Book of Common Prayer
ਦਾਊਦ ਦਾ ਮਿਕਤਾਮ।
16 ਮੇਰੀ ਰੱਖਿਆ ਕਰੋ, ਪਰਮੇਸ਼ੁਰ, ਕਿਉਂਕਿ ਮੈਂ ਤੁਸਾਂ ਉੱਤੇ ਨਿਰਭਰ ਹਾਂ।
2 ਮੈਂ ਆਪਣੇ ਯਹੋਵਾਹ ਨੂੰ ਆਖਿਆ,
“ਹੇ ਪਰਮੇਸ਼ੁਰ, ਤੂੰ ਮੇਰਾ ਯਹੋਵਾਹ ਹੈਂ।
ਮੇਰੇ ਕੋਲ ਜੋ ਕੁਝ ਵੀ ਚੰਗਾ ਹੈ ਇਹ ਤੁਸਾਂ ਤੋਂ ਪ੍ਰਾਪਤ ਹੋਇਆ ਹੈ।”
3 ਯਹੋਵਾਹ, ਆਪਣੇ ਚੇਲਿਆਂ ਲਈ ਧਰਤੀ ਉੱਤੇ ਅਦਭੁਤ ਗੱਲਾਂ ਕਰਦਾ ਹੈ।
ਯਹੋਵਾਹ ਦਰਸਾਉਂਦਾ ਕਿ ਉਹ ਸੱਚਮੁੱਚ ਉਨ੍ਹਾਂ ਨੂੰ ਪਿਆਰ ਕਰਦਾ ਹੈ।
4 ਪਰ ਉਹ ਜਿਹੜੇ ਹੋਰਾਂ ਦੇਵਤਿਆਂ ਦੀ ਪੂਜਾ ਕਰਨ ਲਈ ਭੱਜ ਜਾਂਦੇ ਹਨ, ਦਰਦ ਸਹਿਣਗੇ।
ਮੈਂ ਉਨ੍ਹਾਂ ਦੀਆਂ ਲਹੂ ਭੇਟਾਂ ਵਿੱਚ ਸਾਂਝ ਨਹੀਂ ਪਾਵਾਂਗਾ ਜਿਹੜੀਆਂ ਉਹ ਉਨ੍ਹਾਂ ਮੂਰਤੀਆਂ ਨੂੰ ਦਿੰਦੇ ਹਨ।
ਮੈਂ ਉਨ੍ਹਾਂ ਮੂਰਤੀਆਂ ਦੇ ਨਾਮ ਵੀ ਨਹੀਂ ਉੱਚਾਰਾਂਗਾ।
5 ਮੇਰਾ ਭੋਜਨ ਤੇ ਪਿਆਲਾ ਸਿਰਫ਼ ਪਰਮੇਸ਼ੁਰ ਪਾਸੋਂ ਆਉਂਦਾ ਹੈ।
ਜਿਸ ਤਰ੍ਹਾਂ ਕਿ ਯਹੋਵਾਹ ਨੇ ਮੈਨੂੰ ਮੇਰਾ ਵਿਰਸਾ [a] ਦਿੱਤਾ ਹੈ।
6 ਮੇਰੀ ਹਿੱਸੇ ਦੀ ਜ਼ਮੀਨ ਬਹੁਤ ਮਨਭਾਵਨੀ ਹੈ,
ਮੇਰਾ ਵਿਰਸਾ ਬਹੁਤ ਖੂਬਸੂਰਤ ਹੈ।
7 ਮੈਂ ਪਰਮੇਸ਼ੁਰ ਦੀ ਉਸਤਤਿ ਕਰਦਾ ਹਾਂ ਕਿਉਂਕਿ ਉਸ ਨੇ ਮੈਨੂੰ ਵੱਧੀਆ ਸਮਝਾਇਆ ਹੈ।
ਰਾਤ ਵੇਲੇ ਵੀ ਉਹ ਮੈਨੂੰ ਉਪਦੇਸ਼ ਦਿੰਦਾ ਹੈ ਅਤੇ ਮੇਰੇ ਮਨ ਦੇ ਧੁਰ ਅੰਦਰ ਚੰਗੀਆਂ ਸਾਲ੍ਹਾਵਾਂ ਰੱਖਦਾ ਹੈ।
8 ਮੈਂ ਹਮੇਸ਼ਾ ਮੇਰੇ ਯਹੋਵਾਹ ਨੂੰ ਸਾਹਮਣੇ ਰੱਖਦਾ ਹਾਂ,
ਅਤੇ ਕਦੀ ਵੀ ਮੈਂ ਉਸ ਦੇ ਸੱਜੇ ਤੋਂ ਮੇਰੀ ਥਾਂ ਨਹੀਂ ਛੱਡਾਂਗਾ।
9 ਇਸੇ ਲਈ ਮੇਰੀ ਰੂਹ ਤੇ ਮੇਰਾ ਮਨ ਆਨੰਦ ਮਈ ਹੋਵਣਗੇ।
ਅਤੇ ਮੇਰਾ ਸ਼ਰੀਰ ਵੀ ਸੁਰੱਖਿਅਤ ਰਹੇਗਾ।
10 ਕਿਉਂਕਿ ਹੇ ਯਹੋਵਾਹ, ਤੂੰ ਮੇਰੀ ਰੂਹ ਨੂੰ ਮ੍ਰਿਤ ਲੋਕ ਵਿੱਚ ਦਾਖਲ ਨਹੀਂ ਹੋਣ ਦੇਵੇਂਗਾ।
ਅਤੇ ਤੂੰ ਆਪਣੇ ਇੱਕ ਵਫ਼ਾਦਾਰ ਨੂੰ ਕਬਰ ਵਿੱਚ ਸੜਨ ਨਹੀਂ ਦੇਵੇਂਗਾ।
11 ਤੂੰ ਮੈਨੂੰ ਸਿਰਫ਼ ਤੇਰੇ ਨਜ਼ਦੀਕ ਆਕੇ ਜਿਉਣ ਦਾ ਸਹੀ ਤਰੀਕਾ ਸਿੱਖਾਵੇਂਗਾ।
ਯਹੋਵਾਹ, ਮੈਂ ਪੂਰਨ ਖੁਸ਼ੀ ਦਾ ਆਨੰਦ ਮਾਣਾਂਗਾ।
ਤੇਰੇ ਸੱਜੇ ਪਾਸੇ ਹੋਕੇ ਮੈਂ ਸਦੀਵੀ ਅਸੀਸ ਦਾ ਆਨੰਦ ਮਾਣਾਂਗਾ।
ਦਾਊਦ ਦੀ ਪ੍ਰਾਰਥਨਾ।
17 ਯਹੋਵਾਹ, ਨਿਆਂ ਲਈ ਮੇਰੀ ਪ੍ਰਾਰਥਨਾ ਨੂੰ ਸੁਣ।
ਮੈਂ ਉੱਚੀ-ਉੱਚੀ ਤੁਹਾਨੂੰ ਹਾਕਾਂ ਮਾਰ ਰਿਹਾ ਹਾਂ।
ਮੈਂ ਉਸ ਵਿੱਚ ਇਮਾਨਦਾਰ ਹਾਂ ਜੋ ਮੈਂ ਆਖਦਾ ਹਾਂ,
ਇਸ ਲਈ ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸੁਣ।
2 ਕਿਉਂਕਿ ਤੁਸੀਂ ਸੱਚ ਨੂੰ ਵੇਖ ਸੱਕਦੇ ਹੋਂ,
ਤੁਸੀਂ ਮੈਨੂੰ ਸੱਚ ਪ੍ਰਦਾਨ ਕਰੋਂਗੇ।
3 ਤੁਸੀਂ ਮੇਰੇ ਦਿਲ ਦੀ ਡੂੰਘਾਈ ਅੰਦਰ ਵੇਖਿਆ ਹੈ।
ਤੁਸੀਂ ਸਾਰੀ ਰਾਤ ਮੇਰੇ ਨਾਲ ਸੀ।
ਤੁਸੀਂ ਮੈਨੂੰ ਪਰੱਖਿਆ ਹੈ ਤੁਸੀਂ ਮੇਰੇ ਵਿੱਚ ਕੁਝ ਵੀ ਬੁਰਾਈ ਨਹੀਂ ਲੱਭੀ
ਨਾ ਹੀ ਮੈਂ ਕੋਈ ਵੀ ਮੰਦੀ ਵਿਉਂਤ ਬਣਾਈ ਸੀ।
