Book of Common Prayer
ਦਾਊਦ ਦਾ ਇੱਕ ਗੀਤ।
25 ਯਹੋਵਾਹ, ਮੈਂ ਤੈਨੂੰ ਆਪਣਾ-ਆਪ ਅਰਪਣ ਕਰਦਾ ਹਾਂ।
2 ਮੇਰੇ ਪਰਮੇਸ਼ੁਰ, ਮੈਂ ਤੇਰੇ ਵਿੱਚ ਯਕੀਨ ਰੱਖਦਾ ਹਾਂ,
ਮੈਂ ਆਸ ਰੱਖਦਾ ਹਾਂ ਕਿ ਮੈਂ ਕਦੀ ਵੀ ਨਿਰਾਸ਼ ਨਹੀਂ ਹੋਵਾਂਗਾ।
ਮੇਰੇ ਦੁਸ਼ਮਣ ਮੇਰੇ ਉੱਤੇ ਨਹੀਂ ਹੱਸਣਗੇ।
3 ਉਹ ਜੋ ਤੇਰੇ ਵਿੱਚ ਯਕੀਨ ਰੱਖਦਾ ਹੈ ਕਦੀ ਵੀ ਨਿਰਾਸ਼ ਨਹੀਂ ਹੋਵੇਗਾ।
ਪਰ ਗਦਾਰ ਨਾਉਮੀਦ ਹੋਣਗੇ
ਉਨ੍ਹਾਂ ਨੂੰ ਕੁਝ ਨਹੀਂ ਮਿਲੇਗਾ।
4 ਯਹੋਵਾਹ, ਤੁਹਾਡੇ ਰਾਹਾਂ ਤੇ ਤੁਰਨਾ ਸਿਖਣ ਵਿੱਚ ਮੇਰੀ ਮਦਦ ਕਰੋ।
ਮੈਨੂੰ ਆਪਣੇ ਤੌਰ ਤਰੀਕੇ ਸਿੱਖਾਉ।
5 ਮੇਰੀ ਅਗਵਾਈ ਕਰੋ ਅਤੇ ਆਪਣੇ ਸੱਚ ਨੂੰ ਸਿੱਖਾਉ।
ਤੁਸੀਂ ਮੇਰੇ ਪਰਮੇਸ਼ੁਰ, ਮੁਕਤੀਦਾਤਾ ਹੋ।
ਮੈਂ ਹਰ ਦਿਨ ਤੁਹਾਡੇ ਉੱਤੇ ਭਰੋਸਾ ਕਰਦਾ ਹਾਂ।
6 ਮੇਰੇ ਉੱਤੇ ਮਿਹਰਬਾਨ ਹੋਣਾ ਚੇਤੇ ਰੱਖੋ, ਯਹੋਵਾਹ।
ਮੇਰੇ ਲਈ ਆਪਣਾ ਕੋਮਲ ਪਿਆਰ ਦਰਸਾਉ ਜਿਹੜਾ ਸਦਾ ਤੋਂ ਤੁਹਾਡੇ ਕੋਲ ਹੈ।
7 ਮੇਰੇ ਉਨ੍ਹਾਂ ਗੁਨਾਹਾਂ ਤੇ ਮੰਦੀਆਂ ਗੱਲਾਂ ਨੂੰ ਚੇਤੇ ਨਾ ਕਰੋ ਜੋ ਮੈਂ ਉਸ ਵੇਲੇ ਕੀਤੀਆਂ ਸਨ ਜਦੋਂ ਮੈਂ ਜਵਾਨ ਸਾਂ।
ਆਪਣੇ ਸੁਭ ਨਾਮ ਸਦਕਾ, ਯਹੋਵਾਹ, ਮੈਨੂੰ ਪਿਆਰ ਨਾਲ ਚੇਤੇ ਕਰੋ।
8 ਯਹੋਵਾਹ ਸੱਚਮੁੱਚ ਸ਼ੁਭ ਹੈ।
ਉਹ ਪਾਪੀਆਂ ਨੂੰ ਜਿਉਣ ਦਾ ਸਹੀ ਤਰੀਕਾ ਸਿੱਖਾਉਂਦਾ ਹੈ।
9 ਉਹ ਖੁਦ ਨਿਰਪੱਖ ਹੋਕੇ ਨਿਮ੍ਰ ਲੋਕਾਂ ਨੂੰ
ਆਪਣਾ ਜੀਵਨ ਢੰਗ ਸਿੱਖਾਉਂਦਾ ਹੈ।
10 ਯਹੋਵਾਹ ਉਨ੍ਹਾਂ ਲੋਕਾਂ ਲਈ ਦਯਾਵਾਨ ਅਤੇ ਵਫ਼ਾਦਾਰ ਹੈ
ਜਿਹੜੇ ਉਸ ਦੇ ਵਾਦਿਆਂ, ਅਤੇ ਕਰਾਰਾਂ ਦਾ ਅਨੁਸਰਣ ਕਰਦੇ ਹਨ।
11 ਹੇ ਯਹੋਵਾਹ, ਮੈਂ ਬਹੁਤ ਸਾਰੀਆਂ ਗਲਤ ਗੱਲਾਂ ਕੀਤੀਆਂ ਹਨ।
ਪਰ ਤੁਸੀਂ ਆਪਣੀ ਚੰਗਿਆਈ ਦਰਸਾਉਂਦਿਆਂ ਮੈਨੂੰ ਉਹ ਸਭ ਕੁਝ ਮੁਆਫ਼ ਕਰ ਦਿੱਤਾ ਜੋ ਮੈਂ ਕੀਤਾ ਸੀ।
12 ਜੇ ਕੋਈ ਵੀ ਵਿਅਕਤੀ ਯਹੋਵਾਹ ਦੇ ਮਾਰਗ ਉੱਤੇ ਚੱਲਣ ਦੀ ਚੋਣ ਕਰਦਾ ਹੈ।
ਯਹੋਵਾਹ ਉਸ ਆਦਮੀ ਨੂੰ ਜਿਉਣ ਦਾ ਸਭ ਤੋਂ ਚੰਗਾ ਰਸਤਾ ਦਿਖਾਵੇਗਾ।
13 ਉਹ ਚੰਗੀਆਂ ਚੀਜ਼ਾਂ ਦਾ ਆਨੰਦ ਮਾਣੇਗਾ
ਅਤੇ ਉਸ ਦੇ ਬੱਚੇ ਵੀ ਉਸ ਧਰਤੀ ਦੇ ਮਾਲਕ ਰਹਿਣਗੇ, ਜਿਸਦਾ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ।
14 ਯਹੋਵਾਹ ਆਪਣੇ ਭੇਤ ਆਪਣੇ ਚੇਲਿਆਂ ਨੂੰ ਦੱਸਦਾ ਹੈ।
ਉਹ ਉਨ੍ਹਾਂ ਨੂੰ ਆਪਣੇ ਕਰਾਰ ਦੀ ਸਿੱਖਿਆ ਦਿੰਦਾ ਹੈ।
15 ਮੈਂ ਸਦਾ ਯਹੋਵਾਹ ਦੀ ਓਟ ਤੱਕਦਾ ਹਾਂ।
ਉਹ ਮੈਨੂੰ ਆਪਣੀਆਂ ਮੁਸੀਬਤਾਂ ਤੋਂ ਸਦਾ ਮੁਕਤ ਕਰਦਾ ਹੈ।
16 ਯਹੋਵਾਹ, ਮੈਂ ਦੁੱਖੀ ਤੇ ਇੱਕਲਾ ਹਾਂ।
