Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਨਿਆਂਈਆਂ ਦੀ ਪੋਥੀ 11-12

11 ਯਿਫ਼ਤਾਹ ਗਿਲਆਦ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਉਹ ਤਾਕਤਵਰ ਸਿਪਾਹੀ ਸੀ। ਪਰ ਯਿਫ਼ਤਾਹ ਵਿੱਚ ਵੇਸਵਾ ਦਾ ਪੁੱਤਰ ਸੀ। ਉਸਦਾ ਪਿਤਾ ਗਿਲਆਦ ਨਾਮ ਦਾ ਇੱਕ ਆਦਮੀ ਸੀ। ਗਿਲਆਦ ਦੀ ਪਤਨੀ ਦੇ ਕਈ ਪੁੱਤਰ ਸਨ। ਜਦੋਂ ਉਹ ਪੁੱਤਰ ਵੱਡੇ ਹੋਏ ਤਾਂ ਉਹ ਯਿਫ਼ਤਾਹ ਨੂੰ ਪਸੰਦ ਨਹੀਂ ਸੀ ਕਰਦੇ। ਉਨ੍ਹਾਂ ਪੁੱਤਰਾਂ ਨੇ ਯਿਫ਼ਤਾਹ ਨੂੰ ਆਪਣਾ ਕਸਬਾ ਛੱਡ ਜਾਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਨੇ ਉਸ ਨੂੰ ਆਖਿਆ, “ਤੈਨੂੰ ਸਾਡੇ ਪਿਤਾ ਦੀ ਜਾਇਦਾਦ ਵਿੱਚੋਂ ਕੁਝ ਵੀ ਨਹੀਂ ਮਿਲੇਗਾ।” ਤੂੰ ਕਿਸੇ ਹੋਰ ਔਰਤ ਦਾ ਪੁੱਤਰ ਹੈਂ। ਇਸ ਲਈ ਯਿਫ਼ਤਾਹ ਆਪਣੇ ਭਰਾਵਾਂ ਕਾਰਣ ਦੂਰ ਚੱਲਾ ਗਿਆ ਅਤੇ ਤੋਂਬ ਵਿੱਚ ਰਹਿਣ ਲੱਗਾ। ਕੁਝ ਆਦਮੀਆਂ ਦੇ ਟੋਲਿਆਂ ਨੇ ਯਿਫ਼ਤਾਹ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਅਤੇ ਉਹ ਉਸ ਦੇ ਨਾਲ ਛਾਪੇ ਮਾਰਨ ਲਈ ਗਏ।

ਕੁਝ ਸਮੇਂ ਬਾਦ ਅੰਮੋਨੀ ਲੋਕ ਇਸਰਾਏਲ ਦੇ ਲੋਕਾਂ ਨਾਲ ਲੜ ਪਏ। ਅੰਮੋਨੀ ਲੋਕ ਇਸਰਾਏਲ ਦੇ ਖਿਲਾਫ਼ ਦੇ ਲੜ ਰਹੇ ਸਨ, ਇਸ ਲਈ ਗਿਲਆਦ ਦੇ ਬਜ਼ੁਰਗ ਯਿਫ਼ਤਾਹ ਕੋਲ ਗਏ। ਉਹ ਚਾਹੁੰਦੇ ਸੀ ਕਿ ਯਿਫ਼ਤਾਹ ਤੋਬ ਦੀ ਧਰਤੀ ਛੱਡ ਕੇ ਵਾਪਸ ਗਿਲਆਦ ਆ ਜਾਵੇ।

ਬਜ਼ੁਰਗਾਂ ਨੇ ਯਿਫ਼ਤਾਹ ਨੂੰ ਆਖਿਆ, “ਆ ਅਤੇ ਸਾਡਾ ਆਗੂ ਬਣ ਜਾ ਤਾਂ ਜੋ ਅਸੀਂ ਅੰਮੋਨੀ ਲੋਕਾਂ ਨਾਲ ਜੰਗ ਕਰ ਸੱਕੀਏ।”

ਪਰ ਯਿਫ਼ਤਾਹ ਨੇ ਗਿਲਆਦ ਦੀ ਧਰਤੀ ਦੇ ਬਜ਼ੁਰਗਾਂ ਨੂੰ ਆਖਿਆ, “ਤੁਸੀਂ ਮੈਨੂੰ ਮੇਰੇ ਪਿਤਾ ਦੇ ਘਰੋਂ ਕੱਢਿਆ ਸੀ। ਤੁਸੀਂ ਮੈਨੂੰ ਨਫ਼ਰਤ ਕਰਦੇ ਹੋ! ਇਸ ਲਈ ਹੁਣ ਮੇਰੇ ਕੋਲ ਕਿਉਂ ਆ ਰਹੇ ਹੋ ਜਦੋਂ ਕਿ ਤੁਸੀਂ ਮੁਸੀਬਤ ਵਿੱਚ ਹੋ?”

ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਆਖਿਆ, “ਇਹੀ ਕਾਰਣ ਹੈ ਕਿ ਅਸੀਂ ਹੁਣ ਤੇਰੇ ਕੋਲ ਆਏ ਹਾਂ। ਮਿਹਰਬਾਨੀ ਕਰਕੇ ਸਾਡੇ ਨਾਲ ਆ ਅਤੇ ਅੰਮੋਨੀ ਲੋਕਾਂ ਨਾਲ ਲੜ। ਤੂੰ ਗਿਲਆਦ ਦੇ ਰਹਿਣ ਵਾਲੇ ਸਾਰੇ ਲੋਕਾਂ ਦਾ ਕਮਾਂਡਰ ਹੋਵੇਂਗਾ।”

ਤਾਂ ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗਾਂ ਨੂੰ ਆਖਿਆ, “ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਵਾਪਸ ਗਿਲਆਦ ਵਿੱਚ ਆਵਾਂ ਅਤੇ ਅੰਮੋਨੀ ਲੋਕਾਂ ਨਾਲ ਜੰਗ ਕਰਾਂ, ਤਾਂ ਠੀਕ ਹੈ। ਪਰ ਜੇ ਯਹੋਵਾਹ ਨੇ ਮੇਰੀ ਜਿੱਤਣ ਵਿੱਚ ਸਹਾਇਤਾ ਕੀਤੀ ਤਾਂ ਮੈਂ ਤੁਹਾਡਾ ਨਵਾਂ ਆਗੂ ਹੋਵਾਂਗਾ।”

10 ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਆਖਿਆ, “ਅਸੀਂ ਜੋ ਵੀ ਆਖ ਰਹੇ ਹਾਂ, ਯਹੋਵਾਹ ਹਰ ਗੱਲ ਸੁਣ ਰਿਹਾ ਹੈ। ਅਤੇ ਅਸੀਂ ਹਰ ਉਹ ਗੱਲ ਕਰਨ ਦਾ ਇਕਰਾਰ ਕਰਦੇ ਹਾਂ ਜੋ ਤੂੰ ਸਾਨੂੰ ਕਰਨ ਲਈ ਆਖੇਂਗਾ।”

11 ਇਸ ਲਈ ਯਿਫ਼ਤਾਹ ਗਿਲਆਦ ਦੇ ਬਜ਼ੁਰਗਾਂ (ਆਗੂਆਂ) ਨਾਲ ਚੱਲਾ ਗਿਆ। ਉਨ੍ਹਾਂ ਲੋਕਾਂ ਨੇ ਯਿਫ਼ਤਾਹ ਨੂੰ ਆਪਣਾ ਆਗੂ ਅਤੇ ਕਮਾਂਡਰ ਬਣਾ ਲਿਆ। ਯਿਫ਼ਤਾਹ ਨੇ ਮਿਸਫ਼ਾਹ ਸ਼ਹਿਰ ਵਿੱਚ ਯਹੋਵਾਹ ਦੇ ਸਾਹਮਣੇ ਆਪਣੇ ਸਾਰੇ ਸ਼ਬਦ ਦੁਹਰਾਏ।

ਯਿਫ਼ਤਾਹ ਦਾ ਅੰਮੋਨ ਦੇ ਰਾਜੇ ਨੂੰ ਸੰਦੇਸ਼

12 ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜੇ ਕੋਲ ਸੰਦੇਸ਼ਵਾਹਕ ਭੇਜੇ। ਸੰਦੇਸ਼ਵਾਹਕਾਂ ਨੇ ਰਾਜੇ ਨੂੰ ਇਹ ਸੰਦੇਸ਼ ਦਿੱਤਾ: “ਅੰਮੋਨੀਆਂ ਅਤੇ ਇਸਰਾਏਲ ਦੇ ਲੋਕਾਂ ਦਰਮਿਆਨ ਕੀ ਝਗੜਾ ਹੈ? ਤੂੰ ਸਾਡੇ ਉੱਤੇ ਲੜਨ ਲਈ ਕਿਉਂ ਆਇਆ ਹੈ?”

