Book of Common Prayer
ਕੋਰਹ ਪਰਿਵਾਰ ਵੱਲੋਂ ਉਸਤਤਿ ਦਾ ਇੱਕ ਗੀਤ। ਨਿਰਦੇਸ਼ਕ ਲਈ: ਇੱਕ ਦੁੱਖਦਾਈ ਬਿਮਾਰੀ ਬਾਰੇ। ਹੇਮਨ ਅਜ਼ਰਾਂਹੀ ਦਾ ਇੱਕ ਭਗਤੀ ਗੀਤ।
88 ਯਹੋਵਾਹ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ।
ਮੈਂ ਤੁਹਾਡੇ ਅੱਗੇ ਦਿਨ-ਰਾਤ ਪ੍ਰਾਰਥਨਾ ਕਰਦਾ ਰਿਹਾ।
2 ਕਿਰਪਾ ਕਰਕੇ ਮੇਰੀਆਂ ਪ੍ਰਾਰਥਨਾ ਵੱਲ ਧਿਆਨ ਦਿਉ।
ਰਹਿਮ ਲਈ ਮੇਰੀਆਂ ਪ੍ਰਾਰਥਨਾ ਸੁਣੋ।
3 ਮੇਰੀ ਰੂਹ ਨੇ ਇਸ ਦਰਦ ਨੂੰ ਬਹੁਤ ਝੱਲਿਆ ਹੈ।
ਮੈਂ ਛੇਤੀ ਹੀ ਮਰ ਜਾਵਾਂਗਾ।
4 ਲੋਕਾਂ ਨੇ ਤਾਂ ਮੈਨੂੰ ਪਹਿਲਾਂ ਹੀ ਮੁਰਦਾ ਸਮਝ ਲਿਆ ਹੈ।
ਉਸ ਬੰਦੇ ਵਰਗਾ ਜਿਹੜਾ ਕਮਜ਼ੋਰੀ ਕਾਰਣ ਜਿਉਣ ਦੇ ਕਾਬਲ ਨਹੀਂ ਰਿਹਾ।
5 ਮੁਰਦਾ ਲੋਕਾਂ ਵਿੱਚ ਮੇਰੀ ਤਲਾਸ਼ ਕਰੋ,
ਮੈਂ ਕਬਰਸਤਾਨ ਵਿੱਚ ਪਈ ਹੋਈ ਇੱਕ ਲਾਸ਼ ਵਾਂਗ ਹਾਂ।
ਉਨ੍ਹਾਂ ਲੋਕਾਂ ਵਿੱਚੋਂ ਜਿਨ੍ਹਾਂ ਨੂੰ ਤੁਸਾਂ ਭੁਲਾ ਦਿੱਤਾ ਹੈ।
ਤੁਹਾਡੇ ਨਾਲੋਂ ਅਤੇ ਤੁਹਾਡੀ ਦੇਖ-ਭਾਲ ਨਾਲੋਂ ਟੁੱਟੇ ਹੋਇਆਂ ਨੂੰ।
6 ਤੁਸੀਂ ਮੈਨੂੰ ਧਰਤੀ ਦੀ ਉਸ ਖੱਡ ਵਿੱਚ ਸੁੱਟ ਦਿੱਤਾ ਸੀ। ਹਾਂ,
ਤੁਸੀਂ ਹੀ ਮੈਨੂੰ ਉਸ ਹਨੇਰੀ ਥਾਵੇਂ ਰੱਖਿਆ ਸੀ।
7 ਹੇ ਪਰਮੇਸ਼ੁਰ, ਤੁਸੀਂ ਮੇਰੇ ਉੱਪਰ ਕਹਿਰਵਾਨ ਸੀ ਅਤੇ ਤੁਸੀਂ ਮੈਨੂੰ ਦੰਡ ਦਿੱਤਾ ਸੀ।
8 ਮੇਰੇ ਯਾਰ ਮੈਨੂੰ ਛੱਡ ਗਏ ਹਨ।
ਇੱਕ ਅਛੂਤ ਬੰਦੇ ਵਾਂਗ ਉਨ੍ਹਾਂ ਨੇ ਮੇਰੇ ਕੋਲੋਂ ਦੂਰੀ ਰੱਖ ਲਈ ਹੈ।
ਮੈਂ ਘਰ ਵਿੱਚ ਹੀ ਕੈਦ ਹਾਂ ਅਤੇ ਮੈਂ ਬਾਹਰ ਨਹੀਂ ਆ ਸੱਕਦਾ।
9 ਮੇਰੀਆਂ ਅੱਖਾਂ ਮੇਰੇ ਦੁੱਖਾਂ ਬਾਰੇ ਰੋਂਦੀਆਂ ਦੁੱਖ ਰਹੀਆਂ ਹਨ।
ਹੇ ਪਰਮੇਸ਼ੁਰ, ਮੈਂ ਨਿਰੰਤਰ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
ਮੈਂ ਪ੍ਰਾਰਥਨਾ ਲਈ ਤੁਹਾਡੇ ਵੱਲ ਆਪਣੇ ਹੱਥ ਉੱਠਾਉਂਦਾ ਹਾਂ।
10 ਯਹੋਵਾਹ, ਕੀ ਤੁਸੀਂ ਮੁਰਦਾ ਬੰਦਿਆਂ ਲਈ ਕਰਿਸ਼ਮੇ ਕਰਦੇ ਹੋ?
ਕੀ ਪ੍ਰੇਤ ਉੱਠਦੇ ਹਨ ਅਤੇ ਤੁਹਾਡੀ ਉਸਤਤਿ ਕਰਦੇ ਹਨ? ਨਹੀਂ।
11 ਮੁਰਦਾ ਬੰਦੇ, ਕਬਰ ਵਿੱਚ ਪਏ ਹੋਏ ਤੁਹਾਡੇ ਪਿਆਰ ਦੀ ਗੱਲਾਂ ਨਹੀਂ ਕਰ ਸੱਕਦੇ।
ਮੁਰਦਿਆਂ ਦੀ ਦੁਨੀਆਂ ਦੇ ਮਰਦਾ ਲੋਕ ਤੁਹਾਡੀ ਵਫ਼ਾਦਾਰੀ ਦੀ ਗੱਲ ਨਹੀਂ ਕਰ ਸੱਕਦੇ।
12 ਹਨੇਰੇ ਵਿੱਚ ਪਏ ਹੋਏ ਮੁਰਦਾ ਲੋਕ ਤੁਹਾਡੇ ਚਮਤਕਾਰ ਨਹੀਂ ਦੇਖ ਸੱਕਦੇ।
ਭੁੱਲੇ ਵਿੱਸਰਿਆਂ ਦੀ ਦੁਨੀਆਂ ਦੇ ਮੁਰਦਾ ਲੋਕ ਤੁਹਾਡੀ ਸ਼ੁਭਤਾ ਦੀ ਗੱਲ ਨਹੀਂ ਕਰ ਸੱਕਦੇ।
13 ਯਹੋਵਾਹ, ਮੈਂ ਤੁਹਾਨੂੰ ਸਹਾਇਤਾ ਲਈ ਆਖ ਰਿਹਾ ਹਾਂ।
ਮੈਂ ਹਰ ਰੋਜ਼ ਮੂੰਹ ਹਨੇਰੇ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
14 ਹੇ ਪਰਮੇਸ਼ੁਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ ਹੈ?