4 ਮੈਂ ਤੁਹਾਡੇ ਆਦੇਸ਼ਾਂ ਨੂੰ ਮੰਨਣ ਲਈ ਜਿੰਨੀ ਮਨੁੱਖੀ ਤੌਰ ਤੇ ਸੰਭਵ ਸੀ, ਕੋਸ਼ਿਸ਼ ਕੀਤੀ ਹੈ।
ਮੈਂ ਤੇਰੇ ਸਾਰੇ ਆਦੇਸ਼ਾਂ ਨੂੰ ਮੰਨਿਆ ਹੈ।
5 ਮੈਂ ਤੁਹਾਡੇ ਰਸਤਿਆਂ ਤੇ ਚੱਲਿਆ ਹਾਂ।
ਮੇਰੇ ਪਗ ਤੁਹਾਡੇ ਦੁਆਰਾ ਦੱਸੇ ਜੀਵਨ ਦੇ ਰਾਹ ਤੋਂ ਕਦੇ ਨਹੀਂ ਥਿੜਕੇ।
6 ਹਰ ਵਾਰੀ ਮੈਂ ਤੁਹਾਨੂੰ ਅਵਾਜ਼ ਦਿੱਤੀ, ਪਰਮੇਸ਼ੁਰ।
ਤੇ ਤੁਸੀਂ ਹੁਂਗਾਰਾ ਭਰਿਆ, ਇਸ ਲਈ ਹੁਣ ਕਿਰਪਾ ਕਰਕੇ ਮੈਨੂੰ ਸੁਣੋ।
7 ਹੇ ਪਰਮੇਸ਼ੁਰ, ਤੁਸੀਂ ਉਨ੍ਹਾਂ ਦੀ ਮਦਦ ਕਰੋ
ਜਿਹੜੇ ਤੁਸਾਂ ਵਿੱਚ ਆਸਥਾ ਰੱਖਦੇ ਹਨ ਉਹ ਲੋਕ ਆਉਂਦੇ ਹਨ
ਅਤੇ ਤੁਹਾਡੇ ਸੱਜੇ ਪਾਸੇ ਖਲੋਂਦੇ ਹਨ।
ਇਸ ਲਈ ਇਸ ਪ੍ਰਾਰਥਨਾ ਨੂੰ ਸੁਣੋ, ਜਿਹੜੀ ਤੁਹਾਡੇ ਇੱਕ ਚੇਲੇ ਵੱਲੋਂ ਹੈ।
8 ਮੇਰੀ ਰੱਖਿਆ ਆਪਣੀ ਅੱਖ ਦੀ ਗੁਠਲੀ ਵਾਂਗ ਕਰੋ।
ਮੈਨੂੰ ਆਪਣੇ ਖੰਬਾਂ ਦੀ ਛੱਤ ਹੇਠਾਂ ਛੁਪਾ ਲਵੋ।
9 ਯਹੋਵਾਹ, ਮੈਨੂੰ ਉਨ੍ਹਾਂ ਮੰਦੇ ਲੋਕਾਂ ਪਾਸੋਂ ਬਚਾਵੋ, ਜਿਹੜੇ ਮੇਰੀ ਬਰਬਾਦੀ ਲਈ ਕੰਮ ਕਰਦੇ ਹਨ।
ਹੇ ਪਰਮੇਸ਼ੁਰ ਮੈਨੂੰ ਘੇਰੀ ਹੋਏ ਲੋਕਾਂ ਤੋਂ ਮੇਰੀ ਰੱਖਿਆ ਕਰੋ, ਜਿਹੜੇ ਮੈਨੂੰ ਦੁੱਖੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
10 ਉਹ ਦੁਸ਼ਟ ਲੋਕ ਇੰਨੇ ਘਮੰਡੀ ਹਨ ਕਿ ਉਹ ਪਰਮੇਸ਼ੁਰ ਨੂੰ ਵੀ ਨਹੀਂ ਸੁਣਦੇ।
ਅਤੇ ਉਹ ਸਿਰਫ਼ ਆਪਣੇ ਆਪ ਬਾਰੇ ਹੀ ਸ਼ੇਖੀ ਮਾਰਦੇ ਹਨ।
11 ਉਨ੍ਹਾਂ ਨੇ ਬੇਚੈਨੀ ਨਾਲ ਮੇਰੀ ਭਾਲ ਕੀਤੀ।
ਉਨ੍ਹਾਂ ਨੇ ਮੈਨੂੰ ਘੇਰ ਲਿਆ,
ਅਤੇ ਹੁਣ ਹਮਲਾ ਕਰਨ ਲਈ ਤਿਆਰ ਹਨ।
12 ਉਹ ਮੰਦੇ ਲੋਕ ਸ਼ੇਰਾਂ ਵਰਗੇ ਹਨ, ਜਿਹੜੇ ਹੋਰਾਂ ਜਾਨਵਰਾਂ ਨੂੰ ਮਾਰ ਖਾਣ ਦੀ ਉਡੀਕ ਵਿੱਚ ਹਨ।
ਉਹ ਹਮਲਾ ਕਰਨ ਲਈ ਸ਼ੇਰਾਂ ਵਾਂਗ ਲੁਕਦੇ ਹਨ।
13 ਯਹੋਵਾਹ ਉੱਠੋ, ਅਤੇ ਦੁਸ਼ਮਣ ਵੱਲ ਜਾਵੋ,
ਉਨ੍ਹਾਂ ਕੋਲੋਂ ਸਮਰਪਣ ਕਰਾਉ।
ਆਪਣੀ ਤਲਵਾਰ ਵਰਤੋਂ ਅਤੇ ਉਨ੍ਹਾਂ ਦੁਸ਼ਟ ਲੋਕਾਂ ਕੋਲੋਂ ਮੇਰੀ ਰੱਖਿਆ ਕਰੋ।
14 ਹੇ ਯਹੋਵਾਹ, ਆਪਣੀ ਸ਼ਕਤੀ ਵਰਤੋਂ
ਤੇ ਜਿਉਂਦਿਆਂ ਲੋਕਾਂ ਦੀ ਧਰਤੀ ਤੋਂ ਬਦ ਰੂਹਾਂ ਨੂੰ ਦੂਰ ਕਰੋ।
ਯਹੋਵਾਹ, ਬਹੁਤ ਸਾਰੇ ਲੋਕ ਤੁਹਾਡੇ ਕੋਲ ਸਹਾਇਤਾ ਲਈ ਆਉਂਦੇ ਹਨ, ਉਨ੍ਹਾਂ ਲੋਕਾਂ ਕੋਲ ਆਪਣੇ ਜੀਵਨ ਵਿੱਚ ਬਹੁਤ ਕੁਝ ਨਹੀਂ ਹੈ।
ਉਨ੍ਹਾਂ ਨੂੰ ਕਾਫ਼ੀ ਭੋਜਨ ਦਿਉ।
ਉਨ੍ਹਾਂ ਲੋਕਾਂ ਦੇ ਬੱਚਿਆਂ ਨੂੰ ਉਹ ਦਿਉ ਜੋ ਵੀ ਉਹ ਚਾਹੁੰਦੇ ਹਨ।
ਬੱਚਿਆਂ ਨੂੰ ਇੰਨਾ ਸਾਰਾ ਭੋਜਨ ਦਿਉ, ਕਿ ਉਨ੍ਹਾਂ ਦਾ ਭੋਜਨ ਉਨ੍ਹਾਂ ਦੇ ਬੱਚਿਆਂ ਲਈ ਵੀ ਬਚ ਜਾਵੇ।
15 ਹੇ ਪਰਮੇਸ਼ੁਰ, ਮੈਂ ਤੁਹਾਨੂੰ ਇਨਸਾਫ਼ ਲਈ ਪ੍ਰਾਰਥਨਾ ਕੀਤੀ ਸੀ।
ਉਸ ਵਾਸਤੇ, ਮੈਂ ਤੁਹਾਨੂੰ ਵੇਖਾਂਗਾ।
ਅਤੇ ਤੁਹਾਨੂੰ ਵੇਖਕੇ, ਹੇ ਪਰਮੇਸ਼ੁਰ, ਮੈਂ ਪੂਰਨ ਸੰਤੁਸ਼ਟ ਹੋ ਜਾਵਾਂਗਾ।
ਨਿਰਦੇਸ਼ਕ ਲਈ: “ਸਵੇਰ ਦਾ ਹਿਰਨ” ਦੀ ਧੁਨੀ। ਦਾਊਦ ਦਾ ਇੱਕ ਗੀਤ।
22 ਮੇਰੇ ਪਰਮੇਸ਼ੁਰ, ਮੇਰੇ ਪਰਮੇਸ਼ੁਰ। ਤੁਸਾਂ ਮੈਨੂੰ ਕਿਉਂ ਛੱਡ ਦਿੱਤਾ?