13 ਅੰਮੋਨੀਆਂ ਦੇ ਰਾਜੇ ਨੇ ਯਿਫ਼ਤਾਹ ਦੇ ਸੰਦੇਸ਼ਵਾਹਕਾਂ ਨੂੰ ਆਖਿਆ, “ਅਸੀਂ ਇਸਰਾਏਲ ਦੇ ਨਾਲ ਵਿਰੋਧ ਵਿੱਚ ਲੜ ਰਹੇ ਹਾਂ ਕਿਉਂਕਿ ਉਨ੍ਹਾਂ ਨੇ ਮਿਸਰ ਤੋਂ ਵਾਪਸ ਆਉਣ ਤੋਂ ਬਾਦ ਸਾਡੀ ਧਰਤੀ ਖੋਹ ਲਈ। ਉਨ੍ਹਾਂ ਨੇ ਅਰਨੋਨ ਨਦੀ ਤੋਂ ਯਬੋਕ ਨਦੀ ਤੱਕ ਉੱਥੋਂ ਯਰਦਨ ਨਦੀ ਤੱਕ ਦੀ ਸਾਡੀ ਧਰਤੀ ਮੱਲ ਲਈ ਸੀ। ਹੁਣ ਸਾਨੂੰ ਸਾਡੀ ਧਰਤੀ, ਸ਼ਾਂਤੀ ਨਾਲ ਵਾਪਸ ਦੇ ਦੇਵੋ।”

14 ਇਸ ਲਈ ਯਿਫ਼ਤਾਹ ਦੇ ਸੰਦੇਸ਼ਵਾਹਕ ਇਹ ਸੰਦੇਸ਼ ਯਿਫ਼ਤਾਹ ਵੱਲ ਵਾਪਸ ਲੈ ਕੇ ਆਏ। ਫ਼ੇਰ ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜੇ ਵੱਲ ਸੰਦੇਸ਼ਵਾਹਕ ਦੁਬਾਰਾ ਭੇਜੇ। 15 ਉਹ ਇਹ ਸੰਦੇਸ਼ ਲੈ ਕੇ ਗਏ:

“ਇਹੀ ਹੈ ਜੋ ਯਿਫ਼ਤਾਹ ਆਖਦਾ ਹੈ: ਇਸਰਾਏਲ ਦੇ ਮੋਆਬ ਦੇ ਲੋਕਾਂ ਦੀ ਧਰਤੀ ਜਾਂ ਅੰਮੋਨ ਦੇ ਲੋਕਾਂ ਦੀ ਧਰਤੀ ਨਹੀਂ ਮੱਲੀ। 16 ਜਦੋਂ ਇਸਰਾਏਲ ਦੇ ਲੋਕ ਮਿਸਰ ਦੀ ਧਰਤੀ ਤੋਂ ਬਾਹਰ ਆਏ, ਤਾਂ ਇਸਰਾਏਲ ਦੇ ਲੋਕ ਮਾਰੂਥਲ ਵਿੱਚ ਚੱਲੇ ਗਏ। ਇਸਰਾਏਲ ਦੇ ਲੋਕ ਲਾਲ ਸਾਗਰ ਵਿੱਚ ਚੱਲੇ ਗਏ। ਫ਼ੇਰ ਉਹ ਕਾਦੇਸ਼ ਨੂੰ ਚੱਲੇ ਗਏ। 17 ਇਸਰਾਏਲ ਦੇ ਲੋਕਾਂ ਨੇ ਰਾਜੇ ਅਦੋਮ ਵੱਲ ਸੰਦੇਸ਼ਵਾਹਕ ਭੇਜੇ। ਸੰਦੇਸ਼ਵਾਹਕਾਂ ਨੇ ਇੱਕ ਰਿਆਇਤ ਮੰਗੀ। ਉਨ੍ਹਾਂ ਨੇ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਪਣੀ ਧਰਤੀ ਵਿੱਚੋਂ ਲੰਘ ਜਾਣ ਦਿਉ।” ਪਰ ਅਦੋਮ ਦੇ ਰਾਜੇ ਨੇ ਸਾਨੂੰ ਆਪਣੀ ਧਰਤੀ ਵਿੱਚੋਂ ਨਹੀਂ ਲੰਘਣ ਦਿੱਤਾ। ਅਸੀਂ ਇਹੋ ਸੰਦੇਸ਼ ਮੋਆਬ ਦੇ ਰਾਜੇ ਨੂੰ ਭੇਜਿਆ। ਪਰ ਮੋਆਬ ਦੇ ਰਾਜੇ ਨੇ ਵੀ ਸਾਨੂੰ ਆਪਣੀ ਧਰਤੀ ਵਿੱਚੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਲਈ ਇਸਰਾਏਲ ਦੇ ਲੋਕ ਕਾਦੇਸ਼ ਵਿਖੇ ਠਹਿਰ ਗਏ।

18 “ਫ਼ੇਰ ਇਸਰਾਏਲ ਦੇ ਲੋਕ ਮਾਰੂਥਲ ਵਿੱਚੋਂ ਹੋਕੇ ਅਤ ਅਦੋਮ ਦੀ ਧਰਤੀ ਅਤੇ ਮੋਆਬ ਦੀ ਧਰਤੀ ਦੇ ਕਿਨਾਰਿਆਂ ਦੁਆਲਿਉਂ ਦੀ ਲੰਘੇ। ਉਨ੍ਹਾਂ ਨੇ ਮੋਆਬ ਦੀ ਧਰਤੀ ਦੇ ਪੂਰਬ ਵੱਲ ਸਫ਼ਰ ਕੀਤਾ। ਉਨ੍ਹਾਂ ਨੇ ਅਰਨੋਨ ਨਦੀ ਦੇ ਦੂਸਰੇ ਪਾਸੇ ਮੋਆਬ ਦੀ ਧਰਤੀ ਦੀ ਸਰਹੱਦ ਉੱਤੇ ਆਪਣਾ ਡੇਰਾ ਲਾ ਲਿਆ। ਉਨ੍ਹਾਂ ਨੇ ਮੋਆਬ ਦੀ ਧਰਤੀ ਦੀ ਸਰਹੱਦ ਪਾਰ ਨਹੀਂ ਕੀਤੀ ਸੀ।

