Print Page Options
Previous Prev Day Next DayNext

Book of Common Prayer

Daily Old and New Testament readings based on the Book of Common Prayer.
Duration: 861 days
Punjabi Bible: Easy-to-Read Version (ERV-PA)
Version
ਜ਼ਬੂਰ 87

ਕੋਰਹ ਪਰਿਵਾਰ ਦਾ ਇੱਕ ਉਸਤਤਿ ਗੀਤ।

87 ਪਰਮੇਸ਼ੁਰ ਨੇ ਯਰੂਸ਼ਲਮ ਦੀਆਂ ਪਵਿੱਤਰ ਪਹਾੜੀਆਂ ਉੱਤੇ ਆਪਣਾ ਮੰਦਰ ਬਣਾਇਆ।
    ਯਹੋਵਾਹ ਸੀਯੋਨ ਦੇ ਦਰਵਾਜਿਆਂ ਨੂੰ ਇਸਰਾਏਲ ਦੀ ਹੋਰ ਕਿਸੇ ਵੀ ਥਾਂ ਨਾਲੋਂ ਵੱਧੇਰੇ ਪਿਆਰ ਕਰਦਾ ਹੈ।
ਹੇ ਪਰਮੇਸ਼ੁਰ ਦੇ ਸ਼ਹਿਰ, ਲੋਕ ਤੇਰੇ ਬਾਰੇ ਬਹੁਤ ਅਦਭੁਤ ਗੱਲਾਂ ਬੋਲਦੇ ਹਨ।

ਪਰਮੇਸ਼ੁਰ ਆਪਣੇ ਸਾਰੇ ਬੰਦਿਆਂ ਦੀ ਸੂਚੀ ਰੱਖਦਾ।
“ਉਨ੍ਹਾਂ ਵਿੱਚੋਂ ਕੁਝ ਮਿਸਰ ਅਤੇ ਕੁਝ ਬੇਬੀਲੋਨ ਵਿੱਚ ਰਹਿੰਦੇ ਹਨ।
    ਉਨ੍ਹਾਂ ਵਿੱਚੋਂ ਕੁਝ ਲੋਕ ਫ਼ਲਿਸਤੀਨੀਆਂ, ਸੂਰ ਅਤੇ ਇਥੋਮੀਆਂ ਵਿੱਚ ਵੀ ਜਨਮੇ ਸਨ।”
ਪਰਮੇਸ਼ੁਰ ਸੀਯੋਨ ਉੱਤੇ ਜੰਮੇ ਹਰ ਬੰਦੇ ਨੂੰ ਜਾਣਦਾ ਹੈ।
    ਸਰਬ ਉੱਚ ਪਰਮੇਸ਼ੁਰ ਨੇ ਉਸ ਸ਼ਹਿਰ ਨੂੰ ਬਣਾਇਆ।
ਪਰਮੇਸ਼ੁਰ ਆਪਣੇ ਸਾਰੇ ਲੋਕਾਂ ਦੀ ਸੂਚੀ ਰੱਖਦਾ।
    ਪਰਮੇਸ਼ੁਰ ਜਾਣਦਾ ਹੈ ਕਿ ਹਰ ਇੱਕ ਬੰਦਾ ਕਿੱਥੇ ਜੰਮਿਆ ਹੈ।

ਪਰਮੇਸ਼ੁਰ ਦੇ ਖਾਸ ਬੰਦੇ ਯਰੂਸ਼ਲਮ ਨੂੰ ਤਿਉਹਾਰ ਮਨਾਉਣ ਲਈ ਜਾਂਦੇ ਹਨ।
    ਉਹ ਬਹੁਤ ਖੁਸ਼ ਹਨ।
ਉਹ ਗਾ ਅਤੇ ਨੱਚ ਰਹੇ ਹਨ ਉਹ ਆਖਦੇ ਹਨ,
    “ਸਾਰੀਆਂ ਸ਼ੁਭ ਚੀਜ਼ਾਂ ਯਰੂਸ਼ਲਮ ਤੋਂ ਆਉਂਦੀਆਂ ਹਨ।”

ਜ਼ਬੂਰ 90

ਚੌਥਾ ਭਾਗ

(ਜ਼ਬੂਰ 90-106)

ਪਰਮੇਸ਼ੁਰ ਦੇ ਬੰਦੇ ਮੂਸਾ ਦੀ ਪ੍ਰਾਰਥਨਾ।

90 ਹੇ ਮਾਲਕ, ਤੁਸੀਂ ਸਦਾ-ਸਦਾ ਲਈ ਸਾਡਾ ਘਰ ਰਹੇ ਹੋਂ।
ਹੇ ਪਰਮੇਸ਼ੁਰ, ਤੁਸੀਂ ਪਰਬਤਾਂ ਦੇ ਪੈਦਾ ਹੋਣ ਤੋਂ ਪਹਿਲਾਂ
    ਅਤੇ ਧਰਤੀ ਅਤੇ ਦੁਨੀਆਂ ਸਾਜੇ ਜਾਣ ਤੋਂ ਪਹਿਲਾਂ ਵੀ ਤੁਸੀਂ ਪਰਮੇਸ਼ੁਰ ਸੀ।
    ਹੇ ਪਰਮੇਸ਼ੁਰ ਤੁਸੀਂ ਸਦਾ ਰਹੇ ਹੋਂ ਅਤੇ ਤੁਸੀਂ ਸਦਾ ਰਹੋਂਗੇ, ਹੇ ਪਰਮੇਸ਼ੁਰ।

