਨ!
    ਮੈਨੂੰ ਉਨ੍ਹਾਂ ਦੇ ਫ਼ੰਦਿਆਂ ਵਿੱਚ ਨਾ ਫ਼ਸਣ ਦਿਉ। ਉਨ੍ਹਾਂ ਨੂੰ ਮੈਨੂੰ ਨਾ ਫ਼ਸਾਉਣ ਦਿਉ।
10 ਬਦਚਲਣੇ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਹੀ ਜਾਲਾਂ ਅੰਦਰ ਫ਼ਸਣ ਦਿਉ।
    ਜਦ ਕਿ ਮੈਂ ਬਿਨਾ ਖਤਰੇ ਤੋਂ ਨਿਕਲ ਜਾਵਾਂ।

ਜ਼ਬੂਰ 143

ਦਾਊਦ ਦਾ ਇੱਕ ਉਸਤਤਿ ਗੀਤ।

143 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
    ਮੇਰੀ ਪ੍ਰਾਰਥਨਾ ਕੰਨ ਲਾਕੇ ਸੁਣੋ।
ਅਤੇ ਫ਼ੇਰ ਮੇਰੀ ਪ੍ਰਾਰਥਨਾ ਮੰਨ ਲਵੋ।
    ਮੈਨੂੰ ਦਰਸਾਉ ਕਿ ਤੁਸੀਂ ਸੱਚਮੁੱਚ ਨੇਕ ਅਤੇ ਵਫ਼ਾਦਾਰ ਹੋ।
ਮੇਰੇ, ਆਪਣੇ ਸੇਵਕ ਬਾਰੇ ਨਿਆਂ ਨਾ ਕਰੋ।
    ਮੇਰੀ ਆਪਣੀ ਸਾਰੀ ਜ਼ਿੰਦਗੀ ਵਿੱਚ ਕਦੇ ਵੀ ਮੇਰਾ ਨਿਆਂ ਬੇਗੁਨਾਹ ਵਾਂਗ ਨਹੀਂ ਹੋਵੇਗਾ।
ਪਰ ਮੇਰੇ ਦੁਸ਼ਮਣ ਮੇਰਾ ਪਿੱਛਾ ਕਰ ਰਹੇ ਹਨ।
    ਉਨ੍ਹਾਂ ਨੇ ਮੇਰੇ ਜੀਵਨ ਨੂੰ ਮਿੱਟੀ ਵਿੱਚ ਰੋਲ ਦਿੱਤਾ ਹੈ।
ਉਹ ਮੈਨੂੰ ਹਨੇਰੀ ਕਬਰ ਅੰਦਰ ਉਨ੍ਹਾਂ ਲੋਕਾਂ ਵਾਂਗ ਧੱਕ ਰਹੇ ਹਨ,
    ਜਿਹੜੇ ਬਹੁਤ ਪਹਿਲਾਂ ਮਰ ਗਏ ਸਨ।
ਮੈਂ ਹਥਿਆਰ ਛੱਡਣ ਲਈ ਤਿਆਰ ਹਾਂ।
    ਮੈਂ ਆਪਣਾ ਹੌਂਸਲਾ ਗੁਆ ਰਿਹਾ ਹਾਂ।
ਪਰ ਮੈਂ ਉਹ ਗੱਲਾਂ ਯਾਦ ਕਰਦਾ ਹਾਂ, ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ।
    ਮੈਂ ਉਨ੍ਹਾਂ ਬਹੁਤ ਸਾਰੀਆਂ ਗੱਲਾਂ ਬਾਰੇ ਸੋਚ ਰਿਹਾ ਹਾਂ ਜਿਹੜੀਆਂ ਤੁਸਾਂ ਕੀਤੀਆਂ ਸਨ।
    ਮੈਂ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੀਆਂ ਤੁਸਾਂ ਆਪਣੀ ਮਹਾਨ ਸ਼ਕਤੀ ਨਾਲ ਕੀਤੀਆਂ ਸਨ!
ਯਹੋਵਾਹ, ਮੈਂ ਹੱਥ ਉਤਾਂਹ ਚੁੱਕਦਾ ਹਾਂ ਅਤੇ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
    ਮੈਂ ਤੁਹਾਡੀ ਮਦਦ ਲਈ ਇੰਤਜ਼ਾਰ ਕਰ ਰਿਹਾ ਹਾਂ।
    ਜਿਵੇਂ ਖੁਸ਼ਕ ਧਰਤੀ ਵਰੱਖਾ ਦਾ ਇੰਤਜ਼ਾਰ ਕਰਦੀ ਹੈ।

