Old/New Testament
ਲੇਵੀਆਂ ਦੇ ਸ਼ਹਿਰ
35 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਇਹ ਮੋਆਬ ਵਿੱਚ ਯਰਦਨ ਦੀ ਵਾਦੀ ਵਿਖੇ ਯਰਦਨ ਨਦੀ ਦੇ ਨੇੜੇ ਯਰੀਹੋ ਦੇ ਪਾਰ ਸੀ। ਯਹੋਵਾਹ ਨੇ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਆਖ ਕਿ ਉਨ੍ਹਾਂ ਨੂੰ ਧਰਤੀ ਦੇ ਆਪਣੇ ਹਿੱਸੇ ਦੇ ਕੁਝ ਸ਼ਹਿਰ ਲੇਵੀਆਂ ਨੂੰ ਦੇਣੇ ਚਾਹੀਦੇ ਹਨ। ਇਸਰਾਏਲ ਦੇ ਲੋਕਾਂ ਨੂੰ ਉਹ ਸ਼ਹਿਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਚਰਾਂਕਾ ਲੇਵੀਆਂ ਨੂੰ ਦੇਣੀਆਂ ਚਾਹੀਦੀਆਂ ਹਨ। 3 ਲੇਵੀ ਉਨ੍ਹਾਂ ਸ਼ਹਿਰਾਂ ਵਿੱਚ ਰਹਿ ਸੱਕਣਗੇ। ਅਤੇ ਉਨ੍ਹਾਂ ਦੀਆਂ ਸਾਰਿਆਂ ਗਾਵਾਂ ਅਤੇ ਹੋਰ ਸਾਰੇ ਪਸ਼ੂ ਉਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾ ਤੋਂ ਘਾਹ ਚਰ ਸੱਕਣਗੇ। 4 ਤੁਹਾਨੂੰ ਆਪਣੀ ਜ਼ਮੀਨ ਦਾ ਕਿੰਨਾ ਕੁ ਹਿੱਸਾ ਲੇਵੀਆਂ ਨੂੰ ਦੇਣਾ ਚਾਹੀਦਾ ਹੈ? ਸ਼ਹਿਰਾਂ ਦੀਆਂ ਕੰਧਾਂ ਤੋਂ ਬਾਹਰ ਵੱਲ 1,500 ਫੁੱਟ ਤੱਕ ਜਾਵੋ-ਇਹ ਸਾਰੀ ਜ਼ਮੀਨ ਲੇਵੀਆਂ ਦੀ ਹੋਵੇਗੀ। 5 ਅਤੇ, ਸ਼ਹਿਰ ਦੇ ਪੂਰਬ ਵੱਲ 3,000 ਫੁੱਟ ਜ਼ਮੀਨ ਅਤੇ ਸ਼ਹਿਰ ਦੇ ਦੱਖਣ ਵੱਲ 3,000 ਫੁੱਟ ਜ਼ਮੀਨ, ਅਤੇ 3,000 ਫੁੱਟ ਪੱਛਮ ਵੱਲ 3,000 ਫੁੱਟ ਉੱਤਰ ਵੱਲ ਦੀ ਸਾਰੀ ਦੀ ਸਾਰੀ ਜ਼ਮੀਨ ਲੇਵੀਆਂ ਦੀ ਹੋਵੇਗੀ। (ਸ਼ਹਿਰ ਉਸ ਜ਼ਮੀਨ ਦੇ ਵਿੱਚਕਾਰ ਹੋਵੇਗਾ।) 6 ਉਨ੍ਹਾਂ ਸ਼ਹਿਰਾਂ ਵਿੱਚੋਂ ਛੇ ਸ਼ਹਿਰ ਸੁਰੱਖਿਆ ਵਾਲੇ ਸ਼ਹਿਰ ਹੋਣਗੇ। ਜੇ ਕੋਈ ਬੰਦਾ ਦੁਰਘਟਨਾ ਕਾਰਣ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਉਹ ਆਦਮੀ ਉਨ੍ਹਾਂ ਸ਼ਹਿਰਾਂ ਵਿੱਚ ਸੁਰੱਖਿਆ ਲਈ ਭੱਜ ਕੇ ਜਾ ਸੱਕਦਾ ਹੈ। ਇਨ੍ਹਾਂ ਛੇ ਸ਼ਹਿਰਾਂ ਤੋਂ ਇਲਾਵਾ, ਤੁਸੀਂ 42 ਹੋਰ ਸ਼ਹਿਰ ਲੇਵੀਆਂ ਨੂੰ ਦੇਵੋਂਗੇ। 7 ਇਸ ਤਰ੍ਹਾਂ ਤੁਸੀਂ ਕੁੱਲ 48 ਸ਼ਹਿਰ ਲੇਵੀਆਂ ਨੂੰ ਦੇਵੋਂਗੇ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੀ ਧਰਤੀ ਵੀ ਦੇਵੋਂਗੇ। 8 ਇਸਰਾਏਲ ਦੇ ਵੱਡੇ ਪਰਿਵਾਰ ਜ਼ਮੀਨ ਦੇ ਵੱਡੇ ਟੁਕੜੇ ਲੈਣਗੇ। ਇਸਰਾਏਲ ਦੇ ਛੋਟੇ ਪਰਿਵਾਰ ਜ਼ਮੀਨ ਦੇ ਛੋਟੇ ਟੁਕੜੇ ਲੈਣਗੇ। ਇਸ ਲਈ ਵੱਡੇ ਪਰਿਵਾਰ-ਸਮੂਹ, ਵੱਧ ਸ਼ਹਿਰ ਅਤੇ ਛੋਟੇ ਪਰਿਵਾਰ-ਸਮੂਹ, ਘੱਟ ਸ਼ਹਿਰ ਲੇਵੀਆਂ ਨੂੰ ਦੇਣਗੇ।”
