Book of Common Prayer
ਆਸਾਫ਼ ਦਾ ਇੱਕ ਉਸਤਤਿ ਗੀਤ।
83 ਹੇ ਪਰਮੇਸ਼ੁਰ ਚੁੱਪ ਨਾ ਰਹੋ।
    ਆਪਣੇ ਕੰਨਾਂ ਨੂੰ ਬੰਦ ਨਾ ਕਰੋ।
    ਮਿਹਰ ਕਰਕੇ ਕੁਝ ਤਾਂ ਆਖੋ ਪਰਮੇਸ਼ੁਰ।
2 ਹੇ ਪਰਮੇਸ਼ੁਰ, ਤੁਹਾਡੇ ਵੈਰੀਆਂ ਨੇ ਤੁਹਾਡੇ ਖਿਲਾਫ਼ ਸਾਜਿਸ਼ਾਂ ਘੜੀਆਂ ਅਤੇ ਛੇਤੀ ਹੀ ਉਹ ਹਮਲਾ ਕਰਨਗੇ।
    ਉਹ ਤੁਹਾਡੇ ਲੋਕਾਂ ਦੇ ਵਿਰੁੱਧ ਖੁਫ਼ੀਆਂ ਯੋਜਨਾਵਾਂ ਬਣਾਉਂਦੇ ਹਨ।
3 ਤੁਹਾਡੇ ਵੈਰੀ ਉਨ੍ਹਾਂ ਯੋਜਨਾਵਾਂ ਬਾਰੇ ਬਹਿਸਾਂ ਕਰ ਰਹੇ ਹਨ
    ਜਿਹੜੀਆਂ ਉਨ੍ਹਾਂ ਲੋਕਾਂ ਦੇ ਵਿਰੁੱਧ ਹਨ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋਂ।
4 ਵੈਰੀ ਆਖ ਰਹੇ ਹਨ, “ਆਓ ਇਨ੍ਹਾਂ ਨੂੰ ਪੂਰੀ ਤਰ੍ਹਾਂ ਮਿਟਾ ਦੇਈਏ।
    ਕੋਈ ਵੀ ਬੰਦਾ ਫ਼ੇਰ ਇਸਰਾਏਲ ਦਾ ਨਾਮ ਚੇਤੇ ਨਹੀਂ ਕਰੇਗਾ।”
5 ਹੇ ਪਰਮੇਸ਼ੁਰ, ਉਹ ਸਾਰੇ ਲੋਕ ਤੁਹਾਡੇ ਨਾਲ ਅਤੇ ਉਸ ਕਰਾਰ ਦੇ ਖਿਲਾਫ਼
    ਜੋ ਤੁਸਾਂ ਸਾਡੇ ਨਾਲ ਕੀਤਾ ਸੀ ਲੜਨ ਲਈ ਇਕੱਠੇ ਹੋ ਗਏ ਹਨ।
6-7 ਉਹ ਵੈਰੀ ਸਾਡੇ ਨਾਲ ਲੜਨ ਲਈ ਇੱਕ ਮੁੱਠ ਹੋ ਗਏ: ਉਹ ਅਦੋਮ ਦੇ ਇਸ਼ਮਾਈਲੀ ਲੋਕ ਹਨ।
ਮੋਆਬ ਅਤੇ ਹਗਰੀ ਦੇ ਔਲਾਦ ਗਬਾਲ,
    ਅੰਮੋਨ ਅਤੇ ਅਮਾਲੇਕ, ਫ਼ਲਿਸਤ ਦੇ ਲੋਕ ਅਤੇ ਸੂਰ ਦੇ ਵਾਸੀਆਂ ਸਮੇਤ।
    ਉਹ ਸਾਰੇ ਲੋਕ ਸਾਡੇ ਖਿਲਾਫ਼ ਲੜਨ ਲਈ ਇੱਕ ਮੁੱਠ ਹੋ ਗਏ ਸਨ।
8 ਅਸ਼ੂਰ ਵੀ ਉਨ੍ਹਾਂ ਲੋਕਾਂ ਨਾਲ ਰਲ ਗਏ ਸਨ।
    ਉਨ੍ਹਾਂ ਨੇ ਲੂਤ ਦੀਆਂ ਔਲਾਦਾਂ ਨੂੰ ਬਹੁਤ ਸ਼ਕਤੀਸ਼ਾਲੀ ਬਣਾ ਦਿੱਤਾ ਸੀ।
9 ਹੇ ਪਰਮੇਸ਼ੁਰ, ਵੈਰੀ ਨੂੰ ਇਵੇਂ ਹਰਾ ਦਿਉ ਜਿਵੇਂ ਤੁਸੀਂ ਮਿਦਯਾਨ ਨੂੰ ਹਰਾਇਆ ਸੀ।
    ਜਿਵੇਂ ਤੁਸੀਂ ਸੀਸਰਾ ਅਤੇ ਕੋਸ਼ੋਨ ਨੂੰ ਨਦੀ ਕੰਢੇ ਹਰਾਇਆ ਸੀ।
10 ਤੁਸੀਂ ਉਨ੍ਹਾਂ ਨੂੰ ਏਨ-ਦੋਰ ਵਿਖੇ ਹਰਾਇਆ ਸੀ।
    ਅਤੇ ਉਨ੍ਹਾਂ ਦੀਆਂ ਲਾਸ਼ਾਂ ਧਰਤੀ ਉੱਤੇ ਸੜੀਆਂ।
11 ਹੇ ਪਰਮੇਸ਼ੁਰ, ਵੈਰੀ ਦੇ ਆਗੂਆਂ ਨੂੰ ਹਰਾ ਦਿਉ।
ਉਵੇਂ ਹੀ ਕਰੋ ਜਿਵੇਂ ਤੁਸੀਂ ਓਰੇਬ ਅਤੇ ਜ਼ਏਬ ਨਾਲ ਕੀਤਾ ਸੀ।
    ਉਹੀ ਕਰੋ ਜੋ ਤੁਸੀਂ ਜ਼ਬਹ ਅਤੇ ਸਲਮੁੰਨਾ ਨਾਲ ਕੀਤਾ ਸੀ।
12 ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੇ ਤੁਹਾਡੀ ਜ਼ਮੀਨ ਛੱਡਣ ਲਈ
    ਸਾਨੂੰ ਮਜ਼ਬੂਰ ਕਰਨਾ ਚਾਹਿਆ।
13 ਉਨ੍ਹਾਂ ਲੋਕਾਂ ਨੂੰ ਅੱਕ ਦੀ ਫ਼ੰਬੀ ਵਾਂਗ ਬਣਾ ਦਿਉ।
    ਜੋ ਹਵਾ ਨਾਲ ਉੱਡ ਜਾਂਦੀ ਹੈ।
    ਉਨ੍ਹਾਂ ਲੋਕਾਂ ਨੂੰ ਇਵੇਂ ਖਿੰਡਾ ਦਿਉ ਜਿਵੇਂ ਹਵਾ ਤਿਨਕਿਆਂ ਨੂੰ ਖਿੰਡਾ ਦਿੰਦੀ ਹੈ।
14 ਵੈਰੀ ਨੂੰ ਤਬਾਹ ਕਰ ਦਿਉ ਜਿਵੇਂ ਅੱਗ ਜੰਗਲ ਨੂੰ ਤਬਾਹ ਕਰਦੀ ਹੈ।
    ਜਿਵੇਂ ਜੰਗਲੀ ਅੱਗ ਪਹਾੜੀਆਂ ਨੂੰ ਸਾੜ ਸੁੱਟਦੀ ਹੈ।
15 ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਤੂਫ਼ਾਨ ਦੁਆਰਾ ਉਡਾਈ ਜਾਣ ਵਾਲੀ ਧੂੜ ਵਾਂਗ ਦੂਰ ਕੱਢ ਦਿਉ,
    ਉਨ੍ਹਾਂ ਨੂੰ ਭੈਭੀਤ ਕਰ ਦਿਉ ਅਤੇ ਉਨ੍ਹਾਂ ਨੂੰ ਇੱਕ ਤੂਫ਼ਾਨ ਵਾਂਗ ਪਰ੍ਹਾਂ ਉਡਾ ਦਿਉ।
16 ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਸਬਕ ਸਿੱਖਾਉ ਤਾਂ ਜੋ ਉਹ ਜਾਣ ਲੈਣ ਕਿ ਅਸਲ ਵਿੱਚ ਉਹ ਕਿੰਨੇ ਕਮਜ਼ੋਰ ਹਨ।
    ਫ਼ੇਰ ਉਹ ਤੁਹਾਡੇ ਨਾਮ ਦੀ ਉਪਾਸਨਾ ਕਰਨੀ ਚਾਹੁੰਣਗੇ।
17 ਹੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਡਰਾਉ ਅਤੇ ਉਨ੍ਹਾਂ ਨੂੰ ਸਦਾ ਲਈ ਸ਼ਰਮਸਾਰ ਕਰ ਦਿਉ।
    ਉਨ੍ਹਾਂ ਨੂੰ ਬੇਇੱਜ਼ਤ ਕਰੋ ਅਤੇ ਉਨ੍ਹਾਂ ਨੂੰ ਤਬਾਹ ਕਰ ਦਿਉ।
18 ਫ਼ੇਰ ਉਹ ਜਾਨਣਗੇ ਕਿ ਤੁਸੀਂ ਹੀ ਪਰਮੇਸ਼ੁਰ ਹੋ।
    ਉਹ ਜਾਣ ਲੈਣਗੇ ਕਿ ਤੁਹਾਡਾ ਨਾਮ ਯਹੋਵਾਹ ਹੈ।
