Read the New Testament in 24 Weeks
ਪਰਮੇਸ਼ੁਰ ਨੂੰ ਪ੍ਰਸੰਨ ਕਰਨ ਵਾਲਾ ਜੀਵਨ
4 ਭਰਾਵੋ ਅਤੇ ਭੈਣੋ ਹੁਣ ਮੈਂ ਤੁਹਾਨੂੰ ਕੁਝ ਹੋਰ ਗੱਲਾਂ ਬਾਰੇ ਦੱਸਦਾ ਹਾਂ। ਅਸੀਂ ਤੁਹਾਨੂੰ ਜੀਵਨ ਦਾ ਉਹ ਢੰਗ ਸਿੱਖਾਇਆ ਹੈ ਜੋ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ। ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਉਸੇ ਢੰਗ ਵਿੱਚ ਜਿਉਂ ਰਹੇ ਹੋ। ਹੁਣ ਅਸੀਂ ਤੁਹਾਨੂੰ ਪੁੱਛਦੇ ਹਾਂ ਅਤੇ ਤੁਹਾਨੂੰ ਪ੍ਰਭੂ ਯਿਸੂ ਦੇ ਨਾਂ ਵਿੱਚ ਇਸੇ ਢੰਗ ਵਿੱਚ ਵੱਧ ਤੋਂ ਵੱਧ ਜਿਉਣ ਲਈ ਉਤਸਾਹਤ ਕਰਦੇ ਹਾਂ। 2 ਤੁਸੀਂ ਜਾਣਦੇ ਹੋ ਕਿ ਜੋ ਗੱਲਾਂ ਅਸੀਂ ਤੁਹਾਨੂੰ ਕਰਨ ਲਈ ਆਖੀਆਂ ਅਸੀਂ ਤੁਹਾਨੂੰ ਉਹ ਗੱਲਾਂ ਪ੍ਰਭੂ ਯਿਸੂ ਦੇ ਅਧਿਕਾਰ ਨਾਲ ਕਹੀਆਂ ਸਨ। 3 ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਪਵਿੱਤਰ ਹੋਵੋ। ਉਹ ਚਾਹੁੰਦਾ ਹੈ ਕਿ ਤੁਸੀਂ ਜਿਨਸੀ ਪਾਪਾਂ ਤੋਂ ਦੂਰ ਰਹੋ। 4 ਪਰਮੇਸ਼ੁਰ ਚਾਹੁੰਦਾ ਹੈ। ਕਿ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਸਰੀਰ ਉੱਤੇ ਕਾਬੂ ਰੱਖਣਾ ਸਿੱਖ ਲਵੇ। ਆਪਣੇ ਸਰੀਰ ਦਾ ਇਸਤੇਮਾਲ ਉਸ ਢੰਗ ਨਾਲ ਕਰੋ ਜਿਹੜਾ ਪਵਿੱਤਰ ਅਤੇ ਸਤਿਕਾਰਯੋਗ ਹੈ। 5 ਆਪਣੇ ਸਰੀਰ ਨੂੰ ਜਿਨਸੀ ਪਾਪ ਲਈ ਨਾ ਵਰਤੋ। ਜਿਹੜੇ ਲੋਕ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਜਿਹਾ ਕਰਦੇ ਹਨ। 6 ਇਸ ਮਾਮਲੇ ਵਿੱਚ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਮਸੀਹ ਵਿੱਚ ਆਪਣੇ ਭਰਾ ਦਾ ਕੁਝ ਬੁਰਾ ਨਹੀਂ ਕਰਨਾ ਚਾਹੀਦਾ ਜਾਂ ਉਸਦਾ ਫ਼ਾਇਦਾ ਨਹੀਂ ਉੱਠਾਉਣਾ ਚਾਹੀਦਾ। ਜਿਹੜੇ ਲੋਕ ਅਜਿਹਾ ਕਰਦੇ ਹਨ ਪਰਮੇਸ਼ੁਰ ਉਨ੍ਹਾਂ ਨੂੰ ਸਜ਼ਾ ਦੇਵੇਗਾ। ਅਸੀਂ ਇਸ ਬਾਰੇ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਅਤੇ ਚੇਤਾਵਨੀ ਦੇ ਚੁੱਕੇ ਹਾਂ। 