ਤੁਸੀਂ ਮੈਨੂੰ ਸੁਣਨ ਤੋਂ ਇਨਕਾਰ ਕਿਉਂ ਕਰਦੇ ਹੋਂ?
15 ਆਪਣੀ ਨੌਜਵਾਨੀ ਵੇਲੇ ਤੋਂ ਹੀ ਮੈਂ ਕਮਜ਼ੋਰ ਅਤੇ ਬਿਮਾਰ ਸਾਂ
ਅਤੇ ਮੈਂ ਤੁਹਾਡਾ ਗੁੱਸਾ ਝੱਲਿਆ ਹੈ। ਮੈਂ ਬੇਸਹਾਰਾ ਹਾਂ।
16 ਯਹੋਵਾਹ, ਤੁਸੀਂ ਮੇਰੇ ਉੱਤੇ ਕਹਿਰਵਾਨ ਸੀ
ਅਤੇ ਦੰਡ ਮੈਨੂੰ ਮਾਰ ਰਿਹਾ ਹੈ।
17 ਮੇਰੇ ਨਾਲ ਸਦਾ ਚੀਸਾਂ ਅਤੇ ਦਰਦ ਰਿਹਾ ਹੈ।
ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੀਆਂ ਚੀਸਾਂ ਅਤੇ ਦਰਦਾਂ ਨਾਲ ਡੁੱਬ ਰਿਹਾ ਹਾਂ।
18 ਅਤੇ ਹੇ ਪਰਮੇਸ਼ੁਰ, ਤੁਸੀਂ ਮੈਨੂੰ ਮੇਰੇ ਸਾਰੇ ਦੋਸਤਾਂ ਅਤੇ ਪਿਆਰਿਆਂ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ।
ਸਿਰਫ਼ ਹਨੇਰਾ ਹੀ ਮੇਰਾ ਸੰਗੀ ਸਾਥੀ ਹੈ।
91 ਤੁਸੀਂ ਸਰਬ ਉੱਚ ਪਰਮੇਸ਼ੁਰ ਕੋਲ ਲੁਕਣ ਲਈ ਜਾ ਸੱਕਦੇ ਹੋ।
ਤੁਸੀਂ ਸੁਰੱਖਿਆ ਲਈ ਸਰਬ ਸ਼ਕਤੀਮਾਨ ਪਰਮੇਸ਼ੁਰ ਕੋਲ ਜਾ ਸੱਕਦੇ ਹੋ।
2 ਮੈਂ ਆਪਣੇ ਪਰਮੇਸ਼ੁਰ ਨੂੰ ਦੱਸਦਾ ਹਾਂ, “ਤੁਸੀਂ ਮੇਰੀ ਸੁਰੱਖਿਆ ਦਾ ਸਥਾਨ, ਮੇਰਾ ਕਿਲ੍ਹਾ ਹੋ।
ਮੇਰੇ ਪਰਮੇਸ਼ੁਰ, ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ।”
3 ਪਰਮੇਸ਼ੁਰ ਤੁਹਾਨੂੰ ਛੁੱਪੇ ਖਤਰਿਆਂ ਕੋਲੋਂ
ਅਤੇ ਖਤਰਨਾਕ ਬਿਮਾਰੀਆਂ ਕੋਲੋਂ ਬਚਾਵੇਗਾ।
4 ਸੁਰੱਖਿਆ ਲਈ ਤੁਸੀਂ ਪਰਮੇਸ਼ੁਰ ਵੱਲ ਜਾ ਸੱਕਦੇ ਹੋ।
ਉਹ ਤੁਹਾਡੀ ਰੱਖਿਆ ਕਰੇਗਾ, ਜਿਵੇਂ ਇੱਕ ਪੰਛੀ ਆਪਣੇ ਬੱਚਿਆਂ ਉੱਤੇ ਖੰਭ ਖਿਲਾਰ ਲੈਂਦਾ ਹੈ।
ਪਰਮੇਸ਼ੁਰ ਇੱਕ ਢਾਲ ਹੋਵੇਗਾ ਅਤੇ ਤੁਹਾਡੀ ਰੱਖਿਆ ਲਈ ਇੱਕ ਕੰਧ।
5 ਤੁਹਾਨੂੰ ਰਾਤ ਵੇਲੇ ਕੋਈ ਡਰ ਨਹੀਂ ਹੋਵੇਗਾ।
ਅਤੇ ਦਿਨ ਵੇਲੇ ਵੀ ਤੁਹਾਨੂੰ ਆਪਣੇ ਵੈਰੀ ਦੇ ਤੀਰਾਂ ਤੋਂ ਕੋਈ ਡਰ ਨਹੀਂ ਹੋਵੇਗਾ।
6 ਤੁਹਾਨੂੰ ਉਨ੍ਹਾਂ ਬਿਮਾਰੀਆਂ ਦਾ ਡਰ ਨਹੀਂ ਹੋਵੇਗਾ ਜਿਹੜੀਆਂ ਹਨੇਰੇ ਵਿੱਚ ਆਉਂਦੀਆਂ ਹਨ
ਜਾਂ ਉਨ੍ਹਾਂ ਭਿਆਨਕ ਬਿਮਾਰੀਆਂ ਦਾ, ਜਿਹੜੀਆਂ ਦੁਪਿਹਰ ਵੇਲੇ ਹਮਲਾ ਕਰਦੀਆਂ ਹਨ।
7 ਤੁਸੀਂ ਹਜ਼ਾਰਾਂ ਦੁਸ਼ਮਣਾਂ ਨੂੰ ਹਰਾ ਦਿਉਂਗੇ।
ਤੁਹਾਡਾ ਆਪਣਾ ਸੱਜਾ ਹੱਥ ਦੁਸ਼ਮਣ ਦੇ 10,000 ਸੈਨਕਾਂ ਨੂੰ ਹਰਾਵੇਗਾ।
ਤੁਹਾਡੇ ਦੁਸ਼ਮਣ ਤੁਹਾਨੂੰ ਹੱਥ ਵੀ ਨਹੀਂ ਲਗਾ ਸੱਕਦੇ।
