Revised Common Lectionary (Complementary)
12 ‘ਤੁਸੀਂ ਸਬਤ ਨੂੰ ਉਸੇ ਤਰ੍ਹਾਂ ਖਾਸ ਦਿਨ ਵਜੋਂ ਰੱਖੋਂਗੇ ਜਿਵੇਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਆਦੇਸ਼ ਦਿੱਤਾ ਸੀ। 13 ਆਪਣੇ ਕੰਮ ਉੱਤੇ ਹਫ਼ਤੇ ਵਿੱਚ ਛੇ ਦਿਨ ਕੰਮ ਕਰੋ। 14 ਪਰ ਸੱਤਵਾਂ ਦਿਨ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸੱਨਮਾਣ ਵਜੋਂ ਆਰਾਮ ਦਾ ਦਿਨ ਹੈ। ਇਸ ਲਈ ਉਸ ਦਿਨ, ਕੋਈ ਵੀ ਕੰਮ ਨਹੀਂ ਕਰੇਗਾ-ਨਾ ਤੁਸੀਂ ਨਾ ਤੁਹਾਡੇ ਪੁੱਤਰ, ਧੀਆਂ, ਤੁਹਾਡੇ ਸ਼ਹਿਰਾਂ ਵਿੱਚ ਰਹਿਣ ਵਾਲੇ ਵਿਦੇਸ਼ੀ ਅਤੇ ਨਾ ਹੀ ਤੁਹਾਡੇ ਗੁਲਾਮ। ਤੁਹਾਡੀਆਂ ਗਾਵਾਂ, ਖੋਤੇ ਅਤੇ ਹੋਰ ਜਾਨਵਰ ਵੀ ਕੋਈ ਕੰਮ ਨਹੀਂ ਕਰਨਗੇ! ਤੁਹਾਡੇ ਗੁਲਾਮਾਂ ਨੂੰ ਵੀ, ਤੁਹਾਡੇ ਵਾਂਗ ਆਰਾਮ ਕਰਨ ਦਾ ਸਮਾਂ ਮਿਲਣਾ ਚਾਹੀਦਾ ਹੈ। 15 ਇਹ ਨਾ ਭੁੱਲੋ ਕਿ ਮਿਸਰ ਦੀ ਧਰਤੀ ਉੱਤੇ ਤੁਸੀਂ ਵੀ ਗੁਲਾਮ ਸੀ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਆਪਣੀ ਮਹਾਨ ਸ਼ਕਤੀ ਨਾਲ ਮਿਸਰ ਵਿੱਚੋਂ ਬਾਹਰ ਲਿਆਇਆ। ਉਸ ਨੇ ਤੁਹਾਨੂੰ ਅਜ਼ਾਦ ਕਰਵਾਇਆ। ਇਸ ਲਈ, ਯਹੋਵਾਹ, ਤੁਹਾਡੇ ਪਰਮੇਸ਼ੁਰ, ਤੁਹਾਨੂੰ ਹੁਕਮ ਦਿੰਦਾ ਹੈ ਕਿ ਸਬਤ ਨੂੰ ਖਾਸ ਦਿਹਾੜੇ ਵਜੋਂ ਮੰਨੋ।
ਨਿਰਦੇਸ਼ਕ ਲਈ: “ਕਰਾਰ ਦੀ ਕੁਮਦਿਨੀ” ਦੀ ਧੁਨੀ ਲਈ ਆਸਾਫ਼ ਦਾ ਇੱਕ ਉਸਤਤਿ ਗੀਤ।
81 ਖੁਸ਼ ਹੋਵੋ ਅਤੇ ਪਰਮੇਸ਼ੁਰ ਨੂੰ ਗੀਤ ਗਾਵੋ ਜਿਹੜਾ ਸਾਡੀ ਤਾਕਤ ਹੈ।
ਇਸਰਾਏਲ ਦੇ ਪਰਮੇਸ਼ੁਰ ਨੂੰ ਖੁਸ਼ੀ ਦੇ ਜੈਕਾਰੇ ਗਜਾਉ।