7 ਪਰਮੇਸ਼ੁਰ ਨੇ ਸਾਨੂੰ ਪਵਿੱਤਰ ਹੋਣ ਲਈ ਸੱਦਿਆ। ਉਹ ਨਹੀਂ ਚਾਹੁੰਦਾ ਕਿ ਅਸੀਂ ਪਾਪ ਦਾ ਜੀਵਨ ਜੀਵੀਏ। 8 ਇਸ ਲਈ ਜਿਹੜਾ ਵਿਅਕਤੀ ਇਸ ਉਪਦੇਸ਼ ਨੂੰ ਕਬੂਲਣ ਤੋਂ ਇਨਕਾਰ ਕਰਦਾ ਹੈ ਉਹ ਕਿਸੇ ਮਨੁੱਖ ਦੀ ਨਹੀਂ ਸਗੋਂ ਪਰਮੇਸ਼ੁਰ ਦੀ ਅਵਗਿਆ ਕਰਦਾ ਹੈ। ਅਤੇ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਨੂੰ ਆਪਣਾ ਪਵਿੱਤਰ ਆਤਮਾ ਪ੍ਰਦਾਨ ਕਰਦਾ ਹੈ।
9 ਮਸੀਹ ਦੇ ਨਮਿਤ ਤੁਹਾਡੇ ਭਰਾਵਾਂ ਅਤੇ ਭੈਣਾਂ ਲਈ ਤੁਹਾਡੇ ਪ੍ਰੇਮ ਬਾਰੇ ਸਾਨੂੰ ਲਿਖਣ ਦੀ ਲੋੜ ਨਹੀਂ ਹੈ। ਪਰਮੇਸ਼ੁਰ ਨੇ ਪਹਿਲਾਂ ਹੀ ਤੁਹਾਨੂੰ ਇੱਕ ਦੂਸਰੇ ਨਾਲ ਪ੍ਰੇਮ ਕਰਨਾ ਸਿੱਖਾਇਆ ਹੈ। 10 ਅਤੇ ਸੱਚਮੁੱਚ ਹੀ ਤੁਸੀਂ ਸਾਰੇ ਮਕਦੂਨਿਯਾ ਵਿੱਚ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਪਿਆਰ ਕਰਦੇ ਹੋ। ਭਰਾਵੋ ਅਤੇ ਭੈਣੋ ਹੁਣ ਅਸੀਂ ਤੁਹਾਨੂੰ ਉਨ੍ਹਾਂ ਨੂੰ ਹੋਰ ਵੱਧੇਰੇ ਪਿਆਰ ਕਰਨ ਲਈ ਉਤਸਾਹਿਤ ਕਰਦੇ ਹਾਂ।
11 ਅਮਨ ਭਰਪੂਰ ਜੀਵਨ ਜਿਉਣ ਲਈ ਜੋ ਕੁਝ ਵੀ ਤੁਸੀਂ ਕਰ ਸੱਕਦੇ ਹੋ ਉਹੀ ਕਰੋ। ਆਪਣੇ ਕਾਰੋਬਾਰ ਦਾ ਖਿਆਲ ਰੱਖੋ ਅਤੇ ਆਪਣੀ ਰੋਜ਼ੀ ਕੁਮਾਉਣ ਲਈ ਕੰਮ ਕਰੋ। ਅਸੀਂ ਇਹ ਗੱਲਾਂ ਕਰਨ ਲਈ ਪਹਿਲਾਂ ਹੀ ਆਖ ਚੁੱਕੇ ਹਾਂ। 12 ਜੇ ਤੁਸੀਂ ਅਜਿਹੀਆਂ ਗੱਲਾਂ ਕਰੋਂਗੇ ਤਾਂ ਉਹ ਲੋਕ ਵੀ ਜਿਹੜੇ ਸ਼ਰਧਾਲੂ ਨਹੀਂ ਹਨ ਤੁਹਾਡੇ ਜੀਵਨ ਢੰਗ ਦੀ ਇੱਜ਼ਤ ਕਰਨਗੇ। ਅਤੇ ਤੁਹਾਨੂੰ ਆਪਣੀਆਂ ਲੋੜਾਂ ਲਈ ਹੋਰਨਾਂ ਲੋਕਾਂ ਉੱਪਰ ਨਿਰਭਰ ਨਹੀਂ ਹੋਣਾ ਪਵੇਗਾ।
