Old/New Testament
ਦਾਸੀ ਹਾਜਰਾ
16 ਸਾਰਈ ਅਬਰਾਮ ਦੀ ਪਤਨੀ ਸੀ। ਉਸ ਦੇ ਅਤੇ ਅਬਰਾਮ ਦੇ ਉਲਾਦ ਨਹੀਂ ਹੋਈ। ਸਾਰਈ ਦੀ ਮਿਸਰ ਦੀ ਇੱਕ ਦਾਸੀ ਸੀ। ਉਸਦਾ ਨਾਮ ਹਾਜਰਾ ਸੀ। 2 ਸਾਰਈ ਨੇ ਅਬਰਾਮ ਨੂੰ ਆਖਿਆ, “ਯਹੋਵਾਹ ਨੇ ਮੈਨੂੰ ਬੱਚੇ ਹੋਣ ਤੋਂ ਰੋਕ ਦਿੱਤਾ ਹੈ। ਇਸ ਲਈ ਮੇਰੀ ਦਾਸੀ ਹਾਜਰਾ ਨਾਲ ਸੰਭੋਗ ਕਰ। ਮੈਂ ਉਸ ਦੇ ਬੱਚੇ ਨੂੰ ਆਪਣੇ ਬੱਚੇ ਵਾਂਗ ਹੀ ਪ੍ਰਵਾਨ ਕਰਾਂਗੀ।” ਅਬਰਾਮ ਆਪਣੀ ਪਤਨੀ ਦੀ ਬੇਨਤੀ ਨਾਲ ਸਹਿਮਤ ਹੋ ਗਿਆ।
3 ਇਹ ਗੱਲ ਅਬਰਾਮ ਦੇ ਕਨਾਨ ਦੀ ਧਰਤੀ ਉੱਤੇ ਦਸ ਸਾਲ ਰਹਿ ਚੁੱਕਣ ਤੋਂ ਬਾਦ ਵਾਪਰੀ। ਸਾਰਈ ਨੇ ਹਾਜਰਾ ਨੂੰ ਆਪਣੇ ਪਤੀ ਦੀ ਪਤਨੀ ਹੋਣ ਲਈ ਸੌਂਪ ਦਿੱਤਾ। (ਹਾਜਰਾ ਉਸਦੀ ਮਿਸਰ ਦੀ ਦਾਸੀ ਸੀ।) 4 ਹਾਜਰਾ ਅਬਰਾਮ ਤੋਂ ਗਰਭਵਤੀ ਹੋ ਗਈ। ਜਦੋਂ ਹਾਜਰਾ ਨੂੰ ਇਹ ਪਤਾ ਲੱਗਾ ਤਾਂ ਉਸਦੀ ਮਾਲਕਣ ਨੂੰ ਹਾਜਰਾ ਦੀ ਨਿਗਾਹ ਵਿੱਚ ਇੰਨੀ ਇੱਜ਼ਤ ਨਹੀਂ ਮਿਲੀ। 5 ਪਰ ਸਾਰਈ ਨੇ ਅਬਰਾਮ ਨੂੰ ਆਖਿਆ, “ਮੇਰੀ ਦਾਸੀ ਹੁਣ ਮੈਨੂੰ ਨਫ਼ਰਤ ਕਰਦੀ ਹੈ। ਅਤੇ ਇਸ ਲਈ ਮੈਂ ਤੈਨੂੰ ਕਸੂਰਵਾਰ ਸਮਝਦੀ ਹਾਂ। ਮੈਂ ਉਸ ਨੂੰ ਤੈਨੂੰ ਸੌਂਪਿਆ। ਉਹ ਗਰਭਵਤੀ ਹੋਈ ਅਤੇ ਫ਼ੇਰ ਉਹ ਇਹ ਮਹਿਸੂਸ ਕਰਨ ਲੱਗ ਪਈ ਕਿ ਉਹ ਮੇਰੇ ਨਾਲੋਂ ਬਿਹਤਰ ਹੈ। ਮੈਂ ਚਾਹੁੰਦੀ ਹਾਂ ਕਿ ਯਹੋਵਾਹ ਇਸਦਾ ਨਿਆਂ ਕਰੇ ਕਿ ਸਾਡੇ ਵਿੱਚੋਂ ਕੌਣ ਸਹੀ ਹੈ।”
6 ਪਰ ਅਬਰਾਮ ਨੇ ਸਾਰਈ ਨੂੰ ਆਖਿਆ, “ਹਾਜਰਾ ਤੇਰੀ ਦਾਸੀ ਹੈ। ਤੂੰ ਉਸ ਦੇ ਨਾਲ ਜੋ ਚਾਹੇਂ ਸਲੂਕ ਕਰ ਸੱਕਦੀ ਹੈਂ।” ਇਸ ਤਰ੍ਹਾਂ ਸਾਰਈ ਆਪਣੀ ਦਾਸੀ ਨਾਲ ਬੁਰਾ ਸਲੂਕ ਕਰਨ ਲੱਗੀ ਅਤੇ ਹਾਜਰਾ ਘਰੋਂ ਭੱਜ ਗਈ।
ਹਾਜਰਾ ਦਾ ਪੁੱਤਰ ਇਸਮਾਏਲ
7 ਯਹੋਵਾਹ ਦੇ ਦੂਤ ਨੇ ਹਾਜਰਾ ਨੂੰ ਮਾਰੂਥਲ ਅੰਦਰ ਇੱਕ ਟੋਭੇ ਦੇ ਕੰਢੇ ਪਿਆ ਦੇਖਿਆ। ਟੋਭਾ ਸੂਰ ਦੇ ਰਸਤੇ ਉੱਤੇ ਸੀ। 8 ਦੂਤ ਨੇ ਆਖਿਆ, “ਹਾਜਰਾ, ਤੂੰ ਸਾਰਈ ਦੀ ਦਾਸੀਂ ਹੈਂ। ਤੂੰ ਇੱਥੇ ਕੀ ਕਰ ਰਹੀ ਹੈਂ? ਤੂੰ ਕਿਧਰ ਜਾ ਰਹੀ ਹੈਂ?”