9 ਫ਼ੇਰ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ, 10 “ਲੋਕਾਂ ਨੂੰ ਇਹ ਗੱਲਾਂ ਦੱਸੋ: ਤੁਸੀਂ ਲੋਕ ਯਰਦਨ ਨਦੀ ਪਾਰ ਕਰੋਂਗੇ ਅਤੇ ਕਨਾਨ ਦੀ ਧਰਤੀ ਅੰਦਰ ਜਾਵੋਂਗੇ। 11 ਤੁਹਾਨੂੰ ਕੁਝ ਸ਼ਹਿਰਾਂ ਦੀ ਸੁਰੱਖਿਆ ਵਾਲੇ ਸ਼ਹਿਰਾਂ ਵਜੋਂ ਚੋਣ ਕਰਨੀ ਚਾਹੀਦੀ ਹੈ। ਜੇ ਕੋਈ ਬੰਦਾ ਕਿਸੇ ਹੋਰ ਬੰਦੇ ਨੂੰ ਦੁਰਘਟਨਾ ਵਿੱਚ ਮਾਰ ਦਿੰਦਾ ਹੈ, ਤਾਂ ਉਹ ਬੰਦਾ ਭੱਜ ਕੇ ਉਨ੍ਹਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਜਾ ਸੱਕਦਾ ਹੈ। 12 ਉਹ ਬੰਦਾ ਮ੍ਰਿਤ ਬੰਦੇ ਦੇ ਪਰਿਵਾਰ ਦੇ ਕਿਸੇ ਵੀ ਅਜਿਹੇ ਬੰਦੇ ਤੋਂ ਸੁਰੱਖਿਅਤ ਰਹੇਗਾ ਜਿਹੜਾ ਬਦਲਾ ਲੈਣਾ ਚਾਹੁੰਦਾ ਹੋਵੇ। ਉਹ ਬੰਦਾ ਓਨਾ ਚਿਰ ਸੁਰੱਖਿਅਤ ਰਹੇਗਾ ਜਿੰਨਾ ਚਿਰ ਤੱਕ ਕਿ ਉਸ ਬਾਰੇ ਕਚਿਹਰੀ ਵਿੱਚ ਨਿਆਂ ਨਹੀਂ ਹੁੰਦਾ। 13 ਇੱਥੇ ਸੁਰੱਖਿਆ ਵਾਲੇ ਛੇ ਸ਼ਹਿਰ ਹੋਣਗੇ। 14 ਇਨ੍ਹਾਂ ਸ਼ਹਿਰਾਂ ਵਿੱਚੋਂ ਤਿੰਨ ਯਰਦਨ ਨਦੀ ਦੇ ਪੂਰਬ ਵੱਲ ਹੋਣਗੇ। ਅਤੇ ਉਨ੍ਹਾ ਸ਼ਹਿਰਾਂ ਵਿੱਚੋਂ ਤਿੰਨ ਯਰਦਨ ਨਦੀ ਦੇ ਪੱਛਮ ਵੱਲ ਕਨਾਨ ਦੀ ਧਰਤੀ ਉੱਤੇ ਹੋਣਗੇ। 15 ਉਹ ਸ਼ਹਿਰ ਇਸਰਾਏਲ ਦੇ ਸ਼ਹਿਰੀਆਂ, ਵਿਦੇਸ਼ੀਆਂ ਅਤੇ ਮੁਸਾਫ਼ਿਰਾਂ ਲਈ ਸੁਰੱਖਿਆ ਵਾਲੇ ਸ਼ਹਿਰ ਹੋਣਗੇ। ਇਨ੍ਹਾਂ ਵਿੱਚੋਂ ਕੋਈ ਵੀ ਬੰਦਾ, ਜਿਸ ਕੋਲੋਂ ਅਨਜਾਣੇ ਵਿੱਚ ਕੋਈ ਬੰਦਾ ਮਰ ਜਾਵੇ, ਭੱਜ ਕੇ ਇਨ੍ਹਾਂ ਵਿੱਚੋਂ ਕਿਸੇ ਇੱਕ ਸ਼ਹਿਰ ਵਿੱਚ ਜਾ ਸੱਕਦਾ ਹੈ।
16 “ਜੇ ਕੋਈ ਬੰਦਾ ਕਿਸੇ ਨੂੰ ਮਾਰਨ ਲਈ ਲੋਹੇ ਦਾ ਹਥਿਆਰ ਵਰਤਦਾ ਹੈ, ਤਾਂ ਉਸ ਬੰਦੇ ਨੂੰ ਮਰਨਾ ਪਵੇਗਾ। 17 ਅਤੇ ਜੇ ਕੋਈ ਬੰਦਾ ਪੱਥਰ ਮਾਰਕੇ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਉਸ ਬੰਦੇ ਨੂੰ ਮਰਨਾ ਪਵੇਗਾ। (ਪਰ ਉਹ ਪੱਥਰ ਉਨੇ ਆਕਾਰ ਦਾ ਹੋਣ ਚਾਹੀਦਾ ਹੈ ਜਿਸਦੀ ਵਰਤੋਂ ਆਮ ਤੌਰ ਤੇ ਲੋਕਾਂ ਨੂੰ ਮਾਰਨ ਲਈ ਕੀਤੀ ਜਾਂਦੀ ਹੈ।) 18 ਅਤੇ ਜੇ ਕੋਈ ਬੰਦਾ ਕਿਸੇ ਨੂੰ ਮਾਰਨ ਲਈ ਲੱਕੜ ਦੇ ਟੁਕੜੇ ਦੀ ਵਰਤੋਂ ਕਰਦਾ ਹੈ, ਤਾਂ ਉਸ ਬੰਦੇ ਨੂੰ ਮਰਨਾ ਪਵੇਗਾ। (ਲੱਕੜ ਦੇ ਟੁਕੜੇ ਦਾ ਅਜਿਹਾ ਹਥਿਆਰ ਹੋਣਾ ਚਾਹੀਦਾ ਹੈ ਜਿਸਦੀ ਵਰਤੋਂ ਆਮ ਤੌਰ ਤੇ ਲੋਕਾਂ ਨੂੰ ਮਾਰਨ ਲਈ ਕੀਤੀ ਜਾਂਦੀ ਹੈ।) 19 ਮਰੇ ਹੋਏ ਬੰਦੇ ਦਾ ਕੋਈ ਜੀਅ ਉਸ ਕਾਤਲ ਦਾ ਪਿੱਛਾ ਕਰ ਸੱਕਦਾ ਹੈ ਅਤੇ ਉਸ ਨੂੰ ਮਾਰ ਸੱਕਦਾ ਹੈ।
