Revised Common Lectionary (Complementary)
113 ਯਹੋਵਾਹ ਦੀ ਉਸਤਤਿ ਕਰੋ!
ਯਹੋਵਾਹ ਦੇ ਸੇਵਕੋ, ਉਸਦੀ ਉਸਤਤਿ ਕਰੋ!
ਯਹੋਵਾਹ ਦੇ ਨਾਮ ਦੀ ਉਸਤਤਿ ਕਰੋ।
2 ਯਹੋਵਾਹ ਦਾ ਨਾਮ ਹੁਣ ਅਤੇ ਸਦਾ ਲਈ ਸੁਭਾਗਾ ਹੋਵੇਗਾ।
3 ਯਹੋਵਾਹ ਦੇ ਨਾਮ ਦੀ ਉਸਤਤਿ ਪੂਰਬ ਵਿੱਚ ਉੱਗਦੇ ਸੂਰਜ ਵੱਲੋਂ
ਪਰਮੇਸ਼ੁਰ ਦੇ ਨਾਮ ਨੂੰ ਉਸ ਥਾਂ ਤੱਕ ਅਸੀਸ ਮਿਲੇ ਜਿੱਥੇ ਸੂਰਜ ਜਾ ਛਿਪਦਾ ਹੈ।
4 ਯਹੋਵਾਹ ਸਭ ਕੌਮਾਂ ਨਾਲੋਂ ਉਚੇਰਾ ਹੈ।
ਉਸਦੀ ਮਹਿਮਾ ਅਕਾਸ਼ ਵੱਲ ਉੱਠਦੀ ਹੈ।
5 ਕੋਈ ਬੰਦਾ ਯਹੋਵਾਹ ਸਾਡੇ ਪਰਮੇਸ਼ੁਰ ਵਰਗਾ ਨਹੀਂ ਹੈ,
ਪਰਮੇਸ਼ੁਰ ਉੱਚੇ ਸਵਰਗ ਵਿੱਚ ਬੈਠਾ ਹੈ।
6 ਪਰਮੇਸ਼ੁਰ ਸਾਡੇ ਕੋਲੋਂ ਇੰਨਾ ਉੱਚਾ ਹੈ ਕਿ ਉਸ ਨੂੰ ਧਰਤੀ
ਅਤੇ ਅਕਾਸ਼ ਵੇਖਣ ਲਈ ਹੇਠਾਂ ਦੇਖਣਾ ਪੈਂਦਾ ਹੈ।
7 ਪਰਮੇਸ਼ੁਰ ਮਸੱਕੀਨ ਲੋਕਾਂ ਨੂੰ ਖਾਕ ਵਿੱਚੋਂ ਚੁੱਕਦਾ ਹੈ।
ਪਰਮੇਸ਼ੁਰ ਮੰਗਤਿਆਂ ਨੂੰ ਕੂੜੇ ਦੇ ਢੇਰ ਵਿੱਚੋਂ ਚੁੱਕਦਾ ਹੈ।
8 ਅਤੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮਹੱਤਵਪੂਰਣ ਬਣਾ ਦਿੰਦਾ ਹੈ।
ਪਰਮੇਸ਼ੁਰ ਉਨ੍ਹਾਂ ਨੂੰ ਮਹਤਵਪੂਰਣ ਆਗੂ ਬਣਾ ਦਿੰਦਾ ਹੈ।
9 ਭਾਵੇਂ ਕਿਸੇ ਔਰਤ ਦੇ ਔਲਾਦ ਨਾ ਹੋਵੇ।
ਪਰ ਪਰਮੇਸ਼ੁਰ ਉਸ ਨੂੰ ਬੱਚੇ ਦੇ ਦੇਵੇਗਾ।
ਅਤੇ ਉਸ ਨੂੰ ਖੁਸ਼ੀ ਪ੍ਰਦਾਨ ਕਰੇਗਾ।
ਯਹੋਵਾਹ ਦੀ ਉਸਤਤਿ ਕਰੋ।
ਬਹੁਤ ਧੀਰਜਵਾਨ ਹੈ ਪਰਮੇਸ਼ੁਰ
14 “ਬੜੇ ਚਿਰਾਂ ਤੋਂ ਮੈਂ ਕੁਝ ਵੀ ਨਹੀਂ ਆਖਿਆ।