ਆਪਣਾ ਮੁੱਖ ਮੇਰੇ ਵੱਲ ਫ਼ੇਰੋ ਅਤੇ ਮੈਨੂੰ ਆਪਣੀ ਮਿਹਰ ਵਿਖਾਉ।
17 ਮੈਨੂੰ ਮੇਰੀਆਂ ਮੁਸੀਬਤਾਂ ਤੋਂ ਮੁਕਤ ਕਰੋ।
ਮੈਨੂੰ ਆਪਣੇ ਮਾਮਲਿਆਂ ਨੂੰ ਸੁਲਝਾਉਣ ਵਿੱਚ ਮੇਰੀ ਮਦਦ ਕਰੋ।
18 ਹੇ ਯਹੋਵਾਹ, ਇੱਕ ਵਾਰ ਮੇਰੀ ਆਜ਼ਮਾਇਸ਼ ਅਤੇ ਕਸ਼ਟਾਂ ਵੱਲ ਵੇਖ।
ਉਹ ਸਾਰੇ ਪਾਪ ਮੁਆਫ਼ ਕਰ ਦਿਉ ਜੋ ਮੇਰੇ ਕੋਲੋਂ ਹੋਏ ਹਨ।
19 ਮੇਰੇ ਸਾਰੇ ਦੁਸ਼ਮਣਾਂ ਵੱਲ ਵੇਖ,
ਉਹ ਮੈਨੂੰ ਇੰਨੀ ਜ਼ਿਆਦਾ ਨਫ਼ਰਤ ਕਰਦੇ ਹਨ ਕਿ ਉਹ ਮੈਨੂੰ ਸੱਟਾਂ ਮਾਰਨਾ ਚਾਹੁੰਦੇ ਹਨ।
20 ਹੇ ਪਰਮੇਸ਼ੁਰ, ਮੇਰੀ ਰੱਖਿਆ ਕਰੋ ਅਤੇ ਮੈਨੂੰ ਬਚਾਉ।
ਮੈਂ ਤੇਰੇ ਵਿੱਚ ਯਕੀਨ ਰੱਖਦਾ ਹਾਂ, ਇਸ ਲਈ ਮੈਨੂੰ ਨਿਰਾਸ਼ ਨਾ ਕਰੋ।
21 ਹੇ ਪਰਮੇਸ਼ੁਰ, ਤੁਸੀਂ ਸੱਚਮੁੱਚ ਸ਼ੁਭ ਹੋ।
ਮੈਨੂੰ ਤੁਹਾਡੇ ਉੱਤੇ ਭਰੋਸਾ ਹੈ, ਇਸ ਲਈ ਮੇਰੀ ਰੱਖਿਆ ਕਰੋ।
22 ਯਹੋਵਾਹ, ਇਸਰਾਏਲ ਦੇ ਲੋਕਾਂ ਨੂੰ ਉਨ੍ਹਾਂ ਦੇ ਸਮੂਹ ਦੁਸ਼ਮਣਾਂ ਪਾਸੋਂ ਬਚਾਉ।
ਨਿਰਦੇਸ਼ਕ ਲਈ: ਮਥਲਬੇਨ ਦੀ ਸਰਗਮ [a] ਵਿੱਚ ਗਾਉਣ ਲਈ। ਦਾਊਦ ਦਾ ਇੱਕ ਗੀਤ।
9 ਮੈਂ ਸੱਚੇ ਦਿਲੋਂ ਯਹੋਵਾਹ ਦੀ ਉਸਤਤਿ ਕਰਦਾ ਹਾਂ।
ਯਹੋਵਾਹ ਮੈਂ ਲੋਕਾਂ ਨੂੰ ਉਨ੍ਹਾਂ ਸਮੂਹ ਅਚਂਭਿਆਂ ਬਾਰੇ ਦੱਸਾਂਗਾ ਜਿਨ੍ਹਾਂ ਨੂੰ ਤੂੰ ਸਾਜਿਆ ਹੈ।
2 ਤੁਸੀਂ ਮੈਨੂੰ ਇੰਨਾ ਪ੍ਰਸੰਨ ਕਰਦੇ ਹੋਂ।
ਹੇ ਸਭ ਤੋਂ ਉੱਚੇ ਪਰਮੇਸ਼ੁਰ, ਮੈਂ ਤੇਰੇ ਨਾਮ ਦੀ ਉਸਤਤਿ ਕਰਾਂ।
3 ਮੇਰੇ ਦੁਸ਼ਮਣ ਤੈਥੋਂ ਡਰਕੇ ਨੱਸ ਗਏ ਹਨ।
ਅਤੇ ਉਹ ਡਿੱਗ ਪਏ ਹਨ ਤੇ ਉਨ੍ਹਾਂ ਦਾ ਨਾਸ਼ ਹੋ ਗਿਆ।
4 ਤੁਸੀਂ ਆਪਣੇ ਤਖਤ ਉੱਤੇ ਧਰਮੀ ਨਿਆਂਕਾਰ ਵਾਂਗ ਬੈਠੇ ਸੀ।
ਯਹੋਵਾਹ, ਤੁਸੀਂ ਮੇਰੀ ਬੇਨਤੀ ਸੁਣੀ।
ਅਤੇ ਤੁਸੀਂ ਨਿਆਂ ਸੁਣਾ ਦਿੱਤਾ।
5 ਤੁਸਾਂ ਉਨ੍ਹਾਂ ਹੋਰ ਲੋਕਾਂ ਦੀ ਨਿੰਦਿਆ ਕੀਤੀ,
ਯਹੋਵਾਹ ਤੁਸਾਂ ਉਨ੍ਹਾਂ ਮੰਦਿਆਂ ਲੋਕਾਂ ਨੂੰ ਖਤਮ ਕਰ ਦਿੱਤਾ ਹੈ।
ਤੁਸਾਂ ਹਮੇਸ਼ਾ ਲਈ ਉਨ੍ਹਾਂ ਦਾ ਨਾਮ ਉਨ੍ਹਾਂ ਲੋਕਾਂ ਦੀ ਸੂਚੀ ਵਿੱਚੋਂ ਮਿਟਾ ਦਿੱਤਾ ਜਿਹੜੇ ਜਿਉਂਦੇ ਜਾਗਦੇ ਹਨ।
6 ਦੁਸ਼ਮਣ ਖਤਮ ਹੋ ਗਿਆ ਹੈ।
ਯਹੋਵਾਹ ਤੁਸੀਂ ਉਨ੍ਹਾਂ ਦੇ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ।
ਹੁਣ ਸਿਰਫ਼ ਉਨ੍ਹਾਂ ਘਰਾਂ ਦਾ ਮਲਵਾ ਹੀ ਬੱਚਿਆਂ ਹੈ।
ਕੁਝ ਵੀ ਨਹੀਂ ਬੱਚਿਆਂ ਜਿਹੜਾ ਸਾਨੂੰ ਉਨ੍ਹਾਂ ਮੰਦੇ ਲੋਕਾਂ ਦਾ ਚੇਤਾ ਕਰਾ ਸੱਕਾਂ।
7 ਪਰ ਯਹੋਵਾਹ ਸਦਾ ਲਈ ਸ਼ਾਸਨ ਕਰਦਾ ਹੈ।
ਉਸ ਨੇ ਆਪਣੇ ਰਾਜ ਨੂੰ ਸ਼ਕਤੀਸ਼ਾਲੀ ਬਣਾਇਆ।
ਉਸ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਦੁਨੀਆਂ ਵਿੱਚ ਨਿਆਂ ਪ੍ਰਬਲ ਹੋ ਸੱਕੇ।