ਤੁਸੀਂ ਲੋਕਾਂ ਨੂੰ ਇਸ ਦੁਨੀਆਂ ਵਿੱਚ ਲਿਆਉਂਦੇ ਹੋ।
    ਅਤੇ ਫ਼ੇਰ ਤੁਸੀਂ ਉਨ੍ਹਾਂ ਨੂੰ ਖਾਕ ਵਿੱਚ ਬਦਲ ਦਿੰਦੇ ਹੋ।
ਤੁਹਾਡੇ ਲਈ ਹਜ਼ਾਰ ਸਾਲ ਕੱਲ ਦੀ ਤਰ੍ਹਾਂ
    ਅਤੇ ਰਾਤ ਦੀ ਤਰ੍ਹਾਂ ਹਨ।
ਤੁਸੀਂ ਸਾਨੂੰ ਪਰ੍ਹਾਂ ਹੂੰਝ ਸੁੱਟਦੇ ਹੋਂ। ਸਾਡੀ ਜ਼ਿੰਦਗੀ ਇੱਕ ਸੁਪਨੇ ਵਾਂਗ ਹੈ, ਅਤੇ ਸਵੇਰ ਨੂੰ ਅਸੀਂ ਜਾ ਚੁੱਕੇ ਹੁੰਦੇ ਹਾਂ।
ਅਸੀਂ ਘਾਹ ਦੀ ਤਰ੍ਹਾਂ ਹਾਂ।
    ਘਾਹ ਸਵੇਰ ਵੇਲੇ ਉਘਦਾ ਹੈ,
    ਅਤੇ ਸ਼ਾਮ ਨੂੰ ਇਹ ਸੁੱਕ ਜਾਂਦਾ ਹੈ ਅਤੇ ਮਰ ਰਿਹਾ ਹੁੰਦਾ ਹੈ।
ਹੇ ਪਰਮੇਸ਼ੁਰ, ਸਾਨੂੰ ਤੁਹਾਡਾ ਗੁੱਸਾ ਤਬਾਹ ਕਰ ਸੱਕਦਾ ਹੈ।
    ਸਾਨੂੰ ਤੁਹਾਡੇ ਕਹਿਰ ਤੋਂ ਡਰ ਲੱਗਦਾ ਹੈ।
ਤੁਸੀਂ ਸਾਡੇ ਗੁਨਾਹਾਂ ਬਾਰੇ ਸਭ ਕੁਝ ਜਾਣਦੇ ਹੋ।
    ਤੁਸੀਂ ਸਾਡਾ ਹਰ ਲੁਕਵਾਂ ਗੁਨਾਹ ਵੀ ਵੇਖ ਲੈਂਦੇ ਹੋ।
ਤੁਹਾਡਾ ਕਹਿਰ ਸਾਡੀ ਜ਼ਿੰਦਗੀ ਨੂੰ ਖਤਮ ਕਰ ਸੱਕਦਾ ਹੈ।
    ਸਾਡੀ ਜ਼ਿੰਦਗੀ ਸਰਗੋਸ਼ੀ ਦੀ ਤਰ੍ਹਾਂ ਮੁੱਕ ਜਾਂਦੀ ਹੈ।
10 ਇਹ ਹੋ ਸੱਕਦਾ ਹੈ, ਕਿ ਅਸੀਂ 70 ਸਾਲਾਂ ਤੱਕ ਜੀਵੀਏ।
    ਜੇ ਅਸੀਂ ਹਾਲੇ ਵੀ ਤਕੜੇ ਹਾਂ, ਤਾਂ ਇਹ ਉਮਰ 80 ਸਾਲਾ ਹੋ ਸੱਕਦੀਆਂ ਹਨ।
ਸਾਡੀਆਂ ਜ਼ਿੰਦਗੀਆਂ ਸਖਤ ਮਿਹਨਤ ਅਤੇ ਵਿਅਰਥ ਪ੍ਰਾਪਤੀਆਂ ਨਾਲ ਭਰਪੂਰ ਹਨ।
    ਫ਼ਿਰ ਅਚਾਨਕ, ਸਾਡੀਆਂ ਜ਼ਿੰਦਗੀਆਂ ਖਤਮ ਹੋ ਜਾਂਦੀਆਂ ਹਨ ਅਤੇ ਅਸੀਂ ਦੂਰ ਉੱਡ ਜਾਂਦੇ ਹਾਂ।
11 ਕੋਈ ਵੀ ਬੰਦਾ ਤੁਹਾਡੇ ਗੁੱਸੇ ਦੀ ਪੂਰੀ ਸ਼ਕਤੀ ਨੂੰ ਨਹੀਂ ਜਾਣ ਸੱਕਦਾ, ਪਰਮੇਸ਼ੁਰ।
    ਪਰ ਹੇ ਪਰਮੇਸ਼ੁਰ, ਤੁਹਾਡੇ ਲਈ ਸਾਡਾ ਡਰ ਅਤੇ ਆਦਰ ਓਨਾ ਹੀ ਵੱਡਾ ਹੈ ਜਿੰਨਾ ਤੁਹਾਡਾ ਗੁੱਸਾ।
12 ਸਾਨੂੰ ਸਿੱਖਾਉ ਕਿ ਸਾਡੀਆਂ ਜ਼ਿੰਦਗੀਆਂ ਕਿੰਨੀਆਂ ਛੋਟੀਆਂ ਹਨ
    ਅਤੇ ਜੋ ਅਸੀਂ ਸੱਚਮੁੱਚ ਸਿਆਣੇ ਬਣ ਸੱਕੀਏ।
13 ਯਹੋਵਾਹ, ਸਾਡੇ ਵੱਲ ਸਦਾ ਲਈ ਵਾਪਸ ਆ ਜਾਉ।
    ਆਪਣੇ ਸੇਵਕਾਂ ਉੱਪਰ ਮਿਹਰ ਕਰੋ।
14 ਹਰ ਸਵੇਰ ਸਾਨੂੰ ਆਪਣੇ ਪਿਆਰ ਨਾਲ ਭਰ ਦਿਉ।
    ਸਾਨੂੰ ਪ੍ਰਸੰਨ ਹੋਣ ਦਿਉ ਅਤੇ ਆਪਣੀਆਂ ਜ਼ਿੰਦਗੀਆਂ ਮਾਨਣ ਦਿਉ।
15 ਤੁਸਾਂ ਸਾਨੂੰ ਬਹੁਤ ਉਦਾਸੀ ਅਤੇ ਸਾਡੇ ਵਿੱਚ ਬਹੁਤ ਮੁਸੀਬਤਾਂ ਦਿੱਤੀਆਂ ਹਨ।
    ਹੁਣ ਸਾਨੂੰ ਖੁਸ਼ੀ ਲੈਣ ਦਿਉ।
16 ਆਪਣੇ ਸੇਵਕਾਂ ਨੂੰ ਉਹ ਚਮਤਕਾਰ ਵੇਖਣ ਦਿਉ ਜਿਹੜੇ ਤੁਸੀਂ ਉਨ੍ਹਾਂ ਲਈ ਕਰਨ ਯੋਗ ਹੋਂ
    ਅਤੇ ਉਨ੍ਹਾਂ ਦੇ ਬੱਚਿਆਂ ਨੂੰ ਤੁਹਾਡੀ ਮਹਿਮਾ ਵੇਖਣ ਦਿਉ।
17 ਜੋ ਕੁਝ ਵੀ ਅਸੀਂ ਕਰਦੇ ਹਾਂ ਉਸ ਵਿੱਚ ਅਸੀਂ ਪਰਮੇਸ਼ੁਰ ਦੀ ਪ੍ਰਸੰਨਤਾ ਮਹਿਸੂਸ ਕਰੀਏ।
    ਜਿਸ ਨੂੰ ਅਸੀਂ ਸਾਧਦੇ ਹਾਂ ਉਸ ਨੂੰ ਸਥਾਪਿਤ ਕਰਦਿਆਂ
    ਅਤੇ ਸਹਾਰਾ ਦਿੰਦਿਆਂ ਉਹ ਸਾਨੂੰ ਅਸੀਸ ਦੇਵੇ।