2 ਸੰਗੀਤ ਸ਼ੁਰੂ ਕਰੋ, ਤੰਬੂਰੀਆਂ ਵਜਾਉ।
ਮਨਭਾਉਂਦੇ ਰਬਾਬ ਅਤੇ ਸਾਰੰਗੀਆਂ ਵਜਾਉ।
3 ਮਸਿਆ ਅਤੇ ਪੁੰਨਿਆ ਦੇ ਤਿਉਹਾਰਾਂ ਵੇਲੇ ਤੁਰ੍ਹੀਆਂ ਵਜਾਉ
ਜਦੋਂ ਸਾਡੀਆਂ ਛੁੱਟੀਆਂ ਸ਼ੁਰੂ ਹੁੰਦੀਆਂ ਹਨ।
4 ਇਸਰਾਏਲ ਦੇ ਲੋਕਾਂ ਲਈ ਇਹੀ ਬਿਧੀ ਹੈ।
ਪਰਮੇਸ਼ੁਰ ਨੇ ਇਹੀ ਆਦੇਸ਼ ਯਾਕੂਬ ਨੂੰ ਦਿੱਤਾ ਸੀ।
5 ਪਰਮੇਸ਼ੁਰ ਨੇ ਇਹ ਇਕਰਾਰ ਯੂਸੁਫ਼ ਨਾਲ ਕੀਤਾ,
ਜਦੋਂ ਪਰਮੇਸ਼ੁਰ ਉਸ ਨੂੰ ਮਿਸਰ ਤੋਂ ਬਾਹਰ ਲੈ ਗਿਆ ਸੀ।
ਮਿਸਰ ਵਿੱਚ ਅਸੀਂ ਉਹ ਭਾਸ਼ਾ ਸੁਣੀ, ਜਿਹੜੀ ਅਸੀਂ ਸਮਝਦੇ ਨਹੀਂ ਸਾਂ।
6 ਪਰਮੇਸ਼ੁਰ ਆਖਦਾ ਹੈ, “ਮੈਂ ਤੁਹਾਡੇ ਮੋਢਿਆਂ ਉਤਲਾ ਭਾਰ ਲਾਹ ਲਿਆ ਹੈ।
ਮੈਂ ਤੁਹਾਡੀ ਮਜ਼ਦੂਰੀ ਦੀ ਟੋਕਰੀ ਲੁਹਾ ਦਿੱਤੀ।
7 ਤੁਸੀਂ ਲੋਕ ਮੁਸੀਬਤਾਂ ਵਿੱਚ ਸੀ। ਤੁਸੀਂ ਮੇਰੀ ਸਹਾਇਤਾ ਲਈ ਚੀਕੇ, ਅਤੇ ਮੈਂ ਤੁਹਾਨੂੰ ਮੁਕਤ ਕੀਤਾ।
ਮੈਂ ਆਪਣੇ-ਆਪ ਨੂੰ ਤੂਫ਼ਾਨੀ ਬੱਦਲਾਂ ਵਿੱਚ ਛੁਪਾ ਰਿਹਾ ਸੀ ਅਤੇ ਤੁਹਾਨੂੰ ਜਵਾਬ ਦਿੱਤਾ।
ਮੈਂ ਤੁਹਾਨੂੰ ਮਰੀਬਾਹ [a] ਦੇ ਪਾਣੀ ਦੁਆਰਾ ਪਰੱਖਿਆ।”
8 “ਮੇਰੇ ਲੋਕੋ, ਮੈਨੂੰ ਸੁਣੋ ਅਤੇ ਮੈਂ ਤੁਹਾਨੂੰ ਆਪਣਾ ਕਰਾਰ ਦੇਵਾਂਗਾ।
ਇਸ ਲਈ, ਕਿਰਪਾ ਕਰਕੇ ਮੇਰੀ ਗੱਲ ਸੁਣ।
9 ਉਨ੍ਹਾਂ ਝੂਠੇ ਦੇਵਤਿਆਂ ਦੀ ਪੂਜਾ ਨਾ ਕਰੋ
ਜਿਨ੍ਹਾਂ ਦੀ ਉਪਾਸਨਾ ਵਿਦੇਸ਼ੀ ਲੋਕ ਕਰਦੇ ਹਨ।
10 ਮੈਂ ਪਰਮੇਸ਼ੁਰ, ਤੁਹਾਡਾ ਯਹੋਵਾਹ ਹਾਂ।
ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ।
ਇਸਰਾਏਲ, ਆਪਣਾ ਮੂੰਹ ਖੋਲ੍ਹ
ਅਤੇ ਮੈਂ ਤੈਨੂੰ ਭੋਜਨ ਕਰਾਵਾਂਗਾ।
