Read the New Testament in 24 Weeks
5 ਕਿਸੇ ਬਜ਼ੁਰਗ ਨਾਲ ਗੁੱਸੇ ਨਾਲ ਨਾ ਬੋਲੋ ਸਗੋਂ ਉਸ ਨਾਲ ਇੰਝ ਗੱਲ ਕਰੋ ਜਿਵੇਂ ਉਹ ਤੁਹਾਡਾ ਪਿਤਾ ਹੋਵੇ। ਛੋਟਿਆਂ ਨਾਲ ਭਰਾਵਾਂ ਦੀ ਤਰ੍ਹਾਂ ਵਰਤਾਉ ਕਰੋ। 2 ਵੱਡੀ ਉਮਰ ਦੀਆਂ ਔਰਤਾਂ ਨਾਲ ਮਾਵਾਂ ਵਰਗਾ ਵਿਹਾਰ ਕਰੋ। ਛੋਟੀਆਂ ਔਰਤਾਂ ਨਾਲ ਭੈਣਾਂ ਵਰਗਾ ਵਿਹਾਰ ਕਰੋ। ਹਮੇਸ਼ਾ ਉਨ੍ਹਾਂ ਨਾਲ ਪੂਰੀ ਸ਼ੁੱਧਤਾ ਨਾਲ ਵਿਹਾਰ ਕਰੋ।
ਵਿਧਵਾਵਾਂ ਦਾ ਖਿਆਲ ਰੱਖਣਾ
3 ਕਲੀਸਿਯਾ ਨੂੰ ਉਨ੍ਹਾਂ ਵਿਧਵਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਜੋ ਸੱਚਮੁੱਚ ਇੱਕਲੀਆਂ ਹਨ। 4 ਪਰ ਜੇ ਕਿਸੇ ਵਿਧਵਾ ਦੇ ਬੱਚੇ ਹਨ ਜਾਂ ਪੋਤਰੇ-ਪੋਤਰੀਆਂ ਹਨ, ਤਾਂ ਜਿਹੜੀ ਗੱਲ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸਿਖਣੀ ਚਾਹੀਦੀ ਹੈ ਉਹ ਇਹ ਹੈ; ਉਨ੍ਹਾਂ ਨੂੰ ਆਪਣੇ ਖੁਦ ਦੇ ਪਰਿਵਾਰ ਦੇ ਜੀਆਂ ਦਾ ਧਿਆਨ ਰੱਖਕੇ ਪਰਮੇਸ਼ੁਰ ਦੀ ਇੱਜ਼ਤ ਕਰਨੀ ਚਾਹੀਦੀ ਹੈ। ਜਦੋਂ ਉਹ ਇਵੇਂ ਕਰਨਗੀਆਂ, ਤਾਂ ਉਹ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਉੱਤੇ ਉਪਕਾਰ ਕਰ ਰਹੀਆਂ ਹੋਣਗੀਆਂ ਇਹ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ। 5 ਜੇਕਰ ਇੱਕ ਵਿਧਵਾ ਸੱਚਮੁੱਚ ਬਿਨਾ ਕਿਸੇ ਦੇ ਸਹਾਰਿਉਂ ਇੱਕਲੀ ਹੈ, ਤਾਂ ਉਹ ਆਸ ਰੱਖਦੀ ਹੈ ਕਿ ਪਰਮੇਸ਼ੁਰ ਇੱਕਲਾ ਉਸਦੀ ਸਹਾਇਤਾ ਕਰੇਗਾ। ਉਹ ਪਰਮੇਸ਼ੁਰ ਨੂੰ ਸਹਾਇਤਾ ਲਈ ਦਿਨ ਰਾਤ ਪ੍ਰਾਰਥਨਾ ਕਰਨੀ ਜਾਰੀ ਰੱਖਦੀ ਹੈ। 6 ਪਰ ਜਿਹੜੀ ਵਿਧਵਾ ਆਪਣੇ ਜੀਵਨ ਨੂੰ ਕੇਵਲ ਆਪਣੀ ਖੁਸ਼ੀ ਲਈ ਬਿਤਾਉਂਦੀ ਹੈ ਉਹ ਜਿਉਂਦੀ ਹੋਈ ਵੀ ਮੁਰਦਾ ਹੈ। 7 ਉੱਥੋਂ ਦੇ ਨਿਹਚਾਵਾਨਾਂ ਨੂੰ ਇਹ ਕਰਨ ਲਈ ਆਖੋ ਤਾਂ ਜੋ ਕੋਈ ਵੀ ਵਿਅਕਤੀ ਇਹ ਨਾ ਕਹਿ ਸੱਕੇ ਕਿ ਉਹ ਗਲਤ ਕੰਮ ਕਰ ਰਹੇ ਹਨ। 