ਛੇਤੀ ਕਰੋ, ਯਹੋਵਾਹ, ਤੁਸੀਂ ਮੈਨੂੰ ਉੱਤਰ ਦੇਵੋ।
    ਮੈਂ ਆਪਣਾ ਹੌਂਸਲਾ ਗੁਆ ਚੁੱਕਿਆ ਹਾਂ।
ਮੈਥੋਂ ਨਾ ਮੁੜੋ।
    ਮੈਨੂੰ ਮਰਨ ਨਾ ਦਿਉ ਅਤੇ ਕਬਰ ਵਿੱਚ ਪਏ ਇੱਕ ਮੁਰਦੇ ਵਾਂਗ ਨਾ ਹੋਣ ਦਿਉ।
ਹੇ ਪਰਮੇਸ਼ੁਰ, ਤੜਕੇ, ਮੈਨੂੰ ਆਪਣਾ ਸੱਚਾ ਪਿਆਰ ਦਰਸਾ।
    ਮੈਂ ਤੇਰੇ ਵਿੱਚ ਯਕੀਨ ਰੱਖਾਂਗਾ।
ਮੈਨੂੰ ਉਹ ਗੱਲਾਂ ਦਰਸਾ ਜੋ ਮੈਨੂੰ ਕਰਨੀਆਂ ਚਾਹੀਦੀਆਂ ਹਨ।
    ਮੈਂ ਆਪਣੀ ਜ਼ਿੰਦਗੀ ਤੁਹਾਡੇ ਹੱਥਾਂ ਵਿੱਚ ਸੌਂਪਦਾ ਹਾਂ।
ਯਹੋਵਾਹ, ਮੈਂ ਤੁਹਾਡੇ ਕੋਲ ਸੁਰੱਖਿਆ ਲਈ ਆਇਆ ਹਾਂ,
    ਮੈਨੂੰ ਮੇਰੇ ਦੁਸ਼ਮਣਾ ਕੋਲੋਂ ਬਚਾਉ।
10 ਜੋ ਕੁਝ ਤੁਸੀਂ ਮੇਰੇ ਪਾਸੋਂ ਕਰਵਾਉਣਾ ਚਾਹੁੰਦੇ ਹੋ, ਮੈਨੂੰ ਦਰਸਾਉ।
    ਤੁਸੀਂ ਮੇਰੇ ਪਰਮੇਸ਼ੁਰ ਹੋ।
11 ਯਹੋਵਾਹ, ਮੈਨੂੰ ਜਿਉਣ ਦਿਉ।
    ਤਾਂ ਜੋ ਲੋਕ ਤੁਹਾਡੇ ਨਾਮ ਦੀ ਉਸਤਤਿ ਕਰਨ।
ਮੈਨੂੰ ਦਰਸਾਉ ਕਿ ਤੁਸੀਂ ਸੱਚਮੁੱਚ ਸ਼ੁਭ ਹੋ
    ਅਤੇ ਮੈਨੂੰ ਮੇਰੇ ਦੁਸ਼ਮਣਾ ਕੋਲੋਂ ਬਚਾਉ।
12 ਯਹੋਵਾਹ, ਮੈਨੂੰ ਆਪਣਾ ਪਿਆਰ ਦਰਸਾਉ।
    ਅਤੇ ਮੇਰੇ ਦੁਸ਼ਮਣਾ ਨੂੰ ਹਰਾ ਦਿਉ,
ਜਿਹੜੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ।
    ਕਿਉਂ? ਕਿਉਂਕਿ ਮੈਂ ਤੁਹਾਡਾ ਸੇਵਕ ਹਾਂ।

2 ਸਮੂਏਲ 19:24-43

ਮਫ਼ੀਬੋਸ਼ਥ ਦਾਊਦ ਨੂੰ ਵੇਖਣ ਗਿਆ

24 ਸ਼ਾਊਲ ਦਾ ਪੁੱਤਰ ਮਫ਼ੀਬੋਸ਼ਥ ਪਾਤਸ਼ਾਹ ਨੂੰ ਮਿਲਣ ਲਈ ਗਿਆ। ਜਿਸ ਦਿਨ ਦਾ ਪਾਤਸ਼ਾਹ ਨਿਕਲਿਆ ਸੀ ਉਸ ਨੇ ਉਸ ਦਿਨ ਤੀਕ ਜਦ ਤੀਕ ਕਿ ਉਹ ਸੁੱਖ ਨਾਲ ਵਾਪਸ ਨਹੀਂ ਮੁੜ ਆਇਆ ਨਾ ਹੀ ਆਪਣੇ ਪੈਰ ਧੋਤੇ ਸਨ ਤੇ ਨਾ ਹੀ ਆਪਣੀ ਦਾਹੜੀ ਸੁਆਰੀ ਸੀ ਅਤੇ ਨਾ ਹੀ ਆਪਣੇ ਵਸਤਰ ਧੁਆਏ ਸਨ। 25 ਅਤੇ ਅਜਿਹਾ ਹੋਇਆ ਕਿ ਜਦੋਂ ਉਹ ਪਾਤਸ਼ਾਹ ਨੂੰ ਮਿਲਣ ਨੂੰ ਯਰੂਸ਼ਲਮ ਵਿੱਚ ਆਇਆ ਤਾਂ ਪਾਤਸ਼ਾਹ ਨੇ ਆਖਿਆ, “ਮਫ਼ੀਬੋਸ਼ਥ, ਜਦੋਂ ਮੈਂ ਯਰੂਸ਼ਲਮ ਤੋਂ ਭਜਿਆ ਸੀ ਤੂੰ ਮੇਰੇ ਨਾਲ ਕਿਉਂ ਨਾ ਭਜਿਆ?”

26 ਮਫ਼ੀਬੋਸ਼ਥ ਨੇ ਆਖਿਆ, “ਮੇਰੇ ਮਹਾਰਾਜ ਪਾਤਸ਼ਾਹ! ਮੇਰੇ ਨੌਕਰ ਨੇ ਮੇਰੇ ਨਾਲ ਚਾਲ ਖੇਡੀ। ਜਿਵੇਂ ਤੁਸੀਂ ਜਾਣਦੇ ਹੋ ਕਿ ਮੈਂ ਲੰਗਾ ਹਾਂ ਸੋ ਮੈਂ ਆਪਣੇ ਸੇਵਕ ਸੀਬਾ ਨੂੰ ਕਿਹਾ ਕਿ ‘ਜਾ ਤੇ ਖੋਤੇ ਤੇ ਕਾਠੀ ਚੜ੍ਹਾ ਤਾਂ ਜੋ ਮੈਂ ਇਸ ਤੇ ਸਵਾਰ ਹੋਕੇ ਪਾਤਸ਼ਾਹ ਨਾਲ ਜਾਵਾਂ।’ 27 ਪਰ ਮੇਰੇ ਨੌਕਰ ਨੇ ਮੇਰੇ ਨਾਲ ਛਲ ਕੀਤਾ। ਉਹ ਸਿਰਫ਼ ਤੁਹਾਡੇ ਕੋਲ ਆਇਆ ਅਤੇ ਮੇਰੇ ਖਿਲਾਫ਼ ਤੁਹਾਡੇ ਕੰਨ ਭਰ ਦਿੱਤੇ। ਪਰ ਮੇਰੇ ਮਹਾਰਾਜ ਅਤੇ ਪਾਤਸ਼ਾਹ, ਤੂੰ ਤਾਂ ਯਹੋਵਾਹ ਵੱਲੋਂ ਭੇਜੇ ਦੂਤ ਜਿਹਾ ਹੈਂ। ਸੋ ਤੁਹਾਨੂੰ ਜਿਵੇਂ ਮੁਨਾਸਿਬ ਲੱਗੇ ਉਹੀ ਕਰੋ। 28 ਕਿਉਂ ਜੋ ਮੇਰੇ ਪਿਤਾ ਦਾ ਸਾਰਾ ਪਰਿਵਾਰ ਮੇਰੇ ਮਹਾਰਾਜ ਦੇ ਅੱਗੇ ਮੁਰਦਿਆਂ ਵਰਗਾ ਸੀ, ਪਰ ਤੁਸੀਂ ਆਪਣੇ ਸੇਵਕ ਨੂੰ ਉਨ੍ਹਾਂ ਨਾਲ ਬਿਠਾਇਆ, ਜੋ ਤੁਹਾਡੇ ਲੰਗਰ ਵਿੱਚ ਰੋਟੀ ਖਾਂਦੇ ਸਨ। ਤਾਂ ਫ਼ਿਰ ਪਾਤਸ਼ਾਹ ਦੇ ਅੱਗੇ ਹੋਰ ਦੁਹਾਈ ਕਰਨ ਨੂੰ ਭਲਾ ਮੇਰਾ ਕੀ ਅਧਿਕਾਰ ਹੈ?”