8 ਤੁਸੀਂ ਦੇਖੋਂਗੇ ਕਿ ਉਨ੍ਹਾਂ ਦੁਸ਼ਟ ਲੋਕਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ।
9 ਕਿਉਂ? ਕਿਉਂਕਿ ਤੁਸੀਂ ਯਹੋਵਾਹ ਉੱਤੇ ਵਿਸ਼ਵਾਸ ਕਰਦੇ ਹੋ,
ਤੁਸੀਂ ਸਰਬ ਉੱਚ ਪਰਮੇਸ਼ੁਰ ਨੂੰ ਆਪਣਾ ਸੁਰੱਖਿਅਤ ਟਿਕਾਣਾ ਬਣਾਇਆ ਹੈ।
10 ਕੋਈ ਮੰਦੀ ਗੱਲ ਤੁਹਾਡੇ ਨਾਲ ਨਹੀਂ ਵਾਪਰੇਗੀ।
ਤੁਹਾਡੇ ਘਰ ਅੰਦਰ ਬਿਮਾਰੀਆਂ ਨਹੀਂ ਹੋਣਗੀਆਂ।
11 ਪਰਮੇਸ਼ੁਰ ਤੁਹਾਡੇ ਲਈ ਆਪਣੇ ਦੂਤਾਂ ਨੂੰ ਆਦੇਸ਼ ਕਰੇਗਾ ਅਤੇ ਤੁਸੀਂ ਜਿੱਥੇ ਵੀ ਜਾਵੋਂਗੇ ਉਹ ਤੁਹਾਡੀ ਹਰ ਥਾਂ ਰੱਖਿਆ ਕਰਨਗੇ।
12 ਉਨ੍ਹਾਂ ਦੇ ਹੱਥ ਤੁਹਾਨੂੰ ਫ਼ੜ ਲੈਣਗੇ,
ਤਾਂ ਜੋ ਤੁਹਾਡਾ ਪੈਰ ਪੱਥਰਾਂ ਉੱਤੇ ਨਾ ਵਜੇ।
13 ਤੁਹਾਡੇ ਕੋਲ ਸ਼ੇਰਾਂ ਅਤੇ ਜ਼ਹਿਰੀਲੇ ਸੱਪਾਂ ਉੱਪਰ
ਤੁਰਨ ਦੀ ਸ਼ਕਤੀ ਹੋਵੇਗੀ।
14 ਯਹੋਵਾਹ ਆਖਦੇ ਹਨ, “ਜੇ ਕੋਈ ਮੇਰੇ ਉੱਪਰ ਭਰੋਸਾ ਕਰਦਾ ਹੈ ਮੈਂ ਉਸ ਨੂੰ ਬਚਾ ਲਵਾਂਗਾ।
ਮੈਂ ਆਪਣੇ ਪੈਰੋਕਾਰਾਂ ਨੂੰ ਬਚਾਵਾਂਗਾ ਜਿਹੜੇ ਮੇਰੇ ਨਾਮ ਦੀ ਉਪਾਸਨਾ ਕਰਦੇ ਹਨ।
15 ਮੇਰੇ ਪੈਰੋਕਾਰ ਮੈਨੂੰ ਸਹਾਇਤਾ ਲਈ ਪੁਕਾਰਨਗੇ, ਅਤੇ ਮੈਂ ਉਨ੍ਹਾਂ ਦੀ ਪੁਕਾਰ ਸੁਣਾਂਗਾ।
ਜਦੋਂ ਵੀ ਉਨ੍ਹਾਂ ਉੱਤੇ ਮੁਸੀਬਤ ਆਵੇਗੀ ਮੈਂ ਉਨ੍ਹਾਂ ਦੇ ਅੰਗ-ਸੰਗ ਹੋਵਾਂਗਾ।
ਮੈਂ ਉਨ੍ਹਾਂ ਨੂੰ ਬਚਾ ਲਵਾਂਗਾ ਅਤੇ ਉਨ੍ਹਾਂ ਨੂੰ ਮਾਨ ਦੇਵਾਂਗਾ।
16 ਮੈਂ ਆਪਣੇ ਪੈਰੋਕਾਰਾਂ ਨੂੰ ਲੰਮੀ ਜ਼ਿੰਦਗੀ ਦੇਵਾਂਗਾ।
ਅਤੇ ਮੈਂ ਉਨ੍ਹਾਂ ਨੂੰ ਬਚਾਵਾਂਗਾ।”
ਸਬਤ ਲਈ ਉਸਤਤਿ ਦਾ ਗੀਤ।
92 ਯਹੋਵਾਹ ਦੀ ਉਸਤਤਿ ਕਰਨੀ ਚੰਗੀ ਹੈ।
ਹੇ ਸਰਬ ਉੱਚ ਪਰਮੇਸ਼ੁਰ ਤੁਹਾਡੇ ਨਾਮ ਦੀ ਉਸਤਤਿ ਚੰਗੀ ਹੈ।
2 ਤੁਹਾਡੇ ਪਿਆਰ ਬਾਰੇ ਸਵੇਰ ਵੇਲੇ
ਅਤੇ ਤੁਹਾਡੀ ਵਫ਼ਾਦਾਰੀ ਬਾਰੇ ਰਾਤ ਨੂੰ ਗਾਉਣਾ ਚੰਗਾ ਹੈ।
3 ਹੇ ਪਰਮੇਸ਼ੁਰ, ਤੁਹਾਡੇ ਲਈ ਦਸ ਤਾਰਾਂ ਵਾਲੇ ਸਾਜ਼ਾਂ ਉੱਤੇ,
ਸਾਰੰਗੀਆਂ ਉੱਤੇ ਅਤੇ ਰਬਾਬਾਂ ਉੱਤੇ ਸੰਗੀਤ ਬਜਾਉਣਾ ਚੰਗਾ ਹੈ।
4 ਯਹੋਵਾਹ, ਤੁਸਾਂ ਸੱਚਮੁੱਚ ਸਾਨੂੰ ਉਨ੍ਹਾਂ ਗੱਲਾਂ ਨਾਲ ਖੁਸ਼ ਕਰਦੇ ਹੋ ਜੋ ਤੁਸੀਂ ਕੀਤੀਆਂ ਸਨ।
ਅਸੀਂ ਖੁਸ਼ੀ ਨਾਲ ਉਨ੍ਹਾਂ ਗੱਲਾਂ ਬਾਰੇ ਗਾਉਂਦੇ ਹਾਂ।
