Revised Common Lectionary (Complementary)
ਦਾਊਦ ਦਾ ਇੱਕ ਉਸਤਤਿ ਗੀਤ।
141 ਯਹੋਵਾਹ, ਮੈਂ ਤੁਹਾਨੂੰ ਮਦਦ ਲਈ ਪੁਕਾਰਦਾ ਹਾਂ।
ਮੈਨੂੰ ਸੁਣੋ ਜਦੋਂ ਮੈਂ ਤੁਹਾਨੂੰ ਪ੍ਰਾਰਥਨਾ ਕਰ ਰਿਹਾ ਹੋਵਾ।
ਛੇਤੀ ਕਰੋ ਅਤੇ ਮੇਰੀ ਮਦਦ ਕਰੋ।
2 ਯਹੋਵਾਹ, ਮੇਰੀ ਪ੍ਰਾਰਥਨਾ ਮੰਨ ਲਵੋ।
ਇਹ ਬਲਦੀ ਹੋਈ ਧੂਫ਼ ਦੀ ਸੁਗਾਤ ਵਾਂਗ ਹੋਵੇ।
ਇਹ ਸ਼ਾਮ ਵੇਲੇ ਦੀ ਬਲੀ ਵਾਂਗ ਹੋਵੇ।
3 ਯਹੋਵਾਹ, ਉਨ੍ਹਾਂ ਚੀਜ਼ਾਂ ਨੂੰ ਵੱਸ ਵਿੱਚ ਕਰਨ ਲਈ ਮੇਰੀ ਮਦਦ ਕਰੋ, ਜਿਨ੍ਹਾਂ ਬਾਰੇ ਮੈਂ ਆਖਦਾ ਹਾਂ।
ਜੋ ਮੈਂ ਆਖਾ ਮੇਰੀ ਨਿਗਰਾਨੀ ਰੱਖਣ ਵਿੱਚ ਮਦਦ ਕਰੋ।
4 ਮੈਨੂੰ ਮੰਦੇ ਅਮਲ ਕਰਨ ਦੀ ਇੱਛਾ ਨਾ ਕਰਨ ਦਿਉ।
ਮੈਨੂੰ ਉਹ ਚੀਜ਼ਾਂ ਸਾਂਝੀਆਂ ਨਾ ਕਰਨ ਦੇਵੋ
ਜਿਹੜੀਆਂ ਉਹ ਦੁਸ਼ਟ ਲੋਕ ਕਰ ਰਹੇ ਹਨ।
5 ਇੱਕ ਚੰਗਾ ਬੰਦਾ ਮੈਨੂੰ ਸੁਧਾਰ ਸੱਕਦਾ ਹੈ।
ਇਹ ਕਰਨਾ ਉਸਦੀ ਕਿੰਨੀ ਮਿਹਰਬਾਨੀ ਹੋਵੇਗੀ।
ਤੁਹਾਡੇ ਚੇਲੇ ਮੇਰੀ ਪੜਚੋਲ ਕਰ ਸੱਕਦੇ ਹਨ।
ਉਨ੍ਹਾਂ ਲਈ ਉਹ ਕਰਨ ਵਾਲੀ ਚੰਗੀ ਗੱਲ ਹੋਵੇਗੀ।
ਮੈਂ ਉਸ ਨੂੰ ਪ੍ਰਵਾਨ ਕਰ ਲਵਾਂਗਾ।
ਪਰ ਮੈਂ ਹਮੇਸ਼ਾ ਉਨ੍ਹਾਂ ਮੰਦੇ ਲੋਕਾਂ ਲਈ ਪ੍ਰਾਰਥਨਾ ਕਰਾਂਗਾ ਜੋ ਦੁਸ਼ਟ ਕਾਰੇ ਕਰਦੇ ਹਨ।
6 ਉਨ੍ਹਾਂ ਦੇ ਹਾਕਮ ਦੰਡਿਤ ਹੋਣ।
ਫ਼ਿਰ ਲੋਕ ਜਾਣ ਲੈਣਗੇ ਕਿ ਮੈਂ ਸੱਚ ਬੋਲਿਆ ਸੀ।
7 ਲੋਕੀ ਖੁਦਾਈ ਕਰਦੇ ਹਨ ਅਤੇ ਧਰਤੀ ਉੱਤੇ ਹੱਲ ਚਲਾਉਂਦੇ ਹਨ।
ਅਤੇ ਆਲੇ-ਦੁਆਲੇ ਮਿੱਟੀ ਉਡਾਉਂਦੇ ਹਨ।
ਇਸੇ ਤਰ੍ਹਾਂ ਸਾਡੀਆਂ ਹੱਡੀਆਂ ਉਨ੍ਹਾਂ ਦੀ ਕਬਰ ਵਿੱਚ ਖਿੰਡ ਜਾਣਗੀਆਂ।
8 ਯਹੋਵਾਹ, ਮੇਰੇ ਮਾਲਕ, ਮੈਂ ਤੁਹਾਡੇ ਵੱਲ ਮਦਦ ਲਈ ਤੱਕਦਾ ਹਾਂ।
ਮੈਨੂੰ ਤੁਹਾਡੇ ਉੱਤੇ ਵਿਸ਼ਵਾਸ ਹੈ, ਕਿਰਪਾ ਕਰਕੇ ਮੈਨੂੰ ਨਾ ਮਰਨ ਦੇਵੋ।
9 ਮੰਦੇ ਲੋਕਾਂ ਨੇ ਮੇਰੇ ਬਾਰੇ ਫ਼ੰਦੇ ਲਾਏ ਹੋਏ ਹਨ!