19 “ਫ਼ੇਰ ਇਸਰਾਏਲ ਦੇ ਲੋਕਾਂ ਨੇ ਅਮੋਰੀ ਲੋਕਾਂ ਦੇ ਰਾਜੇ, ਸੀਹੋਨ ਵੱਲ ਸੰਦੇਸ਼ਵਾਹਕ ਭੇਜੇ। ਸੀਹੋਨ ਹਸ਼ਬੋਨ ਸ਼ਹਿਰ ਦਾ ਰਾਜਾ ਸੀ। ਸੰਦੇਸ਼ਵਾਹਕਾਂ ਨੇ ਪੁੱਛਿਆ, “ਇਸਰਾਏਲ ਦੇ ਲੋਕਾਂ ਨੂੰ ਆਪਣੀ ਧਰਤੀ ਵਿੱਚੋਂ ਲੰਘ ਜਾਣ ਦਿਉ। ਅਸੀਂ ਆਪਣੀ ਧਰਤੀ ਉੱਤੇ ਜਾਣਾ ਚਾਹੁੰਦੇ ਹਾਂ।” 20 ਪਰ ਅਮੋਰੀ ਲੋਕਾਂ ਦੇ ਰਾਜੇ ਸੀਹੋਨ ਨੇ ਇਸਰਾਏਲ ਦੇ ਲੋਕਾਂ ਨੂੰ ਆਪਣੀ ਸਰਹੱਦਾਂ ਪਾਰ ਨਹੀਂ ਕਰਨ ਦਿੱਤੀਆਂ। ਸੀਹੋਨ ਨੇ ਆਪਣੇ ਸਾਰੇ ਬੰਦੇ ਇਕੱਠੇ ਕਰਕੇ ਯਹਾਸ ਵਿਖੇ ਡੇਰਾ ਲਾ ਲਿਆ। ਤਾਂ ਅੰਮੋਰੀ ਲੋਕਾਂ ਨੇ ਇਸਰਾਏਲ ਦੇ ਲੋਕਾਂ ਨਾਲ ਜੰਗ ਕੀਤੀ। 21 ਪਰ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਦੀ ਸੀਹੋਨ, ਅਤੇ ਉਸਦੀ ਫ਼ੌਜ ਨੂੰ ਹਰਾਉਣ ਵਿੱਚ ਸਹਾਇਤਾ ਕੀਤੀ। ਇਸ ਲਈ ਅੰਮੋਰੀ ਲੋਕਾਂ ਦੀ ਧਰਤੀ ਇਸਰਾਏਲ ਦੇ ਲੋਕਾਂ ਦੀ ਜੈਦਾਦ ਬਣ ਗਈ। 22 ਇਸ ਤਰ੍ਹਾਂ, ਇਸਰਾਏਲੀਆਂ ਨੇ ਅਮੋਰੀਆਂ ਦੀ ਸਾਰੀ ਜ਼ਮੀਨ ਦਾ ਕਬਜ਼ਾ ਲੈ ਲਿਆ। ਉਹ ਧਰਤੀ ਅਰਨੋਨ ਨਦੀ ਤੋਂ ਲੈ ਕੇ ਯਬੋਕ ਨਦੀ ਤੱਕ ਅਤੇ ਮਾਰੂਥਲ ਤੋਂ ਯਰਦਨ ਨਦੀ ਤੱਕ ਜਾਂਦੀ ਸੀ।

23 “ਇਹ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਹੀ ਸੀ ਜਿਸਨੇ ਅਮੋਰੀ ਲੋਕਾਂ ਨੂੰ ਆਪਣੀ ਧਰਤੀ ਛੱਡਣ ਲਈ ਮਜ਼ਬੂਰ ਕੀਤਾ। ਅਤੇ ਯਹੋਵਾਹ ਨੇ ਇਹ ਧਰਤੀ ਇਸਰਾਏਲ ਦੇ ਲੋਕਾਂ ਨੂੰ ਦੇ ਦਿੱਤੀ। ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਇਸਰਾਏਲ ਦੇ ਲੋਕਾਂ ਨੂੰ ਇਹ ਧਰਤੀ ਛੱਡਣ ਲਈ ਮਜ਼ਬੂਰ ਕਰ ਸੱਕਦੇ ਹੋ? 24 ਅਵੱਸ਼ ਹੀ ਤੁਸੀਂ ਉਸ ਧਰਤੀ ਉੱਤੇ ਰਹਿ ਸੱਕਦੇ ਹੋ ਜਿਹੜੀ ਤੁਹਾਨੂੰ ਤੁਹਾਡੇ ਦੇਵਤੇ ਸ਼ਕਮ ਨੇ ਦਿੱਤੀ ਹੈ। ਇਸ ਲਈ ਅਸੀਂ ਉਸ ਧਰਤੀ ਉੱਤੇ ਰਹਾਂਗੇ ਜਿਹੜੀ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਦਿੱਤੀ ਹੈ! 25 ਕੀ ਤੁਸੀਂ ਕਿਸੇ ਤਰ੍ਹਾਂ ਵੀ ਸਿੱਫੋਰ ਦੇ ਪੁੱਤਰ ਬਾਲਾਕ [a] ਨਾਲੋਂ ਬਿਹਤਰ ਹੋਂ? ਉਹ ਮੋਆਬ ਦੀ ਧਰਤੀ ਦਾ ਰਾਜਾ ਸੀ। ਕੀ ਉਸ ਨੇ ਇਸਰਾਏਲ ਦੇ ਲੋਕਾਂ ਨਾਲ ਝਗੜਾ ਕੀਤਾ ਸੀ? ਕੀ ਉਹ ਸੱਚਮੁੱਚ ਇਸਰਾਏਲ ਦੇ ਲੋਕਾਂ ਨਾਲ ਲੜਿਆ ਸੀ? 26 ਇਸਰਾਏਲ ਦੇ ਲੋਕ ਹਸ਼ਬੋਨ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਦੇ ਕਸਬਿਆਂ ਵਿੱਚ 300 ਸਾਲਾਂ ਤੋਂ ਰਹਿ ਰਹੇ ਹਨ। ਇਸਰਾਏਲ ਦੇ ਲੋਕ ਅਰੋਏਰ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਦੇ ਕਸਬਿਆਂ ਵਿੱਚ 300 ਸਾਲਾਂ ਤੋਂ ਰਹਿ ਰਹੇ ਹਨ ਇਸਰਾਏਲ ਦੇ ਲੋਕ ਨਦੀ ਦੇ ਨਾਲ-ਨਾਲ ਲੱਗਦੇ ਸਾਰੇ ਸ਼ਹਿਰਾਂ ਵਿੱਚ 300 ਸਾਲਾਂ ਤੋਂ ਰਹਿ ਰਹੇ ਹਨ। ਤੁਸੀਂ ਇਨ੍ਹਾਂ ਸਾਰੇ ਸ਼ਹਿਰਾਂ ਨੂੰ ਇਸ ਸਮੇਂ ਦੌਰਾਨ ਖੋਹਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? 27 ਇਸਰਾਏਲ ਦੇ ਲੋਕਾਂ ਨੇ ਤੁਹਾਡੇ ਵਿਰੁੱਧ ਕੋਈ ਪਾਪ ਨਹੀਂ ਕੀਤਾ। ਪਰ ਤੁਸੀਂ ਇਸਰਾਏਲ ਦੇ ਲੋਕਾਂ ਦੇ ਖਿਲਾਫ਼ ਬਹੁਤ ਮਾੜੀ ਗੱਲ ਕਰ ਰਹੇ ਹੋ। ਸਾਡਾ ਯਹੋਵਾਹ, ਸੱਚਾ ਨਿਆਂਕਾਰ, ਨਿਆਂ ਕਰੇ ਕਿ ਕੀ ਅਸੀਂ ਇਸਰਾਏਲ ਦੇ ਲੋਕ, ਸਹੀ ਹਾਂ ਜਾਂ ਅੰਮੋਨੀ ਲੋਕ!”

28 ਅੰਮੋਨੀ ਲੋਕਾਂ ਦੇ ਰਾਜੇ ਨੇ ਯਿਫ਼ਤਾਹ ਦੇ ਇਸ ਸੰਦੇਸ਼ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ।

ਯਿਫ਼ਤਾਹ ਦਾ ਇਕਰਾਰ

29 ਫ਼ੇਰ ਯਹੋਵਾਹ ਦਾ ਆਤਮਾ ਯਿਫ਼ਤਾਹ ਵਿੱਚ ਆ ਗਿਆ। ਯਿਫ਼ਤਾਹ ਗਿਲਆਦ ਅਤੇ ਮਨੱਸ਼ਹ ਦੇ ਇਲਾਕੇ ਵਿੱਚੋਂ ਲੰਘਿਆ। ਉਹ ਗਿਲਆਦ ਦੇ ਮਿਸਫ਼ਾਹ ਸ਼ਹਿਰ ਵਿੱਚ ਗਿਆ। ਗਿਲਆਦ ਦੇ ਸ਼ਹਿਰ ਮਿਸਫ਼ਾਹ ਤੋਂ, ਯਿਫ਼ਤਾਹ ਅੰਮੋਨੀ ਲੋਕਾਂ ਦੀ ਧਰਤੀ ਵਿੱਚੋਂ ਹੋਕੇ ਲੰਘਿਆ।