20-21 “ਹੋ ਸੱਕਦਾ ਹੈ ਕੋਈ ਬੰਦਾ ਕਿਸੇ ਨੂੰ ਹੱਥ ਨਾਲ ਸੱਟ ਮਾਰੇ ਅਤੇ ਉਸ ਨੂੰ ਮਾਰ ਦੇਵੇ। ਜਾਂ ਕੋਈ ਬੰਦਾ ਕਿਸੇ ਨੂੰ ਧੱਕਾ ਮਾਰ ਦੇਵੇ। ਜਾਂ ਕੋਈ ਬੰਦਾ ਕਿਸੇ ਉੱਤੇ ਕੋਈ ਚੀਜ਼ ਸੁੱਟ ਕੇ ਉਸ ਨੂੰ ਮਾਰ ਦੇਵੇ। ਜੇ ਮਾਰਨ ਵਾਲੇ ਨੇ ਅਜਿਹਾ, ਨਫ਼ਰਤ ਕਾਰਣ ਕੀਤਾ, ਤਾਂ ਉਹ ਕਾਤਲ ਹੈ। ਉਸ ਆਦਮੀ ਨੂੰ ਮਾਰ ਦੇਣਾ ਚਾਹੀਦਾ ਹੈ। ਮਰੇ ਹੋਏ ਬੰਦੇ ਦਾ ਕੋਈ, ਜੀਅ, ਕਾਤਲ ਦਾ ਪਿੱਛਾ ਕਰਕੇ, ਉਸ ਨੂੰ ਮਾਰ ਸੱਕਦਾ ਹੈ।
22 “ਪਰ ਹੋ ਸੱਕਦਾ ਹੈ ਕਿ ਕਿਸੇ ਬੰਦੇ ਕੋਲੋਂ ਦੁਰਘਟਨਾ ਕਾਰਣ ਕਿਸੇ ਦੀ ਮੌਤ ਹੋ ਜਾਵੇ। ਉਸ ਬੰਦੇ ਨੇ ਮਰਨ ਵਾਲੇ ਨੂੰ ਨਫ਼ਰਤ ਨਹੀਂ ਕੀਤੀ ਸੀ-ਇਹ ਸਿਰਫ਼ ਇੱਕ ਦੁਰਘਟਨਾ ਹੀ ਸੀ। ਜਾਂ ਕੋਈ ਬੰਦਾ ਕੋਈ ਚੀਜ਼ ਸੁੱਟੇ ਅਤੇ ਦੁਰਘਟਨਾ ਕਾਰਣ ਕੋਈ ਮਾਰਿਆ ਜਾਵੇ-ਉਸ ਨੇ ਕਿਸੇ ਨੂੰ ਮਾਰਨ ਦੀ ਵਿਉਂਤ ਨਹੀਂ ਬਣਾਈ ਸੀ। 23 ਜਾਂ ਸ਼ਾਇਦ ਕੋਈ ਬੰਦਾ ਪੱਥਰ ਸੁੱਟੇ। ਅਤੇ ਉਹ ਪੱਥਰ ਕਿਸੇ ਅਜਿਹੇ ਬੰਦੇ ਨੂੰ ਲੱਗ ਜਾਵੇ ਜਿਸੇ ਦੇਖਿਆ ਨਹੀਂ ਸੀ ਅਤੇ ਉਹ ਬੰਦਾ ਪੱਥਰ ਨਾਲ ਮਾਰਿਆ ਜਾਵੇ। ਉਸ ਬੰਦੇ ਨੇ ਕਿਸੇ ਨੂੰ ਮਾਰਨ ਦੀ ਵਿਉਂਤ ਨਹੀਂ ਬਣਾਈ ਸੀ। ਉਸ ਬੰਦੇ ਨੇ ਆਪਣੇ ਹੱਥੋਂ ਮਰਨ ਵਾਲੇ ਨਾਲ ਨਫ਼ਰਤ ਨਹੀਂ ਕੀਤੀ ਸੀ-ਇਹ ਸਿਰਫ਼ ਇੱਕ ਦੁਰਘਟਨਾ ਹੀ ਸੀ। 24 ਜੇ ਅਜਿਹਾ ਹੋਵੇ, ਭਾਈਚਾਰੇ ਨੂੰ ਇੱਕ ਨਿਸ਼ਚਾ ਕਰਨਾ ਚਾਹੀਦਾ ਹੈ ਕਿ, ਕੀ ਕੀਤਾ ਜਾਵੇ। ਭਾਈਚਾਰੇ ਦੀ ਪੰਚਾਇਤ ਨੂੰ ਨਿਆਂ ਕਰਨਾ ਚਾਹੀਦਾ ਹੈ ਕਿ, ਕੀ ਮਰੇ ਹੋਏ ਬੰਦਾ ਦਾ ਕੋਈ ਸੰਬੰਧੀ ਉਸ ਕਾਤਿਲ ਨੂੰ ਮਾਰ ਸੱਕਦਾ ਹੈ। 25 ਜੇ ਭਾਈਚਾਰਾ ਮਾਰਨ ਵਾਲੇ ਨੂੰ ਮਾਰਨ ਵਾਲੇ ਦੇ ਪਰਿਵਾਰ ਤੋਂ ਬਚਾਉਣਾ ਚਾਹੁੰਦਾ ਹੈ ਤਾਂ ਭਾਈਚਾਰੇ ਨੂੰ ਉਸ ਨੂੰ ਵਾਪਸ ਸੁਰੱਖਿਆ ਵਾਲੇ ਸ਼ਹਿਰ ਵਿੱਚ ਲੈ ਜਾਣਾ ਚਾਹੀਦਾ ਹੈ। ਅਤੇ ਕਾਤਲ ਨੂੰ ਓਨਾ ਚਿਰ ਉੱਥੇ ਹੀ ਰਹਿਣਾ ਚਾਹੀਦਾ ਹੈ ਜਿੰਨਾ ਚਿਰ ਤੱਕ ਕਿ ਪਰਧਾਨ ਜਾਜਕ ਮਰ ਨਹੀਂ ਜਾਂਦਾ।
26-27 “ਉਸ ਬੰਦੇ ਨੂੰ ਕਦੇ ਵੀ ਸੁਰੱਖਿਆ ਵਾਲੇ ਸ਼ਹਿਰਾਂ ਦੀਆਂ ਹੱਦਾਂ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਜੇ ਉਹ ਉਨ੍ਹਾਂ ਹੱਦਾਂ ਤੋਂ ਬਾਹਰ ਜਾਂਦਾ ਹੈ ਅਤੇ ਜੇ ਮਰੇ ਹੋਏ ਪਰਿਵਾਰ ਦਾ ਕੋਈ ਸਦੱਸ ਉਸ ਨੂੰ ਫ਼ੜ ਲੈਂਦਾ ਹੈ ਅਤੇ ਮਾਰ ਦਿੰਦਾ ਹੈ ਤਾਂ ਉਹ ਸਦੱਸ ਕਤਲ ਦਾ ਦੋਸ਼ੀ ਨਹੀਂ ਹੋਵੇਗਾ। 