ਮੈਨੂੰ ਉਨ੍ਹਾਂ ਦੇ ਫ਼ੰਦਿਆਂ ਵਿੱਚ ਨਾ ਫ਼ਸਣ ਦਿਉ। ਉਨ੍ਹਾਂ ਨੂੰ ਮੈਨੂੰ ਨਾ ਫ਼ਸਾਉਣ ਦਿਉ।
10 ਬਦਚਲਣੇ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਹੀ ਜਾਲਾਂ ਅੰਦਰ ਫ਼ਸਣ ਦਿਉ।
ਜਦ ਕਿ ਮੈਂ ਬਿਨਾ ਖਤਰੇ ਤੋਂ ਨਿਕਲ ਜਾਵਾਂ।
21 ਪਰਮੇਸ਼ੁਰ ਨੇ ਆਖਿਆ, “ਮੈਂ ਹੋਰਨਾਂ ਕੌਮਾਂ ਨੂੰ ਦਿਖਾ ਦਿਆਂਗਾ ਕਿ ਮੈਂ ਕੀ ਕੀਤਾ ਹੈ। ਅਤੇ ਉਹ ਕੌਮਾਂ ਮੇਰੀ ਇੱਜ਼ਤ ਕਰਨੀ ਸ਼ੁਰੂ ਕਰ ਦੇਣਗੀਆਂ! ਉਹ ਮੇਰੀ ਉਸ ਤਾਕਤ ਨੂੰ ਦੇਖ ਲੈਣਗੇ ਜਿਹੜੀ ਮੈਂ ਉਸ ਦੁਸ਼ਮਣ ਦੇ ਵਿਰੁੱਧ ਵਰਤੀ ਸੀ। 22 ਫ਼ੇਰ ਉਸ ਦਿਨ ਤੋਂ, ਇਸਰਾਏਲ ਦੇ ਪਰਿਵਾਰ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਉਨ੍ਹਾਂ ਦਾ ਪਰਮੇਸ਼ੁਰ ਹਾਂ। 23 ਅਤੇ ਕੌਮਾਂ ਨੂੰ ਪਤਾ ਲੱਗ ਜਾਵੇਗਾ ਕੀ ਇਸਰਾਏਲ ਦੇ ਪਰਿਵਾਰ ਨੂੰ ਹੋਰਨਾਂ ਦੇਸਾਂ ਵਿੱਚ ਬੰਦੀ ਬਣਾਕੇ ਕਿਉਂ ਲਿਜਾਂਦਾ ਗਿਆ ਸੀ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੇਰੇ ਬੰਦੇ ਮੇਰੇ ਵਿਰੁੱਧ ਹੋ ਗਏ ਸਨ। ਇਸ ਲਈ ਮੈਂ ਵੀ ਉਨ੍ਹਾਂ ਤੋਂ ਦੂਰ ਹੋ ਗਿਆ ਸਾਂ। ਮੈਂ ਉਨ੍ਹਾਂ ਦੇ ਦੁਸ਼ਮਣਾਂ ਨੂੰ ਉਨ੍ਹਾਂ ਨੂੰ ਹਰਾਉਣ ਦਿੱਤਾ। ਇਸ ਲਈ ਮੇਰੇ ਬੰਦੇ ਜੰਗ ਵਿੱਚ ਮਾਰੇ ਗਏ ਸਨ। 24 ਉਨ੍ਹਾਂ ਨੇ ਪਾਪ ਕੀਤਾ ਅਤੇ ਆਪਣੇ-ਆਪ ਨੂੰ ਨਾਪਾਕ ਕੀਤਾ। ਇਸ ਲਈ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਅਮਲਾਂ ਦੀ ਸਜ਼ਾ ਦਿੱਤੀ। ਮੈਂ ਉਨ੍ਹਾਂ ਤੋਂ ਦੂਰ ਹੋ ਗਿਆ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਤੋਂ ਇਨਕਾਰ ਕਰ ਦਿੱਤਾ।”
