Revised Common Lectionary (Complementary)
ਨਿਰਦੇਸ਼ਕ ਲਈ: “ਕਰਾਰ ਦੀ ਕੁਮਦਿਨੀ” ਦੀ ਧੁਨੀ ਲਈ ਆਸਾਫ਼ ਦਾ ਇੱਕ ਉਸਤਤਿ ਗੀਤ।
81 ਖੁਸ਼ ਹੋਵੋ ਅਤੇ ਪਰਮੇਸ਼ੁਰ ਨੂੰ ਗੀਤ ਗਾਵੋ ਜਿਹੜਾ ਸਾਡੀ ਤਾਕਤ ਹੈ।
ਇਸਰਾਏਲ ਦੇ ਪਰਮੇਸ਼ੁਰ ਨੂੰ ਖੁਸ਼ੀ ਦੇ ਜੈਕਾਰੇ ਗਜਾਉ।
2 ਸੰਗੀਤ ਸ਼ੁਰੂ ਕਰੋ, ਤੰਬੂਰੀਆਂ ਵਜਾਉ।
ਮਨਭਾਉਂਦੇ ਰਬਾਬ ਅਤੇ ਸਾਰੰਗੀਆਂ ਵਜਾਉ।
3 ਮਸਿਆ ਅਤੇ ਪੁੰਨਿਆ ਦੇ ਤਿਉਹਾਰਾਂ ਵੇਲੇ ਤੁਰ੍ਹੀਆਂ ਵਜਾਉ
ਜਦੋਂ ਸਾਡੀਆਂ ਛੁੱਟੀਆਂ ਸ਼ੁਰੂ ਹੁੰਦੀਆਂ ਹਨ।
4 ਇਸਰਾਏਲ ਦੇ ਲੋਕਾਂ ਲਈ ਇਹੀ ਬਿਧੀ ਹੈ।
ਪਰਮੇਸ਼ੁਰ ਨੇ ਇਹੀ ਆਦੇਸ਼ ਯਾਕੂਬ ਨੂੰ ਦਿੱਤਾ ਸੀ।
5 ਪਰਮੇਸ਼ੁਰ ਨੇ ਇਹ ਇਕਰਾਰ ਯੂਸੁਫ਼ ਨਾਲ ਕੀਤਾ,
ਜਦੋਂ ਪਰਮੇਸ਼ੁਰ ਉਸ ਨੂੰ ਮਿਸਰ ਤੋਂ ਬਾਹਰ ਲੈ ਗਿਆ ਸੀ।
ਮਿਸਰ ਵਿੱਚ ਅਸੀਂ ਉਹ ਭਾਸ਼ਾ ਸੁਣੀ, ਜਿਹੜੀ ਅਸੀਂ ਸਮਝਦੇ ਨਹੀਂ ਸਾਂ।
6 ਪਰਮੇਸ਼ੁਰ ਆਖਦਾ ਹੈ, “ਮੈਂ ਤੁਹਾਡੇ ਮੋਢਿਆਂ ਉਤਲਾ ਭਾਰ ਲਾਹ ਲਿਆ ਹੈ।
ਮੈਂ ਤੁਹਾਡੀ ਮਜ਼ਦੂਰੀ ਦੀ ਟੋਕਰੀ ਲੁਹਾ ਦਿੱਤੀ।
7 ਤੁਸੀਂ ਲੋਕ ਮੁਸੀਬਤਾਂ ਵਿੱਚ ਸੀ। ਤੁਸੀਂ ਮੇਰੀ ਸਹਾਇਤਾ ਲਈ ਚੀਕੇ, ਅਤੇ ਮੈਂ ਤੁਹਾਨੂੰ ਮੁਕਤ ਕੀਤਾ।
ਮੈਂ ਆਪਣੇ-ਆਪ ਨੂੰ ਤੂਫ਼ਾਨੀ ਬੱਦਲਾਂ ਵਿੱਚ ਛੁਪਾ ਰਿਹਾ ਸੀ ਅਤੇ ਤੁਹਾਨੂੰ ਜਵਾਬ ਦਿੱਤਾ।
ਮੈਂ ਤੁਹਾਨੂੰ ਮਰੀਬਾਹ [a] ਦੇ ਪਾਣੀ ਦੁਆਰਾ ਪਰੱਖਿਆ।”
8 “ਮੇਰੇ ਲੋਕੋ, ਮੈਨੂੰ ਸੁਣੋ ਅਤੇ ਮੈਂ ਤੁਹਾਨੂੰ ਆਪਣਾ ਕਰਾਰ ਦੇਵਾਂਗਾ।
ਇਸ ਲਈ, ਕਿਰਪਾ ਕਰਕੇ ਮੇਰੀ ਗੱਲ ਸੁਣ।