28 ਜਿਸ ਬੰਦੇ ਕੋਲੋਂ ਦੁਰਘਟਨਾ ਕਾਰਣ ਕਿਸੇ ਦੀ ਮੌਤ ਹੋ ਗਈ ਹੋਵੇ, ਉਸ ਨੂੰ ਪਰਧਾਨ ਜਾਜਕ ਦੀ ਮੌਤ ਤੱਕ ਉਸ ਸੁਰੱਖਿਆ ਵਾਲੇ ਸ਼ਹਿਰ ਵਿੱਚ ਰਹਿਣਾ ਚਾਹੀਦਾ ਹੈ, ਜਦੋਂ ਪਰਧਾਨ ਜਾਜਕ ਦੀ ਮੌਤ ਹੋ ਜਾਵੇ ਤਾਂ ਉਹ ਬੰਦਾ ਆਪਣੀ ਧਰਤੀ ਉੱਤੇ ਆਪਣੇ ਘਰ ਜਾ ਸੱਕਦਾ ਹੈ। 29 ਇਹ ਬਿਧੀਆਂ ਤੁਹਾਡੇ ਲੋਕਾਂ ਦੇ ਸਾਰੇ ਕਸਬਿਆਂ ਵਿੱਚ ਹਮੇਸ਼ਾ ਕਾਨੂੰਨ ਹੋਣਗੀਆਂ।
30 “ਕਿਸੇ ਕਾਤਲ ਨੂੰ ਮੌਤ ਦੀ ਸਜ਼ਾ ਸਿਰਫ਼ ਤਾਂ ਹੀ ਦੇਣੀ ਚਾਹੀਦੀ ਹੈ, ਜੇ ਇਸਦੇ ਗਵਾਹ ਹੋਣ। ਜੇ ਇੱਕ ਹੀ ਗਵਾਹ ਹੈ, ਕਿਸੇ ਬੰਦੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਸੱਕਦੀ।
31 “ਜੇ ਕੋਈ ਬੰਦਾ ਕਾਤਲ ਹੈ, ਤਾਂ ਉਸ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ। ਉਸਦੀ ਸਜ਼ਾ ਬਦਲਣ ਲਈ ਰਿਸ਼ਵਤ ਨਾ ਲਵੋ। ਉਸ ਕਾਤਲ ਨੂੰ ਅਵੱਸ਼ ਮਰਨਾ ਚਾਹੀਦਾ ਹੈ।
32 “ਜੇ ਕਿਸੇ ਬੰਦੇ ਨੇ ਕਿਸੇ ਨੂੰ ਮਾਰ ਦਿੱਤਾ ਅਤੇ ਫ਼ੇਰ ਸੁਰੱਖਿਆ ਵਾਲੇ ਕਿਸੇ ਸ਼ਹਿਰ ਵਿੱਚ ਭੱਜਕੇ ਚੱਲਾ ਗਿਆ ਤਾਂ ਪੈਸੇ ਲੈ ਕੇ ਉਸ ਨੂੰ ਘਰ ਨਾ ਜਾਣ ਦਿਉ। ਉਹ ਬੰਦਾ ਉਸ ਸ਼ਹਿਰ ਵਿੱਚ ਉਦੋਂ ਤੀਕ ਰਹਿਣਾ ਚਾਹੀਦਾ ਹੈ। ਜਦੋਂ ਤੀਕ ਕਿ ਪਰਧਾਨ ਜਾਜਕ ਨਹੀਂ ਮਰ ਜਾਂਦਾ।
33 “ਆਪਣੀ ਧਰਤੀ ਨੂੰ ਬੇਗੁਨਾਹ ਖੂਨ ਨਾਲ ਨਾਪਾਕ ਨਾ ਹੋਣ ਦਿਉ। ਜੇ ਕੋਈ ਬੰਦਾ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਉਸ ਜੁਰਮ ਦੀ ਸਿਰਫ਼ ਇੱਕ ਹੀ ਕੀਮਤ ਹੈ ਕਿ ਕਾਤਲ ਨੂੰ ਮਾਰ ਦਿੱਤਾ ਜਾਵੇ। ਹੋਰ ਕੋਈ ਇਵਜ਼ਾਨਾ ਅਜਿਹਾ ਨਹੀਂ ਜਿਹੜਾ ਉਸ ਧਰਤੀ ਨੂੰ ਜ਼ੁਰਮ ਤੋਂ ਮੁਕਤ ਕਰ ਸੱਕੇ। 34 ਮੈਂ ਯਹੋਵਾਹ ਹਾਂ! ਮੈਂ ਤੁਹਾਡੇ ਦੇਸ਼ ਵਿੱਚ ਇਸਰਾਏਲ ਦੇ ਲੋਕਾਂ ਸੰਗ ਰਹਿ ਰਿਹਾ ਹੋਵਾਂਗਾ। ਮੈਂ ਉੱਥੇ ਰਹਿ ਰਿਹਾ ਹੋਵਾਂਗਾ, ਇਸ ਲਈ ਇਸ ਨੂੰ ਬੇਗੁਨਾਹਾਂ ਦੇ ਖੂਨ ਨਾਲ ਨਾਪਾਕ ਨਾ ਕਰੋ।”
ਸਲਾਫ਼ਹਾਦ ਦੀਆਂ ਧੀਆਂ
36 ਮਨੱਸ਼ੀ ਯੂਸੁਫ਼ ਦਾ ਪੁੱਤਰ ਸੀ। ਮਾਕੀਰ ਮਨੱਸ਼ੀ ਦਾ ਪੁੱਤਰ ਸੀ। ਗਿਲਆਦ ਮਾਕੀਰ ਦਾ ਪੁੱਤਰ ਸੀ। ਗਿਲਆਦ ਦੇ ਪਰਿਵਾਰ ਦੇ ਆਗੂ ਮੂਸਾ ਅਤੇ ਇਸਰਾਏਲ ਦੇ ਪਰਿਵਾਰ-ਸਮੂਹਾਂ ਦੇ ਆਗੂਆਂ ਨਾਲ ਗੱਲ ਕਰਨ ਗਏ। 2 ਉਨ੍ਹਾਂ ਨੇ ਆਖਿਆ, “ਸ਼੍ਰੀ ਮਾਨ ਜੀ, ਯਹੋਵਾਹ ਨੇ ਸਾਨੂੰ ਆਦੇਸ਼ ਦਿੱਤਾ ਸੀ ਕਿ ਸਲਫ਼ਹਾਦ ਦੀ ਜ਼ਮੀਨ ਉਸ ਦੀਆਂ ਧੀਆਂ ਨੂੰ ਦਿੱਤੀ ਜਾਵੇ। ਸਲਾਫ਼ਹਾਦ, ਸਾਡਾ ਭਰਾ ਸੀ। 