ਉਹ ਜਾਣ ਲੈਣਗੇ ਕਿ ਤੁਸੀਂ ਸਰਬ ਉੱਚ ਪਰਮੇਸ਼ੁਰ ਹੋ,
    ਸਾਰੇ ਜਗਤ ਦੇ ਪਰਮੇਸ਼ੁਰ।
ਦਾਊਦ ਦਾ ਇੱਕ ਗੀਤ।
145 ਮੈਂ ਤੁਹਾਡੀ ਉਸਤਤਿ ਕਰਦਾ ਹਾਂ। ਮੇਰੇ ਪਰਮੇਸ਼ੁਰ ਅਤੇ ਰਾਜੇ,
    ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਨੂੰ ਅਸੀਸ ਦਿੰਦਾ ਹਾਂ।
2 ਮੈਂ ਹਰ-ਰੋਜ਼ ਤੁਹਾਡੀ ਉਸਤਤਿ ਕਰਦਾ ਹਾਂ,
    ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਦੀ ਉਸਤਤਿ ਕਰਦਾ ਹਾਂ।
3 ਯਹੋਵਾਹ ਮਹਾਨ ਹੈ।
ਲੋਕ ਉਸਦੀ ਉਸਤਤਿ ਬਹੁਤ ਕਰਦੇ ਹਨ।
    ਅਸੀਂ ਉਸ ਦੇ ਸਾਰੇ ਮਹਾਨ ਕਾਰਜਾਂ ਨੂੰ ਨਹੀਂ ਗਿਣ ਸੱਕਦੇ।
4 ਯਹੋਵਾਹ, ਲੋਕ ਸਦਾ-ਸਦਾ ਲਈ ਤੁਹਾਡੇ ਕਾਰਜਾਂ ਲਈ ਤੁਹਾਡੀ ਉਸਤਤਿ ਕਰਨਗੇ।
    ਉਹ ਤੁਹਾਡੇ ਮਹਾਨ ਕਾਰਜਾ ਬਾਰੇ ਦੱਸਣਗੇ।
5 ਤੁਹਾਡੀ ਸ਼ਾਨੋ-ਸ਼ੌਕਤ ਬਹੁਤ ਅਦਭੁਤ ਹੈ।
    ਮੈਂ ਤੁਹਾਡੇ ਚਮਤਕਾਰਾਂ ਬਾਰੇ ਦੱਸਾਂਗਾ।
6 ਯਹੋਵਾਹ, ਲੋਕ ਤੁਹਾਡੇ ਅਦਭੁਤ ਕਾਰਿਆਂ ਬਾਰੇ ਦੱਸਣਗੇ।
    ਮੈਂ ਤੁਹਾਡੇ ਮਹਾਨ ਕਾਰਜਾਂ ਬਾਰੇ ਦੱਸਾਂਗਾ।
7 ਲੋਕ ਤੁਹਾਡੇ ਸ਼ੁਭ ਕਾਰਜਾ ਬਾਰੇ ਦੱਸਣਗੇ।
    ਲੋਕ ਤੁਹਾਡੀ ਨੇਕੀ ਦੇ ਗੀਤ ਗਾਉਣਗੇ।
8 ਯਹੋਵਾਹ ਮਿਹਰਬਾਨ ਅਤੇ ਦਿਆਲੂ ਹੈ।
    ਯਹੋਵਾਹ ਸਹਿਜ ਅਤੇ ਪਿਆਰ ਭਰਿਆ ਹੈ।
9 ਯਹੋਵਾਹ ਹਰ ਇੱਕ ਨਾਲ ਨੇਕੀ ਕਰਦਾ ਹੈ।
    ਯਹੋਵਾਹ ਹਰ ਚੀਜ਼ ਨੂੰ ਆਪਣੀ ਦਯਾ ਦਰਸਾਉਂਦਾ ਹੈ ਜਿਸ ਨੂੰ ਉਸ ਨੇ ਬਣਾਇਆ।
10 ਯਹੋਵਾਹ, ਜੋ ਵੀ ਗੱਲਾਂ ਤੁਸੀਂ ਕਰਦੇ ਹੋ। ਤੁਹਾਨੂੰ ਉਸਤਤਿ ਦਵਾਉਂਦੀਆਂ ਹਨ।
    ਤੁਹਾਡੇ ਅਨੁਯਾਈ ਤੁਹਾਨੂੰ ਅਸੀਸ ਦਿੰਦੇ ਹਨ।
11 ਉਹ ਦੱਸਦੇ ਹਨ ਕਿ ਤੁਹਾਡੀ ਸਲਤਨਤ ਕਿੰਨੀ ਮਹਾਨ ਹੈ।
    ਉਹ ਦੱਸਦੇ ਹਨ ਤੁਸੀਂ ਕਿੰਨੇ ਮਹਾਨ ਹੋ।
12 ਇਉਂ ਹੋਰ ਲੋਕੀ ਵੀ ਤੁਹਾਡੇ ਮਹਾਨ ਕਾਰਨਾਮਿਆ ਬਾਰੇ ਜਾਣ ਲੈਂਦੇ ਹਨ, ਯਹੋਵਾਹ।
    ਉਹ ਲੋਕ ਜਾਣ ਲੈਂਦੇ ਹਨ ਕਿ ਤੁਹਾਡੀ ਸਲਤਨਤ ਕਿੰਨੀ ਮਹਾਨ ਅਤੇ ਅਦਭੁਤ ਹੈ।
13 ਯਹੋਵਾਹ, ਤੁਹਾਡੀ ਸਲਤਨਤ ਸਦਾ-ਸਦਾ ਲਈ ਰਹੇਗੀ।
    ਤੁਸੀਂ ਸਦਾ-ਸਦਾ ਲਈ ਰਾਜ ਕਰੋਂਗੇ।
14 ਯਹੋਵਾਹ ਨੀਵੇਂ ਡਿੱਗਿਆ ਨੂੰ ਉੱਚਿਆਂ ਚੁੱਕਦਾ ਹੈ।
    ਯਹੋਵਾਹ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ ਜੋ ਮੁਸੀਬਤ ਵਿੱਚ ਹਨ।
15 ਯਹੋਵਾਹ, ਸਾਰੇ ਜਿਉਂਦੇ ਪ੍ਰਾਣੀ ਤੁਹਾਡੇ ਵੱਲ ਆਪਣੇ ਭੋਜਨ ਲਈ ਤੱਕਦੇ ਹਨ।
    ਅਤੇ ਤੁਸੀਂ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਦਿੰਦੇ ਹੋ।
16 ਯਹੋਵਾਹ, ਤੁਸੀਂ ਆਪਣੇ ਹੱਥ ਖੋਲ੍ਹ ਦਿੰਦੇ ਹੋ,
    ਅਤੇ ਤੁਸੀਂ ਹਰ ਜਿਉਂਦੇ ਪ੍ਰਾਣੀ ਨੂੰ ਜੋ ਵੀ ਉਸ ਦੀ ਲੋੜ ਹੈ ਉਸ ਨੂੰ ਦਿੰਦੇ ਹੋ।
17 ਹਰ ਗੱਲ ਜਿਹੜੀ ਯਹੋਵਾਹ ਕਰਦਾ ਹੈ, ਸ਼ੁਭ ਹੈ।
    ਹਰ ਗੱਲ ਜਿਹੜੀ ਉਹ ਕਰਦਾ ਹੈ ਦਰਸਾਉਂਦੀ ਹੈ ਕਿ ਉਹ ਕਿੰਨਾ ਮਹਾਨ ਹੈ।
18 ਯਹੋਵਾਹ ਹਰ ਉਸ ਬੰਦੇ ਦੇ ਨੇੜੇ ਹੈ ਜੋ ਉਸ ਨੂੰ ਮਦਦ ਵਾਸਤੇ ਪੁਕਾਰਦਾ ਹੈ।
    ਪਰਮੇਸ਼ੁਰ ਹਰ ਉਸ ਵਿਅਕਤੀ ਦੇ ਨੇੜੇ ਹੈ ਜਿਹੜਾ ਨਿਸ਼ਕਪਟਤਾ ਨਾਲ ਉਸ ਨੂੰ ਪ੍ਰਾਰਥਨਾ ਕਰਦਾ ਹੈ।
19 ਯਹੋਵਾਹ ਉਹੀ ਕਰਦਾ ਹੈ ਜੋ ਉਸ ਦੇ ਚੇਲੇ ਚਾਹੁੰਦੇ ਹਨ, ਯਹੋਵਾਹ ਆਪਣੇ ਪੈਰੋਕਾਰਾ ਦੀ ਸੁਣਦਾ ਹੈ।
    ਉਹ ਉਨ੍ਹਾਂ ਦੀਆਂ ਅਰਦਾਸਾ ਮੰਨਦਾ ਹੈ।
    ਅਤੇ ਉਹ ਉਨ੍ਹਾਂ ਨੂੰ ਬਚਾਉਂਦਾ ਹੈ।
20 ਯਹੋਵਾਹ ਹਰ ਬੰਦੇ ਨੂੰ ਬਚਾਉਂਦਾ ਹੈ, ਜਿਹੜਾ ਉਸ ਨੂੰ ਪਿਆਰ ਕਰਦਾ ਹੈ।
    ਪਰ ਯਹੋਵਾਹ ਮੰਦੇ ਬੰਦੇ ਦਾ ਨਾਸ਼ ਕਰਦਾ ਹੈ।
21 ਮੈਂ ਯਹੋਵਾਹ ਦੀ ਉਸਤਤਿ ਕਰਾਂਗਾ!
