Book of Common Prayer
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
140 ਯਹੋਵਾਹ, ਮੈਨੂੰ ਮੰਦੇ ਲੋਕਾਂ ਪਾਸੋਂ ਬਚਾਉ।
ਜ਼ਾਲਮ ਲੋਕਾਂ ਤੋਂ ਮੇਰੀ ਰੱਖਿਆ ਕਰੋ।
2 ਉਹ ਲੋਕ ਮੰਦੀਆਂ ਯੋਜਨਾਵਾਂ ਬਨਾਉਂਦੇ ਹਨ।
ਉਹ ਲੋਕ ਹਰ ਵੇਲੇ ਲੜਾਈਆਂ ਛੇੜਦੇ ਹਨ।
3 ਉਨ੍ਹਾਂ ਦੀਆਂ ਜੀਭਾਂ ਜ਼ਹਿਰੀਲੇ ਸੱਪਾਂ ਵਰਗੀਆਂ ਹਨ।
ਇਵੇਂ ਹੈ ਜਿਵੇਂ ਉਨ੍ਹਾਂ ਦੀ ਜੀਭ ਹੇਠਾਂ ਸੱਪ ਦਾ ਜ਼ਹਿਰ ਛੁਪਿਆ ਹੋਵੇ।
4 ਯਹੋਵਾਹ, ਮੈਨੂੰ ਬਦ ਲੋਕਾਂ ਤੋਂ ਬਚਾਉ।
ਜ਼ਾਲਮ ਲੋਕਾਂ ਤੋਂ ਮੇਰੀ ਰੱਖਿਆ ਕਰੋ।
ਉਹ ਲੋਕ ਮੇਰਾ ਪਿੱਛਾ ਕਰਦੇ ਹਨ ਅਤੇ ਮੈਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰਦੇ ਹਨ।
5 ਉਹ ਗੁਮਾਨੀ ਲੋਕ ਮੇਰੇ ਲਈ ਫ਼ੰਦੇ ਲਾਉਂਦੇ ਹਨ।
ਉਹ ਮੈਨੂੰ ਫ਼ੜਨ ਲਈ ਜਾਲ ਲਾਉਂਦੇ ਹਨ।
ਉਹ ਮੇਰੇ ਰਾਹ ਵਿੱਚ ਫ਼ੰਦਾ ਲਾਉਂਦੇ ਹਨ।
6 ਯਹੋਵਾਹ, ਤੁਸੀਂ ਮੇਰੇ ਪਰਮੇਸ਼ੁਰ ਹੋ।
ਯਹੋਵਾਹ ਮੇਰੀ ਪ੍ਰਾਰਥਨਾ ਸੁਣੋ।
7 ਯਹੋਵਾਹ, ਤੁਸੀਂ ਮੇਰੇ ਸ਼ਕਤੀਸ਼ਾਲੀ ਮਾਲਕ ਹੋ।
ਤੁਸੀਂ ਮੇਰੇ ਮੁਕਤੀਦਾਤਾ ਹੋ।
ਤੁਸੀਂ ਯੁੱਧ ਵਿੱਚ ਮੇਰੇ ਸਿਰ ਦੀ ਰੱਖਿਆ ਕਰ ਰਹੇ ਟੋਪ ਵਾਂਗ ਹੋ।
8 ਯਹੋਵਾਹ, ਉਹ ਲੋਕ ਬਦ ਹਨ।
ਉਨ੍ਹਾਂ ਨੂੰ ਉਹ ਨਾ ਦਿਉ ਜੋ ਉਹ ਮੰਗਦੇ ਹਨ।
ਉਨ੍ਹਾਂ ਦੀਆਂ ਯੋਜਨਾਵਾਂ ਸਫ਼ਲ ਨਾ ਹੋਣ ਦਿਉ।
9 ਯਹੋਵਾਹ, ਮੇਰੇ ਦੁਸ਼ਮਣਾ ਨੂੰ ਨਾ ਜਿੱਤਣ ਦਿਉ।
ਉਹ ਲੋਕ ਮੰਦੀਆਂ ਗੱਲਾਂ ਦੀਆਂ ਯੋਜਨਾਵਾਂ ਬਣਾਉਂਦੇ ਹਨ, ਪਰ ਕੁਝ ਅਜਿਹਾ ਕਰੋ ਕਿ ਮੰਦੀਆਂ ਗੱਲਾਂ ਉਨ੍ਹਾਂ ਨਾਲ ਹੀ ਵਾਪਰਨ।
10 ਉਨ੍ਹਾਂ ਦੇ ਸਿਰਾਂ ਉੱਤੇ ਭੱਖਦੇ ਕੋਲੇ ਵਰਸਾਉ।
ਮੇਰੇ ਦੁਸ਼ਮਣਾਂ ਨੂੰ ਅੱਗ ਵਿੱਚ ਸੁੱਟ ਦਿਉ।
ਉਨ੍ਹਾਂ ਨੂੰ ਖਾਈ (ਕਬਰ) ਵਿੱਚ ਸੁੱਟ ਦਿਉ ਜਿੱਥੇ ਉਹ ਕਦੇ ਵੀ ਨਾ ਨਿਕਲ ਸੱਕਣ।
