Old/New Testament
ਯਾਕੂਬ ਰਾਖੇਲ ਨੂੰ ਮਿਲਦਾ ਹੈ
29 ਫ਼ੇਰ ਯਾਕੂਬ ਨੇ ਆਪਣਾ ਸਫ਼ਰ ਜਾਰੀ ਰੱਖਿਆ। ਉਹ ਪੂਰਬ ਦੇ ਦੇਸ਼ ਵਿੱਚ ਗਿਆ। 2 ਯਾਕੂਬ ਨੇ ਝਾਤੀ ਮਾਰੀ ਅਤੇ ਉਸ ਨੂੰ ਖੇਤਾਂ ਅੰਦਰ ਇੱਕ ਖੂਹ ਨਜ਼ਰ ਆਇਆ। ਖੂਹ ਦੇ ਨੇੜੇ ਭੇਡਾਂ ਦੇ ਤਿੰਨ ਇੱਜੜ ਲੇਟੇ ਸਨ। ਇਹੀ ਉਹ ਖੂਹ ਸੀ ਜਿੱਥੇ ਇਹ ਭੇਡਾਂ ਪਾਣੀ ਪੀਂਦੀਆਂ ਸਨ। ਉੱਥੇ ਇੱਕ ਵੱਡਾ ਪੱਥਰ ਸੀ, ਜਿਸ ਨਾਲ ਖੂਹ ਦਾ ਮੂੰਹ ਕੱਜਿਆ ਹੋਇਆ ਸੀ। 3 ਜਦੋਂ ਸਾਰੇ ਇੱਜੜ ਉੱਥੇ ਇਕੱਠੇ ਹੋ ਜਾਂਦੇ ਸਨ ਅਯਾਲੀ ਪੱਥਰ ਨੂੰ ਖੂਹ ਤੋਂ ਹਟਾ ਦਿੰਦੇ ਸਨ। ਫ਼ੇਰ ਸਾਰੀਆਂ ਭੇਡਾਂ ਪਾਣੀ ਪੀ ਸੱਕਦੀਆਂ ਸਨ। ਜਦੋਂ ਭੇਡਾਂ ਦੀ ਪਿਆਸ ਬੁਝ ਜਾਂਦੀ ਤਾਂ ਅਯਾਲੀ ਪੱਥਰ ਨੂੰ ਮੁੜਕੇ ਪਹਿਲੀ ਥਾਂ ਖਿਸੱਕਾ ਦਿੰਦੇ ਸਨ।
4 ਯਾਕੂਬ ਨੇ ਉੱਥੋਂ ਦੇ ਅਯਾਲੀਆਂ ਨੂੰ ਆਖਿਆ, “ਭਰਾਵੋ, ਤੁਸੀਂ ਕਿੱਥੋਂ ਦੇ ਹੋ?”
ਉਨ੍ਹਾਂ ਨੇ ਜਵਾਬ ਦਿੱਤਾ, “ਅਸੀਂ ਹਾਰਾਨ ਤੋਂ ਹਾਂ।”
5 ਫ਼ੇਰ ਯਾਕੂਬ ਨੇ ਆਖਿਆ, “ਕੀ ਤੁਸੀਂ ਨਾਹੋਰ ਦੇ ਪੋਤਰੇ ਲਾਬਾਨ ਨੂੰ ਜਾਣਦੇ ਹੋ?”
ਅਯਾਲੀਆਂ ਨੇ ਜਵਾਬ ਦਿੱਤਾ, “ਅਸੀਂ ਉਸ ਨੂੰ ਜਾਣਦੇ ਹਾਂ।”
6 ਫ਼ੇਰ ਯਾਕੂਬ ਨੇ ਆਖਿਆ, “ਉਸਦਾ ਕੀ ਹਾਲ ਹੈ?”
ਉਨ੍ਹਾਂ ਨੇ ਜਵਾਬ ਦਿੱਤਾ, “ਉਹ ਰਾਜੀ-ਖੁਸ਼ੀ ਹੈ। ਹਰ ਚੀਜ਼ ਠੀਕ ਹੈ। ਦੇਖੋ ਉਹ ਉਸ ਦੀ ਧੀ ਰਾਖੇਲ ਉਸ ਦੀਆਂ ਭੇਡਾਂ ਦੇ ਨਾਲ ਤੁਰੀ ਆਉਂਦੀ ਹੈ।”
7 ਯਾਕੂਬ ਨੇ ਆਖਿਆ, “ਦੇਖੋ, ਹਾਲੇ ਤਾਂ ਦਿਨ ਖੜ੍ਹਾ ਹੈ ਸੂਰਜ ਛਿਪਣ ਵਿੱਚ ਹਾਲੇ ਦੇਰ ਹੈ। ਹਾਲੇ ਜਾਨਵਰਾਂ ਦੇ ਰਾਤ ਲਈ ਇਕੱਠੇ ਕਰਨ ਦਾ ਵੇਲਾ ਨਹੀਂ ਹੋਇਆ। ਇਸ ਲਈ ਇਨ੍ਹਾਂ ਨੂੰ ਪਾਣੀ ਪਿਲਾਉ ਅਤੇ ਖੇਤਾਂ ਵਿੱਚ ਵਾਪਸ ਜਾਣ ਦਿਉ।”
8 ਪਰ ਉਸ ਅਯਾਲੀ ਨੇ ਆਖਿਆ, “ਅਸੀਂ ਉਦੋਂ ਤੱਕ ਅਜਿਹਾ ਨਹੀਂ ਕਰ ਸੱਕਦੇ ਜਿੰਨਾ ਚਿਰ ਸਾਰੇ ਇੱਜੜ ਇਕੱਠੇ ਨਹੀਂ ਹੋ ਜਾਂਦੇ। ਫ਼ੇਰ ਅਸੀਂ ਖੂਹ ਤੋਂ ਪੱਥਰ ਖਿਸੱਕਾ ਦੇਵਾਂਗੇ ਅਤੇ ਸਾਰੀਆਂ ਭੇਡਾਂ ਪਾਣੀ ਪੀਣਗੀਆਂ।”
9 ਜਦੋਂ ਯਾਕੂਬ ਅਯਾਲੀਆਂ ਨਾਲ ਗੱਲ ਕਰ ਰਿਹਾ ਸੀ ਤਾਂ ਰਾਖੇਲ ਆਪਣੇ ਪਿਤਾ ਦੀਆਂ ਭੇਡਾਂ ਦੇ ਨਾਲ ਆ ਗਈ। (ਰਾਖੇਲ ਦਾ ਕੰਮ ਭੇਡਾਂ ਦੀ ਦੇਖ-ਭਾਲ ਕਰਨਾ ਸੀ।) 10 ਰਾਖੇਲ ਲਾਬਾਨ ਦੀ ਧੀ ਸੀ। ਲਾਬਾਨ ਯਕੂਬ ਦੀ ਮਾਂ ਰਿਬਕਾਹ ਦਾ ਭਰਾ ਸੀ। ਜਦੋਂ ਯਾਕੂਬ ਨੇ ਰਾਖੇਲ ਨੂੰ ਦੇਖਿਆ, ਉਸ ਨੇ ਜਾਕੇ ਪੱਥਰ ਖਿਸੱਕਾਇਆ ਅਤੇ ਫ਼ੇਰ ਭੇਡਾਂ ਨੂੰ ਪਾਣੀ ਦਿੱਤਾ। 11 ਫ਼ੇਰ ਯਾਕੂਬ ਨੇ ਰਾਖੇਲ ਨੂੰ ਚੁੰਮਿਆ ਅਤੇ ਰੋ ਪਿਆ। 12 ਯਾਕੂਬ ਨੇ ਰਾਖੇਲ ਨੂੰ ਦੱਸਿਆ ਕਿ ਉਹ ਉਸ ਦੇ ਪਿਤਾ ਦੇ ਪਰਿਵਾਰ ਵਿੱਚੋਂ ਸੀ। ਉਸ ਨੇ ਰਾਖੇਲ ਨੂੰ ਦੱਸਿਆ ਕਿ ਉਹ ਰਿਬਕਾਹ ਦਾ ਪੁੱਤਰ ਸੀ। ਇਸ ਲਈ ਰਾਖੇਲ ਘਰ ਦੌੜ ਗਈ ਅਤੇ ਆਪਣੇ ਪਿਤਾ ਨੂੰ ਇਸ ਬਾਰੇ ਦੱਸਿਆ।