29 ਪਾਤਸ਼ਾਹ ਨੇ ਮਫ਼ੀਬੋਸ਼ਥ ਨੂੰ ਆਖਿਆ, “ਤੂੰ ਆਪਣੀਆਂ ਔਕੜਾਂ ਬਾਰੇ ਬਹੁਤਾਂ ਨਾ ਆਖੀ ਜਾ। ਮੈਂ ਤਾਂ ਫ਼ੈਸਲਾ ਕਰ ਚੁੱਕਿਆ ਹਾਂ ਕਿ ਤੂੰ ਅਤੇ ਸੀਬਾ ਇਸ ਪੈਲੀ ਨੂੰ ਵੰਡ ਲਵੋ।”

30 ਮਫ਼ੀਬੋਸ਼ਥ ਨੇ ਪਾਤਸ਼ਾਹ ਨੂੰ ਕਿਹਾ, “ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ। ਸਾਡੇ ਲਈ ਇਹੀ ਕਾਫ਼ੀ ਹੈ ਕਿ ਤੁਸੀਂ ਘਰ ਸ਼ਾਂਤੀ ਨਾਲ ਵਾਪਸ ਆਏ ਹੋ ਸਗੋਂ ਉਹ ਪੈਲੀ ਭਾਵੇਂ ਸਾਰੀ ਸੀਬਾ ਨੂੰ ਹੀ ਦੇ ਦੇਵੋ।”

ਦਾਊਦ ਦਾ ਬਰਜ਼ਿੱਲਈ ਨੂੰ ਨਾਲ ਆਉਣ ਲਈ ਕਹਿਣਾ

31 ਬਰਜ਼ਿੱਲਈ ਗਿਲਆਦੀ ਰੋਗਲੀਮ ਤੋਂ ਆਕੇ ਉਸ ਨੂੰ ਯਰਦਨੋਂ ਪਾਰ ਪਹੁੰਚਾਉਣ ਲਈ ਪਾਤਸ਼ਾਹ ਦੇ ਨਾਲ ਯਰਦਨੋਂ ਪਾਰ ਗਿਆ। 32 ਬਰਜ਼ਿੱਲਈ ਬੜਾ ਬੁੱਢਾ, 80 ਵਰ੍ਹਿਆਂ ਦਾ ਬਜ਼ੁਰਗ ਸੀ। ਉਸ ਨੇ ਪਾਤਸ਼ਾਹ ਨੂੰ ਜਦੋਂ ਉਹ ਮਹਨਇਮ ਵਿੱਚ ਪਿਆ ਸੀ ਤਾਂ ਰਸਤ-ਪਾਣੀ ਪਹੁੰਚਾਇਆ ਸੀ ਕਿਉਂ ਕਿ ਉਹ ਬੜਾ ਅਮੀਰ ਆਦਮੀ ਸੀ। 33 ਦਾਊਦ ਨੇ ਬਰਜ਼ਿੱਲਈ ਨੂੰ ਕਿਹਾ, “ਚੱਲ, ਮੇਰੇ ਨਾਲ ਯਰਦਨ ਦੇ ਪਾਰ ਚੱਲ। ਉੱਥੇ ਆਪਣੇ ਨਾਲ ਮੈਂ ਤੇਰਾ ਖਿਆਲ ਰੱਖਾਂਗਾ ਜੇਕਰ ਤੂੰ ਉੱਥੇ ਯਰੂਸ਼ਲਮ ਵਿੱਚ ਮੇਰੇ ਨਾਲ ਰਹੇਁਗਾ।”