8 ਯਹੋਵਾਹ ਧਰਤੀ ਉੱਤੇ ਸਭ ਨਾਲ ਸੱਚਾ ਨਿਆਂ ਕਰਦਾ ਹੈ।
ਉਹ ਸਾਰੀਆਂ ਕੌਮਾਂ ਵਾਸਤੇ ਨਿਆਂਈ ਹੈ।
9 ਯਹੋਵਾਹ ਸਤਾਏ ਹੋਏ ਲੋਕਾਂ ਲਈ
ਸੁਰੱਖਿਅਤ ਸਥਾਨ ਹੋਵੇਗਾ।
ਅਤੇ ਉਨ੍ਹਾਂ ਲੋਕਾਂ ਲਈ ਸ਼ਰਨ ਦਾ ਇੱਕ ਸਥਾਨ ਹੋਵੇਗਾ
ਜਿਹੜੇ ਤਕਲੀਫ਼ਾਂ ਝੱਲ ਰਹੇ ਹਨ।
10 ਉਹ ਲੋਕ ਜਿਹੜੇ ਤੇਰੇ ਸੱਚੇ ਨਾਮ ਤੋਂ ਸਚੇਤ ਹਨ,
ਉਨ੍ਹਾਂ ਨੂੰ ਤੇਰੇ ਵਿੱਚ ਯਕੀਨ ਰੱਖਣਾ ਪਵੇਗਾ।
ਯਹੋਵਾਹ, ਜੇਕਰ ਇਹ ਲੋਕ ਤੁਹਾਡੇ ਵੱਲ ਆਉਣ
ਤਾਂ ਉਨ੍ਹਾਂ ਨੂੰ ਬਿਨ ਮਦਦ ਤੋਂ ਨਾ ਛੱਡੀਂ।
11 ਹੇ ਸੀਯੋਨ ਪਰਬਤ ਦੇ ਵਾਸੀਓ ਯਹੋਵਾਹ ਦੀ ਉਸਤਤਿ ਦੇ ਗੀਤ ਗਾਵੋ।
ਪਰਾਈਆਂ ਕੌਮਾਂ ਨੂੰ ਯਹੋਵਾਹ ਦੀਆਂ ਮਹਾਨ ਗੱਲਾਂ ਬਾਰੇ ਦੱਸੋ।
12 ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਚੇਤੇ ਰੱਖਿਆ ਹੈ
ਜਿਹੜੇ ਉਸ ਵੱਲ ਸਹਾਇਤਾ ਲਈ ਚੱਲਦੇ ਹਨ।
ਯਹੋਵਾਹ ਨਿਮ੍ਰ ਲੋਕਾਂ ਦੀਆਂ ਚੀਕਾਂ ਨੂੰ ਨਹੀਂ ਭੁੱਲਦਾ।
13 ਮੈਂ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਮੇਰੇ ਉੱਪਰ ਮਿਹਰ ਕਰੋ।
ਵੇਖੋ ਮੇਰੇ ਦੁਸ਼ਮਣ ਮੈਨੂੰ ਉਦਾਸ ਕਰ ਰਹੇ ਹਨ।
ਮੈਨੂੰ ‘ਮੌਤ ਦੇ ਦਰਵਾਜ਼ੇ’ ਤੋਂ ਬਚਾਉ।
14 ਫ਼ੇਰ ਹੇ ਯਹੋਵਾਹ, ਮੈਂ ਯਰੂਸ਼ਲਮ ਦੇ ਦਰਾਂ ਤੇ ਤੇਰੀ ਉਸਤਤਿ ਕਰਾਂਗਾ।
ਮੈਂ ਬਹੁਤ ਖੁਸ਼ ਹੋਵਾਂਗਾ, ਕਿਉਂਕਿ ਤੁਸੀਂ ਮੈਨੂੰ ਬਚਾਇਆ।”
15 ਪਰਾਈਆਂ ਕੌਮਾਂ ਨਾਲ ਸੰਬੰਧਿਤ ਲੋਕ, ਹੋਰਾਂ ਲੋਕਾਂ ਲਈ ਖਾਈਆਂ ਪੁੱਟ ਰਹੇ ਹਨ, ਪਰ ਆਪਣੀਆਂ ਹੀ ਖਾਈਆਂ ਵਿੱਚ ਡਿੱਗ ਪਏ ਹਨ
ਅਤੇ ਆਪਣੇ ਹੀ ਜਾਲ ਵਿੱਚ ਫ਼ਸ ਗਏ ਹਨ।
16 ਯਹੋਵਾਹ ਨੇ ਉਨ੍ਹਾਂ ਮੰਦੇ ਲੋਕਾਂ ਨੂੰ ਫ਼ੜ ਲਿਆ ਹੈ।
ਇਸੇ ਲਈ ਲੋਕਾਂ ਨੇ ਇੱਕ ਸਬਕ ਸਿੱਖਿਆ ਹੈ ਕਿ ਯਹੋਵਾਹ ਉਨ੍ਹਾਂ ਲੋਕਾਂ ਨੂੰ ਦੰਡ ਦਿੰਦਾ ਹੈ ਜਿਹੜੇ ਮੰਦੀਆਂ ਗੱਲਾਂ ਕਰਦੇ ਹਨ।
17 ਜਿਹੜੇ ਲੋਕ ਪਰਮੇਸ਼ੁਰ ਨੂੰ ਭੁੱਲ ਗਏ ਹਨ, ਬੁਰੇ ਹਨ।
ਅਜਿਹੇ ਲੋਕ ਮਰਨਗੇ।
18 ਕਈ ਵਾਰੀ, ਇੰਝ ਲਗਦਾ ਹੈ ਜਿਵੇਂ ਪਰਮੇਸ਼ੁਰ ਉਨ੍ਹਾਂ ਦੁੱਖੀ ਲੋਕਾਂ ਨੂੰ ਭੁੱਲ ਗਿਆ ਹੈ।
ਕਈ ਵਾਰੀਂ ਇਹ ਵੀ ਲਗਦਾ ਹੈ ਜਿਵੇਂ ਉਨ੍ਹਾਂ ਨਿਮ੍ਰ ਲੋਕਾਂ ਨੂੰ ਕੋਈ ਆਸ ਨਹੀਂ ਹੈ।
ਪਰ ਸੱਚਮੁੱਚ, ਪਰਮੇਸ਼ੁਰ ਅਜਿਹੇ ਲੋਕਾਂ ਨੂੰ ਸਦਾ ਲਈ ਨਾ ਭੁੱਲੇ।
19 ਯਹੋਵਾਹ, ਉੱਠ ਅਤੇ ਕੌਮਾਂ ਦਾ ਨਿਆਂ ਕਰ,
ਲੋਕਾਂ ਨੂੰ ਨਾ ਸੋਚਣ ਦੇ ਕਿ ਉਹ ਤਾਕਤਵਰ ਹਨ।
20 ਲੋਕਾਂ ਨੂੰ ਇੱਕ ਸਬਕ ਸਿੱਖਾਉ।
ਤਾਂ ਜੋ, ਉਹ ਜਾਣ ਸੱਕਣ ਕਿ ਉਹ ਉੱਕੇ ਇਨਸਾਨ ਹੀ ਹਨ।
ਦਾਊਦ ਦਾ ਇੱਕ ਗੀਤ।
15 ਹੇ ਯਹੋਵਾਹ, ਤੇਰੇ ਪਵਿੱਤਰ ਤੰਬੂ ਵਿੱਚ ਕੌਣ ਠਹਿਰ ਸੱਕਦਾ ਹੈ?