11 ਯਹੋਵਾਹ, ਉਨ੍ਹਾਂ ਝੂਠਿਆ ਨੂੰ ਨਾ ਜਿਉਣ ਦਿਉ।
ਉਨ੍ਹਾਂ ਮੰਦੇ ਲੋਕਾਂ ਨਾਲ ਮੰਦੀਆਂ ਗੱਲਾਂ ਵਾਪਰਨ ਦਿਉ।
12 ਮੈਂ ਜਾਣਦਾ ਹਾਂ ਕਿ ਯਹੋਵਾਹ ਨਿਰਪੱਖ ਹੋਕੇ ਗਰੀਬ ਲੋਕਾਂ ਬਾਰੇ ਨਿਆਂ ਕਰੇਗਾ।
ਪਰਮੇਸ਼ੁਰ ਬੇਸਹਾਰਿਆਂ ਦੀ ਮਦਦ ਕਰੇਗਾ।
13 ਨੇਕ ਲੋਕ ਤੁਹਾਡੇ ਨਾਮ ਦੀ ਉਸਤਤਿ ਕਰਨਗੇ, ਯਹੋਵਾਹ।
ਨੇਕ ਲੋਕ ਤੁਹਾਡੀ ਉਪਾਸਨਾ ਕਰਨਗੇ।
ਦਾਊਦ ਦਾ ਇੱਕ ਭੱਗਤੀ ਗੀਤ। ਇਹ ਉਸ ਵੇਲੇ ਦੀ ਪ੍ਰਾਰਥਨਾ ਹੈ ਜਦੋਂ ਉਹ ਗੁਫ਼ਾ ਵਿੱਚ ਸੀ।
142 ਮੈਂ ਮਦਦ ਵਾਸਤੇ ਯਹੋਵਾਹ ਨੂੰ ਪੁਕਾਰਾਂਗਾ।
ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ।
2 ਮੈਂ ਯਹੋਵਾਹ ਨੂੰ ਆਪਣੀਆਂ ਸੰਮਸਿਆਵਾਂ ਬਾਰੇ ਦੱਸਾਂਗਾ।
ਮੈਂ ਯਹੋਵਾਹ ਨੂੰ ਆਪਣੀਆਂ ਮੁਸੀਬਤਾਂ ਬਾਰੇ ਦੱਸਾਂਗਾ।
3 ਮੇਰੇ ਦੁਸ਼ਮਣਾ ਨੇ ਮੇਰੇ ਲਈ ਫ਼ੰਦਾ ਲਾਇਆ ਹੈ।
ਮੈਂ ਹਥਿਆਰ ਛੱਡਣ ਲਈ ਤਿਆਰ ਹਾਂ।
ਪਰ ਯਹੋਵਾਹ ਜਾਣਦਾ ਹੈ ਕਿ ਮੇਰੇ ਨਾਲ ਕੀ ਵਾਪਰ ਰਿਹਾ ਹੈ।
4 ਮੈਂ ਚਾਰ-ਚੁਫ਼ੇਰੇ ਵੇਖਦਾ ਹਾਂ
ਅਤੇ ਮੈਨੂੰ ਕੋਈ ਵੀ ਦੋਸਤ ਨਜ਼ਰ ਨਹੀਂ ਆਉਂਦਾ।
ਮੇਰੇ ਲਈ ਭੱਜਣ ਲਈ ਕੋਈ ਵੀ ਥਾਂ ਨਹੀਂ ਹੈ।
ਕੋਈ ਵੀ ਬੰਦਾ ਮੈਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ।
5 ਇਸ ਲਈ ਮੈਂ ਰੋ-ਰੋ ਕੇ ਯਹੋਵਾਹ ਅੱਗੇ ਮਦਦ ਲਈ ਪ੍ਰਾਰਥਨਾ ਕਰਦਾ ਹਾਂ।
“ਯਹੋਵਾਹ ਤੁਸੀਂ ਮੇਰਾ ਸੁਰੱਖਿਅਤ ਟਿਕਾਣਾ ਹੋ।
ਯਹੋਵਾਹ, ਤੁਸੀਂ ਮੈਨੂੰ ਜਿਉਂਦਾ ਰਹਿਣ ਦੇ ਸੱਕਦੇ ਹੋ।”
6 ਯਹੋਵਾਹ, ਮੇਰੀ ਪ੍ਰਾਰਥਨਾ ਕਰੋ।
ਮੈਨੂੰ ਤੁਹਾਡੀ ਬਹੁਤ ਲੋੜ ਹੈ।
ਮੈਨੂੰ ਲੋਕਾਂ ਕੋਲੋ ਬਚਾਉ ਜਿਹੜੇ ਮੇਰਾ ਪਿੱਛਾ ਕਰ ਰਹੇ ਹਨ।
ਉਹ ਲੋਕ ਮੇਰੇ ਕੋਲੋਂ ਤਾਕਤਵਰ ਹਨ।
7 ਇਸ ਫ਼ੰਦੇ ਵਿੱਚੋਂ ਨਿਕਲਣ ਲਈ ਮੇਰੀ ਮਦਦ ਕਰੋ।
ਤਾਂ ਜੋ ਮੈਂ ਤੁਹਾਡੇ ਨਾਮ ਦੀ ਉਸਤਤਿ ਕਰਾਂ।