5 ਅਸੀਂ ਆਪਣੇ ਆਪ ਦਾ ਪ੍ਰਚਾਰ ਨਹੀਂ ਕਰਦੇ। ਪਰੰਤੂ ਅਸੀਂ ਇਹ ਪ੍ਰਚਾਰ ਕਰਦੇ ਹਾਂ ਕਿ ਯਿਸੂ ਮਸੀਹ ਪ੍ਰਭੂ ਹੈ। ਅਤੇ ਅਸੀਂ ਪ੍ਰਚਾਰ ਕਰਦੇ ਹਾਂ ਕਿ ਅਸੀਂ ਯਿਸੂ ਲਈ ਤੁਹਾਡੇ ਸੇਵਾਦਾਰ ਹਾਂ। 6 ਇੱਕ ਵਾਰੀ ਪਰਮੇਸ਼ੁਰ ਨੇ ਆਖਿਆ ਸੀ, “ਚਾਨਣ ਨੂੰ ਹਨੇਰੇ ਤੋਂ ਬਾਹਰ ਚਮਕਣ ਦਿਉ।” ਅਤੇ ਇਹ ਓਹੀ ਪਰਮੇਸ਼ੁਰ ਹੈ ਜਿਸਨੇ ਸਾਡੇ ਹਿਰਦਿਆਂ ਵਿੱਚ ਜੋਤ ਜਗਾਈ ਹੈ। ਉਸ ਨੇ ਸਾਨੂੰ ਪਰਮੇਸ਼ੁਰ ਦੀ ਮਹਿਮਾ ਤੋਂ ਜਾਣੂ ਕਰਵਾਇਆ ਜਿਹੜੀ ਮਸੀਹ ਹੈ ਅਤੇ ਇਸ ਨੂੰ ਸਾਨੂੰ ਦਿੱਤਾ।
7 ਸਾਡੇ ਕੋਲ ਇਹ ਖਜ਼ਾਨਾ ਹੈ ਜੋ ਪਰਮੇਸ਼ੁਰ ਵੱਲੋਂ ਦਿੱਤਾ ਹੋਇਆ ਹੈ। ਪਰੰਤੂ ਅਸੀਂ ਸਿਰਫ਼ ਮਿੱਟੀ ਦੇ ਉਨ੍ਹਾਂ ਗਮਲਿਆਂ ਵਾਂਗ ਹਾਂ ਜਿਨ੍ਹਾਂ ਵਿੱਚ ਖਜ਼ਾਨਾ ਸਾਂਭਿਆ ਹੁੰਦਾ ਹੈ। ਇਸਤੋਂ ਪ੍ਰਤੱਖ ਹੁੰਦਾ ਹੈ ਕਿ ਇਹ ਮਹਾਨ ਸ਼ਕਤੀ ਸਾਡੀ ਨਹੀਂ ਸਗੋਂ ਪਰਮੇਸ਼ੁਰ ਦੀ ਦਿੱਤੀ ਹੋਈ ਹੈ। 8 ਅਸੀਂ ਮੁਸ਼ਕਿਲਾਂ ਵਿੱਚ ਘਿਰੇ ਹੋਏ ਹਾਂ ਪਰ ਅਸੀਂ ਹਾਰੇ ਹੋਏ ਨਹੀਂ ਹਾਂ। ਬਹੁਤੀ ਵਾਰ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਅਸੀਂ ਕੀ ਕਰੀਏ ਪਰ ਅਸੀਂ ਹਿੰਮਤ ਨਈਂ ਹਾਰਦੇ। 9 ਸਾਨੂੰ ਸਤਾਇਆ ਜਾਂਦਾ ਹੈ ਪਰ ਪਰਮੇਸ਼ੁਰ ਸਾਨੂੰ ਨਹੀਂ ਛੱਡਦਾ। ਕਈ ਵਾਰੀ ਸਾਨੂੰ ਥੱਲੇ ਸੁੱਟ ਦਿੱਤਾ ਜਾਂਦਾ ਹੈ ਪਰ ਅਸੀਂ ਕਦੇ ਵੀ ਤਬਾਹ ਨਹੀਂ ਹੁੰਦੇ। 10 ਯਿਸੂ ਦੀ ਮੌਤ ਸਾਡੇ ਸਰੀਰਾਂ ਵਿੱਚ ਹੈ ਅਤੇ ਜਿੱਥੇ ਵੀ ਅਸੀਂ ਜਾਂਦੇ ਹਾਂ, ਅਸੀਂ ਇਸ ਮੌਤ ਨੂੰ ਹਮੇਸ਼ਾ ਆਪਣੇ ਨਾਲ ਚੁੱਕਦੇ ਹਾਂ, ਤਾਂ ਜੋ ਯਿਸੂ ਦਾ ਜੀਵਨ ਸਾਡੇ ਸਰੀਰਾਂ ਵਿੱਚ ਵਿਖਾਇਆ ਜਾ ਸੱਕੇ। 