ਹਾਜਰਾ ਨੇ ਆਖਿਆ, “ਮੈਂ ਸਾਰਈ ਤੋਂ ਦੂਰ ਭੱਜ ਰਹੀ ਹਾਂ।”
9 ਯਹੋਵਾਹ ਦੇ ਦੂਤ ਨੇ ਹਾਜਰਾ ਨੂੰ ਆਖਿਆ, “ਸਾਰਈ ਤੇਰੀ ਮਾਲਕਣ ਹੈ। ਉਸ ਕੋਲ ਘਰ ਚਲੀ ਜਾਹ ਅਤੇ ਉਸਦਾ ਹੁਕਮ ਮੰਨ।” 10 ਯਹੋਵਾਹ ਦੇ ਦੂਤ ਨੇ ਹਾਜਰਾ ਨੂੰ ਇਹ ਵੀ ਆਖਿਆ, “ਤੇਰੇ ਤੋਂ ਬਹੁਤ ਲੋਕ ਪੈਦਾ ਹੋਣਗੇ। ਉਹ ਇੰਨੇ ਹੋਣਗੇ ਕਿ ਉਨ੍ਹਾਂ ਦੀ ਗਿਣਤੀ ਨਹੀਂ ਹੋ ਸੱਕੇਗੀ।”
11 ਯਹੋਵਾਹ ਦੇ ਦੂਤ ਨੇ ਇਹ ਵੀ ਆਖਿਆ,
“ਹਾਜਰਾ, ਤੂੰ ਹੁਣ ਗਰਭਵਤੀ ਹੈਂ ਤੇ
ਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ।
ਤੂੰ ਉਸਦਾ ਨਾਮ ਇਸਮਾਏਲ ਰੱਖੀਂ।
ਕਿਉਂਕਿ ਯਹੋਵਾਹ ਨੇ ਸੁਣ ਲਿਆ ਹੈ ਕਿ ਤੇਰੇ ਨਾਲ ਬੁਰਾ ਸਲੂਕ ਹੋਇਆ ਅਤੇ ਉਹ ਤੇਰੀ ਸਹਾਇਤਾ ਕਰੇਗਾ।
12 ਇਸਮਾਏਲ ਜੰਗਲੀ ਖੋਤੇ ਵਾਂਗ ਆਵਾਰਾ
ਅਤੇ ਆਜ਼ਾਦ ਹੋਵੇਗਾ।
ਉਹ ਹਰੇਕ ਦੇ ਵਿਰੁੱਧ ਹੋਵੇਗਾ।
ਅਤੇ ਹਰ ਕੋਈ ਉਸ ਦੇ ਵਿਰੁੱਧ ਹੋਵੇਗਾ।
ਉਹ ਥਾਂ-ਥਾਂ ਘੁੰਮੇਗਾ ਅਤੇ ਆਪਣੇ ਭਰਾਵਾਂ ਲਾਗੇ ਡੇਰਾ ਲਾਵੇਗਾ;
ਪਰ ਉਹ ਉਨ੍ਹਾਂ ਦੇ ਵਿਰੁੱਧ ਹੋਵੇਗਾ।”
13 ਯਹੋਵਾਹ ਨੇ ਹਾਜਰਾ ਨਾਲ ਗੱਲ ਕੀਤੀ। ਉਸ ਨੇ ਯਹੋਵਾਹ ਨੂੰ ਜਿਸਨੇ ਉਸ ਨਾਲ ਗੱਲ ਕੀਤੀ ਇਉਂ ਬੁਲਾਇਆ, “‘ਪਰਮੇਸ਼ੁਰ ਜਿਹੜਾ ਮੇਰੇ ਵੱਲ ਧਿਆਨ ਦਿੰਦਾ।’” ਉਸ ਨੇ ਉਸਦਾ ਅਜਿਹਾ ਨਾਮ ਇਸ ਲਈ ਧਰਿਆ ਕਿਉਂਕਿ ਉਸ ਨੇ ਸੋਚਿਆ, “ਮੈਂ ਦੇਖਦੀ ਹਾਂ ਕਿ ਇੱਥੇ ਵੀ, ਪਰਮੇਸ਼ੁਰ ਮੈਨੂੰ ਦੇਖਦਾ ਹੈ ਅਤੇ ਮੇਰਾ ਧਿਆਨ ਰੱਖਦਾ ਹੈ!” 14 ਇਸ ਲਈ ਉਸ ਖੂਹ ਦਾ ਨਾਮ ਬਏਰ-ਲਹਈ-ਰੋਈ ਰੱਖਿਆ ਗਿਆ। ਉਹ ਖੂਹ ਕਾਦੇਸ ਅਤੇ ਬਰਦ ਦੇ ਵਿੱਚਕਾਰ ਹੈ।
15 ਹਾਜਰਾ ਨੇ ਅਬਰਾਮ ਦੇ ਪੁੱਤਰ ਨੂੰ ਜਨਮ ਦਿੱਤਾ ਅਤੇ ਅਬਰਾਮ ਨੇ ਪੁੱਤਰ ਦਾ ਨਾਮ ਇਸਮਾਏਲ ਰੱਖਿਆ। 16 ਅਬਰਾਮ ਉਦੋਂ 86 ਵਰ੍ਹਿਆਂ ਦਾ ਸੀ ਜਦੋਂ ਹਾਜਰਾ ਤੋਂ ਇਸਮਾਏਲ ਦਾ ਜਨਮ ਹੋਇਆ।
ਇਕਰਾਰਨਾਮੇ ਦਾ ਸਬੂਤ ਸੁੰਨਤ