30 ਯਿਫ਼ਤਾਹ ਨੇ ਯਹੋਵਾਹ ਨਾਲ ਇੱਕ ਇਕਰਾਰ ਕੀਤਾ। ਉਸ ਨੇ ਆਖਿਆ, “ਜੇ ਤੁਸੀਂ ਮੈਨੂੰ ਅੰਮੋਨੀ ਲੋਕਾਂ ਨੂੰ ਹਰਾਉਣ ਦੇਵੋਂ, 31 ਤਾਂ ਮੈਂ ਉਹ ਪਹਿਲੀ ਚੀਜ਼ ਭੇਟ ਕਰਾਂਗਾ ਜਿਹੜੀ ਉਦੋਂ ਮੇਰੇ ਘਰ ਤੋਂ ਬਾਹਰ ਆਵੇਗੀ ਜਦੋਂ ਮੈਂ ਜਿੱਤ ਹਾਸਿਲ ਕਰਕੇ ਵਾਪਿਸ ਆਵਾਂਗਾ। ਮੈਂ ਇਸ ਨੂੰ ਯਹੋਵਾਹ ਅੱਗੇ ਹੋਮ ਦੀ ਭੇਟ ਚੜ੍ਹਾਵਾਂਗਾ।”

32 ਫ਼ੇਰ ਯਿਫ਼ਤਾਹ ਅੰਮੋਨੀ ਲੋਕਾਂ ਦੀ ਧਰਤੀ ਵੱਲ ਚੱਲਾ ਗਿਆ। ਯਿਫ਼ਤਾਹ ਨੇ ਅੰਮੋਨੀ ਲੋਕਾਂ ਨਾਲ ਜੰਗ ਕੀਤੀ। ਯਹੋਵਾਹ ਨੇ ਉਸਦੀ ਉਨ੍ਹਾਂ ਨੂੰ ਹਰਾਉਣ ਵਿੱਚ ਸਹਾਇਤਾ ਕੀਤੀ। 33 ਉਸ ਨੇ ਉਨ੍ਹਾਂ ਨੂੰ ਅਰੋਏਰ ਤੋਂ ਲੈ ਕੇ ਮਿੰਨੀਥ ਸ਼ਹਿਰ ਤੀਕ ਹਰਾ ਦਿੱਤਾ। ਯਿਫ਼ਤਾਹ ਨੇ 20 ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ। ਫ਼ੇਰ ਉਹ ਅੰਮੋਨੀ ਲੋਕਾਂ ਨਾਲ ਅਬੇਲ ਕੇਰਾਮਿਮ ਸ਼ਹਿਰ ਤੱਕ ਲੜਿਆ। ਇਸਰਾਏਲ ਦੇ ਲੋਕਾਂ ਨੇ ਅੰਮੋਨੀ ਲੋਕਾਂ ਨੂੰ ਹਰਾ ਦਿੱਤਾ ਇਹ ਅੰਮੋਨੀ ਲੋਕਾਂ ਲਈ ਕਰਾਰੀ ਹਾਰ ਸੀ।

34 ਯਿਫ਼ਤਾਹ ਮਿਸਫ਼ਾਹ ਵਾਪਸ ਚੱਲਾ ਗਿਆ। ਯਿਫ਼ਤਾਹ ਆਪਣੇ ਘਰ ਗਿਆ ਅਤੇ ਉਸਦੀ ਧੀ ਨੂੰ ਮਿਲਣ ਲਈ ਘਰ ਤੋਂ ਬਾਹਰ ਆਈ। ਉਹ ਤੰਬੂਰਿਨ ਵਜਾ ਰਹੀ ਸੀ ਅਤੇ ਨੱਚ ਰਹੀ ਸੀ। ਉਹ ਉਸਦੀ ਇੱਕਲੌਤੀ ਧੀ ਸੀ। ਯਿਫ਼ਤਾਹ ਉਸ ਨੂੰ ਬਹੁਤ ਪਿਆਰ ਕਰਦਾ ਸੀ। ਯਿਫ਼ਤਾਹ ਦੇ ਹੋਰ ਕੋਈ ਧੀਆਂ ਪੁੱਤਰ ਨਹੀਂ ਸਨ। 35 ਜਦੋਂ ਯਿਫ਼ਤਾਹ ਨੇ ਦੇਖਿਆ ਕਿ ਉਸਦੀ ਧੀ ਉਸ ਨੂੰ ਸ਼ੁਭਕਾਮਨਾਵਾਂ ਦੇਣ ਵਾਸਤੇ ਉਸ ਦੇ ਘਰ ਤੋਂ ਬਾਹਰ ਆਉਣ ਵਾਲੀ ਸਭ ਤੋਂ ਪਹਿਲੀ ਚੀਜ਼ ਸੀ, ਉਸ ਨੇ ਆਪਣਾ ਗਮ ਪ੍ਰਗਟ ਕਰਨ ਲਈ ਆਪਣੇ ਕੱਪੜੇ ਪਾੜ ਲਏ। ਅਤੇ ਆਖਿਆ, “ਓਹੋ। ਮੇਰੀਏ ਧੀਏ! ਤੂੰ ਮੈਨੂੰ ਬਰਬਾਦ ਕਰ ਦਿੱਤਾ ਹੈ! ਤੂੰ ਮੈਨੂੰ ਬਹੁਤ-ਬਹੁਤ ਉਦਾਸ ਕਰ ਦਿੱਤਾ ਹੈ। ਮੈਂ ਯਹੋਵਾਹ ਅੱਗੇ ਇੱਕ ਇਕਰਾਰ ਕੀਤਾ ਸੀ, ਅਤੇ ਮੈਂ ਉਸ ਨੂੰ ਬਦਲ ਨਹੀਂ ਸੱਕਦਾ!”

36 ਤਾਂ ਉਸਦੀ ਧੀ ਨੇ ਯਿਫ਼ਤਾਹ ਨੂੰ ਆਖਿਆ, “ਪਿਤਾ ਜੀ, ਤੁਸੀਂ ਯਹੋਵਾਹ ਅੱਗੇ ਇੱਕ ਇਕਰਾਰ ਕੀਤਾ ਹੈ। ਇਸ ਲਈ ਇਕਰਾਰ ਪੂਰਾ ਕਰੋ। ਉਹੀ ਕਰੋ ਜੋ ਤੁਸੀਂ ਕਰਨ ਲਈ ਆਖਿਆ ਸੀ। ਆਖਿਰਕਾਰ ਯਹੋਵਾਹ ਨੇ ਤੁਹਾਡੇ ਦੁਸ਼ਮਣਾ, ਅੰਮੋਨੀ ਲੋਕਾਂ ਨੂੰ ਹਰਾਉਣ ਵਿੱਚ ਤੁਹਾਡੀ ਮਦਦ ਕੀਤੀ ਹੈ।”

37 ਤਾਂ ਉਸਦੀ ਧੀ ਨੇ ਆਪਣੇ ਪਿਤਾ ਨੂੰ ਆਖਿਆ, “ਪਰ ਮੇਰੇ ਲਈ ਇਹ ਇੱਕ ਗੱਲ ਪਹਿਲਾਂ ਕਰੋ। ਮੈਨੂੰ ਦੋ ਮਹੀਨੇ ਲਈ ਇੱਕਲਿਆਂ ਛੱਡ ਦਿਉ। ਮੈਨੂੰ ਪਹਾੜਾ ਵਿੱਚ ਜਾਣ ਦਿਉ। ਮੈਂ ਵਿਆਹ ਨਹੀਂ ਕਰਾਵਾਂਗੀ ਅਤੇ ਬੱਚੇ ਪੈਦਾ ਨਹੀਂ ਕਰਾਂਗੀ, ਇਸ ਲਈ ਮੈਨੂੰ ਅਤੇ ਮੇਰੀਆਂ ਸਹੇਲੀਆਂ ਨੂੰ ਰਲ ਕੇ ਰੋਣ ਦਿਉ।”

