Revised Common Lectionary (Complementary)
ਅਜ਼ਰਾਂਹੀ ਦੇ ਏਥਾਨ ਦਾ ਭਗਤੀ ਗੀਤ।
89 ਮੈਂ ਹਮੇਸ਼ਾ ਯਹੋਵਾਹ ਦੇ ਪਿਆਰ ਬਾਰੇ ਗਾਵਾਂਗਾ।
ਮੈਂ ਸਦਾ-ਸਦਾ ਲਈ ਉਸਦੀ ਵਫ਼ਾਦਾਰੀ ਗਾਵਾਂਗਾ।
2 ਯਹੋਵਾਹ, ਮੈਨੂੰ ਸੱਚਮੁੱਚ ਵਿਸ਼ਵਾਸ ਹੈ, “ਤੁਹਾਡਾ ਪਿਆਰ ਸਦੀਵੀ ਹੈ।
ਤੁਹਾਡੀ ਵਫ਼ਾਦਾਰੀ ਨਿਰੰਤਰ ਅਕਾਸ਼ਾਂ ਵਾਂਗ ਰਹਿੰਦੀ ਹੈ।”
3 ਪਰਮੇਸ਼ੁਰ ਨੇ ਆਖਿਆ, “ਮੈਂ ਆਪਣੇ ਚੁਣੇ ਹੋਏ ਰਾਜੇ ਨਾਲ ਕਰਾਰ ਕੀਤਾ ਸੀ।
ਮੈਂ ਆਪਣੇ ਸੇਵਕ ਦਾਊਦ ਨਾਲ ਵਾਅਦਾ ਕੀਤਾ ਸੀ।
4 ‘ਦਾਊਦ, ਮੈਂ ਤੇਰੇ ਪਰਿਵਾਰ ਨੂੰ ਸਦਾ ਰਹਿਣ ਵਾਲਾ ਬਣਾ ਦਿਆਂਗਾ।
ਮੈਂ ਤੇਰੇ ਰਾਜ ਨੂੰ ਸਦਾ-ਸਦਾ ਰਹਿਣ ਲਈ ਬਣਾ ਦਿਆਂਗਾ।’”
15 ਹੇ ਪਰਮੇਸ਼ੁਰ, ਤੁਹਾਡੇ ਵਫ਼ਾਦਾਰ ਸੇਵਕ ਸੱਚਮੁੱਚ ਖੁਸ਼ ਰਹਿੰਦੇ ਹਨ,
ਉਹ ਤੁਹਾਡੀ ਦਯਾ ਦੀ ਰੌਸ਼ਨੀ ਵਿੱਚ ਰਹਿੰਦੇ ਹਨ।
16 ਤੁਹਾਡਾ ਨਾਮ ਉਨ੍ਹਾਂ ਨੂੰ ਸਦਾ ਖੁਸ਼ੀ ਦਿੰਦਾ ਹੈ।
ਉਹ ਤੁਹਾਡੀ ਨੇਕੀ ਦੀ ਉਸਤਤਿ ਕਰਦੇ ਹਨ।
17 ਤੁਸੀਂ ਉਨ੍ਹਾਂ ਦੀ ਚਮਤਕਾਰੀ ਸ਼ਕਤੀ ਹੋ।
ਉਨ੍ਹਾਂ ਦੀ ਸ਼ਕਤੀ ਤੁਹਾਡੇ ਵੱਲੋਂ ਆਉਂਦੀ ਹੈ।
18 ਯਹੋਵਾਹ, ਤੁਸੀਂ ਸਾਡੇ ਰੱਖਿਅਕ ਹੋ,
ਇਸਰਾਏਲ ਦੀ ਪਵਿੱਤਰ ਧਰਤੀ ਸਾਡਾ ਰਾਜਾ ਹੈ।
ਝੂਠਾ ਨਬੀ ਹਨਨਯਾਹ
28 ਯਹੂਦਾਹ ਵਿੱਚ ਰਾਜੇ ਸਿਦਕੀਯਾਹ ਦੇ ਸ਼ਾਸਨ ਦੇ ਚੌਬੇ ਵਰ੍ਹੇ ਦੇ ਪੰਜਵੇਂ ਮਹੀਨੇ ਵਿੱਚ, ਗਿਬਓਨ ਸ਼ਹਿਰ ਤੋਂ ਅੱਸ਼ੂਰ ਦੇ ਪੁੱਤਰ ਨਬੀ ਹਨਨਯਾਹ ਨੇ ਮੇਰੇ ਨਾਲ ਗੱਲ ਕੀਤੀ। ਉਸ ਨੇ ਜਾਜਕਾਂ ਅਤੇ ਸਾਰੇ ਲੋਕਾਂ ਦੀ ਹਾਜਰੀ ਵਿੱਚ ਪਰਮੇਸ਼ੁਰ ਦੇ ਮੰਦਰ ਵਿੱਚ ਮੇਰੇ ਨਾਲ ਗੱਲ ਕੀਤੀ। ਉਸ ਨੇ ਆਖਿਆ, 2 “ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ‘ਮੈਂ ਉਸ ਜੂਲੇ ਨੂੰ ਤੋੜ ਦਿਆਂਗਾ ਜਿਹੜਾ ਬਾਬਲ ਦੇ ਰਾਜੇ ਨੇ ਯਹੂਦਾਹ ਦੇ ਲੋਕਾਂ ਦੇ ਗਲ ਵਿੱਚ ਪਾਇਆ ਹੈ। 