    ਮੈਂ ਚਾਹੁੰਦਾ ਹਾਂ ਕਿ ਹਰ ਬੰਦਾ ਉਸ ਦੇ ਪਵਿੱਤਰ ਨਾਮ ਦੀ ਸਦਾ-ਸਦਾ ਲਈ ਉਸਤਤਿ ਕਰ ਸੱਕੇ।
ਨਿਰਦੇਸ਼ਕ ਲਈ: ਕੋਰਹ ਪਰਿਵਾਰ ਵੱਲੋਂ ਇੱਕ ਉਸਤਤਿ ਗੀਤ।
85 ਯਹੋਵਾਹ, ਆਪਣੇ ਦੇਸ਼ ਉੱਤੇ ਮਿਹਰਬਾਨ ਹੋਵੋ।
    ਉਨ੍ਹਾਂ ਨੂੰ ਜਲਾਵਤਨੀ ਵਿੱਚ ਉਨ੍ਹਾਂ ਦੇ ਦੇਸ਼ ਵਿੱਚ ਵਾਪਸ ਲਿਆ।
2 ਯਹੋਵਾਹ, ਆਪਣੇ ਲੋਕਾਂ ਨੂੰ ਬਖਸ਼ ਦਿਉ।
    ਉਨ੍ਹਾਂ ਦੇ ਗੁਨਾਹ ਮਿਟਾ ਦਿਉ।
3 ਯਹੋਵਾਹ, ਕਹਿਰਵਾਨ ਹੋਣਾ ਛੱਡੋ।
    ਪਾਗਲ ਨਾ ਹੋਵੋ।
4 ਸਾਡੇ ਪਰਮੇਸ਼ੁਰ ਅਤੇ ਮੁਕਤੀਦਾਤਾ, ਸਾਡੇ ਉੱਤੇ ਕਹਿਰਵਾਨ ਨਾ ਹੋਵੋ,
    ਅਤੇ ਸਾਨੂੰ ਇੱਕ ਵਾਰੀ ਫ਼ੇਰ ਪ੍ਰਵਾਨ ਕਰ ਲਵੋ।
5 ਕੀ ਤੁਸੀਂ ਸਾਡੇ ਉੱਤੇ ਸਦਾ ਲਈ ਕਹਿਰਵਾਨ ਰਹੋਂਗੇ?
6 ਮਿਹਰ ਕਰੋ ਅਤੇ ਸਾਨੂੰ ਫ਼ਿਰ ਤੋਂ ਜਿਉਣ ਜੋਗੇ ਬਣਾ ਦਿਉ।
    ਆਪਣੇ ਲੋਕਾਂ ਨੂੰ ਖੁਸ਼ ਕਰੋ।
7 ਯਹੋਵਾਹ, ਸਾਨੂੰ ਬਚਾਉ ਅਤੇ ਸਾਨੂੰ ਦਰਸ਼ਾਉ
    ਕਿ ਤੁਸੀਂ ਸਾਨੂੰ ਪਿਆਰ ਕਰਦੇ ਹੋ।
8 ਯਹੋਵਾਹ ਪਰਮੇਸ਼ੁਰ ਨੇ ਜੋ ਕੁਝ ਆਖਿਆ ਮੈਂ ਸੁਣਿਆ।
    ਉਸ ਨੇ ਆਖਿਆ ਸੀ ਕਿ ਉਸ ਦੇ ਲੋਕਾਂ ਅਤੇ ਵਫ਼ਾਦਾਰ ਪੈਰੋਕਾਰਾਂ ਲਈ ਅਮਨ ਹੋਵੇਗਾ।
    ਇਸ ਲਈ ਉਨ੍ਹਾਂ ਨੂੰ ਮੂਰੱਖਾਂ ਵਾਲੇ ਜੀਵਨ ਢੰਗ ਵੱਲ ਨਹੀਂ ਪਰਤ ਜਾਣਾ ਚਾਹੀਦਾ।
9 ਪਰਮੇਸ਼ੁਰ ਛੇਤੀ ਆਪਣੇ ਪੈਰੋਕਾਰਾਂ ਨੂੰ ਬਚਾਏਗਾ।
    ਅਸੀਂ ਛੇਤੀ ਹੀ ਇੱਜ਼ਤ ਨਾਲ ਆਪਣੀ ਜ਼ਮੀਨ ਉੱਤੇ ਰਹਾਂਗੇ।
10 ਪਰਮੇਸ਼ੁਰ ਦਾ ਸੱਚਾ ਪਿਆਰ ਉਸ ਦੇ ਚੇਲਿਆਂ ਨੂੰ ਮਿਲੇਗਾ।
    ਚੰਗਿਆਈ ਅਤੇ ਅਮਨ ਚੁੰਮਣ ਨਾਲ ਉਹ ਉਨ੍ਹਾਂ ਦਾ ਸਵਾਗਤ ਕਰਨਗੇ।
11 ਧਰਤੀ ਦੇ ਲੋਕ ਪਰਮੇਸ਼ੁਰ ਦੇ ਵਫ਼ਾਦਾਰ ਹੋਣਗੇ
    ਅਤੇ ਸਵਰਗ ਵਿੱਚ ਪਰਮੇਸ਼ੁਰ ਵੀ ਉਨ੍ਹਾਂ ਨਾਲ ਚੰਗਾ ਵਿਹਾਰ ਕਰੇਗਾ।
12 ਯਹੋਵਾਹ ਸਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਦੇਵੇਗਾ।
    ਧਰਤੀ ਬਹੁਤ ਸਾਰੀਆਂ ਚੰਗੀਆਂ ਫ਼ਸਲਾਂ ਉਗਾਏਗੀ।
13 ਚੰਗਿਆਈ ਪਰਮੇਸ਼ੁਰ ਦੇ ਅੱਗੇ ਜਾਵੇਗੀ
    ਅਤੇ ਉਸਦਾ ਰਾਹ ਤਿਆਰ ਕਰੇਗੀ।
ਦਾਊਦ ਦੀ ਇੱਕ ਪ੍ਰਾਰਥਨਾ।
86 ਮੈਂ ਇੱਕ ਗਰੀਬ ਬੇਸਹਾਰਾ ਆਦਮੀ ਹਾਂ।
    ਯਹੋਵਾਹ, ਕਿਰਪਾ ਕਰਕੇ ਮੈਨੂੰ ਸੁਣੋ ਅਤੇ ਮੈਨੂੰ ਮੇਰੀ ਪ੍ਰਾਰਥਨਾ ਦਾ ਉੱਤਰ ਦਿਉ।
2 ਯਹੋਵਾਹ, ਮੈਂ ਤੁਹਾਡਾ ਚੇਲਾ ਹਾਂ।
    ਕਿ ਰਪਾ ਕਰਕੇ ਮੈਨੂੰ ਬਚਾਉ।
ਮੈਂ ਤੁਹਾਡਾ ਨੌਕਰ ਹਾਂ।
    ਤੁਸੀਂ ਮੇਰੇ ਪਰਮੇਸ਼ੁਰ ਹੋ।
ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ।
    ਇਸੇ ਲਈ ਤੁਸੀਂ ਮੇਰੀ ਰੱਖਿਆ ਕਰੋ।
3 ਮੇਰੇ ਮਾਲਕ, ਮੇਰੇ ਉੱਪਰ ਮਿਹਰਬਾਨੀ ਕਰੋ
    ਮੈਂ ਸਾਰਾ ਦਿਨ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਰਿਹਾ ਹਾਂ।
4 ਹੇ ਮਾਲਕ, ਮੈਂ ਆਪਣਾ ਜੀਵਨ ਤੁਹਾਨੂੰ ਸੌਂਪਦਾ ਹਾਂ।