ਅਤੇ ਚੰਗੇ ਲੋਕ ਮੇਰੇ ਨਾਲ ਜਸ਼ਨ ਮਨਾਉਣਗੇ,
ਕਿਉਂ ਕਿ ਤੁਸੀਂ ਮੇਰਾ ਧਿਆਨ ਰੱਖਿਆ।
ਦਾਊਦ ਦਾ ਇੱਕ ਉਸਤਤਿ ਗੀਤ।
141 ਯਹੋਵਾਹ, ਮੈਂ ਤੁਹਾਨੂੰ ਮਦਦ ਲਈ ਪੁਕਾਰਦਾ ਹਾਂ।
ਮੈਨੂੰ ਸੁਣੋ ਜਦੋਂ ਮੈਂ ਤੁਹਾਨੂੰ ਪ੍ਰਾਰਥਨਾ ਕਰ ਰਿਹਾ ਹੋਵਾ।
ਛੇਤੀ ਕਰੋ ਅਤੇ ਮੇਰੀ ਮਦਦ ਕਰੋ।
2 ਯਹੋਵਾਹ, ਮੇਰੀ ਪ੍ਰਾਰਥਨਾ ਮੰਨ ਲਵੋ।
ਇਹ ਬਲਦੀ ਹੋਈ ਧੂਫ਼ ਦੀ ਸੁਗਾਤ ਵਾਂਗ ਹੋਵੇ।
ਇਹ ਸ਼ਾਮ ਵੇਲੇ ਦੀ ਬਲੀ ਵਾਂਗ ਹੋਵੇ।
3 ਯਹੋਵਾਹ, ਉਨ੍ਹਾਂ ਚੀਜ਼ਾਂ ਨੂੰ ਵੱਸ ਵਿੱਚ ਕਰਨ ਲਈ ਮੇਰੀ ਮਦਦ ਕਰੋ, ਜਿਨ੍ਹਾਂ ਬਾਰੇ ਮੈਂ ਆਖਦਾ ਹਾਂ।
ਜੋ ਮੈਂ ਆਖਾ ਮੇਰੀ ਨਿਗਰਾਨੀ ਰੱਖਣ ਵਿੱਚ ਮਦਦ ਕਰੋ।
4 ਮੈਨੂੰ ਮੰਦੇ ਅਮਲ ਕਰਨ ਦੀ ਇੱਛਾ ਨਾ ਕਰਨ ਦਿਉ।
ਮੈਨੂੰ ਉਹ ਚੀਜ਼ਾਂ ਸਾਂਝੀਆਂ ਨਾ ਕਰਨ ਦੇਵੋ
ਜਿਹੜੀਆਂ ਉਹ ਦੁਸ਼ਟ ਲੋਕ ਕਰ ਰਹੇ ਹਨ।
5 ਇੱਕ ਚੰਗਾ ਬੰਦਾ ਮੈਨੂੰ ਸੁਧਾਰ ਸੱਕਦਾ ਹੈ।
ਇਹ ਕਰਨਾ ਉਸਦੀ ਕਿੰਨੀ ਮਿਹਰਬਾਨੀ ਹੋਵੇਗੀ।
ਤੁਹਾਡੇ ਚੇਲੇ ਮੇਰੀ ਪੜਚੋਲ ਕਰ ਸੱਕਦੇ ਹਨ।
ਉਨ੍ਹਾਂ ਲਈ ਉਹ ਕਰਨ ਵਾਲੀ ਚੰਗੀ ਗੱਲ ਹੋਵੇਗੀ।
ਮੈਂ ਉਸ ਨੂੰ ਪ੍ਰਵਾਨ ਕਰ ਲਵਾਂਗਾ।
ਪਰ ਮੈਂ ਹਮੇਸ਼ਾ ਉਨ੍ਹਾਂ ਮੰਦੇ ਲੋਕਾਂ ਲਈ ਪ੍ਰਾਰਥਨਾ ਕਰਾਂਗਾ ਜੋ ਦੁਸ਼ਟ ਕਾਰੇ ਕਰਦੇ ਹਨ।
6 ਉਨ੍ਹਾਂ ਦੇ ਹਾਕਮ ਦੰਡਿਤ ਹੋਣ।
ਫ਼ਿਰ ਲੋਕ ਜਾਣ ਲੈਣਗੇ ਕਿ ਮੈਂ ਸੱਚ ਬੋਲਿਆ ਸੀ।
7 ਲੋਕੀ ਖੁਦਾਈ ਕਰਦੇ ਹਨ ਅਤੇ ਧਰਤੀ ਉੱਤੇ ਹੱਲ ਚਲਾਉਂਦੇ ਹਨ।
ਅਤੇ ਆਲੇ-ਦੁਆਲੇ ਮਿੱਟੀ ਉਡਾਉਂਦੇ ਹਨ।
ਇਸੇ ਤਰ੍ਹਾਂ ਸਾਡੀਆਂ ਹੱਡੀਆਂ ਉਨ੍ਹਾਂ ਦੀ ਕਬਰ ਵਿੱਚ ਖਿੰਡ ਜਾਣਗੀਆਂ।
8 ਯਹੋਵਾਹ, ਮੇਰੇ ਮਾਲਕ, ਮੈਂ ਤੁਹਾਡੇ ਵੱਲ ਮਦਦ ਲਈ ਤੱਕਦਾ ਹਾਂ।
ਮੈਨੂੰ ਤੁਹਾਡੇ ਉੱਤੇ ਵਿਸ਼ਵਾਸ ਹੈ, ਕਿਰਪਾ ਕਰਕੇ ਮੈਨੂੰ ਨਾ ਮਰਨ ਦੇਵੋ।
9 ਮੰਦੇ ਲੋਕਾਂ ਨੇ ਮੇਰੇ ਬਾਰੇ ਫ਼ੰਦੇ ਲਾਏ ਹੋਏ ਹਨ!