13 ਲਾਬਾਨ ਨੇ ਆਪਣੀ ਭੈਣ ਦੇ ਪੁੱਤਰ ਯਾਕੂਬ ਬਾਰੇ ਸੁਣਿਆ। ਇਸ ਲਈ ਲਾਬਾਨ ਉਸ ਨੂੰ ਮਿਲਣ ਲਈ ਦੌੜਿਆ। ਲਾਬਾਨ ਨੇ ਉਸ ਨੂੰ ਜਫ਼ੀ ਪਾ ਲਈ ਅਤੇ ਚੁੰਮਿਆ ਅਤੇ ਆਪਣੇ ਘਰ ਲੈ ਆਇਆ। ਯਾਕੂਬ ਨੇ ਜੋ ਕੁਝ ਵਾਪਰਿਆ ਸੀ ਸਭ ਦੱਸ ਦਿੱਤਾ।
14 ਫ਼ੇਰ ਲਾਬਾਨ ਨੇ ਆਖਿਆ, “ਇਹ ਤਾਂ ਬਹੁਤ ਸ਼ਾਨਦਾਰ ਗੱਲ ਹੈ। ਤੂੰ ਮੇਰੇ ਆਪਣੇ ਪਰਿਵਾਰ ਵਿੱਚੋਂ ਹੈ।” ਇਸ ਲਈ ਯਾਕੂਬ ਲਾਬਾਨ ਕੋਲ ਇੱਕ ਮਹੀਨੇ ਲਈ ਠਹਿਰ ਗਿਆ।
ਲਾਬਾਨ ਦਾ ਯਾਕੂਬ ਨਾਲ ਧੋਖਾ ਕਰਨਾ
15 ਇੱਕ ਦਿਨ ਲਾਬਾਨ ਨੇ ਯਾਕੂਬ ਨੂੰ ਆਖਿਆ, “ਤੇਰੇ ਲਈ ਮੇਰੇ ਵਾਸਤੇ ਬਿਨਾ ਤਨਖਾਹ ਤੋਂ ਕੰਮ ਕਰਨਾ ਸਹੀ ਨਹੀਂ। ਤੂੰ ਇੱਕ ਰਿਸ਼ਤੇਦਾਰ ਹੈਂ, ਕੋਈ ਗੁਲਾਮ ਨਹੀਂ ਮੈਂ ਤੈਨੂੰ ਕੀ ਦੇਵਾਂ?”
16 ਲਾਬਾਨ ਦੀਆਂ ਦੋ ਧੀਆਂ ਸਨ। ਵੱਡੀ ਲੇਆਹ ਸੀ ਅਤੇ ਛੋਟੀ ਰਾਖੇਲ ਸੀ।
17 ਲੇਆਹ ਜ਼ਿਆਦੇ ਖੂਬਸੂਰਤ ਨਹੀਂ ਸੀ, ਪਰ ਰਾਖੇਲ ਇੱਕ ਬਹੁਤ ਹੀ ਖੂਬਸੂਰਤ ਮੁਟਿਆਰ ਸੀ। 18 ਯਾਕੂਬ ਰਾਖੇਲ ਨੂੰ ਪਿਆਰ ਕਰਦਾ ਸੀ, ਯਾਕੂਬ ਨੇ ਲਾਬਾਨ ਨੂੰ ਆਖਿਆ, “ਮੈਂ ਤੇਰੇ ਲਈ ਸੱਤ ਸਾਲ ਗੁਲਾਮੀ ਕਰਾਂਗਾ ਜੇ ਤੂੰ ਮੇਰੇ ਨਾਲ ਆਪਣੀ ਧੀ ਰਾਖੇਲ ਦਾ ਵਿਆਹ ਕਰ ਦੇਵੇਂ।”
19 ਲਾਬਾਨ ਨੇ ਆਖਿਆ, “ਉਸਦੇ ਲਈ ਵੀ ਤੇਰੇ ਨਾਲ ਸ਼ਾਦੀ ਕਰਨਾ ਹੋਰ ਕਿਸੇ ਨਾਲ ਸ਼ਾਦੀ ਕਰਨ ਨਾਲੋਂ ਬਿਹਤਰ ਹੋਵੇਗਾ। ਇਸ ਲਈ ਮੇਰੇ ਕੋਲ ਠਹਿਰ ਜਾ।”
20 ਇਸ ਲਈ ਯਾਕੂਬ ਠਹਿਰ ਗਿਆ ਅਤੇ ਸੱਤ ਵਰ੍ਹੇ ਲਾਬਾਨ ਲਈ ਕੰਮ ਕਰਦਾ ਰਿਹਾ। ਪਰ ਇਹ ਕੁਝ ਦਿਨਾਂ ਵਾਂਗ ਹੀ ਲੱਗਿਆ ਕਿਉਂਕਿ ਉਹ ਰਾਖੇਲ ਨੂੰ ਪਿਆਰ ਕਰਦਾ ਸੀ।
21 ਸੱਤ ਵਰ੍ਹਿਆਂ ਬਾਦ ਯਾਕੂਬ ਨੇ ਲਾਬਾਨ ਨੂੰ ਆਖਿਆ, “ਮੈਨੂੰ ਰਾਖੇਲ ਦਾ ਹੱਥ ਫ਼ੜਾ ਦੇ ਤਾਂ ਜੋ ਮੈਂ ਉਸ ਨਾਲ ਸ਼ਾਦੀ ਕਰ ਸੱਕਾਂ। ਮੇਰਾ ਤੇਰੇ ਲਈ ਕੰਮ ਕਰਨ ਦਾ ਸਮਾਂ ਮੁੱਕ ਗਿਆ ਹੈ।”
22 ਇਸ ਲਈ ਲਾਬਾਨ ਨੇ ਉਸ ਥਾਂ ਦੇ ਸਾਰੇ ਲੋਕਾਂ ਨੂੰ ਦਾਵਤ ਦਿੱਤੀ। 23 ਉਸ ਰਾਤ ਲਾਬਾਨ ਆਪਣੀ ਧੀ ਲੇਆਹ ਨੂੰ ਯਾਕੂਬ ਕੋਲ ਲੈ ਆਇਆ। ਯਾਕੂਬ ਅਤੇ ਲੇਆਹ ਨੇ ਸੰਭੋਗ ਕੀਤਾ। 24 (ਲਾਬਾਨ ਨੇ ਆਪਣੀ ਨੌਕਰਾਣੀ ਜ਼ਿਲਫ਼ਾਹ ਨੂੰ ਆਪਣੀ ਧੀ ਦੀ ਸੇਵਕਾ ਬਣਾ ਦਿੱਤਾ।) 25 ਸਵੇਰ ਨੂੰ ਯਾਕੂਬ ਨੇ ਦੇਖਿਆ ਕਿ ਉਹ ਤਾਂ ਲੇਆਹ ਨਾਲ ਸੁੱਤਾ ਸੀ। ਯਾਕੂਬ ਨੇ ਲਾਬਾਨ ਨੂੰ ਆਖਿਆ, “ਤੂੰ ਮੇਰੇ ਨਾਲ ਧੋਖਾ ਕੀਤਾ ਹੈ। ਮੈਂ ਤੇਰੇ ਲਈ ਸਖ਼ਤ ਮਿਹਨਤ ਕੀਤੀ ਤਾਂ ਜੋ ਰਾਖੇਲ ਨਾਲ ਸ਼ਾਦੀ ਕਰ ਸੱਕਾਂ। ਤੂੰ ਮੈਨੂੰ ਧੋਖਾ ਕਿਉਂ ਦਿੱਤਾ?”