ਤੁਸੀਂ ਮੈਨੂੰ ਬਚਾਉਣ ਤੋਂ ਬਹੁਤ ਦੂਰ ਹੋਂ।
ਤੁਸੀਂ ਮਦਦ ਲਈ ਮੇਰੀ ਪੁਕਾਰ ਸੁਣਨ ਲਈ ਬਹੁਤ ਦੂਰ ਹੋਂ।
2 ਮੇਰੇ ਪਰਮੇਸ਼ੁਰ, ਮੈਂ ਦਿਨ ਵੇਲੇ ਤੁਹਾਨੂੰ ਅਵਾਜ਼ ਦਿੱਤੀ।
ਪਰ ਤੁਸੀਂ ਹੁਗਾਰਾ ਨਹੀਂ ਭਰਿਆ।
ਅਤੇ ਮੈਂ ਤੁਹਾਨੂੰ ਰਾਤ ਵੇਲੇ ਵੀ ਪੁਕਾਰਦਾ ਰਿਹਾ।
3 ਹੇ ਪਰਮੇਸ਼ੁਰ ਤੁਸੀਂ ਹੀ ਪਵਿੱਤਰ ਹੋ ਅਤੇ ਤੁਸੀਂ ਰਾਜੇ ਵਾਂਗ ਬਿਰਾਜਮਾਨ ਹੋ।
ਇਸਰਾਏਲ ਦੀਆਂ ਉਸਤਤਾਂ ਤੁਹਾਡਾ ਤਖਤ ਹਨ।
4 ਸਾਡੇ ਪੂਰਵਜਾਂ ਨੇ ਤੇਰੇ ਤੇ ਯਕੀਨ ਰੱਖਿਆ।
ਹਾਂ ਉਨ੍ਹਾਂ ਨੇ ਤੁਸਾਂ ਉੱਤੇ ਭਰੋਸਾ ਰੱਖਿਆ, ਪਰਮੇਸ਼ੁਰ, ਅਤੇ ਤੁਸਾਂ ਉਨ੍ਹਾਂ ਨੂੰ ਬਚਾਇਆ।
5 ਹੇ ਪਰਮੇਸ਼ੁਰ, ਸਾਡੇ ਪੂਰਵਜਾਂ ਨੇ ਤੁਹਾਨੂੰ ਪੁਕਾਰ ਕੀਤੀ ਅਤੇ ਉਹ ਆਪਣਿਆਂ ਦੁਸ਼ਮਣਾਂ ਤੋਂ ਬਚ ਗਏ ਸਨ।
ਉਨ੍ਹਾਂ ਨੇ ਤੇਰੇ ਉੱਤੇ ਯਕੀਨ ਕੀਤਾ, ਅਤੇ ਉਹ ਨਿਰਾਸ਼ ਨਹੀਂ ਸਨ।
6 ਇਸ ਲਈ, ਕੀ ਮੈਂ ਨਿਰਾ ਕੀੜਾ ਹੀ ਹਾਂ ਅਤੇ ਇੱਕ ਬੰਦਾ ਨਹੀਂ?
ਲੋਕੀਂ ਮੇਰੇ ਉੱਤੇ ਸ਼ਰਮਸਾਰ ਹਨ।
ਲੋਕੀਂ ਮੈਨੂੰ ਨਫ਼ਰਤ ਕਰਦੇ ਹਨ।
7 ਹਰ ਕੋਈ, ਜੋ ਮੇਰੇ ਵੱਲ ਵੇਖਦਾ ਹੈ ਮੇਰਾ ਮਜ਼ਾਕ ਉਡਾਉਂਦਾ।
ਉਹ ਆਪਣੇ ਸਿਰ ਫ਼ੇਰਨ ਅਤੇ ਮੈਨੂੰ ਦੰਦੀਆਂ ਚਿੜ੍ਹਾਵਨ।
8 ਉਹ ਮੈਨੂੰ ਆਖਦੇ ਹਨ: “ਯਹੋਵਾਹ ਨੂੰ ਮਦਦ ਲਈ ਬੁਲਾ,
ਸ਼ਾਇਦ ਉਹ ਤੈਨੂੰ ਬਚਾ ਸੱਕੇ।
ਜੇ ਉਹ ਤੈਨੂੰ ਇੰਨਾ ਚਾਹੁੰਦਾ, ਤਾਂ ਅਵੱਸ਼ ਹੀ ਤੇਰਾ ਨਿਸਤਾਰਾ ਕਰੇਗਾ।”
9 ਹੇ ਪਰਮੇਸ਼ੁਰ, ਸੱਚ ਤਾਂ ਇਹ ਹੈ ਕਿ ਤੁਸੀਂ ਹੀ ਹੋ ਜਿਸ ਉੱਪਰ ਮੈਂ ਨਿਰਭਰ ਹਾਂ।
ਤੁਸੀਂ ਹੀ ਉਸ ਦਿਨ ਤੋਂ ਮੇਰਾ ਧਿਆਨ ਰੱਖਿਆ ਹੈ ਜਦੋਂ ਮੈਂ ਜਨਮਿਆ ਸਾਂ।
ਤੁਸੀਂ ਹੀ ਮੈਨੂੰ ਉਦੋਂ ਹੌਂਸਲਾ ਤੇ ਸੁਕੂਨ ਦਿੱਤਾ, ਜਦੋਂ ਮੈਂ ਹਾਲੇ ਦੁੱਧ ਚੁੰਘਦਾ ਬੱਚਾ ਸਾਂ।
10 ਤੁਸੀਂ ਹੀ ਉਸ ਦਿਨ ਤੋਂ ਮੇਰੇ ਪਰਮੇਸ਼ੁਰ ਰਹੇ ਹੋ ਜਿਸ ਦਿਨ ਤੋਂ ਮੈਂ ਜੰਮਿਆ ਹਾਂ।
ਮੈਨੂੰ ਤੁਹਾਡੀ ਨਿਗਰਾਨੀ ਵਿੱਚ ਸੌਂਪ ਦਿੱਤਾ ਗਿਆ ਸੀ ਜਦੋਂ ਮੈਂ ਮਾਤਾ ਦੇ ਗਰਭ ਵਿੱਚੋਂ ਬਾਹਰ ਆਇਆ ਸੀ।
11 ਇਸ ਲਈ ਹੇ ਪਰਮੇਸ਼ੁਰ, ਮੈਨੂੰ ਛੱਡ ਕੇ ਨਾ ਜਾਵੋ।
ਸੰਕਟ ਨੇੜੇ ਹੈ।
ਅਤੇ ਇੱਥੇ ਕੋਈ ਮੇਰੀ ਮਦਦ ਕਰਨ ਵਾਲਾ ਨਹੀਂ ਹੈ।
12 ਲੋਕੀਂ ਮੈਨੂੰ ਘੇਰਾ ਪਾ ਰਹੇ ਹਨ,
ਉਹ ਤਕੜੇ ਸਾਨਾਂ ਵਾਂਗ ਮੈਨੂੰ ਘੇਰੇ ਹੋਏ ਹਨ।
13 ਉਨ੍ਹਾਂ ਦੇ ਮੂੰਹ ਖੁਲ੍ਹੇ ਹੋਏ ਹਨ ਜਿਵੇਂ ਕੋਈ ਬੱਬਰ ਦਹਾੜੇ
ਅਤੇ ਕਿਸੇ ਜਾਨਵਰ ਤਾਈਂ ਪਾੜੇ।
14 ਮੇਰੀ ਤਾਕਤ ਮੁੱਕ ਗਈ ਹੈ,
ਜਿਵੇਂ ਧਰਤੀ ਤੇ ਪਾਣੀ ਡੁੱਲ੍ਹ ਜਾਂਦਾ ਹੈ।
ਮੇਰੀਆਂ ਸਾਰੀਆਂ ਹੱਡੀਆਂ ਅਲੱਗ-ਅਲੱਗ ਕਰ ਦਿੱਤੀਆਂ ਗਈਆਂ ਹਨ
ਅਤੇ ਮੇਰਾ ਹੌਂਸਲਾ ਚੱਲਿਆ ਗਿਆ ਹੈ। [a]
15 ਮੇਰਾ ਮੂੰਹ [b] ਵੀ ਟੁੱਟੇ ਹੋਏ ਗਮਲੇ ਦੇ ਟੋਟਿਆਂ ਵਾਂਗ ਸੁੱਕ ਗਿਆ ਹੈ।
ਮੇਰੀ ਜੀਭ ਤਾਲੂ ਨਾਲ ਲੱਗ ਗਈ ਹੈ।