ਤੇਰੇ ਪਵਿੱਤਰ ਪਰਬਤ ਉੱਤੇ ਕੌਣ ਠਹਿਰ ਸੱਕਦਾ ਹੈ?
2 ਸਿਰਫ਼ ਉਹੀ ਲੋਕ ਜਿਹੜੇ ਸ਼ੁੱਧ ਜੀਵਨ ਜਿਉਂਦੇ ਅਤੇ ਮਦਦ ਦਾ ਅਮਲ ਦਰਸਾਵੇ,
ਅਤੇ ਜਿਹੜੇ ਦਿਲੋਂ ਅਤੇ ਮਨੋਂ ਸੱਚ ਬੋਲਦੇ ਹਨ।
3 ਉਹ ਬੰਦਾ ਜਿਹੜਾ ਕਦੇ ਵੀ ਹੋਰਾਂ ਵਿਅਕਤੀਆਂ ਬਾਰੇ ਮੰਦਾ ਨਹੀਂ ਬੋਲਦਾ।
ਉਹ ਬੰਦਾ ਜਿਹੜਾ ਕਦੀ ਵੀ ਆਪਣੇ ਗੁਆਂਢੀਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ।
ਉਹ ਕਦੀ ਵੀ ਆਪਣੇ ਪਰਿਵਾਰ ਦੀਆਂ ਬੇਸ਼ਰਮੀ ਦੀਆਂ ਗੱਲਾਂ ਨਹੀਂ ਦੱਸਦਾ।
4 ਉਹ ਵਿਅਕਤੀ ਉਨ੍ਹਾਂ ਦੀ ਇੱਜ਼ਤ ਨਹੀਂ ਕਰਦਾ
ਜਿਹੜੇ ਪਰਮੇਸ਼ੁਰ ਨੂੰ ਨਫ਼ਰਤ ਕਰਦੇ ਹਨ।
ਪਰ ਉਹ ਉਨ੍ਹਾਂ ਸਾਰਿਆਂ ਦੀ ਇੱਜ਼ਤ ਕਰਦਾ ਹੈ
ਜਿਹੜੇ ਯਹੋਵਾਹ ਦੀ ਸੇਵਾ ਕਰਦੇ ਹਨ।
ਜੇ ਉਹ ਆਪਣੇ ਗੁਆਂਢੀ ਨਾਲ ਵਾਅਦਾ ਕਰਦਾ ਹੈ ਤਾਂ ਉਹ ਉਸ ਨੂੰ ਪੂਰਾ ਕਰਦਾ [a] ਹੈ।
5 ਜੇ ਉਹ ਕਿਸੇ ਨੂੰ ਪੈਸੇ ਦਿੰਦਾ ਹੈ
ਉਹ ਉਸ ਪੈਸੇ ਉੱਤੇ ਸੂਦ ਨਹੀਂ ਵਸੂਲਦਾ।
ਉਹ ਬੇਗੁਨਾਹਾਂ ਨੂੰ ਨੁਕਸਾਨ ਪਹੁੰਚਾਉਣ ਲਈ ਪੈਸੇ ਨਹੀਂ ਲੈਂਦਾ।
ਜੇਕਰ ਇੱਕ ਵਿਅਕਤੀ ਇੱਕ ਚੰਗੇ ਮਨੁੱਖ ਵਾਂਗੂ ਰਹਿੰਦਾ ਹੈ,
ਫ਼ੇਰ ਉਹ ਹਮੇਸ਼ਾ ਪਰਮੇਸ਼ੁਰ ਦੇ ਨੇੜੇ ਹੋਵੇਗਾ। [b]
ਸ਼ਾਊਲ ਉਸਦੀ ਸਫ਼ਲਤਾ ਵਾਚਦਾ ਰਿਹਾ
5 ਸ਼ਾਊਲ ਨੇ ਦਾਊਦ ਨੂੰ ਬਹੁਤ ਸਾਰੀਆਂ ਲੜਾਈਆਂ ਵਿੱਚ ਲੜਨ ਨੂੰ ਭੇਜਿਆ ਅਤੇ ਉਹ ਉਨ੍ਹਾਂ ਜੰਗਾਂ ਵਿੱਚ ਬੜਾ ਕਾਮਯਾਬ ਵੀ ਰਿਹਾ। ਫ਼ਿਰ ਸ਼ਾਊਲ ਨੇ ਉਸ ਨੂੰ ਸੈਨਾ ਦਾ ਸਰਦਾਰ ਬਣਾ ਦਿੱਤਾ। ਇਹ ਗੱਲ ਸਭ ਨੂੰ ਇੱਥੋਂ ਤੱਕ ਕਿ ਸ਼ਾਊਲ ਦੇ ਅਫ਼ਸਰਾਂ ਨੂੰ ਵੀ ਬੜੀ ਚੰਗੀ ਲੱਗੀ। 6 ਦਾਊਦ ਫ਼ਲਿਸਤੀਆਂ ਦੇ ਖਿਲਾਫ਼ ਲੜਨ ਜਾਂਦਾ ਅਤੇ ਜਦ ਉਹ ਲੜਾਈ ਤੋਂ ਬਾਦ ਘਰ ਨੂੰ ਵਾਪਸ ਪਰਤਦਾ ਤਾਂ ਇਸਰਾਏਲ ਦੇ ਹਰ ਸ਼ਹਿਰ ਵਿੱਚੋਂ ਔਰਤਾਂ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਦੀਆਂ ਤਾਂ ਜੋ ਉਹ ਦਾਊਦ ਨੂੰ ਮਿਲ ਸੱਕਣ ਅਤੇ ਫ਼ਿਰ ਉਹ ਲੋਕ ਬੜਾ ਖੁਸ਼ ਹੁੰਦੇ ਨੱਚਦੇ, ਗਾਉਂਦੇ ਢੋਲ ਵਜਾਉਂਦੇ ਅਤੇ ਬਰਬਤ ਵਰਗਾ ਇੱਕ ਸਾਜ਼ ਵੀ ਵਜਾਉਂਦੇ। ਇਹ ਸਭ ਕੁਝ ਉਹ ਲੋਕ ਸ਼ਾਊਲ ਦੇ ਸਾਹਮਣੇ ਕਰਦੇ। 7 ਔਰਤਾਂ ਇਹ ਗੀਤ ਗਾਉਂਦੀਆਂ:
“ਸ਼ਾਊਲ ਨੇ ਹਜ਼ਾਰਾਂ ਵੈਰੀਆਂ ਨੂੰ ਮਾਰਿਆ
ਪਰ ਦਾਊਦ ਨੇ ਲੱਖਾਂ ਵੈਰੀਆਂ ਨੂੰ ਮਾਰਿਆ।”