ਮੈਂ ਆਪਣੇ-ਆਪ ਨੂੰ ਕਾਬੂ ਵਿੱਚ ਰੱਖਿਆ ਤ੍ਤੇ ਕੁਝ ਵੀ ਨਹੀਂ ਆਖਿਆ।
ਪਰ ਹੁਣ ਮੈਂ ਉੱਚੀ ਚਾਂਘਰਾਂ ਮਾਰਾਂਗਾ, ਜਿਵੇਂ ਕੋਈ ਔਰਤ ਬੱਚਾ ਜਣਨ ਸਮੇਂ ਮਾਰਦੀ ਹੈ।
ਮੈਂ ਬਹੁਤ ਜ਼ਾਰੋ-ਜ਼ਾਰ ਦੀ ਸਾਹ ਭਰਾਂਗਾ।
15 ਮੈਂ ਪਹਾੜੀਆਂ ਅਤੇ ਪਰਬਤਾਂ ਨੂੰ ਤਬਾਹ ਕਰ ਦੇਵਾਂਗਾ।
ਮੈਂ ਓੱਥੇ ਉਗਦੇ ਸਾਰਿਆਂ ਪੌਦਿਆਂ ਨੂੰ ਸੁਕਾ ਦਿਆਂਗਾ।
ਮੈਂ ਨਦੀਆਂ ਨੂੰ ਮਾਰੂਬਲ ਅੰਦਰ ਬਦਲ ਦਿਆਂਗਾ।
ਮੈਂ ਪਾਣੀ ਦੇ ਸਰੋਵਰ ਸੁਕਾ ਦੇਵਾਂਗਾ।
16 ਫ਼ੇਰ ਮੈਂ ਅੰਨ੍ਹਿਆਂ ਲੋਕਾਂ ਦੀ ਅਗਵਾਈ ਉਸ ਰਾਹ ਕਰਾਂਗਾ ਜਿਸ ਨੂੰ ਉਹ ਕਦੇ ਨਹੀਂ ਜਾਣਦੇ ਸਨ।
ਮੈਂ ਅੰਨ੍ਹੇ ਲੋਕਾਂ ਦੀ ਅਗਵਾਈ ਉਨ੍ਹਾਂ ਥਾਵਾਂ ਵੱਲ ਕਰਾਂਗਾ ਜਿੱਥੇ ਉਹ ਕਦੇ ਨਹੀਂ ਗਏ ਸਨ।
ਮੈਂ ਉਨ੍ਹਾਂ ਲਈ ਅੰਧਕਾਰ ਨੂੰ ਰੌਸ਼ਨੀ ਵਿੱਚ ਬਦਲ ਦਿਆਂਗਾ
ਤੇ ਮੁਸ਼ਕਿਲ ਰਸਤੇ ਨੂੰ ਪੱਧਰਾ ਬਣਾ ਦਿਆਂਗਾ।
ਮੈਂ ਉਹੀ ਗੱਲਾਂ ਕਰਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ।
ਤੇ ਮੈਂ ਆਪਣੇ ਬੰਦਿਆਂ ਨੂੰ ਛੱਡ ਕੇ ਨਹੀਂ ਜਾਵਾਂਗਾ।
17 ਪਰ ਕੁਝ ਲੋਕਾਂ ਨੇ ਮੇਰੇ ਪਿੱਛੇ ਲੱਗਣਾ ਛੱਡ ਦਿੱਤਾ ਸੀ।
ਉਨ੍ਹਾਂ ਕੋਲ ਮੂਰਤੀਆਂ ਨੇ ਜਿਹੜੀਆਂ ਸੋਨੇ ਨਾਲ ਮੜੀਆਂ ਨੇ।
ਉਹ ਉਨ੍ਹਾਂ ਮੂਰਤੀਆਂ ਨੂੰ ਆਖਦੇ ਨੇ, ‘ਤੁਸੀਂ ਸਾਡੇ ਦੇਵਤੇ ਹੋ।’
ਉਹ ਲੋਕ ਆਪਣੇ ਝੂਠਿਆਂ ਦੇਵਤਿਆਂ ਉੱਤੇ ਭਰੋਸਾ ਕਰਦੇ ਨੇ ਪਰ ਉਹ ਲੋਕ ਨਿਰਾਸ਼ ਹੋਵਣਗੇ!