ਮੈਨੂੰ ਉਨ੍ਹਾਂ ਦੇ ਫ਼ੰਦਿਆਂ ਵਿੱਚ ਨਾ ਫ਼ਸਣ ਦਿਉ। ਉਨ੍ਹਾਂ ਨੂੰ ਮੈਨੂੰ ਨਾ ਫ਼ਸਾਉਣ ਦਿਉ।
10 ਬਦਚਲਣੇ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਹੀ ਜਾਲਾਂ ਅੰਦਰ ਫ਼ਸਣ ਦਿਉ।
ਜਦ ਕਿ ਮੈਂ ਬਿਨਾ ਖਤਰੇ ਤੋਂ ਨਿਕਲ ਜਾਵਾਂ।
ਦਾਊਦ ਦਾ ਇੱਕ ਉਸਤਤਿ ਗੀਤ।
143 ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ।
ਮੇਰੀ ਪ੍ਰਾਰਥਨਾ ਕੰਨ ਲਾਕੇ ਸੁਣੋ।
ਅਤੇ ਫ਼ੇਰ ਮੇਰੀ ਪ੍ਰਾਰਥਨਾ ਮੰਨ ਲਵੋ।
ਮੈਨੂੰ ਦਰਸਾਉ ਕਿ ਤੁਸੀਂ ਸੱਚਮੁੱਚ ਨੇਕ ਅਤੇ ਵਫ਼ਾਦਾਰ ਹੋ।
2 ਮੇਰੇ, ਆਪਣੇ ਸੇਵਕ ਬਾਰੇ ਨਿਆਂ ਨਾ ਕਰੋ।
ਮੇਰੀ ਆਪਣੀ ਸਾਰੀ ਜ਼ਿੰਦਗੀ ਵਿੱਚ ਕਦੇ ਵੀ ਮੇਰਾ ਨਿਆਂ ਬੇਗੁਨਾਹ ਵਾਂਗ ਨਹੀਂ ਹੋਵੇਗਾ।
3 ਪਰ ਮੇਰੇ ਦੁਸ਼ਮਣ ਮੇਰਾ ਪਿੱਛਾ ਕਰ ਰਹੇ ਹਨ।
ਉਨ੍ਹਾਂ ਨੇ ਮੇਰੇ ਜੀਵਨ ਨੂੰ ਮਿੱਟੀ ਵਿੱਚ ਰੋਲ ਦਿੱਤਾ ਹੈ।
ਉਹ ਮੈਨੂੰ ਹਨੇਰੀ ਕਬਰ ਅੰਦਰ ਉਨ੍ਹਾਂ ਲੋਕਾਂ ਵਾਂਗ ਧੱਕ ਰਹੇ ਹਨ,
ਜਿਹੜੇ ਬਹੁਤ ਪਹਿਲਾਂ ਮਰ ਗਏ ਸਨ।
4 ਮੈਂ ਹਥਿਆਰ ਛੱਡਣ ਲਈ ਤਿਆਰ ਹਾਂ।
ਮੈਂ ਆਪਣਾ ਹੌਂਸਲਾ ਗੁਆ ਰਿਹਾ ਹਾਂ।
5 ਪਰ ਮੈਂ ਉਹ ਗੱਲਾਂ ਯਾਦ ਕਰਦਾ ਹਾਂ, ਜਿਹੜੀਆਂ ਬਹੁਤ ਪਹਿਲਾਂ ਵਾਪਰੀਆਂ ਸਨ।
ਮੈਂ ਉਨ੍ਹਾਂ ਬਹੁਤ ਸਾਰੀਆਂ ਗੱਲਾਂ ਬਾਰੇ ਸੋਚ ਰਿਹਾ ਹਾਂ ਜਿਹੜੀਆਂ ਤੁਸਾਂ ਕੀਤੀਆਂ ਸਨ।
ਮੈਂ ਉਨ੍ਹਾਂ ਚੀਜ਼ਾਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੀਆਂ ਤੁਸਾਂ ਆਪਣੀ ਮਹਾਨ ਸ਼ਕਤੀ ਨਾਲ ਕੀਤੀਆਂ ਸਨ!
6 ਯਹੋਵਾਹ, ਮੈਂ ਹੱਥ ਉਤਾਂਹ ਚੁੱਕਦਾ ਹਾਂ ਅਤੇ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
ਮੈਂ ਤੁਹਾਡੀ ਮਦਦ ਲਈ ਇੰਤਜ਼ਾਰ ਕਰ ਰਿਹਾ ਹਾਂ।
ਜਿਵੇਂ ਖੁਸ਼ਕ ਧਰਤੀ ਵਰੱਖਾ ਦਾ ਇੰਤਜ਼ਾਰ ਕਰਦੀ ਹੈ।
7 ਛੇਤੀ ਕਰੋ, ਯਹੋਵਾਹ, ਤੁਸੀਂ ਮੈਨੂੰ ਉੱਤਰ ਦੇਵੋ।
ਮੈਂ ਆਪਣਾ ਹੌਂਸਲਾ ਗੁਆ ਚੁੱਕਿਆ ਹਾਂ।
ਮੈਥੋਂ ਨਾ ਮੁੜੋ।
ਮੈਨੂੰ ਮਰਨ ਨਾ ਦਿਉ ਅਤੇ ਕਬਰ ਵਿੱਚ ਪਏ ਇੱਕ ਮੁਰਦੇ ਵਾਂਗ ਨਾ ਹੋਣ ਦਿਉ।
8 ਹੇ ਪਰਮੇਸ਼ੁਰ, ਤੜਕੇ, ਮੈਨੂੰ ਆਪਣਾ ਸੱਚਾ ਪਿਆਰ ਦਰਸਾ।
ਮੈਂ ਤੇਰੇ ਵਿੱਚ ਯਕੀਨ ਰੱਖਾਂਗਾ।
ਮੈਨੂੰ ਉਹ ਗੱਲਾਂ ਦਰਸਾ ਜੋ ਮੈਨੂੰ ਕਰਨੀਆਂ ਚਾਹੀਦੀਆਂ ਹਨ।