26 ਲਾਬਾਨ ਨੇ ਆਖਿਆ, “ਸਾਡੇ ਦੇਸ਼ ਵਿੱਚ ਅਸੀਂ ਵੱਡੀ ਧੀ ਤੋਂ ਪਹਿਲਾਂ ਛੋਟੀ ਦਾ ਵਿਆਹ ਨਹੀਂ ਕਰਦੇ। 27 ਪਰ ਤੂੰ ਪੂਰਾ ਹਫ਼ਤਾ ਸ਼ਾਦੀ ਦੀਆਂ ਰਸਮਾਂ ਵਿੱਚ ਸ਼ਾਮਿਲ ਰਹਿ, ਅਤੇ ਮੈਂ ਰਾਖੇਲ ਦਾ ਵੀ ਤੇਰੇ ਨਾਲ ਵਿਆਹ ਕਰ ਦਿਆਂਗਾ। ਪਰ ਤੈਨੂੰ ਮੇਰੇ ਲਈ ਸੱਤ ਵਰ੍ਹੇ ਹੋਰ ਕੰਮ ਕਰਨਾ ਪਵੇਗਾ।”
28 ਇਸ ਲਈ ਯਾਕੂਬ ਨੇ ਇਵੇਂ ਹੀ ਕੀਤਾ ਅਤੇ ਹਫ਼ਤਾ ਖਤਮ ਹੋ ਗਿਆ। ਫ਼ੇਰ ਲਾਬਾਨ ਨੇ ਆਪਣੀ ਧੀ ਰਾਖੇਲ ਦਾ ਵਿਆਹ ਵੀ ਉਸ ਨਾਲ ਕਰ ਦਿੱਤਾ। 29 (ਲਾਬਾਨ ਨੇ ਆਪਣੀ ਸੇਵਕਾ ਬਿਲਹਾਹ ਨੂੰ ਆਪਣੀ ਧੀ ਰਾਖੇਲ ਦੀ ਸੇਵਕਾ ਬਣਾ ਦਿੱਤਾ।) 30 ਇਸ ਲਈ ਯਾਕੂਬ ਨੇ ਰਾਖੇਲ ਨਾਲ ਵੀ ਸੰਭੋਗ ਕੀਤਾ ਅਤੇ ਯਾਕੂਬ ਰਾਖੇਲ ਨੂੰ ਲੇਆਹ ਨਾਲੋਂ ਵੱਧ ਪਿਆਰ ਕਰਦਾ ਸੀ। ਯਾਕੂਬ ਸੱਤ ਵਰ੍ਹੇ ਹੋਰ ਲਾਬਾਨ ਲਈ ਕੰਮ ਕਰਦਾ ਰਿਹਾ।
ਯਾਕੂਬ ਦਾ ਪਰਿਵਾਰ ਵੱਧਦਾ ਹੈ
31 ਯਹੋਵਾਹ ਨੇ ਦੇਖਿਆ ਕਿ ਲੇਆਹ ਦੀ ਅਣਗਹਿਲੀ ਹੁੰਦੀ ਸੀ। ਇਸ ਲਈ ਯਹੋਵਾਹ ਨੇ ਲੇਆਹ ਨੂੰ ਬੱਚੇ ਪੈਦਾ ਕਰਨ ਦਿੱਤੇ। ਪਰ ਰਾਖੇਲ ਦੇ ਬੱਚੇ ਪੈਦਾ ਨਾ ਹੋਏ।
32 ਲੇਆਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਇਸਦਾ ਨਾਮ ਰਊਬੇਨ ਰੱਖਿਆ। ਲੇਆਹ ਨੇ ਇਸਦਾ ਇਹ ਨਾਮ ਇਸ ਲਈ ਰੱਖਿਆ ਕਿਉਂਕਿ ਉਸ ਨੇ ਆਖਿਆ, “ਯਹੋਵਾਹ ਨੇ ਮੇਰੀਆਂ ਮੁਸ਼ਕਿਲਾਂ ਦੇਖ ਲਈਆਂ ਹਨ। ਮੇਰਾ ਪਤੀ ਮੈਨੂੰ ਪਿਆਰ ਨਹੀਂ ਕਰਦਾ। ਇਸ ਲਈ ਸ਼ਾਇਦ ਹੁਣ ਮੇਰਾ ਪਤੀ ਮੈਨੂੰ ਪਿਆਰ ਕਰੇ।”
33 ਲੇਆਹ ਫ਼ੇਰ ਤੋਂ ਗਰਭਵਤੀ ਹੋ ਗਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸਦਾ ਨਾਮ ਸ਼ਿਮਓਨ [a] ਰੱਖਿਆ। ਲੇਆਹ ਨੇ ਆਖਿਆ, “ਯਹੋਵਾਹ ਜਾਣਦਾ ਕਿ ਮੇਰਾ ਪਤੀ ਮੇਰੀ ਅਣਗਹਿਲੀ ਕਰਦਾ ਹੈ, ਇਸ ਲਈ ਉਸ ਨੇ ਮੈਨੂੰ ਇਹ ਪੁੱਤਰ ਦਿੱਤਾ ਹੈ।”
34 ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋ ਗਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਇਸ ਪੁੱਤਰ ਦਾ ਨਾਮ ਲੇਵੀ ਰੱਖਿਆ। ਲੇਆਹ ਨੇ ਆਖਿਆ, “ਹੁਣ ਅਵੱਸ਼ ਹੀ ਮੇਰਾ ਪਤੀ ਮੇਰੇ ਨਾਲ ਜੁੜ ਜਾਵੇਗਾ। ਮੈਂ ਉਸ ਨੂੰ ਤਿੰਨ ਪੁੱਤਰ ਦਿੱਤੇ ਹਨ।”
35 ਫ਼ੇਰ ਲੇਆਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਉਸ ਨੇ ਉਸਦਾ ਨਾਮ ਯਹੂਦਾਹ ਰੱਖਿਆ। ਲੇਆਹ ਨੇ ਉਸਦਾ ਇਹ ਨਾਮ ਇਸ ਲਈ ਰੱਖਿਆ ਕਿਉਂਕਿ ਉਸ ਨੇ ਆਖਿਆ, “ਹੁਣ ਮੈਂ ਯਹੋਵਾਹ ਦੀ ਉਸਤਤਿ ਕਰਾਂਗੀ।” ਫ਼ੇਰ ਲੇਆਹ ਨੇ ਸੰਤਾਨ ਪੈਦਾ ਕਰਨੀ ਬੰਦ ਕਰ ਦਿੱਤੀ।
30 ਰਾਖੇਲ ਨੇ ਦੇਖਿਆ ਕਿ ਉਹ ਯਾਕੂਬ ਨੂੰ ਕੋਈ ਸੰਤਾਨ ਨਹੀਂ ਦੇ ਰਹੀ ਸੀ। ਰਾਖੇਲ ਆਪਣੀ ਭੈਣ ਲੇਆਹ ਨਾਲ ਈਰਖਾ ਕਰਨ ਲਗੀ। ਇਸ ਲਈ ਰਾਖੇਲ ਨੇ ਯਾਕੂਬ ਨੂੰ ਆਖਿਆ, “ਮੈਨੂੰ ਬੱਚੇ ਦਿਉ ਨਹੀਂ ਤਾਂ ਮੈਂ ਮਰ ਜਾਵਾਂਗੀ!”