17 ਜਦੋਂ ਅਬਰਾਮ 99 ਵਰ੍ਹਿਆਂ ਦਾ ਹੋਇਆ ਤਾਂ ਯਹੋਵਾਹ ਨੇ ਉਸ ਨੂੰ ਦਰਸ਼ਨ ਦਿੱਤਾ। ਯਹੋਵਾਹ ਨੇ ਆਖਿਆ, “ਮੈਂ ਸਰਬ ਸ਼ਕਤੀਮਾਨ ਪਰਮੇਸ਼ੁਰ [a] ਹਾਂ। ਮੇਰੇ ਲਈ ਇਹ ਗੱਲਾਂ ਕਰ: ਮੇਰਾ ਹੁਕਮ ਮੰਨ ਅਤੇ ਸਹੀ ਢੰਗ ਨਾਲ ਜਿਉਂ। 2 ਜੇ ਤੂੰ ਅਜਿਹਾ ਕਰੇਂਗਾ, ਤਾਂ ਮੈਂ ਤੇਰੇ ਮੇਰੇ ਵਿੱਚਕਾਰ ਇੱਕ ਇਕਰਾਰਨਾਮਾ ਤਿਆਰ ਕਰਾਂਗਾ। ਮੈਂ ਤੇਰੇ ਲੋਕਾਂ ਨੂੰ ਮਹਾਨ ਕੌਮ ਬਨਾਉਣ ਦਾ ਇਕਰਾਰ ਦਿਆਂਗਾ।”
3 ਫ਼ੇਰ ਅਬਰਾਮ ਨੇ ਪਰਮੇਸ਼ੁਰ ਨੂੰ ਸਿਜਦਾ ਕੀਤਾ। ਪਰਮੇਸ਼ੁਰ ਨੇ ਉਸ ਨੂੰ ਆਖਿਆ, 4 “ਮੇਰੇ ਹਿੱਸੇ ਦਾ ਇਕਰਾਰਨਾਮਾ ਇਹ ਹੈ: ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾ ਦਿਆਂਗਾ। 5 ਮੈਂ ਤੇਰਾ ਨਾਮ ਬਦਲ ਦਿਆਂਗਾ। ਤੇਰਾ ਨਾਮ ਅਬਰਾਮ ਨਹੀਂ ਹੋਵੇਗਾ-ਤੇਰਾ ਨਾਮ ਅਬਰਾਹਾਮ ਹੋਵੇਗਾ। ਮੈਂ ਤੈਨੂੰ ਇਹ ਨਾਮ ਇਸ ਲਈ ਦੇਵਾਂਗਾ ਕਿਉਂਕਿ ਮੈਂ ਤੈਨੂੰ ਅਨੇਕਾਂ ਕੌਮਾਂ ਦਾ ਪਿਤਾ ਬਣਾ ਰਿਹਾ ਹਾਂ। 6 ਮੈਂ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ। ਨਵੀਆਂ ਕੌਮਾਂ ਅਤੇ ਰਾਜੇ ਤੇਰੇ ਤੋਂ ਪੈਦਾ ਹੋਣਗੇ। 7 ਮੈਂ ਆਪਣਾ ਇਕਰਾਰਨਾਮਾ ਮੇਰੇ ਅਤੇ ਤੇਰੇ ਅਤੇ ਤੇਰੇ ਉੱਤਰਾਧਿਕਾਰੀਆਂ ਵਿੱਚਕਾਰ ਹਮੇਸ਼ਾ ਲਈ ਸਦੀਵੀ ਇਕਰਾਰਨਾਮੇ ਵਜੋਂ ਸਥਾਪਿਤ ਕਰ ਰਿਹਾ ਹਾਂ। ਮੈਂ ਤੇਰਾ ਪਰਮੇਸ਼ੁਰ ਹੋਵਾਂਗਾ ਅਤੇ ਤੇਰੇ ਸਾਰੇ ਉੱਤਰਾਧਿਕਾਰੀਆਂ ਦਾ ਪਰਮੇਸ਼ੁਰ ਹੋਵਾਂਗਾ। 8 ਅਤੇ ਮੈਂ ਇਹ ਧਰਤੀ ਤੈਨੂੰ ਤੇ ਤੇਰੇ ਉੱਤਰਾਧਿਕਾਰੀਆਂ ਨੂੰ ਦੇਵਾਂਗਾ। ਮੈਂ ਤੁਹਾਨੂੰ ਇਹ ਧਰਤੀ ਦੇ ਦਿਆਂਗਾ ਜਿਸ ਵਿੱਚੋਂ ਤੂੰ ਲੰਘ ਰਿਹਾ ਹੈਂ-ਕਨਾਨ ਦੀ ਧਰਤੀ। ਮੈਂ ਇਹ ਧਰਤੀ ਤੁਹਾਨੂੰ ਸਦਾ ਲਈ ਦੇ ਦੇਵਾਂਗਾ। ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।”