8 ਔਰਤਾਂ ਦੇ ਇਸ ਗੀਤ ਨੇ ਸ਼ਾਊਲ ਨੂੰ ਬੇਚੈਨ ਕਰ ਦਿੱਤਾ ਅਤੇ ਉਸ ਨੂੰ ਬੜਾ ਕਰੋਧ ਆਇਆ। ਸ਼ਾਊਲ ਨੇ ਸੋਚਿਆ, “ਔਰਤਾਂ ਆਖਦੀਆਂ ਹਨ ਕਿ ਦਾਊਦ ਨੇ ਲੱਖਾਂ ਵੈਰੀਆਂ ਨੂੰ ਮਾਰਿਆ ਅਤੇ ਉਹ ਆਖਦੀਆਂ ਹਨ ਕਿ ਮੈਂ ਸਿਰਫ਼ ਹਜ਼ਾਰਾਂ ਵੈਰੀਆਂ ਨੂੰ ਮਾਰਿਆ।” 9 ਉਸ ਦਿਨ ਤੋਂ ਬਾਦ ਸ਼ਾਊਲ ਦਾਊਦ ਉੱਪਰ ਕੜੀ ਨਜ਼ਰ ਰੱਖਣ ਲੱਗਾ।
ਸ਼ਾਊਲ ਦਾ ਦਾਊਦ ਤੋਂ ਭੈਅ ਖਾਣਾ
10 ਅਗਲੇ ਹੀ ਦਿਨ ਤੋਂ ਇੱਕ ਦੁਸ਼ਟ ਆਤਮੇ ਨੇ ਪਰਮੇਸ਼ੁਰ ਵੱਲੋਂ ਸ਼ਾਊਲ ਉੱਪਰ ਵੱਸ ਕਰ ਲਿਆ। ਉਹ ਆਪਣੇ ਘਰ ਬਿਲਕੁਲ ਜੰਗਲੀ ਪਾਗਲਾਂ ਵਾਂਗ ਵਤੀਰਾ ਕਰਨ ਲੱਗਾ। ਦਾਊਦ ਜਿਵੇਂ ਹੀ ਉਸ ਨੂੰ ਠੀਕ ਕਰਨ ਲਈ ਬਰਬਤ ਵਜਾਉਂਦਾ ਸੀ ਉਹ ਉਵੇਂ ਹੀ ਕਰਨ ਲੱਗਾ। 11 ਪਰ ਸ਼ਾਊਲ ਦੇ ਹੱਥ ਵਿੱਚ ਇੱਕ ਸਾਂਗ ਸੀ ਅਤੇ ਉਸ ਨੇ ਸੋਚਿਆ, “ਮੈਂ ਦਾਊਦ ਨੂੰ ਕੰਧ ਵਿੱਚ ਵਿੰਨ੍ਹ ਦੇਵਾਂਗਾ।” ਸ਼ਾਊਲ ਨੇ ਦੋ ਵਾਰ ਸਾਂਗ ਉਸ ਵੱਲ ਸੁੱਟੀ ਪਰ ਦਾਊਦ ਦੋਨੋਂ ਵਾਰੀ ਬਚ ਨਿਕਲਿਆ।
12 ਯਹੋਵਾਹ ਦਾਊਦ ਦੇ ਨਾਲ ਸੀ ਅਤੇ ਯਹੋਵਾਹ ਨੇ ਸ਼ਾਊਲ ਨੂੰ ਛੱਡ ਦਿੱਤਾ ਸੀ ਇਸ ਲਈ ਹੁਣ ਸ਼ਾਊਲ ਦਾਊਦ ਕੋਲੋਂ ਭੈਅ ਖਾਂਦਾ ਸੀ। 13 ਸ਼ਾਊਲ ਨੇ ਦਾਊਦ ਨੂੰ ਆਪਣੇ ਤੋਂ ਦੂਰ ਭੇਜ ਦਿੱਤਾ ਉਸ ਨੇ ਦਾਊਦ ਨੂੰ 1,000 ਸਿਪਾਹਈਆਂ ਉੱਪਰ ਕਮਾਂਡਰ ਬਣਾ ਦਿੱਤਾ। ਅਤੇ ਇਸ ਲਈ ਉਹ ਲੜਾਈ ਵਿੱਚ ਲੋਕਾਂ ਦਾ ਆਗੂ ਹੁੰਦਾ। 14 ਯਹੋਵਾਹ ਦਾਊਦ ਦੇ ਨਾਲ ਸੀ ਇਸ ਲਈ ਉਹ ਜਿਸ ਕੰਮ ਨੂੰ ਵੀ ਹੱਥ ਪਾਉਂਦਾ ਉਸ ਨੂੰ ਸਫ਼ਲਤਾ ਮਿਲਦੀ। 15 ਸ਼ਾਊਲ ਨੇ ਜਦ ਵੇਖਿਆ ਕਿ ਦਾਊਦ ਨੂੰ ਬੜੀ ਕਾਮਯਾਬੀ ਮਿਲਦੀ ਹੈ ਤਾਂ ਉਹ ਹੋਰ ਜ਼ਿਆਦਾ ਦਾਊਦ ਤੋਂ ਡਰਨ ਲੱਗਾ। 16 ਪਰ ਇਸਰਾਏਲ ਅਤੇ ਯਹੂਦਾਹ ਦੇ ਸਾਰੇ ਲੋਕਾਂ ਨੇ ਦਾਊਦ ਨੂੰ ਪਿਆਰ ਕੀਤਾ ਕਿਉਂਕਿ ਉਸ ਨੇ ਜੰਗ ਵਿੱਚ ਉਨ੍ਹਾਂ ਦੀ ਅਗਵਾਈ ਕੀਤੀ ਸੀ ਅਤੇ ਉਨ੍ਹਾਂ ਦੀ ਖਾਤਿਰ ਲੜਿਆ ਸੀ।
27 ਸਭ ਕੁਝ ਇੰਨੀ ਜਲਦੀ ਹੋਇਆ ਕਿ ਦਾਊਦ ਅਤੇ ਉਸ ਦੇ ਕੁਝ ਸਿਪਾਹੀ ਫ਼ਲਿਸਤੀਆਂ ਦੇ ਖਿਲਾਫ਼ ਲੜਾਈ ਕਰਨ ਚੱਲੇ ਗਏ। ਉਨ੍ਹਾਂ ਨੇ 200 ਫ਼ਲਿਸਤੀ ਸਿਪਾਹੀਆਂ ਨੂੰ ਮਾਰ ਸੁੱਟਿਆ। ਦਾਊਦ ਨੇ ਇਨ੍ਹਾਂ ਫ਼ਲਿਸਤੀਆਂ ਦੀਆਂ ਚਮੜੀਆਂ ਲਿਆਕੇ ਦਾਊਦ ਨੂੰ ਦੇ ਦਿੱਤੀਆਂ। ਦਾਊਦ ਨੇ ਇਹ ਸਭ ਇਸ ਲਈ ਕੀਤਾ ਕਿਉਂਕਿ ਉਹ ਪਾਤਸ਼ਾਹ ਦਾ ਜੁਆਈ ਬਣਨਾ ਚਾਹੁੰਦਾ ਸੀ।