25 ਇਸ ਲਈ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “ਹੁਣ ਮੈਂ ਯਾਕੂਬ ਦੇ ਪਰਿਵਾਰ ਨੂੰ ਕੈਦ ਵਿੱਚੋਂ ਵਾਪਸ ਲਿਆਵਾਂਗਾ। ਮੈਂ ਇਸਰਾਏਲ ਦੇ ਸਾਰੇ ਪਰਿਵਾਰ ਉੱਤੇ ਰਹਿਮ ਕਰਾਂਗਾ। ਮੈਂ ਆਪਣੇ ਪਵਿੱਤਰ ਨਾਮ ਲਈ ਆਪਣਾ ਜੋਸ਼ ਦਰਸਾਵਾਂਗਾ। 26 ਲੋਕ ਆਪਣੀ ਸ਼ਰਮਸਾਰੀ ਨੂੰ ਭੁੱਲ ਜਾਣਗੇ ਅਤੇ ਉਨ੍ਹਾਂ ਸਾਰੇ ਸਮਿਆਂ ਨੂੰ ਵੀ, ਜਦੋਂ ਉਹ ਮੇਰੇ ਵਿਰੁੱਧ ਹੋ ਗਏ ਸਨ। ਉਹ ਆਪਣੀ ਧਰਤੀ ਉੱਤੇ ਸੁਰੱਖਿਅਤ ਰਹਿਣਗੇ। ਕੋਈ ਵੀ ਉਨ੍ਹਾਂ ਨੂੰ ਭੈਭੀਤ ਨਹੀਂ ਕਰੇਗਾ। 27 ਮੈਂ ਆਪਣੇ ਲੋਕਾਂ ਨੂੰ ਹੋਰਨਾਂ ਦੇਸਾਂ ਤੋਂ ਵਾਪਸ ਲਿਆਵਾਂਗਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੀਆਂ ਧਰਤੀਆਂ ਤੋਂ ਇਕੱਠਿਆਂ ਕਰਾਂਗਾ। ਫ਼ੇਰ ਬਹੁਤ ਸਾਰੀਆਂ ਕੌਮਾਂ ਦੇਖਣਗੀਆਂ ਕਿ ਮੈਂ ਪਵਿੱਤਰ ਹਾਂ। 28 ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਪਰਮੇਸ਼ੁਰ ਉਨ੍ਹਾਂ ਦਾ ਯਹੋਵਾਹ ਹਾਂ। ਕਿਉਂਕਿ ਮੈਂ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਛੱਡਣ ਲਈ ਮਜ਼ਬੂਰ ਕੀਤਾ ਅਤੇ ਹੋਰਨਾਂ ਦੇਸਾਂ ਵਿੱਚ ਬੰਦੀ ਬਣਕੇ ਜਾਣ ਲਈ ਮਜ਼ਬੂਰ ਕੀਤਾ। ਅਤੇ ਫ਼ੇਰ ਮੈਂ ਉਨ੍ਹਾਂ ਨੂੰ ਇਕੱਠਿਆਂ ਕੀਤਾ ਅਤੇ ਉਨ੍ਹਾਂ ਦੀ ਆਪਣੀ ਧਰਤੀ ਉੱਤੇ ਉਨ੍ਹਾਂ ਨੂੰ ਵਾਪਸ ਲਿਆਂਦਾ। 29 ਮੈਂ ਆਪਣਾ ਆਤਮਾ ਇਸਰਾਏਲ ਦੇ ਪਰਿਵਾਰ ਵਿੱਚ ਪਾ ਦਿਆਂਗਾ। ਅਤੇ ਉਸ ਸਮੇਂ ਤੋਂ ਮਗਰੋਂ, ਮੈਂ ਫ਼ੇਰ ਕਦੇ ਵੀ ਆਪਣੇ ਬੰਦਿਆਂ ਤੋਂ ਮੂੰਹ ਨਹੀਂ ਮੋੜਾਂਗਾ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।