9 ਅਤੇ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, “ਹੁਣ ਤੇਰੇ ਹਿੱਸੇ ਦਾ ਇਕਰਾਰਨਾਮਾ ਇਹ ਹੈ। ਤੂੰ ਅਤੇ ਤੇਰੇ ਉੱਤਰਾਧਿਕਾਰੀ ਮੇਰੇ ਇਕਰਾਰਨਾਮੇ ਨੂੰ ਮੰਨਣਗੇ। 10 ਇਕਰਾਰਨਾਮਾ ਇਹ ਹੈ ਜਿਹੜਾ ਤੁਸੀਂ ਮੰਨੋਂਗੇ। ਇਹ ਇਕਰਾਰਨਾਮਾ ਤੁਹਾਡੇ ਤੇ ਮੇਰੇ ਵਿੱਚਕਾਰ ਹੈ। ਇਹ ਤੁਹਾਡੇ ਸਾਰੇ ਉੱਤਰਾਧਿਕਾਰੀਆਂ ਲਈ ਹੈ: ਜਿਹੜਾ ਵੀ ਮੁੰਡਾ ਜੰਮੇ ਉਸਦੀ ਸੁੰਨਤ ਕਰਨੀ ਜ਼ਰੂਰੀ ਹੈ। 11 ਤੁਸੀਂ ਇਹ ਦਰਸ਼ਾਉਣ ਲਈ ਮਾਸ ਨੂੰ ਕੱਟੋਂਗੇ ਕਿ ਤੁਸੀਂ ਮੇਰੇ ਤੇ ਤੁਹਾਡੇ ਦਰਮਿਆਨ ਹੋਏ ਇਕਰਾਰਨਾਮੇ ਉੱਤੇ ਚੱਲਦੇ ਹੋਂ। 12 ਜਦੋਂ ਪੁੱਤਰ ਅੱਠਾਂ ਦਿਨਾਂ ਦਾ ਹੋਵੇ, ਤੁਸੀਂ ਉਸਦੀ ਸੁੰਨਤ ਕਰ ਦੇਣੀ। ਕੋਈ ਵੀ ਮੁੰਡਾ ਜੋ ਤੁਹਾਡੇ ਘਰੇ ਜਨਮਿਆ ਜਾਂ ਭਾਵੇਂ ਕਿਸੇ ਵੀ ਵਿਦੇਸ਼ੀ ਗੁਲਾਮ ਦੇ ਘਰੇ ਜਿਸ ਨੂੰ ਤੁਸੀਂ ਖਰੀਦਿਆ ਹੋਵੇ ਜੋ ਤੁਹਾਡੇ ਨਾਲ ਸੰਬੰਧਿਤ ਨਹੀਂ ਹਨ, ਉਸਦੀ ਸੁੰਨਤ ਹੋਣੀ ਚਾਹੀਦੀ ਹੈ। 13 ਇਸ ਲਈ ਤੁਹਾਡੇ ਉੱਤਰਾਧਿਕਾਰੀਆਂ ਦਰਮਿਆਨ ਹਰ ਮੁੰਡੇ ਦੀ ਸੁੰਨਤ ਹੋਵੇਗੀ। ਜੋ ਵੀ ਮੁੰਡਾ ਤੁਹਾਡੇ ਪਰਿਵਾਰ ਵਿੱਚ ਜੰਮੇ ਜਾਂ ਗੁਲਾਮ ਵਜੋਂ ਖਰੀਦਿਆ ਜਾਵੇ, ਉਸਦੀ ਸੁੰਨਤ ਹੋਣੀ ਚਾਹੀਦੀ ਹੈ। ਇਸ ਤਰ੍ਹਾਂ, ਮੇਰਾ ਇਕਰਾਰਨਾਮਾ ਸਦੀਵੀ ਇਕਰਾਰਨਾਮੇ ਵਜੋਂ ਤੁਹਾਡੇ ਸਰੀਰਾਂ ਉੱਤੇ ਨਿਸ਼ਾਨਿਆਂ ਜਾਵੇਗਾ। 14 ਅਬਰਾਹਾਮ, ਤੇਰੇ ਤੇ ਮੇਰੇ ਦਰਮਿਆਨ ਇਕਰਾਰਨਾਮਾ ਇਹ ਹੈ: ਕੋਈ ਵੀ ਆਦਮੀ ਜਿਸਦੀ ਸੁੰਨਤ ਨਾ ਹੋਈ ਹੋਵੇ ਉਸ ਨੂੰ ਆਪਣੇ ਲੋਕਾਂ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਕਿਉਂਕਿ ਉਸ ਬੰਦੇ ਨੇ ਮੇਰਾ ਇਕਰਾਰਨਾਮਾ ਤੋੜਿਆ ਹੈ।”
ਇਸਹਾਕ-ਇਕਰਾਰ ਕੀਤਾ ਹੋਇਆ ਪੁੱਤਰ
15 ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, “ਮੈਂ ਤੇਰੀ ਪਤਨੀ ਸਾਰਈ ਨੂੰ ਨਵਾਂ ਨਾਮ ਦਿਆਂਗਾ। ਉਸਦਾ ਨਾਮ ਸਾਰਾਹ ਹੋਵੇਗਾ। 16 ਮੈਂ ਉਸ ਨੂੰ ਅਸੀਸ ਦੇਵਾਂਗਾ। ਮੈਂ ਉਸ ਨੂੰ ਇੱਕ ਪੁੱਤਰ ਦੇਵਾਂਗਾ ਅਤੇ ਤੂੰ ਉਸਦਾ ਪਿਤਾ ਹੋਵੇਂਗਾ। ਉਹ ਅਨੇਕਾਂ ਨਵੀਆਂ ਕੌਮਾਂ ਦੀ ਮਾਤਾ ਹੋਵੇਗੀ। ਉਸ ਤੋਂ ਕੌਮਾਂ ਦੇ ਰਾਜੇ ਪੈਦਾ ਹੋਣਗੇ।”