5 ਯਹੋਵਾਹ, ਤੁਸੀਂ ਇੰਨੀਆਂ ਮਹਾਨ ਗੱਲਾਂ ਕੀਤੀਆਂ ਸਨ।
ਸਾਡੇ ਲਈ ਤੁਹਾਡੇ ਵਿੱਚਾਰ ਸਮਝਣੇ ਬਹੁਤ ਮੁਸ਼ਕਿਲ ਹਨ।
6 ਤੁਹਾਡੇ ਮੁਕਾਬਲੇ ਵਿੱਚ ਲੋਕ ਪਸ਼ੂਆਂ ਵਰਗੇ ਮੂਰਖ ਹਨ।
ਅਸੀਂ ਮੂਰੱਖਾਂ ਵਰਗੇ ਹਾਂ ਜੋ ਕੋਈ ਵੀ ਗੱਲ ਨਹੀਂ ਸਮਝ ਸੱਕਦੇ।
7 ਦੁਸ਼ਟ ਲੋਕ ਘਾਹ-ਫ਼ੂਸ ਦੀ ਤਰ੍ਹਾਂ ਜਿਉਂਦੇ ਅਤੇ ਮਰ ਜਾਂਦੇ ਹਨ।
ਅਤੇ ਜਿਹੜੀਆਂ ਨਿਰਾਰਥਕ ਗੱਲਾਂ ਉਹ ਕਰਦੇ ਹਨ
ਹਮੇਸ਼ਾ ਲਈ ਨਸ਼ਟ ਕਰ ਦਿੱਤੀਆਂ ਜਾਣਗੀਆਂ।
8 ਪਰ ਹੇ ਪਰਮੇਸ਼ੁਰ, ਤੁਸੀਂ ਹਮੇਸ਼ਾ ਲਈ ਸਤਿਕਾਰੇ ਜਾਵੋਂਗੇ।
9 ਯਹੋਵਾਹ, ਤੁਹਾਡੇ ਸਾਰੇ ਦੁਸ਼ਮਣ ਤਬਾਹ ਹੋ ਜਾਣਗੇ।
ਉਹ ਸਾਰੇ ਬੰਦੇ ਜਿਹੜੇ ਮੰਦੀਆਂ ਗੱਲਾਂ ਕਰਦੇ ਹਨ ਤਬਾਹ ਹੋ ਜਾਣਗੇ।
10 ਪਰ ਤੁਸੀਂ ਮੈਨੂੰ ਤਾਕਤਵਰ ਬਣਾ ਦਿਉਂਗੇ।
ਮੈਂ ਮਜ਼ਬੂਤ ਸਿੰਗਾਂ ਵਾਲੇ ਇੱਕ ਸਾਨ੍ਹ ਵਰਗਾ ਹੋਵਾਂਗਾ।
ਤੁਸੀਂ ਮੈਨੂੰ ਮੇਰੇ ਖਾਸ ਕਾਰਜ ਲਈ ਚੁਣਿਆ ਸੀ।
ਤੁਸੀਂ ਮੇਰੇ ਉੱਤੇ ਤਾਜ਼ਗੀ ਦੇਣ ਵਾਲਾ ਤੇਲ ਮਲਿਆ ਸੀ।
11 ਮੈਂ ਆਪਣੇ ਚਾਰ-ਚੁਫ਼ੇਰੇ ਦੁਸ਼ਮਣਾਂ ਨੂੰ ਦੇਖਦਾ ਹਾਂ।
ਉਹ ਮੋਟੇ ਝੋਟਿਆਂ ਵਰਗੇ ਮੇਰੇ ਉੱਤੇ ਹਮਲਾ ਕਰਨ ਲਈ ਤਿਆਰ ਹਨ।
ਮੈਂ ਉਹ ਸੁਣ ਰਿਹਾ ਹਾਂ ਜੋ ਉਹ ਮੇਰੇ ਬਾਰੇ ਆਖ ਰਹੇ ਹਨ।
12 ਚੰਗੇ ਬੰਦੇ ਯਹੋਵਾਹ ਦੇ ਮੰਦਰ ਵਿੱਚ ਉਗੇ ਹੋਏ ਲਬੋਨਾਨ ਦੇ ਸਰੂ ਦੇ ਰੁੱਖਾਂ ਵਰਗੇ ਹਨ।
13 ਚੰਗੇ ਬੰਦੇ ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਫ਼ੁੱਲਾਂ ਨਾਲ ਭਰੇ ਹੋਏ ਖਜ਼ੂਰ ਦੇ ਰੁੱਖਾਂ ਵਰਗੇ ਹਨ।
14 ਜਦੋਂ ਉਹ ਪੁਰਾਣੇ ਵੀ ਹੋ ਜਾਂਦੇ ਹਨ,
ਉਹ ਜਵਾਨ ਅਤੇ ਸਿਹਤਮੰਦ ਰੁੱਖਾਂ ਦੀ ਤਰ੍ਹਾਂ, ਫ਼ਲ ਦਿੰਦੇ ਰਹਿੰਦੇ ਹਨ।
15 ਉਹ ਉੱਥੇ ਹਰ ਕਿਸੇ ਨੂੰ ਵਿਖਾਉਣ ਲਈ ਹਨ
ਕਿ ਯਹੋਵਾਹ ਚੰਗਾ ਹੈ।
ਉਹ ਮੇਰੀ ਚੱਟਾਨ ਹੈ
ਅਤੇ ਉਹ ਕੁਝ ਵੀ ਗਲਤ ਨਹੀਂ ਕਰਦਾ।
ਪਰਮੇਸ਼ੁਰ ਸਭ ਨੂੰ ਆਪਣਾ ਆਤਮਾ ਦੇਵੇਗਾ
28 “ਇਸ ਉਪਰੰਤ,
ਮੈਂ ਸਾਰੇ ਲੋਕਾਂ ਉੱਪਰ ਆਪਣਾ ਆਤਮਾ ਵਹਾਵਾਂਗਾ।
ਤੁਹਾਡੇ ਪੁੱਤਰ ਅਤੇ ਧੀਆਂ ਅਗੰਮੀ ਵਾਕ ਕਰਣਗੇ ਤੁਹਾਡੇ ਬੁੱਢੇ ਆਦਮੀ ਸੁਪਨੇ ਵੇਖਣਗੇ
ਅਤੇ ਤੁਹਾਡੇ ਨੌਜੁਆਨਾਂ ਨੂੰ ਦਰਸ਼ਨ ਹੋਣਗੇ।
29 ਉਸ ਵਕਤ ਮੈਂ ਹਰ ਇੱਕ ਮਨੁੱਖ ਸੇਵਕ ਭਾਵੇਂ ਮਰਦ