ਮੈਂ ਆਪਣੀ ਜ਼ਿੰਦਗੀ ਤੁਹਾਡੇ ਹੱਥਾਂ ਵਿੱਚ ਸੌਂਪਦਾ ਹਾਂ।
9 ਯਹੋਵਾਹ, ਮੈਂ ਤੁਹਾਡੇ ਕੋਲ ਸੁਰੱਖਿਆ ਲਈ ਆਇਆ ਹਾਂ,
ਮੈਨੂੰ ਮੇਰੇ ਦੁਸ਼ਮਣਾ ਕੋਲੋਂ ਬਚਾਉ।
10 ਜੋ ਕੁਝ ਤੁਸੀਂ ਮੇਰੇ ਪਾਸੋਂ ਕਰਵਾਉਣਾ ਚਾਹੁੰਦੇ ਹੋ, ਮੈਨੂੰ ਦਰਸਾਉ।
ਤੁਸੀਂ ਮੇਰੇ ਪਰਮੇਸ਼ੁਰ ਹੋ।
11 ਯਹੋਵਾਹ, ਮੈਨੂੰ ਜਿਉਣ ਦਿਉ।
ਤਾਂ ਜੋ ਲੋਕ ਤੁਹਾਡੇ ਨਾਮ ਦੀ ਉਸਤਤਿ ਕਰਨ।
ਮੈਨੂੰ ਦਰਸਾਉ ਕਿ ਤੁਸੀਂ ਸੱਚਮੁੱਚ ਸ਼ੁਭ ਹੋ
ਅਤੇ ਮੈਨੂੰ ਮੇਰੇ ਦੁਸ਼ਮਣਾ ਕੋਲੋਂ ਬਚਾਉ।
12 ਯਹੋਵਾਹ, ਮੈਨੂੰ ਆਪਣਾ ਪਿਆਰ ਦਰਸਾਉ।
ਅਤੇ ਮੇਰੇ ਦੁਸ਼ਮਣਾ ਨੂੰ ਹਰਾ ਦਿਉ,
ਜਿਹੜੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ।
ਕਿਉਂ? ਕਿਉਂਕਿ ਮੈਂ ਤੁਹਾਡਾ ਸੇਵਕ ਹਾਂ।
ਨਿਆਂ ਦਾ ਦਿਨ
14 ਵੇਖ ਯਹੋਵਾਹ ਦੇ ਨਿਆਂ ਦਾ ਖਾਸ ਦਿਨ ਹੈ ਅਤੇ ਜਿਹੜਾ ਲੁੱਟ ਦਾ ਖਜ਼ਾਨਾ ਤੇਰੇ ਪਾਸ ਹੈ, ਤੇਰੇ ਸ਼ਹਿਰ ਵਿੱਚ ਵੰਡਿਆ ਜਾਵੇਗਾ। 2 ਮੈਂ ਸਾਰੇ ਰਾਜਾਂ ਨੂੰ ਕੌਮਾਂ ਨੂੰ ਯਰੂਸ਼ਲਮ ਦੇ ਵਿਰੁੱਧ ਲੜਨ ਲਈ ਇਕੱਠਿਆਂ ਕਰਾਂਗਾ। ਉਹ ਸ਼ਹਿਰ ਤੇ ਕਬਜ਼ਾ ਕਰਕੇ ਉਸ ਦੇ ਸਾਰੇ ਘਰ ਤਬਾਹ ਕਰ ਦੇਣਗੇ। ਔਰਤਾਂ ਨਾਲ ਜ਼ਬਰ ਜਨਾਹ ਹੋਵੇਗਾ ਅਤੇ ਅੱਧੀ ਕੌਮ ਬੰਦੀ ਬਣਾ ਲਿੱਤੀ ਜਾਵੇਗੀ। ਪਰ ਬਾਕੀ ਦੇ ਲੋਕ ਸ਼ਹਿਰ ਵਿੱਚੋਂ ਬਾਹਰ ਨਾ ਲਿਜਾਏ ਜਾਣਗੇ। 3 ਫ਼ਿਰ ਯਹੋਵਾਹ ਉਨ੍ਹਾਂ ਕੌਮਾਂ ਨਾਲ ਯੁੱਧ ਕਰਨ ਲਈ ਨਿਕਲੇਗਾ। ਇਹ ਅਸਲ ਲੜਾਈ ਹੋਵੇਗੀ। 4 ਉਸ ਵਕਤ, ਉਹ ਯਰੂਸ਼ਲਮ ਦੀ ਪੂਰਬੀ ਪਹਾੜੀ, ਜੈਤੂਨਾਂ ਦੇ ਪਰਬਤਾਂ ਉੱਪਰ ਖੜ੍ਹਾ ਹੋਵੇਗਾ ਅਤੇ ਪਰਬਤ ਵਿੱਚਕਾਰੋ ਪਾਟ ਜਾਵੇਗਾ। ਉਸਦਾ ਇੱਕ ਭਾਗ ਉੱਤਰ ਵੱਲ ਤੇ ਦੂਜਾ ਦੱਖਣ ਵੱਲ ਖਿਸੱਕ ਜਾਵੇਗਾ ਤੇ ਓੱਥੇ ਪੂਰਬ ਤੋਂ ਪੱਛਮ ਤੱਕ ਦੋ ਹਿਸਿਆਂ ਵਿੱਚ ਇੱਕ ਵੱਡੀ ਵਾਦੀ ਹੋਵੇਗੀ। 5 ਉਸ ਵਕਤ, ਤੁਸੀਂ ਮੇਰੇ ਪਹਾੜ ਦੀ ਵਾਦੀ ਵਿੱਚੋਂ ਨੱਸਣ ਦੀ ਕੋਸ਼ਿਸ਼ ਕਰੋਂਗੇ ਕਿਉਂ ਕਿ ਉਹ ਵਾਦੀ ਤੁਹਾਡੇ ਉੱਪਰ ਬੰਦ ਹੋ ਜਾਵੇਗੀ। ਤੁਸੀਂ ਨੱਸੋਗੇ ਜਿਵੇਂ ਯਹੂਦਾਹ ਦੇ ਰਾਜੇ ਉਜ਼ੀਯਾਹ ਦੇ ਸਮੇਂ ਵਿੱਚ ਭੂਚਾਲ ਆਉਣ ਤੇ ਨੱਸੇ ਸੀ। ਤਦ ਯਹੋਵਾਹ ਮੇਰਾ ਪਰਮੇਸ਼ੁਰ ਆਵੇਗਾ ਅਤੇ ਉਸ ਦੇ ਪਵਿੱਤਰ ਮਨੁੱਖ ਉਸ ਦੇ ਸੰਗ ਹੋਣਗੇ।