    ਮੈਨੂੰ ਖੁਸ਼ੀ ਦਿਉ ਮੈਂ ਤੁਹਾਡਾ ਸੇਵਕ ਹਾਂ।
5 ਹੇ ਮਾਲਕ, ਤੁਸੀਂ ਚੰਗੇ ਅਤੇ ਦਯਾਵਾਨ ਹੋ।
ਤੁਹਾਡੇ ਲੋਕ ਤੁਹਾਨੂੰ ਸਹਾਇਤਾ ਲਈ ਬੁਲਾਉਂਦੇ ਹਨ।
    ਤੁਸੀਂ ਸੱਚਮੁੱਚ ਉਨ੍ਹਾਂ ਨੂੰ ਪਿਆਰ ਕਰਦੇ ਹੋਂ।
6 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
    ਰਹਿਮ ਲਈ ਮੇਰੀ ਪ੍ਰਾਰਥਨਾ ਸੁਣੋ।
7 ਯਹੋਵਾਹ, ਮੈਂ ਆਪਣੀ ਸੰਕਟ ਦੀ ਘੜੀ ਵਿੱਚ ਤੁਹਾਨੂੰ ਪ੍ਰਾਰਥਨਾ ਕਰ ਰਿਹਾ ਹਾਂ।
    ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਉੱਤਰ ਦੇਵੋਂਗੇ।
8 ਹੇ ਪਰਮੇਸ਼ੁਰ, ਇੱਥੇ ਤੁਹਾਡੇ ਜਿਹਾ ਕੋਈ ਨਹੀਂ।
    ਕੋਈ ਹੋਰ ਉਹ ਨਹੀਂ ਕਰ ਸੱਕਦਾ ਜੋ ਤੁਸਾਂ ਕੀਤਾ ਹੈ।
9 ਹੇ ਮਾਲਕ, ਤੁਸੀਂ ਹਰ ਬੰਦੇ ਨੂੰ ਬਣਾਇਆ ਹੈ।
ਉਹ ਸਾਰੇ ਆਉਣ ਅਤੇ ਤੁਹਾਡੀ ਉਪਾਸਨਾ ਕਰਨ।
    ਉਹ ਸਾਰੇ ਤੁਹਾਡੇ ਨਾਮ ਨੂੰ ਸਤਿਕਾਰਨ।
10 ਹੇ ਪਰਮੇਸ਼ੁਰ, ਤੁਸੀਂ ਮਹਾਨ ਹੋ।
ਤੁਸੀਂ ਅਦਭੁਤ ਗੱਲਾਂ ਕਰਦੇ ਹੋ।
    ਤੁਸੀਂ ਅਤੇ ਸਿਰਫ਼ ਤੁਸੀਂ ਹੀ ਪਰਮੇਸ਼ੁਰ ਹੋ।
11 ਯਹੋਵਾਹ, ਮੈਨੂੰ ਆਪਣੇ ਰਾਹਾਂ ਦੀ ਸਿੱਖਿਆ ਦੇਵੋ,
    ਮੈਂ ਜੀਵਾਂਗਾ ਅਤੇ ਤੁਹਾਡੀ ਸਚਿਆਈ ਨੂੰ ਮੰਨਾਂਗਾ।
ਮੇਰੀ ਸਹਾਇਤਾ ਕਰੋ ਕਿ ਮੈਂ ਤੁਹਾਡੇ ਨਾਮ ਦੀ ਉਪਾਸਨਾ ਨੂੰ ਆਪਣੇ ਜੀਵਨ
    ਦੀ ਸਭ ਤੋਂ ਮਹੱਤਵਪੂਰਣ ਚੀਜ਼ ਬਣਾ ਸੱਕਾਂ।
12 ਪਰਮੇਸ਼ੁਰ ਮੇਰੇ ਮਾਲਕ ਮੈਂ ਆਪਣੇ ਸਾਰੇ ਅਤੇ ਪੂਰੇ ਮਨ ਨਾਲ ਤੁਹਾਡੀ ਉਸਤਤਿ ਕਰਦਾ ਹਾਂ।
    ਮੈਂ ਸਦਾ ਲਈ ਤੁਹਾਡੇ ਨਾਮ ਦਾ ਆਦਰ ਕਰਾਂਗਾ।
13 ਹੇ ਪਰਮੇਸ਼ੁਰ, ਤੁਹਾਨੂੰ ਮੇਰੇ ਲਈ ਇੰਨਾ ਸਾਰਾ ਪਿਆਰ ਹੈ।
    ਤੁਸੀਂ ਮੈਨੂੰ ਮਿਰਤੂ ਲੋਕ ਤੋਂ ਬਚਾਉਂਦੇ ਹੋ।
14 ਹੇ ਪਰਮੇਸ਼ੁਰ, ਗੁਮਾਨੀ ਲੋਕ ਮੇਰੇ ਉੱਤੇ ਹਮਲਾ ਕਰਦੇ ਹਨ।
    ਜ਼ਾਲਮ ਆਦਿਮਆਂ ਦਾ ਟੋਲਾ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ।
    ਅਤੇ ਉਹ ਲੋਕ ਤੁਹਾਡੀ ਇੱਜ਼ਤ ਨਹੀਂ ਕਰਦੇ।
15 ਹੇ ਮਾਲਕ ਤੁਸੀਂ ਦਯਾ ਅਤੇ ਕਿਰਪਾ ਦੇ ਪਰਮੇਸ਼ੁਰ ਹੋ।
    ਤੁਸੀਂ ਸਬਰ ਵਾਲੇ ਹੋਂ, ਤੁਸੀਂ ਵਫ਼ਾਦਾਰੀ ਅਤੇ ਪਿਆਰ ਨਾਲ ਭਰਪੂਰ ਹੋ।
16 ਹੇ ਪਰਮੇਸ਼ੁਰ, ਦਰਸਾ ਦਿਉ ਕਿ ਤੁਸੀਂ ਮੈਨੂੰ ਸੁਣਦੇ ਹੋ, ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
    ਮੈਂ ਤੁਹਾਡਾ ਸੇਵਕ ਹਾਂ, ਮੈਨੂੰ ਸ਼ਕਤੀ ਦਿਉ।
    ਮੈਂ ਤੁਹਾਡਾ ਸੇਵਕ ਹਾਂ, ਮੇਰੀ ਰੱਖਿਆ ਕਰੋ।
17 ਹੇ ਪਰਮੇਸ਼ੁਰ, ਇਹ ਦਰਸਾਉਣ ਲਈ ਸੰਕੇਤ ਦਿਉ ਕਿ ਤੁਸੀਂ ਮੇਰੀ ਸਹਾਇਤਾ ਕਰੋਂਗੇ।
    ਇਸ ਨਾਲ ਪਤਾ ਚੱਲੇਗਾ ਕਿ ਤੁਸੀਂ ਮੇਰੀ ਪ੍ਰਾਰਥਨਾ ਸੁਣ ਲਈ
    ਅਤੇ ਇਹ ਵੀ ਕਿ ਤੁਸੀਂ ਮੇਰੀ ਸਹਾਇਤਾ ਕਰੋਂਗੇ।
ਦਾਊਦ ਦਾ ਬਥ-ਸ਼ਬਾ ਨੂੰ ਮਿਲਣਾ