ਤਾਂ ਸ਼ਾਊਲ ਨੇ ਆਪਣੀ ਧੀ ਮੀਕਲ ਉਸ ਨੂੰ ਵਿਆਹ ਦਿੱਤੀ। 28 ਸ਼ਾਊਲ ਨੇ ਵੇਖਿਆ ਕਿ ਯਹੋਵਾਹ ਦਾਊਦ ਦੇ ਨਾਲ ਹੈ ਅਤੇ ਉਸਦੀ ਧੀ ਮੀਕਲ ਵੀ ਦਾਊਦ ਨੂੰ ਪਿਆਰ ਕਰਦੀ ਹੈ। 29 ਤਾਂ ਸ਼ਾਊਲ ਦਾਊਦ ਕੋਲੋਂ ਹੋਰ ਵੀ ਵੱਧੇਰੇ ਭੈਅ ਖਾਣ ਲੱਗਾ। ਅਤੇ ਉਹ ਦਾਊਦ ਦੇ ਹੋਰ ਵੀ ਖਿਲਾਫ਼ ਰਹਿਣ ਲੱਗਾ।
30 ਤਦ ਫ਼ਲਿਸਤੀਆਂ ਦੇ ਸਰਦਾਰਾਂ ਨੇ ਲਗਾਤਾਰ ਇਸਰਾਏਲੀਆਂ ਨਾਲ ਲੜਾਈ ਜਾਰੀ ਰੱਖੀ ਪਰ ਹਰ ਵਾਰ ਦਾਊਦ ਨੇ ਉਨ੍ਹਾਂ ਨੂੰ ਹਰਾਇਆ। ਦਾਊਦ ਸ਼ਾਊਲ ਦਾ ਸਭ ਤੋਂ ਵੱਧੀਆ ਅਤੇ ਬਹਾਦੁਰ ਅਫ਼ਸਰ ਸੀ ਅਤੇ ਉਹ ਸਭਨਾ ਵਿੱਚ ਬੜਾ ਮਸ਼ਹੂਰ ਹੋਇਆ।
ਅੰਤਾਕਿਯਾ ਵਿੱਚ ਖੁਸ਼ਖਬਰੀ ਦਾ ਆਉਣਾ
19 ਇਸਤੀਫ਼ਾਨ ਦੇ ਮਾਰੇ ਜਾਣ ਤੋਂ ਬਾਅਦ, ਨਿਹਚਾਵਾਨ ਸਤਾਉ ਤੋਂ ਡਰਕੇ ਖਿੰਡਰ ਕੇ ਇਧਰ-ਉਧਰ ਹੋ ਗਏ ਸਨ। ਕੁਝ ਨਿਹਚਾਵਾਨ ਤਾਂ ਦੂਰ-ਦੁਰਾਡੀਆਂ ਥਾਵਾਂ ਜਿਵੇਂ ਕਿ ਫ਼ੈਨੀਕੋ, ਕੁਪਰੁਸ ਅਤੇ ਅੰਤਾਕਿਯਾ ਆਦਿ ਚ ਚੱਲੇ ਗਏ ਅਤੇ ਇਨ੍ਹਾਂ ਥਾਵਾਂ ਤੇ ਜਾਕੇ ਖੁਸ਼ਖਬਰੀ ਦਿੱਤੀ, ਪਰ ਇਹ ਖੁਸ਼ਖਬਰੀ ਉਨ੍ਹਾਂ ਸਿਰਫ਼ ਯਹੂਦੀਆਂ ਨੂੰ ਹੀ ਦਿੱਤੀ। 20 ਪਰ ਉਨ੍ਹਾਂ ਵਿੱਚੋਂ ਕਈ ਮਨੁੱਖ ਕੁਰੇਨ ਅਤੇ ਕੁਪਰੁਸ ਦੇ ਸਨ, ਜਦੋਂ ਉਹ ਅੰਤਾਕਿਯਾ ਪਹੁੰਚੇ, ਤਾਂ ਉਨ੍ਹਾਂ ਨੇ ਪ੍ਰਭੂ ਯਿਸੂ ਬਾਰੇ ਖੁਸ਼ਖਬਰੀ ਬਾਰੇ ਯੂਨਾਨੀ ਲੋਕਾਂ ਨੂੰ ਵੀ ਦੱਸਿਆ। 21 ਪ੍ਰਭੂ ਉਨ੍ਹਾਂ ਦੇ ਨਾਲ ਸੀ ਤੇ ਉਨ੍ਹਾਂ ਦੀ ਮਦਦ ਕਰ ਰਿਹਾ ਸੀ। ਇਸੇ ਕਾਰਣ ਲੋਕਾਂ ਦੀ ਇੱਕ ਵੱਡੀ ਗਿਣਤੀ ਨੇ ਪ੍ਰਭੂ ਦਾ ਅਨੁਸਰਣ ਕਰਨਾ ਸ਼ੁਰੂ ਕਰ ਦਿੱਤਾ।
22 ਇਹ ਖਬਰ ਯਰੂਸ਼ਲਮ ਦੀ ਕਲੀਸਿਯਾ ਦੇ ਲੋਕਾਂ ਕੋਲ ਪਹੁੰਚੀ। ਉਨ੍ਹਾਂ ਨੇ ਬਰਨਬਾਸ ਨੂੰ ਅੰਤਾਕਿਯਾ ਵਿੱਚ ਭੇਜਿਆ। 23-24 ਬਰਨਬਾਸ ਇੱਕ ਚੰਗਾ ਆਦਮੀ ਸੀ। ਉਹ ਪਵਿੱਤਰ ਆਤਮਾ ਅਤੇ ਨਿਹਚਾ ਨਾਲ ਭਰਪੂਰ ਸੀ। ਜਦੋਂ ਉਹ ਅੰਤਾਕਿਯਾ ਨੂੰ ਗਿਆ, ਉਹ ਪਰਮੇਸ਼ੁਰ ਦੀ ਕਿਰਪਾ ਨੂੰ ਕੰਮ ਤੇ ਵੇਖਕੇ ਬਹੁਤ ਖੁਸ਼ ਸੀ। ਉਸ ਨੇ ਸਾਰੇ ਨਿਹਚਾਵਾਨਾਂ ਨੂੰ ਉਨ੍ਹਾਂ ਦੇ ਸੱਚੇ ਦਿਲਾਂ ਨਾਲ ਪ੍ਰਭੂ ਦੇ ਵਫ਼ਾਦਾਰ ਹੋਣਾ ਜਾਰੀ ਰੱਖਣ ਲਈ ਉਤਸਾਹਤ ਕੀਤਾ। ਇਸ ਕਰਕੇ, ਬਹੁਤ ਸਾਰੇ ਲੋਕ ਪ੍ਰਭੂ ਦੇ ਚੇਲੇ ਬਣ ਗਏ।
25 ਫ਼ਿਰ ਬਰਨਬਾਸ ਸੌਲੁਸ ਨੂੰ ਲੱਭਣ ਲਈ ਤਰਸੁਸ ਨੂੰ ਗਿਆ। 26 ਜਦੋਂ ਉਸ ਨੇ ਸੌਲੁਸ ਨੂੰ ਲੱਭ ਲਿਆ, ਉਹ ਉਸ ਨੂੰ ਅੰਤਾਕਿਯਾ ਵਿੱਚ ਲੈ ਆਇਆ ਅਤੇ ਇਹ ਦੋਨੋਂ ਉੱਥੇ ਪੂਰਾ ਸਾਲ ਰਹੇ। ਹਰ ਵਾਰ ਨਿਹਚਾਵਾਨਾਂ ਦੀ ਮੰਡਲੀ ਇਕੱਠੀ ਹੋਕੇ ਆਈ। ਸੌਲੁਸ ਅਤੇ ਬਰਨਬਾਸ ਉਨ੍ਹਾਂ ਨੂੰ ਮਿਲੇ ਅਤੇ ਬਹੁਤ ਸਾਰੇ ਲੋਕਾਂ ਨੂੰ ਸਿੱਖਿਆ ਦਿੱਤੀ। ਸਭ ਤੋਂ ਪਹਿਲਾਂ ਅੰਤਾਕਿਯਾ ਵਿੱਚ ਯਿਸੂ ਦੇ ਚੇਲੇ “ਮਸੀਹੀ” ਕਹਾਏ।