ਜ਼ਬੂਰ 136

136 ਯਹੋਵਾਹ ਦੀ ਉਸਤਤਿ ਕਰੋ, ਕਿਉਂਕਿ ਉਹ ਭਲਾ ਹੈ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਦੇਵਤਿਆਂ ਦੇ ਪਰਮੇਸ਼ੁਰ ਦੀ ਉਸਤਤਿ ਕਰੋ
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਪ੍ਰਭੂਆਂ ਦੇ ਯਹੋਵਾਹ ਦੀ ਉਸਤਤਿ ਕਰੋ,
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਪਰਮੇਸ਼ੁਰ ਦੀ ਉਸਤਤਿ ਕਰੋ ਸਿਰਫ਼ ਉਹੀ ਹੈ ਜਿਹੜਾ ਚਮਤਕਾਰ ਕਰਦਾ ਹੈ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਪਰਮੇਸ਼ੁਰ ਦੀ ਉਸਤਤਿ ਕਰੋ।
    ਉਹ ਜਿਸਨੇ ਅਕਾਸ਼ਾ ਨੂੰ ਸਾਜਣ ਲਈ ਸਿਆਣਪ ਵਰਤੀ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਪਰਮੇਸ਼ੁਰ ਨੇ ਸਮੁੰਦਰ ਉੱਤੇ ਧਰਤੀ ਖੁਸ਼ਕ ਰੱਖੀ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਪਰਮੇਸ਼ੁਰ ਨੇ ਮਹਾਨ ਰੌਸ਼ਨੀਆਂ ਸਾਜੀਆਂ
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਪਰਮੇਸ਼ੁਰ ਨੇ ਸੂਰਜ ਨੂੰ ਦਿਨ ਉੱਤੇ ਰਾਜ ਕਰਨ ਲਈ ਸਾਜਿਆ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
ਪਰਮੇਸ਼ੁਰ ਨੇ ਰਾਤ ਉੱਤੇ ਰਾਜ ਕਰਨ ਲਈ ਚੰਨ ਅਤੇ ਤਾਰਿਆਂ ਨੂੰ ਸਾਜਿਆ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
10 ਪਰਮੇਸ਼ੁਰ ਨੇ, ਮਿਸਰ ਵਿੱਚ ਪਹਿਲੋਠੇ ਬੰਦੇ ਅਤੇ ਜਾਨਵਰ ਮਾਰ ਦਿੱਤੇ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
11 ਪਰਮੇਸ਼ੁਰ ਇਸਰਾਏਲ ਨੂੰ ਮਿਸਰ ਤੋਂ ਬਾਹਰ ਲੈ ਗਿਆ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
12 ਪਰਮੇਸ਼ੁਰ ਨੇ ਆਪਣੀ ਮਹਾਨ ਸ਼ਕਤੀ ਅਤੇ ਤਾਕਤ ਦਰਸਾਈ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
13 ਪਰਮੇਸ਼ੁਰ ਨੇ ਲਾਲ ਸਾਗਰ ਨੂੰ ਦੋ ਹਿਸਿਆਂ ਵਿੱਚ ਚੀਰ ਦਿੱਤਾ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
14 ਫ਼ਿਰ ਪਰਮੇਸ਼ੁਰ ਨੇ ਇਸਰਾਏਲ ਦੀ ਅਗਵਾਈ ਸਮੁੰਦਰ ਵਿੱਚੋਂ ਦੀ ਕੀਤੀ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
15 ਪਰਮੇਸ਼ੁਰ ਨੇ ਫ਼ਿਰਊਨ ਅਤੇ ਉਸਦੀ ਫ਼ੌਜ ਨੂੰ ਲਾਲ ਸਾਗਰ ਵਿੱਚ ਡੋਬ ਦਿੱਤਾ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
16 ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਅਗਵਾਈ ਮਾਰੂਥਲ ਵਿੱਚ ਕੀਤੀ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