9 ਉਨ੍ਹਾਂ ਝੂਠੇ ਦੇਵਤਿਆਂ ਦੀ ਪੂਜਾ ਨਾ ਕਰੋ
ਜਿਨ੍ਹਾਂ ਦੀ ਉਪਾਸਨਾ ਵਿਦੇਸ਼ੀ ਲੋਕ ਕਰਦੇ ਹਨ।
10 ਮੈਂ ਪਰਮੇਸ਼ੁਰ, ਤੁਹਾਡਾ ਯਹੋਵਾਹ ਹਾਂ।
ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ।
ਇਸਰਾਏਲ, ਆਪਣਾ ਮੂੰਹ ਖੋਲ੍ਹ
ਅਤੇ ਮੈਂ ਤੈਨੂੰ ਭੋਜਨ ਕਰਾਵਾਂਗਾ।
ਖਾਸ ਛੁੱਟੀਆਂ
23 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਆਖ; ਤੁਸੀਂ ਯਹੋਵਾਹ ਦੇ ਚੁਣੇ ਹੋਏ ਤਿਉਹਾਰਾਂ ਦਾ ਪਵਿੱਤਰ ਸਭਾਵਾਂ ਵਜੋਂ ਐਲਾਨ ਕਰੋਂਗੇ। ਮੇਰੀਆਂ ਪਵਿੱਤਰ ਛੁੱਟੀਆਂ ਇਹ ਹਨ;
ਸਬਤ
3 “ਛੇ ਦਿਨ ਕੰਮ ਕਰੋ। ਪਰ ਸੱਤਵਾਂ ਦਿਨ, ਸਬਤ, ਅਰਾਮ ਦਾ ਖਾਸ ਦਿਨ ਪਵਿੱਤਰ ਸਭਾ ਦਾ ਹੋਵੇਗਾ। ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਹ ਤੁਹਾਡੇ ਸਾਰੇ ਘਰਾਂ ਵਿੱਚ ਯਹੋਵਾਹ ਲਈ ਸਬਤ ਹੈ।
ਪਸਾਹ
4 “ਇਹ ਯਹੋਵਾਹ ਦੀਆਂ ਚੁਣੀਆਂ ਹੋਈਆਂ ਛੁੱਟੀਆਂ ਹਨ। ਤੁਸੀਂ ਇਨ੍ਹਾਂ ਲਈ ਚੁਣੇ ਹੋਏ ਸਮਿਆਂ ਵਾਸਤੇ ਪਵਿੱਤਰ ਸਭਾਵਾਂ ਦਾ ਐਲਾਨ ਕਰੋਂਗੇ। 5 ਯਹੋਵਾਹ ਦਾ ਪਸਾਹ ਪਹਿਲੇ ਮਹੀਨੇ ਦੇ 14ਵੇਂ ਦਿਨ ਨੂੰ ਸ਼ਾਮ ਵੇਲੇ ਹੈ।
ਪਤੀਰੀ ਰੋਟੀ ਦਾ ਪਰਬ
6 “ਯਹੋਵਾਹ ਦਾ ਪਤੀਰੀ ਰੋਟੀ ਦਾ ਪਰਬ ਉਸੇ ਮਹੀਨੇ ਦੇ 15ਵੇਂ ਦਿਨ ਤੇ ਹੈ। ਤੁਸੀਂ ਸੱਤਾਂ ਦਿਨਾਂ ਤੱਕ ਪਤੀਰੀ ਰੋਟੀ ਖਾਵੋਂਗੇ। 7 ਇਸ ਛੁੱਟੀ ਦੇ ਪਹਿਲੇ ਦਿਨ, ਤੁਸੀਂ ਇੱਕ ਪਵਿੱਤਰ ਸਭਾ ਕਰੋਂਗੇ, ਇਸ ਦਿਨ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। 