Revised Common Lectionary (Complementary)
5 ਫ਼ੇਰ ਨਬੀ ਯਿਰਮਿਯਾਹ ਨੇ ਨਬੀ ਹਨਨਯਾਹ ਨੂੰ ਜਵਾਬ ਦਿੱਤਾ। ਉਹ ਯਹੋਵਾਹ ਦੇ ਮੰਦਰ ਵਿੱਚ ਖਲੋਤੇ ਸਨ। ਜਾਜਕ ਅਤੇ ਉੱਥੋਂ ਦੇ ਸਾਰੇ ਲੋਕ ਯਿਰਮਿਯਾਹ ਦਾ ਜਵਾਬ ਸੁਣ ਸੱਕਦੇ ਸਨ। 6 ਯਿਰਮਿਯਾਹ ਨੇ ਹਨਨਯਾਹ ਨੂੰ ਆਖਿਆ, “ਆਮੀਨ! ਮੈਨੂੰ ਉਮੀਦ ਹੈ ਕਿ ਯਹੋਵਾਹ ਸੱਚਮੁੱਚ ਅਜਿਹਾ ਹੀ ਕਰੇਗਾ! ਮੈਨੂੰ ਉਮੀਦ ਹੈ ਕਿ ਤੂੰ ਜਿਸ ਸੰਦੇਸ਼ ਦਾ ਪ੍ਰਚਾਰ ਕਰਦਾ ਹੈਂ ਯਹੋਵਾਹ ਉਸ ਨੂੰ ਸੱਚ ਕਰ ਦੇਵੇਗਾ! ਮੈਨੂੰ ਉਮੀਦ ਹੈ ਕਿ ਯਹੋਵਾਹ ਬਾਬਲ ਤੋਂ ਯਹੋਵਾਹ ਦੇ ਮੰਦਰ ਦੀਆਂ ਚੀਜ਼ਾਂ ਨੂੰ ਇਸ ਥਾਂ ਵਾਪਸ ਲਿਆਵੇਗਾ। ਅਤੇ ਮੈਨੂੰ ਉਮੀਦ ਹੈ ਕਿ ਯਹੋਵਾਹ ਉਨ੍ਹਾਂ ਸਾਰੇ ਲੋਕਾਂ ਨੂੰ ਇੱਥੇ ਵਾਪਸ ਲਿਆਵੇਗਾ ਜਿਨ੍ਹਾਂ ਨੂੰ ਮਜ਼ਬੂਰ ਹੋਕੇ ਆਪਣੇ ਘਰ ਛੱਡਣੇ ਪਏ ਸਨ।
7 “ਪਰ ਜੋ ਮੈਂ ਆਖਦਾ ਹਾਂ ਉਸ ਨੂੰ ਧਿਆਨ ਨਾਲ ਸੁਣੋ, ਹਨਨਯਾਹ। ਜੋ ਮੈਂ ਤੁਹਾਨੂੰ, ਸਾਰੇ ਲੋਕਾਂ ਨੂੰ, ਆਖਦਾ ਹਾਂ ਉਸ ਨੂੰ ਧਿਆਨ ਨਾਲ ਸੁਣੋ। 8 ਹਨਨਯਾਹ, ਤੇਰੇ ਅਤੇ ਮੇਰੇ ਨਬੀ ਬਣਨ ਤੋਂ ਪਹਿਲਾਂ ਵੀ ਇੱਥੇ ਨਬੀ ਸਨ। ਉਨ੍ਹਾਂ ਨੇ ਪ੍ਰਚਾਰ ਕੀਤਾ ਸੀ ਕਿ ਜੰਗ, ਭੁੱਖਮਰੀ ਅਤੇ ਭਿਆਨਕ ਬੀਮਾਰੀਆਂ ਬਹੁਤ ਸਾਰੇ ਦੇਸ਼ਾਂ ਅਤੇ ਮਹਾਨ ਰਾਜਧਾਨੀਆਂ ਅੰਦਰ ਆਉਣਗੀਆਂ। 9 ਪਰ ਜਿਹੜਾ ਨਬੀ ਇਹ ਪ੍ਰਚਾਰ ਕਰਦਾ ਹੈ ਕਿ ਸਾਨੂੰ ਅਮਨ ਮਿਲੇਗਾ ਉਸਦੀ ਪਰੀਖਿਆ ਅਵੱਸ਼ ਹੋਣੀ ਚਾਹੀਦੀ ਹੈ ਕਿ ਕੀ ਉਸ ਨੂੰ ਯਹੋਵਾਹ ਵੱਲੋਂ ਭੇਜਿਆ ਗਿਆ ਸੀ। ਜੇ ਉਸ ਨਬੀ ਦਾ ਸੰਦੇਸ਼ ਸੱਚ ਨਿਕਲਦਾ ਹੈ ਤਾਂ ਲੋਕ ਜਾਣ ਸੱਕਣਗੇ ਕਿ ਉਸ ਨੂੰ ਸੱਚਮੁੱਚ ਯਹੋਵਾਹ ਵੱਲੋਂ ਭੇਜਿਆ ਗਿਆ ਸੀ।”