ਨਵਾਂ ਮੰਦਰ
40 ਸਾਨੂੰ ਬੰਦੀਵਾਨਾਂ ਵਜੋਂ ਲਿਜਾਏ ਜਾਣ ਤੋਂ ਬਾਅਦ 25 ਵੇਂ ਵਰ੍ਹੇ ਵਿੱਚ, ਸਾਲ ਦੇ ਸ਼ੁਰੂ ਵਿੱਚ, ਮਹੀਨੇ ਦੇ 10ਵੇਂ ਦਿਨ, ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਆਈ। ਇਹ ਗੱਲ ਬਾਬਲ ਦੇ ਯਰੂਸ਼ਲਮ ਉੱਤੇ ਕਬਜ਼ੇ ਦੇ 14 ਸਾਲ ਬਾਦ ਦੀ ਹੈ। ਉਸ ਦਿਨ, ਯਹੋਵਾਹ ਮੈਨੂੰ ਨਜ਼ਾਰੇ ਵਿੱਚ ਓੱਥੇ ਲੈ ਗਿਆ।
2 ਦਰਸ਼ਨ ਵਿੱਚ, ਮੈਨੂੰ ਪਰਮੇਸ਼ੁਰ ਇਸਰਾਏਲ ਦੀ ਧਰਤੀ ਉੱਤੇ ਲੈ ਗਿਆ। ਉਸ ਨੇ ਮੈਨੂੰ ਇੱਕ ਬਹੁਤ ਉੱਚੇ ਪਰਬਤ ਦੇ ਨੇੜੇ ਹੇਠਾਂ ਉਤਾਰ ਦਿੱਤਾ। ਉਸ ਪਰਬਤ ਉੱਤੇ ਮੇਰੇ ਸਾਹਮਣੇ ਇੱਕ ਇਮਾਰਤ ਸੀ ਜਿਹੜੀ ਸ਼ਹਿਰ ਵਾਂਗ ਦਿਖਾਈ ਦਿੰਦੀ ਸੀ। 3 ਯਹੋਵਾਹ ਮੈਨੂੰ ਓੱਥੇ ਲੈ ਗਿਆ। ਓੱਥੇ ਇੱਕ ਆਦਮੀ ਸੀ ਜਿਹੜਾ ਲਿਸ਼ਕਾਈ ਹੋਈ ਕਾਂਸੀ ਵਾਂਗ ਚਮਕੀਲਾ ਦਿਖਾਈ ਦਿੰਦਾ ਸੀ। ਉਸ ਆਦਮੀ ਕੋਲ ਕੱਪੜੇ ਦਾ ਇੱਕ ਫ਼ੀਤਾ ਅਤੇ ਇੱਕ ਪੈਮਾਨਾ ਹੱਥ ਵਿੱਚ ਫ਼ੜਿਆ ਹੋਇਆ ਸੀ। ਉਹ ਫ਼ਾਟਕ ਦੇ ਨੇੜੇ ਖਲੋਤਾ ਸੀ। 4 ਆਦਮੀ ਨੇ ਮੈਨੂੰ ਆਖਿਆ, “ਆਦਮੀ ਦੇ ਪੁੱਤਰ, ਆਪਣੀਆਂ ਅੱਖਾਂ ਅਤੇ ਕੰਨਾਂ ਦੀ ਵਰਤੋਂ ਕਰ। ਇਨ੍ਹਾਂ ਚੀਜ਼ਾਂ ਵੱਲ ਵੇਖ ਅਤੇ ਮੇਰੀ ਗੱਲ ਧਿਆਨ ਨਾਲ ਸੁਣ। ਉਸ ਹਰ ਗੱਲ ਵੱਲ ਧਿਆਨ ਦੇਹ ਜਿਹੜੀ ਮੈ ਤੈਨੂੰ ਦਿਖਾਉਂਦਾ ਹਾਂ। ਕਿਉਂ ਕਿ ਤੈਨੂੰ ਇੱਥੇ ਇਸ ਲਈ ਲਿਆਂਦਾ ਗਿਆ ਹੈ ਤਾਂ ਜੋ ਮੈਂ ਤੈਨੂੰ ਇਹ ਚੀਜ਼ਾਂ ਦਿਖਾ ਸੱਕਾਂ। ਤੈਨੂੰ ਇਸਰਾਏਲ ਦੇ ਪਰਿਵਾਰ ਨੂੰ ਉਸ ਸਭ ਕਾਸੇ ਬਾਰੇ ਜ਼ਰੂਰ ਦੱਸ ਦੇਣਾ ਚਾਹੀਦਾ ਹੈ, ਜੋ ਤੂੰ ਦੇਖੇਁ।”
