Revised Common Lectionary (Complementary)
ਪੇ
129 ਯਹੋਵਾਹ, ਤੁਹਾਡਾ ਕਰਾਰ ਸ਼ਾਨਦਾਰ ਹੈ।
ਇਸੇ ਲਈ ਮੈਂ ਇਸ ਉੱਤੇ ਚੱਲਦਾ ਹਾਂ।
130 ਜਦੋਂ ਲੋਕ ਤੁਹਾਡੇ ਸ਼ਬਦ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹਨ।
ਉਦੋਂ ਲੱਗਦਾ ਹੈ ਜਿਵੇਂ ਕੋਈ ਰੌਸ਼ਨੀ ਉਨ੍ਹਾਂ ਨੂੰ ਸਹੀ ਜੀਵਨ ਢੰਗ ਸਿੱਖਾ ਰਹੀ ਹੋਵੇ।
ਤੁਹਾਡਾ ਸ਼ਬਦ ਸਿੱਧੜ ਬੰਦੇ ਨੂੰ ਵੀ ਸਿਆਣਾ ਬਣਾ ਦਿੰਦਾ ਹੈ।
131 ਯਹੋਵਾਹ, ਮੈਂ ਸੱਚਮੁੱਚ ਤੁਹਾਡੇ ਆਦੇਸ਼ਾ ਦਾ ਅਧਿਐਨ ਕਰਨਾ ਚਾਹੁੰਦਾ ਹਾਂ।
ਮੈਂ ਉਸੇ ਬੰਦੇ ਵਰਗਾ ਹਾਂ ਜਿਹੜਾ ਔਖੇ ਸਾਹ ਲੈ ਰਿਹਾ ਹੁੰਦਾ ਹੈ ਅਤੇ ਬੇਚੈਨੀ ਨਾਲ ਇੰਤਜ਼ਾਰ ਕਰ ਰਿਹਾ ਹੁੰਦਾ ਹੈ।
132 ਹੇ ਪਰਮੇਸ਼ੁਰ ਮੇਰੇ ਵੱਲ ਤੱਕੋ ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
ਉਹੀ ਕਰੋ ਜੋ ਉਨ੍ਹਾਂ ਲੋਕਾਂ ਲਈ ਉਚਿਤ ਹੈ।
ਜਿਹੜੇ ਤੁਹਾਡੇ ਨਾਮ ਨੂੰ ਪਿਆਰ ਕਰਦੇ ਹਨ।
133 ਹੇ ਯਹੋਵਾਹ, ਮੇਰੀ ਰਾਹਨੁਮਾਈ ਕਰੋ ਜਿਵੇਂ ਤੁਸਾਂ ਵਾਅਦਾ ਕੀਤਾ ਸੀ।
ਪਾਪ ਨੂੰ ਮੇਰੇ ਉੱਤੇ ਸ਼ਾਸਨ ਨਾ ਕਰਨ ਦਿਉ।
134 ਯਹੋਵਾਹ, ਮੈਨੂੰ ਉਨ੍ਹਾਂ ਲੋਕਾਂ ਕੋਲੋਂ ਬਚਾਉ ਜਿਹੜੇ ਮੈਨੂੰ ਦੁੱਖ ਦਿੰਦੇ ਹਨ।
ਅਤੇ ਮੈਂ ਤੁਹਾਡੇ ਆਦੇਸ਼ ਮੰਨਾਗਾ।
135 ਯਹੋਵਾਹ, ਆਪਣੇ ਸੇਵਕ ਨੂੰ ਪ੍ਰਵਾਨ ਕਰੋ
ਅਤੇ ਮੈਨੂੰ ਆਪਣੇ ਨੇਮ ਸਿੱਖਾਉ।
136 ਮੈਂ ਅੱਥਰੂਆਂ ਦੇ ਦਰਿਆ ਵਹਾਏ ਹਨ
ਕਿਉਂਕਿ ਲੋਕ ਤੁਹਾਡੀਆਂ ਸਿੱਖਿਆਵਾਂ ਨੂੰ ਨਹੀਂ ਮੰਨਦੇ।
ਪਾਤਸ਼ਾਹ ਦਾਊਦ ਦੀ ਮੌਤ
2 ਦਾਊਦ ਦਾ ਅੰਤ ਨੇੜੇ ਆਇਆ ਤਾਂ ਉਸ ਨੇ ਸੁਲੇਮਾਨ ਨੂੰ ਆਪਣੇ ਕੋਲ ਬੁਲਾ ਕੇ ਕਿਹਾ, 2 “ਹਰ ਇਨਸਾਨ ਦੀ ਤਰ੍ਹਾਂ, ਮੈਂ ਵੀ ਮਰਨ ਹੀ ਵਾਲਾ ਹਾਂ। ਪਰ ਤੂੰ ਤਕੜਾ ਹੋ ਰਿਹਾ ਹੈ ਅਤੇ ਆਦਮੀ ਬਣ ਰਿਹਾ ਹੈ। 3 ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਮੰਨ ਅਤੇ ਉਸ ਦੇ ਕਹੇ ਅਨੁਸਾਰ ਕਰ। ਉਸ ਦੀਆਂ ਸਭ ਬਿਧੀਆਂ, ਹੁਕਮਾਂ, ਨਿਆਵਾਂ ਅਤੇ ਸਾਖੀਆਂ ਨੂੰ ਮੰਨ ਜਿਵੇਂ ਕਿ ਉਹ ਮੂਸਾ ਦੀ ਬਿਵਸਥਾ ਵਿੱਚ ਲਿਖੇ ਹੋਏ ਹਨ। ਜੇਕਰ ਤੂੰ ਇਉਂ ਕਰੇਂਗਾ, ਜੋ ਕੁਝ ਵੀ ਤੂੰ ਕਰੇਂਗਾ ਜਾਂ ਜਿੱਥੇ ਵੀ ਤੂੰ ਜਾਵੇਂਗਾ, ਤੂੰ ਸਫ਼ਲ ਹੋਵੇਂਗਾ। 