38 ਯਿਫ਼ਤਾਹ ਨੇ ਆਖਿਆ, “ਜਾਓ, ਇਹੀ ਕਰੋ।” ਯਿਫ਼ਤਾਹ ਨੇ ਉਸ ਨੂੰ ਦੋ ਮਹੀਨਿਆਂ ਲਈ ਦੂਰ ਭੇਜ ਦਿੱਤਾ। ਯਿਫ਼ਤਾਹ ਦੀ ਧੀ ਅਤੇ ਉਸ ਦੀਆਂ ਸਹੇਲੀਆਂ ਪਹਾੜਾਂ ਵਿੱਚ ਰਹੀਆਂ। ਉਹ ਉਸ ਦੇ ਲਈ ਰੋਈਆਂ ਕਿਉਂਕਿ ਉਸ ਨੇ ਨਾ ਵਿਆਹ ਕਰਵਾਉਣਾ ਸੀ ਅਤੇ ਨਾ ਬੱਚੇ ਪੈਦਾ ਕਰਨੇ ਸਨ।

39 ਦੋ ਮਹੀਨਿਆਂ ਦੇ ਅੰਤ ਉੱਤੇ, ਯਿਫ਼ਤਾਹ ਦੀ ਧੀ ਆਪਣੇ ਪਿਤਾ ਕੋਲ ਵਾਪਸ ਪਰਤ ਆਈ। ਯਿਫ਼ਤਾਹ ਨੇ ਉਹੀ ਕੀਤਾ ਜੋ ਉਸ ਨੇ ਯਹੋਵਾਹ ਨਾਲ ਇਕਰਾਰ ਕੀਤਾ ਸੀ। ਯਿਫ਼ਤਾਹ ਦੀ ਧੀ ਨੇ ਕਦੇ ਵੀ ਕਿਸੇ ਨਾਲ ਜਿਨਸੀ ਸੰਬੰਧ ਨਹੀਂ ਰੱਖੇ ਸਨ। ਇਸ ਲਈ ਇਸਰਾਏਲ ਵਿੱਚ ਇਹ ਇੱਕ ਰਿਵਾਜ਼ ਬਣ ਗਿਆ। 40 ਹਰ ਸਾਲ ਇਸਰਾਏਲ ਦੀਆਂ ਔਰਤਾਂ ਗਿਲਆਦ ਦੇ ਯਿਫ਼ਤਾਹ ਦੀ ਧੀ ਨੂੰ ਯਾਦ ਕਰਦੀਆਂ। ਇਸਰਾਏਲ ਦੀਆਂ ਔੜਤਾਂ ਹਰ ਸਾਲ ਚਾਰ ਦਿਨਾਂ ਲਈ ਯਿਫ਼ਤਾਹ ਦੀ ਧੀ ਲਈ ਰੋਂਦੀਆਂ।

ਯਿਫ਼ਤਾਹ ਅਤੇ ਇਫ਼ਰਾਈਮ

12 ਇਫ਼ਰਾਈਮ ਦੇ ਪਰਿਵਾਰ-ਸਮੂਹ ਦੇ ਆਦਮੀਆਂ ਨੇ ਆਪਨੇ ਸਾਰੇ ਸਿਪਾਹੀਆਂ ਨੂੰ ਇਕੱਠਿਆਂ ਕੀਤਾ। ਫ਼ੇਰ ਉਹ ਨਦੀ ਪਾਰ ਕਰਕੇ ਸਾਪੋਨ ਸ਼ਹਿਰ ਵੱਲ ਗਏ। ਉਨ੍ਹਾਂ ਨੇ ਯਿਫ਼ਤਾਹ ਨੂੰ ਆਖਿਆ, “ਤੂੰ ਅੰਮੋਨੀ ਲੋਕਾਂ ਨਾਲ ਲੜਨ ਲਈ ਸਾਨੂੰ ਕਿਉਂ ਨਹੀਂ ਸੱਦਿਆ? ਅਸੀਂ ਤੇਰੇ ਘਰ ਨੂੰ ਤੇਰੇ ਸਣੇ ਅੱਗ ਲਾ ਦਿਆਂਗੇ?”

ਯਿਫ਼ਤਾਹ ਨੇ ਉਨ੍ਹਾਂ ਨੂੰ ਜਵਾਬ ਦਿੱਤਾ, “ਮੇਰਾ ਅਤੇ ਮੇਰੇ ਲੋਕਾਂ ਦਾ ਅੰਮੋਨੀਆਂ ਨਾਲ ਗੰਭੀਰ ਮਤਭੇਦ ਸੀ। ਇਸ ਲਈ ਅਸੀਂ ਉਨ੍ਹਾਂ ਦੇ ਵਿਰੁੱਧ ਲੜਾਈ ਕੀਤੀ। ਮੈਂ ਤੁਹਾਨੂੰ ਬੁਲਾਇਆ ਸੀ ਪਰ ਤੁਸੀਂ ਸਾਡੀ ਸਹਾਇਤਾ ਕਰਨ ਲਈ ਨਹੀਂ ਆਏ। ਮੈਂ ਦੇਖ ਲਿਆ ਕਿ ਤੁਸੀਂ ਸਾਡੀ ਸਹਾਇਤਾ ਨਹੀਂ ਕਰੋਂਗੇ। ਇਸ ਲਈ ਮੈਂ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਇਆ। ਮੈਂ ਨਦੀ ਪਾਰ ਕਰਕੇ ਅੰਮੋਨੀ ਲੋਕਾਂ ਨਾਲ ਲੜਨ ਲਈ ਗਿਆ। ਯਹੋਵਾਹ ਨੇ ਉਨ੍ਹਾਂ ਨੂੰ ਹਰਾਉਣ ਵਿੱਚ ਮੇਰੀ ਮਦਦ ਕੀਤੀ। ਹੁਣ ਤੁਸੀਂ ਅੱਜ ਮੇਰੇ ਖਿਲਾਫ਼ ਲੜਨ ਲਈ ਕਿਉਂ ਆਏ ਹੋ?”

ਫ਼ੇਰ ਯਿਫ਼ਾਤਾਹ ਨੇ ਗਿਲਆਦ ਦੇ ਸਾਰੇ ਲੋਕਾਂ ਨੂੰ ਇਕੱਠਿਆਂ ਕੀਤਾ। ਉਹ ਇਫ਼ਰਾਈਮ ਦੇ ਪਰਿਵਾਰ-ਸਮੂਹ ਦੇ ਨਾਲ ਲੜੇ ਕਿਉਂਕਿ ਉਨ੍ਹਾਂ ਨੇ ਗਿਲਆਦ ਦੇ ਬੰਦਿਆਂ ਦੀ ਬੇਇੱਜ਼ਤੀ ਕੀਤੀ ਸੀ। ਅਤੇ ਆਖਿਆ ਸੀ, “ਤੁਸੀਂ ਗਿਲਆਦ, ਇਫ਼ਰਾਈਮ ਅਤੇ ਮਨੱਸ਼ਹ ਦੇ ਵਿੱਚਕਾਰ ਦੀ ਧਰਤੀ ਉੱਤੇ ਇਫ਼ਰਾਈਮ ਦੇ ਭਗੌੜੇ ਹੋ।” ਗਿਲਆਦ ਦੇ ਲੋਕਾਂ ਨੇ ਇਫ਼ਰਾਈਮ ਦੇ ਲੋਕਾਂ ਨੂੰ ਹਰਾ ਦਿੱਤਾ।