ਇਸਰਾਏਲ ਨੇ ਪਰਮੇਸ਼ੁਰ ਵੱਲ ਧਿਆਨ ਦੇਣਾ ਛੱਡ ਦਿੱਤਾ
18 “ਤੁਹਾਨੂੰ, ਬੋਲੇ ਲੋਕਾਂ ਨੂੰ, ਮੇਰੀ ਗੱਲ ਸੁਣਨੀ ਚਾਹੀਦੀ ਹੈ!
ਤੁਹਾਨੂੰ, ਅੰਨ੍ਹੇ ਲੋਕਾਂ ਨੂੰ ਮੈਨੂੰ ਦੇਖਣਾ ਚਾਹੀਦਾ ਹੈ!
19 ਸਾਰੀ ਦੁਨੀਆਂ ਵਿੱਚੋਂ, ਮੇਰਾ ਸੇਵਕ ਸਭ ਤੋਂ ਵੱਧ ਅੰਨ੍ਹਾ ਹੈ!
ਜਿਸ ਸੰਦੇਸ਼ਵਾਹਕ ਨੂੰ ਮੈਂ ਦੁਨੀਆਂ ਲਈ ਭੇਜਦਾ ਹਾਂ ਉਹ ਸਭ ਤੋਂ ਵੱਧ ਬੋਲਾ ਹੈ।
ਮੈਂ ਜਿਸ ਨਾਲ ਇਕਰਾਰਨਾਮਾ ਕੀਤਾ ਸੀ
ਯਹੋਵਾਹ ਦਾ ਸੇਵਕ-ਉਹ ਸਭ ਤੋਂ ਅੰਨ੍ਹਾ ਹੈ।
20 ਮੇਰਾ ਸੇਵਕ ਦੇਖਦਾ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ,
ਪਰ ਉਹ ਮੇਰੇ ਕਹਿਣੇ ਵਿੱਚ ਨਹੀਂ ਹੈ।
ਉਹ ਆਪਣੇ ਕੰਨਾਂ ਨਾਲ ਸੁਣ ਸੱਕਦਾ ਹੈ,
ਪਰ ਉਹ ਮੇਰੀ ਗੱਲ ਸੁਣਨ ਤੋਂ ਇਨਕਾਰ ਕਰਦਾ ਹੈ।”
21 ਯਹੋਵਾਹ ਚਾਹੁੰਦਾ ਹੈ ਕਿ ਉਸਦਾ ਸੇਵਕ ਨੇਕ ਬਣੇ।
ਯਹੋਵਾਹ ਚਾਹੁੰਦਾ ਹੈ ਕਿ ਉਹ ਉਸ ਦੀਆਂ ਅਦਭੁਤ ਸਿੱਖਿਆਵਾਂ ਦਾ ਆਦਰ ਕਰੇ।
ਜ਼ਕਰਯਾਹ ਅਤੇ ਇਲੀਸਬਤ
5 ਉਨ੍ਹਾਂ ਦਿਨਾਂ ਵਿੱਚ ਜਦੋਂ ਹੇਰੋਦੇਸ ਯਹੂਦਿਯਾ ਵਿੱਚ ਰਾਜ ਕਰਦਾ ਸੀ, ਉੱਥੇ ਜ਼ਕਰਯਾਹ ਨਾਉਂ ਦਾ ਇੱਕ ਜਾਜਕ ਸੀ। ਉਹ ਅਬੀਯਾਹ ਦੇ ਜਾਜਕ ਸਮੂਹ ਵਿੱਚੋਂ ਸੀ ਅਤੇ ਉਸਦੀ ਪਤਨੀ ਦਾ ਨਾਉਂ ਇਲੀਸਬਤ ਸੀ ਅਤੇ ਉਹ ਹਾਰੂਨ ਦੇ ਖਾਨਦਾਨ ਵਿੱਚੋਂ ਸੀ। 