11 ਬਸੰਤ ਦੀ ਰੁੱਤੇ ਜਦੋਂ ਰਾਜੇ ਲੋਕ ਲੜਾਈ ਨੂੰ ਚੜ੍ਹਦੇ ਹਨ, ਦਾਊਦ ਨੇ ਯੋਆਬ ਅਤੇ ਉਸ ਦੇ ਨਾਲ, ਅਫ਼ਸਰ ਅਤੇ ਸਾਰੇ ਇਸਰਾਏਲੀਆਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਅੰਮੋਨੀਆਂ ਨੂੰ ਨਸ਼ਟ ਕਰ ਸੁੱਟਿਆ ਅਤੇ ਰੱਬਾਹ ਨੂੰ ਘੇਰਾ ਪਾ ਲਿਆ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ।
2 ਸ਼ਾਮ ਨੂੰ ਦਾਊਦ ਆਪਣੇ ਬਿਸਤਰ ਤੋਂ ਉੱਠਿਆ ਅਤੇ ਸ਼ਾਹੀ ਮਹਿਲ ਦੀ ਛੱਤ ਉੱਪਰ ਫ਼ਿਰਨ ਲੱਗਾ ਅਤੇ ਉੱਥੋਂ ਉਸ ਨੇ ਇੱਕ ਔਰਤ ਨੂੰ ਇਸਨਾਨ ਕਰਦਿਆਂ ਵੇਖਿਆ। ਉਹ ਔਰਤ ਬਹੁਤ ਹੀ ਖੂਬਸੂਰਤ ਸੀ। 3 ਤਾਂ ਦਾਊਦ ਨੇ ਆਪਣੇ ਸੇਵਕਾਂ ਨੂੰ ਭੇਜਿਆ ਕਿ ਜਾਕੇ ਪਤਾ ਕਰੋ ਕਿ ਉਹ ਔਰਤ ਕੌਣ ਹੈ? ਇੱਕ ਅਫ਼ਸਰ ਨੇ ਜਵਾਬ ਦਿੱਤਾ, “ਉਸ ਔਰਤ ਦਾ ਨਾਉਂ ਬਥ-ਸ਼ਬਾ ਹੈ ਜੋ ਕਿ ਅਲੀਆਮ ਦੀ ਧੀ ਹੈ ਅਤੇ ਹਿੱਤੀ ਦੇ ਊਰਿੱਯਾਹ ਦੀ ਪਤਨੀ ਹੈ।”
4 ਦਾਊਦ ਨੇ ਆਪਣੇ ਮਨੁੱਖਾਂ ਨੂੰ ਉਸ ਔਰਤ ਨੂੰ ਲਿਆਉਣ ਲਈ ਭੇਜਿਆ। ਜਦੋਂ ਉਹ ਦਾਊਦ ਕੋਲ ਆਈ ਤਾਂ ਦਾਊਦ ਨੇ ਉਸ ਔਰਤ ਨਾਲ ਸੰਭੋਗ ਕੀਤਾ। ਫ਼ਿਰ ਉਸ ਨੇ ਆਪਣੀ ਅਸ਼ੁੱਧਤਾ ਨੂੰ ਧੋਤਾ ਅਤੇ ਆਪਣੇ ਘਰ ਵਾਪਸ ਚਲੀ ਗਈ। [a] 5 ਪਰ ਬਥ-ਸ਼ਬਾ ਨੂੰ ਦਾਊਦ ਤੋਂ ਬੱਚਾ ਠਹਿਰ ਗਿਆ ਤਾਂ ਉਸ ਨੇ ਦਾਊਦ ਨੂੰ ਇਹ ਖਬਰ ਭੇਜੀ ਕਿ ਉਹ ਗਰਭਵਤੀ ਹੋ ਗਈ ਹੈ।
ਦਾਊਦ ਆਪਣੇ ਪਾਪ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ
6 ਦਾਊਦ ਨੇ ਯੋਆਬ ਨੂੰ ਸੁਨੇਹਾ ਭੇਜਿਆ, “ਹਿੱਤੀ ਊਰਿੱਯਾਹ ਨੂੰ ਮੇਰੇ ਕੋਲ ਭੇਜ।”
ਤਾਂ ਯੋਆਬ ਨੇ ਊਰਿੱਯਾਹ ਨੂੰ ਦਾਊਦ ਕੋਲ ਭੇਜਿਆ। 7 ਊਰਿੱਯਾਹ ਦਾਊਦ ਕੋਲ ਆਇਆ ਤਾਂ ਦਾਊਦ ਨੇ ਉਸ ਨਾਲ ਗੱਲ ਬਾਤ ਕੀਤੀ ਅਤੇ ਉਸ ਕੋਲੋਂ ਯੋਆਬ, ਸਿਪਾਹੀਆਂ ਬਾਰੇ ਅਤੇ ਲੜਾਈ ਬਾਰੇ ਪੁੱਛਿਆ। 8 ਫ਼ਿਰ ਦਾਊਦ ਨੇ ਊਰਿੱਯਾਹ ਨੂੰ ਘਰ ਵਾਪਸ ਜਾਕੇ ਆਰਾਮ ਕਰਨ ਲਈ ਕਿਹਾ।
ਊਰਿੱਯਾਹ ਨੇ, ਰਾਜੇ ਵੱਲੋਂ ਊਰਿੱਯਾਹ ਲਈ ਸੁਗਾਤ ਚੁੱਕੀ ਹੋਏ ਆਦਮੀਆਂ ਦੇ ਸਮੇਤ ਮਹਿਲ ਛੱਡ ਦਿੱਤਾ। 9 ਪਰ ਊਰਿੱਯਾਹ ਘਰ ਨਾ ਗਿਆ ਉਹ ਪਾਤਸ਼ਾਹ ਦੇ ਘਰ ਦੇ ਦਰਵਾਜ਼ੇ ਬਾਹਰ ਹੀ ਸੌਂ ਗਿਆ। ਉਹ ਪਾਤਸ਼ਾਹ ਦੇ ਬਾਕੀ ਸੇਵਕਾਂ ਵਾਂਗ ਹੀ ਉੱਥੇ ਸੌਂ ਗਿਆ। 10 ਸੇਵਕਾਂ ਨੇ ਦਾਊਦ ਨੂੰ ਦੱਸਿਆ ਕਿ, “ਊਰਿੱਯਾਹ ਰਾਤ ਘਰ ਨਹੀਂ ਗਿਆ।”
ਤਦ ਦਾਊਦ ਨੇ ਊਰਿੱਯਾਹ ਨੂੰ ਕਿਹਾ, “ਤੂੰ ਇੰਨੇ ਲੰਬੇ ਸਫ਼ਰ ਤੋਂ ਮੁੜਿਆ ਹੈਂ ਤਾਂ ਤੂੰ ਘਰ ਕਿਉਂ ਨਹੀਂ ਗਿਆ?”
11 ਊਰਿੱਯਾਹ ਨੇ ਦਾਊਦ ਨੂੰ ਕਿਹਾ, “ਪਵਿੱਤਰ ਸੰਦੂਕ ਅਤੇ ਇਸਰਾਏਲ ਅਤੇ ਯਹੂਦਾਹ ਦੇ ਸੈਨਿਕ ਤੰਬੂਆਂ ਵਿੱਚ ਰਹਿੰਦੇ ਹਨ ਅਤੇ ਮੇਰਾ ਮਹਾਰਾਜ ਯੋਆਬ ਅਤੇ ਮੇਰੇ ਮਹਾਰਾਜ (ਪਾਤਸ਼ਾਹ ਦਾਊਦ) ਦੇ ਸੇਵਕ ਖੁੱਲੇ ਮੈਦਾਨ ਵਿੱਚ ਪਏ ਹੋਏ ਹਨ ਤਾਂ ਫ਼ਿਰ ਮੈਂ ਆਪਣੇ ਘਰ ਜਾਕੇ ਕਿਵੇਂ ਖਾ ਪੀ ਸੱਕਦਾ ਹਾਂ ਅਤੇ ਆਪਣੀ ਬੀਵੀ ਨਾਲ ਕਿਵੇਂ ਸੌਂ ਸੱਕਦਾ ਹਾਂ?”