8 ਇੱਕ ਵਿਅਕਤੀ ਨੂੰ ਆਪਣੇ ਸਾਰੇ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਖਾਸੱਕਰ, ਉਸ ਨੂੰ ਆਪਣੇ ਪਰਿਵਾਰ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇ ਕੋਈ ਅਜਿਹਾ ਨਹੀਂ ਕਰਦਾ, ਤਾਂ ਉਹ ਸੱਚੇ ਵਿਸ਼ਵਾਸ ਨੂੰ ਨਹੀਂ ਮੰਨਦਾ। ਉਹ ਵਿਅਕਤੀ ਇੱਕ ਅਵਿਸ਼ਵਾਸੀ ਨਾਲੋਂ ਵੀ ਭੈੜਾ ਹੈ।
9 ਵਿਧਵਾਵਾਂ ਦੀ ਤੁਹਾਡੀ ਸੂਚੀ ਵਿੱਚ ਜੁੜਨ ਲਈ ਉਹ ਸੱਠਾਂ ਵਰ੍ਹਿਆਂ ਦੀ ਜਾਂ ਇਸਤੋਂ ਵਡੇਰੀ ਹੋਣੀ ਚਾਹੀਦੀ ਹੈ। ਉਹ ਆਪਣੇ ਪਤੀ ਦੀ ਵਫ਼ਾਦਾਰ ਰਹੀ ਹੋਣੀ ਚਾਹੀਦੀ ਹੈ। 10 ਉਹ ਅਜਿਹੀ ਔਰਤ ਵਜੋਂ ਜਾਣੀ ਜਾਂਦੀ ਹੋਣੀ ਚਾਹੀਦੀ ਹੈ ਜਿਸਨੇ ਚੰਗੇ ਕੰਮ ਕੀਤੇ ਹੋਣ। ਮੇਰਾ ਭਾਵ ਚੰਗੀਆਂ ਗੱਲਾਂ ਹਨ, ਜਿਵੇਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ, ਆਪਣੇ ਘਰ ਆਏ ਓਪਰਿਆਂ ਦੀ ਮਹਿਮਾਨ-ਨਵਾਜ਼ੀ ਕਰਨੀ, ਪਰਮੇਸ਼ੁਰ ਦੇ ਲੋਕਾਂ ਦੇ ਪੈਰ ਧੋਣੇ, ਉਨ੍ਹਾਂ ਦੀ ਸਹਾਇਤਾ ਕਰਨੀ ਜਿਹੜੇ ਮੁਸੀਬਤਾਂ ਵਿੱਚ ਹਨ ਅਤੇ ਆਪਣੇ ਜੀਵਨ ਨੂੰ ਹਰ ਤਰ੍ਹਾਂ ਦੇ ਚੰਗੇ ਕੰਮ ਕਰਨ ਲਈ ਵਰਤਣਾ।
11 ਪਰ ਉਸ ਪੱਤ੍ਰੀ ਵਿੱਚ ਜਵਾਨ ਵਿਧਵਾਵਾਂ ਨੂੰ ਸ਼ਾਮਿਲ ਨਾ ਕਰੋ। ਜਦੋਂ ਉਹ ਆਪਣੇ ਆਪ ਨੂੰ ਮਸੀਹ ਦੇ ਨਮਿੱਤ ਅਰਪਣ ਕਰ ਦਿੰਦੀਆਂ ਹਨ, ਤਾਂ ਬਹੁਤ ਵਾਰੀ ਉਹ ਆਪਣੀਆਂ ਤਕੜੀਆਂ ਸਰੀਰਕ ਲੋੜਾਂ ਕਾਰਣ ਉਸ ਕੋਲੋਂ ਦੂਰ ਹੋ ਜਾਂਦੀਆਂ ਹਨ। ਤਾਂ ਫ਼ੇਰ ਉਹ ਦੁਬਾਰਾ ਸ਼ਾਦੀ ਕਰਨਾ ਚਾਹੁੰਦੀਆਂ ਹਨ। 12 ਇਸ ਵਾਸਤੇ ਉਨ੍ਹਾਂ ਦਾ ਨਿਰਨਾ ਹੋਵੇਗਾ। ਕਿਉਂ ਕਿ ਉਨ੍ਹਾਂ ਨੇ ਆਪਣਾ ਪਹਿਲਾ ਵਾਇਦਾ ਨਹੀਂ ਨਿਭਾਇਆ। 