11 ਅਸੀਂ ਜਿਉਂਦੇ ਹਾਂ ਪਰ ਯਿਸੂ ਲਈ ਅਸੀਂ ਸਾਰੇ ਮੌਤ ਦੇ ਖਤਰੇ ਹੇਠਾਂ ਰਹਿੰਦੇ ਹਾਂ ਇਹ ਸਾਡੇ ਨਾਲ ਵਾਪਰਦਾ ਹੈ ਤਾਂ ਜੋ ਸਾਡੇ ਮਰ ਜਾਣ ਵਾਲੇ ਸਰੀਰਾਂ ਵਿੱਚ ਯਿਸੂ ਦਾ ਜੀਵਨ ਦੇਖਿਆ ਜਾ ਸੱਕਦਾ ਹੈ। 12 ਇਸੇ ਲਈ ਮੌਤ ਸਾਡੇ ਵਿੱਚ ਕੰਮ ਕਰ ਰਹੀ ਹੈ, ਪਰ ਜੀਵਨ ਤੁਹਾਡੇ ਵਿੱਚ ਕੰਮ ਕਰ ਰਿਹਾ ਹੈ।
ਕੁਝ ਯਹੂਦੀਆਂ ਨੇ ਯਿਸੂ ਨੂੰ ਨਿੰਦਿਆ(A)
23 ਸਬਤ ਦੇ ਦਿਨ, ਯਿਸੂ ਅਨਾਜ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ ਅਤੇ ਉਸ ਦੇ ਚੇਲੇ ਉਸ ਦੇ ਨਾਲ ਸਨ। ਖੇਤਾਂ ਵਿੱਚੋਂ ਲੰਘਦਿਆਂ, ਚੇਲੇ ਸਿੱਟੇ ਤੋੜ ਕੇ ਖਾਣ ਲਗੇ। 24 ਫ਼ਰੀਸੀਆਂ ਨੇ ਇਹ ਵੇਖਕੇ ਯਿਸੂ ਨੂੰ ਕਿਹਾ, “ਤੇਰੇ ਚੇਲੇ ਇੰਝ ਕਿਉਂ ਕਰ ਰਹੇ ਹਨ? ਸਬਤ ਦੇ ਦਿਨ ਇਵੇਂ ਕਰਨਾ ਯਹੂਦੀ ਨੇਮ ਅਨੁਸਾਰ ਗਲਤ ਹੈ।”
25 ਉਸ ਨੇ ਜਵਾਬ ਦਿੱਤਾ, “ਭਲਾ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਉਦੋਂ ਕੀ ਕੀਤਾ ਜਦੋਂ ਉਹ ਤੇ ਉਸ ਦੇ ਚੇਲੇ ਭੁੱਖੇ ਸਨ ਅਤੇ ਉਨ੍ਹਾਂ ਨੂੰ ਭੋਜਨ ਦੀ ਲੋੜ ਸੀ। 26 ਇਹ ਉਸ ਵਕਤ ਦੀ ਗੱਲ ਹੈ ਜਦੋਂ ਅਬਯਾਥਾਰ ਸਰਦਾਰ ਜਾਜਕ ਸੀ। ਉਦੋਂ ਦਾਊਦ ਪਰਮੇਸ਼ੁਰ ਦੇ ਘਰ ਵਿੱਚ ਗਿਆ ਅਤੇ ਉਸ ਨੇ ਪਰਮੇਸ਼ੁਰ ਦੇ ਚੜ੍ਹਾਵੇ ਵਾਲੀਆਂ ਰੋਟੀਆਂ ਖਾ ਲਈਆਂ। ਜਦ ਕਿ ਮੂਸਾ ਦਾ ਨੇਮ, ਆਖਦਾ ਹੈ ਕਿ ਕੇਵਲ ਜਾਜਕ ਹੀ ਉਹ ਰੋਟੀ ਖਾ ਸੱਕਦਾ ਹੈ। ਪਰ ਦਾਊਦ ਨੇ ਖੁਦ ਉਹ ਰੋਟੀ ਖਾਧੀ ਅਤੇ ਉਨ੍ਹਾਂ ਨੂੰ ਵੀ ਦਿੱਤੀ ਜੋ ਉਸ ਦੇ ਨਾਲ ਸਨ।”