17 ਅਬਰਾਹਾਮ ਨੇ ਧਰਤੀ ਤੇ ਝੁਕ ਕੇ ਸਿਜਦਾ ਕੀਤਾ ਇਹ ਦਰਸਾਉਣ ਲਈ ਕਿ ਉਹ ਪਰਮੇਸ਼ੁਰ ਦਾ ਆਦਰ ਕਰਦਾ ਸੀ। ਪਰ ਉਹ ਹੱਸ ਪਿਆ ਅਤੇ ਮਨ ਵਿੱਚ ਸੋਚਿਆ, “ਮੈਂ 100 ਵਰ੍ਹਿਆਂ ਦਾ ਹੋ ਗਿਆ ਹਾਂ। ਮੈਂ ਪੁੱਤਰ ਪੈਦਾ ਨਹੀਂ ਕਰ ਸੱਕਦਾ। ਅਤੇ ਸਾਰਾਹ 90 ਵਰ੍ਹਿਆਂ ਦੀ ਹੈ। ਉਹ ਬੱਚਾ ਪੈਦਾ ਨਹੀਂ ਕਰ ਸੱਕਦੀ।”
18 ਫ਼ੇਰ ਅਬਰਾਹਾਮ ਨੇ ਪਰਮੇਸ਼ੁਰ ਨੂੰ ਆਖਿਆ, “ਕੀ ਤੂੰ ਇਸਮਾਏਲ ਰਾਹੀਂ ਆਪਣਾ ਇਕਰਾਰ ਜਾਰੀ ਨਹੀਂ ਰੱਖ ਸੱਕਦਾ।”
19 ਪਰਮੇਸ਼ੁਰ ਨੇ ਆਖਿਆ, “ਨਹੀਂ! ਮੈਂ ਆਖਿਆ ਸੀ ਕਿ ਤੇਰੀ ਪਤਨੀ ਸਾਰਾਹ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸਦਾ ਨਾਮ ਇਸਹਾਕ ਰੱਖੀਂ। ਮੈਂ ਉਸ ਨਾਲ ਇਕਰਾਰਨਾਮਾ ਕਰਾਂਗਾ। ਉਹ ਇਕਰਾਰਨਾਮਾ ਅਜਿਹਾ ਇਕਰਾਰਨਾਮਾ ਹੋਵੇਗਾ ਜਿਹੜਾ ਉਸ ਦੇ ਉੱਤਰਾਧਿਕਾਰੀਆਂ ਨਾਲ ਸਦਾ ਜਾਰੀ ਰਹੇਗਾ।
20 “ਤੂੰ ਇਸਮਾਏਲ ਦਾ ਜ਼ਿਕਰ ਕੀਤਾ ਸੀ। ਅਤੇ ਮੈਂ ਸੁਣ ਲਿਆ ਹੈ। ਮੈਂ ਉਸ ਨੂੰ ਅਸੀਸ ਦੇਵਾਂਗਾ। ਉਸ ਦੇ ਬਹੁਤ ਸਾਰੇ ਬੱਚੇ ਹੋਣਗੇ। ਉਹ ਬਾਰ੍ਹਾਂ ਮਹਾਨ ਆਗੂਆਂ ਦਾ ਪਿਤਾ ਹੋਵੇਗਾ। ਉਸਦਾ ਪਰਿਵਾਰ ਇੱਕ ਮਹਾਨ ਕੌਮ ਬਣ ਜਾਵੇਗਾ। 21 ਪਰ ਮੈਂ ਆਪਣਾ ਇਕਰਾਰਨਾਮਾ ਇਸਹਾਕ ਨਾਲ ਕਰਾਂਗਾ। ਇਸਹਾਕ ਉਹ ਪੁੱਤਰ ਹੋਵੇਗਾ ਜਿਸ ਨੂੰ ਸਾਰਾਹ ਜਨਮ ਦੇਵੇਗੀ। ਇਸ ਪੁੱਤਰ ਦਾ ਜਨਮ ਅਗਲੇ ਸਾਲ ਇਸੇ ਸਮੇਂ ਹੋਵੇਗਾ।”
22 ਜਦੋਂ ਪਰਮੇਸ਼ੁਰ ਅਬਰਾਹਾਮ ਨਾਲ ਗੱਲ ਕਰ ਹਟਿਆ ਤਾਂ ਪਰਮੇਸ਼ੁਰ ਉੱਪਰ ਅਕਾਸ਼ ਵਿੱਚ ਚੱਲਿਆ ਗਿਆ। 23 ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ ਸੀ ਕਿ ਉਹ ਆਪਣੇ ਪਰਿਵਾਰ ਦੇ ਸਾਰੇ ਆਦਮੀਆਂ ਅਤੇ ਮੁੰਡਿਆਂ ਦੀ ਸੁੰਨਤ ਕਰ ਦੇਵੇ। ਇਸ ਲਈ ਅਬਰਾਹਾਮ ਨੇ ਇਸਮਾਏਲ ਅਤੇ ਆਪਣੇ ਘਰ ਵਿੱਚ ਜਨਮੇ ਸਾਰੇ ਗੁਲਾਮਾਂ ਨੂੰ ਇਕੱਠਿਆਂ ਕਰ ਲਿਆ। ਅਬਰਾਹਾਮ ਨੇ ਉਨ੍ਹਾਂ ਗੁਲਾਮਾਂ ਨੂੰ ਵੀ ਇਕੱਠਾ ਕਰ ਲਿਆ ਜਿਨ੍ਹਾਂ ਨੂੰ ਪੈਸੇ ਨਾਲ ਖਰੀਦਿਆ ਗਿਆ ਸੀ। ਅਬਰਾਹਾਮ ਦੇ ਘਰ ਦੇ ਹਰੇਕ ਆਦਮੀ ਅਤੇ ਮੁੰਡੇ ਨੂੰ ਇਕੱਠਿਆਂ ਕਰ ਲਿਆ ਗਿਆ ਅਤੇ ਉਨ੍ਹਾਂ ਸਾਰਿਆਂ ਦੀ ਸੁੰਨਤ ਕਰ ਦਿੱਤੀ ਜਿਵੇਂ ਕਿ ਪਰਮੇਸ਼ੁਰ ਨੇ ਆਖਿਆ ਸੀ।