6 ਉਹ ਦੋਨੋਂ ਜੀਅ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਬੜੇ ਚੰਗੇ ਸਨ, ਉਨ੍ਹਾਂ ਨੇ ਪ੍ਰਭੂ ਦੇ ਸਾਰੇ ਆਦੇਸ਼ਾਂ ਅਤੇ ਅਸੂਲਾਂ ਨੂੰ ਬੜੇ ਧਿਆਨ ਨਾਲ ਮੰਨਿਆ। ਉਹ ਦੋਨੋ ਜਨੇ ਦੋਸ਼ ਰਹਿਤ ਸਨ। 7 ਪਰ ਜ਼ਕਰਯਾਹ ਅਤੇ ਇਲੀਸਬਤ ਦੇ ਕੋਈ ਔਲਾਦ ਨਹੀਂ ਸੀ। ਇਲੀਸਬਤ ਬਾਂਝ ਸੀ ਅਤੇ ਉਹ ਦੋਵੇਂ ਵੱਡੀ ਉਮਰ ਦੇ ਸਨ।
8 ਜ਼ਕਰਯਾਹ ਆਪਣੇ ਸਮੂਹ ਲਈ ਮੰਦਰ ਵਿੱਚ ਜਾਜਕ ਦੇ ਤੌਰ ਤੇ ਕਾਰਜ ਕਰਦਾ ਸੀ। ਉਹ ਉੱਥੇ ਪਰਮੇਸ਼ੁਰ ਨੂੰ ਸੇਵਾ ਭੇਟ ਕਰਨ ਲਈ ਉਪਸਥਿਤ ਸੀ। 9 ਜਦੋਂ ਉਸ ਦੇ ਸਮੂਹ ਦੀ ਵਾਰੀ ਆਈ, ਤਾਂ ਉਸ ਨੂੰ ਰਿਵਾਜ਼ ਦੇ ਮੁਤਾਬਿਕ ਪਰਚੀਆਂ ਪਾਕੇ ਪ੍ਰਭੂ ਦੇ ਮੰਦਰ ਵਿੱਚ ਜਾਕੇ ਧੂਪ ਧੁਖਾਉਣ ਲਈ ਚੁਣਿਆ ਗਿਆ ਸੀ। 10 ਜਿਸ ਵਕਤ ਧੂਪ ਧੁਖਾਉਣ ਦਾ ਵੇਲਾ ਸੀ, ਸਾਰੇ ਲੋਕ ਇਕੱਠੇ ਹੋਕੇ ਮੰਦਰ ਦੇ ਬਾਹਰ ਪ੍ਰਾਰਥਨਾ ਕਰ ਰਹੇ ਸਨ।
11 ਤਦ ਜ਼ਕਰ੍ਯਾਹ ਨੂੰ ਧੂਪ ਦੀ ਵੇਦੀ ਦੇ ਸੱਜੇ ਪਾਸੇ ਪ੍ਰਭੂ ਦਾ ਇੱਕ ਦੂਤ ਖਲੋਤਾ ਦਿਖਿਆ। 12 ਜਦੋਂ ਜ਼ਕਰਯਾਹ ਨੇ ਦੂਤ ਨੂੰ ਵੇਖਿਆ ਤਾਂ ਉਹ ਬੜਾ ਘਬਰਾ ਗਿਆ ਅਤੇ ਡਰ ਨੇ ਉਸ ਨੂੰ ਘੇਰ ਲਿਆ। 13 ਫ਼ੇਰ ਦੂਤ ਨੇ ਉਸ ਨੂੰ ਕਿਹਾ, “ਜ਼ਕਰਯਾਹ ਡਰ ਨਾ! ਤੇਰੀ ਪ੍ਰਾਰਥਨਾ ਪਰਮੇਸ਼ੁਰ ਨੇ ਸੁਣ ਲਈ ਹੈ। ਤੇਰੀ ਪਤਨੀ ਇਲੀਸਬਤ ਇੱਕ ਬੱਚੇ ਨੂੰ ਜਨਮ ਦੇਵੇਗੀ। ਅਤੇ ਤੂੰ ਉਸਦਾ ਨਾਮ ਯੂਹੰਨਾ ਰੱਖੀਂ। 