8 ਤੁਹਾਨੂੰ ਯਹੋਵਾਹ ਨੂੰ ਸੱਤਾਂ ਦਿਨਾਂ ਤੀਕ ਅੱਗ ਦੁਆਰਾ ਬਲੀਆਂ ਚੜ੍ਹਾਉਣੀਆਂ ਚਾਹੀਦੀਆਂ ਹਨ। ਫ਼ੇਰ ਸੱਤਵੇਂ ਦਿਨ ਉੱਥੇ ਇੱਕ ਹੋਰ ਪਵਿੱਤਰ ਸਭਾ ਹੋਵੇਗੀ। ਉਸ ਦਿਨ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ।”
ਮਸੀਹ ਯਿਸੂ ਵਿੱਚ ਪਰਮੇਸ਼ੁਰ ਦਾ ਪ੍ਰੇਮ
31 ਇਸ ਲਈ ਹੁਣ ਅਸੀਂ ਇਨ੍ਹਾਂ ਗੱਲਾਂ ਬਾਰੇ ਕੀ ਆਖੀਏ? ਜੇਕਰ ਪਰਮੇਸ਼ੁਰ ਸਾਡੇ ਨਾਲ ਹੈ, ਫ਼ਿਰ ਸਾਨੂੰ ਕੌਣ ਹਰਾ ਸੱਕਦਾ ਹੈ। 32 ਪਰਮੇਸ਼ੁਰ ਸਾਡੇ ਲਈ ਕੁਝ ਵੀ ਕਰੇਗਾ, ਉਸ ਨੇ ਆਪਣੇ ਪੁੱਤਰ ਨੂੰ ਸਾਡੇ ਵਾਸਤੇ ਮੌਤ ਝੱਲਣ ਲਈ ਦੇ ਦਿੱਤਾ। ਇਸ ਲਈ ਪਰਮੇਸ਼ੁਰ ਨਿਸ਼ਚਿਤ ਹੀ ਮਸੀਹ ਨਾਲ ਸਾਨੂੰ ਸਭ ਕੁਝ ਦੇਵੇਗਾ। 33 ਜਿਸ ਨੂੰ ਪਰਮੇਸ਼ੁਰ ਨੇ ਖੁਦ ਚੁਣਿਆ ਹੈ ਭਲਾ ਉਨ੍ਹਾਂ ਉੱਤੇ ਦੋਸ਼ ਕੌਣ ਲਾ ਸੱਕਦਾ ਹੈ? ਕੋਈ ਨਹੀਂ। ਸਿਰਫ਼ ਇੱਕ ਪਰਮੇਸ਼ੁਰ ਹੀ ਹੈ ਜੋ ਆਪਣੇ ਲੋਕਾਂ ਨੂੰ ਧਰਮੀ ਬਣਾਉਂਦਾ ਹੈ। 34 ਕੌਣ ਪਰਮੇਸ਼ੁਰ ਦੇ ਆਪਣੇ ਲੋਕਾਂ ਨੂੰ ਅਪਰਾਧੀ ਹੋਣ ਦਾ ਨਿਆਂ ਕਰ ਸੱਕਦਾ ਹੈ? ਹੋਰ ਕੋਈ ਨਹੀਂ ਮਸੀਹ ਯਿਸੂ ਸਾਡੇ ਲਈ ਮਰਿਆ। ਸਿਰਫ਼ ਇਹੀ ਨਹੀਂ ਉਹ ਮੁਰਦਿਆਂ ਵਿੱਚੋਂ ਵੀ ਜਿਵਾਲਿਆ ਗਿਆ ਸੀ। ਹੁਣ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ ਅਤੇ ਸਾਡੇ ਲਈ ਬੇਨਤੀ ਕਰ ਰਿਹਾ ਹੈ। 