3 ਇਹ ਹੋ ਸੱਕਦਾ ਕਿ ਸ਼ਾਇਦ ਇਸਰਾਏਲ ਦੇ ਕਿਸੇ ਹੋਰ ਪਰਿਵਰ-ਸਮੂਹ ਵਿੱਚੋਂ ਕੋਈ ਹੋਰ ਆਦਮੀ ਸਲਾਫ਼ਹਾਦ ਦੀਆਂ ਧੀਆਂ ਵਿੱਚੋਂ ਕਿਸੇ ਇੱਕ ਨਾਲ ਵਿਆਹ ਕਰਾ ਲਵੇ। ਕੀ ਉਹ ਜ਼ਮੀਨ ਸਾਡੇ ਪਰਿਵਾਰ ਵਿੱਚੋਂ ਚਲੀ ਜਾਵੇਗੀ? ਕੀ ਦੂਸਰੇ ਪਰਿਵਾਰ-ਸਮੂਹ ਦੇ ਲੋਕ ਉਸ ਜ਼ਮੀਨ ਦੇ ਮਾਲਕ ਬਣ ਜਾਣਗੇ? ਕੀ ਅਸੀਂ ਉਹ ਜ਼ਮੀਨ ਗਵਾ ਲਵਾਂਗੀਆਂ ਜਿਹੜੀ ਅਸੀਂ ਗੁਣੇ ਪਾਕੇ ਹਾਸਿਲ ਕੀਤੀ ਸੀ? 4 ਲੋਕ ਸ਼ਾਇਦ ਆਪਣੀ ਜ਼ਮੀਨ ਵੇਚ ਦੇਣ। ਪਰ ਜੁਬਲੀ ਵਰ੍ਹੇ ਵਿੱਚ ਸਾਰੀ ਜ਼ਮੀਨ ਉਸੇ ਪਰਿਵਾਰ-ਸਮੂਹ ਕੋਲ ਵਾਪਸ ਆ ਜਾਂਦੀ ਹੈ ਜਿਹੜਾ ਇਸਦਾ ਅਸਲੀ ਮਾਲਿਕ ਹੁੰਦਾ ਹੈ। ਉਸ ਸਮੇਂ ਉਸ ਜ਼ਮੀਨ ਦਾ ਮਾਲਿਕ ਕੌਣ ਹੋਵੇਗਾ ਜਿਹੜਾ ਸਲਾਫ਼ਹਾਦ ਦੀਆਂ ਧੀਆਂ ਦੀ ਹੈ? ਕੀ ਸਾਡਾ ਪਰਿਵਾਰ ਸਦਾ ਲਈ ਉਸ ਜ਼ਮੀਨ ਨੂੰ ਗਵਾ ਲਵੇਗਾ?”
5 ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਇਹ ਆਦੇਸ਼ ਦਿੱਤਾ। ਇਹ ਆਦੇਸ਼ ਯਹੋਵਾਹ ਵੱਲੋਂ ਸੀ। “ਯੂਸੁਫ਼ ਦੇ ਪਰਿਵਾਰ-ਸਮੂਹ ਦੇ ਇਹ ਆਦਮੀ ਠੀਕ ਆਖਦੇ ਹਨ! 6 ਯਹੋਵਾਹ ਦਾ ਸਲਾਫ਼ਹਾਦ ਦੀਆਂ ਧੀਆਂ ਨੂੰ ਇਹ ਆਦੇਸ਼ ਹੈ: ਜੇ ਤੁਸੀਂ ਕਿਸੇ ਨਾਲ ਸ਼ਾਦੀ ਕਰਾਉਣੀ ਚਾਹੋਂ ਤਾਂ ਤੁਹਾਨੂੰ ਸਿਰਫ਼ ਆਪਣੇ ਹੀ ਪਰਿਵਾਰ-ਸਮੂਹ ਵਿੱਚ ਸ਼ਾਦੀ ਕਰਨੀ ਚਾਹੀਦੀ ਹੈ। 7 ਇਸ ਤਰ੍ਹਾਂ ਜ਼ਮੀਨ ਇਸਰਾਏਲ ਦੇ ਲੋਕਾਂ ਵਿੱਚ ਇੱਕ ਪਰਿਵਾਰ-ਸਮੂਹ ਵਿੱਚੋਂ ਦੂਸਰੇ ਪਰਿਵਾਰ-ਸਮੂਹ ਦੇ ਹੱਥਾਂ ਵਿੱਚ ਨਹੀਂ ਜਾਵੇਗੀ। ਹਰ ਇਸਰਾਏਲੀ, ਉਸੇ ਜ਼ਮੀਨ ਨੂੰ ਰੱਖੇਗਾ ਜਿਹੜੀ ਉਸ ਦੇ ਪੁਰਖਿਆਂ ਨੂੰ ਮਿਲੀ ਸੀ। 8 ਅਤੇ ਜੇ ਕੋਈ ਔਰਤ ਆਪਣੇ ਪਿਤਾ ਦੀ ਜ਼ਮੀਨ ਪ੍ਰਾਪਤ ਕਰਦੀ ਹੈ ਤਾਂ ਉਸ ਨੂੰ ਸਿਰਫ਼ ਆਪਣੇ ਹੀ ਪਰਿਵਾਰ-ਸਮੂਹ ਵਿੱਚ ਸ਼ਾਦੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਨਾਲ, ਹਰ ਬੰਦਾ ਉਸ ਜ਼ਮੀਨ ਨੂੰ ਰੱਖ ਸੱਕੇਗਾ ਜਿਹੜੀ ਉਸ ਦੇ ਪੁਰਖਿਆਂ ਨੂੰ ਮਿਲੀ ਸੀ। 9 ਇਸ ਲਈ, ਇਸਰਾਏਲ ਦੇ ਲੋਕਾਂ ਅੰਦਰ ਜ਼ਮੀਨ ਇੱਕ ਪਰਿਵਾਰ-ਸਮੂਹ ਵਿੱਚੋਂ ਦੂਸਰੇ ਪਰਿਵਾਰ-ਸਮੂਹ ਵਿੱਚ ਨਹੀਂ ਜਾਣੀ ਚਾਹੀਦੀ। ਹਰੇਕ ਇਸਰਾਏਲੀ ਉਹੀ ਜ਼ਮੀਨ ਰੱਖੇਗਾ ਜਿਹੜੀ ਉਸ ਦੇ ਪੁਰਖਿਆਂ ਨੂੰ ਮਿਲੀ ਸੀ।”