17 ਪਰਮੇਸ਼ੁਰ ਨੇ ਬਲਵਾਨ ਰਾਜਿਆਂ ਨੂੰ ਹਰਾਇਆ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
18 ਪਰਮੇਸ਼ੁਰ ਨੇ ਮਜ਼ਬੂਰ ਰਾਜਿਆਂ ਨੂੰ ਹਰਾਇਆ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
19 ਪਰਮੇਸ਼ੁਰ ਨੇ ਅਮੋਰੀਆਂ ਦੇ ਰਾਜੇ ਸੀਹੋਨ ਨੂੰ ਹਰਾਇਆ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
20 ਪਰਮੇਸ਼ੁਰ ਨੇ ਬਾਸ਼ਾਨ ਦੇ ਰਾਜੇ ਓਗ ਨੂੰ ਹਰਾਇਆ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
21 ਪਰਮੇਸ਼ੁਰ ਨੇ ਉਨ੍ਹਾਂ ਦੀ ਧਰਤੀ ਇਸਰਾਏਲ ਨੂੰ ਦੇ ਦਿੱਤੀ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
22 ਪਰਮੇਸ਼ੁਰ ਨੇ ਉਹ ਧਰਤੀ ਸੁਗਾਤ ਵਜੋਂ ਇਸਰਾਏਲ ਨੂੰ ਦੇ ਦਿੱਤੀ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
23 ਪਰਮੇਸ਼ੁਰ ਨੇ ਸਾਨੂੰ ਯਾਦ ਰੱਖਿਆ, ਜਦੋਂ ਅਸੀਂ ਹਾਰੇ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
24 ਪਰਮੇਸ਼ੁਰ ਨੇ ਸਾਨੂੰ ਸਾਡੇ ਦੁਸ਼ਮਣਾ ਤੋਂ ਬਚਾਇਆ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
25 ਪਰਮੇਸ਼ੁਰ ਹਰ ਬੰਦੇ ਨੂੰ ਭੋਜਨ ਦਿੰਦਾ ਹੈ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।
26 ਸਵਰਗ ਦੇ ਪਰਮੇਸ਼ੁਰ ਦੀ ਉਸਤਤਿ ਕਰੋ।
    ਉਸਦਾ ਸੱਚਾ ਪਿਆਰ ਸਦਾ ਰਹਿੰਦਾ ਹੈ।

ਯੋਏਲ 3:9-17

ਜੰਗ ਲਈ ਤਿਆਰੀ

ਕੌਮਾਂ ਵਿੱਚ ਇਹ ਘੋਸ਼ਣਾ ਕਰੋ:
    ਲੜਾਈ ਦੀ ਤਿਆਰੀ ਕਰੋ!
ਸੂਰਮਿਆਂ ਨੂੰ ਜਗਾਓ।
    ਸਾਰੇ ਯੋਧੇ ਨੇੜੇ ਹੋ ਜਾਣ ਉਨ੍ਹਾਂ ਨੂੰ ਉਤਾਂਹ ਆਉਣ ਦੇਵੋ।
10 ਤੁਸੀਂ ਆਪਣੇ ਫ਼ਾਲਿਆਂ ਨੂੰ ਕੁੱਟ ਕੇ ਤਲਵਾਰਾਂ ਬਣਾ ਲਵੋ
    ਆਪਣੇ ਫ਼ਾਲਿਆਂ ਨੂੰ ਕੁੱਟ ਕੇ ਨੇਜੇ ਬਣਾ ਲਵੋ।
ਕਮਜ਼ੋਰ ਆਖੇ,
    “ਮੈਂ ਤਕੜਾ ਹਾਂ।”
11 ਸਾਰੀਆਂ ਨੇੜੇ ਦੀਓ ਕੌਮੋ, ਜਲਦੀ ਕਰੋ।
    ਸਾਰੇ ਉਸ ਬਾਵੇਂ ਇਕੱਠੇ ਹੋਵੋ ਹੇ ਯਹੋਵਾਹ!
    ਆਪਣੇ ਸੂਰਬੀਰਾਂ ਨੂੰ ਲਿਆ।
12 ਕੌਮਾਂ ਆਪਣੇ-ਆਪ ਨੂੰ ਜਗਾਉਣ।
    ਸਾਰੀਆਂ ਯਹੋਸ਼ਾਫ਼ਾਟ ਦੀ ਵਾਦੀ ’ਚ ਆਉਣ ਉੱਥੇ ਬੈਠ ਕੇ
ਮੈਂ ਸਾਰੀਆਂ ਆਸ-ਪਾਸ ਦੀਆਂ ਕੌਮਾਂ ਦਾ ਨਿਆਂ ਕਰਾਂਗਾ।
13 ਦਾਤੀ ਚਲਾਓ ਕਿਉਂ ਜੋ ਫ਼ਸਲ ਪੱਕ ਗਈ ਹੈ ਅੰਗੂਆਂ ਨੂੰ ਮਿੱਧੋ
    ਕਿਉਂ ਕਿ ਚੁਬੱਚਾ ਭਰ ਗਿਆ ਹੈ
ਮਟਕੇ ਭਰ-ਭਰ ਉਛਲ ਰਹੇ ਹਨ
    ਕਿਉਂਕਿ ਬਦੀ ਨਾਲ ਭਰ ਗਏ ਹਨ।