3 ਦੋ ਸਾਲਾਂ ਦੇ ਖਤਮ ਹੋਣ ਤੋਂ ਪਹਿਲਾਂ ਹੀ ਮੈਂ ਉਹ ਸਾਰੀਆਂ ਚੀਜ਼ਾਂ ਵਾਪਸ ਲੈ ਆਵਾਂਗਾ ਜਿਹੜੀਆਂ ਬਾਬਲ ਦਾ ਰਾਜਾ ਨਬੂਕਦਨੱਸਰ ਯਹੋਵਾਹ ਦੇ ਮੰਦਰ ਵਿੱਚੋਂ ਚੁੱਕ ਕੇ ਬਾਬਲ ਲੈ ਗਿਆ ਹੈ। ਮੈਂ ਉਨ੍ਹਾਂ ਚੀਜ਼ਾਂ ਨੂੰ ਇੱਥੇ ਯਰੂਸ਼ਲਮ ਵਿੱਚ ਵਾਪਸ ਲਿਆਵਾਂਗਾ। 4 ਮੈਂ ਯਹੂਦਾਹ ਦੇ ਰਾਜੇ ਯੇਹੋਇਆਚਿਨ ਨੂੰ ਵੀ ਉਸ ਥਾਂ ਵਾਪਸ ਲਿਆਵਾਂਗਾ। ਯੇਹੋਇਆਚਿਨ ਯਹੋਯਾਕੀਮ ਦਾ ਪੁੱਤਰ ਹੈ। ਅਤੇ ਮੈਂ ਯਹੂਦਾਹ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਵਾਪਸ ਲਿਆਵਾਂਗਾ ਜਿਨ੍ਹਾਂ ਨੂੰ ਨਬੂਕਦਨੱਸਰ ਨੇ ਆਪਣੇ ਘਰਾਂ ਛੱਡ ਕੇ ਬਾਬਲ ਜਾਣ ਲਈ ਮਜ਼ਬੂਰ ਕੀਤਾ ਸੀ।’ ਇਹ ਸੰਦੇਸ਼ ਯਹੋਵਾਹ ਵੱਲੋਂ ਹੈ, ‘ਇਸ ਲਈ ਮੈਂ ਉਸ ਜੂਲੇ ਨੂੰ ਤੋੜ ਦਿਆਂਗਾ ਜਿਹੜਾ ਬਾਬਲ ਦੇ ਰਾਜੇ ਨੇ ਯਹੂਦਾਹ ਦੇ ਲੋਕਾਂ ਦੇ ਗਲ ਪਾਇਆ ਹੈ!’”
ਪਾਪਾਂ ਦਾ ਕਾਰਣ ਨਾ ਬਣੋ ਅਤੇ ਮਾਫ਼ੀ ਲਈ ਤਿਆਰ ਰਹੋ(A)
17 ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਯਕੀਨੀ ਤੌਰ ਤੇ ਅਜਿਹੀਆਂ ਗੱਲਾਂ ਹੋਣਗੀਆਂ ਜੋ ਲੋਕਾਂ ਲਈ ਪਾਪ ਦਾ ਕਾਰਣ ਬਣਨਗੀਆਂ। ਪਰ ਇਹ ਉਸ ਬੰਦੇ ਲਈ ਭਿਆਨਕ ਹੋਵੇਗਾ ਜੋ ਇਨ੍ਹਾਂ ਗੱਲਾਂ ਦਾ ਕਾਰਣ ਹੋਵੇਗਾ। 2 ਇਨ੍ਹਾਂ ਕਮਜ਼ੋਰ ਲੋਕਾਂ ਨੂੰ ਪਾਪ ਕਮਾਉਣ ਦਾ ਕਾਰਣ ਬਨਣ ਨਾਲੋਂ ਉਸ ਮਨੁੱਖ ਲਈ ਇਹ ਚੰਗਾ ਹੋਵੇਗਾ ਕਿ ਉਸ ਦੇ ਗਲ ਵਿੱਚ ਚੱਕੀ ਦਾ ਪੁੜ ਬੰਨ੍ਹਕੇ ਉਸ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ। 3 ਖਬਰਦਾਰ ਰਹੋ!
“ਜੇਕਰ ਤੁਹਾਡਾ ਭਰਾ ਪਾਪ ਕਰੇ ਤਾਂ ਉਸ ਨੂੰ ਦੱਸੋ ਕਿ ਉਹ ਗਲਤ ਹੈ। ਜੇਕਰ ਉਹ ਮਾਫ਼ੀ ਮੰਗਦਾ ਹੈ ਤਾਂ ਉਸ ਨੂੰ ਮਾਫ਼ ਕਰ ਦਿਉ। 4 ਜੇਕਰ ਤੁਹਾਡਾ ਭਰਾ ਇੱਕ ਦਿਨ ਵਿੱਚ ਸੱਤ ਵਾਰ ਤੁਹਾਡਾ ਬੁਰਾ ਕਰਦਾ ਹੈ ਅਤੇ ਹਰ ਵਾਰ ਤੁਹਾਡੇ ਕੋਲ ਵਾਪਸ ਆਕੇ ਖਿਮਾ ਮੰਗਦਾ ਹੈ ਤਾਂ ਉਸ ਨੂੰ ਖਿਮਾ ਕਰ ਦਿਉ।”
2010 by World Bible Translation Center