13 ਇਹ ਵੀ, ਕਿ ਇਹ ਵਿਧਵਾਵਾਂ ਜਲਦੀ ਹੀ ਇੱਕ ਘਰ ਤੋਂ ਦੂਜੇ ਘਰ ਜਾਕੇ ਆਪਣਾ ਸਮਾਂ ਨਸ਼ਟ ਕਰਨ ਦੀਆਂ ਆਦੀ ਹੋ ਜਾਂਦੀਆਂ ਹਨ। ਉਹ ਦੂਸਰਿਆਂ ਬਾਰੇ ਗੱਲਾਂ ਕਰਦੀਆਂ ਹਨ ਅਤੇ ਦੂਸਰਿਆਂ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੰਦੀਆਂ ਹਨ। ਉਹ ਅਜਿਹੀਆਂ ਗੱਲਾਂ ਆਖਦੀਆਂ ਹਨ ਜਿਹੜੀਆਂ ਉਨ੍ਹਾਂ ਨੂੰ ਨਹੀਂ ਆਖਣੀਆਂ ਚਾਹੀਦੀਆਂ। 14 ਇਸ ਲਈ ਮੈਂ ਚਾਹੁੰਦਾ ਕਿ ਜਵਾਨ ਵਿਧਵਾਵਾਂ ਫ਼ਿਰ ਤੋਂ ਵਿਆਹ ਕਰਵਾ ਲੈਣ ਅਤੇ ਬੱਚੇ ਨੂੰ ਜਨਮ ਦੇਣ ਅਤੇ ਆਪਣੇ ਘਰਾਂ ਦਾ ਧਿਆਨ ਰੱਖਣ। ਜੇ ਉਹ ਅਜਿਹਾ ਕਰਦੀਆਂ ਹਨ ਤਾਂ ਸਾਡੇ ਦੁਸ਼ਮਣ ਨੂੰ ਉਨ੍ਹਾਂ ਦੀ ਆਲੋਚਨਾ ਕਰਨ ਦਾ ਮੌਕਾ ਨਹੀਂ ਮਿਲੇਗਾ। 15 ਅਸਲ ਵਿੱਚ, ਕੁਝ ਜਵਾਨ ਵਿਧਵਾਵਾਂ ਪਹਿਲਾਂ ਹੀ ਸ਼ੈਤਾਨ ਦਾ ਅਨੁਸਰਣ ਕਰਨ ਲਈ ਮੁੜ ਚੁੱਕੀਆਂ ਹਨ।
16 ਜੇ ਕਿਸੇ ਨਿਹਚਾਵਾਨ ਔਰਤ ਦੇ ਪਰਿਵਾਰ ਵਿੱਚ ਵਿਧਵਾਵਾਂ ਹਨ, ਤਾਂ ਉਸ ਨੂੰ ਖੁਦ ਉਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ। [a] ਤਾਂ ਜੋ ਕਲੀਸਿਯਾ ਦੇ ਉਪਰ ਬੋਝ ਨਾ ਹੋਵੇ। ਫ਼ੇਰ ਕਲੀਸਿਯਾ ਉਨ੍ਹਾਂ ਵਿਧਵਾਵਾਂ ਦਾ ਧਿਆਨ ਰੱਖ ਸੱਕੇਗੀ ਜਿਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀ ਹੈ।
ਬਜ਼ੁਰਗ ਅਤੇ ਹੋਰ ਗੱਲਾਂ
17 ਜਿਹੜੇ ਬਜ਼ੁਰਗ ਕਲੀਸਿਯਾ ਦੀ ਅਗਵਾਈ ਚੰਗੇ ਢੰਗ ਨਾਲ ਕਰਦੇ ਹਨ ਉਹ ਮਹਾਨ ਇੱਜ਼ਤ ਪਾਉਣ ਦੇ ਯੋਗੀ ਹਨ। ਜਿਹੜੇ ਵਡੇਰੇ ਬੋਲ ਚਾਲ ਰਾਹੀਂ ਅਤੇ ਉਪਦੇਸ਼ ਰਾਹੀਂ ਕਾਰਜ ਕਰਦੇ ਹਨ ਅਜਿਹੇ ਵਿਅਕਤੀ ਹਨ ਜਿਹੜੇ ਮਹਾਨ ਇੱਜ਼ਤ ਦੇ ਯੋਗੀ ਹਨ। 18 ਕਿਉਂਕਿ ਪੋਥੀ ਆਖਦੀ ਹੈ, “ਉਸ ਬਲਦ ਦਾ ਮੂੰਹ ਨਾ ਬੰਨ੍ਹੋ ਜਿਹੜਾ ਗਾਹੁੰਦੇ ਥੱਲੇ ਉੱਤੇ ਕੰਮ ਕਰਦਾ” [b] ਅਤੇ ਪੋਥੀ ਇਹ ਵੀ ਆਖਦੀ ਹੈ, “ਮਜ਼ਦੂਰ ਆਪਣੀ ਮਜਦੂਰੀ ਦੇ ਯੋਗ ਹੈ ।” [c]