ਪ੍ਰਭੂ ਦੀ ਆਮਦ
13 ਭਰਾਵੋ ਅਤੇ ਭੈਣੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਨ੍ਹਾਂ ਲੋਕਾਂ ਬਾਰੇ ਜਾਣ ਲਵੋ ਜਿਹੜੇ ਮਰ ਚੁੱਕੇ ਹਨ। ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਹੋਰਨਾਂ ਲੋਕਾਂ ਵਾਂਗ ਉਦਾਸ ਹੋਵੋ-ਉਨ੍ਹਾਂ ਲੋਕਾਂ ਵਾਂਗ ਜਿਨ੍ਹਾਂ ਕੋਲ ਕੋਈ ਆਸ ਨਹੀਂ ਹੁੰਦੀ। 14 ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਿਸੂ ਮਰਿਆ ਅਤੇ ਫ਼ੇਰ ਜੀ ਉੱਠਿਆ। ਇਸ ਲਈ ਯਿਸੂ ਦੇ ਕਾਰਣ, ਪਰਮੇਸ਼ੁਰ ਯਿਸੂ ਸਮੇਤ ਉਨ੍ਹਾਂ ਲੋਕਾਂ ਨੂੰ ਫ਼ੇਰ ਲਿਆਵੇਗਾ ਜਿਹੜੇ ਮਰ ਚੁੱਕੇ ਹਨ।
15 ਤੁਹਾਨੂੰ ਪਤਾ ਹੈ ਕਿ ਜੋ ਕੁਝ ਅਸੀਂ ਹੁਣ ਤੁਹਾਨੂੰ ਦੱਸ ਰਹੇ ਹਾਂ ਪ੍ਰਭੂ ਦਾ ਆਪਣਾ ਸੰਦੇਸ਼ ਹੈ। ਅਸੀਂ ਜਿਹੜੇ ਹੁਣ ਜਿਉਂ ਰਹੇ ਹਾਂ ਸ਼ਾਇਦ ਉਦੋਂ ਤੱਕ ਜਿਉਂਦੇ ਰਹੀਏ ਜਦੋਂ ਤੱਕ ਪ੍ਰਭੂ ਫ਼ੇਰ ਵਾਪਸ ਆਵੇਗਾ। ਅਸੀਂ ਜਿਹੜੇ ਉਦੋਂ ਜਿਉਂ ਰਹੇ ਹੋਵਾਂਗੇ, ਪ੍ਰਭੂ ਦੇ ਨਾਲ ਹੋਵਾਂਗੇ, ਪਰ ਉਨ੍ਹਾਂ ਲੋਕਾਂ ਦੇ ਸਾਹਮਣੇ ਨਹੀਂ, ਜਿਹੜੇ ਪਹਿਲਾਂ ਹੀ ਮਰ ਚੁੱਕੇ ਹਨ। 16 ਪ੍ਰਭੂ ਖੁਦ ਸਵਰਗ ਤੋਂ ਹੇਠਾਂ ਆਵੇਗਾ ਉਦੋਂ ਬਹੁਤ ਵੱਡਾ ਹੁਕਮ ਆਵੇਗਾ। ਇਹ ਹੁਕਮ ਮਹਾਂ ਦੂਤ ਦੀ ਅਵਾਜ਼ ਵਿੱਚ ਅਤੇ ਪਰਮੇਸ਼ੁਰ ਦੀ ਤੁਰ੍ਹੀ ਨਾਲ ਹੋਵੇਗਾ। ਅਤੇ ਉਹ ਮੁਰਦਾ ਲੋਕ ਜਿਹੜੇ ਮਸੀਹ ਵਿੱਚ ਸਨ ਪਹਿਲਾਂ ਜੀ ਉੱਠਣਗੇ। 17 ਉਸ ਤੋਂ ਮਗਰੋਂ, ਅਸੀਂ ਸਾਰੇ, ਜਿਹੜੇ ਹਾਲੇ ਤੱਕ ਜਿਉਂਦੇ ਹਾਂ, ਉਤਾਂਹ ਉਨ੍ਹਾਂ ਲੋਕਾਂ ਨਾਲ ਇਕੱਠੇ ਹੋਵਾਂਗੇ ਜਿਹੜੇ ਮਰ ਚੁੱਕੇ ਸਨ। ਸਾਨੂੰ ਬਦਲਾਂ ਨਾਲ ਜਿਲਾਇਆ ਜਾਵੇਗਾ ਅਤੇ ਹਵਾ ਵਿੱਚ ਮਸੀਹ ਨਾਲ ਮਿਲਾਇਆ ਜਾਵੇਗਾ। ਅਤੇ ਅਸੀਂ ਹਮੇਸ਼ਾ ਲਈ ਪ੍ਰਭੂ ਨਾਲ ਅੰਤ ਤੀਕ ਹੋਵਾਂਗੇ। 18 ਇਸ ਲਈ ਇੱਕ ਦੂਸਰੇ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਹੌਂਸਲਾ ਦਿਉ।