34 ਪਰ ਬਰਜ਼ਿੱਲਈ ਨੇ ਪਾਤਸ਼ਾਹ ਨੂੰ ਆਖਿਆ, “ਤੂੰ ਜਾਣਦਾ ਹੈਂ ਕਿ ਇਸ ਵਕਤ ਮੇਰੀ ਉਮਰ ਕਿੰਨੀ ਹੈ? ਤੂੰ ਕੀ ਸੋਚਦਾ ਹੈਂ ਕਿ ਮੈਂ ਇਸ ਉਮਰੇ ਤੇਰੇ ਨਾਲ ਯਰੂਸ਼ਲਮ ਜਾ ਸੱਕਦਾ ਹਾਂ? 35 ਮੈਂ 80 ਸਾਲਾਂ ਦਾ ਹੋ ਗਿਆ ਹਾਂ। ਮੈਂ ਇੰਨਾ ਬੁੱਢਾ ਹਾਂ ਕਿ ਇਹ ਵੀ ਨਹੀਂ ਦੱਸ ਸੱਕਦਾ ਕਿ ਕਿਹੜਾ ਚੰਗਾ ਹੈ ਅਤੇ ਕਿਹੜਾ ਮਾੜਾ। ਮੈਂ ਇੰਨਾ ਬੁੱਢਾ ਹੋ ਗਿਆ ਹਾਂ ਕਿ ਮੈਂ ਸਵਾਦ ਵੀ ਨਹੀਂ ਵੇਖ ਸੱਕਦਾ ਕਿ ਮੈਂ ਕੀ ਖਾਂਦਾ ਹਾਂ ਜਾਂ ਕੀ ਪੀਂਦਾ ਹਾਂ। ਮੈਂ ਇੰਨਾ ਬੁੱਢਾ ਹੋ ਗਿਆ ਹਾਂ ਕਿ ਔਰਤਾਂ ਦੇ ਗਾਉਣ ਵਿੱਚ ਅਤੇ ਆਦਮੀਆਂ ਦੇ ਗਾਉਣ ਵਿੱਚ ਵੀ ਫ਼ਰਕ ਨਹੀਂ ਕਰ ਸੱਕਦਾ। ਤਾਂ ਫਿਰ ਤੈਨੂੰ ਮੇਰੇ ਬਾਰੇ ਫ਼ਿਕਰ ਕਰਨ ਦੀ ਕੀ ਲੋੜ ਹੈ? 36 ਜੋ ਕੁਝ ਤੂੰ ਮੈਨੂੰ ਬਖਸ਼ਣਾ ਚਾਹੁੰਦਾ ਹੈਂ ਦਰਅਸਲ ਮੈਨੂੰ ਕੁਝ ਵੀ ਨਹੀਂ ਚਾਹੀਦਾ ਇਸ ਲਈ ਮੈਂ ਯਰਦਨ ਪਾਰ ਤੱਕ ਤੇਰੇ ਨਾਲ ਜਾਵਾਂਗਾ। 37 ਪਰ ਮਿਹਰਬਾਨੀ ਕਰਕੇ ਤੂੰ ਮੈਨੂੰ ਘਰ ਨੂੰ ਪਰਤਨ ਦੇਵੀਂ। ਤਦ ਮੈਂ ਆਪਣੇ ਸ਼ਹਿਰ ਵਿੱਚ ਅਰਾਮ ਨਾਲ ਮਰ ਸੱਕਾਂਗਾ ਅਤੇ ਆਪਣੇ ਮਾਤਾ-ਪਿਤਾ ਦੀ ਕਬਰ ਦੇ ਨਾਲ ਹੀ ਦਫ਼ਨਾਇਆ ਜਾਵਾਂਗਾ। ਪਰ ਇੱਥੇ ਕਿਮਹਾਮ ਤੁਹਾਡਾ ਸੇਵਕ ਹੈ, ਉਹ ਮੇਰੇ ਮਹਾਰਾਜ ਪਾਤਸ਼ਾਹ ਦੇ ਨਾਲ ਜਾਵੇ, ਅਤੇ ਜੋ ਕੁਝ ਜਿਵੇਂ ਤੈਨੂੰ ਚੰਗਾ ਲੱਗੇ ਤੂੰ ਉਸ ਨਾਲ ਕਰੀਂ।”

38 ਪਾਤਸ਼ਾਹ ਨੇ ਜਵਾਬ ਦਿੱਤਾ, “ਕਿਮਹਾਮ ਮੇਰੇ ਨਾਲ ਪਾਰ ਚੱਲੇਗਾ ਅਤੇ ਜੋ ਕੁਝ ਤੈਨੂੰ ਚੰਗਾ ਲੱਗੇ ਮੈਂ ਉਹੀ ਉਸ ਨਾਲ ਕਰਾਂਗਾ ਅਤੇ ਜੋ ਕੁਝ ਤੂੰ ਮੇਰੇ ਕੋਲੋਂ ਮੰਗੇ ਮੈਂ ਉਹੀ ਤੈਨੂੰ ਦੇਵਾਂਗਾ।”

ਦਾਊਦ ਦਾ ਘਰ ਵਾਪਸ ਮੁੜਨਾ

39 ਪਾਤਸ਼ਾਹ ਨੇ ਫ਼ੇਰ ਬਰਜ਼ਿੱਲਈ ਨੂੰ ਚੁੰਮਿਆ ਅਤੇ ਅਸੀਸ ਦਿੱਤੀ ਅਤੇ ਬਰਜ਼ਿੱਲਈ ਘਰ ਨੂੰ ਮੁੜ ਆਇਆ ਅਤੇ ਪਾਤਸ਼ਾਹ ਅਤੇ ਹੋਰ ਸਾਰੇ ਲੋਕ ਦਰਿਆ ਪਾਰ ਕਰ ਗਏ।

40 ਤਦ ਪਾਤਸ਼ਾਹ ਗਿਲਗਾਲ ਵੱਲ ਤੁਰਿਆ ਅਤੇ ਕਿਮਹਾਮ ਵੀ ਉਸ ਦੇ ਨਾਲ ਗਿਆ। ਯਹੂਦਾਹ ਦੇ ਸਭ ਲੋਕ ਅਤੇ ਇਸਰਾਏਲ ਦੇ ਲੋਕਾਂ ਵਿੱਚੋਂ ਅੱਧੇ ਲੋਕ ਪਾਤਸ਼ਾਹ ਦੇ ਨਾਲ ਗਏ।