10 ਸਲਾਫ਼ਹਾਦ ਦੀਆਂ ਧੀਆਂ ਨੇ ਯਹੋਵਾਹ ਦਾ ਮੂਸਾ ਨੂੰ ਦਿੱਤਾ ਹੋਇਆ ਆਦੇਸ਼ ਪ੍ਰਵਾਨ ਕਰ ਲਿਆ। 11 ਇਸ ਲਈ ਸਲਾਫ਼ਹਾਦ ਦੀਆਂ ਧੀਆਂ ਮਹਲਾਹ, ਤਿਰਸਾਹ, ਹਾਗਲਾਹ, ਮਿਲਕਾਹ ਅਤੇ ਨੋਆਹ-ਨੇ ਆਪਣੇ ਪਿਤਾ ਵਾਲੇ ਪਾਸੇ ਦੇ ਚਚੇਰੇ ਭਰਾਵਾਂ ਨਾਲ ਸ਼ਾਦੀ ਕੀਤੀ। 12 ਉਨ੍ਹਾਂ ਦੇ ਪਤੀ ਮਨੱਸ਼ਹ ਦੇ ਪਰਿਵਾਰ-ਸਮੂਹ ਵਿੱਚੋਂ ਸਨ, ਇਸ ਲਈ ਉਨ੍ਹਾਂ ਦੀ ਜ਼ਮੀਨ ਉਨ੍ਹਾ ਦੇ ਪਿਤਾ ਦੇ ਪਰਿਵਾਰ ਅਤੇ ਪਰਿਵਾਰ-ਸਮੂਹ ਕੋਲ ਹੀ ਰਹੀ।
13 ਇਸ ਲਈ ਇਹ ਬਿਧੀਆਂ ਅਤੇ ਹੁਕਮ ਹਨ ਜਿਹੜੇ ਯਹੋਵਾਹ ਨੇ ਮੂਸਾ ਰਾਹੀਂ ਇਸਰਾਏਲੀਆਂ ਨੂੰ ਮੋਆਬ ਵਿੱਚ ਯਰਦਨ ਵਾਦੀ ਵਿੱਚ, ਯਰੀਹੋ ਤੋਂ ਪਾਰ ਯਰਦਨ ਨਦੀ ਦੇ ਦੂਜੇ ਪਾਸੇ ਦਿੱਤੇ।
ਯਿਸੂ ਦਾ ਤਲਾਕ ਬਾਰੇ ਉਪਦੇਸ਼(A)
10 ਫ਼ੇਰ ਯਿਸੂ ਉੱਥੋਂ ਉੱਠ ਕੇ ਯਹੂਦਿਯਾ ਦੀਆਂ ਹਦਾਂ ਵਿੱਚ ਅਤੇ ਯਰਦਨ ਨਦੀ ਦੇ ਪਾਰ ਪਹੁੰਚਿਆ। ਉੱਥੇ ਫ਼ਿਰ ਲੋਕ ਇੱਕਤ੍ਰ ਹੋਏ ਅਤੇ ਹਮੇਸ਼ਾ ਵਾਂਗ ਉਹ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ।
2 ਕੁਝ ਫ਼ਰੀਸੀ ਉਸ ਕੋਲ ਆਏ। ਉਨ੍ਹਾਂ ਕੋਸ਼ਿਸ਼ ਕੀਤੀ ਕਿ ਉਹ ਆਪਣੇ ਮੂੰਹੋ ਕੁਝ ਗਲਤ ਆਖੇ ਤਾਂ ਉਨ੍ਹਾਂ ਨੇ ਯਿਸੂ ਨੂੰ ਪੁੱਛਿਆ, “ਕੀ ਮਨੁੱਖ ਲਈ ਇਹ ਵਾਜਿਬ ਹੈ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇਵੇ?”
3 ਯਿਸੂ ਨੇ ਜਵਾਬ ਦਿੱਤਾ, “ਮੂਸਾ ਨੇ ਤੁਹਾਨੂੰ ਕੀ ਹੁਕਮ ਦਿੱਤਾ ਹੈ?”
4 ਫ਼ਰੀਸੀਆਂ ਨੇ ਕਿਹਾ, “ਮੂਸਾ ਨੇ ਤਾਂ ਪਰਵਾਨਗੀ ਦਿੱਤੀ ਹੈ ਕਿ ਕੋਈ ਵੀ ਮਨੁੱਖ ਆਪਣੀ ਪਤਨੀ ਨੂੰ ਤਲਾਕਨਾਮਾ ਲਿਖਕੇ ਤਲਾਕ ਦੇ ਸੱਕਦਾ ਹੈ।” [a]
5 ਯਿਸੂ ਨੇ ਆਖਿਆ, “ਮੂਸਾ ਨੇ ਤੁਹਾਨੂੰ ਇਹ ਹੁਕਮ ਇਸ ਲਈ ਲਿਖਿਆ ਕਿਉਂਕਿ ਤੁਹਾਡੇ ਦਿਲ ਸਖ਼ਤ ਸਨ। 6 ਜਦੋਂ ਪਰਮੇਸ਼ੁਰ ਨੇ ਇਹ ਦੁਨੀਆਂ ਨੂੰ ਸਿਰਜਿਆ, ‘ਉਸਨੇ ਲੋਕਾਂ ਨੂੰ ਨਰ ਅਤੇ ਨਾਰੀ ਬਣਾਇਆ।’ [b] 7 ‘ਇਸੇ ਲਈ, ਮਰਦ ਆਪਣੇ ਮਾਂ-ਬਾਪ ਨੂੰ ਛੱਡ ਕੇ ਆਪਣੀ ਪਤਨੀ ਨਾਲ ਜੁੜ ਜਾਵੇਗਾ। 8 ਅਤੇ ਉਹ ਇੱਕ ਸਰੀਰ ਹੋ ਜਾਵਣਗੇ। ਇਸ ਲਈ ਉਹ ਦੋ ਨਹੀਂ ਸਗੋਂ ਇੱਕ ਹੋਣਗੇ।’ [c] 9 ਇਸ ਲਈ ਜੋ ਵੀ ਪਰਮੇਸ਼ੁਰ ਨੇ ਇਕੱਠਿਆਂ ਕੀਤਾ ਹੈ, ਮਨੁੱਖ ਨੂੰ ਉਹ ਵੱਖਰਾ ਨਹੀਂ ਕਰਨਾ ਚਾਹੀਦਾ।”