ਗਿਲਆਦ ਦੇ ਬੰਦਿਆਂ ਨੇ ਉਨ੍ਹਾਂ ਥਾਵਾਂ ਉੱਤੇ ਕਬਜ਼ਾ ਕਰ ਲਿਆ ਜਿੱਥੇ ਲੋਕ ਯਰਦਨ ਨਦੀ ਪਾਰ ਕਰਦੇ ਸਨ। ਉਹ ਥਾਵਾਂ ਇਫ਼ਰਾਈਮ ਦੇ ਦੇਸ਼ ਵੱਲ ਪੈਂਦੀਆਂ ਸਨ। ਜਦੋਂ ਵੀ ਕਦੇ ਇਫ਼ਰਾਈਮ ਦਾ, ਬਚ ਕੇ ਨਿਕਲਿਆ ਬੰਦਾ ਨਦੀ ਕੋਲ ਆਉਂਦਾ ਅਤੇ ਆਖਦਾ, “ਮੈਨੂੰ ਪਾਰ ਜਾਣ ਦਿਉ”, ਗਿਲਆਦ ਦੇ ਬੰਦੇ ਉਸ ਨੂੰ ਪੁੱਛਦੇ, “ਕੀ ਤੂੰ ਇਫ਼ਰਾਈਮ ਤੋਂ ਹੈ?” ਜੇ ਉਹ ਆਖਦਾ, “ਨਹੀਂ,” ਫ਼ੇਰ ਉਹ ਆਖਦੇ, “‘ਸ਼ਿੱਬੋਲਥ’ ਸ਼ਬਦ ਬੋਲ।” ਇਫ਼ਰਾਈਮ ਦੇ ਲੋਕ ਉਸ ਸ਼ਬਦ ਨੂੰ ਸਹੀ ਢੰਗ ਨਾਲ ਨਹੀਂ ਉੱਚਾਰ ਸੱਕਦੇ ਸਨ। ਉਹ “ਸਿੱਬੋਲਥ” ਬੋਲਦੇ ਸਨ। ਇਸ ਲਈ ਜੇ ਕੋਈ ਬੰਦਾ ਆਖਦਾ, “ਸਿੱਬੋਲਥ” ਤਾਂ ਗਿਲਆਦ ਦੇ ਬੰਦਿਆਂ ਨੂੰ ਪਤਾ ਲੱਗ ਜਾਂਦਾ ਕਿ ਉਹ ਇਫ਼ਰਾਈਮ ਤੋਂ ਸੀ। ਤਾਂ ਉਹ ਉਸ ਨੂੰ ਯਰਦਨ ਨਦੀ ਦੇ ਪਾਰ ਲੰਘਣ ਵਾਲੇ ਸਥਾਨ ਤੇ ਲੈ ਜਾਂਦੇ ਅਤੇ ਮਾਰ ਦਿੰਦੇ। ਉਨ੍ਹਾਂ ਨੇ ਇਫ਼ਰਾਈਮ ਦੇ 42,000 ਲੋਕ ਮਾਰ ਦਿੱਤੇ।

ਯਿਫ਼ਤਾਹ ਇਸਰਾਏਲ ਦੇ ਲੋਕਾਂ ਲਈ ਛੇ ਸਾਲ ਤੱਕ ਨਿਆਂਕਾਰ ਰਿਹਾ। ਫ਼ੇਰ ਗਿਲਆਦ ਦੇ ਯਿਫ਼ਤਾਹ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਉਸ ਨੂੰ ਉਸ ਦੇ ਆਪਣੇ ਕਸਬੇ ਗਿਲਆਦ ਵਿੱਚ ਹੀ ਦਫ਼ਨਾ ਦਿੱਤਾ।

ਨਿਆਂਕਾਰ ਇਬਸਾਨ

ਯਿਫ਼ਤਾਨ ਤੋਂ ਮਗਰੋਂ ਇਬਸਾਨ ਨਾਮ ਦਾ ਬੰਦਾ ਇਸਰਾਏਲ ਦੇ ਲੋਕਾਂ ਦਾ ਨਿਆਂਕਾਰ ਸੀ। ਇਬਸਾਨ ਬੈਤਲਹਮ ਸ਼ਹਿਰ ਦਾ ਸੀ। ਇਬਸਾਨ ਦੇ 30 ਪੁੱਤਰ ਅਤੇ 30 ਧੀਆਂ ਸਨ। ਉਸ ਨੇ ਆਪਣੀਆਂ 30 ਧੀਆਂ ਨੂੰ ਉਨ੍ਹਾਂ ਆਦਮੀਆਂ ਨਾਲ ਸ਼ਾਦੀ ਕਰਨ ਲਈ ਆਖਿਆ ਜੋ ਉਸ ਦੇ ਰਿਸ਼ਤੇਦਾਰ ਨਹੀਂ ਸਨ। ਅਤੇ ਉਸ ਨੇ 30 ਕੁੜੀਆਂ ਲੱਭੀਆਂ ਜਿਹੜੀਆਂ ਉਸਦੀਆਂ ਇਰਸ਼ਤੇਦਾਰ ਨਹੀਂ ਸਨ, ਅਤੇ ਆਪਣੇ 30 ਪੁੱਤਰਾਂ ਦੀ ਸ਼ਾਦੀ ਉਨ੍ਹਾਂ ਨਾਲ ਕਰ ਦਿੱਤੀ। ਇਬਸਾਨ ਇਸਰਾਏਲ ਦੇ ਲੋਕਾਂ ਦਾ ਸੱਤ ਸਾਲ ਨਿਆਂਕਾਰ ਰਿਹਾ। 10 ਫ਼ੇਰ ਇਬਸਾਨ ਦਾ ਦੇਹਾਂਤ ਹੋ ਗਿਆ। ਉਸ ਨੂੰ ਬੈਤਲਹਮ ਸ਼ਹਿਰ ਵਿੱਚ ਦਫ਼ਨਾਇਆ ਗਿਆ।

ਨਿਆਂਕਾਰ ਏਲੋਨ

11 ਇਬਸਾਨ ਤੋਂ ਮਗਰੋਂ ਏਲੋਨ ਨਾਮ ਦਾ ਆਦਮੀ ਇਸਰਾਏਲ ਦੇ ਲੋਕਾਂ ਦਾ ਨਿਆਂਕਾਰ ਰਿਹਾ। ਏਲੋਨ ਜ਼ਬੂਲੁਨ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਉਹ ਇਸਰਾਏਲ ਦੇ ਲੋਕਾਂ ਦਾ ਦਸ ਸਾਲ ਤੱਕ ਨਿਆਂਕਾਰ ਰਿਹਾ। 12 ਫ਼ੇਰ ਜ਼ਬੂਲੁਨ ਦੇ ਪਰਿਵਾਰ-ਸਮੂਹ ਦਾ ਏਲੋਨ ਮਰ ਗਿਆ ਅਤੇ ਜ਼ਬੂਲੁਨ ਦੇ ਅੱਯਾਲੋਨ ਸ਼ਹਿਰ ਵਿੱਚ ਦਫ਼ਨਾਇਆ ਗਿਆ।

ਨਿਆਂਕਾਰ ਅਬਦੋਨ

13 ਜਦੋਂ ਏਲੋਨ ਮਰਿਆ ਤਾਂ ਅਬਦੋਨ ਨਾਮ ਦਾ ਬੰਦਾ ਜਿਹੜਾ ਹਿੱਲੇਲ ਦਾ ਪੁੱਤਰ ਸੀ, ਇਸਰਾਏਲ ਦੇ ਲੋਕਾਂ ਦਾ ਨਿਆਂਕਾਰ ਰਿਹਾ। ਅਬਦੋਨ ਫ਼ਿਰਾਤੋਂਨ ਸ਼ਹਿਰ ਦਾ ਸੀ। 14 ਅਬਦੋਨ ਦੇ 40 ਪੁੱਤਰ ਅਤੇ 30 ਪੋਤਰੇ ਸਨ। ਉਹ 70 ਖੋਤਿਆਂ ਦੀ ਸਵਾਰੀ ਕਰਦੇ ਸਨ। ਅਬਦੋਨ ਇਸਰਾਏਲ ਦੇ ਲੋਕਾਂ ਦਾ ਅੱਠ ਸਾਲ ਨਿਆਂਕਾਰ ਰਿਹਾ। 15 ਫ਼ੇਰ ਹਿੱਲੇਲ ਦਾ ਪੁੱਤਰ ਅਬਦੋਨ ਮਰ ਗਿਆ। ਉਸ ਨੂੰ ਫ਼ਿਰਾਤੋਂਨ ਸ਼ਹਿਰ ਵਿੱਚ ਦਫ਼ਨਾਇਆ ਗਿਆ। ਫ਼ਿਰਾਤੋਂਨ ਇਫ਼ਰਾਈਮ ਦੀ ਧਰਤੀ ਉੱਤੇ ਹੈ। ਇਹ ਉਸ ਪਹਾੜੀ ਪ੍ਰਦੇਸ਼ ਵਿੱਚ ਹੈ ਜਿੱਥੇ ਅਮਾਲੇਕੀ ਲੋਕ ਰਹਿੰਦੇ ਸਨ।

ਲੂਕਾ 6:1-26

ਯਿਸੂ ਸਬਤ ਦੇ ਦਿਨ ਦਾ ਪ੍ਰਭੂ ਹੈ(A)