6-7 ਉਹ ਬੜਾ ਮਹੱਤਵਪੂਰਣ ਦਿਨ ਹੋਵੇਗਾ। ਉਸ ਖਾਸ ਦਿਨ ਨਾ ਕੋਈ ਰੌਸ਼ਨੀ, ਨਾ ਠੰਡ ਅਤੇ ਨਾ ਹੀ ਧੁੰਦ ਹੋਵੇਗੀ। ਇਹ ਤਾਂ ਯਹੋਵਾਹ ਹੀ ਜਾਣੇ ਕਿ ਕਿਵੇਂ, ਪਰ ਉਸ ਦਿਨ, ਨਾ ਦਿਨ ਹੋਵੇਗਾ ਤੇ ਨਾ ਰਾਤ ਅਤੇ ਜਿਵੇਂ ਅਕਸਰ ਸ਼ਾਮ ਵੇਲੇ ਹਨੇਰਾ ਛਾਉਂਦਾ ਹੈ ਉਸ ਵਕਤ ਵੀ ਹਨੇਰੇ ਦੀ ਬਜਾਇ ਰੌਸ਼ਨੀ ਰਹੇਗੀ। 8 ਉਸ ਵਕਤ, ਯਰੂਸ਼ਲਮ ਵਿੱਚ ਲਗਾਤਾਰ ਤਾਜ਼ਾ ਪਾਣੀ ਬਹੇਗਾ। ਝਰਨਾ ਫੁੱਟ ਕੇ ਬਿਖਰ ਜਾਵੇਗਾ। ਉਸ ਦਾ ਕੁਝ ਹਿੱਸਾ ਡੈਡ ਸੀ ਵੱਲ ਅਤੇ ਕੁਝ ਹਿੱਸਾ ਮੈਡੀਟ੍ਰੇਨੀਅਨ ਸਮੁੰਦਰ ਵੱਲ ਨੂੰ ਵਹੇਗਾ। ਪਾਣੀ ਗਰਮੀਆਂ ਦੌਰਾਨ ਅਤੇ ਸਰਦੀਆਂ ਦੌਰਾਨ ਵੀ ਵਗਦਾ ਰਹੇਗਾ। 9 ਉਸ ਵੇਲੇ ਯਹੋਵਾਹ ਹੀ ਸਾਰੀ ਦੁਨੀਆਂ ਦਾ ਪਾਤਸ਼ਾਹ ਹੋਵੇਗਾ। ਉਸ ਦਿਨ ਯਹੋਵਾਹ ਇੱਕ ਹੀ ਹੋਵੇਗਾ ਤੇ ਇੱਕ ਹੀ ਉਸਦਾ ਨਾਉਂ। 10 ਉਸ ਵਕਤ, ਯਰੂਸ਼ਲਮ ਦੁਆਲੇ ਦਾ ਸਾਰਾ ਇਲਾਕਾ ਨੇਜੇਵ ਵਿੱਚ ਗਬਾ ਤੋਂ ਰਿਂਮੋਨ ਤੀਕ ਅਗਬਾਹ ਦੇ ਉਜਾੜ ਵਾਂਗ ਹੋ ਜਾਵੇਗਾ। ਪਰ ਯਰੂਸ਼ਲਮ ਬਹੁਤ ਉੱਚਾ ਚੁੱਕਿਆ ਜਾਵੇਗਾ। ਇਹ ਬਿਨਯਾਮੀਨ ਦੇ ਫ਼ਾਟਕ ਤੋਂ ਪਹਿਲੇ ਫ਼ਾਟਕ (ਨੁਕਰ ਦੇ ਫ਼ਾਟਕ ) ਤੀਕ ਅਤੇ ਹਨਨੇਲ ਦੇ ਬੁਰਜ ਤੋਂ ਪਾਤਸ਼ਾਹ ਦੇ ਅੰਗੂਰੀ ਚੁਬੱਚਿਆਂ ਤੀਕ ਫ਼ਿਰ ਤੋਂ ਉਸਾਰਿਆ ਜਾਵੇਗਾ। 11 ਲੋਕ ਯਰੂਸ਼ਲਮ ’ਚ ਵਸ ਜਾਣਗੇ। ਉੱਥੇ ਉਨ੍ਹਾਂ ਦਾ ਨਾਸ ਕਰਨ ਲਈ ਕੋਈ ਵੈਰੀ ਨਹੀਂ ਆਵੇਗਾ। ਤਦ ਯਰੂਸ਼ਲਮ ਸੁਰੱਖਿਆਤ ਹੋਵੇਗਾ।
7 ਮਸੀਹ ਨੇ ਤੁਹਾਨੂੰ ਸਵਿਕਾਰਿਆ, ਤਾਂ ਤੁਹਾਨੂੰ ਵੀ ਇੱਕ ਦੂਜੇ ਨੂੰ ਕਬੂਲਣਾ ਚਾਹੀਦਾ ਹੈ। ਇਸ ਨਾਲ ਪਰਮੇਸ਼ੁਰ ਦੀ ਮਹਿਮਾ ਹੋਵੇਗੀ। 8 ਮੈਂ ਤੁਹਾਨੂੰ ਦੱਸਦਾ ਹਾਂ ਕਿ ਯਿਸੂ ਇਹ ਵਿਖਾਉਣ ਲਈ ਯਹੂਦੀਆਂ ਦਾ ਸੇਵਕ ਬਣਿਆ, ਕਿ ਪਰਮੇਸ਼ੁਰ ਆਪਣੇ ਵਚਨ ਪੂਰੇ ਕਰਦਾ ਹੈ। ਮਸੀਹ ਨੇ ਅਜਿਹਾ ਇਹ ਸਾਬਿਤ ਕਰਨ ਲਈ ਕੀਤਾ ਕਿ ਜਿਹੜਾ ਵਚਨ ਪਰਮੇਸ਼ੁਰ ਨੇ ਯਹੂਦੀਆਂ ਦੇ ਪਿਉਵਾਂ ਨਾਲ ਕੀਤਾ ਸੀ ਉਹ ਪੂਰਾ ਕਰੇਗਾ। 9 ਮਸੀਹ ਨੇ ਵੀ ਇਉਂ ਕੀਤਾ ਤਾਂ ਜੋ ਗੈਰ ਯਹੂਦੀ, ਪਰਮੇਸ਼ੁਰ ਨੂੰ ਉਸ ਮਿਹਰ ਲਈ ਮਹਿਮਾ ਦੇ ਸੱਕਣ ਜੋ ਉਹ ਉਨ੍ਹਾਂ ਨੂੰ ਦਿੰਦਾ ਹੈ। ਪੋਥੀਆਂ ਵਿੱਚ ਇਹ ਵੀ ਲਿਖਿਆ ਹੋਇਆ ਹੈ,
“ਇਸ ਕਾਰਣ ਮੈਂ ਗੈਰ ਯਹੂਦੀਆਂ ਵਿੱਚੋਂ ਤੇਰੀ ਉਸਤਤਿ ਕਰਾਂਗਾ