ਅਜ਼ਰਾਂਹੀ ਦੇ ਏਥਾਨ ਦਾ ਭਗਤੀ ਗੀਤ।
89 ਮੈਂ ਹਮੇਸ਼ਾ ਯਹੋਵਾਹ ਦੇ ਪਿਆਰ ਬਾਰੇ ਗਾਵਾਂਗਾ।
ਮੈਂ ਸਦਾ-ਸਦਾ ਲਈ ਉਸਦੀ ਵਫ਼ਾਦਾਰੀ ਗਾਵਾਂਗਾ।
2 ਯਹੋਵਾਹ, ਮੈਨੂੰ ਸੱਚਮੁੱਚ ਵਿਸ਼ਵਾਸ ਹੈ, “ਤੁਹਾਡਾ ਪਿਆਰ ਸਦੀਵੀ ਹੈ।
ਤੁਹਾਡੀ ਵਫ਼ਾਦਾਰੀ ਨਿਰੰਤਰ ਅਕਾਸ਼ਾਂ ਵਾਂਗ ਰਹਿੰਦੀ ਹੈ।”
3 ਪਰਮੇਸ਼ੁਰ ਨੇ ਆਖਿਆ, “ਮੈਂ ਆਪਣੇ ਚੁਣੇ ਹੋਏ ਰਾਜੇ ਨਾਲ ਕਰਾਰ ਕੀਤਾ ਸੀ।
ਮੈਂ ਆਪਣੇ ਸੇਵਕ ਦਾਊਦ ਨਾਲ ਵਾਅਦਾ ਕੀਤਾ ਸੀ।
4 ‘ਦਾਊਦ, ਮੈਂ ਤੇਰੇ ਪਰਿਵਾਰ ਨੂੰ ਸਦਾ ਰਹਿਣ ਵਾਲਾ ਬਣਾ ਦਿਆਂਗਾ।
ਮੈਂ ਤੇਰੇ ਰਾਜ ਨੂੰ ਸਦਾ-ਸਦਾ ਰਹਿਣ ਲਈ ਬਣਾ ਦਿਆਂਗਾ।’”
15 ਹੇ ਪਰਮੇਸ਼ੁਰ, ਤੁਹਾਡੇ ਵਫ਼ਾਦਾਰ ਸੇਵਕ ਸੱਚਮੁੱਚ ਖੁਸ਼ ਰਹਿੰਦੇ ਹਨ,
ਉਹ ਤੁਹਾਡੀ ਦਯਾ ਦੀ ਰੌਸ਼ਨੀ ਵਿੱਚ ਰਹਿੰਦੇ ਹਨ।
16 ਤੁਹਾਡਾ ਨਾਮ ਉਨ੍ਹਾਂ ਨੂੰ ਸਦਾ ਖੁਸ਼ੀ ਦਿੰਦਾ ਹੈ।
ਉਹ ਤੁਹਾਡੀ ਨੇਕੀ ਦੀ ਉਸਤਤਿ ਕਰਦੇ ਹਨ।
17 ਤੁਸੀਂ ਉਨ੍ਹਾਂ ਦੀ ਚਮਤਕਾਰੀ ਸ਼ਕਤੀ ਹੋ।
ਉਨ੍ਹਾਂ ਦੀ ਸ਼ਕਤੀ ਤੁਹਾਡੇ ਵੱਲੋਂ ਆਉਂਦੀ ਹੈ।
18 ਯਹੋਵਾਹ, ਤੁਸੀਂ ਸਾਡੇ ਰੱਖਿਅਕ ਹੋ,
ਇਸਰਾਏਲ ਦੀ ਪਵਿੱਤਰ ਧਰਤੀ ਸਾਡਾ ਰਾਜਾ ਹੈ।