ਸਬਤ ਦੇ ਦਿਨ ਯਿਸੂ ਕਣਕ ਦੇ ਖੇਤਾਂ ਵਿੱਚੋਂ ਦੀ ਜਾ ਰਿਹਾ ਸੀ। ਉਸ ਦੇ ਕੁਝ ਚੇਲੇ ਕਣਕ ਦੇ ਸਿੱਟੇ ਤੋੜਕੇ ਆਪਣੇ ਹੱਥਾਂ ਤੇ ਮਲਕੇ ਖਾ ਰਹੇ ਸਨ। ਕੁਝ ਫ਼ਰੀਸੀਆਂ ਨੇ ਕਿਹਾ, “ਤੁਸੀਂ ਇਹ ਕਿਉਂ ਕਰ ਰਹੇ ਹੋ? ਸਬਤ ਦੇ ਦਿਨ ਨੇਮ ਦੇ ਮੁਤਾਬਿਕ ਇੰਝ ਕਰਨ ਦੀ ਇਜਾਜ਼ਤ ਨਹੀਂ ਹੈ।”

ਯਿਸੂ ਨੇ ਆਖਿਆ, “ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ, ਜਦੋਂ ਉਹ ਅਤੇ ਉਸ ਦੇ ਸਾਥੀ ਭੁੱਖੇ ਸਨ। ਕੀ ਤੁਸੀਂ ਨਹੀਂ ਪੜ੍ਹਿਆ ਕਿ ਉਹ ਪਰਮੇਸ਼ੁਰ ਦੇ ਘਰ ਵੜਿਆ, ਤੇ ਉਸ ਨੇ ਉਹ ਰੋਟੀ ਚੁੱਕੀ ਜੋ ਕਿ ਪਰਮੇਸ਼ੁਰ ਨੂੰ ਭੇਂਟ ਕੀਤੀ ਗਈ ਸੀ ਕੁਝ ਖੁਦ ਖਾਧੀ ਅਤੇ ਕੁਝ ਉਨ੍ਹਾਂ ਲੋਕਾਂ ਨੂੰ ਦਿੱਤੀ, ਜੋ ਉਸ ਦੇ ਨਾਲ ਸਨ। ਇਹ ਨੇਮ ਦੇ ਵਿਰੁੱਧ ਸੀ ਜਦ ਕਿ ਨੇਮ ਤਾਂ ਇਹੀ ਆਖਦਾ ਹੈ ਕਿ ਕੇਵਲ ਜਾਜਕ ਹੀ ਉਸ ਰੋਟੀ ਦਾ ਸੇਵਨ ਕਰ ਸੱਕਦਾ ਹੈ।” ਤਦ ਯਿਸੂ ਨੇ ਫ਼ਰੀਸੀਆਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਪ੍ਰਭੂ ਹੈ।”

ਯਿਸੂ ਸਬਤ ਦੇ ਦਿਨ ਇੱਕ ਆਦਮੀ ਨੂੰ ਰਾਜੀ ਕਰਦਾ ਹੈ(B)

ਇੱਕ ਹੋਰ ਸਬਤ ਦੇ ਦਿਨ ਉਹ ਯਹੂਦੀ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇਣ ਲਈ ਗਿਆ। ਉੱਥੇ ਇੱਕ ਆਦਮੀ ਸੀ ਜਿਸਦੇ ਸੱਜੇ ਹੱਥ ਨੂੰ ਅਧਰੰਗ ਸੀ। ਨੇਮ ਦੇ ਉਪਦੇਸ਼ਕ ਅਤੇ ਫ਼ਰੀਸੀ ਇਸ ਉਡੀਕ ਵਿੱਚ ਸਨ ਕਿ ਵੇਖੀਏ ਯਿਸੂ ਇਸ ਨੂੰ ਸਬਤ ਦੇ ਦਿਨ ਰਾਜੀ ਕਰੇਗਾ ਕਿ ਨਹੀਂ। ਉਹ ਚਾਹੁੰਦੇ ਸਨ ਕਿ ਯਿਸੂ ਕੋਈ ਗਲਤ ਕੰਮ ਕਰੇ ਤੇ ਉਹ ਉਸ ਨੂੰ ਦੋਸ਼ੀ ਠਹਿਰਾ ਸੱਕਣ। ਯਿਸੂ ਉਨ੍ਹਾਂ ਦੀਆਂ ਸੋਚਾਂ ਨੂੰ ਜਾਣਦਾ ਸੀ। ਅਤੇ ਉਸ ਨੇ ਉਸ ਮਨੁੱਖ ਨੂੰ ਆਖਿਆ ਜਿਸਦੇ ਹੱਥ ਨੂੰ ਅਧਰੰਗ ਹੋਇਆ ਸੀ, “ਉੱਠ ਅਤੇ ਵਿੱਚਾਲੇ ਆਕੇ ਖੜ੍ਹਾ ਹੋ ਜਾ।” ਤਾਂ ਉਸ ਨੇ ਇੰਝ ਹੀ ਕੀਤਾ। ਤਦ ਯਿਸੂ ਨੇ ਲੋਕਾਂ ਨੂੰ ਪੁੱਛਿਆ, “ਮੈਂ ਤੁਹਾਨੂੰ ਪੁੱਛਦਾ ਹਾਂ ਕਿ ਸਬਤ ਦੇ ਦਿਨ ਕੀ ਕਰਨ ਦੀ ਇਜਾਜ਼ਤ ਹੈ? ਚੰਗਿਆਈ ਕਰਨ ਦੀ ਜਾਂ ਬਦੀ? ਕਿਸੇ ਦੇ ਪ੍ਰਾਣ ਨਸ਼ਟ ਕਰਨ ਦੀ ਜਾਂ ਕਿਸੇ ਦੇ ਪ੍ਰਾਣਾਂ ਨੂੰ ਬਚਾਉਣ ਦੀ?”

10 ਯਿਸੂ ਦੇ ਆਲੇ-ਦੁਆਲੇ ਉਨ੍ਹਾਂ ਸਾਰਿਆਂ ਲੋਕਾਂ ਨੂੰ ਵੇਖਿਆ ਅਤੇ ਬਿਮਾਰ ਆਦਮੀ ਨੂੰ ਆਖਿਆ, “ਮੈਨੂੰ ਆਪਣਾ ਹੱਥ ਵਿਖਾ।” ਜਦ ਉਸ ਅਧਰੰਗੀ ਮਨੁੱਖ ਨੇ ਆਪਣਾ ਹੱਥ ਵਿਖਾਉਣ ਲਈ ਬਾਹਰ ਕੱਢਿਆ ਤਾਂ ਉਹ ਬਿਲਕੁਲ ਠੀਕ ਸੀ। 11 ਤਦ ਫ਼ਰੀਸੀ ਅਤੇ ਨੇਮ ਦੇ ਉਪਦੇਸ਼ਕ ਇਹ ਵੇਖਕੇ ਬੜੇ ਕਰੋਧ ਵਿੱਚ ਆਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਆਪਾਂ ਯਿਸੂ ਨਾਲ ਕੀ ਕਰੀਏ?”