ਤੇ ਔਰਤ ਸਭਨਾਂ ਤੇ ਆਪਣਾ ਆਤਮਾ ਵਹਾਵਾਂਗਾ।
30 ਮੈਂ ਅਲੋਕਾਰੀ ਗੱਲਾਂ ਅਕਾਸ਼ ਅਤੇ ਧਰਤੀ ਤੇ ਵਰਤਾਵਾਂਗਾ ਉਸ ਵਕਤ ਖੂਨ,
ਅੱਗ ਤੇ ਗਾੜਾ ਧੂੰਆਂ ਹੋਵੇਗਾ।
31 ਸੂਰਜ ਹਨੇਰਾ ਹੋ ਜਾਵੇਗਾ ਯਹੋਵਾਹ ਦੇ ਮਹਾਨ
ਅਤੇ ਭਿਆਨਕ ਦਿਨ ਦੇ ਆਉਣ ਤੋਂ ਪਹਿਲਾਂ ਚੰਨ ਲਹੂ ਵਿੱਚ ਬਦਲ ਜਾਵੇਗਾ।
32 ਫ਼ਿਰ ਉਹ ਸਾਰੇ ਜੋ ਯਹੋਵਾਹ ਦੇ ਨਾਮ ਤੇ ਪੁਕਾਰ ਕਰਦੇ ਹਨ ਬਚਾਏ ਜਾਣਗੇ।
ਓੱਥੇ ਸੀਯੋਨ ਦੇ ਪਰਬਤ ਉਤਲੇ ਅਤੇ ਯਰੂਸ਼ਲਮ ਵਿੱਚ ਬਚੇ ਹੋਏ ਲੋਕ ਹੋਣਗੇ ਜਿਵੇਂ ਕਿ ਯਹੋਵਾਹ ਨੇ ਆਖਿਆ।
ਹਾਂ, ਬਚੇ ਹੋਇਆਂ ਵਿੱਚ ਉਹ ਹੋਣਗੇ,
ਜਿਨ੍ਹਾਂ ਨੂੰ ਯਹੋਵਾਹ ਬੁਲਾਵੇਗਾ।
ਯਹੂਦਾਹ ਦੇ ਵੈਰੀਆਂ ਨੂੰ ਸਜ਼ਾ
3 “ਹਾਂ ਉਸ ਵਕਤ, ਮੈਂ ਕੈਦੀਆਂ ਨੂੰ ਯਹੂਦਾਹ ਅਤੇ ਯਰੂਸ਼ਲਮ ਨੂੰ ਵਾਪਸ ਭੇਜ ਦਿਆਂਗਾ। 2 ਮੈਂ ਸਾਰੇ ਰਾਜਾਂ ਨੂੰ ਇਕੱਠਿਆਂ ਕਰਾਂਗਾ ਅਤੇ ਉਨ੍ਹਾਂ ਨੂੰ ਯਹੋਸ਼ਾਫ਼ਾਟ ਦੀ ਵਾਦੀ ਵਿੱਚ ਉਤਾਰ ਲਵਾਂਗਾ। ਉੱਥੇ ਮੈਂ ਉਨ੍ਹਾਂ ਦਾ ਨਿਆਂ ਕਰਾਂਗਾ, ਕਿਉਂ ਕਿ ਉਨ੍ਹਾਂ ਰਾਜਾਂ ਨੇ ਮੇਰੇ ਲੋਕਾਂ ਨੂੰ ਖੇਰੂ-ਖੇਰੂ ਕਰ ਦਿੱਤਾ ਭਾਵ ਇਸਰਾਏਲੀਆਂ ਨੂੰ ਬਿਖੈਰ ਦਿੱਤਾ। ਉਨ੍ਹਾਂ ਨੇ ਮੇਰੇ ਲੋਕਾਂ ਨੂੰ ਦੂਜੇ ਰਾਜਾਂ ’ਚ ਰਹਿਣ ਲਈ ਮਜ਼ਬੂਰ ਕੀਤਾ। ਇਸ ਲਈ ਮੈਂ ਉਨ੍ਹਾਂ ਰਾਜਾਂ ਨੂੰ ਦੰਡ ਦੇਵਾਂਗਾ। ਉਨ੍ਹਾਂ ਰਾਜਾਂ ਨੇ ਮੇਰੀ ਧਰਤੀ ਨੂੰ ਵੰਡ ਦਿੱਤਾ। 3 ਉਨ੍ਹਾਂ ਨੇ ਮੇਰੇ ਲੋਕਾਂ ਲਈ ਗੁਣੇ ਪਾਏ ਅਤੇ ਇੱਕ ਵੇਸਵਾ ਖਰੀਦਣ ਲਈ ਮੁੰਡੇ ਨੂੰ ਅਤੇ ਮੈਅ ਖਰੀਦਣ ਲਈ ਕੁੜੀ ਨੂੰ ਵੇਚ ਦਿੱਤਾ।
4 “ਹੇ ਸੂਰ ਅਤੇ ਸੀਦੋਨ ਅਤੇ ਫ਼ਲਿਸਤ ਦੇ ਸਾਰੇ ਇਲਾਕਿਓ, ਤੁਸੀਂ ਮੇਰੇ ਲਈ ਮਹੱਤਵਪੂਰਣ ਨਹੀਂ ਹੋ! ਕੀ ਤੁਸੀਂ ਮੇਰੇ ਕੁਝ ਕੀਤੇ ਦੀ ਮੈਨੂੰ ਸਜ਼ਾ ਦੇ ਰਹੇ ਹੋ? ਤੁਸੀਂ ਭਾਵੇਂ ਅਜਿਹਾ ਸੋਚਦੇ ਹੋਵੋਁ ਪਰ ਮੈਂ ਜਲਦੀ ਹੀ ਤੁਹਾਨੂੰ ਦੰਡ ਦੇਵਾਂਗਾ। 5 ਤੁਸੀਂ ਮੇਰਾ ਚਾਂਦੀ ਅਤੇ ਸੋਨਾ ਲੁੱਟਕੇ ਲੈ ਗਏ। ਤੁਸੀਂ ਮੇਰੇ ਕੀਮਤੀ ਪਦਾਰਬ ਚੁੱਕ ਕੇ ਆਪਣੇ ਮੰਦਰ ਵਿੱਚ ਰੱਖ ਲੇ।