10 ਬਾਦ ਵਿੱਚ ਜਦੋਂ ਚੇਲੇ ਘਰ ਵਿੱਚ ਸਨ ਤਾਂ ਉਨ੍ਹਾਂ ਫ਼ੇਰ ਉਸ ਨੂੰ ਤਲਾਕ ਬਾਰੇ ਪੁੱਛਿਆ ਤਾਂ 11 ਯਿਸੂ ਨੇ ਆਖਿਆ, “ਜੇਕਰ ਕੋਈ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਦੂਸਰੀ ਔਰਤ ਨਾਲ ਵਿਆਹ ਕਰਾਉਂਦਾ ਹੈ, ਉਹ ਆਪਣੀ ਪਤਨੀ ਵਿਰੁੱਧ ਬਦਕਾਰੀ ਦਾ ਪਾਪ ਕਰਦਾ ਹੈ। 12 ਅਤੇ ਜੇਕਰ ਕੋਈ ਔਰਤ ਆਪਣੇ ਮਰਦ ਨੂੰ ਤਲਾਕ ਦਿੰਦੀ ਹੈ ਅਤੇ ਦੂਜੇ ਮਰਦ ਨਾਲ ਵਿਆਹ ਕਰਾਉਂਦੀ ਹੈ, ਤਾਂ ਉਹ ਵੀ ਪਤੀ ਨਾਲ ਬਦਕਾਰੀ ਦਾ ਪਾਪ ਕਰਦੀ ਹੈ।”
ਯਿਸੂ ਦਾ ਬੱਚਿਆਂ ਨੂੰ ਸਵੀਕਾਰਨਾ(B)
13 ਲੋਕੀ ਆਪਣੇ ਛੋਟੇ ਬੱਚਿਆਂ ਨੂੰ ਉਸ ਕੋਲ ਲਿਆ ਰਹੇ ਸਨ ਤਾਂ ਜੋ ਉਹ ਉਨ੍ਹਾਂ ਨੂੰ ਛੋਹਵੇ ਪਰ ਉਸ ਦੇ ਚੇਲਿਆਂ ਨੇ ਉਨ੍ਹਾਂ ਲੋਕਾਂ ਨੂੰ ਬੱਚਿਆਂ ਨੂੰ ਉਸ ਕੋਲ ਲਿਆਉਣ ਤੋਂ ਵਰਿਜਆ। 14 ਜਦੋਂ ਯਿਸੂ ਨੇ ਚੇਲਿਆਂ ਨੂੰ ਇਉਂ ਕਰਦਿਆਂ ਵੇਖਿਆ ਤਾਂ ਉਸ ਨੂੰ ਇਹ ਮਾੜਾ ਲੱਗਾ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦੇਵੋ। ਉਨ੍ਹਾਂ ਨੂੰ ਰੋਕੋ ਨਾ ਕਿਉਂਕਿ ਪਰਮੇਸ਼ੁਰ ਦਾ ਰਾਜ ਉਨ੍ਹਾਂ ਲਈ ਹੈ ਜੋ ਇਹੋ ਜਿਹੇ ਬੱਚਿਆਂ ਵਰਗੇ ਹਨ। 15 ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਮਨੁੱਖ ਪਰਮੇਸ਼ੁਰ ਦੇ ਰਾਜ ਨੂੰ ਬਾਲਕ ਵਾਂਗ ਕਬੂਲ ਨਹੀਂ ਕਰੇਗਾ ਉਹ ਕਦੇ ਵੀ ਉਸ ਵਿੱਚ ਪ੍ਰਵੇਸ਼ ਨਹੀਂ ਕਰ ਸੱਕਦਾ।” 16 ਤਾਂ ਯਿਸੂ ਨੇ ਉਨ੍ਹਾਂ ਨੂੰ ਕੁਛੜ ਚੁੱਕਿਆ, ਉਨ੍ਹਾਂ ਤੇ ਹੱਥ ਰੱਖਿਆ ਅਤੇ ਉਨ੍ਹਾਂ ਨੂੰ ਅਸੀਸ ਦਿੱਤੀ।
ਇੱਕ ਅਮੀਰ ਆਦਮੀ ਦਾ ਯਿਸੂ ਨੂੰ ਮੰਨਣ ਤੋਂ ਇਨਕਾਰ ਕਰਨਾ(C)
17 ਜਦੋਂ ਯਿਸੂ ਉਹ ਥਾਂ ਛੱਡਣ ਹੀ ਵਾਲਾ ਸੀ ਤਾਂ, ਇੱਕ ਆਦਮੀ ਆਇਆ ਅਤੇ ਉਸ ਦੇ ਅੱਗੇ ਝੁਕਿਆ ਅਤੇ ਪੁੱਛਿਆ, “ਸਤਿ ਗੁਰੂ ਜੀ, ਮੈਂ ਸਦੀਵੀ ਜੀਵਨ ਪ੍ਰਾਪਤ ਕਰਨ ਲਈ ਕੀ ਕਰਾਂ?”
18 ਉਸ ਨੇ ਆਖਿਆ, “ਤੂੰ ਮੈਨੂੰ ਸਤਿਗੁਰੂ ਕਿਉਂ ਬੁਲਾਉਂਦਾ ਹੈਂ? ਕੋਈ ਮਨੁੱਖ ਸਤਿ ਨਹੀਂ ਹੈ ਕੇਵਲ ਪਰਮੇਸ਼ੁਰ ਹੀ ਸਤਿ ਹੈ। 19 ਪਰ ਮੈਂ ਤੇਰੇ ਸਵਾਲ ਦਾ ਜਵਾਬ ਦੇਵਾਂਗਾ। ਕੀ ਤੂੰ ਨੇਮਾਂ ਨੂੰ ਜਾਣਦਾ ਹੈ। ਕਿਸੇ ਨੂੰ ਨਾ ਮਾਰੋ, ਬਦਕਾਰੀ ਦਾ ਪਾਪ ਨਾ ਕਰੋ, ਚੋਰੀ ਨਾ ਕਰੋ, ਝੂਠੀ ਗਵਾਹੀ ਨਾ ਦੇਵੋ, ਧੋਖਾ ਨਾ ਕਰੋ ਅਤੇ ‘ਆਪਣੇ ਮਾਤਾ-ਪਿਤਾ ਦਾ ਆਦਰ-ਮਾਣ ਕਰੋ।’” [d]
20 ਉਸ ਮਨੁੱਖ ਨੇ ਕਿਹਾ, “ਗੁਰੂ ਜੀ, ਮੈਂ ਇਨ੍ਹਾਂ ਹੁਕਮਾਂ ਨੂੰ ਉਦੋਂ ਤੋਂ ਮੰਨਦਾ ਆ ਰਿਹਾ ਹਾਂ ਜਦ ਕਿ ਮੈਂ ਹਾਲੇ ਬੱਚਾ ਹੀ ਸੀ।”