14 ਤੈਨੂੰ ਬੜੀ ਖੁਸ਼ੀ ਅਤੇ ਅਨੰਦ ਮਿਲੇਗਾ ਅਤੇ ਬਹੁਤ ਸਾਰੇ ਹੋਰ ਲੋਕ ਵੀ ਯੂਹੰਨਾ ਦੀ ਜੰਮਣ ਤੇ ਖੁਸ਼ ਹੋਣਗੇ। 15 ਕਿਉਂ ਕਿ ਉਹ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਮਹਾਨ ਹੋਵੇਗਾ। ਉਹ ਕਦੇ ਵੀ ਕੋਈ ਮੈਅ ਜਾਂ ਨਸ਼ੀਲੀ ਚੀਜ਼ ਨਹੀਂ ਪੀਵੇਗਾ। ਅਤੇ ਉਹ ਆਪਣੀ ਮਾਤਾ ਦੀ ਕੁੱਖੋਂ ਹੀ ਪਵਿੱਤਰ ਆਤਮਾ ਨਾਲ ਭਰਪੂਰ ਪੈਦਾ ਹੋਵੇਗਾ।
16 “ਉਹ ਇਸਰਾਏਲ ਦੇ ਬਹੁਤ ਸਾਰੇ ਲੋਕਾਂ ਨੂੰ ਪ੍ਰਭੂ ਉਨ੍ਹਾਂ ਦੇ ਪਰਮੇਸ਼ੁਰ ਵੱਲ ਵਾਪਸ ਲਿਆਵੇਗਾ। 17 ਯੂਹੰਨਾ ਖੁਦ ਪ੍ਰਭੂ ਦੇ ਅੱਗੇ-ਅੱਗੇ ਚੱਲੇਗਾ। ਅਤੇ ਉਹ ਏਲੀਯਾਹ ਵਾਂਗ ਹੀ ਸ਼ਕਤੀਸ਼ਾਲੀ ਹੋਵੇਗਾ। ਉਸ ਕੋਲ ਉਹ ਆਤਮਾ ਹੋਵੇਗਾ ਜੋ ਏਲੀਯਾਹ ਕੋਲ ਸੀ। ਉਹ ਪਿਤਾ ਅਤੇ ਉਸ ਦੇ ਬੱਚਿਆਂ ਵਿੱਚਕਾਰ ਸ਼ਾਂਤੀ ਪੈਦਾ ਕਰੇਗਾ। ਜਿਹੜੇ ਪਰਮੇਸ਼ੁਰ ਦੀ ਪਾਲਣਾ ਨਹੀਂ ਕਰਦੇ ਉਹ ਉਨ੍ਹਾਂ ਦੀਆਂ ਸੋਚਾਂ ਨੂੰ ਧਰਮੀ ਲੋਕਾਂ ਦੀਆਂ ਸੋਚਾਂ ਵਿੱਚ ਬਦਲ ਦੇਵੇਗਾ, ਉਹ ਲੋਕਾਂ ਨੂੰ ਪ੍ਰਭੂ ਲਈ ਤਿਆਰ ਕਰੇਗਾ।”
18 ਜ਼ਕਰਯਾਹ ਨੇ ਦੂਤ ਨੂੰ ਪੁੱਛਿਆ, “ਮੈਨੂੰ ਕਿਵੇਂ ਪਤਾ ਲੱਗੇ ਕਿ ਜੋ ਤੂੰ ਆਖਿਆ ਹੈ ਉਹ ਸੱਚ ਹੈ ਕਿਉਂਕਿ ਮੇਰੀ ਪਤਨੀ ਅਤੇ ਮੈਂ ਖੁਦ ਕਾਫ਼ੀ ਬੁੱਢੇ ਹੋ ਗਏ ਹਾਂ।”