2 ਯਾਕੂਬ ਰਾਖੇਲ ਨਾਲ ਨਾਰਾਜ਼ ਹੋ ਗਿਆ। ਉਸ ਨੇ ਆਖਿਆ, “ਮੈਂ ਪਰਮੇਸ਼ੁਰ ਨਹੀਂ ਹਾਂ। ਇਹ ਪਰਮੇਸ਼ੁਰ ਹੀ ਹੈ ਜਿਸ ਨੇ ਤੈਨੂੰ ਬੱਚਿਆਂ ਦੀ ਦਾਤ ਨਹੀਂ ਦਿੱਤੀ।”
3 ਫ਼ੇਰ ਰਾਖੇਲ ਨੇ ਆਖਿਆ, “ਤੂੰ ਮੇਰੀ ਦਾਸੀ ਬਿਲਹਾਹ ਨਾਲ ਸੰਬੰਧ ਬਣਾ ਸੱਕਦਾ ਹੈਂ। ਉਸ ਨਾਲ ਸੌਂ ਅਤੇ ਉਹ ਮੇਰੇ ਲਈ ਬੱਚਾ ਪੈਦਾ ਕਰੇਗੀ। ਫ਼ੇਰ ਮੈਂ ਉਸ ਦੇ ਕਾਰਣ ਮਾਂ ਬਣ ਜਾਵਾਂਗੀ।”
4 ਇਸ ਲਈ ਰਾਖੇਲ ਨੇ ਬਿਲਹਾਹ ਨੂੰ ਆਪਣੇ ਪਤੀ, ਯਾਕੂਬ ਨੂੰ ਉਸਦੀ ਪਤਨੀ ਹੋਣ ਲਈ ਦੇ ਦਿੱਤਾ। ਯਾਕੂਬ ਨੇ ਬਿਲਹਾਹ ਨਾਲ ਜਿਸਨੀ ਸੰਬੰਧ ਬਣਾਏ। 5 ਬਿਲਹਾਹ ਗਰਭਵਤੀ ਹੋ ਗਈ ਅਤੇ ਯਾਕੂਬ ਨੂੰ ਇੱਕ ਪੁੱਤਰ ਦਿੱਤਾ।
6 ਰਾਖੇਲ ਨੇ ਆਖਿਆ, “ਪਰਮੇਸ਼ੁਰ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ। ਉਸ ਨੇ ਮੈਨੂੰ ਪੁੱਤਰ ਦੇਣ ਦਾ ਨਿਆਂ ਕੀਤਾ ਹੈ।” ਇਸ ਲਈ ਰਾਖੇਲ ਨੇ ਇਸ ਪੁੱਤਰ ਦਾ ਨਾਮ ਦਾਨ ਰੱਖਿਆ।
7 ਬਿਲਹਾਹ ਇੱਕ ਵਾਰੀ ਫ਼ੇਰ ਗਰਭਵਤੀ ਹੋ ਗਈ ਅਤੇ ਯਾਕੂਬ ਨੂੰ ਦੂਸਰਾ ਪੁੱਤਰ ਦਿੱਤਾ। 8 ਰਾਖੇਲ ਨੇ ਆਖਿਆ, “ਮੈਂ ਆਪਣੀ ਭੈਣ ਨਾਲ ਕੜਾ ਸੰਘਰਸ਼ ਕੀਤਾ ਹੈ। ਅਤੇ ਮੈਂ ਜਿੱਤ ਗਈ ਹਾਂ।” ਇਸ ਲਈ ਉਸ ਨੇ ਉਸ ਪੁੱਤਰ ਦਾ ਨਾਮ ਨਫ਼ਤਾਲੀ ਰੱਖਿਆ।
9 ਲੇਆਹ ਨੇ ਦੇਖਿਆ ਕਿ ਉਹ ਬੱਚੇ ਪੈਦਾ ਕਰਨੋ ਹਟ ਗਈ ਸੀ। ਇਸ ਲਈ ਉਸ ਨੇ ਆਪਣੀ ਦਾਸੀ ਜ਼ਿਲਫ਼ਾਹ ਯਾਕੂਬ ਦੇ ਹਵਾਲੇ ਕਰ ਦਿੱਤੀ। 10 ਤਾਂ ਜ਼ਿਲਫ਼ਾਹ ਨੇ ਪੁੱਤਰ ਨੂੰ ਜਨਮ ਦਿੱਤਾ। 11 ਲੇਆਹ ਨੇ ਆਖਿਆ, “ਮੈਂ ਖੁਸ਼ਕਿਸਮਤ ਹਾਂ।” ਇਸ ਲਈ ਉਸ ਨੇ ਪੁੱਤਰ ਦਾ ਨਾਮ ਗਾਦ ਰੱਖਿਆ। 12 ਜ਼ਿਲਫ਼ਾਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। 13 ਲੇਆਹ ਨੇ ਆਖਿਆ, “ਮੈਂ ਬਹੁਤ ਖੁਸ਼ ਹਾਂ! ਹੁਣ ਔਰਤਾਂ ਮੈਨੂੰ ਖੁਸ਼ਕਿਸਮਤ ਆਖਣਗੀਆਂ।” ਇਸ ਲਈ ਉਸ ਨੇ ਉਸ ਪੁੱਤਰ ਦਾ ਨਾਮ ਆਸ਼ੇਰ ਰੱਖਿਆ।
14 ਕਣਕ ਦੀ ਵਾਢੀ ਸਮੇਂ, ਰਊਬੇਨ ਖੇਤਾਂ ਵਿੱਚ ਗਿਆ ਅਤੇ ਉਸ ਨੂੰ ਕੁਝ ਖਾਸ ਕਿਸਮ ਦੇ ਫ਼ੁੱਲ ਮਿਲੇ। ਰਊਬੇਨ ਇਹ ਫ਼ੁੱਲ ਆਪਣੀ ਮਾਂ ਲੇਆਹ ਕੋਲ ਲੈ ਆਇਆ। ਪਰ ਰਾਖੇਲ ਨੇ ਲੇਆਹ ਨੂੰ ਆਖਿਆ, “ਮਿਹਰਬਾਨੀ ਕਰਕੇ ਆਪਣੇ ਪੁੱਤਰ ਦੇ ਲਿਆਂਦੇ ਫ਼ੁੱਲ ਮੈਨੂੰ ਵੀ ਦੇ।”
15 ਲੇਆਹ ਨੇ ਜਵਾਬ ਦਿੱਤਾ, “ਤੂੰ ਤਾਂ ਪਹਿਲਾਂ ਹੀ ਮੇਰਾ ਪਤੀ ਮੇਰੇ ਕੋਲੋਂ ਖੋਹ ਲਿਆ ਹੈ। ਹੁਣ ਤੂੰ ਮੇਰੇ ਪੁੱਤਰ ਦੇ ਫ਼ੁੱਲ ਵੀ ਲੈਣਾ ਚਾਹੁੰਦੀ ਹੈਂ।”
ਪਰ ਰਾਖੇਲ ਨੇ ਜਵਾਬ ਦਿੱਤਾ, “ਜੇ ਤੂੰ ਆਪਣੇ ਪੁੱਤਰ ਦੇ ਫ਼ੁੱਲ ਮੈਨੂੰ ਦੇ ਦੇਵੇਂਗੀ ਤਾਂ ਤੂੰ ਅੱਜ ਦੀ ਰਾਤ ਯਾਕੂਬ ਨਾਲ ਸੌਂ ਸੱਕਦੀ ਹੈਂ।”
16 ਯਾਕੂਬ ਉਸ ਸਮੇਂ ਖੇਤਾਂ ਵਿੱਚੋਂ ਆਇਆ। ਲੇਆਹ ਨੇ ਉਸ ਨੂੰ ਦੇਖਿਆ ਅਤੇ ਉਸ ਨੂੰ ਮਿਲਣ ਲਈ ਬਾਹਰ ਗਈ। ਉਸ ਨੇ ਆਖਿਆ, “ਤੂੰ ਅੱਜ ਮੇਰੇ ਨਾਲ ਸੌਵੇਂਗਾ। ਮੈਂ ਆਪਣੇ ਪੁੱਤਰ ਦੇ ਫ਼ੁੱਲਾਂ ਨਾਲ ਤੇਰੀ ਕੀਮਤ ਅਦਾ ਕਰ ਦਿੱਤੀ ਹੈ।” ਇਸ ਲਈ ਯਾਕੂਬ ਉਸ ਰਾਤ ਲੇਆਹ ਨਾਲ ਸੁੱਤਾ।