12 ਪਰ ਪਾਪ ਨੂੰ, ਇੱਥੇ ਆਪਣੇ ਧਰਤੀ ਦੇ ਜੀਵਨ ਤੇ, ਕਾਬੂ ਨਾ ਕਰਨ ਦਿਉ। ਤੁਹਾਨੂੰ ਆਪਣੇ ਪਾਪੀ ਮਨ ਦੀਆਂ ਦੁਸ਼ਟ ਇੱਛਾਵਾਂ ਲਈ ਇਸਦੇ ਵੱਸ ਨਹੀਂ ਹੋਣਾ ਚਾਹੀਦਾ। 13 ਆਪਣੇ ਸਰੀਰ ਦੇ ਅੰਗਾਂ ਨੂੰ, ਬਦੀ ਕਰਨ ਦੇ ਸੰਦਾਂ ਵਾਂਗ, ਪਾਪ ਨੂੰ ਭੇਂਟ ਨਾ ਕਰੋ ਪਰ ਇਹ ਜਾਣਦੇ ਹੋਏ ਆਪਣੇ-ਆਪ ਨੂੰ ਪਰਮੇਸ਼ੁਰ ਨੂੰ ਭੇਟ ਕਰੋ ਕਿ ਤੁਸੀਂ ਮੁਰਦੇ ਸੀ ਅਤੇ ਹੁਣ ਤੁਸੀਂ ਜਿਉਂਦੇ ਹੋ। ਆਪਣੇ ਸਰੀਰ ਦੇ ਅੰਗਾਂ ਨੂੰ, ਚੰਗਿਆਈ ਕਰਨ ਲਈ ਸੰਦਾਂ ਵਾਂਗ, ਪਰਮੇਸ਼ੁਰ ਨੂੰ ਭੇਂਟ ਕਰੋ। 14 ਪਾਪ ਤੁਹਾਡਾ ਮਾਲਕ ਨਹੀਂ ਹੋਵੇਗਾ। ਕਿਉਂਕਿ ਤੁਸੀਂ ਸ਼ਰ੍ਹਾ ਦੇ ਹੇਠ ਨਹੀਂ ਹੋ ਸਗੋਂ ਤੁਸੀਂ ਪਰਮੇਸ਼ੁਰ ਦੀ ਕਿਰਪਾ ਦੇ ਹੇਠ ਹੋ।
ਨਿਆਂ ਦੇ ਸੇਵਕ
15 ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਕੀ ਸਾਨੂੰ ਪਾਪ ਕਰਨੇ ਜਾਰੀ ਰੱਖਣੇ ਚਾਹੀਦੇ ਹਨ ਕਿਉਂਕਿ ਅਸੀਂ ਸ਼ਰ੍ਹਾ ਦੇ ਅਧੀਨ ਨਹੀਂ ਹਾਂ ਸਗੋਂ ਕਿਰਪਾ ਹੇਠ ਹਾਂ? ਬਿਲਕੁਲ ਨਹੀਂ। 16 ਨਿਸ਼ਚਿਤ ਹੀ ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਕਿਸੇ ਨੂੰ ਦਾਸ ਦੀ ਤਰ੍ਹਾਂ, ਉਸਦੀ ਪਾਲਣਾ ਕਰਨ ਲਈ, ਆਪਣੇ ਆਪ ਨੂੰ ਹਵਾਲੇ ਕਰਦੇ ਹੋ, ਫ਼ੇਰ ਤੁਸੀਂ ਉਸ ਦੇ ਦਾਸ ਬਣ ਜਾਂਦੇ ਹੋ। ਅਤੇ ਜਿਸ ਵਿਅਕਤੀ ਨੂੰ ਤੁਸੀਂ ਮੰਨਦੇ ਹੋ ਉਹ ਤੁਹਾਡਾ ਮਾਲਕ ਹੋਵੇਗਾ। ਇਸੇ ਢੰਗ ਨਾਲ ਹੀ, ਤੁਸੀਂ ਪਾਪ ਨੂੰ ਆਪਣਾ ਮਾਲਕ ਜਾਂ ਪਰਮੇਸ਼ੁਰ ਨੂੰ ਆਪਣਾ ਮਾਲਕ ਬਣਾ ਸੱਕਦੇ ਹੋ। ਪਾਪ ਆਤਮਕ ਮੌਤ ਲਿਆਉਂਦਾ ਹੈ, ਪਰ ਪਰਮੇਸ਼ੁਰ ਲਈ ਆਗਿਆਕਾਰੀ ਹੋਣਾ ਲੋਕਾਂ ਨੂੰ ਧਰਮੀ ਬਣਾਉਂਦਾ ਹੈ। 