ਪ੍ਰਭੂ ਦੀ ਆਮਦ ਲਈ ਤਿਆਰ ਰਹੋ
5 ਹੁਣ ਭਰਾਵੋ ਅਤੇ ਭੈਣੋ, ਅਸੀਂ ਮਹਿਸੂਸ ਕਰਦੇ ਹਾਂ ਕਿ ਤੁਹਾਨੂੰ ਸਮੇਂ ਅਤੇ ਤਿਥੀ ਬਾਰੇ ਲਿਖਣਾ ਜਰੂਰੀ ਹੈ। 2 ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਸ ਦਿਨ ਪ੍ਰਭੂ ਫ਼ੇਰ ਆਵੇਗਾ ਉਸੇ ਤਰ੍ਹਾਂ ਹੈਰਾਨ ਭਰਿਆ ਹੋਵੇਗਾ ਜਿਵੇਂ ਉਦੋਂ ਜਦੋਂ ਰਾਤ ਵੇਲੇ ਚੋਰ ਆਉਂਦਾ ਹੈ। 3 ਲੋਕੀ ਕਹਿਣਗੇ, “ਅਸੀਂ ਅਮਨ ਵਿੱਚ ਹਾਂ ਅਤੇ ਸੁਰੱਖਿਅਤ ਹਾਂ।” ਉਸੇ ਸਮੇਂ ਬਹੁਤ ਤੇਜੀ ਨਾਲ ਤਬਾਹੀ ਆ ਜਾਵੇਗੀ। ਇਹ ਤਬਾਹੀ ਉਸੇ ਤਰ੍ਹਾਂ ਆਵੇਗੀ ਜਿਵੇਂ ਔਰਤ ਨੂੰ ਬੱਚੇ ਦੇ ਜੰਮਣ ਦੀਆਂ ਪੀੜਾਂ ਸਹਿਣੀਆਂ ਪੈਂਦੀਆਂ ਹਨ। ਅਤੇ ਉਹ ਲੋਕੀ ਨਹੀਂ ਬਚਣਗੇ।
4 ਪਰ ਤੁਸੀਂ ਭਰਾਵੋ ਅਤੇ ਭੈਣੋ, ਹਨੇਰੇ ਵਿੱਚ ਨਹੀਂ ਜਿਉਂਦੇ। ਇਸ ਲਈ ਉਹ ਦਿਨ ਤੁਹਾਨੂੰ ਚੋਰ ਵਾਂਗ ਹੈਰਾਨ ਨਹੀਂ ਕਰੇਗਾ। 5 ਤੁਸੀਂ ਸਾਰੇ ਜਿਹੜੇ ਰੋਸ਼ਨੀ ਵਿੱਚ ਜਿਉਂ ਰਹੇ ਹੋ, ਅਤੇ ਤੁਸੀਂ ਦਿਨ ਨਾਲ ਸੰਬੰਧਿਤ ਹੋ। ਅਸੀਂ ਰਾਤ ਜਾਂ ਹਨੇਰੇ ਨਾਲ ਸੰਬੰਧਿਤ ਨਹੀਂ ਹਾਂ। 6 ਇਸ ਲਈ ਸਾਨੂੰ ਹੋਰਨਾਂ ਲੋਕਾਂ ਵਾਂਗ ਨਹੀਂ ਜਿਉਂਣਾ ਚਾਹੀਦਾ। ਸਾਨੂੰ ਜਾਗੇ ਰਹਿਣਾ ਚਾਹੀਦਾ ਅਤੇ ਸਵੈ-ਕਾਬੂ ਹੋਣਾ ਚਾਹੀਦਾ ਹੈ। 7 ਜਿਹੜੇ ਲੋਕ ਸੌਂਦੇ ਹਨ, ਰਾਤ ਨੂੰ ਸੌਂਦੇ ਹਨ। ਜਿਹੜੇ ਲੋਕ ਸ਼ਰਾਬ ਨਾਲ ਬਦਮਸਤ ਹੁੰਦੇ ਹਨ, ਰਾਤ ਨੂੰ ਹੁੰਦੇ ਹਨ। 8 ਪਰ ਅਸੀਂ ਤਾਂ ਦਿਨ ਵਾਲੇ ਹਾਂ, ਇਸ ਲਈ ਸਾਨੂੰ ਆਪਣੇ-ਆਪ ਉੱਪਰ ਕਾਬੂ ਰੱਖਣਾ ਚਾਹੀਦਾ ਹੈ। ਸਾਨੂੰ ਵਿਸ਼ਵਾਸ ਅਤੇ ਪ੍ਰੇਮ ਨੂੰ ਆਪਣੇ ਸੁਰੱਖਿਆ ਕਵਚ ਵਾਂਗ ਪਹਿਨਣਾ ਚਾਹੀਦਾ ਹੈ, ਅਤੇ ਮੁਕਤੀ ਦੀ ਆਸ ਸਾਡਾ ਟੋਪ ਹੋਣੀ ਚਾਹੀਦੀ ਹੈ।