17 ਪਰਮੇਸ਼ੁਰ ਦੀ ਰਜ਼ਾ ਨਾਲ ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋਈ। ਉਸ ਨੇ ਪੰਜਵੇਂ ਪੁੱਤਰ ਨੂੰ ਜਨਮ ਦਿੱਤਾ। 18 ਲੇਆਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਇਨਾਮ ਦਿੱਤਾ ਹੈ ਕਿਉਂਕਿ ਮੈਂ ਆਪਣੀ ਦਾਸੀ ਆਪਣੇ ਪਤੀ ਨੂੰ ਅਰਪਣ ਕਰ ਦਿੱਤੀ ਸੀ।” ਇਸ ਲਈ ਲੇਆਹ ਨੇ ਆਪਣੇ ਪੁੱਤਰ ਦਾ ਨਾਮ ਯਿੱਸਾਕਾਰ ਰੱਖਿਆ।
19 ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋਈ ਅਤੇ ਛੇਵੇਂ ਪੁੱਤਰ ਨੂੰ ਜਨਮ ਦਿੱਤਾ। 20 ਲੇਆਹ ਨੇ ਆਖਿਆ, “ਪਰਮੇਸ਼ੁਰ ਨੇ ਮੈਨੂੰ ਬਹੁਤ ਸੁੰਦਰ ਤੋਹਫ਼ਾ ਦਿੱਤਾ। ਹੈ। ਹੁਣ ਜ਼ਰੂਰ ਯਾਕੂਬ ਮੇਰੇ ਬਾਰੇ ਚੰਗਾ ਸੋਚੇਗਾ ਕਿਉਂਕਿ ਮੈਂ ਉਸ ਨੂੰ ਛੇ ਪੁੱਤਰ ਦਿੱਤੇ ਹਨ।” ਇਸ ਲਈ ਲੇਆਹ ਨੇ ਆਪਣੇ ਪੁੱਤਰ ਦਾ ਨਾਮ ਜ਼ਬੂਲੁਨ ਧਰਿਆ।
21 ਬਾਦ ਵਿੱਚ ਲੇਆਹ ਨੇ ਇੱਕ ਧੀ ਜੰਮੀ। ਉਸ ਨੇ ਉਸ ਧੀ ਦਾ ਨਾਮ ਦੀਨਾਹ ਰੱਖਿਆ।
22 ਫ਼ੇਰ ਪਰਮੇਸ਼ੁਰ ਨੇ ਰਾਖੇਲ ਦੀ ਪ੍ਰਾਰਥਨਾ ਸੁਣ ਲਈ ਪਰਮੇਸ਼ੁਰ ਨੇ ਰਾਖੇਲ ਨੂੰ ਸੰਤਾਨ ਪੈਦਾ ਕਰਨ ਦੇ ਯੋਗ ਬਣਾ ਦਿੱਤਾ। 23-24 ਰਾਖੇਲ ਫ਼ਿਰ ਗਰਭਵਤੀ ਹੋਈ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਰਾਖੇਲ ਨੇ ਆਖਿਆ, “ਪਰਮੇਸ਼ੁਰ ਨੇ ਮੇਰੀ ਸ਼ਰਮ ਦੂਰ ਕਰ ਦਿੱਤੀ ਹੈ ਅਤੇ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਹੈ।” ਇਸ ਲਈ ਰਾਖੇਲ ਨੇ ਪੁੱਤਰ ਦਾ ਨਾਮ ਯੂਸੁਫ਼ ਰੱਖਿਆ।
ਯਾਕੂਬ ਦਾ ਲਾਬਾਨ ਨਾਲ ਧੋਖਾ ਕਰਨਾ
25 ਰਾਖੇਲ ਦੇ ਯੂਸੁਫ਼ ਨੂੰ ਜਨਮ ਤੋਂ ਬਾਦ, ਯਾਕੂਬ ਨੇ ਲਾਬਾਨ ਨੂੰ ਆਖਿਆ, “ਹੁਣ ਮੈਨੂੰ ਆਪਣੇ ਘਰ ਜਾਣ ਦੇ। 26 ਮੈਨੂੰ ਮੇਰੀਆਂ ਪਤਨੀਆਂ ਅਤੇ ਮੇਰੇ ਬੱਚੇ ਦੇ ਦਿਉ। ਮੈਂ 14 ਸਾਲ ਤੇਰੇ ਲਈ ਕੰਮ ਕਰਕੇ ਉਨ੍ਹਾਂ ਨੂੰ ਰੱਖਣ ਦਾ ਹੱਕ ਪ੍ਰਾਪਤ ਕਰ ਲਿਆ ਹੈ। ਤੂੰ ਜਾਣਦਾ ਹੈਂ ਕਿ ਮੈਂ ਤੇਰੀ ਚੰਗੀ ਤਰ੍ਹਾਂ ਸੇਵਾ ਕੀਤੀ ਹੈ।”
27 ਲਾਬਾਨ ਨੇ ਉਸ ਨੂੰ ਆਖਿਆ, “ਮੈਨੂੰ ਕੁਝ ਕਹਿਣ ਦੇ! ਮੈਂ ਭਵਿੱਖ ਕਥਨ ਤੋਂ ਸਿੱਖਿਆ ਹੈ ਕਿ ਯਹੋਵਾਹ ਨੇ ਤੇਰੇ ਸਦਕਾ ਮੈਨੂੰ ਅਸੀਸ ਦਿੱਤੀ ਹੈ। 28 ਮੈਨੂੰ ਦੱਸ ਕਿ ਤੈਨੂੰ ਕੀ ਦੇਵਾਂ ਮੈਂ ਉਹ ਚੀਜ਼ ਤੈਨੂੰ ਦੇ ਦੇਵਾਂਗਾ।”
29 ਯਾਕੂਬ ਨੇ ਜਵਾਬ ਦਿੱਤਾ, “ਤੂੰ ਜਾਣਦਾ ਹੈਂ ਕਿ ਮੈਂ ਤੇਰੇ ਵਾਸਤੇ ਸਖ਼ਤ ਮਿਹਨਤ ਕੀਤੀ ਹੈ। ਤੇਰੇ ਇੱਜੜ ਵੱਧੇ ਫ਼ੁੱਲੇ ਹਨ, ਜਦੋਂ ਤੋਂ ਮੈਂ ਉਨ੍ਹਾਂ ਦੀ ਦੇਖ-ਭਾਲ ਕੀਤੀ ਹੈ। 30 ਜਦੋਂ ਮੈਂ ਆਇਆ ਸਾਂ, ਤੇਰੇ ਕੋਲ ਬਹੁਤ ਥੋੜਾ ਸੀ। ਹੁਣ ਤੇਰੇ ਕੋਲ ਬਹੁਤ ਕੁਝ ਹੈ। ਜਦੋਂ ਵੀ ਮੈਂ ਤੇਰੇ ਲਈ ਕੁਝ ਕੀਤਾ ਪਰਮੇਸ਼ੁਰ ਨੇ ਤੈਨੂੰ ਅਸੀਸ ਦਿੱਤੀ। ਹੁਣ ਮੇਰੇ ਲਈ ਆਪਣਾ ਕੰਮ ਕਰਨ ਦਾ ਸਮਾਂ ਆ ਗਿਆ ਹੈ-ਇਹ ਸਮਾਂ ਮੇਰਾ ਆਪਣਾ ਘਰ ਬਨਾਉਣ ਦਾ ਹੈ।”
31 ਲਾਬਾਨ ਨੇ ਪੁੱਛਿਆ, “ਤਾਂ ਮੈਂ ਤੈਨੂੰ ਕੀ ਦੇਵਾਂ?”