17 ਅਤੀਤ ਵਿੱਚ, ਤੁਸੀਂ ਪਾਪ ਦੇ ਗੁਲਾਮਾਂ ਵਾਂਗ ਜਿਉਂਦੇ ਸੀ। ਪਰ ਪਰਮੇਸ਼ੁਰ ਦਾ ਸ਼ੁਕਰ ਹੈ ਕਿਉਂਕਿ ਤੁਸੀਂ ਪੂਰੇ ਦਿਲ ਨਾਲ ਉਨ੍ਹਾਂ ਉਪਦੇਸ਼ਾਂ ਦੀ ਪਾਲਣਾ ਕੀਤੀ ਜੋ ਤੁਹਾਨੂੰ ਸਿੱਖਾਏ ਗਏ ਸਨ। 18 ਇਸ ਲਈ ਤੁਸੀਂ ਪਾਪਾਂ ਤੋਂ ਆਜ਼ਾਦ ਕੀਤੇ ਗਏ ਸੀ, ਅਤੇ ਹੁਣ ਤੁਸੀਂ ਸਹੀ ਜੀਵਨ ਦੇ ਗੁਲਾਮ ਹੋ। 19 ਇਸ ਦੀ ਵਿਆਖਿਆ ਕਰਨ ਲਈ, ਮੈਂ ਇੱਕ ਮਿਸਾਲ ਦਿੰਦਾ ਹਾਂ ਜੋ ਲੋਕਾਂ ਨੂੰ ਪਤਾ ਹੈ। ਮੈਂ ਇਸਦੀ ਵਿਆਖਿਆ ਇਸ ਢੰਗ ਨਾਲ ਕਰਦਾ ਹਾਂ ਕਿਉਂਕਿ ਇਹ ਤੁਹਾਨੂੰ ਸਮਜਣ ਲਈ ਔਖੰ ਹੈ। ਅਤੀਤ ਵਿੱਚ, ਤੁਸੀਂ ਆਪਣੇ ਸਰੀਰ ਦੇ ਅੰਗ, ਬਦੀ ਦੇ ਦਾਸ ਹੋਣ ਵਾਸਤੇ, ਪਾਪ ਨੂੰ ਸਮਰਪਿਤ ਕੀਤੇ ਸਨ। ਸੋ ਹੁਣ, ਆਪਣੇ ਸਰੀਰ ਦੇ ਅੰਗਾਂ ਨੂੰ, ਸਦਾਚਾਰੀ ਦੇ ਦਾਸ ਹੋਣ ਲਈ, ਅਰਪਿਤ ਕਰੋ। ਫ਼ੇਰ ਤੁਸੀਂ ਸਿਰਫ਼ ਪਰਮੇਸ਼ੁਰ ਲਈ ਜੀਵੋਂਗੇ।
20 ਅਤੀਤ ਵਿੱਚ, ਤੁਸੀਂ ਪਾਪ ਦੇ ਕਾਬੂ ਹੇਠ ਸੀ ਅਤੇ ਇਸੇ ਕਾਰਣ ਸਦਾਚਾਰ ਤੁਹਾਨੂੰ ਆਪਣੇ ਕਾਬੂ ਹੇਠ ਨਾ ਰੱਖ ਸੱਕਿਆ। 21 ਤੁਸੀਂ ਅਜਿਹੇ ਕੰਮ ਕੀਤੇ ਕਿ ਹੁਣ ਤੁਸੀਂ ਉਨ੍ਹਾਂ ਤੇ ਸ਼ਰਮਿੰਦਾ ਹੋ। ਕੀ ਉਨ੍ਹਾਂ ਗੱਲਾਂ ਨੇ ਕਿਸੇ ਵੀ ਢੰਗ ਨਾਲ ਤੁਹਾਡੀ ਮਦਦ ਕੀਤੀ? ਇਸਦੀ ਜਗ਼੍ਹਾ, ਉਹ ਤੁਹਾਡੇ ਲਈ ਆਤਮਕ ਮੌਤ ਲਿਆਈਆਂ। 