14 ਨਬੇੜੇ ਦੀ ਵਾਦੀ ਵਿੱਚ ਬਹੁਤ ਭੀੜਾਂ ਹਨ
    ਉੱਥੇ ਯਹੋਵਾਹ ਦਾ ਖਾਸ ਦਿਨ ਵੀ ਨੇੜੇ ਹੈ।
15 ਸੂਰਜ ਅਤੇ ਚੰਨ ਹਨੇਰੇ ਹੋ ਜਾਣਗੇ
    ਅਤੇ ਤਾਰਿਆਂ ਦੀ ਲੋਅ ਗੁਆਚ ਜਾਵੇਗੀ।
16 ਯਹੋਵਾਹ ਪਰਮੇਸ਼ੁਰ ਸੀਯੋਨ ਵਿੱਚੋਂ ਗੱਜੇਗਾ
ਉਹ ਯਰੂਸ਼ਲਮ ਵਿੱਚੋਂ ਪੁਕਾਰੇਗਾ ਤਾਂ ਧਰਤੀ
    ਅਤੇ ਅਕਾਸ਼ ਭੈ ਨਾਲ ਕੰਬੇਗਾ
ਪਰ ਯਹੋਵਾਹ, ਪਰਮੇਸ਼ੁਰ ਆਪਣੀ ਪਰਜਾ ਲਈ ਪਨਾਹ ਹੋਵੇਗਾ।
    ਉਹ ਇਸਰਾਏਲੀਆਂ ਲਈ ਉਨ੍ਹਾਂ ਦੀ ਹਿਫਾਜ਼ਤ ਦੀ ਥਾਂ ਹੋਵੇਗਾ।
17 “ਤਦ ਤੁਸੀਂ ਜਾਣੋਂਗੇ ਕਿ ਮੈਂ ਹੀ ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ।
    ਮੈਂ ਆਪਣੇ ਪਵਿੱਤਰ ਪਰਬਤ ਸੀਯੋਨ ਵਿੱਚ ਵਸਦਾ ਹਾਂ।
ਯਰੂਸ਼ਲਮ ਪਵਿੱਤਰ ਹੋਵੇਗਾ
    ਓਪਰੇ ਉਸ ਦੇ ਵਿੱਚੋਂ ਫੇਰ ਕਦੇ ਨਾ ਲੰਘਣਗੇ।”

ਯਾਕੂਬ 2:1-13

ਸਮੂਹ ਲੋਕਾਂ ਨੂੰ ਪ੍ਰੇਮ ਕਰੋ

ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਤੁਹਾਨੂੰ ਮਹਾਨ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਹੈ। ਇਸ ਲਈ ਇਹ ਨਾ ਸੋਚੋ ਕਿ ਕੁਝ ਲੋਕ ਦੂਸਰੇ ਲੋਕਾਂ ਨਾਲੋਂ ਜ਼ਿਆਦਾ ਮਹੱਤਵਪੂਰਣ ਹਨ। ਫ਼ਰਜ਼ ਕਰੋ ਕਿ ਕੋਈ ਵਿਅਕਤੀ ਚੰਗੇ ਕੱਪੜੇ ਅਤੇ ਇੱਕ ਸੋਨੇ ਦੀ ਮੁੰਦਰੀ ਪਾਕੇ ਤੁਹਾਡੀ ਸੰਗਤ ਵਿੱਚ ਆਉਂਦਾ ਹੈ। ਉਸੇ ਸਮੇਂ ਹੀ, ਇੱਕ ਗਰੀਬ ਆਦਮੀ ਵੀ ਪੁਰਾਣੇ ਗੰਦੇ ਕੱਪੜੇ ਪਾਕੇ ਆਉਂਦਾ ਹੈ। ਤੁਸੀਂ ਚੰਗੇ ਕੱਪੜਿਆਂ ਵਾਲੇ ਵਿਅਕਤੀ ਵੱਲ ਖਾਸ ਧਿਆਨ ਦਿੰਦੇ ਹੋ। ਤੁਸੀਂ ਆਖਦੇ ਹੋ, “ਆਓ ਇੱਥੇ ਇਸ ਚੰਗੀ ਥਾਂ ਤੇ ਬੈਠੋ?” ਪਰ ਤੁਸੀਂ ਗਰੀਬ ਵਿਅਕਤੀ ਨੂੰ ਕਹੋਂਗੇ, “ਜਾ ਉੱਥੇ ਖੜ੍ਹਾ ਹੋ ਜਾ।” ਜਾਂ “ਥੱਲੇ ਫ਼ਰਸ਼ ਤੇ ਮੇਰੇ ਪੈਰਾਂ ਕੋਲ ਬੈਠ ਜਾ।” ਤੁਸੀਂ ਕੀ ਕਰ ਰਹੇ ਹੋ? ਤੁਸੀਂ ਕੁਝ ਲੋਕਾਂ ਨੂੰ ਹੋਰਨਾਂ ਨਾਲੋਂ ਵੱਧੇਰੇ ਮਹੱਤਵਪੂਰਣ ਬਣਾ ਰਹੇ ਹੋ। ਮੰਦੇ ਵਿੱਚਾਰਾਂ ਨਾਲ ਤੁਸੀਂ ਇਹ ਨਿਆਂ ਕਰ ਰਹੇ ਹੋ ਕਿ ਕਿਹੜਾ ਵਿਅਕਤੀ ਬਿਹਤਰ ਹੈ।