4 ਜੇਕਰ ਤੂੰ ਯਹੋਵਾਹ ਨੂੰ ਮੰਨੇਗਾ, ਤਾਂ ਯਹੋਵਾਹ ਮੇਰੇ ਬਾਰੇ ਕੀਤੇ ਇਸ ਇਕਰਾਰ ਨੂੰ ਨਿਭਾਵੇਗਾ: ਯਹੋਵਾਹ ਨੇ ਆਖਿਆ, ‘ਜੇਕਰ ਤੇਰੇ ਪੁੱਤਰ ਮੇਰੀਆਂ ਬਿਧੀਆਂ ਨੂੰ ਇਮਾਨਦਾਰੀ ਅਤੇ ਤਹੇ ਦਿਲੋਂ ਮੰਨਣਗੇ, ਤੇਰੇ ਘਰਾਣੇ ਵਿੱਚੋਂ ਇੱਕ ਆਦਮੀ ਹਮੇਸ਼ਾ ਇਸਰਾਏਲ ਉੱਪਰ ਰਾਜ ਕਰੇਗਾ।’”
ਯਹੂਦੀਆਂ ਨੇ ਯਿਸੂ ਤੋਂ ਨਿਸ਼ਾਨ ਮੰਗਿਆ(A)
38 ਤਦ ਕੁਝ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਪੁੱਛਿਆ, “ਗੁਰੂ, ਅਸੀਂ ਤੈਥੋਂ ਨਿਸ਼ਾਨ ਵਜੋਂ ਕੋਈ ਕਰਿਸ਼ਮਾ ਵੇਖਣਾ ਚਾਹੁੰਦੇ ਹਾਂ।”
39 ਯਿਸੂ ਨੇ ਉੱਤਰ ਦਿੱਤਾ, “ਦੁਸ਼ਟ ਅਤੇ ਪਾਪੀ ਲੋਕ ਹੀ ਨਿਸ਼ਾਨ ਵਜੋਂ ਕਰਿਸ਼ਮਾ ਵੇਖਣਾ ਲੋਚਦੇ ਹਨ। ਪਰ ਉਨ੍ਹਾਂ ਲੋਕਾਂ ਨੂੰ ਸਬੂਤ ਵਜੋਂ ਕੋਈ ਨਿਸ਼ਾਨ ਨਹੀਂ ਦਿੱਤਾ ਜਾਵੇਗਾ, ਸਿਵਾ ਉਸ ਨਿਸ਼ਾਨ ਦੇ, ਜੋ ਨਬੀ ਯੂਨਾਹ ਨਾਲ ਵਾਪਰਿਆ। 40 ਜਿਵੇਂ ਕਿ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਵੱਡੀ ਮੱਛੀ ਦੇ ਢਿਡ ਵਿੱਚ ਰਿਹਾ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਰਹੇਗਾ। 41 ਨੀਨਵਾਹ ਦੇ ਲੋਕ ਅਤੇ ਉਹ ਲੋਕ ਜੋ ਅੱਜ ਜਿਉਂਦੇ ਹਨ, ਨਿਆਂ ਦੇ ਦਿਨ ਉੱਠ ਖੜ੍ਹੇ ਹੋਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂਕਿ ਯੂਨਾਹ ਦਾ ਪ੍ਰਚਾਰ ਸੁਣਕੇ ਉਨ੍ਹਾਂ ਨੇ ਆਪਣੇ ਜੀਵਨ ਬਦਲ ਲਏ। ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਯੂਨਾਹ ਤੋਂ ਵੀ ਵੱਡਾ ਇੱਥੇ ਹੈ।
42 “ਦੱਖਣ ਦੀ ਰਾਣੀ ਵੀ ਇਸ ਪੀੜ੍ਹੀ ਦੇ ਲੋਕਾਂ ਨਾਲ ਨਿਆਂ ਦੇ ਦਿਨ ਉੱਠ ਖੜ੍ਹੀ ਹੋਵੇਗੀ ਅਤੇ ਉਹ ਦਿਖਾਵੇਗੀ ਕੋ ਤੁਸੀਂ ਗਲਤ ਹੋ। ਕਿਉਂਕਿ ਉਹ ਦੂਰ-ਦੁਰਾਡਿਉਂ ਸੁਲੇਮਾਨ ਦਾ ਉਪਦੇਸ਼ ਸੁਨਣ ਆਈ ਸੀ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਸੁਲੇਮਾਨ ਤੋਂ ਵੀ ਵੱਡਾ ਇੱਥੇ ਹੈ।
2010 by World Bible Translation Center