27 ਉਨ੍ਹੀਂ ਦਿਨੀ ਕਈ ਨਬੀ ਯਰੂਸ਼ਲਮ ਤੋਂ ਅੰਤਾਕਿਯਾ ਵਿੱਚ ਆਏ। 28 ਉਨ੍ਹਾਂ ਵਿੱਚੋਂ ਇੱਕ ਨਬੀ ਜਿਸ ਦਾ ਨਾਂ ਆਗਬੁਸ ਸੀ ਉੱਠਿਆ ਅਤੇ ਉੱਠ ਕੇ ਪਵਿੱਤਰ ਆਤਮਾ ਦੇ ਰਾਹੀਂ ਇਹ ਦੱਸਿਆ, “ਇੱਥੇ ਸਾਰੀ ਧਰਤੀ ਤੇ ਬਹੁਤ ਵੱਡਾ ਕਾਲ ਪਵੇਗਾ।” (ਜਦੋਂ ਕਲੌਦਿਯਸ ਬਾਦਸ਼ਾਹ ਸੀ, ਅਸਲ ਵਿੱਚ ਇਹ ਕਾਲ ਵਾਪਰਿਆ।) 29 ਨਿਹਚਾਵਾਨਾਂ ਨੇ ਆਪਣੇ ਉਨ੍ਹਾਂ ਭੈਣਾਂ ਭਰਾਵਾਂ ਦੀ ਮਦਦ ਕਰਨ ਦਾ ਨਿਸ਼ਚਾ ਕੀਤਾ ਜਿਹੜੇ ਯਹੂਦਿਯਾ ਵਿੱਚ ਰਹਿੰਦੇ ਸਨ। ਸਭ ਨਿਹਚਾਵਾਨਾਂ ਨੇ, ਜਿੰਨੀ ਹਰ ਕਿਸੇ ਤੋਂ ਹੋ ਸੱਕੇ ਉਨੀ ਉਨ੍ਹਾਂ ਦੀ ਮਦਦ ਕਰਨ ਦੀ ਵਿਉਂਤ ਬਣਾਈ। 30 ਉਨ੍ਹਾਂ ਨੇ ਧਨ ਇਕੱਠਾ ਕਰਕੇ ਬਰਨਬਾਸ ਅਤੇ ਸੌਲੁਸ ਨੂੰ ਦਿੱਤਾ, ਫ਼ਿਰ ਉਹ ਇਹ ਧੰਨ ਇਕੱਠਾ ਕਰਕੇ ਯਹੂਦਿਯਾ ਵਿੱਚ ਬਜ਼ੁਰਗਾਂ ਕੋਲ ਲੈ ਕੇ ਆਏ।
ਯਿਸੂ ਦਾ ਬਹੁਤ ਸਾਰੇ ਲੋਕਾਂ ਨੂੰ ਚੰਗਾ ਕਰਨਾ(A)
29 ਯਿਸੂ ਅਤੇ ਉਸ ਦੇ ਚੇਲੇ ਫ਼ਿਰ ਪ੍ਰਾਰਥਨਾ ਸਥਾਨ ਛੱਡ ਕੇ ਯਾਕੂਬ ਅਤੇ ਯੂਹੰਨਾ ਸਮੇਤ ਸ਼ਮਊਨ ਅਤੇ ਅੰਦ੍ਰਿਯਾਸ ਦੇ ਘਰ ਆਏ। 30 ਸ਼ਮਊਨ ਦੀ ਸੱਸ ਮੰਜੇ ਤੇ ਪਈ ਤਾਪ ਨਾਲ ਤੱਪ ਰਹੀ ਸੀ। ਉੱਥੇ ਲੋਕਾਂ ਨੇ ਯਿਸੂ ਨੂੰ ਉਸ ਦੇ ਬਾਰੇ ਦਸਿਆ। 31 ਤਾਂ ਯਿਸੂ ਉਸ ਦੇ ਮੰਜੇ ਕੋਲ ਗਿਆ। ਉਸ ਨੇ ਉਸਦਾ ਹੱਥ ਫ਼ੜਕੇ ਉਸ ਨੂੰ ਉੱਠਾਇਆ, ਅਤੇ ਬੁਖਾਰ ਨੇ ਉਸ ਨੂੰ ਛੱਡ ਦਿੱਤਾ। ਉਸ ਤੋਂ ਬਾਦ ਉਸ ਨੇ ਯਿਸੂ ਦੀ ਸੇਵਾ ਕੀਤੀ।
32 ਉਸ ਰਾਤ, ਜਦੋਂ ਸੂਰਜ ਡੁੱਬ ਚੁੱਕਾ ਤਾਂ ਲੋਕ ਬਹੁਤ ਸਾਰੇ ਬਿਮਾਰ ਲੋਕਾਂ ਅਤੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ, ਯਿਸੂ ਕੋਲ ਲਿਆਏ। 33 ਸਾਰਾ ਨਗਰ ਉਸ ਘਰ ਦੇ ਬੂਹੇ ਅੱਗੇ ਇਕੱਠਾ ਹੋ ਗਿਆ। 34 ਯਿਸੂ ਨੇ ਬਹੁਤ ਸਾਰੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਰੋਗਾਂ ਤੋਂ ਚੰਗਾ ਕੀਤਾ। ਅਤੇ ਉਸ ਨੇ ਬਹੁਤ ਸਾਰੇ ਲੋਕਾਂ ਵਿੱਚੋਂ ਭੂਤ ਕੱਢੇ। ਪਰ ਉਸ ਨੇ ਭੂਤਾਂ ਨੂੰ ਬੋਲਣ ਦੀ ਆਗਿਆ ਨਾ ਦਿੱਤੀ ਕਿਉਂਕਿ ਉਹ ਉਸ ਨੂੰ ਜਾਣਦੇ ਸਨ।
ਯਿਸੂ ਖੁਸ਼ਖਬਰੀ ਦੇ ਪ੍ਰਚਾਰ ਦੀ ਤਿਆਰੀ ਕਰਦਾ(B)