12 ਤਾਂ ਦਾਊਦ ਨੇ ਊਰਿੱਯਾਹ ਨੂੰ ਕਿਹਾ, “ਅੱਜ ਫ਼ਿਰ ਤੂੰ ਇੱਥੇ ਹੀ ਰਹਿ ਅਤੇ ਕੱਲ ਫ਼ਿਰ ਮੈਂ ਤੈਨੂੰ ਲੜਾਈ ਲਈ ਵਿਦਿਆ ਕਰਾਂਗਾ।”
ਊਰਿੱਯਾਹ ਉਸ ਦਿਨ ਯਰੂਸ਼ਲਮ ਵਿੱਚ ਹੀ ਰਿਹਾ। ਉਹ ਅਗਲੀ ਸਵੇਰ ਤੀਕ ਉੱਥੇ ਹੀ ਰਿਹਾ ਤਦ 13 ਦਾਊਦ ਨੇ ਉਸ ਨੂੰ ਆਕੇ ਮਿਲਣ ਲਈ ਆਖਿਆ। ਤਦ ਊਰਿੱਯਾਹ ਨੇ ਦਾਊਦ ਨਾਲ ਉਸ ਦਿਨ ਖਾਧਾ-ਪੀਤਾ। ਦਾਊਦ ਨੇ ਊਰਿੱਯਾਹ ਨੂੰ ਸ਼ਰਾਬ ਨਾਲ ਬੇਹੋਸ਼ ਕਰ ਦਿੱਤਾ ਪਰ ਉਹ ਤਦ ਵੀ ਘਰ ਨੂੰ ਨਾ ਗਿਆ ਉਸ ਰਾਤ ਵੀ ਊਰਿੱਯਾਹ ਪਾਤਸ਼ਾਹ ਦੇ ਸੇਵਕਾਂ ਨਾਲ ਹੀ ਸੁੱਤਾ ਪਾਤਸ਼ਾਹ ਦੇ ਦਰਵਾਜ਼ੇ ਦੇ ਬਾਹਰ।
ਦਾਊਦ ਦੀ ਊਰਿੱਯਾਹ ਨੂੰ ਮਾਰਨ ਦੀ ਵਿਉਂਤ
14 ਅਗਲੀ ਸਵੇਰ, ਦਾਊਦ ਨੇ ਯੋਆਬ ਨੂੰ ਇੱਕ ਖਤ ਲਿਖਿਆ। ਦਾਊਦ ਨੇ ਉਹ ਖਤ ਊਰਿੱਯਾਹ ਨੂੰ ਲੈਜਾਣ ਲਈ ਆਖਿਆ। 15 ਖਤ ਵਿੱਚ ਦਾਊਦ ਨੇ ਲਿਖਿਆ, “ਊਰਿੱਯਾਹ ਨੂੰ ਸਖਤ ਲੜਾਈ ਵੇਲੇ ਸਭ ਤੋਂ ਅੱਗੇ ਕਰਕੇ ਉਸ ਨੂੰ ਇੱਕਲਾ ਛੱਡ ਕੇ ਉਸ ਕੋਲੋਂ ਮੁੜ ਆਵੋ ਤਾਂ ਜੋ ਉਹ ਵੱਢਿਆ ਜਾਵੇ ਅਤੇ ਮਰ ਜਾਵੇ।”
16 ਤਾਂ ਯੋਆਬ ਉਸ ਸ਼ਹਿਰ ਦਾ ਮੁਆਇਨਾ ਕਰਨ ਲਈ ਗਿਆ ਕਿ ਸਭ ਤੋਂ ਬਹਾਦੁਰ ਅੰਮੋਨੀ ਕਿੱਥੇ ਹਨ? ਉਸ ਨੇ ਊਰਿੱਯਾਹ ਲਈ ਉਹ ਥਾਂ ਚੁਣੀ। 17 ਤਾਂ ਉਸ ਸ਼ਹਿਰ ਦੇ ਲੋਕ ਨਿਕਲੇ ਅਤੇ ਯੋਆਬ ਦੇ ਨਾਲ ਲੜੇ ਅਤੇ ਉੱਥੇ ਦਾਊਦ ਦੇ ਸੇਵਕਾਂ ਵਿੱਚੋਂ ਕਈ ਡਿੱਗ ਪਏ ਅਤੇ ਹਿੱਤੀ ਊਰਿੱਯਾਹ ਵੀ ਉੱਥੇ ਮਾਰਿਆ ਗਿਆ।
18 ਤਦ ਯੋਆਬ ਨੇ ਇਹ ਸਾਰਾ ਹਾਲ ਲੜਾਈ ਵਿੱਚ ਕੀ-ਕੀ ਹੋਇਆ ਇੱਕ ਬੰਦੇ ਦੇ ਹੱਥ ਖਬਰ ਭੇਜੀ। 19 ਯੋਆਬ ਨੇ ਸੰਦੇਸ਼ਵਾਹਕ ਨੂੰ ਦੱਸਿਆ ਕਿ ਦਾਊਦ ਪਾਤਸ਼ਾਹ ਨੂੰ ਜਾਕੇ ਆਖੇ ਕਿ ਲੜਾਈ ਵਿੱਚ ਕੀ-ਕੀ ਵਾਪਰਿਆ। 20 “ਹੋ ਸੱਕਦਾ ਹੈ ਕਿ ਪਾਤਸ਼ਾਹ ਕਰੋਧ ਕਰੇ ਜਾਂ ਬੇਚੈਨ ਹੋਵੇ। ਹੋ ਸੱਕਦਾ ਪਾਤਸ਼ਾਹ ਇਹ ਆਖੇ, ‘ਯੋਆਬ ਦੀ ਸੈਨਾ ਸ਼ਹਿਰ ਦੇ ਇੰਨੀ ਨੇੜੇ ਲੜਨ ਲਈ ਕਿਉਂ ਗਈ? ਕੀ ਭਲਾ ਤੁਸੀਂ ਨਹੀਂ ਜਾਣਦੇ ਸੀ ਕਿ ਉਹ ਕੰਧ ਉੱਪਰ ਤੀਰ ਮਾਰਨਗੇ ਅਤੇ ਤੁਹਾਡੇ ਆਦਮੀਆਂ ਤੇ ਉੱਥੋਂ ਤੀਰ ਚਲਾਉਣਗੇ? 21 ਯਰੂਬਸ਼ਥ ਦੇ ਪੁੱਤਰ ਅਬੀਮਲਕ ਨੂੰ ਕਿਸਨੇ ਮਾਰਿਆ? ਕੀ ਭਲਾ ਇੱਕ ਔਰਤ ਨੇ ਉੱਪਰੋਂ ਚੱਕੀ ਦਾ ਪੁੜ ਉਸ ਉੱਪਰ ਨਹੀਂ ਸੀ ਕੱਢ ਮਾਰਿਆ, ਜਿਸ ਨਾਲ ਉਹ ਤੇਬੇਸ ਵਿੱਚ ਮਰ ਗਿਆ ਸੀ? ਸੋ ਤੁਸੀਂ ਸ਼ਹਿਰ ਦੀ ਕੰਧ ਹੇਠਾਂ ਕਿਸ ਲਈ ਗਏ?’ ਜੇਕਰ ਪਾਤਸ਼ਾਹ ਦਾਊਦ ਅਜਿਹੀਆਂ ਗੱਲਾਂ ਪੁੱਛੇ ਤਾਂ ਤੁਸੀਂ ਉਸ ਨੂੰ ਇਹ ਸੰਦੇਸ਼ ਜ਼ਰੂਰ ਦੇਣਾ ਕਿ ‘ਤੇਰਾ ਅਫ਼ਸਰ ਹਿੱਤੀ ਊਰਿੱਯਾਹ ਵੀ ਮਾਰਿਆ ਗਿਆ ਹੈ।’”