35 ਕੀ ਕੋਈ ਚੀਜ਼ ਸਾਨੂੰ ਮਸੀਹ ਦੇ ਪਿਆਰ ਤੋਂ ਜੁਦਾ ਕਰ ਸੱਕਦੀ ਹੈ? ਨਹੀਂ। ਕੀ ਕਸ਼ਟ ਸਾਨੂੰ ਉਸਤੋਂ ਅਲੱਗ ਕਰ ਸੱਕਦੇ ਹਨ? ਨਹੀਂ। ਕੀ ਮੁਸ਼ਕਿਲਾਂ ਜਾਂ ਦੰਡ ਸਾਨੂੰ ਮਸੀਹ ਦੇ ਪ੍ਰੇਮ ਤੋਂ ਵੱਖ ਕਰ ਸੱਕਦੇ ਹਨ? ਨਿਸ਼ਚਿਤ ਹੀ ਨਹੀਂ। ਜੇਕਰ ਸਾਡੇ ਕੋਲ ਅੰਨ ਖਾਣ ਨੂੰ ਤੇ ਪਾਉਣ ਨੂੰ ਕੱਪੜੇ ਨਾ ਰਹੇ ਤਾਂ ਕੀ ਅਜਿਹੀਆਂ ਤੰਗੀਆਂ ਸਾਨੂੰ ਮਸੀਹ ਤੋਂ ਦੂਰ ਕਰ ਸੱਕਦੀਆਂ ਹਨ? ਨਹੀਂ! ਕੀ ਖਤਰਾ ਅਤੇ ਮੌਤ ਸਾਨੂੰ ਮਸੀਹ ਦੇ ਪਿਆਰ ਤੋਂ ਅਲੱਗ ਕਰ ਸੱਕਦੇ ਹਨ? ਨਹੀਂ। 36 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਹੋਇਆ ਹੈ;
“ਤੇਰੇ ਵਾਸਤੇ ਅਸੀਂ ਹਮੇਸ਼ਾ ਮੌਤ ਦੇ ਖਤਰੇ ਥੱਲੇ ਹਾਂ।
ਲੋਕਾਂ ਨੇ ਸਾਨੂੰ ਮਾਰੇ ਜਾਣ ਲਈ ਇੱਕ ਭੇਡ ਨਾਲੋਂ ਵੱਧ ਨਹੀਂ ਸਮਝਿਆ।” (A)
37 ਪਰ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਪਰਮੇਸ਼ੁਰ ਰਾਹੀਂ ਸਾਡੀ ਇੱਕ ਮਹਾਨ ਜਿੱਤ ਹੈ, ਜਿਸਨੇ ਸਾਨੂੰ ਪਿਆਰ ਕੀਤਾ ਹੈ। 38-39 ਹਾਂ, ਮੈਨੂੰ ਯਕੀਨ ਹੈ ਕਿ ਕੁਝ ਵੀ ਸਾਨੂੰ ਪਰਮੇਸ਼ੁਰ ਦੇ ਪਿਆਰ ਤੋਂ ਅਲੱਗ ਨਹੀਂ ਕਰ ਸੱਕਦਾ। ਨਾ ਹੀ ਮੌਤ ਨਾ ਜੀਵਨ, ਨਾ ਹੀ ਦੁੱਖ ਅਤੇ ਰਾਜ ਕਰਨ ਵਾਲੇ ਆਤਮਾ, ਨਾ ਵਰਤਮਾਨ ਗੱਲਾਂ ਨਾ ਹੋਣ ਵਾਲੀਆਂ ਗੱਲਾਂ ਅਤੇ ਨਾ ਹੀ ਤਾਕਤਾਂ, ਕੋਈ ਵੀ ਸਾਨੂੰ ਉਸਤੋਂ ਜੁਦਾ ਨਹੀਂ ਕਰ ਸੱਕਦਾ। ਨਾ ਉਚਾਈਆਂ, ਜਾਂ ਡੂੰਘਾਈਆਂ ਤੇ ਨਾ ਹੀ ਸ੍ਰਿਸ਼ਟੀ ਦੀ ਕੋਈ ਹੋਰ ਚੀਜ਼ ਪਰਮੇਸ਼ੁਰ ਦੇ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਹੈ, ਸਾਨੂੰ ਅਲੱਗ ਕਰ ਸੱਕਦੀ ਹੈ।
2010 by World Bible Translation Center