ਮੇਰੇ ਪਿਆਰੇ ਭਰਾਵੋ ਅਤੇ ਭੈਣੋ ਸੁਣੋ। ਪਰਮੇਸ਼ੁਰ ਨੇ ਦੁਨੀਆਂ ਦੇ ਗਰੀਬ ਲੋਕਾਂ ਨੂੰ ਨਿਹਚਾ ਦੇ ਸੰਗ ਅਮੀਰ ਹੋਣ ਲਈ ਚੁਣਿਆ ਹੈ। ਉਸ ਨੇ ਉਨ੍ਹਾਂ ਨੂੰ ਉਹ ਰਾਜ ਪ੍ਰਾਪਤ ਕਰਨ ਲਈ ਚੁਣਿਆ ਹੈ ਜਿਸਦਾ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਵਾਅਦਾ ਕੀਤਾ ਸੀ ਜਿਹੜੇ ਉਸ ਨੂੰ ਪ੍ਰੇਮ ਕਰਦੇ ਹਨ। ਪਰ ਤੁਸੀਂ ਗਰੀਬ ਆਦਮੀ ਨੂੰ ਕੋਈ ਆਦਰ ਮਾਣ ਨਹੀਂ ਦਿੰਦੇ। ਅਤੇ ਤੁਸੀਂ ਜਾਣਦੇ ਹੋ ਕਿ ਅਮੀਰ ਆਦਮੀ ਹੀ ਹਨ ਜਿਹੜੇ ਤੁਹਾਡੀਆਂ ਜ਼ਿੰਦਗੀਆਂ ਉੱਤੇ ਨਿਯੰਤ੍ਰਣ ਕਰਦੇ ਹਨ। ਤੇ ਇਹ ਉਹੀ ਲੋਕ ਹਨ ਜਿਹੜੇ ਤੁਹਾਨੂੰ ਕਚਿਹਰੀਆਂ ਵਿੱਚ ਲੈ ਜਾਂਦੇ ਹਨ। ਅਮੀਰ ਲੋਕ ਹੀ ਹਨ ਜਿਹੜੇ ਉਸ ਇੱਕ ਦੇ ਸ਼ੁਭ ਨਾਂ ਦੇ ਵਿਰੁੱਧ ਬੋਲਦੇ ਹਨ ਜਿਹੜਾ ਤੁਹਾਡਾ ਮਾਲਕ ਹੈ।

ਸਭ ਨੇਮਾਂ ਦੇ ਉੱਪਰ ਇੱਕੋ ਹੀ ਨੇਮ ਦੀ ਸਰਦਾਰੀ ਹੈ। ਇਹ ਸ਼ਾਹੀ ਨੇਮ ਪੋਥੀਆਂ ਵਿੱਚ ਲਿਖਿਆ ਗਿਆ ਹੈ: “ਹੋਰਨਾਂ ਲੋਕਾਂ ਨੂੰ ਵੀ ਉਵੇਂ ਪਿਆਰ ਕਰੋ ਜਿਵੇਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋਂ।” [a] ਜੇ ਤੁਸੀਂ ਇਸ ਨੇਮ ਦਾ ਅਨੁਸਰਣ ਕਰੋਂਗੇ, ਤੁਸੀਂ ਸਹੀ ਗੱਲ ਕਰ ਰਹੇ ਹੋਂ। ਪਰ ਜੇ ਤੁਸੀਂ ਇੱਕ ਵਿਅਕਤੀ ਨਾਲ ਇਸ ਤਰ੍ਹਾਂ ਦਾ ਵਰਤਾਉ ਕਰ ਰਹੇ ਹੋ ਜਿਵੇਂ ਉਹ ਦੂਸਰੇ ਵਿਅਕਤੀ ਨਾਲੋਂ ਵੱਧੇਰੇ ਮਹੱਤਵਪੂਰਣ ਹੈ ਤਾਂ ਤੁਸੀਂ ਪਾਪ ਕਰ ਰਹੇ ਹੋ। ਸ਼ਾਹੀ ਨੇਮ ਸਾਬਤ ਕਰਦਾ ਹੈ ਕਿ ਤੁਸੀਂ ਪਰਮੇਸ਼ੁਰ ਦੇ ਨੇਮ ਦਾ ਉਲੰਘਣ ਕਰਨ ਦੇ ਦੋਸ਼ੀ ਹੋ।