ਤੂੰ ਮੈਨੂੰ “ਮੌਤ ਦੀ ਮਿੱਟੀ” ਵਿੱਚ ਰੱਖਿਆ ਹੈ।
16 ਦੁਸ਼ਟ ਲੋਕਾਂ ਦੇ ਸਮੂਹ ਨੇ,
ਮੈਨੂੰ ਕੁੱਤਿਆਂ ਵਾਂਗ ਘੇਰ ਲਿਆ ਹੈ।
ਉਨ੍ਹਾਂ ਨੇ ਸ਼ੇਰਾਂ ਵਾਂਗ [c] ਮੇਰੇ ਹੱਥ ਅਤੇ ਪੈਰ ਵਿੰਨ੍ਹ ਦਿੱਤੇ ਹਨ।
17 ਮੈਂ ਆਪਣੀਆਂ ਹੱਡੀਆਂ ਨੂੰ ਵੇਖ ਸੱਕਦਾ ਹਾਂ।
ਤੇ ਲੋਕੀਂ ਮੈਨੂੰ ਬਿਟਰ-ਬਿਟਰ ਤਕਦੇ ਹਨ।
ਉਹ ਮੇਰੇ ਵੱਲ ਹੀ ਦੇਖੀ ਜਾਂਦੇ ਹਨ।
18 ਉਹ ਲੋਕ ਆਪਣੇ ਦਰਮਿਆਨ ਮੇਰੇ ਕੱਪੜੇ ਵੰਡ ਰਹੇ ਹਨ
ਅਤੇ ਉਹ ਮੇਰੇ ਚੋਲੇ ਲਈ ਗੁਣੇ [d] ਪਾ ਰਹੇ ਹਨ।
19 ਯਹੋਵਾਹ, ਮੈਨੂੰ ਛੱਡ ਕੇ ਨਾ ਜਾਵੋ।
ਤੁਸੀਂ ਮੇਰੀ ਸ਼ਕਤੀ ਹੋ।
ਛੇਤੀ ਬਹੁੜੋ ਮੇਰੀ ਮਦਦ ਕਰੋ।
20 ਯਹੋਵਾਹ, ਮੇਰੀ ਜਿੰਦ ਨੂੰ ਤਲਵਾਰ ਕੋਲੋਂ ਬਚਾ ਲਵੋ।
ਮੇਰੀ ਕੀਮਤੀ ਜਿੰਦ ਉਨ੍ਹਾਂ ਕੁਤਿਆਂ ਕੋਲੋਂ ਬਚਾ ਲਵੋ।
21 ਮੈਨੂੰ ਬੱਬਰ ਸ਼ੇਰਾਂ ਦੇ ਜਬਾੜਿਆਂ ਵਿੱਚੋਂ ਕੱਢ ਲਵੋ,
ਮੈਨੂੰ ਸਾਨ੍ਹ ਦੇ ਸਿੰਗਾ ਤੋਂ ਬਚਾਉ।
22 ਯਹੋਵਾਹ, ਮੈਂ ਆਪਣੇ ਭਰਾਵਾਂ ਨੂੰ ਤੁਹਾਡੇ ਬਾਰੇ ਦੱਸਾਂਗਾ।
ਮੈਂ ਵੱਡੀ ਸੰਗਤ ਵਿੱਚ ਤੁਹਾਡੀ ਉਸਤਤਿ ਕਰਾਂਗਾ।
23 ਯਹੋਵਾਹ, ਦੀ ਉਸਤਤਿ ਕਰੋ, ਸਮੂਹ ਲੋਕੋ ਤੁਸੀਂ ਜਿਹੜੇ ਉਸਦੀ ਉਪਾਸਨਾ ਕਰਦੇ ਹੋਂ।
ਤੁਸੀਂ ਇਸਰਾਏਲ ਦੀਉ ਔਲਾਦੋ, ਯਹੋਵਾਹ ਦੀ ਇੱਜ਼ਤ ਕਰੋ।
ਤੁਸੀਂ ਯਹੋਵਾਹ ਤੋਂ ਡਰੋ ਇਸਰਾਏਲ ਦੇ ਸਮੂਹ ਲੋਕੋ ਤੁਸੀਂ ਯਹੋਵਾਹ ਦੀ ਇੱਜ਼ਤ ਕਰੋ।
24 ਕਿਉਂ? ਕਿਉਂਕਿ ਯਹੋਵਾਹ ਉਨ੍ਹਾਂ ਗਰੀਬਾਂ ਦੀ ਮਦਦ ਕਰਦਾ ਹੈ ਜਿਹੜੇ ਸੰਕਟ ਵਿੱਚ ਹਨ।
ਯਹੋਵਾਹ ਉਨ੍ਹਾਂ ਤੋਂ ਸ਼ਰਮਸਾਰ ਨਹੀਂ ਹੈ, ਤੇ ਨਾ ਹੀ ਉਹ ਉਨ੍ਹਾਂ ਨੂੰ ਨਫ਼ਰਤ ਕਰਦਾ ਹੈ।
ਜੇ ਲੋਕੀ ਯਹੋਵਾਹ ਵਲੋ ਮਦਦ ਲਈ ਪੁਕਾਰ ਕਰਨਗੇ
ਉਹ ਆਪਣੇ-ਆਪ ਨੂੰ ਲੋਕਾਂ ਤੋਂ ਨਹੀਂ ਛੁੱਪੇਗਾ।
25 ਯਹੋਵਾਹ, ਵੱਡੀ ਸਭਾ ਵਿੱਚ ਮੇਰੀ ਉਸਤਤਿ ਤੁਹਾਡੇ ਵੱਲੋਂ ਆਉਂਦੀ ਹੈ।
ਪਰਮੇਸ਼ੁਰ ਦੇ ਇਨ੍ਹਾਂ ਸਭ ਉਪਾਸੱਕਾਂ ਦੇ ਸਾਹਮਣੇ, ਮੈਂ ਬਲੀਆਂ ਭੇਟ ਕਰਾਂਗਾ ਜਿਹੜੀਆਂ ਮੈਂ ਦੇਣ ਦਾ ਵਾਅਦਾ ਕੀਤਾ ਸੀ।
26 ਗਰੀਬ ਲੋਕੋ, ਆਉ ਭੋਜਨ ਕਰੋ ਤੇ ਸੰਤੁਸ਼ਟ ਹੋ ਜਾਵੋ।
ਤੁਸੀਂ ਸਾਰੇ, ਜਿਹੜੇ ਯਹੋਵਾਹ ਨੂੰ ਲੱਭਦੇ ਆਏ ਹੋ ਉਸਦੀ ਉਸਤਤਿ ਕਰੋ।
ਤੁਹਾਡੇ ਦਿਲ ਸਦਾ ਲਈ ਪ੍ਰਸੰਨ ਰਹਿਣ।
27 ਦੂਰ ਦੁਰਾਡੇ ਦੇ ਸਭ ਦੇਸ਼ਾਂ ਦੇ ਲੋਕ, ਯਹੋਵਾਹ ਨੂੰ ਚੇਤੇ ਕਰਨ, ਤੇ ਵਾਪਸ ਉਸ ਕੋਲ ਆ ਜਾਣ।
ਅਤੇ ਵਿਦੇਸ਼ਾਂ ਦੇ ਸਾਰੇ ਪਰਿਵਾਰਿਕ ਸਮੂਹ ਉਸਦੀ ਉਪਾਸਨਾ ਕਰਨ।
28 ਕਿਉਂਕਿ ਯਹੋਵਾਹ ਹੀ ਰਾਜਾ ਹੈ।
ਉਹ ਸਮੂਹ ਕੌਮਾਂ ਉੱਤੇ ਰਾਜ ਕਰਦਾ ਹੈ।
29 ਤਕੜੇ, ਨਿਰੋਗ ਬੰਦਿਆਂ ਨੇ ਭੋਜਨ ਕੀਤਾ ਹੈ
ਅਤੇ ਪਰਮੇਸ਼ੁਰ ਅੱਗੇ ਸ਼ੀਸ਼ ਨਿਵਾਇਆ।
ਅਸਲ ਵਿੱਚ, ਸਮੂਹ ਲੋਕ, ਉਹ ਜਿਹੜੇ ਮਰ ਜਾਣਗੇ
ਅਤੇ ਉਹ ਜਿਹੜੇ ਪਹਿਲਾਂ ਹੀ ਮਰ ਚੁੱਕੇ ਹਨ, ਪਰਮੇਸ਼ੁਰ ਅੱਗੇ ਸ਼ੀਸ਼ ਨਿਵਾਉਣਗੇ।