ਪਰਮੇਸ਼ੁਰ ਦੀ ਮਹਿਮਾ ਲਈ ਆਪਣੀ ਆਜ਼ਾਦੀ ਦੀ ਵਰਤੋਂ ਕਰੋ
23 “ਸਾਰੀਆਂ ਗੱਲਾਂ ਦੀ ਇਜਾਜ਼ਤ ਹੈ।” ਹਾਂ, ਪਰ ਸਭ ਕੁਝ ਮਦਦਗਾਰ ਨਹੀਂ ਹੈ। “ਸਾਰੀਆਂ ਗੱਲਾਂ ਦੀ ਇਜਾਜ਼ਤ ਹੈ।” ਹਾਂ ਪਰ ਸਾਰੀਆਂ ਗੱਲਾਂ ਬਲਵਾਨ ਹੋਣ ਵਿੱਚ ਸਹਾਇਤਾ ਨਹੀਂ ਕਰਦੀਆਂ। 24 ਕਿਸੇ ਵੀ ਵਿਅਕਤੀ ਨੂੰ ਉਹੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਕੇਵਲ ਉਸ ਦੀ ਸਹਾਇਤਾ ਕਰਨ। ਉਸ ਨੂੰ ਵੀ ਉਹੀ ਕਰਨਾ ਚਾਹੀਦਾ ਹੈ ਜੋ ਦੂਸਰਿਆਂ ਲਈ ਮਦਦਗਾਰ ਹੈ।
25 ਮਾਸ ਦੇ ਬਾਜ਼ਾਰ ਵਿੱਚ ਜੋ ਵੀ ਵਿਕਦਾ ਹੈ ਉਸ ਨੂੰ ਖਾਉ। ਇਸ ਮਾਸ ਨੂੰ ਗਲਤ ਸਿਧ ਕਰਨ ਬਾਰੇ ਕੋਈ ਪ੍ਰਸ਼ਨ ਨਾ ਉੱਠਾਓ। 26 ਤੁਸੀਂ ਇਸ ਨੂੰ ਖਾ ਸੱਕਦੇ ਹੋ, “ਕਿਉਂਕਿ ਧਰਤੀ ਅਤੇ ਇਸ ਉਤਲੀ ਹਰ ਸ਼ੈਅ ਪ੍ਰਭੂ ਨਾਲ ਸੰਬੰਧਿਤ ਹੈ।” [a]
27 ਜਿਹੜਾ ਵਿਅਕਤੀ ਵਿਸ਼ਵਾਸੀ ਨਹੀਂ ਹੈ ਉਹ ਵੀ ਤੁਹਾਨੂੰ ਆਪਣੇ ਨਾਲ ਭੋਜਨ ਕਰਨ ਦਾ ਨਿਉਤਾ ਦੇ ਸੱਕਦਾ ਹੈ। ਇਹ ਸਿੱਧ ਕਰਨ ਲਈ ਕੋਈ ਸਵਾਲ ਨਾ ਉੱਠਾਓ ਕਿ ਇਸ ਨੂੰ ਖਾਣਾ ਚੰਗਾ ਹੈ ਜਾਂ ਨਹੀਂ। 28 ਪਰ ਜੇ ਕੋਈ ਵਿਅਕਤੀ ਤੁਹਾਨੂੰ ਦੱਸਦਾ ਹੈ ਕਿ, “ਇਹ ਭੋਜਨ ਮੂਰਤਾਂ ਨੂੰ ਭੇਟ ਕੀਤਾ ਗਿਆ ਸੀ” ਤਾਂ ਉਸ ਭੋਜਨ ਨੂੰ ਨਾ ਖਾਓ। ਉਸ ਨੂੰ ਨਾ ਖਾਓ। ਕਿਉਂਕਿ ਤੁਸੀਂ ਉਸ ਵਿਅਕਤੀ ਦੇ ਵਿਸ਼ਵਾਸ ਨੂੰ ਸੱਟ ਨਹੀਂ ਮਾਰਨਾ ਚਾਹੁੰਦੇ ਜਿਸਨੇ ਤੁਹਾਨੂੰ ਇਸ ਬਾਰੇ ਕਿਹਾ ਅਤੇ ਇਸ ਲਈ ਵੀ ਕਿਉਂਕਿ ਕੁਝ ਲੋਕ ਸਮਝਦੇ ਹਨ ਕਿ ਉਹ ਮਾਸ ਖਾਣਾ ਗਲਤ ਹੈ। 