22 ਪਰ ਹੁਣ ਤੁਸੀਂ ਪਾਪ ਤੋਂ ਆਜ਼ਾਦ ਹੋ। ਹੁਣ ਤੁਸੀਂ ਪਰੇਮਸ਼ੁਰ ਦੇ ਦਾਸ ਹੋ। ਇਹ ਤੁਹਾਨੂੰ ਅਜਿਹਾ ਜੀਵਨ ਦੇਵੇਗਾ ਜੋ ਕਿ ਸਿਰਫ਼ ਪਰਮੇਸ਼ੁਰ ਨੂੰ ਹੀ ਸਮਰਪਿਤ ਹੈ। ਤੁਸੀਂ ਉਸਤੋਂ ਸਦੀਪਕ ਜੀਵਨ ਪ੍ਰਾਪਤ ਕਰੋਂਗੇ। 23 ਤੁਹਾਡੇ ਪਾਪਾਂ ਦੀ ਮਜ਼ਦੂਰੀ ਮੌਤ ਹੈ। ਪਰ ਪਰਮੇਸ਼ੁਰ ਆਪਣੇ ਮਨੁੱਖਾਂ ਨੂੰ, ਮਸੀਹ ਯਿਸੂ, ਸਾਡੇ ਪ੍ਰਭੂ, ਵਿੱਚ ਮੁਫ਼ਤ ਦਾਤ ਦੀ ਤਰ੍ਹਾਂ, ਸਦੀਪਕ ਜੀਵਨ ਦਿੰਦਾ ਹੈ।
ਤੁਹਾਨੂੰ ਕਬੂਲਣ ਵਾਸਤੇ ਪਰਮੇਸ਼ੁਰ ਲੋਕਾਂ ਨੂੰ ਅਸੀਸਾਂ ਦੇਵੇਗਾ(A)
40 “ਜੋ ਕੋਈ ਤੁਹਾਨੂੰ ਕਬੂਲਦਾ ਹੈ ਉਹ ਮੈਨੂੰ ਕਬੂਲਦਾ ਹੈ, ਅਤੇ ਜੋ ਕੋਈ ਮੈਨੂੰ ਕਬੂਲਦਾ ਹੈ ਉਹ ਉਸ ਨੂੰ ਕਬੂਲ ਕਰਦਾ ਹੈ ਜਿਸਨੇ ਮੈਨੂੰ ਭੇਜਿਆ ਹੈ। 41 ਜੇਕਰ ਕੋਈ ਕਿਸੇ ਨਬੀ ਨੂੰ ਇਸ ਕਰਕੇ ਕਬੂਲਦਾ ਹੈ ਕਿ ਉਹ ਨਬੀ ਹੈ ਤਾਂ, ਉਹ ਉਸਦਾ ਫ਼ਲ ਪ੍ਰਾਪਤ ਕਰੇਗਾ ਜੋ ਇੱਕ ਨਬੀ ਦਾ ਹੁੰਦਾ ਹੈ। ਅਤੇ ਜੋ ਕੋਈ ਚੰਗੇ ਆਦਮੀ ਨੂੰ ਇਸ ਲਈ ਕਬੂਲਦਾ ਹੈ ਕਿਉਂਕਿ ਉਹ ਇੱਕ ਚੰਗਾ ਆਦਮੀ ਹੈ, ਤਾਂ ਉਹ ਉਸਦਾ ਫ਼ਲ ਪ੍ਰਾਪਤ ਕਰੇਗਾ ਜੋ ਇੱਕ ਚੰਗੇ ਆਦਮੀ ਦਾ ਹੁੰਦਾ ਹੈ। 42 ਇਹ ਛੋਟੇ ਬੱਚੇ ਮੇਰੇ ਚੇਲੇ ਹਨ। ਜੇਕਰ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਇੱਕ ਨੂੰ ਵੀ ਇਹ ਸੋਚਕੇ ਇੱਕ ਠੰਡੇ ਪਾਣੀ ਦਾ ਪਿਆਲਾ ਦਿੰਦਾ ਹੈ ਕਿਉਂ ਜੋ ਉਹ ਮੇਰੇ ਚੇਲੇ ਹਨ, ਤਾਂ ਸੱਚਮੁੱਚ ਮੈਂ ਤੁਹਾਨੂੰ ਦੱਸਦਾ ਹਾਂ ਕਿ, ਉਹ ਆਪਣਾ ਫ਼ਲ ਪ੍ਰਾਪਤ ਕਰੇਗਾ।”
2010 by World Bible Translation Center