22 ਸੋ ਸੰਦੇਸ਼ਵਾਹਕ ਉੱਥੋਂ ਤੁਰ ਪਿਆ ਅਤੇ ਜੋ ਕੁਝ ਯੋਆਬ ਨੇ ਆਖਿਆ ਸੀ ਉਹ ਜਾਕੇ ਦਾਊਦ ਨੂੰ ਦੱਸਿਆ। 23 ਸੰਦੇਸ਼ਵਾਹਕ ਨੇ ਦਾਊਦ ਨੂੰ ਕਿਹਾ, “ਅੰਮੋਨ ਦੇ ਮਨੁੱਖਾਂ ਨੇ ਸਾਡੇ ਤੇ ਮੈਦਾਨ ਵਿੱਚ ਹੀ ਹਮਲਾ ਬੋਲ ਦਿੱਤਾ ਤੇ ਅਸੀਂ ਉਨ੍ਹਾਂ ਨਾਲ ਲੜੇ ਅਤੇ ਸ਼ਹਿਰ ਦੇ ਦਰਵਾਜ਼ੇ ਤੱਕ ਉਨ੍ਹਾਂ ਦਾ ਪਿੱਛਾ ਕਰਦੇ ਉਨ੍ਹਾਂ ਮਗਰ ਲੱਗੇ ਰਹੇ। 24 ਤਦ ਕੰਧ ਉੱਪਰ ਚੜ੍ਹੇ ਲੋਕਾਂ ਨੇ ਤੁਹਾਡੇ ਅਫ਼ਸਰਾਂ ਉੱਪਰ ਤੀਰ ਚਲਾਏ ਜਿਸ ਕਾਰਣ ਕੁਝ ਸੇਵਕ ਉਨ੍ਹਾਂ ਵਿੱਚੋਂ ਮਾਰੇ ਗਏ ਅਤੇ ਉਨ੍ਹਾਂ ਵਿੱਚ ਤੁਹਾਡਾ ਸੇਵਕ ਹਿੱਤੀ ਊਰਿੱਯਾਹ ਵੀ ਵੱਢਿਆ ਗਿਆ।”
25 ਦਾਊਦ ਨੇ ਸੰਦੇਸ਼ਵਾਹਕ ਨੂੰ ਕਿਹਾ, “ਇਹ ਗੱਲ ਯੋਆਬ ਨੂੰ ਜਾਕੇ ਆਖ, ਇਸ ਗੱਲ ਬਾਰੇ ਬਹੁਤਾ ਪਰੇਸ਼ਾਨ ਨਾ ਹੋ। ਕਿਉਂ ਕਿ ਤਲਵਾਰ ਜਿਹਾ ਇੱਕ ਨੂੰ ਵੱਢਦੀ ਹੈ ਤਿਵੇਂ ਦੂਜੇ ਨੂੰ ਵੱਢਦੀ ਹੈ। ਤੂੰ ਸ਼ਹਿਰ ਦੇ ਸਾਹਮਣੇ ਵੱਡੀ ਲੜਾਈ ਕਰ ਅਤੇ ਉਸ ਨੂੰ ਢਾਹ ਦੇ। ਸੋ ਤੂੰ ਇਨ੍ਹਾਂ ਸ਼ਬਦਾਂ ਨਾਲ ਜਾਕੇ ਯੋਆਬ ਨੂੰ ਧੀਰਜ ਦੇਵੀਂ।”
ਦਾਊਦ ਦਾ ਬਥ-ਸ਼ਬਾ ਨਾਲ ਵਿਆਹ
26 ਜਦੋਂ ਬਥ-ਸ਼ਬਾ ਨੇ ਸੁਣਿਆ ਕਿ ਉਸਦਾ ਪਤੀ ਊਰਿੱਯਾਹ ਮਰ ਗਿਆ ਹੈ, ਤਾਂ ਉਹ ਉਸ ਲਈ ਸੋਗ ਵਿੱਚ ਰੋਣ ਲਗੀ। 27 ਜਦੋਂ ਸੋਗ ਦੇ ਦਿਨ ਲੰਘ ਗਏ, ਤਾਂ ਦਾਊਦ ਨੇ ਉਸ ਨੂੰ ਆਪਣੇ ਸੇਵਕਾਂ ਕੋਲੋਂ ਆਪਣੇ ਘਰ ਸੱਦ ਲਿਆਉਣ ਨੂੰ ਕਿਹਾ। ਤਦ ਉਹ ਦਾਊਦ ਦੀ ਪਤਨੀ ਬਣੀ ਅਤੇ ਉਸ ਨੇ ਦਾਊਦ ਲਈ ਪੁੱਤਰ ਨੂੰ ਜਨਮ ਦਿੱਤਾ। ਪਰ ਯਹੋਵਾਹ ਨੂੰ ਦਾਊਦ ਦਾ ਇਹ ਕੰਮ ਬੁਰਾ ਲੱਗਾ।
ਸੱਕੇਵਾਂ ਦੇ ਪੁੱਤਰ
11 ਪਰਮੇਸ਼ੁਰ ਪੌਲੁਸ ਰਾਹੀਂ ਕੁਝ ਮਹਾਨ ਕਰਿਸ਼ਮੇ ਕਰਵਾਉਂਦਾ ਹੁੰਦਾ ਸੀ। 12 ਕੁਝ ਲੋਕਾਂ ਨੇ ਉਹ ਕੱਪੜੇ ਅਤੇ ਰੁਮਾਲ ਲੈ ਲਏ ਜੋ ਪੌਲੁਸ ਨੇ ਇਸਤੇਮਾਲ ਕੀਤੇ ਸਨ ਅਤੇ ਉਹ ਉਨ੍ਹਾਂ ਨੂੰ ਬਿਮਾਰ ਲੋਕਾਂ ਉੱਤੇ ਪਾ ਦਿੰਦੇ। ਜਦੋਂ ਅਜਿਹੇ ਕੱਪੜੇ ਰੋਗੀਆਂ ਨੂੰ ਛੂਂਹਦੇ, ਤਾਂ ਉਹ ਰੋਗੀ ਤੰਦਰੁਸਤ ਹੋ ਜਾਂਦੇ ਅਤੇ ਭਰਿਸ਼ਟ ਆਤਮਾਵਾਂ ਉਨ੍ਹਾਂ ਨੂੰ ਛੱਡ ਜਾਂਦੀਆਂ।
13-14 ਕੁਝ ਯਹੂਦੀ ਲੋਕ ਵੀ ਇਧਰ-ਉਧਰ ਫ਼ਿਰਦਿਆਂ ਹੋਇਆਂ ਲੋਕਾਂ ਵਿੱਚੋਂ ਭਰਿਸ਼ਟ ਆਤਮੇ ਕੱਢਦੇ ਹੁੰਦੇ ਸਨ। ਸੱਕੇਵਾ ਵੱਡੇ ਜਾਜਕ ਦੇ ਸੱਤੇ ਪੁੱਤਰ ਇਹੀ ਕੰਮ ਕਰਦੇ ਸਨ। ਉਨ੍ਹਾਂ ਨੇ ਯਿਸੂ ਦੇ ਨਾਂ ਨੂੰ ਇਸਤੇਮਾਲ ਕਰਕੇ ਭਰਿਸ਼ਟ ਆਤਮਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਆਖਿਆ, “ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਉਸੇ ਯਿਸੂ ਦੇ ਨਾਂ ਤੇ ਬਾਹਰ ਆ ਜਾਓ ਜਿਸ ਬਾਰੇ ਪੌਲੁਸ ਦੱਸਦਾ ਹੈ।”
15 ਪਰ ਭਰਿਸ਼ਟ ਆਤਮਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਯਿਸੂ ਨੂੰ ਵੀ ਜਾਣਦਾ ਹਾਂ ਅਤੇ ਪੌਲੁਸ ਨੂੰ ਵੀ, ਪਰ ਤੁਸੀਂ ਕੌਣ ਹੋਂ?”