21 ਯਿਸੂ ਨੇ ਉਸ ਵੱਲ ਪਿਆਰ ਨਾਲ ਵੇਖਿਆ ਅਤੇ ਕਿਹਾ, “ਅਜੇ ਵੀ ਤੇਰੇ ਲਈ ਇੱਕ ਚੀਜ਼ ਕਰਨੀ ਬਾਕੀ ਹੈ। ਉਹ ਇਹ ਕਿ ਜੋ ਕੁਝ ਵੀ ਤੇਰੇ ਕੋਲ ਹੈ ਸਭ ਕੁਝ ਵੇਚਦੇ। ਇਹ ਸਾਰਾ ਧਨ ਤੂੰ ਗਰੀਬਾਂ ਵਿੱਚ ਵੰਡਦੇ ਤਾਂ ਤੈਨੂੰ ਸਵਰਗ ਵਿੱਚ ਇਸਦਾ ਫ਼ਲ ਮਿਲੇਗਾ ਅਤੇ ਫ਼ੇਰ ਆਕੇ ਤੂੰ ਮੇਰੇ ਪਿੱਛੇ ਹੋ ਤੁਰ।”
22 ਪਰ ਉਹ ਆਦਮੀ ਬਹੁਤ ਨਿਰਾਸ਼ ਹੋਇਆ ਅਤੇ ਉਦਾਸੀ ਨਾਲ ਉੱਥੋਂ ਚੱਲਾ ਗਿਆ ਕਿਉਂਕਿ ਉਹ ਬਹੁਤ ਧਨਵਾਨ ਸੀ।
23 ਤਦ ਯਿਸੂ ਨੇ ਆਲੇ-ਦੁਆਲੇ ਵੇਖਿਆ ਅਤੇ ਆਪਣੇ ਚੇਲਿਆਂ ਨੂੰ ਆਖਿਆ, “ਅਮੀਰ ਆਦਮੀ ਲਈ ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਕਿੰਨਾ ਔਖਾ ਹੈ।”
24 ਯਿਸੂ ਨੇ ਇਸ ਕਥਨ ਤੇ ਚੇਲੇ ਬੜੇ ਹੈਰਾਨ ਹੋਏ ਪਰ ਉਸ ਨੇ ਫ਼ੇਰ ਕਿਹਾ, “ਮੇਰੇ ਬਚਿਓ, ਪਰਮੇਸ਼ੁਰ ਦੇ ਰਾਜ ਵਿੱਚ ਦਾਖਿਲ ਹੋਣਾ ਕਿੰਨਾ ਔਖਾ ਹੈ! 25 ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾ ਲੰਘਣਾ ਸੌਖਾ ਹੈ ਪਰ ਧਨਵਾਨ ਦਾ ਪਰਮੇਸ਼ੁਰ ਦੇ ਰਾਜ ਵਿੱਚ ਜਾਣਾ ਔਖਾ ਹੈ!”
26 ਚੇਲੇ ਹੋਰ ਵੀ ਜ਼ਿਆਦਾ ਹੈਰਾਨ ਹੋਏ ਤੇ ਇੱਕ ਦੂਜੇ ਨੂੰ ਆਖਣ ਲੱਗੇ, “ਤਾਂ ਫ਼ੇਰ ਕੌਣ ਬਚ ਸੱਕਦਾ ਹੈ?”
27 ਯਿਸੂ ਨੇ ਚੇਲਿਆਂ ਵੱਲ ਵੇਖਿਆ ਅਤੇ ਆਖਿਆ, “ਇਹ ਮਨੁੱਖ ਨਾਲ ਅਸੰਭਵ ਹੈ ਪਰ ਸਿਰਫ਼ ਪਰਮੇਸ਼ੁਰ ਨਾਲ ਸੰਭਵ ਹੈ। ਕਿਉਂਕਿ ਪਰਮੇਸ਼ੁਰ ਲਈ ਸਭ ਕੁਝ ਸੰਭਵ ਹੈ।”
28 ਪਤਰਸ ਨੇ ਯਿਸੂ ਨੂੰ ਕਿਹਾ, “ਤੁਹਾਡਾ ਅਨੁਸਰਣ ਕਰਨ ਲਈ ਅਸੀਂ ਆਪਣਾ ਸਭ ਕੁਝ ਤਿਆਗ ਦਿੱਤਾ ਹੈ।”
29 ਉਸ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜਿਸ ਕਿਸੇ ਨੇ ਵੀ ਮੇਰੀ ਜਾਂ ਖੁਸ਼ਖਬਰੀ ਦੀ ਖਾਤਰ ਆਪਣਾ ਘਰ, ਭਰਾ-ਭੈਣਾਂ, ਮਾਂ-ਬਾਪ ਬੱਚੇ ਜਾਂ ਖੇਤ ਛੱਡੇ ਹਨ, ਇਸ ਦੁਨੀਆਂ ਨਾਲੋਂ ਵੀ ਸੌ ਗੁਣਾ ਵੱਧ ਪ੍ਰਾਪਤ ਕਰੇਗਾ। 30 ਇਸ ਦੁਨੀਆਂ ਵਿੱਚ ਉਸ ਨੂੰ ਵੱਧੇਰੇ ਘਰ, ਭਰਾ-ਭੈਣਾ, ਮਾਂ-ਬਾਪ, ਬੱਚੇ ਅਤੇ ਖੇਤ ਪ੍ਰਾਪਤ ਹੋ ਜਾਣਗੇ ਅਤੇ ਉਨ੍ਹਾਂ ਦੇ ਨਾਲ ਉਸ ਮਨੁੱਖ ਨੂੰ ਦੰਡ ਮਿਲੇਗਾ ਪਰ ਅਗਲੇ ਜੀਵਨ ਵਿੱਚ ਉਸ ਨੂੰ ਸਦੀਪਕ ਜੀਵਨ ਵੀ ਮਿਲੇਗਾ। 31 ਕੁਝ ਲੋਕ ਜਿਨ੍ਹਾਂ ਦਾ ਰੁਤਬਾ ਇਸ ਵੇਲੇ ਬੜਾ ਉੱਚਾ ਹੈ, ਭਵਿੱਖ ਵਿੱਚ ਉਨ੍ਹਾਂ ਦਾ ਰੁਤਬਾ ਸਭ ਤੋਂ ਨੀਵੇਂ ਦਰਜੇ ਦਾ ਹੋਵੇਗਾ ਅਤੇ ਕੁਝ ਲੋਕ ਜਿਨ੍ਹਾਂ ਦਾ ਰੁਤਬਾ ਇਸ ਵਕਤ ਬਹੁਤ ਨੀਵਾਂ ਹੈ ਆਉਣ ਵਾਲੇ ਸਮੇਂ ਵਿੱਚ ਬੜੇ ਉੱਚੇ ਰੁਤਬੇ ਦੇ ਹੋਣਗੇ।”
2010 by World Bible Translation Center