9 ਪਰਮੇਸ਼ੁਰ ਨੇ ਸਾਨੂੰ ਆਪਣਾ ਕਹਿਰ ਝੱਲਣ ਲਈ ਨਹੀਂ ਚੁਣਿਆ। ਪਰਮੇਸ਼ੁਰ ਨੇ ਸਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਰਾਹੀਂ ਮੁਕਤੀ ਪਾਉਣ ਲਈ ਚੁਣਿਆ। 10 ਯਿਸੂ ਸਾਡੇ ਲਈ ਮਰਿਆ ਤਾਂ ਜੋ ਅਸੀਂ ਇਕੱਠੇ ਉਸ ਦੇ ਨਾਲ ਜਿਉਂ ਸੱਕੀਏ। ਜਦੋਂ ਉਹ ਆਵੇਗਾ ਤਾਂ ਇਹ ਕੋਈ ਜ਼ਰੂਰੀ ਨਹੀਂ ਕਿ ਅਸੀਂ ਜਿਉਂਦੇ ਹੋਈਏ ਜਾਂ ਮਰ ਚੁੱਕੇ ਹੋਈਏ। 11 ਇਸ ਲਈ ਜਿਵੇਂ ਤੁਸੀਂ ਪਹਿਲਾਂ ਹੀ ਕਰ ਰਹੇ ਹੋ, ਇੱਕ ਦੂਸਰੇ ਨੂੰ ਹੌਂਸਲਾ ਅਤੇ ਤਾਕਤ ਦਿਉ।
ਆਖਰੀ ਉਪਦੇਸ਼ ਅਤੇ ਸ਼ੁਭਕਾਮਨਾਵਾਂ
12 ਹੁਣ ਭਰਾਵੋ ਅਤੇ ਭੈਣੋ, ਉਨ੍ਹਾਂ ਦੀ ਇੱਜ਼ਤ ਕਰੋ ਜਿਹੜੇ ਤੁਹਾਡੇ ਦਰਮਿਆਨ ਸਖਤ ਮਿਹਨਤ ਕਰਦੇ ਹਨ, ਜਿਹੜੇ ਤੁਹਾਡੀ ਪ੍ਰਭੂ ਵਿੱਚ ਅਗਵਾਈ ਕਰਦੇ ਹਨ। ਅਤੇ ਤੁਹਾਨੂੰ ਉਪਦੇਸ਼ ਦਿੰਦੇ ਹਨ। 13 ਉਨ੍ਹਾਂ ਦੀ ਇੱਜ਼ਤ ਉਸ ਕੰਮ ਦੀ ਖਾਤਿਰ, ਇੱਕ ਖਾਸ ਪ੍ਰੇਮ ਨਾਲ ਕਰੋ, ਜਿਹੜਾ ਉਹ ਕਰਦੇ ਹਨ।
ਇੱਕ ਦੂਸਰੇ ਨਾਲ ਸ਼ਾਂਤੀ ਨਾਲ ਰਹੋ। 14 ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦੇਣ ਲਈ ਆਖਦੇ ਹਾਂ ਜਿਹੜੇ ਕੰਮ ਨਹੀਂ ਕਰਦੇ। ਉਨ੍ਹਾਂ ਲੋਕਾਂ ਦੀ ਹੌਂਸਲਾ ਅਫ਼ਜ਼ਾਈ ਕਰੋ ਜਿਹੜੇ ਡਰਦੇ ਹਨ। ਜਿਹੜੇ ਕਮਜ਼ੋਰ ਹਨ ਉਨ੍ਹਾਂ ਦੀ ਸਹਾਇਤਾ ਕਰੋ। ਹਰ ਕਿਸੇ ਨਾਲ ਨਿਮ੍ਰ ਹੋਵੋ। 15 ਇਸ ਗੱਲ ਨੂੰ ਯਕੀਨੀ ਬਣਾਉ ਕਿ ਕੋਈ ਵੀ ਵਿਅਕਤੀ ਬਦੀ ਦੇ ਬਦਲੇ ਬਦੀ ਨਹੀਂ ਕਰਦਾ। ਸਗੋਂ ਇਸਦੀ ਜਗ਼੍ਹਾ ਹਮੇਸ਼ਾ ਉਹੀ ਕਰਨ ਦੀ ਕੋਸ਼ਿਸ਼ ਕਰੋ ਜੋ ਇੱਕ ਦੂਸਰੇ ਲਈ ਅਤੇ ਸਾਰਿਆਂ ਲੋਕਾਂ ਲਈ ਚੰਗਾ ਹੈ।