30 ਅਤੇ ਭਵਿੱਖ ਵਿੱਚ, ਸਾਡੀ ਔਲਾਦ ਯਹੋਵਾਹ ਦੀ ਸਹਾਇਤਾ ਕਰੇਗੀ।
ਲੋਕੀ ਸਦਾ ਹੀ ਉਸ ਦੀਆਂ ਉਸਤਤਾਂ ਕਰਨਗੇ।
31 ਹਰੇਕ ਪੀੜੀ ਪਰਮੇਸ਼ੁਰ ਦੁਆਰਾ ਕੀਤੀਆਂ ਚੰਗੀਆਂ ਗੱਲਾਂ ਬਾਰੇ
ਆਪਣੇ ਬੱਚਿਆਂ ਨੂੰ ਦਸੇਗੀ।
17 ਇੱਕ ਦਿਨ ਯੱਸੀ ਨੇ ਆਪਣੇ ਪੁੱਤਰ ਦਾਊਦ ਨੂੰ ਕਿਹਾ, “ਇਹ ਭੁੱਜੇ ਹੋਏ ਦਾਣਿਆਂ ਦਾ ਟੋਕਰਾ ਅਤੇ ਦਸ ਰੋਟੀਆਂ ਆਪਣੇ ਭਰਾਵਾਂ ਲਈ ਡੇਰੇ ਉੱਤੇ ਲੈ ਜਾ। 18 ਅਤੇ ਇਹ 10 ਚੱਕੀਆਂ ਪਨੀਰ ਦੀਆਂ ਉਨ੍ਹਾਂ ਨੇ ਕਮਾਂਡਰਾ ਲਈ ਲੈ ਜਾ, ਜੋ ਤੇਰੇ ਭਰਾਵਾਂ ਦੇ 1,000 ਮਨੁੱਖਾਂ ਉੱਪਰ ਹੁਕਮ ਕਰਦਾ ਹੈ। ਅਤੇ ਇਹ ਵੀ ਵੇਖ ਕਿ ਤੇਰੇ ਭਰਾ ਉੱਥੇ ਕਿਵੇਂ ਹਨ, ਕੀ ਕਰ ਰਹੇ ਹਨ, ਅਤੇ ਉਨ੍ਹਾਂ ਦੀ ਕੁਝ ਨਿਸ਼ਾਨੀ ਲੈ ਆ। 19 ਉਸ ਵਕਤ ਸ਼ਾਊਲ ਅਤੇ ਉਹ ਅਤੇ ਇਸਰਾਏਲ ਦੇ ਸਭ ਲੋਕ ਏਲਾਹ ਦੀ ਵਾਦੀ ਵਿੱਚ ਫ਼ਲਿਸਤੀਆਂ ਨਾਲ ਲੜਦੇ ਪਏ ਸਨ।”
20 ਸਵੇਰ-ਸਾਰ ਹੀ ਦਾਊਦ ਨੇ ਉੱਠ ਕੇ ਭੇਡਾਂ ਨੂੰ ਰਾਖੇ ਦੇ ਕੋਲ ਛੱਡਿਆ ਅਤੇ ਜਿਵੇਂ ਯੱਸੀ ਨੇ ਉਸ ਨੂੰ ਆਖਿਆ ਸੀ ਉਹ ਵਸਤਾਂ ਲੈ ਕੇ ਤੁਰ ਪਿਆ। ਦਾਊਦ ਨੇ ਉਹ ਛਕੜਾ ਗੱਡੀ ਡੇਰੇ ਅੱਗੇ ਲਾਈ। ਉਸ ਵਕਤ ਸਿਪਾਹੀ ਆਪਣੀਆਂ ਪਾਲਾਂ ਬਨਾਉਣ ਦੇ ਆਹਰ ਵਿੱਚ ਰੁਝੇ ਸਨ ਅਤੇ ਉਹ ਆਪਣੇ ਮੋਰਚੇ ਵਿੱਚ ਲਲਕਾਰਾਂ ਮਾਰ ਰਹੇ ਸਨ, ਜਦੋਂ ਦਾਊਦ ਉੱਥੇ ਪਹੁੰਚਿਆ। 21 ਦੋਨੋਂ ਪਾਸੇ ਇਸਰਾਏਲੀ ਅਤੇ ਫ਼ਲਿਸਤੀ ਪਾਲਾਂ ਬੰਨ੍ਹ ਕੇ ਲੜਾਈ ਲਈ ਤਿਆਰ ਸਨ।
22 ਦਾਊਦ ਨੇ ਉਹ ਸਾਰੀਆਂ ਵਸਤਾਂ ਉਸ ਆਦਮੀ ਨੂੰ ਸੌਂਪੀਆਂ ਜੋ ਖਾਣ-ਪੀਣ ਦੇ ਸਮਾਨ ਦਾ ਪਾਹਰੂ ਸੀ ਅਤੇ ਆਪ ਉਹ ਉੱਥੇ ਗਿਆ ਜਿੱਥੇ ਇਸਰਾਏਲੀ ਸਿਪਾਹੀ ਤੈਨਾਤ ਸਨ। ਦਾਊਦ ਨੇ ਉਨ੍ਹਾਂ ਨੂੰ ਆਪਣੇ ਭਰਾਵਾਂ ਬਾਰੇ ਪੁੱਛਿਆ। 23 ਫ਼ਿਰ ਦਾਊਦ ਨੇ ਆਪਣੇ ਭਰਾਵਾਂ ਨਾਲ ਗੱਲ ਬਾਤ ਕਰਨੀ ਸ਼ੁਰੂ ਕੀਤੀ। ਅਜੇ ਉਹ ਹਾਲ-ਚਾਲ ਹੀ ਪੁੱਛ ਰਿਹਾ ਸੀ ਤਦ ਗੋਲਿਆਥ ਉਹ ਬਲਵਾਨ ਫ਼ਲਿਸਤੀ ਗਾਥੀ ਪਾਲਾਂ ਵਿੱਚੋਂ ਨਿਕਲਿਆ ਅਤੇ ਉਸ ਰੋਜ਼ ਵਾਂਗ ਫ਼ੇਰ ਗੱਲਾਂ ਕੀਤੀਆਂ ਅਤੇ ਲਲਕਾਰਿਆ ਜੋ ਦਾਊਦ ਨੇ ਵੀ ਸੁਣਿਆ।
24 ਇਸਰਾਏਲ ਦੇ ਸਾਰੇ ਮਨੁੱਖ ਗੋਲਿਆਥ ਕੋਲੋਂ ਡਰਕੇ ਭੱਜ ਗਏ। 25 ਉਨ੍ਹਾਂ ਵਿੱਚੋਂ ਇੱਕ ਇਸਰਾਏਲੀ ਮਨੁੱਖ ਨੇ ਕਿਹਾ, “ਤੁਸੀਂ ਇਸ ਮਨੁੱਖ ਵੱਲ ਵੇਖਿਆ ਹੈ ਜੋ ਹੁਣ ਨਿਕਲਿਆ ਹੈ। ਉਸ ਵੱਲ ਵੇਖੋ ਜ਼ਰਾ। ਸੱਚਮੁੱਚ ਇਹ ਤਾਂ ਇਸਰਾਏਲ ਨੂੰ ਸ਼ਰਮਿੰਦਾ ਕਰਨ ਹੀ ਆਇਆ ਹੈ ਅਤੇ ਇਉਂ ਹੋਵੇਗਾ ਕਿ ਜਿਹੜਾ ਉਸ ਨੂੰ ਮਾਰੇਗਾ ਤਾਂ ਸ਼ਾਊਲ ਪਾਤਸ਼ਾਹ ਉਸ ਨੂੰ ਮਾਲ ਨਾਲ ਧਨਵਾਨ ਕਰੇਗਾ। ਅਤੇ ਸ਼ਾਊਲ ਆਪਣੀ ਧੀ ਦਾ ਵਿਆਹ ਉਸ ਆਦਮੀ ਨਾਲ ਕਰੇਗਾ ਜੋ ਇਸ ਗੋਲਿਆਥ ਨੂੰ ਮਾਰ ਸੁੱਟੇਗਾ। ਅਤੇ ਉਸ ਦੇ ਪਿਉ ਦੇ ਟੱਬਰ ਨੂੰ ਇਸਰਾਏਲ ਦੇ ਵਿੱਚ ਆਜ਼ਾਦ ਕਰੇਗਾ।” [a]