10 ਹੋ ਸੱਕਦਾ ਹੈ ਭਾਵੇਂ ਕੋਈ ਵਿਅਕਤੀ ਪਰਮੇਸ਼ੁਰ ਦੇ ਸਾਰੇ ਨੇਮਾਂ ਦੇ ਹੁਕਮਾਂ ਦਾ ਅਨੁਸਰਣ ਕਰਦਾ ਹੋਵੇ। ਪਰ ਜੇ ਉਹ ਵਿਅਕਤੀ ਉਸ ਨੇਮ ਦੇ ਸਿਰਫ਼ ਇੱਕ ਆਦੇਸ਼ ਦਾ ਵੀ ਅਵੱਗਿਆਕਾਰੀ ਹੈ ਤਾਂ ਉਹ ਪੂਰੇ ਨੇਮ ਦੀ ਅਵੱਗਿਆ ਕਰਨ ਦਾ ਦੋਸ਼ੀ ਹੋਵੇਗਾ। 11 ਪਰਮੇਸ਼ੁਰ ਨੇ ਆਖਿਆ ਹੈ, “ਬਦਕਾਰੀ ਦਾ ਪਾਪ ਨਾ ਕਰੋ।” [b] ਉਸੇ ਪਰਮੇਸ਼ੁਰ ਨੇ ਇਹ ਵੀ ਆਖਿਆ, “ਕਿਸੇ ਨੂੰ ਨਾ ਮਾਰੋ।” [c] ਇਸੇ ਲਈ, ਜੇ ਤੁਸੀਂ ਵਿੱਭਚਾਰ ਦਾ ਗੁਨਾਹ ਨਾ ਕਰੋ, ਪਰ ਕਿਸੇ ਵਿਅਕਤੀ ਨੂੰ ਮਾਰ ਦਿਉਂ, ਫ਼ੇਰ ਤੁਸੀਂ ਪਰਮੇਸ਼ੁਰ ਦੇ ਪੂਰੇ ਨੇਮ ਦਾ ਉਲੰਘਣ ਕਰਨ ਦੇ ਦੋਸ਼ੀ ਹੋ।

12 ਤੁਹਾਡੀ ਪਰੱਖ ਉਸ ਨੇਮ ਦੇ ਆਧਾਰ ਤੇ ਹੋਵੇਗੀ ਜਿਹੜਾ ਲੋਕਾਂ ਨੂੰ ਮੁਕਤ ਕਰਦਾ ਹੈ। ਆਪਣੀ ਹਰ ਕਹਿਣੀ ਅਤੇ ਕਰਨੀ ਵਿੱਚ ਤੁਸੀਂ ਇਸ ਗੱਲ ਨੂੰ ਚੇਤੇ ਰੱਖੋ। 13 ਹਾਂ, ਤੁਹਾਨੂੰ ਦੂਸਰਿਆਂ ਤੇ ਦਯਾ ਦਰਸ਼ਾਉਣੀ ਚਾਹੀਦੀ ਹੈ। ਜੇ ਤੁਸੀਂ ਦੂਸਰਿਆਂ ਤੇ ਦਯਾ ਨਹੀਂ ਦਰਸ਼ਾਵੋਂਗੇ, ਤਾਂ ਪਰਮੇਸ਼ੁਰ ਵੀ ਤੁਹਾਡੇ ਤੇ ਦਯਾ ਨਹੀਂ ਦਰਸ਼ਾਵੇਗਾ ਜਦੋਂ ਉਹ ਤੁਹਾਡਾ ਨਿਆਂ ਕਰੇਗਾ। ਪਰ ਇੱਕ ਜਿਹੜਾ ਦਯਾ ਦਰਸ਼ਾਉਂਦਾ ਹੈ ਉਹ ਉਦੋਂ ਨਿਡਰ ਹੋਕੇ ਖਲੋ ਸੱਕਦਾ ਹੈ ਜਦੋਂ ਉਸਦਾ ਨਿਆਂ ਕੀਤਾ ਜਾ ਰਿਹਾ ਹੋਵੇਗਾ।

ਲੂਕਾ 16:10-18

10 ਜੇਕਰ ਕੋਈ ਮਨੁੱਖ ਛੋਟੀਆਂ ਵਸਤਾਂ ਬਾਰੇ ਭਰੋਸੇਮੰਦ ਹੈ, ਉਸਤੇ ਵੱਡੀਆਂ ਵਸਤਾਂ ਬਾਰੇ ਵੀ ਭਰੋਸਾ ਕੀਤਾ ਜਾ ਸੱਕਦਾ ਹੈ। ਪਰ ਜੇਕਰ ਕੋਈ ਮਨੁੱਖ ਛੋਟੀਆਂ ਚੀਜ਼ਾਂ ਵਿੱਚ ਬੇਇਮਾਨ ਹੋਵੇਗਾ ਤਾਂ ਉਹ ਵੱਡੀਆਂ ਵਸਤਾਂ ਵਿੱਚ ਵੀ ਬੇਈਮਾਨੀ ਕਰ ਸੱਕਦਾ ਹੈ। 11 ਜੇਕਰ ਤੁਸੀਂ ਇਹ ਸਾਬਤ ਨਹੀਂ ਕਰ ਸੱਕਦੇ ਕਿ ਤੁਸੀਂ ਦੁਨਿਆਵੀ ਦੌਲਤ ਨਾਲ ਵਿਸ਼ਵਾਸਯੋਗ ਹੋ, ਤਾਂ ਫ਼ਿਰ ਤੁਹਾਨੂੰ ਸੱਚੀ ਦੌਲਤ ਕੌਣ ਸੌਂਪੇਗਾ? 12 ਜੇਕਰ ਤੁਸੀਂ ਇਹ ਸਾਬਤ ਨਹੀਂ ਕਰਦੇ ਕਿ ਤੁਸੀਂ ਦੂਜਿਆਂ ਦੀ ਮਲਕੀਅਤ ਨਾਲ ਵਫਾਦਾਰ ਨਹੀਂ ਹੋ ਤਾਂ ਫ਼ਿਰ ਤੁਹਾਨੂੰ ਆਪਣੇ ਲਈ ਕੌਣ ਮਲਕੀਅਤ ਦੇਵੇਗਾ?