6 “ਤੁਸੀਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਯੂਨਾਨੀਆਂ ਕੋਲ ਵੇਚ ਦਿੱਤਾ। ਇਸ ਤਰ੍ਹਾਂ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਤੋਂ ਦੂਰ ਕਰ ਦਿੱਤਾ। 7 ਤੁਸੀਂ ਮੇਰੇ ਲੋਕਾਂ ਨੂੰ ਦੂਰ ਦੇ ਦੇਸ ਵਿੱਚ ਸੁੱਟ ਦਿੱਤਾ ਪਰ ਮੈਂ ਉਨ੍ਹਾਂ ਨੂੰ ਵਾਪਿਸ ਲੈ ਕੇ ਆਵਾਂਗਾ ਅਤੇ ਤੁਹਾਨੂੰ ਤੁਹਾਡੀਆਂ ਕਰਨੀਆਂ ਦੀ ਸਜ਼ਾ ਦੇਵਾਂਗਾ। 8 ਮੈਂ ਤੁਹਾਡੇ ਪੁੱਤਰਾਂ ਅਤੇ ਧੀਆਂ ਨੂੰ ਯਹੂਦਾਹ ਦੇ ਲੋਕਾਂ ਨੂੰ ਵੇਚਾਂਗਾ ਅਤੇ ਉਹ ਫ਼ਿਰ ਉਨ੍ਹਾਂ ਨੂੰ ਸ਼ਬਾਈਆਂ ਕੋਲ ਦੂਰ ਦੀ ਕੌਮ ਅਤੇ ਧਰਤੀ ਉੱਤੇ ਵੇਚ ਦੇਣਗੇ।” ਯਹੋਵਾਹ ਨੇ ਇਹ ਵਾਕ ਬੋਲੇ ਸਨ।
16 ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਇਸ ਗੱਲੋਂ ਮੂਰਖ ਨਾ ਬਣੋ। 17 ਹਰ ਚੰਗੀ ਚੀਜ਼ ਪਰਮੇਸ਼ੁਰ ਵੱਲੋਂ ਆਉਂਦੀ ਹੈ। ਅਤੇ ਹਰ ਸੰਪੂਰਣ ਦਾਤ ਪਰਮੇਸ਼ੁਰ ਵੱਲੋਂ ਆਉਂਦੀ ਹੈ। ਇਹ ਸਾਰੀਆਂ ਚੰਗੀਆਂ ਦਾਤਾਂ ਪਿਤਾ ਵੱਲੋਂ ਆਉਂਦੀਆਂ ਹਨ ਜਿਸਨੇ ਅਕਾਸ਼ ਵਿੱਚਲੀਆਂ ਸਮੂਹ ਰੋਸ਼ਨੀਆਂ ਬਣਾਈਆਂ ਹਨ। ਪਰ ਪਰਮੇਸ਼ੁਰ ਇਨ੍ਹਾਂ ਰੋਸ਼ਨੀਆਂ ਵਾਂਗ ਕਦੇ ਵੀ ਤਬਦੀਲ ਨਹੀਂ ਹੁੰਦਾ। ਉਹ ਸਦਾ ਇੱਕੋ ਜਿਹਾ ਹੀ ਰਹਿੰਦਾ ਹੈ। 18 ਪਰਮੇਸ਼ੁਰ ਨੇ ਸਾਨੂੰ ਸੱਚ ਦੇ ਸ਼ਬਦ ਰਾਹੀਂ ਜੀਵਨ ਦੇਣ ਦਾ ਨਿਰਨਾ ਕੀਤਾ। ਉਹ ਚਾਹੁੰਦਾ ਕਿ ਅਸੀਂ ਉਸ ਦੀਆਂ ਸਾਜੀਆਂ ਹੋਈਆਂ ਸਮੂਹ ਚੀਜ਼ਾਂ ਵਿੱਚ ਸਭ ਤੋਂ ਮਹੱਤਵਪੂਰਣ ਹੋਈਏ।
ਸੁਣਨਾ ਅਤੇ ਮੰਨਣਾ
19 ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਹਮੇਸ਼ਾ ਬੋਲਣ ਨਾਲੋਂ ਸੁਣਨ ਦੇ ਵੱਧੇਰੇ ਇੱਛੁਕ ਬਣੋ। ਛੇਤੀ ਹੀ ਗੁੱਸੇ ਵਿੱਚ ਨਾ ਆਓ। 20 ਕਿਸੇ ਵਿਅਕਤੀ ਦਾ ਗੁੱਸਾ ਉਸ ਨੂੰ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਸਹੀ ਜੀਵਨ ਜਿਉਣ ਵਿੱਚ ਮਦਦ ਨਹੀਂ ਕਰਦਾ। 21 ਇਸ ਲਈ ਆਪਣੇ ਜੀਵਨ ਵਿੱਚੋਂ ਹਰ ਬਦੀ ਨੂੰ ਕੱਢ ਦਿਉ ਅਤੇ ਹਰ ਉਹ ਮੰਦੀ ਗੱਲ ਜਿਹੜੀ ਤੁਸੀਂ ਕਰਦੇ ਹੋ। ਨਿਮਾਣੇ ਬਣੋ ਅਤੇ ਪਰਮੇਸ਼ੁਰ ਦੇ ਉਸ ਉਪਦੇਸ਼ ਨੰ ਪ੍ਰਵਾਨ ਕਰੋ ਜਿਹੜਾ ਤੁਹਾਡੇ ਹਿਰਦੇ ਵਿੱਚ ਬੀਜਿਆ ਗਿਆ ਹੈ। ਇਹ ਉਪਦੇਸ਼ ਤੁਹਾਨੂੰ ਬਚਾ ਸੱਕਦਾ ਹੈ।