24 ਅਬਰਾਹਾਮ 99 ਸਾਲਾਂ ਦਾ ਸੀ ਜਦੋਂ ਉਸਦੀ ਸੁੰਨਤ ਕੀਤੀ ਗਈ। 25 ਅਤੇ ਉਸਦਾ ਪੁੱਤਰ, ਇਸਮਾਏਲ 13 ਵਰ੍ਹਿਆਂ ਦਾ ਸੀ ਜਦੋਂ ਉਸਦੀ ਸੁੰਨਤ ਕੀਤੀ ਗਈ। 26 ਅਬਰਾਹਾਮ ਅਤੇ ਉਸ ਦੇ ਪੁੱਤਰ ਇਸਮਾਏਲ ਦੀ ਉਸ ਇੱਕੋ ਦਿਨ ਸੁੰਨਤ ਕੀਤੀ ਗਈ। 27 ਅਤੇ ਓਸੇ ਦਿਨ ਹੀ ਅਬਰਾਹਾਮ ਦੇ ਘਰ ਦੇ ਸਾਰੇ ਆਦਮੀਆਂ ਦੀ ਸੁੰਨਤ ਕੀਤੀ ਗਈ। ਉਸ ਦੇ ਘਰ ਜੰਮੇ ਸਾਰੇ ਗੁਲਾਮਾਂ ਅਤੇ ਖਰੀਦੇ ਹੋਏ ਸਾਰੇ ਗੁਲਾਮਾਂ ਦੀ ਸੁੰਨਤ ਕੀਤੀ ਗਈ।
ਯਿਸੂ ਦਾ ਜਿਨਸੀ ਪਾਪ ਬਾਰੇ ਉਪਦੇਸ਼
27 “ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ, ‘ਕਿ ਤੂੰ ਬਦਕਾਰੀ ਦਾ ਪਾਪ ਨਾ ਕਰ।’ [a] 28 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇਕਰ ਕੋਈ ਵਿਅਕਤੀ ਕਿਸੇ ਔਰਤ ਵੱਲ ਬੁਰੀ ਇੱਛਾ ਨਾਲ ਵੇਖਦਾ ਹੈ, ਤਾਂ ਉਹ ਪਹਿਲਾਂ ਹੀ ਆਪਣੇ ਦਿਲੋਂ ਉਸ ਔਰਤ ਨਾਲ ਬਦਕਾਰੀ ਦਾ ਪਾਪ ਕਰ ਚੁੱਕਿਆ ਹੈ। 29 ਜੋ ਤੇਰੀ ਸੱਜੀ ਅੱਖ ਪਾਪ ਕਰਾਵੇ ਤਾਂ ਉਸ ਨੂੰ ਆਪਣੇ ਸ਼ਰੀਰ ਵਿੱਚੋਂ ਕੱਢ ਕੇ ਸੁੱਟ ਦੇ। ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸ਼ਰੀਰ ਨਰਕ ਵਿੱਚ ਨਾ ਜਾਵੇ। 30 ਤੇਰਾ ਸੱਜਾ ਹੱਥ ਜਦੋਂ ਤੈਥੋਂ ਪਾਪ ਕਰਾਵੇ ਤਾਂ ਉਸ ਨੂੰ ਕੱਟਕੇ ਸੁੱਟ ਦੇ। ਕਿਉਂਕਿ ਤੇਰੇ ਲਈ ਇਹ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ਼ ਹੋਵੇ ਪਰ ਤੇਰਾ ਸਾਰਾ ਸ਼ਰੀਰ ਨਰਕ ਵਿੱਚ ਨਾ ਜਾਵੇ।
ਯਿਸੂ ਦਾ ਤਲਾਕ ਬਾਰੇ ਉਪਦੇਸ਼(A)