ਅਤੇ ਤੇਰੇ ਨਾਮ ਦਾ ਯਸ਼ ਗਾਵਾਂਗਾ।” (A)
10 ਪੋਥੀ ਇਹ ਵੀ ਆਖਦੀ ਹੈ,
“ਹੇ ਗੈਰ ਯਹੂਦੀਓ, ਤੁਹਾਨੂੰ ਪਰਮੇਸ਼ੁਰ ਦੇ ਲੋਕਾਂ ਨਾਲ ਮਿੱਲਕੇ ਖੁਸ਼ ਹੋਣਾ ਚਾਹੀਦਾ ਹੈ।” (B)
11 ਪੋਥੀ ਇਹ ਵੀ ਆਖਦੀ ਹੈ,
“ਤੁਸੀਂ ਸਾਰੇ ਗੈਰ-ਯਹੂਦੀਓ, ਪ੍ਰਭੂ ਦੀ ਉਸਤਤਿ ਕਰੋ;
ਅਤੇ ਸਭ ਕੌਮੋਂ, ਉਸਦੀ ਉਸਤਤਿ ਕਰੋ।” (C)
12 ਅਤੇ ਯਸਾਯਾਹ ਆਖਦਾ ਹੈ,
“ਕੋਈ ਯੱਸੀ ਦੇ ਪਰਿਵਾਰ ਵਿੱਚੋਂ ਉੱਠੇਗਾ
ਅਤੇ ਗੈਰ ਯਹੂਦੀਆਂ ਤੇ ਰਾਜ ਕਰਨ ਲਈ ਆਵੇਗਾ।
ਅਤੇ ਗੈਰ ਯਹੂਦੀ ਉਸ ਵਿੱਚ ਆਸ ਰੱਖਣਗੇ।” (D)
13 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ, ਜੋ ਕਿ ਆਸ ਦਾ ਸਰੋਤ ਹੈ। ਤੁਹਾਨੂੰ ਆਸ ਅਤੇ ਸ਼ਾਂਤੀ ਨਾਲ ਭਰਪੂਰ ਕਰੇ। ਤੁਸੀਂ ਉਸ ਵਿੱਚ ਯਕੀਨ ਰੱਖੋ। ਤਾਂ ਜੋ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਤੁਹਾਡੇ ਵਿੱਚ ਆਸ ਭਰਪੂਰ ਹੋਕੇ ਬਾਹਰ ਡੁੱਲ੍ਹੇ।
ਯਿਸੂ ਦਾ ਯਰੂਸ਼ਲਮ ਵਿੱਚ ਪ੍ਰਵੇਸ਼(A)
28 ਇਹ ਸਭ ਗੱਲਾਂ ਆਖਣ ਤੋਂ ਬਾਦ ਯਿਸੂ ਯਰੂਸ਼ਲਮ ਵੱਲ ਨੂੰ ਗਿਆ। 29 ਜਦ ਉਹ ਬੈਤਫਗਾ ਅਤੇ ਬੈਤਅਨੀਆ ਪਹੁੰਚਿਆ, ਜੋ ਕਿ ਜ਼ੈਤੂਨ ਦੇ ਪਹਾੜ ਤੇ ਹੈ, ਉਸ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, 30 “ਉਹ ਸ਼ਹਿਰ, ਜੋ ਤੁਹਾਨੂੰ ਇੱਥੋਂ ਨਜ਼ਰ ਆ ਰਿਹਾ ਹੈ, ਉੱਥੇ ਜਾਵੋ। ਜਦੋਂ ਤੁਸੀਂ ਸ਼ਹਿਰ ਵਿੱਚ ਪ੍ਰਵੇਸ਼ ਕਰੋ, ਤੁਹਾਨੂੰ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਲੱਭੇਗਾ ਹਾਲੇ ਤੱਕ ਇਸ ਉੱਤੇ ਕਿਸੇ ਨੇ ਵੀ ਸਵਾਰੀ ਨਹੀਂ ਕੀਤੀ। ਤੁਸੀਂ ਉਸ ਨੂੰ ਖੋਲ੍ਹਕੇ ਮੇਰੇ ਕੋਲ ਲੈ ਆਵੋ। 31 ਜੇਕਰ ਤੁਹਾਨੂੰ ਕੋਈ ਪੁੱਛੇ, ‘ਤੁਸੀਂ ਇਸ ਨੂੰ ਕਿਉਂ ਲਿਜਾ ਰਹੇ ਹੋ?’ ਉਸ ਨੂੰ ਆਖੋ, ‘ਸੁਆਮੀ ਨੂੰ ਇਸਦੀ ਲੋੜ ਹੈ।’”
32 “ਦੋਨੋ ਚੇਲੇ ਸ਼ਹਿਰ ਅੰਦਰ ਚੱਲੇ ਗਏ। ਉਨ੍ਹਾਂ ਨੇ ਉੱਥੇ ਇੱਕ ਗਧਾ ਬੰਨ੍ਹਿਆ ਹੋਇਆ ਵੇਖਿਆ ਜਿਵੇਂ ਯਿਸੂ ਨੇ ਦੱਸਿਆ ਸੀ। 33 ਜਿਵੇਂ ਹੀ ਉਹ ਇਸ ਨੂੰ ਖੋਲ੍ਹ ਰਹੇ ਸਨ, ਮਾਲਕ ਬਾਹਰ ਆਏ ਅਤੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਸਾਡੇ ਗਧੇ ਨੂੰ ਕਿਉਂ ਖੋਲ੍ਹ ਰਹੇ ਹੋ?”