19 ਉਸ ਬੰਦੇ ਦੀ ਨਾ ਸੁਣੋ ਜਿਹੜਾ ਇੱਕ ਬਜ਼ੁਰਗ ਉੱਤੇ ਇਲਜ਼ਾਮ ਲਾਉਂਦਾ ਹੈ। ਤੁਹਾਨੂੰ ਉਸ ਬੰਦੇ ਨੂੰ ਸਿਰਫ਼ ਤਾਂ ਹੀ ਸੁਨਣਾ ਚਾਹੀਦਾ ਹੈ ਜੇਕਰ ਦੋ ਜਾਂ ਤਿੰਨ ਬੰਦੇ ਗਵਾਹੀ ਦੇਣ ਕਿ ਬਜ਼ੁਰਗ ਨੇ ਗਲਤ ਕੰਮ ਕੀਤਾ ਹੈ। 20 ਪਾਪੀਆਂ ਨੂੰ ਆਖੋ ਕਿ ਉਹ ਗਲਤ ਕੰਮ ਕਰ ਰਹੇ ਹਨ। ਇਹ ਗੱਲ ਸਾਰੀ ਕਲੀਸਿਯਾ ਦੇ ਸਾਹਮਣੇ ਆਖੋ। ਇਸ ਤਰ੍ਹਾਂ ਹੋਰਾਂ ਨੂੰ ਵੀ ਚੇਤਾਵਨੀ ਮਿਲੇਗੀ।
21 ਮੈਂ ਤੁਹਾਨੂੰ ਪਰਮੇਸ਼ੁਰ, ਯਿਸੂ ਮਸੀਹ ਅਤੇ ਚੁਣੇ ਹੋਏ ਦੂਤਾਂ ਦੇ ਸਨਮੁੱਖ, ਇਹ ਗੱਲਾਂ ਕਰਨ ਦਾ ਹੁਕਮ ਦਿੰਦਾ ਹਾਂ। ਪਰ ਸੱਚ ਜਾਨਣ ਤੋਂ ਪਹਿਲਾਂ ਲੋਕਾਂ ਬਾਰੇ ਨਿਰਨਾ ਨਾ ਕਰੋ। ਅਤੇ ਇਨ੍ਹਾਂ ਗੱਲਾਂ ਬਾਰੇ ਹਰੇਕ ਨਾਲ ਇੱਕੋ ਜਿਹਾ ਸਲੂਕ ਕਰੋ।
22 ਕਿਸੇ ਵਿਅਕਤੀ ਨੂੰ ਬਜ਼ੁਰਗ ਬਨਾਉਣ ਤੋਂ ਪਹਿਲਾਂ ਧਿਆਨ ਨਾਲ ਸੋਚੋ। ਹੋਰਾਂ ਲੋਕਾਂ ਦੇ ਪਾਪਾਂ ਦੇ ਭਾਗੀ ਨਾ ਬਣੋ। ਆਪਣੇ ਆਪ ਨੂੰ ਸ਼ੁੱਧ ਰੱਖੋ।
23 ਤਿਮੋਥਿਉਸ, ਤੁਸੀਂ ਕੇਵਲ ਪਾਣੀ ਹੀ ਪੀਂਦੇ ਰਹੇ ਹੋ। ਇਹ ਗੱਲ ਛੱਡੋ ਰਤਾ ਕੁ ਮੈ ਪੀਓ। ਇਹ ਤੁਹਾਡੇ ਮਿਹਦੇ ਅਤੇ ਤੁਹਾਡੀ ਅਕਸਰ ਹੋਣ ਵਾਲੀ ਬਿਮਾਰੀ ਲਈ ਚੰਗੀ ਹੋਵੇਗੀ।
24 ਕੁਝ ਲੋਕਾਂ ਦੇ ਪਾਪ ਦੇਖਣੇ ਸੁਖਾਲੇ ਹਨ। ਉਨ੍ਹਾਂ ਦੇ ਪਾਪ ਦਰਸ਼ਾਉਂਦੇ ਹਨ ਕਿ ਉਨ੍ਹਾਂ ਦਾ ਅਸਲੀ ਨਿਆਂ ਹੋਣ ਤੋਂ ਪਹਿਲਾਂ ਹੀ ਉਹ ਦੋਸ਼ੀ ਹਨ। ਪਰ ਕੁਝ ਲੋਕਾਂ ਦੇ ਪਾਪ ਮਗਰੋਂ ਨਜ਼ਰ ਆਉਂਦੇ ਹਨ। 25 ਇਹੀ ਗੱਲ ਲੋਕਾਂ ਦੇ ਚੰਗੇ ਕੰਮਾਂ ਬਾਰੇ ਵੀ ਹੈ। ਲੋਕਾਂ ਦੇ ਚੰਗੇ ਕੰਮ ਕੀਤੇ ਛੇਤੀ ਦਿਖਾਈ ਦਿੰਦੇ ਹਨ। ਭਾਵੇਂ ਉਹ ਚੰਗੀਆਂ ਕਰਨੀਆਂ ਵੇਖਣੀਆਂ ਸੁਖਾਲੀਆਂ ਨਹੀਂ ਹਨ, ਉਹ ਲੁਕੀਆਂ ਵੀ ਨਹੀਂ ਰਹਿ ਸੱਕਦੀਆਂ।
ਗੁਲਾਮਾਂ ਨੂੰ ਖਾਸ ਨਿਰਦੇਸ਼