ਯਿਸੂ ਦਾ ਬਾਰ੍ਹਾਂ ਰਸੂਲਾਂ ਨੂੰ ਚੁਨਣਾ(C)

12 ਉਨ੍ਹੀ ਦਿਨੀ ਯਿਸੂ ਇੱਕ ਪਹਾੜ ਤੇ ਗਿਆ ਅਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਿਆਂ ਸਾਰੀ ਰਾਤ ਬਿਤਾ ਦਿੱਤੀ। 13 ਅਗਲੀ ਸਵੇਰ ਉਸ ਨੇ ਆਪਣੇ ਚੇਲਿਆਂ ਨੂੰ ਬੁਲਾਇਆ ਅਤੇ ਉਨ੍ਹਾਂ ਵਿੱਚੋਂ ਬਾਰ੍ਹਾਂ ਨੂੰ ਚੁਣਿਆ ਅਤੇ ਉਨ੍ਹਾਂ ਨੂੰ “ਰਸੂਲ” ਆਖਿਆ। ਉਨ੍ਹਾਂ ਬਾਰ੍ਹਾਂ ਰਸੂਲਾਂ ਦੇ ਨਾਂ ਸਨ:

14 ਸ਼ਮਊਨ (ਜਿਸ ਨੂੰ ਯਿਸੂ ਨੇ ਪਤਰਸ ਨਾਂ ਦਿੱਤਾ)

ਅਤੇ ਉਸਦਾ ਭਰਾ ਅੰਦ੍ਰਿਯਾਸ,

ਯਾਕੂਬ

ਅਤੇ ਯੂਹੰਨਾ,

ਫ਼ਿਲਿਪੁੱਸ

ਅਤੇ ਬਰਥੁਲਮਈ,

15 ਮੱਤੀ,

ਥੋਮਾ

ਅਤੇ ਹਲਫ਼ਈ ਦਾ ਪੁੱਤਰ ਯਾਕੂਬ

ਅਤੇ ਸ਼ਮਊਨ ਜਿਹੜਾ ਜ਼ੇਲੇਤੇਸ ਕਹਾਉਂਦਾ ਸੀ।

16 ਯਾਕੂਬ ਦਾ ਪੁੱਤਰ ਯਹੂਦਾ

ਅਤੇ ਯਹੂਦਾ ਇਸੱਕਰਿਯੋਤੀ (ਇਹ ਉਹੀ ਯਾਕੂਬ ਦਾ ਪੁੱਤਰ ਯਹੂਦਾ ਹੈ ਜੋ ਬਾਦ ਵਿੱਚ ਯਿਸੂ ਨੂੰ ਉਸ ਦੇ ਦੁਸ਼ਮਣਾਂ ਦੇ ਹੱਥ ਫ਼ੜਵਾਉਂਦਾ ਹੈ)।

ਯਿਸੂ ਦਾ ਲੋਕਾਂ ਨੂੰ ਉਪਦੇਸ਼ ਦੇਣਾ ਅਤੇ ਰਾਜੀ ਕਰਨਾ(D)

17 ਯਿਸੂ ਅਤੇ ਰਸੂਲ ਪਹਾੜ ਤੋਂ ਉਤਰ ਕੇ ਇੱਕ ਪਧਰੀ ਜਗ੍ਹਾ ਤੇ ਆਕੇ ਖਲੋਤੇ। ਲੋਕਾਂ ਦਾ ਇੱਕ ਬਹੁਤ ਵੱਡਾ ਸਮੂਹ ਉੱਥੇ ਇਕੱਠਾ ਹੋਇਆ ਸੀ ਜੋ ਕਿ ਸਾਰੇ ਯਹੂਦਿਯਾ, ਯਰੂਸ਼ਲਮ, ਸੂਰ ਅਤੇ ਸੈਦਾ ਦੇ ਸਮੁੰਦਰ ਕੰਢੇ ਦੇ ਸ਼ਹਿਰਾਂ ਤੋਂ ਆਏ ਸਨ। 18 ਉਹ ਸਾਰੇ ਯਿਸੂ ਦੇ ਉਪਦੇਸ਼ ਸੁਨਣ ਅਤੇ ਆਪਣੇ ਰੋਗਾਂ ਤੋਂ ਚੰਗੇ ਹੋਣ ਲਈ ਉਸ ਕੋਲ ਆਏ ਸਨ। ਜਿਹੜੇ ਲੋਕ ਭਰਿਸ਼ਟ ਆਤਮਿਆਂ ਤੋਂ ਪੀੜਿਤ ਸਨ ਉਹ ਵੀ ਰਾਜੀ ਕੀਤੇ ਗਏ। 19 ਸਾਰੇ ਲੋਕ ਯਿਸੂ ਨੂੰ ਛੂਹਣਾ ਚਾਹੁੰਦੇ ਸਨ ਕਿਉਂਕਿ ਉਸ ਵਿੱਚੋਂ ਸ਼ਕਤੀ ਨਿਕਲ ਕੇ ਲੋਕਾਂ ਨੂੰ ਰਾਜੀ ਕਰਦੀ ਸੀ।

20 ਯਿਸੂ ਨੇ ਆਪਣੇ ਚੇਲਿਆਂ ਵੱਲ ਵੇਖਿਆ ਤੇ ਆਖਿਆ,

“ਗਰੀਬ ਲੋਕੋ! ਤੁਸੀਂ ਧੰਨ ਹੋ,
    ਕਿਉਂਕਿ ਪਰਮੇਸ਼ੁਰ ਦਾ ਰਾਜ ਤੁਹਾਡਾ ਹੈ।
21 ਤੁਸੀਂ ਜੋ ਹੁਣ ਭੁੱਖੇ ਹੋ,
    ਧੰਨ ਹੋ ਕਿਉਂਕਿ ਤੁਹਾਨੂੰ ਸੰਤੁਸ਼ਟ ਕੀਤਾ ਜਾਵੇਗਾ।
ਤੁਸੀਂ ਜੋ ਹੁਣ ਰੋ ਰਹੇ ਹੋ ਧੰਨ ਹੋ
    ਕਿਉਂਕਿ ਮਗਰੋਂ ਤੁਸੀਂ ਹੱਸੋਂਗੇ।

22 “ਤੁਸੀਂ ਧੰਨ ਹੋ ਜਦੋਂ ਲੋਕ ਮਨੁੱਖ ਦੇ ਪੁੱਤਰ ਕਾਰਣ ਤੁਹਾਨੂੰ ਨਫ਼ਰਤ ਕਰਨ, ਤਿਆਗਣ, ਬੇਇੱਜਤੀ ਕਰਨ ਅਤੇ ਤੁਹਾਨੂੰ ਦੁਸ਼ਟ ਕਹਿਕੇ ਬੁਲਾਉਣ। 23 ਜਦੋਂ ਇਹ ਵਾਪਰੇ ਤਾਂ ਆਨੰਦ ਨਾਲ ਉਛਲੋ ਕਿਉਂਕਿ ਸੁਰਗ ਵਿੱਚ ਤੁਹਾਡਾ ਫ਼ਲ ਮਹਾਨ ਹੋਵੇਗਾ। ਉਨ੍ਹਾਂ ਦੇ ਪਿਉ-ਦਾਦਿਆਂ ਨੇ ਵੀ ਨਬੀਆਂ ਨਾਲ ਇਵੇਂ ਹੀ ਕੀਤਾ ਸੀ ਜਿਵੇਂ ਉਹ ਤੁਹਾਡੇ ਨਾਲ ਕਰਨਗੇ।

24 “ਤੁਹਾਡੇ ਤੇ ਲਾਹਨਤ, ਅਮੀਰ ਲੋਕੋ,
    ਕਿਉਂਕਿ ਤੁਹਾਡੇ ਕੋਲ ਸਭ ਸੁੱਖ ਹਨ।
25 ਤੁਹਾਡੇ ਤੇ ਲਾਹਨਤ, ਜਿਹੜੇ ਹੁਣ ਰੱਜੇ ਹੋਏ ਹੋ
    ਮਗਰੋਂ ਤੁਸੀਂ ਭੁੱਖੇ ਰਹੋਂਗੇ।
ਤੁਹਾਡਾ ਬੁਰਾ ਹੋਵੇਗਾ ਜੋ ਹੁਣ ਹੱਸ ਰਹੇ ਹੋ,
    ਮਗਰੋਂ ਤੁਸੀਂ ਕੁਰਲਾਉਂਗੇ ਅਤੇ ਅਫ਼ਸੋਸ ਕਰੋਂਗੇ।

26 “ਤੁਹਾਡੇ ਤੇ ਲਾਹਨਤ, ਜਦੋਂ ਸਾਰੇ ਲੋਕਾਂ ਦੁਆਰਾ ਤੁਹਾਡੀ ਉਸਤਤਿ ਹੁੰਦੀ ਹੈ। ਕਿਉਂਕਿ ਉਨ੍ਹਾਂ ਦੇ ਪੁਰਖਿਆਂ ਨੇ ਵੀ ਝੂਠੇ ਨਬੀਆਂ ਨਾਲ ਇਵੇਂ ਹੀ ਕੀਤਾ ਸੀ।

Punjabi Bible: Easy-to-Read Version (ERV-PA)

2010 by World Bible Translation Center