ਇਸਰਾਏਲੀਆਂ ਦੀ ਯਹੂਦਾਹ ਦੇ ਲੋਕਾਂ ਨਾਲ ਬਹਿਸ

41 ਸਾਰੇ ਇਸਰਾਏਲੀ ਇਕੱਠੇ ਹੋਕੇ ਪਾਤਸ਼ਾਹ ਕੋਲ ਆਏ। ਉਨ੍ਹਾਂ ਨੇ ਪਾਤਸ਼ਾਹ ਨੂੰ ਕਿਹਾ, “ਸਾਡੇ ਹੀ ਭਰਾ, ਯਹੂਦਾਹ ਦੇ ਮਨੁੱਖ ਤੁਹਾਨੂੰ ਕਿਸ ਲਈ ਚੜ੍ਹਾ ਲਿਆਏ, ਅਤੇ ਜਾਕੇ ਪਾਤਸ਼ਾਹ ਨੂੰ, ਉਸ ਦੇ ਪਰਿਵਾਰ ਨੂੰ, ਦਾਊਦ ਦੇ ਨਾਲ ਦੇ ਸਾਰੇ ਲੋਕਾਂ ਨੂੰ ਯਰਦਨੋ ਪਾਰ ਲੈ ਆਏ?”

42 ਤਦ ਯਹੂਦਾਹ ਸਾਰੇ ਲੋਕਾਂ ਨੇ ਇਸਰਾਏਲੀਆਂ ਨੂੰ ਉੱਤਰ ਦਿੱਤਾ, “ਇਸ ਲਈ ਕਿਉਂ ਕਿ ਪਾਤਸ਼ਾਹ ਸਾਡੇ ਨੇੜੇ ਦਾ ਸਾਕ ਹੈ, ਤਾਂ ਇਸ ਗੱਲ ਲਈ ਤੁਸੀਂ ਕਾਹਨੂੰ ਔਖੇ ਹੁੰਦੇ ਹੋ? ਕੀ ਭਲਾ ਅਸੀਂ ਪਾਤਸ਼ਾਹ ਦਾ ਕੁਝ ਖਾ ਲਿਆ ਹੈ? ਜਾਂ ਉਸ ਨੇ ਸਾਨੂੰ ਕੋਈ ਤੋਹਫ਼ੇ ਦੇ ਦਿੱਤੇ ਹਨ?”

43 ਇਸਰਾਏਲੀਆਂ ਨੇ ਉੱਤਰ ਦਿੱਤਾ, “ਪਾਤਸ਼ਾਹ ਵਿੱਚ ਸਾਡੀਆਂ ਦਸ ਵੰਡਾਂ ਹਨ ਇਸ ਲਈ ਤੁਹਾਡੇ ਨਾਲੋਂ ਦਾਊਦ ਉੱਪਰ ਸਾਡਾ ਹੱਕ ਵੱਧੇਰੇ ਹੈ। ਫ਼ਿਰ ਤੁਸੀਂ ਸਾਨੂੰ ਕਿਉਂ ਤੁੱਛ ਸਮਝਦੇ ਹੋ? ਅਸੀਂ ਹੀ ਸਗੋਂ ਪਾਤਸ਼ਾਹ ਨੂੰ ਘਰ ਵਾਪਸ ਮੋੜ ਲਿਆਉਣ ਦੀ ਸਲਾਹ ਪਹਿਲਾਂ ਦਿੱਤੀ ਸੀ।”

ਪਰ ਯਹੂਦਾਹ ਦੇ ਲੋਕਾਂ ਨੇ ਇਸਰਾਏਲੀਆਂ ਨੂੰ ਬੜਾ ਮਾੜਾ ਜਵਾਬ ਦਿੱਤਾ। ਯਹੂਦਾਹ ਦੇ ਲੋਕਾਂ ਦਾ ਜਵਾਬ ਇਸਰਾਏਲੀਆਂ ਨਾਲੋਂ ਬਹੁਤ ਤੱਤਾ ਅਤੇ ਮੰਦਾ ਸੀ।

ਰਸੂਲਾਂ ਦੇ ਕਰਤੱਬ 24:24-25:12

ਪੌਲੁਸ ਦੀ ਫ਼ੇਲਿਕੁਸ ਅਤੇ ਉਸਦੀ ਪਤਨੀ ਨਾਲ ਗੱਲ-ਬਾਤ

24 ਕੁਝ ਦਿਨਾਂ ਬਾਅਦ, ਫ਼ੇਲਿਕੁਸ ਆਪਣੀ ਪਤਨੀ, ਦਰੂਸਿੱਲਾ, ਨਾਲ ਖੁਦ ਆਇਆ, ਜੋ ਕਿ ਯਹੂਦਣ ਸੀ। ਅਤੇ ਉਸ ਨੇ ਪੌਲੁਸ ਨੂੰ ਬੁਲਾਵਾ ਭੇਜਿਆ ਅਤੇ ਉਸ ਕੋਲੋਂ ਮਸੀਹ ਯਿਸੂ ਉੱਪਰ ਵਿਸ਼ਵਾਸ ਕਰਨ ਦੇ ਬਾਰੇ ਸੁਣਿਆ। 25 ਪਰ ਫ਼ੇਲਿਕੁਸ ਘਬਰਾ ਗਿਆ ਜਦੋਂ ਪੌਲੁਸ ਨੇ ਧਰਮੀ ਜੀਵਨ ਅਤੇ ਸੰਜਮ ਅਤੇ ਭਵਿੱਖ ਵਿੱਚ ਹੋਣ ਵਾਲੇ ਨਿਆਂ ਬਾਰੇ ਦੱਸਿਆ। ਤਾਂ ਫ਼ੇਲਿਕੁਸ ਨੇ ਕਿਹਾ, “ਹੁਣ ਤੂੰ ਜਾ। ਫ਼ਿਰ ਜਦੋਂ ਮੇਰੇ ਪਾਸ ਖੁਲ੍ਹਾ ਵਕਤ ਹੋਵੇਗਾ ਮੈਂ ਤੈਨੂੰ ਬੁਲਾਵਾਂਗਾ।” 26 ਪਰ ਫ਼ੇਲਿਕੁਸ ਦਾ ਉਸ ਨਾਲ ਗੱਲ-ਬਾਤ ਕਰਨ ਦਾ ਕਾਰਣ ਕੁਝ ਹੋਰ ਸੀ। ਉਹ ਸੋਚ ਰਿਹਾ ਸੀ ਕਿ ਸ਼ਾਇਦ ਪੌਲੁਸ ਕੁਝ ਰਿਸ਼ਵਤ ਦੇਵੇਗਾ ਇਸੇ ਕਰਕੇ ਉਸ ਨੇ ਉਸ ਨੂੰ ਬਹੁਤ ਵਾਰ ਬੁਲਾਇਆ ਅਤੇ ਉਸ ਨਾਲ ਗੱਲ-ਬਾਤ ਕੀਤੀ।