16 ਹਮੇਸ਼ਾ ਖੁਸ਼ ਰਹੋ। 17 ਕਦੇ ਵੀ ਪ੍ਰਾਰਥਨਾ ਕਰਨੀ ਨਾ ਛੱਡੋ। 18 ਹਰ ਵੇਲੇ ਪਰਮੇਸ਼ੁਰ ਦਾ ਧੰਨਵਾਦ ਕਰੋ। ਇਹੀ ਹੈ ਜੋ ਮਸੀਹ ਯਿਸੂ ਵਿੱਚ ਪਰਮੇਸ਼ੁਰ ਤੁਹਾਥੋਂ ਚਾਹੁੰਦਾ ਹੈ।
19 ਪਵਿੱਤਰ ਆਤਮਾ ਦੇ ਕਾਰਜ ਨੂੰ ਨਾ ਰੋਕੋ। 20 ਅਗੰਮੀ ਵਾਕਾਂ ਨੂੰ ਇੰਝ ਨਾ ਸਮਝੋ ਜਿਵੇਂ ਕਿ ਉਹ ਮਹੱਤਵਹੀਣ ਹੋਣ। 21 ਪਰ ਹਰ ਗੱਲ ਦੀ ਪਰੱਖ ਕਰੋ। ਜੋ ਚੰਗਾ ਹੈ ਉਸ ਨੂੰ ਰੱਖ ਲਵੋ। 22 ਅਤੇ ਹਰ ਪ੍ਰਕਾਰ ਦੀ ਬਦੀ ਤੋਂ ਦੂਰ ਰਹੋ।
23 ਅਸੀ ਪ੍ਰਾਰਥਨਾ ਕਰਦੇ ਹਾਂ ਕਿ ਅਮਨ ਦਾ ਪਰਮੇਸ਼ੁਰ ਖੁਦ ਤੁਹਾਨੂੰ ਉਸੇ ਦਾ ਹੋਣ ਲਈ ਪਵਿੱਤਰ ਬਣਾਵੋ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡਾ ਆਤਮਾ ਅਤੇ ਜੀਵਨ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਤੱਕ ਸੁੱਰੱਖਿਅਤ ਅਤੇ ਦੋਸ਼ ਰਹਿਤ ਰਹਿਣ। 24 ਉਹ ਪਰਮੇਸ਼ੁਰ ਜਿਸਨੇ ਤੁਹਾਨੂੰ ਸੱਦਾ ਦਿੱਤਾ ਹੈ ਤੁਹਾਡੇ ਲਈ ਇਹ ਕਰੇਗਾ। ਤੁਸੀਂ ਉਸ ਵਿੱਚ ਵਿਸ਼ਵਾਸ ਰੱਖ ਸੱਕਦੇ ਹੋ।
25 ਭਰਾਵੋ ਅਤੇ ਭੈਣੋ, ਕਿਰਪਾ ਕਰਕੇ ਸਾਡੇ ਲਈ ਪ੍ਰਾਰਥਨਾ ਕਰੋ। 26 ਜਦੋਂ ਤੁਸੀਂ ਇਕੱਠੇ ਹੋਵੋਂ ਤਾਂ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਇੱਕ ਪਵਿੱਤਰ ਚੁੰਮਣ ਨਾਲ ਸ਼ੁਭਕਾਮਨਾਵਾਂ ਦਿਉ। 27 ਮੈਂ ਤੁਹਾਨੂੰ ਪ੍ਰਭੂ ਦੇ ਇਖਤਿਆਰ ਨਾਲ ਮਸੀਹ ਵਿੱਚ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਇਹ ਪੱਤਰ ਪੜ੍ਹਕੇ ਸੁਣਾਉਣ ਲਈ ਆਖਦਾ ਹਾਂ। 28 ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ।
2010 by World Bible Translation Center