26 ਦਾਊਦ ਨੇ ਆਪਨੇ ਕੋਲ ਖਲੋਤੇ ਆਦਮੀਆਂ ਨੂੰ ਪੁੱਛਿਆ, “ਉਸਨੇ ਕੀ ਆਖਿਆ? ਇਸ ਫ਼ਲਿਸਤੀ ਨੂੰ ਮਾਰਨ ਅਤੇ ਇਸਰਾਏਲ ਤੋਂ ਇਹ ਬੇਇੱਜ਼ਤੀ ਹਟਾਉਣ ਦਾ ਕੀ ਇਨਾਮ ਹੈ? ਆਖਿਰ ਇਹ ਗੋਲਿਆਥ ਹੈ ਕੌਣ? ਉਹ ਸਿਰਫ਼ ਇੱਕ ਵਿਦੇਸ਼ੀ ਹੈ ਅਤੇ ਸਿਰਫ਼ ਇੱਕ ਫ਼ਲਿਸਤੀ ਹੀ ਹੈ। ਉਹ ਇਹ ਕਿਉਂ ਸੋਚਦਾ ਕਿ ਉਹ ਪਰਮੇਸ਼ੁਰ ਦੀ ਸੈਨਾ ਨੂੰ ਲਲਕਾਰ ਸੱਕਦਾ ਹੈ।”
27 ਤਾਂ ਇਸਰਾਏਲੀ ਨੇ ਦਾਊਦ ਨੂੰ ਦੱਸਿਆ ਕਿ ਜੋ ਇਹ ਫ਼ਲਿਸਤੀ ਨੂੰ ਮਾਰੇ ਉਸ ਨੂੰ ਇਨਾਮ ਮਿਲੇਗਾ। 28 ਉਸ ਵੇਲੇ ਦਾਊਦ ਦੇ ਵੱਡੇ ਭਰਾ ਅਲੀਆਬ ਨੇ ਦਾਊਦ ਨੂੰ ਸੈਨਾ ਦੇ ਲੋਕਾਂ ਨਾਲ ਗੱਲਾਂ ਕਰਦੇ ਸੁਣ ਲਿਆ ਤਾਂ ਉਸ ਨੂੰ ਦਾਊਦ ਉੱਤੇ ਬੜਾ ਕਰੋਧ ਆਇਆ ਅਤੇ ਉਸ ਨੇ ਦਾਊਦ ਨੂੰ ਕਿਹਾ, “ਤੂੰ ਇੱਥੇ ਕਿਉਂ ਆਇਆ ਹੈ? ਤੂੰ ਉੱਥੇ ਉਜਾੜ ਵਿੱਚ ਇੱਜੜ ਨੂੰ ਭਲਾ ਕਿਸਦੇ ਸਹਾਰੇ ਛੱਡ ਕੇ ਆਇਆ ਹੈਂ? ਮੈਂ ਜਾਣਦਾ ਹਾਂ ਕਿ ਤੂੰ ਇੱਥੇ ਕਿਸ ਲਈ ਆਇਆ ਹੈਂ? ਕਿਉਂਕਿ ਜੋ ਕੰਮ ਤੈਨੂੰ ਕਰਨ ਵਾਸਤੇ ਕਿਹਾ ਗਿਆ ਤੂੰ ਉਹ ਨਹੀਂ ਕਰਨਾ ਚਾਹੁੰਦਾ। ਮੈਂ ਸਭ ਜਾਣਦਾ ਹਾਂ ਕਿ ਤੂੰ ਆਪਣੇ ਕੰਮ ਤੋਂ ਜੀਅ ਚੁਰਾਉਂਦਾ ਇੱਥੇ ਲੜਾਈ ਵੇਖਣ ਆ ਗਿਆ ਹੈ।”
29 ਦਾਊਦ ਨੇ ਕਿਹਾ, “ਤਾਂ ਹੁਣ ਦੱਸ ਮੈਂ ਕੀ ਕਰਾਂ? ਮੈਂ ਇਸ ਵਿੱਚ ਕੁਝ ਗਲਤੀ ਨਹੀਂ ਕੀਤੀ? ਮੈਂ ਤਾਂ ਕੇਵਲ ਗੱਲਾਂ ਕਰ ਰਿਹਾ ਸੀ।” 30 ਦਾਊਦ ਕੁਝ ਹੋਰ ਲੋਕਾਂ ਵੱਲ ਮੁੜਿਆ ਅਤੇ ਉਨ੍ਹਾਂ ਨੂੰ ਵੀ ਇਹੀ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਵੀ ਉਸ ਨੂੰ ਪਹਿਲਾਂ ਵਰਗਾ ਹੀ ਜਵਾਬ ਦਿੱਤਾ।
ਪਤਰਸ ਦਾ ਕੁਰਨੇਲਿਯੁਸ ਦੇ ਘਰ ਵਿੱਚ ਉਪਦੇਸ਼ ਦੇਣਾ
34 ਤਦ ਪਤਰਸ ਨੇ ਬੋਲਣਾ ਸ਼ੁਰੂ ਕੀਤਾ, “ਮੈਂ ਸੱਚਮੁੱਚ ਹੁਣ ਸਮਝਿਆ ਹਾਂ ਕਿ ਪਰਮੇਸ਼ੁਰ ਦੀ ਨਜ਼ਰ ਵਿੱਚ ਸਭ ਜੀਅ ਬਰਾਬਰ ਹਨ। 35 ਸਗੋਂ ਹਰੇਕ ਕੌਮ ਵਿੱਚੋਂ ਜੋ ਕੋਈ ਵੀ ਉਸ ਤੋਂ ਡਰਦਾ ਹੈ ਅਤੇ ਭਲੇ ਕੰਮ ਕਰਦਾ ਹੈ ਉਹ ਪਰਮੇਸ਼ੁਰ ਨੂੰ ਸਵੀਕਾਰ ਹੁੰਦਾ ਹੈ। 36 ਇਹ ਉਹ ਸੁਨੇਹਾ ਹੈ ਜੋ ਉਸ ਨੇ ਯਹੂਦੀ ਲੋਕਾਂ ਨੂੰ ਭੇਜਿਆ ਸੀ ਪਰਮੇਸ਼ੁਰ ਨੇ ਉਨ੍ਹਾਂ ਨੂੰ ਖੁਸ਼ਖਬਰੀ ਭੇਜੀ ਸੀ ਕਿ ਯਿਸੂ ਮਸੀਹ ਦੁਆਰਾ ਸ਼ਾਂਤੀ ਆਈ ਹੈ ਅਤੇ ਯਿਸੂ ਸਭ ਲੋਕਾਂ ਦਾ ਪ੍ਰਭੂ ਹੈ।
37 “ਤੁਹਾਨੂੰ ਪਤਾ ਹੈ ਕਿ ਸਾਰੇ ਯਹੂਦਿਯਾ ਵਿੱਚ ਕੀ ਹੋਇਆ ਸੀ। ਇਸ ਦੀ ਸ਼ੁਰੂਆਤ ਗਲੀਲ ਵਿੱਚ ਯੂਹੰਨਾ ਦੇ ਬਪਤਿਸਮੇ ਬਾਰੇ ਪ੍ਰਚਾਰ ਤੋਂ ਬਾਅਦ ਹੋਈ ਅਤੇ ਇਹ ਸਾਰੇ ਯਹੂਦਿਯਾ ਵਿੱਚ ਫ਼ੈਲ ਗਈ ਸੀ। 38 ਤੁਸੀਂ ਯਿਸੂ ਨਾਸਰੀ ਬਾਰੇ ਜਾਣਦੇ ਹੋ। ਪ੍ਰਭੂ ਪਰਮੇਸ਼ੁਰ ਨੇ ਉਸ ਨੂੰ ਪਵਿੱਤਰ ਆਤਮਾ ਤੇ ਸ਼ਕਤੀ ਦੇਕੇ ਮਸੀਹ ਕੀਤਾ ਸੀ ਅਤੇ ਉਹ ਸਭ ਜਗ਼੍ਹਾ ਜਾਕੇ ਲੋਕਾਂ ਦਾ ਭਲਾ ਕਰਦਾ ਰਿਹਾ। ਯਿਸੂ ਨੇ ਉਨ੍ਹਾਂ ਲੋਕਾਂ ਨੂੰ ਚੰਗਿਆਂ ਕੀਤਾ ਜੋ ਸ਼ੈਤਾਨ ਦੁਆਰਾ ਸਤਾਏ ਹੋਏ ਸਨ। ਇੱਥੋਂ ਪਤਾ ਚੱਲਦਾ ਹੈ ਕਿ ਪਰਮੇਸ਼ੁਰ ਉਸ ਦੇ ਵੱਲ ਸੀ।