27 ਪਰ ਦੋ ਸਾਲ ਬਾਅਦ ਪੁਰਕਿਯੁਸ ਫ਼ੇਸਤੁਸ ਫ਼ੇਲਿਕੁਸ ਦੀ ਥਾਂ ਹਾਕਮ ਬਣ ਗਿਆ। ਇਸ ਲਈ ਹੁਣ ਫ਼ੇਲਿਕੁਸ ਹਾਕਮ ਨਾ ਰਿਹਾ। ਫ਼ੇਲਿਕੁਸ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਜੋ ਯਹੂਦੀਆਂ ਨੂੰ ਪ੍ਰਸੰਨ ਕਰੇ। ਇਸ ਲਈ ਉਸ ਨੇ ਪੌਲੁਸ ਨੂੰ ਕੈਦ ਵਿੱਚ ਹੀ ਰਹਿਣ ਦਿੱਤਾ।

ਪੌਲੁਸ ਕੈਸਰ ਦੀ ਦੁਹਾਈ ਦਿੰਦਾ ਹੈ

25 ਫ਼ੇਸਤੁਸ ਰਾਜਪਲ ਬਣ ਗਿਆ, ਤਿੰਨਾਂ ਦਿਨਾਂ ਬਾਅਦ ਉਹ ਕੈਸਰਿਯਾ ਤੋਂ ਯਰੂਸ਼ਲਮ ਨੂੰ ਗਿਆ। ਪਰਧਾਨ ਜਾਜਕਾਂ ਅਤੇ ਖਾਸ ਯਹੂਦੀ ਆਗੂਆਂ ਨੇ ਫ਼ੇਸਤੁਸ ਦੇ ਅੱਗੇ ਪੌਲੁਸ ਦੇ ਖਿਲਾਫ਼ ਦੋਸ਼ ਲਗਾਏ। ਉਨ੍ਹਾਂ ਨੇ ਫ਼ੇਸਤੁਸ ਨੂੰ ਆਖਿਆ ਕਿ ਉਨ੍ਹਾਂ ਲਈ ਪੌਲੁਸ ਨੂੰ ਮੁੜ ਯਰੂਸ਼ਲਮ ਵਿੱਚ ਭੇਜਣ ਦੀ ਮੇਹਰਬਾਨੀ ਕਰੇ ਕਿਉਂਕਿ ਉਨ੍ਹਾਂ ਨੇ ਪੌਲੁਸ ਨੂੰ ਰਾਹ ਵਿੱਚ ਕਤਲ ਕਰਨ ਦੀ ਸਾਜਿਸ਼ ਬਣਾਈ ਹੋਈ ਸੀ। ਪਰ ਫ਼ੇਸਤੁਸ ਨੇ ਉੱਤਰ ਦਿੱਤਾ, “ਪੌਲੁਸ ਨੂੰ ਕੈਸਰਿਯਾ ਵਿੱਚ ਰੱਖਿਆ ਜਾਵੇਗਾ, ਮੈਂ ਖੁਦ ਹੀ ਜਲਦੀ ਕੈਸਰਿਯਾ ਨੂੰ ਵਾਪਸ ਜਾਵਾਗਾ। ਤੁਹਾਡੇ ਕੁਝ ਆਗੂ ਮੇਰੇ ਨਾਲ ਚਲਣ ਉਹ ਉੱਥੇ ਪੌਲੁਸ ਨੂੰ ਦੋਸ਼ੀ ਸਾਬਤ ਕਰਨ ਜੇਕਰ ਉਸ ਨੇ ਸੱਚ ਮੁੱਚ ਕੋਈ ਗਲਤੀ ਕੀਤੀ ਹੈ ਤਾਂ ਉਹ ਉਸ ਤੇ ਕੈਸਰਿਯਾ ਵਿੱਚ ਇਲਜ਼ਾਮ ਲਾ ਸੱਕਦੇ ਹਨ।”

ਫ਼ੇਸਤੁਸ ਅੱਠ-ਦਸ ਦਿਨ ਹੋਰ ਯਰੂਸ਼ਲਮ ਵਿੱਚ ਹੀ ਰੁਕਿਆ ਫ਼ਿਰ ਵਾਪਸ ਕੈਸਰਿਯਾ ਨੂੰ ਪਰਤਿਆ। ਅਗਲੇ ਦਿਨ ਫ਼ੇਸਤੁਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਪੌਲੁਸ ਨੂੰ ਉਸ ਦੇ ਸਾਹਮਣੇ ਹਾਜਰ ਕਰਨ। ਫ਼ੇਸਤੁਸ ਅਦਾਲਤ ਦੀ ਗੱਦੀ ਤੇ ਬੈਠਾ ਸੀ। ਪੌਲੁਸ ਉਸ ਕਮਰੇ ਵਿੱਚ ਆਇਆ। ਜਿਹੜੇ ਯਹੂਦੀ ਯਰੂਸ਼ਲਮ ਤੋਂ ਆਏ ਸਨ ਉਸ ਦੇ ਆਸ-ਪਾਸ ਖੜ੍ਹੇ ਸਨ। ਉਨ੍ਹਾਂ ਨੇ ਪੌਲੁਸ ਦੇ ਖਿਲਾਫ਼ ਕਈ ਤਕੜੇ ਇਲਜ਼ਾਮ ਲਾਏ, ਪਰ ਉਨ੍ਹਾਂ ਵਿੱਚੋਂ ਇੱਕ ਵੀ ਇਲਜ਼ਾਮ ਨੂੰ ਸਾਬਿਤ ਨਾ ਕਰ ਸੱਕੇ। ਪਰ ਪੌਲੁਸ ਨੇ ਆਪਣੀ ਸਫ਼ਾਈ ਵਿੱਚ ਇਹੀ ਕਿਹਾ, “ਮੈਂ ਯਹੂਦੀ ਸ਼ਰ੍ਹਾ, ਮੰਦਰ ਜਾਂ, ਕੈਸਰ ਦੇ ਵਿਰੋਧ ਕੋਈ ਵੀ ਗਲਤ ਕੰਮ ਨਹੀਂ ਕੀਤਾ।”