ਯਾਕੂਬ ਨੇ ਜਵਾਬ ਦਿੱਤਾ, “ਮੈਂ ਨਹੀਂ ਚਾਹੁੰਦਾ ਕਿ ਤੂੰ ਮੈਨੂੰ ਕੁਝ ਵੀ ਦੇਵੇਂ। ਮੈਂ ਸਿਰਫ਼ ਇਹੀ ਚਾਹੁੰਦਾ ਹਾਂ ਕਿ ਤੂੰ ਸਿਰਫ਼ ਮੇਰੀ ਮਿਹਨਤ ਦਾ ਮੁੱਲ ਦੇਵੇਂ ਮੇਰੇ ਲਈ ਸਿਰਫ਼ ਇੰਨੀ ਗੱਲ ਕਰ: ਮੈਂ ਵਾਪਸ ਜਾਵਾਂਗਾ ਅਤੇ ਤੇਰੀ ਭੇਡਾਂ ਦੀ ਦੇਖ-ਭਾਲ ਕਰਾਂਗਾ। 32 ਪਰ ਅੱਜ ਮੈਨੂੰ ਤੇਰੇ ਸਾਰੇ ਇੱਜੜਾਂ ਵਿੱਚ ਗੇੜਾ ਮਾਰਨ ਦੇ ਅਤੇ ਹਰ ਉਸ ਲੇਲੇ ਨੂੰ ਲੈ ਲੈਣ ਦੇ ਜਿਸਦੇ ਉੱਤੇ ਧੱਬੇ ਜਾਂ ਲਕੀਰਾਂ ਹਨ। ਇਹੀ ਮੇਰੀ ਤਨਖਾਹ ਹੋਵੇਗੀ। 33 ਭਵਿੱਖ ਵਿੱਚ, ਤੂੰ ਆਸਾਨੀ ਨਾਲ ਦੇਖ ਸੱਕੇਂਗਾ ਕਿ ਮੈਂ ਇਮਾਨਦਾਰ ਹਾਂ ਜਾਂ ਨਹੀਂ। ਤੂੰ ਮੇਰੇ ਇੱਜੜ ਵੱਲ ਝਾਤੀ ਮਾਰਨ ਆ ਸੱਕਦਾ ਹੈ। ਜੇ ਮੇਰੇ ਕੋਲ ਕੋਈ ਅਜਿਹੀ ਬੱਕਰੀ ਹੋਵੇ ਜਿਸਦੇ ਉੱਤੇ ਧੱਬੇ ਨਹੀਂ ਹਨ ਜਾਂ ਕੋਈ ਅਜਿਹੀ ਭੇਡ ਹੋਵੇ ਜੋ ਕਾਲੀ ਨਹੀਂ ਹੈ ਤਾਂ ਤੈਨੂੰ ਪਤਾ ਲੱਗ ਜਾਵੇਗਾ ਕਿ ਉਸ ਨੂੰ ਮੈਂ ਚੋਰੀ ਕੀਤਾ ਸੀ।”
34 ਲਾਬਾਨ ਨੇ ਜਵਾਬ ਦਿੱਤਾ, “ਮੈਂ ਇਸ ਨਾਲ ਸਹਿਮਤ ਹਾਂ। ਅਸੀਂ ਉਹੀ ਕਰਾਂਗੇ ਜੋ ਤੂੰ ਕਹਿੰਦਾ ਹੈ।” 35 ਤਾਂ ਉਸ ਦਿਨ ਲਾਬਾਨ ਨੇ ਆਪਣੇ ਇੱਜੜ ਵਿੱਚੋਂ ਉਹ ਸਾਰੀਆਂ ਬੱਕਰੀਆਂ ਜਿਨ੍ਹਾਂ ਉੱਤੇ ਧੱਬੇ ਜਾਂ ਧਾਰੀਆਂ ਸਨ ਅਤੇ ਸਾਰਿਆਂ ਕਾਲੀਆਂ ਭੇਡਾਂ ਵੀ ਅਲੱਗ ਕਰ ਦਿੱਤੀਆਂ। ਲਾਬਾਨ ਨੇ ਆਪਣੇ ਪੁੱਤਰ ਨੂੰ ਇਨ੍ਹਾਂ ਭੇਡਾਂ ਦਾ ਧਿਆਨ ਰੱਖਣ ਲਈ ਆਖਿਆ। 36 ਇਸ ਲਈ ਪੁੱਤਰਾਂ ਨੇ ਸਾਰੇ ਧੱਬੇ ਵਾਲੇ ਜਾਨਵਰ ਲੈ ਗਏ ਅਤੇ ਉਨ੍ਹਾਂ ਨੂੰ ਲੈ ਕੇ ਕਿਧਰੇ ਹੋਰ ਚੱਲੇ ਗਏ। ਉਹ ਤਿੰਨ ਦਿਨਾਂ ਤੱਕ ਸਫ਼ਰ ਕਰਦੇ ਰਹੇ। ਯਾਕੂਬ ਰੁਕ ਗਿਆ ਅਤੇ ਉਸ ਨੇ ਉਨ੍ਹਾਂ ਸਾਰੇ ਜਾਨਵਰਾਂ ਦਾ ਧਿਆਨ ਰੱਖਿਆ ਜਿਹੜੇ ਬਚ ਗਏ ਸਨ। ਪਰ ਉੱਥੇ ਕੋਈ ਵੀ ਅਜਿਹਾ ਜਾਨਵਰ ਨਹੀਂ ਸੀ ਜਿਸ ਦੇ ਉੱਤੇ ਧੱਬੇ ਸਨ ਜਾਂ ਉਹ ਕਾਲੇ ਸੀ।
37 ਇਸ ਲਈ ਯਾਕੂਬ ਨੇ ਪੋਪਲਰ ਅਤੇ ਬਾਦਾਮ ਅਤੇ ਸਾਫ਼ ਰੁੱਖਾਂ ਦੀਆਂ ਹਰੀਆਂ ਟਹਿਣੀਆਂ ਤੋੜੀਆਂ। ਯਾਕੂਬ ਨੇ ਸੱਕਾਂ ਨੂੰ ਛਿੱਲ ਦਿੱਤਾ ਤਾਂ ਜੋ ਟਹਿਣੀਆਂ ਦੇ ਉੱਤੇ ਚਿੱਟੀਆਂ ਧਾਰੀਆਂ ਬਣ ਜਾਣ। 38 ਯਾਕੂਬ ਨੇ ਉਹ ਟਹਿਣੀਆਂ ਜੋ ਉਸ ਨੇ ਛਿੱਲੀਆਂ ਸਨ ਉਨ੍ਹਾਂ ਇੱਜੜਾਂ ਦੇ ਸਾਹਮਣੇ ਸੁੱਟ ਦਿੱਤੀਆਂ ਜਿਹੜੇ ਪਾਣੀ ਪੀਣ ਵਾਲੀ ਥਾਂ ਉੱਤੇ ਸਨ। ਜਦੋਂ ਜਾਨਵਰ ਪਾਣੀ ਪੀਣ ਲਈ ਆਏ ਉਨ੍ਹਾਂ ਉਸ ਥਾਵੇਂ ਸੰਭੋਗ ਵੀ ਕੀਤਾ। 39 ਫ਼ੇਰ ਜਦੋਂ ਬੱਕਰੇ ਬੱਕਰੀਆਂ ਨੇ ਟਹਿਣੀਆਂ ਦੇ ਸਾਹਮਣੇ ਮੇਲ ਕੀਤਾ ਤਾਂ ਜਿਹੜੇ ਬੱਚੇ ਜੰਮੇ ਉਨ੍ਹਾਂ ਉੱਤੇ ਧੱਬੇ ਸਨ ਜਾਂ ਧਾਰੀਆਂ ਸਨ।