39 “ਅਸੀਂ ਉਨ੍ਹਾਂ ਸਭਨਾਂ ਕੰਮਾਂ ਦੇ ਗਵਾਹ ਹਾਂ ਜਿਹੜੇ ਉਸ ਨੇ ਯਹੂਦਿਯਾ ਅਤੇ ਯਰੂਸ਼ਲਮ ਵਿੱਚ ਕੀਤੇ। ਪਰ ਉਨ੍ਹਾਂ ਨੇ ਉਸ ਨੂੰ ਲਕੜੀ ਦੀ ਬਣੀ ਸਲੀਬ ਤੇ ਮੇਖਾਂ ਨਾਲ ਠੋਕ ਦਿੱਤਾ। 40 ਪਰ ਪਰਮੇਸ਼ੁਰ ਨੇ ਉਸਦੀ ਮੌਤ ਤੋਂ ਤੀਜੇ ਦਿਨ ਬਾਅਦ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਉਸ ਨੂੰ ਲੋਕਾਂ ਨੂੰ ਪ੍ਰਗਟਾਇਆ। 41 ਪਰ ਯਿਸੂ ਸਭ ਲੋਕਾਂ ਨੂੰ ਪਰਗਟ ਨਾ ਹੋਇਆ, ਸਿਰਫ਼ ਜਿਹੜੇ ਗਵਾਹ ਸਨ ਜਿਨ੍ਹਾਂ ਨੂੰ ਕਿ ਪਰਮੇਸ਼ੁਰ ਨੇ ਪਹਿਲਾਂ ਤੋਂ ਹੀ ਚੁਣਿਆ ਹੋਇਆ ਸੀ, ਸਿਰਫ਼ ਉਹੀ ਉਸ ਨੂੰ ਵੇਖਣ ਦੇ ਸਮਰੱਥ ਹੋਏ। ਅਸੀਂ ਹੀ ਉਹ ਗਵਾਹ ਹਾਂ। ਜਦੋਂ ਉਹ ਮੁਰਦੇ ਤੋਂ ਜਿਵਾਲਿਆ ਗਿਆ ਸੀ ਤਾਂ ਅਸੀਂ ਉਸ ਨਾਲ ਮਿਲ ਬੈਠਕੇ ਖਾਧਾ ਅਤੇ ਪੀਤਾ।
42 “ਯਿਸੂ ਨੇ ਸਾਨੂੰ ਲੋਕਾਂ ਵਿੱਚ ਪ੍ਰਚਾਰ ਕਰਨ ਨੂੰ ਕਿਹਾ। ਉਸ ਨੇ ਸਾਨੂੰ ਲੋਕਾਂ ਨੂੰ ਇਹ ਦੱਸਣ ਲਈ ਕਿਹਾ ਕਿ ਉਸ ਨੂੰ ਪਰਮੇਸ਼ੁਰ ਦੁਆਰਾ ਉਨ੍ਹਾਂ ਸਾਰਿਆਂ ਲੋਕਾਂ ਉੱਤੇ ਮੁਨਸਫ਼ ਹੋਣ ਲਈ ਚੁਣਿਆ ਗਿਆ ਹੈ, ਭਾਵੇਂ ਉਹ ਲੋਕ ਜਿਉਂਦੇ ਹਨ ਜਾਂ ਮੁਰਦਾ। 43 ਹਰ ਉਹ ਮਨੁੱਖ ਜਿਹੜਾ ਯਿਸੂ ਵਿੱਚ ਨਿਹਚਾ ਰੱਖਦਾ ਹੈ ਉਸ ਨੂੰ ਮੁਆਫ਼ ਕੀਤਾ ਜਾਵੇਗਾ। ਯਿਸੂ ਦੇ ਨਾਂ ਤੇ ਉਸ ਦੇ ਪਾਪ ਖਿਮਾ ਕੀਤੇ ਜਾਣਗੇ। ਸਭ ਨਬੀ ਇਸ ਗੱਲ ਦੀ ਸਾਖੀ ਦਿੰਦੇ ਹਨ।”
ਪਰਾਈਆਂ ਕੌਮਾਂ ਤੇ ਪਵਿੱਤਰ ਆਤਮਾ ਦਾ ਆਉਣਾ
44 ਜਦੋਂ ਪਤਰਸ ਅਜੇ ਬੋਲ ਕਰ ਰਿਹਾ ਸੀ, ਪਵਿੱਤਰ ਆਤਮਾ ਉਨ੍ਹਾਂ ਸਾਰੇ ਲੋਕਾਂ ਉੱਪਰ ਆਇਆ, ਜੋ ਸੰਦੇਸ਼ ਨੂੰ ਸੁਣ ਰਹੇ ਸਨ। 45 ਯਹੂਦੀ ਚੇਲੇ ਜਿਹੜੇ ਪਤਰਸ ਦੇ ਨਾਲ ਆਏ ਸਨ ਇਹ ਵੇਖਕੇ ਹੈਰਾਨ ਹੋ ਗਏ। ਉਹ ਹੈਰਾਨ ਸਨ ਕਿ ਪਵਿੱਤਰ ਆਤਮਾ ਗੈਰ ਯਹੂਦੀਆਂ ਉੱਪਰ ਵੀ ਵਹਾਇਆ ਗਿਆ ਸੀ। 46 ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਨੂੰ ਵਖਰੀਆਂ ਭਾਸ਼ਾਵਾਂ ਵਿੱਚ ਬੋਲਦਿਆਂ ਅਤੇ ਪਰਮੇਸ਼ੁਰ ਦੀ ਉਸਤਤਿ ਕਰਦਿਆਂ ਸੁਣਿਆ ਸੀ। ਤਦ ਪਤਰਸ ਨੇ ਆਖਿਆ, 47 “ਕੀ ਕੋਈ ਵੀ ਇਨ੍ਹਾਂ ਲੋਕਾਂ ਨੂੰ ਪਾਣੀ ਅੰਦਰ ਜਾਣ ਅਤੇ ਬਪਤਿਸਮਾ ਲੈਣ ਤੋਂ ਰੋਕ ਸੱਕਦਾ ਹੈ? ਕਿਉਂ ਕਿ ਉਨ੍ਹਾਂ ਨੇ ਉਵੇਂ ਹੀ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ ਜਿਵੇਂ ਕਿ ਅਸੀਂ ਪ੍ਰਾਪਤ ਕੀਤਾ ਸੀ।” 48 ਇਸ ਲਈ ਪਤਰਸ ਨੇ ਕੁਰਨੇਲਿਯੁਸ ਨੂੰ ਉਸ ਦੇ ਸਾਕ-ਸੰਬੰਧੀਆਂ ਨੂੰ ਉਸ ਦੇ ਦੋਸਤਾਂ ਨੂੰ ਯਿਸੂ ਮਸੀਹ ਦੇ ਨਾਂ ਤੇ ਬਪਤਿਸਮਾ ਲੈਣ ਦਾ ਹੁਕਮ ਦਿੱਤਾ। ਉਸਤੋਂ ਬਾਅਦ ਉੱਥੋਂ ਦੇ ਲੋਕਾਂ ਨੇ ਪਤਰਸ ਨੂੰ ਉੱਥੇ ਕੁਝ ਦਿਨ ਹੋਰ ਰਹਿਣ ਲਈ ਮਿੰਨਤ ਕੀਤੀ।
ਯਿਸੂ ਦਾ ਆਗਮਨ(A)