6 ਉਹ ਜਿਹੜੇ ਗੁਲਾਮ ਹਨ ਉਨ੍ਹਾਂ ਨੂੰ ਆਪਣੇ ਮਾਲਕਾਂ ਨੂੰ ਪੂਰੀ ਇੱਜ਼ਤ ਦੇਣੀ ਚਾਹੀਦੀ ਹੈ। ਜਦੋਂ ਉਹ ਅਜਿਹਾ ਕਰਦੇ ਹਨ, ਤਾਂ ਪਰਮੇਸ਼ੁਰ ਦੇ ਨਾਂ ਅਤੇ ਸਾਡੇ ਉਪਦੇਸ਼ ਦੀ ਆਲੋਚਨਾ ਨਹੀਂ ਹੋਵੇਗੀ। 2 ਕਈਆਂ ਗੁਲਾਮਾਂ ਦੇ ਮਾਲਕ ਨਿਹਚਾਵਾਨ ਹੁੰਦੇ ਹਨ। ਇਸ ਲਈ ਗੁਲਾਮ ਅਤੇ ਮਾਲਕ ਭਰਾ-ਭਰਾ ਹਨ। ਪਰ ਗੁਲਾਮਾਂ ਨੂੰ ਇਸ ਗੱਲੋਂ ਉਨ੍ਹਾਂ ਦੀ ਘੱਟ ਇੱਜ਼ਤ ਨਹੀਂ ਕਰਨੀ ਚਾਹੀਦੀ। ਨਹੀਂ। ਉਨ੍ਹਾਂ ਗੁਲਾਮਾਂ ਨੂੰ ਤਾਂ ਸਗੋਂ ਉਨ੍ਹਾਂ ਨਿਹਚਾਵਾਨ ਮਾਲਕਾਂ ਦੀ ਹੋਰ ਵੱਧੇਰੇ ਚੰਗੀ ਸੇਵਾ ਕਰਨੀ ਚਾਹੀਦੀ ਹੈ। ਕਿਉਂ? ਕਿਉਂ ਕਿ ਜਿਹੜੇ ਵਿਅਕਤੀ ਅਪਣੀ ਚੰਗੀ ਸੇਵਾ ਦੇ ਲਾਭ ਦੇ ਆਨੰਦ ਮਾਣਦੇ ਹਨ ਉਹ ਸ਼ਰਧਾਲੂ ਹਨ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਹਨ।
ਇਹੀ ਸੱਚ ਹਨ ਜਿਨ੍ਹਾਂ ਦੇ ਤੁਹਾਨੂੰ ਉਪਦੇਸ਼ ਦੇਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਨੂੰ ਕਰਨ ਦੀ ਸਲਾਹ ਦੇਣੀ ਚਾਹੀਦੀ ਹੈ।
ਝੂਠੇ ਉਪਦੇਸ਼ ਅਤੇ ਸੱਚੀ ਦੌਲਤ
3 ਕੁਝ ਲੋਕ ਝੂਠੀਆਂ ਗੱਲਾਂ ਦੇ ਉਪਦੇਸ਼ ਦਿੰਦੇ ਹਨ। ਉਹ ਲੋਕ ਸਾਡੇ ਪ੍ਰਭੂ ਯਿਸੂ ਮਸੀਹ ਦੇ ਉਪਦੇਸ਼ ਨਾਲ ਸਹਿਮਤ ਨਹੀਂ ਹੁੰਦੇ। ਅਤੇ ਉਹ ਅਜਿਹੇ ਉਪਦੇਸ਼ ਨਾਲ ਸਹਿਮਤ ਨਹੀਂ ਹੋਣਗੇ ਜਿਹੜੇ ਪਰਮੇਸ਼ੁਰ ਦੀ ਸੱਚੀ ਸੇਵਾ ਨਾਲ ਸਹਿਮਤ ਹੁੰਦੇ ਹਨ। 4 ਜਿਹੜਾ ਵਿਅਕਤੀ ਝੂਠੀਆਂ ਗੱਲਾਂ ਦੇ ਉਪਦੇਸ਼ ਦਿੰਦਾ ਹੈ ਹੰਕਾਰ ਨਾਲ ਭਰਿਆ ਹੋਇਆ ਹੈ ਅਤੇ ਉਹ ਕੁਝ ਵੀ ਨਹੀਂ ਜਾਣਦਾ। ਅਜਿਹੇ ਵਿਅਕਤੀ ਨੂੰ ਦਲੀਲ ਬਾਜੀ ਕਰਨ ਦੀ ਬੁਰੀ ਇੱਛਾ ਹੁੰਦੀ ਹੈ ਅਤੇ ਸ਼ਬਦਾਂ ਬਾਰੇ ਲੜਨ ਦੀ ਜੋ ਈਰਖਾ, ਮਤਭੇਦ, ਬੇਇੱਜ਼ਤੀ ਦੇ ਸ਼ਬਦ, ਅਤੇ ਭਰਿਸ਼ਟ ਸ਼ੰਕਾਵਾਂ ਲਿਆਉਂਦੀ ਹੈ। 5 ਅਤੇ ਇਸ ਨਾਲ ਉਨ੍ਹਾਂ ਲੋਕਾਂ ਦੀ ਦਲੀਲ ਬਾਜ਼ੀ ਵੀ ਸਾਹਮਣੇ ਆਉਂਦੀ ਹੈ ਜਿਨ੍ਹਾਂ ਦੇ ਦਿਮਾਗ ਬਦੀ ਨਾਲ ਭਰੇ ਹੋਏ ਹਨ। ਉਨ੍ਹਾਂ ਲੋਕਾਂ ਨੇ ਸੱਚ ਨੂੰ ਗੁਆ ਲਿਆ ਹੈ। ਉਹ ਸੋਚਦੇ ਹਨ ਕਿ ਪਰਮੇਸ਼ੁਰ ਦੀ ਸੇਵਾ ਕਰਨੀ ਅਮੀਰ ਬਣਨ ਦਾ ਸਾਧਣ ਹੈ।