29 ਮੇਰਾ ਇਹ ਭਾਵ ਨਹੀਂ ਕਿ ਤੁਹਾਡੇ ਖਿਆਲ ਅਨੁਸਾਰ ਇਹ ਗਲਤ ਹੈ। ਪਰ ਦੂਸਰਾ ਵਿਅਕਤੀ ਸ਼ਾਇਦ ਇਹ ਸਮਝ ਜਾਵੇ ਕਿ ਇਹ ਗਲਤ ਹੈ। ਇਹੀ ਕਾਰਣ ਹੈ ਕਿ ਮੈਂ ਉਹ ਮਾਸ ਨਹੀਂ ਖਾਵਾਂਗਾ। ਮੇਰੀ ਆਜ਼ਾਦੀ ਦਾ ਨਿਰਨਾ ਇਸ ਗੱਲੋਂ ਨਹੀਂ ਹੋਣਾ ਚਾਹੀਦਾ ਕਿ ਦੂਸਰਾ ਕੀ ਸੋਚਦਾ ਹੈ। 30 ਮੈਂ ਭੋਜਨ ਦਾ ਧੰਨਵਾਦ ਕਰਨ ਤੋਂ ਬਾਦ ਖਾਂਦਾ ਹਾਂ। ਇਸ ਲਈ ਮੈਂ ਇਹ ਨਹੀਂ ਚਾਹੁੰਦਾ ਕਿ ਮੇਰੀ ਇਸ ਗੱਲੋਂ ਆਲੋਚਨਾ ਕੀਤੀ ਜਾਵੇ ਜਿਸ ਲਈ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ।
31 ਇਸ ਲਈ ਜੇ ਤੁਸੀਂ ਕੁਝ ਖਾਂਦੇ ਹੋ, ਜੇ ਤੁਸੀਂ ਕੁਝ ਪੀਂਦੇ ਹੋ ਜਾਂ ਜੇ ਤੁਸੀਂ ਕੁਝ ਕਰਦੇ ਹੋ, ਇਸ ਨੂੰ ਪਰਮੇਸ਼ੁਰ ਦੇ ਗੌਰਵ ਲਈ ਕਰੋ। 32 ਅਜਿਹਾ ਕੁਝ ਨਾ ਕਰੋ ਜੋ ਲੋਕਾਂ, ਯਹੂਦੀਆਂ, ਯੂਨਾਨੀਆਂ ਜਾਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਨਾਰਾਜ਼ ਕਰਦਾ ਹੋਵੇ। 33 ਮੈਂ ਵੀ ਇਹੀ ਕਰਦਾ ਹਾਂ। ਮੈਂ ਹਰ ਤਰ੍ਹਾਂ ਨਾਲ ਹਰ ਇੱਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਇਹ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਿ ਮੇਰੇ ਲਈ ਕੀ ਚੰਗਾ ਹੈ ਮੈਂ ਇਸ ਨੂੰ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੋ ਉਨ੍ਹਾਂ ਦਾ ਬਚਾ ਹੋ ਸੱਕੇ।
11 ਮੇਰੀ ਮਿਸਾਲ ਉੱਤੇ ਚੱਲੋ ਜਿਵੇਂ ਕਿ ਮੈਂ ਮਸੀਹ ਦੀ ਮਿਸਾਲ ਉੱਪਰ ਚੱਲਦਾ ਹਾਂ।
2010 by World Bible Translation Center