ਪਰ ਫ਼ੇਸਤੁਸ ਯਹੂਦੀਆਂ ਨੂੰ ਖੁਸ਼ ਕਰਨਾ ਚਾਹੁੰਦਾ ਸੀ ਤਾਂ ਉਸ ਨੇ ਪੌਲੁਸ ਨੂੰ ਕਿਹਾ, “ਕੀ ਤੂੰ ਯਰੂਸ਼ਲਮ ਵਿੱਚ ਜਾਣਾ ਚਾਹੁੰਦਾ ਹੈਂ? ਕੀ ਤੂੰ ਚਾਹੁੰਦਾ ਹੈ ਕਿ ਮੈਂ ਉੱਥੇ ਇਨ੍ਹਾਂ ਦੋਸ਼ਾਂ ਉੱਪਰ ਤੇਰਾ ਨਿਆਂ ਕਰਾਂ?”

10 ਪੌਲੁਸ ਨੇ ਕਿਹਾ, “ਇਸ ਵਕਤ ਮੈਂ ਕੈਸਰੀ ਅਦਾਲਤ ਦੀ ਗੱਦੀ ਅੱਗੇ ਖੜ੍ਹਾ ਹਾਂ। ਮੇਰਾ ਨਿਆਂ ਇੱਥੇ ਹੀ ਹੋਵੇ। ਮੈਂ ਯਹੂਦੀਆਂ ਦੇ ਵਿਰੁੱਧ ਕੁਝ ਵੀ ਗਲਤ ਨਹੀਂ ਕੀਤਾ ਅਤੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ। 11 ਜੇਕਰ ਮੈਂ ਗਲਤ ਕੰਮ ਕੀਤਾ ਹੈ, ਜੋ ਮੌਤ ਦੀ ਸਜ਼ਾ ਦੇ ਕਾਬਿਲ ਹੈ, ਤਾਂ ਮੈਂ ਮਰਨ ਤੋਂ ਇਨਕਾਰ ਨਹੀਂ ਕਰਾਂਗਾ। ਪਰ ਜੇਕਰ ਉਨ੍ਹਾਂ ਦੇ ਦੋਸ਼ ਗਲਤ ਹਨ, ਤਾਂ ਕਿਸੇ ਨੂੰ ਵੀ ਮੈਨੂੰ ਯਹੂਦੀਆਂ ਹੱਥੀਂ ਫ਼ੜਵਾਉਣ ਦਾ ਇਖਤਿਆਰ ਨਹੀਂ ਹੈ। ਮੈਂ ਕੈਸਰ ਨੂੰ ਇਹ ਬੇਨਤੀ ਕਰਦਾ ਹਾਂ।”

12 ਤਦ ਫ਼ੇਸਤੁਸ ਨੇ ਅਪਣੇ ਸਲਾਹਕਾਰਾਂ ਨਾਲ ਸਲਾਹ ਕੀਤੀ ਅਤੇ ਕਿਹਾ, “ਤੂੰ ਕੈਸਰ ਦੀ ਦੁਹਾਈ ਦਿੱਤੀ ਹੈ ਇਸ ਲਈ ਤੂੰ ਕੈਸਰ ਕੋਲ ਹੀ ਜਾਵੇਂਗਾ।”

ਮਰਕੁਸ 12:35-44

ਮਸੀਹ ਕਿਸਦਾ ਪੁੱਤਰ ਹੈ(A)

35 ਜਦੋਂ ਯਿਸੂ ਮੰਦਰ ਵਿੱਚ ਉਪਦੇਸ਼ ਦੇ ਰਿਹਾ ਸੀ ਤਾਂ ਉਸ ਨੇ ਆਖਿਆ, “ਨੇਮ ਦੇ ਉਪਦੇਸ਼ਕ ਇਹ ਕਿਉਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ? 36 ਦਾਊਦ ਨੇ ਪਵਿੱਤਰ ਆਤਮਾ ਰਾਹੀਂ ਖੁਦ ਆਖਿਆ ਹੈ ਕਿ:

‘ਪ੍ਰਭੂ ਨੇ, ਮੇਰੇ ਪ੍ਰਭੂ ਨੂੰ, ਆਖਿਆ:
ਤੂੰ ਮੇਰੇ ਸੱਜੇ ਪਾਸੇ ਬੈਠ।
    ਅਤੇ ਮੈਂ ਤੇਰੇ ਦੁਸ਼ਮਣਾ ਨੂੰ ਤੇਰੇ ਪੈਰਾਂ ਹੇਠ ਕਰ ਦਿਆਂਗਾ।’ (B)

37 ਦਾਊਦ ਤਾਂ ਆਪੇ ਹੀ ਮਸੀਹ ਨੂੰ ‘ਪ੍ਰਭੂ’ ਬੁਲਾਉਂਦਾ ਹੈ। ਜੇਕਰ ਅਜਿਹਾ ਹੈ, ਤਾਂ ਮਸੀਹ ਉਸਦਾ ਪੁੱਤਰ ਕਿਵੇਂ ਹੋ ਸੱਕਦਾ ਹੈ?” ਅਤੇ ਵੱਡੀ ਭੀੜ ਖੁਸ਼ੀ ਨਾਲ ਉਸ ਦੇ ਉਪਦੇਸ਼ ਸੁਣ ਰਹੀ ਸੀ।