40 ਯਾਕੂਬ ਨੇ ਚਿਤਕਬਰੇ ਅਤੇ ਕਾਲੇ ਜਾਨਵਰਾਂ ਨੂੰ ਇੱਜੜ ਦੇ ਹੋਰਨਾਂ ਜਾਨਵਰਾਂ ਤੋਂ ਵੱਖ ਕਰ ਲਿਆ। ਯਾਕੂਬ ਨੇ ਇਨ੍ਹਾਂ ਜਾਨਵਰਾਂ ਨੂੰ ਲਾਬਾਨ ਦੇ ਜਾਨਵਰਾਂ ਤੋਂ ਵੱਖ ਰੱਖਿਆ। 41 ਜਦੋਂ ਵੀ ਇੱਜੜ ਦੇ ਤਕੜੇ ਜਾਨਵਰ ਮਿਲਾਪ ਕਰ ਰਹੇ ਹੁੰਦੇ, ਯਾਕੂਬ ਉਨ੍ਹਾਂ ਦੀਆਂ ਅੱਖਾਂ ਅੱਗੇ ਟਹਿਣੀਆਂ ਰੱਖ ਦਿੰਦਾ। ਜਾਨਵਰ ਉਨ੍ਹਾਂ ਟਹਿਣੀਆਂ ਨੇੜੇ ਮਿਲਾਪ ਕਰਦੇ। 42 ਪਰ ਜਦੋਂ ਕਮਜ਼ੋਰ ਜਾਨਵਰ ਮਿਲਾਪ ਕਰਦੇ ਯਾਕੂਬ ਉੱਥੇ ਟਹਿਣੀਆਂ ਨਹੀਂ ਰੱਖਦਾ ਸੀ। ਇਸ ਲਈ ਕਮਜ਼ੋਰ ਜੋੜਿਆਂ ਦੇ ਮਿਲਾਪ ਵਿੱਚੋਂ ਜੰਮੇ ਜਾਨਵਰ ਲਾਬਾਨ ਦੇ ਸਨ। ਅਤੇ ਤਕੜੇ ਜੋੜਿਆਂ ਦੇ ਮਿਲਾਪ ਵਿੱਚੋਂ ਜੰਮੇ ਜਾਨਵਰ ਯਾਕੂਬ ਦੇ ਸਨ। 43 ਇਸ ਤਰ੍ਹਾਂ ਨਾਲ, ਯਾਕੂਬ ਬਹੁਤ ਅਮੀਰ ਹੋ ਗਿਆ। ਉਸ ਦੇ ਕੋਲ ਵੱਡੇ ਇੱਜੜ ਸਨ, ਬਹੁਤ ਸਾਰੇ ਨੌਕਰ-ਚਾਕਰ, ਊਠ ਅਤੇ ਖੋਤੇ ਸਨ।
ਯਿਸੂ ਦਾ ਇੱਕ ਲਕਵੇ ਦੇ ਮਾਰੇ ਆਦਮੀ ਨੂੰ ਠੀਕ ਕਰਨਾ(A)
9 ਯਿਸੂ ਬੇੜੀ ਉੱਤੇ ਚੜ੍ਹਕੇ ਪਾਰ ਲੰਘਿਆ ਅਤੇ ਆਪਣੇ ਨਗਰ ਵੱਲ ਵਾਪਿਸ ਪਰਤਿਆ। 2 ਕੁਝ ਲੋਕ ਇੱਕ ਮੰਜੀ ਉੱਤੇ ਪਏ ਹੋਏ ਇੱਕ ਅਧਰੰਗੀ ਨੂੰ ਉਸ ਕੋਲ ਲਿਆਏ ਅਤੇ ਯਿਸੂ ਨੇ ਉਨ੍ਹਾਂ ਦੀ ਨਿਹਚਾ ਵੇਖਕੇ ਉਸ ਅਧਰੰਗੀ ਨੂੰ ਆਖਿਆ, “ਹੇ ਪੁੱਤਰ! ਹੌਂਸਲਾ ਰੱਖ, ਤੇਰੇ ਸਾਰੇ ਪਾਪ ਮਾਫ ਹੋਏ।”
3 ਕਈ ਨੇਮ ਦੇ ਉਪਦੇਸ਼ਕਾਂ ਨੇ ਇਹ ਗੱਲਾਂ ਸੁਣੀਆਂ ਤਾਂ ਆਪਣੇ ਮਨ ਵਿੱਚ ਕਿਹਾ ਕਿ ਇਹ ਮਨੁੱਖ ਤਾਂ ਪਰਮੇਸ਼ੁਰ ਦੀ ਤਰ੍ਹਾਂ ਬੋਲ ਰਿਹਾ ਹੈ, “ਇਹ ਮਨੁੱਖ ਕੁਫ਼ਰ ਬੋਲਦਾ ਹੈ।”
4 ਯਿਸੂ ਉਨ੍ਹਾਂ ਦੀਆਂ ਸੋਚਾਂ ਨੂੰ ਜਾਣਦਾ ਸੀ, ਉਸ ਨੇ ਆਖਿਆ, “ਤੁਸੀਂ ਕਾਹਨੂੰ ਆਪਣੇ ਮਨ ਵਿੱਚ ਦੁਸ਼ਟ ਵਿੱਚਾਰ ਰੱਖਦੇ ਹੈ? 5-6 ਕਿਹੜੀ ਗੱਲ ਸੁਖਾਲੀ ਹੈ? ਇਹ ਕਹਿਣਾ ਕਿ ਤੇਰੇ ਪਾਪ ਮਾਫ਼ ਹੋਏ ਜਾਂ ਇਹ ਕਹਿਣਾ ਖੜ੍ਹਾ ਹੋ ਅਤੇ ਤੁਰ? ਪਰ ਮੈਂ ਤੁਹਾਨੂੰ ਵਿਖਾਵਾਂਗਾ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦੀ ਸ਼ਕਤੀ ਹੈ।” ਤਾਂ ਯਿਸੂ ਨੇ ਅਧਰੰਗੀ ਮਨੁੱਖ ਨੂੰ ਕਿਹਾ, “ਖੜ੍ਹਾ ਹੋ, ਆਪਣਾ ਬਿਸਤਰਾ ਚੁੱਕ ਅਤੇ ਘਰ ਚੱਲਿਆ ਜਾ।”
7 ਤਾਂ ਉਹ ਉੱਠ ਕੇ ਆਪਣੇ ਘਰ ਨੂੰ ਤੁਰ ਗਿਆ, 8 ਲੋਕਾਂ ਨੇ ਇਹ ਵੇਖਿਆ ਅਤੇ ਡਰ ਨਾਲ ਘਬਰਾ ਗਏ। ਉਨ੍ਹਾਂ ਨੇ ਆਦਮੀਆਂ ਨੂੰ ਅਜਿਹੀ ਸ਼ਕਤੀ ਦੇਣ ਲਈ ਪਰਮੇਸ਼ੁਰ ਦੀ ਉਸਤਤਿ ਕੀਤੀ।
ਯਿਸੂ ਦਾ ਮੱਤੀ ਨੂੰ ਚੁਨਣਾ(B)