22 ਉਹੀ ਕਰੋ ਜੋ ਪਰਮੇਸ਼ੁਰ ਦੀ ਸਿੱਖਿਆ ਆਖਦੀ ਹੈ। ਸਿਰਫ਼ ਸੁਣੋ ਹੀ ਨਾ ਅਤੇ ਅਮਲ ਵੀ ਕਰੋ। ਕਿਉਂ? ਕਿਉਂਕਿ ਜਦੋਂ ਤੁਸੀਂ ਬੈਠੇ ਬੈਠੇ ਸੁਣਦੇ ਹੀ ਰਹਿੰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਮੂਰਖ ਬਣਾ ਰਹੇ ਹੁੰਦੇ ਹੋ। 23 ਜੇ ਕੋਈ ਵਿਅਕਤੀ ਪਰਮੇਸ਼ੁਰ ਦੇ ਉਪਦੇਸ਼ ਸੁਣਦਾ ਹੈ ਤੇ ਅਮਲ ਨਹੀਂ ਕਰਦਾ ਤਾਂ ਉਹ ਇਸ ਤਰ੍ਹਾਂ ਦਾ ਹੈ; ਉਹ ਉਸ ਬੰਦੇ ਵਰਗਾ ਹੈ ਜਿਹੜਾ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖਦਾ ਹੈ। 24 ਉਹ ਵਿਅਕਤੀ ਆਪਣੇ ਆਪ ਨੂੰ ਦੇਖਦਾ ਹੈ, ਫ਼ੇਰ ਤੁਰ ਜਾਂਦਾ ਹੈ ਅਤੇ ਛੇਤੀ ਹੀ ਭੁੱਲ ਜਾਂਦਾ ਹੈ ਕਿ ਉਹ ਕਿਹੋ ਜਿਹਾ ਦਿੱਸਦਾ ਸੀ। 25 ਪਰ ਇੱਕ ਆਦਮੀ ਜਿਹੜਾ ਸੱਚ ਮੁੱਚ ਖੁਸ਼ ਹੈ, ਉਹੀ ਹੈ ਜਿਹੜਾ ਪਰਮੇਸ਼ੁਰ ਦੇ ਪਰੀਪੂਰਣ ਨੇਮ ਨੂੰ ਪੜ੍ਹਦਾ ਹੈ ਜੋ ਲੋਕਾਂ ਨੂੰ ਅਜ਼ਾਦ ਕਰਦਾ ਹੈ। ਉਹ ਇਸ ਨੂੰ ਪੜ੍ਹਦਾ ਹੀ ਰਹਿੰਦਾ ਹੈ। ਉਹ ਪਰਮੇਸ਼ੁਰ ਦੇ ਉਪਦੇਸ਼ਾਂ ਨੂੰ ਧਿਆਨ ਨਾਲ ਬਿਨਾ ਭੁਲਾਇਆਂ ਸੁਣਦਾ ਹੈ, ਕਿ ਉਸ ਨੇ ਕੀ ਸੁਣਿਆ। ਫ਼ੇਰ ਉਹ ਪਰਮੇਸ਼ੁਰ ਦੇ ਉਪਦੇਸ਼ਾਂ ਤੇ ਅਮਲ ਕਰਦਾ ਹੈ। ਉਸ ਦੁਆਰਾ, ਉਹ ਸੱਚ ਮੁੱਚ ਖੁਸ਼ ਹੈ।
ਪਰਮੇਸ਼ੁਰ ਦੀ ਉਪਾਸਨਾ ਦਾ ਸਹੀ ਢੰਗ
26 ਭਾਵੇ ਕੋਈ ਵਿਅਕਤੀ ਇਹ ਸੋਚਦਾ ਹੋਵੇ ਕਿ ਉਹ ਧਰਮੀ ਹੈ ਪਰ ਜੇਕਰ ਉਹ ਉਹੀ ਗੱਲਾਂ ਆਖਦਾ ਜੋ ਉਸ ਨੂੰ ਨਹੀਂ ਆਖਣੀਆਂ ਚਾਹੀਦੀਆਂ ਤਾਂ ਉਹ ਆਦਮੀ ਆਪਣੇ ਆਪ ਨੂੰ ਮੂਰਖ ਬਣਾਉਂਦਾ ਹੈ। ਉਸ ਦੇ ਧਰਮ ਦਾ ਕੀ ਅਰਥ ਨਹੀਂ ਹੈ। 27 ਜਿਸ ਤਰ੍ਹਾਂ ਦਾ ਧਰਮ ਪਰਮੇਸ਼ੁਰ ਨੂੰ ਚਾਹੀਦਾ ਹੈ ਉਹ ਇਹ ਹੈ; ਉਨ੍ਹਾਂ ਯਤੀਮਾਂ ਅਤੇ ਵਿਧਵਾਵਾਂ ਦੀ ਪਰਵਰਿਸ਼ ਕਰਨਾ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ, ਅਤੇ ਆਪਣੇ ਆਪ ਨੂੰ ਦੁਨਿਆਵੀ ਪ੍ਰਭਾਵ ਤੋਂ ਮੁਕਤ ਰੱਖਣਾ। ਇਹੀ ਉਹ ਧਰਮ ਹੈ ਜਿਸ ਨੂੰ ਪਰਮੇਸ਼ੁਰ ਸ਼ੁੱਧ ਅਤੇ ਪਵਿੱਤਰ ਕਬੂਲਦਾ ਹੈ।
ਸੱਚਾ ਧਨ