6 ਹਾਂ, ਇਹ ਸੱਚ ਹੈ ਕਿ ਪਰਮੇਸ਼ੁਰ ਦੀ ਸੇਵਾ ਕਰਨੀ ਉਸ ਨੂੰ ਅਮੀਰ ਬਣਾ ਦਿੰਦੀ ਹੈ ਜੋ ਸੇਵਾ ਕਰਦਾ ਹੈ ਜੇਕਰ ਉਹ ਉਸ ਨਾਲ ਸੰਤੁਸ਼ਟ ਹੈ ਜੋ ਉਸ ਕੋਲ ਹੈ। 7 ਜਦੋਂ ਅਸੀਂ ਇਸ ਦੁਨੀਆਂ ਵਿੱਚ ਆਏ, ਅਸੀਂ ਕੁਝ ਨਹੀਂ ਲਿਆਏ। ਜਦੋਂ ਅਸੀਂ ਮਰਾਂਗੇ, ਉਦੋਂ ਵੀ ਅਸੀਂ ਆਪਣੇ ਨਾਲ ਕੁਝ ਵੀ ਲੈ ਕੇ ਨਹੀਂ ਜਾਵਾਂਗੇ। 8 ਇਸ ਲਈ ਜੇ ਸਾਡੇ ਕੋਲ ਖਾਣ ਪਹਿਨਣ ਨੂੰ ਹੈ ਤਾਂ ਅਸੀਂ ਉਸ ਨਾਲ ਸੰਤੁਸ਼ਟ ਹੋਵਾਂਗੇ। 9 ਜੋ ਲੋਕ ਅਮੀਰ ਬਣਨਾ ਚਾਹੁੰਦੇ ਹਨ ਉਹ ਪਰਤਾਵੇ ਵਿੱਚ ਪੈ ਜਾਂਦੇ ਹਨ। ਉਹ ਫ਼ਸ ਜਾਂਦੇ ਹਨ ਅਤੇ ਨਿਕੰਮੀਆਂ ਚੀਜ਼ਾਂ ਅਤੇ ਹਾਨੀਕਾਰਕ ਚੀਜ਼ਾਂ ਲੈਣੀਆਂ ਸ਼ੁਰੂ ਕਰ ਦਿੰਦੇ ਹਨ। ਉਹ ਚੀਜ਼ਾਂ ਲੋਕਾਂ ਨੂੰ ਤਬਾਹ ਤੇ ਬਰਬਾਦ ਕਰ ਦਿੰਦੀਆਂ ਹਨ। 10 ਪੈਸੇ ਨਾਲ ਪਿਆਰ ਸਭ ਤਰ੍ਹਾਂ ਦੀਆਂ ਬੁਰਾਈਆਂ ਦਾ ਕਾਰਣ ਹੈ। ਕੁਝ ਲੋਕਾਂ ਨੇ ਅਧਿਕਤਮ ਪੈਸੇ ਕੁਮਾਉਣ ਦੇ ਚੱਕਰ ਵਿੱਚ ਸੱਚੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ। ਪਰ ਉਹ ਆਪਣੇ ਆਪ ਨੂੰ ਬਹੁਤ ਸਾਰੇ ਦਰਦਾਂ ਭਰੇ ਅਨੁਭਵਾਂ ਨਾਲ ਸੱਟ ਮਾਰ ਲੈਂਦੇ ਹਨ।
ਕੁਝ ਗੱਲਾਂ ਜਿਹੜੀਆਂ ਤੁਹਾਨੂੰ ਯਾਦ ਰੱਖਣੀਆਂ ਚਾਹੀਦੀਆਂ
11 ਪਰ ਤੂੰ ਇੱਕ ਪਰਮੇਸ਼ੁਰ ਦਾ ਬੰਦਾ ਹੈ। ਤੁਹਾਨੂੰ ਉਨ੍ਹਾਂ ਸਾਰੀਆਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਹੀ ਢੰਗ ਵਿੱਚ ਜਿਉਣ ਦੀ ਕੋਸ਼ਿਸ਼ ਕਰੋ, ਅਤੇ ਪਰਮੇਸ਼ੁਰ ਦੀ ਸੇਵਾ ਕਰੋ; ਵਿਸ਼ਵਾਸ,ਪ੍ਰੇਮ, ਸਬਰ, ਅਤੇ ਸੱਜਨਤਾ ਰੱਖੋ। 