31 “ਇਹ ਵੀ ਆਖਿਆ ਗਿਆ ਹੈ, ‘ਜਿਹੜਾ ਵਿਅਕਤੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਉਹ ਉਸ ਨੂੰ ਤਲਾਕਨਾਮਾ ਲਿਖਕੇ ਦੇਵੇ।’ [b] 32 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਵੀ ਵਿਅਕਤੀ ਜੋ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ, ਉਹ ਉਸ ਨੂੰ ਬਦਕਾਰੀ ਦਾ ਪਾਪ ਕਰਨ ਦਾ ਦੋਸ਼ੀ ਬਣਾਉਂਦਾ ਹੈ। ਕਿਸੇ ਵਿਅਕਤੀ ਕੋਲ ਆਪਣੀ ਪਤਨੀ ਨੂੰ ਤਲਾਕ ਦੇਣ ਦਾ ਇੱਕ ਹੀ ਕਾਰਣ ਹੈ, ਕਿ ਜੇਕਰ ਉਸਦੀ ਪਤਨੀ ਨੇ ਦੂਸਰੇ ਆਦਮੀ ਨਾਲ ਜਿਨਸੀ ਸੰਬੰਧ ਬਣਾਏ ਹੋਣ। ਅਤੇ ਕੋਈ ਵੀ ਵਿਅਕਤੀ ਜੋ ਉਸ ਤਲਾਕਸ਼ੁਦਾ ਔਰਤ ਨਾਲ ਵਿਆਹ ਕਰਵਾਉਦਾ ਹੈ, ਬਦਕਾਰੀ ਦਾ ਪਾਪ ਕਰਨ ਦਾ ਦੋਸ਼ੀ ਹੈ।
ਯਿਸੂ ਦਾ ਵਾਅਦੇ ਕਰਨ ਬਾਰੇ ਉਪਦੇਸ਼
33 “ਤੁਸੀਂ ਸੁਣਿਆ ਹੈ ਕਿ ਸਾਡੇ ਪੁਰਖਿਆਂ ਨੂੰ ਆਖਿਆ ਗਿਆ ਸੀ। ਜੇਕਰ ਤੁਸੀਂ ਵਾਅਦਾ ਕਰੋਂ ਤਾਂ ਇਸ ਨੂੰ ਨਾ ਤੋੜੋ। ਜੋ ਵਾਅਦੇ ਤੁਸੀਂ ਪ੍ਰਭੂ ਨਾਲ ਕੀਤੇ ਹਨ ਉਨ੍ਹਾਂ ਨੂੰ ਪੂਰਿਆਂ ਕਰਨਾ ਚਾਹੀਦਾ ਹੈ। [c] 34 ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ, ਕਦੇ ਵੀ ਵਾਅਦਾ ਨਾ ਕਰੋ। ਕਦੇ ਵੀ ਸੁਰਗ ਦੀ ਸੌਂਹ ਨਾ ਖਾਓ ਕਿਉਂਕਿ ਇਹ ਪਰਮੇਸ਼ੁਰ ਦਾ ਸਿੰਘਾਸਨ ਹੈ। 35 ਅਤੇ ਨਾ ਹੀ ਧਰਤੀ ਦੀ ਸੌਂਹ ਖਾਓ ਕਿਉਂਕਿ ਇਹ ਉਸ ਦੇ ਚਰਨਾਂ ਦੀ ਚੌਂਕੀ ਹੈ। ਨਾ ਹੀ ਯਰੂਸ਼ਲਮ ਦੀ ਕਿਉਂਕਿ ਇਹ ਮਹਾਨ ਰਾਜੇ ਦਾ ਸ਼ਹਿਰ ਹੈ। 36 ਅਤੇ ਨਾਹੀ ਆਪਣੇ ਸਿਰ ਦੀ ਸੌਂਹ ਖਾਓ, ਕਿਉਂਕਿ ਤੁਸੀਂ ਇੱਕ ਵਾਲ ਨੂੰ ਵੀ ਚਿੱਟਾ ਜਾਂ ਕਾਲਾ ਨਹੀਂ ਕਰ ਸੱਕਦੇ। 37 ਪਰ ਤੁਸੀਂ ਆਪਣੇ ਬੋਲਣ ਵਿੱਚ ‘ਹਾਂ’ ਦੀ ਹਾਂ, ਅਤੇ ‘ਨਾ’ ਦੀ ਨਾ, ਆਖੋ। ‘ਹਾਂ’ ਜਾਂ ‘ਨਾ’ ਤੋਂ ਵੱਧ ਆਖਣਾ ਬਦੀ ਵੱਲੋਂ ਹੈ।
ਯਿਸੂ ਦਾ ਬਦਲੇ ਬਾਰੇ ਉਪਦੇਸ਼(B)