27 ਫ਼ੇਰ ਯਿਸੂ ਨੇ ਫ਼ਰੀਸੀਆਂ ਨੂੰ ਕਿਹਾ, “ਸਬਤ ਦਾ ਦਿਨ ਮਨੁੱਖ ਦੀ ਖਾਤਰ ਬਨਾਇਆ ਗਿਆ ਹੈ ਨਾ ਕਿ ਮਨੁੱਖ ਸਬਤ ਦੀ ਖਾਤਰ। 28 ਇਸ ਲਈ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਮਾਲਕ ਹੈ।”
ਯਿਸੂ ਦਾ ਟੁੰਡੇ ਦਾ ਹੱਥ ਠੀਕ ਕਰਨਾ(B)
3 ਯਿਸੂ ਫ਼ੇਰ ਪ੍ਰਾਰਥਨਾ ਸਥਾਨ ਤੇ ਗਿਆ। ਪ੍ਰਾਰਥਨਾ ਸਥਾਨ ਵਿੱਚ ਇੱਕ ਟੁੰਡਾ ਮਨੁੱਖ ਸੀ ਜਿਸਦਾ ਹੱਥ ਸੁਕਿਆ ਹੋਇਆ ਸੀ। 2 ਲੋਕ ਯਿਸੂ ਨੂੰ ਕੁਝ ਗਲਤ ਗੱਲ ਕਰਦਿਆਂ ਫ਼ੜਨ ਦੀ ਤਾਕ ਵਿੱਚ ਸਨ। ਤਾਂ ਜੋ ਉਹ ਉਸ ਦੇ ਵਿਰੁੱਧ ਦੋਸ਼ ਲਾ ਸੱਕਣ। ਇਸ ਲਈ ਸਭ ਉਸ ਨੂੰ ਬੜੇ ਧਿਆਨ ਨਾਲ ਦੇਖ ਰਹੇ ਸਨ ਅਤੇ ਇਹ ਵੀ ਤਾੜ ਰਹੇ ਸਨ ਕਿ ਵੇਖੀਏ ਭਲਾ ਉਹ ਸਬਤ ਦੇ ਦਿਨ ਉਸ ਟੁੰਡੇ ਨੂੰ ਠੀਕ ਕਰੇਗਾ ਕਿ ਨਹੀਂ। 3 ਯਿਸੂ ਨੇ ਉਸ ਟੁੰਡੇ ਹੱਥ ਵਾਲੇ ਮਨੁੱਖ ਨੂੰ ਕਿਹਾ, “ਤੂੰ ਇੱਥੇ ਵਿੱਚਾਲੇ ਖੜ੍ਹਾ ਹੋ, ਤਾਂ ਕਿ ਲੋਕ ਤੈਨੂੰ ਵੇਖ ਲੈਣ।”
4 ਤਦ ਯਿਸੂ ਨੇ ਲੋਕਾਂ ਨੂੰ ਕਿਹਾ, “ਸਬਤ ਦੇ ਦਿਨ ਕੀ ਕਰਨਾ ਠੀਕ ਹੈ? ਚੰਗਾ ਕਰਨਾ ਜਾਂ ਬੁਰਾ ਕਰਨਾ? ਕਿਸੇ ਦੀ ਜਾਨ ਬਚਾਉਣੀ ਚੰਗੀ ਹੈ ਜਾਂ ਜਾਨੋ ਮਾਰਨਾ?” ਪਰ ਲੋਕਾਂ ਨੇ ਯਿਸੂ ਨੂੰ ਕੋਈ ਜਵਾਬ ਨਾ ਦਿੱਤਾ, ਸਭ ਚੁੱਪ ਰਹੇ।
5 ਫ਼ਿਰ ਯਿਸੂ ਉਨ੍ਹਾਂ ਦੀ ਜ਼ਿਦ ਦੇ ਕਾਰਨ ਉਦਾਸ ਸੀ ਅਤੇ ਗੁੱਸੇ ਵਿੱਚ ਉਨ੍ਹਾਂ ਵੱਲ ਵੇਖਿਆ ਅਤੇ ਉਸ ਆਦਮੀ ਨੂੰ ਆਖਿਆ, “ਆਪਣਾ ਹੱਥ ਵਿਖਾ।” ਤਦ ਉਸ ਮਨੁੱਖ ਨੇ ਆਪਣਾ ਹੱਥ ਵਿਖਾਇਆ ਅਤੇ ਉਸਦਾ ਹੱਥ ਚੰਗਾ ਹੋ ਗਿਆ। 6 ਤਦ ਫ਼ਰੀਸੀ ਵਿਦਾ ਹੋ ਗਏ ਅਤੇ ਹੈਰੋਦੀਆਂ ਨਾਲ ਯਿਸੂ ਨੂੰ ਮਾਰਨ ਦੀ ਵਿਉਂਤ ਬਣਾਈ।
2010 by World Bible Translation Center