12 ਆਪਣੇ ਵਿਸ਼ਵਾਸ ਨੂੰ ਬਣਾਈ ਰੱਖਨਾ ਦੌੜ ਦੌੜਨ ਵਾਂਗ ਹੈ। ਉਸ ਦੌੜ ਨੂੰ ਜਿੱਤਣ ਲਈ ਪੂਰਾ ਤਾਣ ਲਾ ਦਿਉ। ਇਸ ਗੱਲ ਨੂੰ ਯਕੀਨੀ ਬਣਾਉ ਕਿ ਤੁਸੀਂ ਉਹ ਜੀਵਨ ਪ੍ਰਾਪਤ ਕਰ ਲਵੋ ਜਿਹੜਾ ਸਦੀਪਕ ਹੈ। ਤੁਹਾਨੂੰ ਉਸ ਜੀਵਨ ਨੂੰ ਪ੍ਰਾਪਤ ਕਰਨ ਲਈ ਸੱਦਾ ਦਿੱਤਾ ਗਿਆ ਸੀ। ਅਤੇ ਤੁਸੀਂ ਬਹੁਤ ਸਾਰੇ ਲੋਕਾਂ ਅੱਗੇ ਮਸੀਹ ਬਾਰੇ ਮਹਾਨ ਸੱਚ ਸਵਿਕਾਰ ਕਰ ਲਿਆ ਹੈ। 13 ਮੈਂ ਤੁਹਾਨੂੰ ਪਰਮੇਸ਼ੁਰ ਅਤੇ ਮਸੀਹ ਯਿਸੂ ਦੇ ਸਨਮੁੱਖ ਇੱਕ ਹੁਕਮ ਦਿੰਦਾ ਹਾਂ। ਮਸੀਹ ਯਿਸੂ ਹੀ ਹੈ ਜਿਸਨੇ ਉਹ ਮਹਾਨ ਸੱਚ ਉਦੋਂ ਸਵਿਕਾਰ ਕੀਤਾ ਸੀ ਅਦੋਂ ਉਹ ਪੁੰਤਿਯੁਸ ਪਿਲਾਤੁਸ ਦੇ ਸਾਹਮਣੇ ਖੜ੍ਹਾ ਸੀ। ਅਤੇ ਪਰਮੇਸ਼ੁਰ ਹੀ ਹੈ ਜਿਹੜਾ ਹਰ ਇੱਕ ਨੂੰ ਜੀਵਨ ਦਿੰਦਾ ਹੈ। 14 ਹੁਣ ਮੈਂ ਤੁਹਾਨੂੰ ਦੱਸਦਾ ਹਾਂ; ਉਹੀ ਗੱਲਾਂ ਕਰੋ ਜੋ ਕਰਨ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਸੀ। ਉਹ ਗੱਲਾਂ ਸਾਰੀ ਸ਼ੁੱਧਤਾ ਨਾਲ ਕਰੋ ਅਤੇ ਇਸ ਢੰਗ ਨਾਲ ਕਰੋ ਕਿ ਕੋਈ ਵੀ ਉਦੋਂ ਤੱਕ ਤੁਹਾਡੇ ਉੱਤੇ ਇਲਜ਼ਾਮ ਨਾ ਲਾ ਸੱਕੇ ਜਦੋਂ ਤੱਕ ਕਿ ਸਾਡਾ ਪ੍ਰਭੂ ਯਿਸੂ ਮਸੀਹ ਵਾਪਸ ਨਹੀਂ ਆ ਜਾਂਦਾ। 15 ਉਹ ਉਦੋਂ ਆਵੇਗਾ ਜਦੋਂ ਪਰਮੇਸ਼ੁਰ ਫ਼ੈਸਲਾ ਕਰੇਗਾ ਕਿ ਇਹੀ ਸਹੀ ਸਮਾਂ ਹੈ। ਪਰਮੇਸ਼ੁਰ ਧੰਨ ਹੈ ਅਤੇ ਸਿਰਫ਼ ਇੱਕ ਸ਼ਾਸਕ ਹੈ। ਪਰਮੇਸ਼ੁਰ ਬਾਦਸ਼ਾਹਾਂ ਦਾ ਬਾਦਸ਼ਾਹ ਅਤੇ ਪ੍ਰਭੂਆਂ ਦਾ ਪ੍ਰਭੂ ਹੈ। 16 ਪਰਮੇਸ਼ੁਰ ਕਦੀ ਨਹੀਂ ਮਰਦਾ ਪਰਮੇਸ਼ੁਰ ਆਪਣੀ ਪ੍ਰਚੰਡ ਰੋਸ਼ਨੀ ਵਿੱਚ ਰਹਿੰਦਾ ਹੈ ਕਿ ਲੋਕ ਉਸ ਦੇ ਨੇੜੇ ਨਹੀਂ ਜਾ ਸੱਕਦੇ। ਕਿਸੇ ਵੀ ਵਿਅਕਤੀ ਨੇ ਪਰਮੇਸ਼ੁਰ ਨੂੰ ਕਦੇ ਨਹੀਂ ਦੇਖਿਆ। ਕੋਈ ਵੀ ਵਿਅਕਤੀ ਪਰਮੇਸ਼ੁਰ ਦੇ ਦੇਖ ਸੱਕਣ ਦੇ ਸਮਰਥ ਨਹੀਂ ਹੈ। ਪਰਮੇਸ਼ੁਰ ਦੀ ਸਦਾ ਉਸਤਤਿ ਅਤੇ ਸ਼ਕਤੀ ਹੋਵੇ। ਆਮੀਨ।