16 ਫ਼ੇਰ ਭਰਿਸ਼ਟ ਆਤਮਿਆਂ ਦੇ ਕਾਬਿਜ ਉਸ ਆਦਮੀ ਨੇ ਉਨ੍ਹਾਂ ਯਹੂਦੀਆਂ ਉੱਤੇ ਛਾਲ ਮਾਰੀ। ਉਹ ਉਨ੍ਹਾਂ ਤੋਂ ਕਿਤੇ ਵੱਧ ਤਾਕਤਵਰ ਸੀ। ਉਸ ਨੇ ਉਨ੍ਹਾਂ ਨੂੰ ਕੁਟਿਆ ਅਤੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ। ਇਸ ਲਈ ਉਹ ਨੰਗੇ ਅਤੇ ਜ਼ਖਮੀ ਹੀ ਉਸ ਘਰੋਂ ਭੱਜ ਗਏ।
17 ਅਫ਼ਸੁਸ ਵਿੱਚ ਰਹਿੰਦੇ ਸਾਰੇ ਯਹੂਦੀ ਅਤੇ ਯੂਨਾਨੀ ਸਭਨਾਂ ਨੂੰ ਇਸ ਗੱਲ ਬਾਰੇ ਪਤਾ ਲੱਗ ਗਿਆ ਤੇ ਉਨ੍ਹਾਂ ਸਾਰਿਆਂ ਦੇ ਮਨਾਂ ਵਿੱਚ ਡਰ ਆ ਗਿਆ ਅਤੇ ਲੋਕਾਂ ਨੇ ਪ੍ਰਭੂ ਯਿਸੂ ਦੇ ਨਾਂ ਨੂੰ ਵੱਡਾ ਮਾਨ-ਸੰਮਾਨ ਦਿੱਤਾ। 18 ਬਹੁਤ ਸਾਰੇ ਨਿਹਚਾਵਾਨ ਅੱਗੇ ਆਏ ਅਤੇ ਸਾਰੇ ਲੋਕਾਂ ਸਾਹਮਣੇ, ਜਿਹੜੀਆਂ ਭਰਿਸ਼ਟ ਕਰਨੀਆਂ ਉਨ੍ਹਾਂ ਨੇ ਕੀਤੀਆਂ ਸਨ ਸਵੀਕਾਰ ਕਰ ਲਈਆਂ। 19 ਅਨੇਕਾਂ ਨਿਹਚਾਵਾਨਾਂ, ਨੇ ਜੋ ਜਾਦੂ ਕਰਦੇ ਸਨ, ਆਪਣੀਆਂ ਜਾਦੂ ਦੀਆਂ ਪੁਸਤਕਾਂ ਲਿਆਏ ਅਤੇ ਲੋਕਾਂ ਸਾਹਮਣੇ ਸਾੜ ਦਿੱਤੀਆਂ। ਇਹ ਪੁਸਤਕਾਂ ਤਕਰੀਬਨ 50,000 ਚਾਂਦੀ ਦੇ ਸਿੱਕਿਆਂ ਦੇ ਤੁਲ ਸਨ। 20 ਇਸ ਤਰ੍ਹਾਂ ਪ੍ਰਭੂ ਦਾ ਬਚਨ ਸ਼ਕਤੀਸ਼ਾਲੀ ਢੰਗ ਨਾਲ ਵੱਧ ਤੋਂ ਵੱਧ ਲੋਕਾਂ ਦੇ ਦਿਲਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ, ਅਤੇ ਬਹੁਤ ਸਾਰੇ ਨਿਹਚਾਵਾਨ ਬਣ ਗਏ।
ਯਿਸੂ ਮੂਸਾ ਅਤੇ ਏਲੀਯਾਹ ਦੇ ਨਾਲ(A)
2 ਛੇ ਦਿਨਾਂ ਬਾਦ ਯਿਸੂ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਨਾਲ ਲਿਆ ਅਤੇ ਉਨ੍ਹਾਂ ਨੂੰ ਇੱਕ ਉੱਚੀ ਪਹਾੜੀ ਤੇ ਲੈ ਗਿਆ ਸਿਰਫ਼ ਉਹੀ ਉੱਥੇ ਉਸ ਦੇ ਨਾਲ ਸਨ। ਜਦੋਂ ਹਾਲੇ ਉਸ ਦੇ ਚੇਲੇ ਉਸ ਵੱਲ ਵੇਖ ਰਹੇ ਸਨ। ਯਿਸੂ ਉਨ੍ਹਾਂ ਦੇ ਸਾਹਮਣੇ ਬਦਲ ਗਿਆ ਸੀ। 3 ਉਸ ਦੇ ਕੱਪੜੇ ਚਮਕੀਲੇ ਚਿੱਟੇ ਹੋ ਗਏ ਅਤੇ ਉਹ ਇੰਨੇ ਚਿੱਟੇ ਸਨ ਕਿ ਦੁਨੀਆਂ ਦਾ ਕੋਈ ਵੀ ਧੋਬੀ ਅਜਿਹੇ ਚਿੱਟੇ ਕਰਨ ਯੋਗ ਨਹੀਂ। 4 ਫ਼ਿਰ ਦੋ ਆਦਮੀ, ਮੂਸਾ ਅਤੇ ਏਲੀਯਾਹ, ਉਨ੍ਹਾਂ ਅੱਗੇ ਪ੍ਰਗਟੇ ਅਤੇ ਉਹ ਯਿਸੂ ਨਾਲ ਗੱਲਾਂ ਕਰ ਰਹੇ ਸਨ।
5 ਪਤਰਸ ਨੇ ਯਿਸੂ ਨੂੰ ਕਿਹਾ, “ਗੁਰੂ! ਸਾਡੇ ਲਈ ਇੱਥੇ ਹੋਣਾ ਚੰਗਾ ਹੈ। ਅਸੀਂ ਇੱਥੇ ਤਿੰਨ ਤੰਬੂ ਲਗਾਵਾਂਗੇ। ਇੱਕ ਤੇਰੇ ਲਈ, ਇੱਕ ਮੂਸਾ ਅਤੇ ਇੱਕ ਏਲੀਯਾਹ ਲਈ।” 6 ਪਤਰਸ ਨਹੀਂ ਜਾਣਦਾ ਸੀ ਕਿ ਉਹ ਉਸ ਨੂੰ ਕੀ ਉੱਤਰ ਦੇਵੇ ਕਿਉਂਕਿ ਉਸ ਵਕਤ ਉਹ ਅਤੇ ਬਾਕੀ ਦੇ ਦੋ ਚੇਲੇ ਬਹੁਤ ਡਰ ਗਏ ਸਨ।
7 ਤਦ ਇੱਕ ਬੱਦਲ ਆਇਆ ਅਤੇ ਉਸ ਨੇ ਉਨ੍ਹਾਂ ਉੱਪਰ ਛਾਂ ਕੀਤੀ ਅਤੇ ਉਸ ਵਿੱਚੋਂ ਇੱਕ ਅਵਾਜ਼ ਆਈ ਜਿਸਨੇ ਕਿਹਾ, “ਇਹ ਮੇਰਾ ਪਿਆਰਾ ਪੁੱਤਰ ਹੈ, ਤੁਸੀਂ ਇਸ ਨੂੰ ਸੁਣੋ।”
8 ਪਰ ਉਨ੍ਹਾਂ ਚੁਫ਼ੇਰੇ ਨਜ਼ਰ ਕਰਕੇ ਵੇਖਿਆ ਤਾਂ ਉਨ੍ਹਾਂ ਨੇ ਯਿਸੂ ਤੋਂ ਬਿਨਾ ਹੋਰ ਕਿਸੇ ਨੂੰ ਵੀ ਨਾ ਵੇਖਿਆ। ਉੱਥੇ ਉਨ੍ਹਾਂ ਨਾਲ ਸਿਰਫ਼ ਉਹੀ ਸੀ।
9 ਯਿਸੂ ਅਤੇ ਚੇਲੇ ਜਦੋਂ ਪਹਾੜ ਤੋਂ ਉੱਤਰ ਰਹੇ ਸਨ ਤਾਂ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ, “ਤੁਸੀਂ ਜੋ ਕੁਝ ਵੇਖਿਆ ਹੈ, ਇਸ ਬਾਰੇ ਕਿਸੇ ਨਾਲ ਗੱਲ ਨਹੀਂ ਕਰਨੀ। ਓੁਨੀ ਦੇਰ ਇੰਤਜ਼ਾਰ ਕਰੋ ਜਦ ਤੱਕ ਕਿ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਨਾਂ ਜੀ ਉੱਠੇਗਾ।”
10 ਉਨ੍ਹਾਂ ਨੇ ਇਹ ਗੱਲਾਂ ਆਪਣੇ ਵਿੱਚਕਾਰ ਹੀ ਰੱਖੀਆਂ, ਅਤੇ ਉਹ ਆਪਸ ਵਿੱਚ ਵਿੱਚਾਰ ਕਰ ਰਹੇ ਸਨ “ਮੌਤ ਤੋਂ ਜੀ ਉੱਠਣ” ਦਾ ਅਰਥ ਕੀ ਹੋਇਆ? 11 ਚੇਲਿਆਂ ਨੇ ਯਿਸੂ ਨੂੰ ਆਖਿਆ, “ਨੇਮ ਦੇ ਉਪਦੇਸ਼ ਇਹ ਭਲਾ ਕਿਉਂ ਆਖਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ?”
12 ਯਿਸੂ ਨੇ ਉੱਤਰ ਦਿੱਤਾ, “ਉਨ੍ਹਾਂ ਦਾ ਇਹ ਕਹਿਣਾ ਕਿ ਏਲੀਯਾਹ ਪਹਿਲਾਂ ਆਵੇਗਾ ਦਰੁਸਤ ਹੈ ਕਿਉਂਕਿ ਉਹ ਪਹਿਲਾਂ ਆਕੇ ਸਭ ਕੁਝ ਮੁੜ ਸੁਆਰੇਗਾ। ਪਰ ਇਹ ਮਨੁੱਖ ਦੇ ਪੁੱਤਰ ਬਾਰੇ ਕਿਉਂ ਲਿਖਿਆ ਗਿਆ ਹੈ ਕਿ ਉਹ ਬਹੁਤ ਤਸੀਹੇ ਝੱਲੇਗਾ ਅਤੇ ਲੋਕਾਂ ਦੁਆਰਾ ਨਾਮੰਜ਼ੂਰ ਕੀਤਾ ਜਾਵੇਗਾ? 13 ਮੈਂ ਤੁਹਾਨੂੰ ਦੱਸਦਾ ਹਾਂ ਕਿ ਏਲੀਯਾਹ ਆ ਚੁੱਕਿਆ ਹੈ, ਅਤੇ ਲੋਕਾਂ ਨੇ ਉਸ ਨਾਲ ਬਦਸਲੂਕੀ ਕੀਤੀ ਜਿਵੇਂ ਕਿ ਉਨ੍ਹਾਂ ਨੇ ਚਾਹਿਆ। ਉਸ ਦੇ ਅਨੁਸਾਰ ਜੋ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ।”
2010 by World Bible Translation Center