1 ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਦੀ ਖੁਸ਼ਖਬਰੀ ਦਾ ਆਰੰਭ: 2 ਜਿਵੇਂ ਕਿ ਇਹ ਨਬੀ ਯਸਾਯਾਹ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ:
“ਸੁਣੋ! ਮੈਂ ਆਪਣੇ ਦੂਤ ਨੂੰ ਤੇਰੇ ਅੱਗੇ ਭੇਜਾਂਗਾ।
ਉਹ ਤੇਰੇ ਲਈ ਰਸਤਾ ਤਿਆਰ ਕਰੇਗਾ।” (B)
3 “ਉਜਾੜ ਵਿੱਚ ਇੱਕ ਮਨੁੱਖ ਪੁਕਾਰ ਰਿਹਾ ਹੈ:
‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ,
ਉਸ ਦੇ ਰਾਹਾਂ ਨੂੰ ਸਿਧੇ ਕਰੋ।’” (C)
4 ਯੂਹੰਨਾ ਬਪਤਿਸਮਾ ਦੇਣ ਵਾਲਾ ਆਇਆ, ਅਤੇ ਉਸ ਨੇ ਉਜਾੜ ਵਿੱਚ ਆਕੇ ਲੋਕਾਂ ਨੂੰ ਬਪਤਿਸਮਾ ਦਿੱਤਾ। ਉਸ ਨੇ ਉਨ੍ਹਾਂ ਨੂੰ ਸਿੱਖਾਇਆ ਕਿ ਉਹ ਬਪਤਿਸਮਾ ਲੈ ਕੇ ਇਹ ਵਿਖਾਉਣ ਕਿ ਉਨ੍ਹਾਂ ਨੇ ਆਪਣੇ ਜੀਵਨ ਬਦਲ ਲਏ ਹਨ। ਇਸ ਤਰ੍ਹਾਂ, ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾ ਸੱਕਣਗੇ। 5 ਸਾਰੇ ਯਹੂਦਿਯਾ ਅਤੇ ਯਰੂਸ਼ਲਮ ਦੇਸ਼ ਦੇ ਲੋਕ ਉਸ ਕੋਲ ਆਏ ਅਤੇ ਆਪੋ-ਆਪਣੇ ਕੀਤੇ ਪਾਪਾਂ ਬਾਰੇ ਦੱਸਣ ਲੱਗੇ ਤਾਂ ਉਸਤੋਂ ਬਾਦ ਯੂਹੰਨਾ ਨੇ ਉਨ੍ਹਾਂ ਨੂੰ ਯਰਦਨ ਨਦੀ ਵਿੱਚ ਬਪਤਿਸਮਾ ਦਿੱਤਾ।
6 ਯੂਹੰਨਾ ਦੇ ਕੱਪੜੇ ਊਠ ਦੇ ਵਾਲਾਂ ਦੇ ਸਨ ਅਤੇ ਉਸਦੀ ਕਮਰ ਉੱਤੇ ਚਮੜੇ ਦੀ ਪੇਟੀ ਬੰਧੀ ਹੋਈ ਸੀ। ਉਹ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਸੀ।
7 ਅਤੇ ਉਸ ਨੇ ਲੋਕਾਂ ਵਿੱਚ ਇਹ ਪ੍ਰਚਾਰ ਕੀਤਾ ਕਿ ਭਈ: “ਮੇਰੇ ਤੋਂ ਬਾਦ ਉਹ ਇੱਕ ਆਵੇਗਾ ਅਤੇ ਉਹ ਮੇਰੇ ਤੋਂ ਵੱਧ ਮਹਾਨ ਹੈ ਅਤੇ ਮੈਂ ਇਸ ਲਾਇੱਕ ਵੀ ਨਹੀਂ ਕਿ ਨਿਉਂ ਕੇ ਉਸਦੀ ਜੁੱਤੀ ਦਾ ਤਸਮਾ ਖੋਲ੍ਹਾਂ। 8 ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ ਹੈ ਪਰ ਉਹ ਮਨੁੱਖ ਜਿਹੜਾ ਕਿ ਆ ਰਿਹਾ ਹੈ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ।”
ਯਿਸੂ ਨੂੰ ਬਪਤਿਸਮਾ(D)
9 ਉਸ ਵਕਤ ਯਿਸੂ ਗਲੀਲ ਦੇ ਨਾਸਰਤ ਸ਼ਹਿਰ ਤੋਂ ਯੂਹੰਨਾ ਦੇ ਕੋਲ ਆਇਆ ਅਤੇ ਯੂਹੰਨਾ ਨੇ ਉਸ ਨੂੰ ਯਰਦਨ ਨਦੀ ਵਿੱਚ ਬਪਤਿਸਮਾ ਦਿੱਤਾ। 10 ਜਿਸ ਵਕਤ ਯਿਸੂ ਪਾਣੀ ਵਿੱਚੋਂ ਬਾਹਰ ਨਿਕਲ ਰਿਹਾ ਸੀ ਤਾਂ ਉਸ ਨੇ ਅਕਾਸ਼ ਨੂੰ ਖੁਲ੍ਹਦਿਆਂ ਵੇਖਿਆ ਅਤੇ ਉਸ ਵਿੱਚੋਂ ਪਵਿੱਤਰ ਆਤਮਾ ਯਿਸੂ ਕੋਲ ਘੁੱਗੀ ਵਾਂਗ ਥੱਲੇ ਉੱਤਰਿਆ। 11 ਸਵਰਗ ਵਿੱਚੋਂ ਅਕਾਸ਼ਵਾਣੀ ਹੋਈ, “ਤੂੰ ਮੇਰਾ ਪਿਆਰਾ ਪੁੱਤਰ ਹੈ। ਮੈਂ ਤੈਥੋਂ ਬਹੁਤ ਖੁਸ਼ ਹਾਂ।”
ਯਿਸੂ ਦਾ ਪਰਤਾਇਆ ਜਾਣਾ(E)
12 ਤਦ ਆਤਮਾ ਯਿਸੂ ਨੂੰ ਇੱਕਲਿਆਂ ਉਜਾੜ ਵਿੱਚ ਲੈ ਗਿਆ। 13 ਉਹ ਉੱਥੇ ਚਾਲੀ ਦਿਨ ਤੱਕ ਸ਼ੈਤਾਨ ਦੁਆਰਾ ਪਰਤਾਇਆ ਗਿਆ। ਜਦੋਂ ਉਹ ਉੱਥੇ ਜੰਗਲੀ ਜਾਨਵਰਾਂ ਨਾਲ ਸੀ, ਤਾਂ ਉਦੋਂ ਦੂਤ ਉਸਦੀ ਸੇਵਾ ਕਰ ਰਹੇ ਸਨ।
2010 by World Bible Translation Center