17 ਇਹ ਆਦੇਸ਼ ਉਨ੍ਹਾਂ ਲੋਕਾਂ ਨੂੰ ਦਿਉ ਜਿਹੜੇ ਇਸ ਦੁਨੀਆਂ ਦੀ ਦੌਲਤ ਨਾਲ ਮਾਲਾ ਮਾਲ ਹਨ। ਉਨ੍ਹਾਂ ਨੂੰ ਆਖੋ ਕਿ ਗੁਮਾਨ ਨਾ ਕਰਨ। ਉਨ੍ਹਾਂ ਅਮੀਰ ਲੋਕਾਂ ਨੂੰ ਆਖੋ ਕਿ ਪਰਮੇਸ਼ੁਰ ਵਿੱਚ ਆਸ ਰੱਖਣ, ਅਪਣੀ ਦੌਲਤ ਵਿੱਚ ਨਹੀਂ। ਦੌਲਤ ਦਾ ਕੋਈ ਇਤਬਾਰ ਨਹੀਂ ਕੀਤਾ ਜਾ ਸੱਕਦਾ। ਪਰ ਪਰਮੇਸ਼ੁਰ ਅਮੀਰੀ ਨਾਲ ਸਾਡਾ ਧਿਆਨ ਰੱਖਦਾ ਹੈ। ਉਹ ਸਾਨੂੰ ਭੋਗਣ ਲਈ ਹਰ ਸ਼ੈਅ ਦਿੰਦਾ ਹੈ। 18 ਅਮੀਰਾਂ ਨੂੰ ਚੰਗੇ ਕੰਮ ਕਰਨ ਲਈ ਆਖੋ। ਉਨ੍ਹਾਂ ਨੂੰ ਚੰਗੇ ਕੰਮਾਂ ਵਿੱਚ ਅਮੀਰ ਹੋਣ ਲਈ ਆਖੋ। ਅਤੇ ਉਨ੍ਹਾਂ ਨੂੰ ਖੁਸ਼ੀ ਨਾਲ ਦਾਨ ਕਰਨ ਅਤੇ ਦੌਲਤ ਸਾਂਝੀ ਕਰਨ ਲਈ ਆਖੋ। 19 ਅਜਿਹਾ ਕਰਦਿਆਂ ਉਹ ਆਪਣੇ ਲਈ ਸਵਰਗ ਵਿੱਚ ਇੱਕ ਖਜ਼ਾਨਾ ਜੋੜ ਰਹੇ ਹੋਣਗੇ। ਉਹ ਖਜ਼ਾਨਾ ਉਨ੍ਹਾਂ ਦੇ ਭਵਿੱਖਮਈ ਜੀਵਨ ਲਈ ਇੱਕ ਪੱਕੀ ਬੁਨਿਆਦ ਹੋਵੇਗਾ। ਫ਼ੇਰ ਉਹ ਅਜਿਹਾ ਜੀਵਨ ਹਾਸਿਲ ਕਰਨ ਦੇ ਯੋਗ ਹੋ ਜਾਣਗੇ ਜਿਹੜਾ ਸੱਚਾ ਹੈ।
20 ਤਿਮੋਥਿਉਸ, ਪਰਮੇਸ਼ੁਰ ਨੇ ਤੈਨੂੰ ਬਹੁਤ ਸਾਰੀਆਂ ਚੀਜ਼ਾਂ ਸੌਂਪੀਆਂ ਹਨ। ਇਨ੍ਹਾਂ ਚੀਜ਼ਾਂ ਦੀ ਰੱਖਵਾਲੀ ਕਰ। ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜਿਹੜੇ ਮੂਰੱਖਮਈ ਗੱਲਾਂ ਆਖਦੇ ਹਨ, ਜਿਹੜੀਆਂ ਪਰਮੇਸ਼ੁਰ ਵੱਲੋਂ ਨਹੀਂ ਹਨ। ਉਨ੍ਹਾਂ ਲੋਕਾਂ ਤੋਂ ਦੂਰ ਰਹਿ ਜਿਹੜੇ ਦਲੀਲਬਾਜ਼ੀ ਕਰਦੇ ਹਨ ਜਿਸ ਨੂੰ ਉਹ “ਗਿਆਨ” ਆਖਦੇ ਹਨ ਪਰ ਇਹ ਅਸਲ ਵਿੱਚ ਇਹ ਗਿਆਨ ਨਹੀਂ ਹੈ। 21 ਕੁਝ ਲੋਕ ਆਖਦੇ ਹਨ ਕਿ ਉਨ੍ਹਾਂ ਕੋਲ ਉਹ “ਗਿਆਨ” ਹੈ। ਉਨ੍ਹਾਂ ਲੋਕਾਂ ਨੇ ਸੱਚੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ।
ਪਰਮੇਸ਼ੁਰ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।
2010 by World Bible Translation Center