19 ਦੂਤ ਨੇ ਫ਼ਰਮਾਇਆ, “ਮੈਂ ਜ਼ਿਬਰਾਏਲ ਹਾਂ ਜੋ ਕਿ ਪਰਮੇਸ਼ੁਰ ਦੇ ਸਾਹਮਣੇ ਹਾਜ਼ਰ ਰਹਿੰਦਾ ਹੈ। ਮੈਨੂੰ ਤੇਰੇ ਨਾਲ ਗੱਲਾਂ ਕਰਨ ਅਤੇ ਤੈਨੂੰ ਇਹ ਖੁਸ਼ਖਬਰੀ ਦੱਸਣ ਲਈ ਭੇਜਿਆ ਗਿਆ ਹੈ। 20 ਹੁਣ ਸੁਣ, ਜਦੋਂ ਤੱਕ ਇਹ ਗੱਲਾਂ ਪੂਰੀਆਂ ਨਾ ਹੋ ਜਾਣ ਤੂੰ ਚੁੱਪ ਰਹੇਂਗਾ ਅਤੇ ਬੋਲਣ ਦੇ ਯੋਗ ਨਹੀਂ ਹੋਵੇਂਗਾ। ਕਿਉਂ ਕਿ ਤੂੰ ਮੇਰੀਆਂ ਆਖੀਆਂ ਗੱਲਾਂ ਨੂੰ ਸੱਚ ਨਹੀਂ ਮੰਨਿਆ, ਜਿਹੜੀਆਂ ਨਿਯੁਕਤ ਸਮੇਂ ਤੇ ਪੂਰੀਆਂ ਹੋਣਗੀਆਂ।”
21 ਬਾਹਰ ਲੋਕ ਅਜੇ ਵੀ ਜ਼ਕਰਯਾਹ ਦਾ ਇੰਤਜ਼ਾਰ ਕਰ ਰਹੇ ਸਨ। ਉਹ ਹੈਰਾਨ ਸਨ ਕਿ ਉਸ ਨੇ ਮੰਦਰ ਅੰਦਰ ਇੰਨਾ ਸਮਾਂ ਲਾਇਆ। 22 ਜਦੋਂ ਉਹ ਬਾਹਰ ਆਇਆ ਤਾਂ ਉਹ ਲੋਕਾਂ ਨਾਲ ਗੱਲ ਨਾ ਕਰ ਸੱਕਿਆ। ਉਸ ਨੇ ਮੰਦਰ ਵਿੱਚ ਕੋਈ ਦਰਸ਼ਨ ਵੇਖਿਆ ਸੀ, ਕਿਉਂਕਿ ਉਹ ਗੂੰਗਾ ਹੋ ਗਿਆ ਸੀ ਅਤੇ ਉਹ ਸਿਰਫ਼ ਲੋਕਾਂ ਨਾਲ ਇਸ਼ਾਰੇ ਹੀ ਕਰ ਸੱਕਿਆ। 23 ਜਦੋਂ ਉਸ ਦੀ ਸੇਵਾ ਮੁਕੰਮਲ ਹੋ ਗਈ ਤਾਂ ਉਹ ਘਰ ਵਾਪਿਸ ਮੁੜ ਆਇਆ।
24 ਫ਼ਿਰ ਕੁਝ ਦਿਨਾਂ ਪਿੱਛੋਂ ਉਸਦੀ ਪਤਨੀ ਇਲੀਸਬਤ ਗਰਭਵਤੀ ਹੋ ਗਈ ਅਤੇ ਉਹ ਪੰਜ ਮਹੀਨਿਆਂ ਵਾਸਤੇ ਘਰੋਂ ਬਾਹਰ ਨਾ ਗਈ। ਉਸ ਨੇ ਆਖਿਆ, 25 “ਪ੍ਰਭੂ ਨੇ ਮੇਰੀ ਹਾਲਤ ਵੇਖੀ ਸੀ ਅਤੇ ਹੁਣ ਮੇਰੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ ਹੈ। ਉਸ ਨੇ ਲੋਕਾਂ ਅੱਗੇ ਮੇਰਾ ਬਾਂਝ ਹੋਣ ਦਾ ਕਲੰਕ ਦੂਰ ਕਰਨ ਲਈ ਕਾਰਵਾਈ ਕੀਤੀ।”
2010 by World Bible Translation Center