13 “ਕੋਈ ਵੀ ਸੇਵਕ ਇੱਕੋ ਵੇਲੇ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ। ਉਹ ਇੱਕ ਨੂੰ ਪਿਆਰ ਕਰੇਗਾ ਅਤੇ ਦੂਜੇ ਨੂੰ ਨਫ਼ਰਤ ਜਾਂ ਇੱਕ ਨਾਲ ਵਫਾਦਾਰ ਹੋਵੇਗਾ ਅਤੇ ਦੂਜੇ ਨਾਲ ਅਣਗਹਿਲੀ ਕਰੇਗਾ। ਤੁਸੀਂ ਪਰਮੇਸ਼ੁਰ ਅਤੇ ਪੈਸੇ ਦੀ ਇੱਕੋ ਵੇਲੇ ਸੇਵਾ ਨਹੀਂ ਕਰ ਸੱਕਦੇ।”

ਪਰਮੇਸ਼ੁਰ ਦਾ ਨੇਮ ਨਹੀਂ ਬਦਲਿਆ ਜਾ ਸੱਕਦਾ(A)

14 ਜਦੋਂ ਪੈਸੇ ਨੂੰ ਪਿਆਰ ਕਰਨ ਵਾਲੇ ਫਰੀਸੀਆਂ ਨੇ ਇਹ ਸੁਣਿਆ ਤਾਂ ਉਨ੍ਹਾਂ ਨੇ ਯਿਸੂ ਦਾ ਮਜਾਕ ਉਡਾਇਆ। 15 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਲੋਕਾਂ ਸਾਹਮਣੇ ਆਪਣੇ-ਆਪ ਨੂੰ ਬੜਾ ਚੰਗਾ ਕਰਕੇ ਵਿਖਾਉਂਦੇ ਹੋ, ਪਰ ਪਰਮੇਸ਼ੁਰ ਤੁਹਾਡੇ ਦਿਲਾਂ ਦੀਆਂ ਜਾਣਦਾ ਹੈ। ਜਿਸ ਕਾਸੇ ਨੂੰ ਵੀ ਲੋਕ ਮੁੱਲਵਾਨ ਸਮਝਦੇ ਹਨ, ਪਰਮੇਸ਼ੁਰ ਲਈ ਉਸਦੀ ਕੋਈ ਕੀਮਤ ਨਹੀਂ।”

16 “ਪਰਮੇਸ਼ੁਰ ਜਾਣਦਾ ਹੈ ਕਿ ਲੋਕ ਮੂਸਾ ਦੀ ਸ਼ਰ੍ਹਾ ਅਤੇ ਨਬੀਆਂ ਦੀਆਂ ਲਿਖਤਾਂ ਦੀ ਯੂਹੰਨਾ ਦੇ ਸਮੇਂ ਤੱਕ ਮੁਨਾਦੀ ਹੋ ਚੁੱਕੀ ਸੀ। ਉਸਤੋਂ ਬਾਦ ਪਰਮੇਸ਼ੁਰ ਦੇ ਰਾਜ ਦੇ ਸੰਦੇਸ਼ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਪਰਮੇਸ਼ੁਰ ਦੇ ਰਾਜ ਵਿੱਚ ਆਉਣ ਲਈ ਜੋਰ-ਜਬਰਦਸਤੀ ਕਰ ਰਹੇ ਹਨ। 17 ਸ਼ਰ੍ਹਾ ਦੇ ਇੱਕ ਅੱਖਰ ਦੇ ਇੱਕ ਹਿੱਸੇ ਦੇ ਬਦਲਣ ਨਾਲੋਂ ਅਕਾਸ਼ ਅਤੇ ਧਰਤੀ ਦਾ ਮਿਟ ਜਾਣਾ ਸੌਖਾ ਹੈ।

ਤਲਾਕ ਅਤੇ ਦੂਜਾ ਵਿਆਹ

18 “ਕੋਈ ਵੀ ਜੋ ਆਪਣੀ ਔਰਤ ਨੂੰ ਤਲਾਕ ਦਿੰਦਾ ਹੈ ਅਤੇ ਦੂਜੀ ਔਰਤ ਨਾਲ ਵਿਆਹ ਕਰਦਾ ਹੈ ਉਹ ਇੱਕ ਬਦਕਾਰ ਹੈ। ਇਸੇ ਤਰ੍ਹਾਂ ਹੀ ਉਹ ਆਦਮੀ ਜੋ ਤਲਾਕ ਦਿੱਤੀ ਹੋਈ ਔਰਤ ਨਾਲ ਵਿਆਹ ਕਰਦਾ ਹੈ ਉਹ ਵੀ ਇੱਕ ਬਦਕਾਰ ਹੈ।”

Punjabi Bible: Easy-to-Read Version (ERV-PA)

2010 by World Bible Translation Center