38 “ਤੁਸੀਂ ਸੁਣਿਆ ਹੈ ਜੋ ਕਿਹਾ ਗਿਆ ਸੀ ਕਿ, ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ।’ [d] 39 ਮੈਂ ਤੁਹਾਨੂੰ ਆਖਦਾ ਹਾਂ ਕਿ, ਦੁਸ਼ਟ ਆਦਮੀ ਦੇ ਵਿਰੁੱਧ ਖੜ੍ਹੇ ਨਾ ਹੋਵੋ। ਸਗੋਂ ਜੇ ਕੋਈ ਤੁਹਾਡੀ ਸੱਜੀ ਗਲ੍ਹ ਉੱਤੇ ਚਪੇੜ ਮਾਰੇ, ਤਾਂ ਤੁਸੀਂ ਦੂਜੀ ਵੀ ਉਸ ਵੱਲ ਘੁਮਾ ਦਿਓ। 40 ਅਤੇ ਜਿਹੜਾ ਤੁਹਾਡੇ ਉੱਤੇ ਮੁਕੱਦਮਾ ਕਰੇ ਤੇ ਤੁਹਾਡਾ ਕੁੜਤਾ ਲੈਣਾ ਚਾਹੇ ਤਾਂ ਉਸ ਨੂੰ ਆਪਣਾ ਚੋਗ਼ਾ ਵੀ ਲੈ ਲੈਣ ਦਿਓ। 41 ਅਤੇ ਜੇ ਕੋਈ ਤੁਹਾਨੂੰ ਇੱਕ ਮੀਲ ਆਪਣੇ ਨਾਲ ਤੁਰਣ ਲਈ ਮਜਬੂਰ ਕਰੇ ਤਾਂ ਤੁਸੀਂ ਉਸ ਨਾਲ ਦੋ ਮੀਲ ਚੱਲੋ। 42 ਜੇਕਰ ਕੋਈ ਤੁਹਾਥੋਂ ਕੁਝ ਮੰਗਦਾ ਹੈ, ਉਹ ਉਸ ਨੂੰ ਦਿਓ ਅਤੇ ਜੇਕਰ ਕੋਈ ਤੁਹਾਥੋਂ ਉਧਾਰ ਚਾਹੁੰਦਾ ਹੈ ਤਾਂ, ਦੇਣ ਤੋਂ ਮਨ੍ਹਾ ਨਾ ਕਰੋ।
ਸਭ ਲੋਕਾਂ ਨੂੰ ਪਿਆਰ ਕਰੋ(C)
43 “ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ, ‘ਤੁਸੀਂ ਆਪਣੇ ਗੁਆਂਢੀ ਨਾਲ ਵੀ ਪਿਆਰ ਕਰੋ [e] ਅਤੇ ਆਪਣੇ ਵੈਰੀ ਨਾਲ ਵੈਰ ਰੱਖੋ।’ 44 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੇ ਵੈਰੀਆਂ ਨਾਲ ਵੀ ਪਿਆਰ ਕਰੋ। ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ। 45 ਜੇਕਰ ਤੁਸੀਂ ਅਜਿਹਾ ਕਰੋਂਗੇ, ਫ਼ੇਰ ਤੁਸੀਂ ਆਪਣੇ ਪਿਤਾ ਦੇ ਜਿਹੜਾ ਸਵਰਗ ਵਿੱਚ ਹੈ, ਸੱਚੇ ਪੁੱਤਰ ਹੋਵੋਗੇ, ਕਿਉਂਕਿ ਪਿਤਾ ਆਪਣਾ ਸੂਰਜ, ਬੁਰੇ ਅਤੇ ਭਲੇ ਦੋਹਾਂ ਉੱਪਰ ਹੀ ਚੜ੍ਹਾਉਂਦਾ ਹੈ। ਤੁਹਾਡਾ ਪਿਤਾ ਧਰਮੀਆਂ ਅਤੇ ਕੁਧਰਮੀਆਂ ਉੱਪਰ ਵੀ ਮੀਂਹ ਵਰਸਾਉਂਦਾ ਹੈ। 46 ਜੇਕਰ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਨੂੰ ਕੋਈ ਫ਼ਲ ਨਹੀਂ ਮਿਲੇਗਾ। ਕੀ ਮਸੂਲੀਏ ਵੀ ਇਹੀ ਨਹੀਂ ਕਰਦੇ? 47 ਜੇਕਰ ਤੁਸੀਂ ਸਿਰਫ਼ ਆਪਣੇ ਦੋਸਤਾਂ ਨਾਲ ਚੰਗਾ ਵਰਤਾਓ ਕਰਦੇ ਹੋ ਤਾਂ ਤੁਸੀਂ ਦੂਸਰੇ ਲੋਕਾਂ ਨਾਲੋਂ ਚੰਗੇ ਨਹੀਂ ਹੋ। ਕੀ ਕੁਧਰਮੀ ਵੀ ਅਜਿਹਾ ਨਹੀਂ ਕਰਦੇ? 48 ਸੋ ਜਿਵੇਂ ਤੁਹਾਡਾ ਪਿਤਾ ਜਿਹੜਾ ਸੁਰਗ ਵਿੱਚ ਹੈ, ਸੰਪੂਰਣ ਹੈ ਤਿਵੇਂ ਤੁਸੀਂ ਵੀ ਸੰਪੂਰਣ ਹੋਵੋ।
2010 by World Bible Translation Center