16 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਇੱਕ ਵਾਰ ਇੱਕ ਬੜਾ ਧਨਵਾਨ ਆਦਮੀ ਸੀ। ਉਸ ਨੇ ਆਪਣਾ ਕਾਰੋਬਾਰ ਸੰਭਾਲਣ ਲਈ ਇੱਕ ਮੁਖਤਿਆਰ ਰੱਖਿਆ। ਬਾਦ ਵਿੱਚ ਉਸ ਨੂੰ ਪਤਾ ਚੱਲਿਆ ਕਿ ਉਸਦਾ ਮੁਖਤਿਆਰ ਉਸ ਨਾਲ ਧੋਖਾ ਕਰ ਰਿਹਾ ਹੈ। 2 ਤਾਂ ਉਸ ਨੇ ਉਸ ਨੂੰ ਅੰਦਰ ਬੁਲਾਇਆ ਅਤੇ ਕਿਹਾ, ‘ਤੇਰੇ ਬਾਰੇ ਮੈਂ ਇਹ ਸਭ ਕੀ ਸੁਣ ਰਿਹਾ ਹਾਂ। ਮੈਨੂੰ ਮੇਰੇ ਸਾਰੇ ਪੈਸੇ ਦਾ ਹਿਸਾਬ ਦੇ। ਤੂੰ ਇਸ ਤੋਂ ਬਾਦ ਮੇਰਾ ਮੁਖਤਿਆਰ ਨਹੀਂ ਹੋ ਸੱਕਦਾ।’
3 “ਬਾਅਦ ਵਿੱਚ ਮੁਖਤਿਆਰ ਨੇ ਆਪਣੇ ਮਨ ਵਿੱਚ ਸੋਚਿਆ, ‘ਹੁਣ ਮੈਂ ਕੀ ਕਰਾਂਗਾ? ਮੇਰਾ ਮਾਲਕ ਤਾਂ ਮੈਨੂੰ ਮੇਰੀ ਨੋਕਰੀ ਤੋਂ ਹਟਾ ਰਿਹਾ ਹੈ। ਮੇਰੇ ਵਿੱਚ ਖੋਦਣ ਦੀ ਤਾਕਤ ਨਹੀਂ ਹੈ ਅਤੇ ਭੀਖ ਮੰਗਣ ਤੋਂ ਮੈਨੂੰ ਸ਼ਰਮ ਆਉਂਦੀ ਹੈ। 4 ਮੈਂ ਜਾਣ ਗਿਆ ਕਿ ਮੈਂ ਕੀ ਕਰਾਂ, ਜਿਸ ਵੇਲੇ ਮੈਂ ਮੁਖਤਿਆਰੀ ਤੋਂ ਹਟਾਇਆ ਜਾਵਾਂਗਾ, ਮੈਂ ਕੁਝ ਅਜਿਹਾ ਕਰਾਂਗਾ ਕਿ ਲੋਕ ਆਪਣੇ ਘਰਾਂ ਵਿੱਚ ਮੇਰਾ ਸਵਾਗਤ ਕਰਨਗੇ।’
5 “ਤਾਂ ਉਸ ਨੇ ਆਪਣੇ ਮਾਲਕ ਦੇ ਕਰਜਾਈਆਂ ਨੂੰ ਇੱਕ-ਇੱਕ ਕਰਕੇ ਆਪਣੇ ਕੋਲ ਸੱਦਿਆ ਅਤੇ ਪਹਿਲੇ ਨੂੰ ਕਿਹਾ, ‘ਤੂੰ ਮੇਰੇ ਮਾਲਕ ਦਾ ਕਿੰਨਾ ਦੇਣਾ ਹੈ।’ 6 ਉਸ ਮਨੁੱਖ ਨੇ ਆਖਿਆ, ‘ਮੈਂ ਉਸ ਦੇ ਜੈਤੂਨ ਦੇ ਤੇਲ ਦੇ ਅੱਠ ਹਜ਼ਾਰ ਪੌਂਡ ਦੇਣੇ ਹਨ।’ ਤਾਂ ਮੁਖਤਿਆਰ ਨੇ ਉਸ ਨੂੰ ਕਿਹਾ, ‘ਆਪਣੀ ਵਹੀ ਲੈ ਅਤੇ ਬੈਠਕੇ ਚਾਰ ਹਜ਼ਾਰ ਪੌਂਡ ਲਿਖ ਦੇ।’
7 “ਤਾਂ ਮੁਖਤਿਆਰ ਨੇ ਦੂਸਰੇ ਆਦਮੀ ਨੂੰ ਸੱਦਿਆ, ‘ਤੂੰ ਮੇਰੇ ਮਾਲਕ ਦੇ ਕਿੰਨੇ ਦੇਣੇ ਹਨ?’ ਉਸ ਮਨੁੱਖ ਨੇ ਜਵਾਬ ਦਿੱਤਾ, ‘ਮੈਂ ਉਸ ਨੂੰ ਕਣਕ ਦੇ ਸੱਠ ਹਜ਼ਾਰ ਪੌਂਡ ਦੇਣਦਾਰ ਹਾਂ’, ਮੁਖਤਿਆਰ ਨੇ ਉਸ ਨੂੰ ਆਖਿਆ, ‘ਆਪਣੀ ਵਹੀ ਲੈ ਅਤੇ ਛੇਤੀ ਬੈਠ ਕੇ ਪੰਜਾਹ ਹਜ਼ਾਰ ਪੌਂਡ ਲਿਖ ਦੇ।’
8 “ਬਾਅਦ ਵਿੱਚ ਮਾਲਕ ਨੇ ਆਪਣੇ ਬੇਈਮਾਨ ਮੁਖਤਿਆਰ ਨੂੰ ਕਿਹਾ ਕਿ ਉਸ ਨੇ ਬੜੀ ਚਲਾਕੀ ਖੇਡੀ ਹੈ। ਹਾਂ! ਦੁਨਿਆਵੀ ਲੋਕ ਆਤਮਕ ਲੋਕਾਂ ਨਾਲੋਂ ਆਪਣੇ ਸਮੇਂ ਦੇ ਦੂਜੇ ਲੋਕਾਂ ਨਾਲ ਵੱਧੇਰੇ ਚਲਾਕੀ ਕਰਦੇ ਹਨ।
9 “ਮੈਂ ਤੁਹਾਨੂੰ ਦੱਸਦਾ ਹਾਂ ਕਿ ਆਪਣੇ ਲਈ ਦੋਸਤ ਪ੍ਰਾਪਤ ਕਰਨ ਵਾਸਤੇ ਤੁਹਾਡੇ ਕੋਲ ਜਿੰਨੀ ਵੀ ਦੁਨਿਆਵੀ ਦੌਲਤ ਹੈ, ਇਸਤੇਮਾਲ ਕਰੋ। ਜਦੋਂ ਦੁਨਿਆਵੀ ਦੌਲਤ ਮੁੱਕ ਜਾਵੇਗੀ ਤਾਂ ਤੁਹਾਡਾ ਸਦੀਵੀ ਘਰਾਂ ਵਿੱਚ ਸੁਆਗਤ ਕੀਤਾ ਜਾਵੇਗਾ।
2010 by World Bible Translation Center