34 ਚੇਲਿਆਂ ਨੇ ਜਵਾਬ ਦਿੱਤਾ, “ਸੁਆਮੀ ਨੂੰ ਇਸਦੀ ਲੋੜ ਹੈ।” 35 ਤਾਂ ਉਹ ਚੇਲੇ ਉਸ ਗਧੀ ਦੇ ਬੱਚੇ ਨੂੰ ਯਿਸੂ ਕੋਲ ਲੈ ਆਏ। ਉਨ੍ਹਾਂ ਨੇ ਆਪਣੇ ਵਸਤਰ ਗਧੇ ਦੇ ਉੱਪਰ ਵਿਛਾਏ ਅਤੇ ਯਿਸੂ ਨੂੰ ਉਸ ਉੱਪਰ ਬਿਠਾ ਦਿੱਤਾ। 36 ਜਿਓ ਹੀ ਯਿਸੂ ਸਵਾਰੀ ਕਰਦਾ ਅੱਗੇ ਵੱਧਿਆ, ਲੋਕਾਂ ਨੇ ਆਪਣੇ ਕੱਪੜੇ ਰਾਹ ਤੇ ਖਿਲਾਰ ਦਿੱਤੇ।
37 ਉਹ ਯਰੂਸ਼ਲਮ ਦੇ ਨੇੜੇ ਪਹੁੰਚ ਰਿਹਾ ਸੀ। ਉਹ ਤਕਰੀਬਨ ਜੈਤੂਨ ਦੀ ਪਹਾੜੀ ਦੀ ਉਤਰਾਈ ਤੇ ਪਹੁੰਚਿਆ। ਚੇਲਿਆਂ ਦੀ ਸਾਰੀ ਭੀੜ ਖੁਸ਼ ਸੀ, ਅਤੇ ਉਨ੍ਹਾਂ ਨੇ ਜੋ ਸਾਰੇ ਕਰਿਸ਼ਮੇ ਵੇਖੇ ਸਨ ਉਨ੍ਹਾਂ ਲਈ ਉੱਚੀ ਅਵਾਜ਼ ਨਾਲ ਪਰਮੇਸ਼ੁਰ ਦੀ ਉਸਤਤਿ ਕੀਤੀ। ਉਨ੍ਹਾਂ ਨੇ ਜੋ ਵੀ ਸ਼ਕਤੀਸ਼ਾਲੀ ਵਸਤਾਂ ਵੇਖੀਆਂ ਉਨ੍ਹਾਂ ਸਭਨਾਂ ਲਈ ਪਰਮੇਸ਼ੁਰ ਦਾ ਸ਼ੁਕਰ ਕੀਤਾ। 38 ਉਨ੍ਹਾਂ ਨੇ ਆਖਿਆ,
“‘ਧੰਨ ਹੈ! ਜੋ ਪ੍ਰਭੂ ਦੇ ਨਾਂ ਤੇ ਆਉਂਦਾ ਹੈ।’ (B)
ਸੁਰਗ ਵਿੱਚ ਸ਼ਾਂਤੀ ਹੋਵੇ ਅਤੇ ਪਰਮੇਸ਼ੁਰ ਨੂੰ ਮਹਿਮਾ।”
39 ਭੀੜ ਵਿੱਚੋਂ ਕੁਝ ਫਰੀਸੀਆਂ ਨੇ ਯਿਸੂ ਨੂੰ ਆਖਿਆ, “ਸੁਆਮੀ! ਆਪਣੇ ਚੇਲਿਆਂ ਨੂੰ ਆਖੋ ਕਿ ਇੰਝ ਕਹਿਣ ਤੋਂ ਬਾਜ ਆਉਣ!”
40 ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਦੱਸਦਾ ਹਾਂ ਇਹ ਗੱਲਾਂ ਜ਼ਰੂਰ ਆਖਣੀਆਂ ਚਾਹੀਦੀਆਂ ਹਨ। ਜੇਕਰ ਮੇਰੇ ਚੇਲੇ ਚੁੱਪ ਕਰ ਜਾਣਗੇ ਤਾਂ ਇਹ ਪੱਥਰ ਅਜਿਹਾ ਬੋਲ ਉੱਠਣਗੇ।”
2010 by World Bible Translation Center