ਯਿਸੂ ਨੇਮ ਦੇ ਉਪਦੇਸ਼ਕਾਂ ਦੀ ਅਲੋਚਨਾ ਕਰਦਾ(C)

38 ਉਹ ਲਗਾਤਾਰ ਉਪਦੇਸ਼ ਦਿੰਦਾ ਰਿਹਾ ਅਤੇ ਆਖਿਆ, “ਨੇਮ ਦੇ ਉਪਦੇਸ਼ਕਾਂ ਤੋਂ ਸਾਵੱਧਾਨ ਰਹੋ। ਉਹ ਲੰਬੇ ਚੋਗੇ ਪਾਕੇ ਇਹ ਵਿਖਾਉਣ ਲਈ ਕਿ ਉਹ ਮਹੱਤਵਪੂਰਣ ਹਨ, ਇਧਰ-ਉਧਰ ਭਟਕਦੇ ਰਹਿੰਦੇ ਹਨ। ਅਤੇ ਬਜ਼ਾਰਾਂ ਵਿੱਚ ਲੋਕ ਉਨ੍ਹਾਂ ਨੂੰ ਇੱਜ਼ਤ ਦੇਣ ਦੇ ਇਛੁੱਕ ਹਨ। 39 ਅਤੇ ਉਹ ਪ੍ਰਾਰਥਨਾ ਸਥਾਨਾਂ ਵਿੱਚ ਅਤੇ ਦਾਵਤਾਂ ਵਿੱਚ ਵੱਡੇ ਅਹੁਦੇ ਦੀਆਂ ਕੁਰਸੀਆਂ ਤੇ ਬੈਠਣਾ ਚਾਹੁੰਦੇ ਹਨ। 40 ਉਹ ਵਿਧਵਾਵਾਂ ਦੇ ਘਰਾਂ ਨੂੰ ਵੀ ਲੁੱਟ ਲੈਂਦੇ ਹਨ, ਅਤੇ ਚੰਗੇ ਬਨਣ ਲਈ ਵਿਖਾਵੇ ਕਰਨ ਵਾਸਤੇ ਲੰਬੀਆਂ-ਲੰਬੀਆਂ ਪ੍ਰਾਰਥਨਾ ਕਰਦੇ ਹਨ। ਪਰਮੇਸ਼ੁਰ ਉਨ੍ਹਾਂ ਨੂੰ ਬਹੁਤ ਸਜ਼ਾ ਦੇਵੇਗਾ।”

ਇੱਕ ਵਿਧਵਾ ਦੇਣ ਦਾ ਮਤਲਬ ਦੱਸਦੀ ਹੈ(D)

41 ਯਿਸੂ ਮੰਦਰ ਦੇ ਖਜ਼ਾਨੇ ਦੇ ਸੰਦੂਕ ਕੋਲ ਬੈਠਾ ਇਹ ਵੇਖ ਰਿਹਾ ਸੀ ਕਿ ਲੋਕ ਆਂਦੇ-ਜਾਂਦੇ ਉਸ ਵਿੱਚ ਕੀ ਭੇਟਾ ਪਾਉਂਦੇ ਹਨ। ਬਹੁਤ ਸਾਰੇ ਅਮੀਰ ਲੋਕ ਇਸ ਵਿੱਚ ਬਹੁਤ ਸਾਰਾ ਧਨ ਪਾ ਰਹੇ ਸਨ। 42 ਫ਼ਿਰ ਇੱਕ ਗਰੀਬ ਵਿਧਵਾ ਆਈ ਅਤੇ ਉਸ ਨੇ ਦੋ ਛੋਟੇ-ਛੋਟੇ ਤਾਂਬੇ ਦੇ ਸਿੱਕੇ ਭੇਟਾ ਕੀਤੇ ਜੋ ਕਿ ਇੱਕ ਪੈਸੇ ਦੇ ਤੁੱਲ ਵੀ ਨਹੀਂ ਸਨ।

43 ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇਸ ਗਰੀਬ ਵਿਧਵਾ ਨੇ ਦੋ ਛੋਟੇ ਸਿੱਕੇ ਚਢ਼ਾਏ ਹਨ, ਅਸਲ ਵਿੱਚ ਜੋ ਕਿ ਸਾਰੇ ਧਨਵਾਨਾਂ ਦੀ ਚਢ਼ਾਈ ਢੇਰ ਸਾਰੀ ਭੇਟਾ ਨਾਲੋਂ ਕਿਤੇ ਵੱਧੇਰੇ ਹਨ। 44 ਉਨ੍ਹਾਂ ਅਮੀਰ ਲੋਕਾਂ ਕੋਲ ਅਥਾਹ ਧਨ ਹੈ ਅਤੇ ਉਸ ਸਭ ਕਾਸੇ ਵਿੱਚੋਂ, ਉਨ੍ਹਾਂ ਕੋਲ ਜੋ ਫ਼ਾਲਤੂ ਸੀ, ਸੋ ਉਨ੍ਹਾਂ ਨੇ ਭੇਟਾ ਕਰ ਦਿੱਤਾ। ਪਰ ਇਹ ਔਰਤ ਬਹੁਤ ਗਰੀਬ ਹੈ ਅਤੇ ਉਸ ਕੋਲ ਜੋ ਵੀ ਸੀ ਉਸ ਨੇ ਅਰਪਣ ਕਰ ਦਿੱਤਾ ਹੈ। ਜੋ ਕੁਝ ਉਸ ਨੇ ਅਰਪਣ ਕੀਤਾ ਹੈ ਉਹ ਉਸ ਦੇ ਆਪਣੇ ਜਿਉਣ ਵਾਸਤੇ ਸੀ।”

Punjabi Bible: Easy-to-Read Version (ERV-PA)

2010 by World Bible Translation Center