9 ਜਦੋਂ ਯਿਸੂ ਉਹ ਜਗ੍ਹਾ ਛੱਡ ਰਿਹਾ ਸੀ, ਤਾਂ ਉਸ ਨੇ ਮੱਤੀ ਨਾਮ ਦੇ ਇੱਕ ਮਨੁੱਖ ਨੂੰ ਮਸੂਲ ਦੀ ਚੌਂਕੀ ਤੇ ਵੇਖਿਆ ਅਤੇ ਉਸ ਨੂੰ ਕਿਹਾ, “ਮੇਰੇ ਮਗਰ ਹੋ ਤੁਰ।” ਅਤੇ ਉਹ ਉੱਠ ਕੇ ਉਸ ਦੇ ਮਗਰ ਹੋ ਤੁਰਿਆ।
10 ਜਦੋਂ ਯਿਸੂ ਮੱਤੀ ਦੇ ਘਰ ਭੋਜਨ ਕਰ ਰਿਹਾ ਸੀ, ਤਾਂ ਬਹੁਤ ਸਾਰੇ ਮਸੂਲੀਏ ਅਤੇ ਪਾਪੀ ਲੋਕ ਆਏ ਅਤੇ ਯਿਸੂ ਅਤੇ ਉਸ ਦੇ ਚੇਲਿਆਂ ਨਾਲ ਖਾਣਾ ਖਾਧਾ। 11 ਫ਼ਰੀਸੀਆਂ ਨੇ ਇਹ ਵੇਖਕੇ ਯਿਸੂ ਦੇ ਚੇਲਿਆਂ ਨੂੰ ਆਖਿਆ, “ਤੁਹਾਡਾ ਗੁਰੂ ਮਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ?”
12 ਯਿਸੂ ਨੇ ਇਹ ਸੁਣਕੇ ਫ਼ਰੀਸੀਆਂ ਨੂੰ ਕਿਹਾ, “ਤੰਦਰੁਸਤਾਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੁੰਦੀ ਹੈ। 13 ਤੁਸੀਂ ਜਾਓ ਅਤੇ ਇਸ ਦਾ ਅਰਥ ਸਮਝੋ: ‘ਮੈਂ ਜਾਨਵਰਾਂ ਦਾ ਬਲੀਦਾਨ ਨਹੀਂ ਚਾਹੁੰਦਾ। ਮੈਂ ਲੋਕਾਂ ਵਿੱਚਕਾਰ ਮਿਹਰ ਚਾਹੁੰਦਾ ਹਾਂ।’ [a] ਮੈਂ ਚੰਗੇ ਲੋਕਾਂ ਨੂੰ ਸੱਦਾ ਦੇਣ ਨਹੀਂ ਆਇਆ। ਮੈਂ ਪਾਪੀਆਂ ਨੂੰ ਸੱਦਾ ਦੇਣ ਆਇਆ ਹਾਂ।”
ਯਿਸੂ ਬਾਕੀ ਦੇ ਧਾਰਮਿਕ ਯਹੂਦੀਆਂ ਵਰਗਾ ਨਹੀਂ(C)
14 ਤਦ ਯੂਹੰਨਾ ਦੇ ਚੇਲਿਆਂ ਨੇ ਉਸ ਦੇ ਕੋਲ ਆਣ ਕੇ ਕਿਹਾ, “ਇਸਦਾ ਕੀ ਕਾਰਣ ਹੈ ਕਿ ਅਸੀਂ ਅਤੇ ਫ਼ਰੀਸੀ ਬਹੁਤ ਵਰਤ ਰੱਖਦੇ ਹਾਂ, ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ?”
15 ਯਿਸੂ ਨੇ ਜਵਾਬ ਦਿੱਤਾ, “ਵਿਆਹ ਵਿੱਚ ਲਾੜੇ ਦੇ ਦੋਸਤ, ਉਨ੍ਹਾਂ ਚਿਰ ਉਦਾਸ ਨਹੀਂ ਹੋ ਸੱਕਦੇ ਜਦੋਂ ਤੱਕ ਲਾੜਾ ਉਨ੍ਹਾਂ ਨਾਲ ਹੈ। ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਨ੍ਹਾਂ ਤੋਂ ਅੱਡ ਕੀਤਾ ਜਾਵੇਗਾ, ਫ਼ੇਰ ਉਹ ਵਰਤ ਰੱਖਣਗੇ।
16 “ਕੋਈ ਵੀ ਨਵੇਂ ਕੱਪੜੇ ਦੀ ਟਾਕੀ ਪਾਟੇ ਹੋਏ ਪੁਰਾਣੇ ਕੱਪੜੇ ਤੇ ਨਹੀਂ ਲਾਉਂਦਾ, ਜੇਕਰ ਉਹ ਅਜਿਹਾ ਕਰਦਾ ਹੈ, ਤਾਂ ਟਾਕੀ ਸੁੰਗੜ ਜਾਵੇਗੀ ਅਤੇ ਕੱਪੜੇ ਤੋਂ ਪਾਟ ਜਾਵੇਗੀ ਅਤੇ ਉਹ ਛੇਕ ਹੋਰ ਵੀ ਖਰਾਬ ਦਿਸੇਗਾ। 17 ਕੋਈ ਵੀ ਨਵੀਂ ਮੈਅ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਭਰਦਾ। ਮੰਨ ਲਵੋ ਕਿ ਉਹ ਅਜਿਹਾ ਕਰਨ, ਤਾਂ ਪੁਰਾਣੀਆਂ ਮਸ਼ਕਾਂ ਪਾਟ ਜਾਣਗੀਆਂ, ਮੈਅ ਵਗ ਜਾਵੇਗੀ ਅਤੇ ਮਸ਼ਕਾਂ ਦਾ ਨਾਸ਼ ਹੋ ਜਾਵੇਗਾ। ਇਸ ਲਈ ਲੋਕ ਨਵੀਂ ਮੈਅ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ। ਇਸ ਤਰ੍ਹਾਂ, ਮੈਅ ਅਤੇ ਮਸ਼ਕਾਂ ਦੋਵੇ ਚੰਗੀਆਂ ਰਹਿੰਦੀਆਂ ਹਨ।”
2010 by World Bible Translation Center