35 ਅਗਲੀ ਸਵੇਰ, ਯਿਸੂ ਬੜੀ ਸਵਖਤੇ ਉੱਠਿਆ। ਅਜੇ ਹਨੇਰਾ ਹੀ ਸੀ ਜਦੋਂ ਉਹ ਘਰੋਂ ਨਿਕਲ ਪਿਆ, ਅਤੇ ਇੱਕਾਂਤ ਵਿੱਚ ਜਾਕੇ ਉਸ ਨੇ ਪ੍ਰਾਰਥਨਾ ਕੀਤੀ। 36 ਬਾਅਦ ਵਿੱਚ ਸ਼ਮਊਨ ਅਤੇ ਉਸ ਦੇ ਸਾਥੀ ਉਸ ਨੂੰ ਲੱਭਣ ਗਏ। 37 ਜਦੋਂ ਉਨ੍ਹਾਂ ਨੇ ਯਿਸੂ ਨੂੰ ਲੱਭ ਲਿਆ ਤਾਂ ਆਖਣ ਲੱਗੇ, “ਸਭ ਲੋਕ ਤੁਹਾਨੂੰ ਭਾਲ ਰਹੇ ਹਨ।”
38 ਯਿਸੂ ਨੇ ਆਖਿਆ, “ਆਓ, ਅਸੀਂ ਇਹ ਜਗ੍ਹਾ ਛੱਡੀਏ ਅਤੇ ਨੇੜੇ ਦੇ ਹੋਰ ਨਗਰਾਂ ਵਿੱਚ ਜਾਈਏ ਤਾਂ ਜੋ ਮੈਂ ਉਨ੍ਹਾਂ ਥਾਵਾਂ ਤੇ ਵੀ ਪ੍ਰਚਾਰ ਕਰ ਸੱਕਾਂ ਜਿਸ ਲਈ ਮੈਂ ਆਇਆ ਹਾਂ।” 39 ਇਸ ਤਰ੍ਹਾਂ, ਯਿਸੂ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਚਾਰ ਕਰਦਾ ਹੋਇਆ ਪੂਰੀ ਗਲੀਲ ਵਿੱਚ ਹਰ ਜਗ੍ਹਾ ਗਿਆ ਅਤੇ ਉਸ ਨੇ ਲੋਕਾਂ ਵਿੱਚੋਂ ਭੂਤ ਕੱਢੇ।
ਯਿਸੂ ਦਾ ਇੱਕ ਬਿਮਾਰ ਆਦਮੀ ਨੂੰ ਠੀਕ ਕਰਨਾ(C)
40 ਇੱਕ ਆਦਮੀ ਜਿਸ ਨੂੰ ਕੋੜ੍ਹ ਹੋਇਆ ਸੀ, ਉਸ ਨੇ ਝੁਕ ਕੇ ਯਿਸੂ ਅੱਗੇ ਅਰਜੋਈ ਕੀਤੀ, “ਜੇ ਤੂੰ ਚਾਹੇਂ ਤਾਂ ਮੈਨੂੰ ਠੀਕ ਕਰ ਸੱਕਦਾ ਹੈ।”
41 ਯਿਸੂ ਨੂੰ ਉਸ ਮਨੁੱਖ ਤੇ ਤਰਸ ਆਇਆ ਤਾਂ ਉਸ ਨੇ ਉਸ ਆਦਮੀ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੂੰ ਠੀਕ ਹੋ ਜਾਵੇਂ ਸੋ ਤੂੰ ਰਾਜੀ ਹੋ ਜਾ।” 42 ਫ਼ਿਰ ਕੋੜ੍ਹ ਨੇ ਉਸ ਨੂੰ ਛੱਡ ਦਿੱਤਾ ਅਤੇ ਉਹ ਨਿਰਮਲ ਹੋ ਗਿਆ।
43 ਯਿਸੂ ਨੇ ਉਸ ਆਦਮੀ ਨੂੰ ਬੜੀ ਸਖਤੀ ਨਾਲ ਤਗੀਦ ਕਰਕੇ ਭੇਜ ਦਿੱਤਾ, 44 ਉਸ ਨੇ ਉਸ ਨੂੰ ਆਖਿਆ, “ਤੂੰ ਇਸ ਬਾਰੇ ਕਿਸੇ ਨੂੰ ਨਾ ਦੱਸੀਂ। ਪਰ ਜਾ ਅਤੇ ਆਪਣੇ-ਆਪ ਨੂੰ ਜਾਜਕ ਨੂੰ ਵਿਖਾ। ਕਿਉਂਕਿ ਤੂੰ ਚੰਗਾ ਕੀਤਾ ਗਿਆ ਹੈਂ, ਪਰਮੇਸ਼ੁਰ ਨੂੰ ਭੇਟਾ ਪੇਸ਼ ਕਰ। ਤੂੰ ਉਹੀ ਭੇਟਾ ਅਰਪਨ ਕਰੀ ਜਿਸਦਾ ਮੂਸਾ ਨੇ ਹੁਕਮ ਦਿੱਤਾ ਸੀ। ਇਸ ਨਾਲ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਤੂੰ ਰਾਜੀ ਹੋ ਗਿਆ ਹੈਂ।” 45 ਪਰ ਉਹ ਆਦਮੀ ਬਾਹਰ ਜਾਕੇ ਇਹ ਚਰਚਾ ਕਰਨ ਲੱਗਾ ਕਿ ਯਿਸੂ ਨੇ ਉਸ ਨੂੰ ਰਾਜੀ ਕੀਤਾ ਹੈ। ਇਉਂ ਯਿਸੂ ਦੀ ਖਬਰ ਸਭ ਜਗ੍ਹਾ ਫ਼ੈਲ ਗਈ। ਇਸ ਲਈ ਯਿਸੂ ਖੁਲ੍ਹੇ-ਆਮ ਕਿਸੇ ਨਗਰ ਵਿੱਚ ਨਾ ਵੜ ਸੱਕਿਆ। ਤਾਂ ਉਸ ਨੇ ਇੱਕਾਂਤ ਜਗ੍ਹਾਵਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਪਰ ਤਾਂ ਵੀ ਲੋਕਾਂ ਨੇ ਸਭ ਨਗਰਾਂ ਤੋਂ ਯਿਸੂ ਕੋਲ ਆਉਣਾ ਜਾਰੀ ਰੱਖਿਆ।
2010 by World Bible Translation Center