New Testament in a Year
ਯਿਸੂ ਰਾਜਪਾਲ ਪਿਲਾਤੁਸ ਦੇ ਸਨਮੁੱਖ(A)
27 ਅਗਲੀ ਸਵੇਰ ਪ੍ਰਧਾਨ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗ ਆਗੂਆਂ ਨੇ ਯਿਸੂ ਨੂੰ ਜਾਨ ਤੋਂ ਮਾਰਨ ਦਾ ਫ਼ੈਸਲਾ ਕੀਤਾ। 2 ਉਨ੍ਹਾਂ ਨੇ ਉਸ ਨੂੰ ਜੰਜ਼ੀਰਾਂ ਪਾ ਦਿੱਤੀਆਂ ਅਤੇ ਪਿਲਾਤੁਸ ਦੇ ਹਵਾਲੇ ਕਰਨ ਲਈ ਲੈ ਗਏ।
ਯਹੂਦਾ ਨੇ ਆਤਮ ਹੱਤਿਆ ਕੀਤੀ(B)
3 ਯਹੂਦਾ ਨੇ ਵੇਖਿਆ ਕਿ ਉਨ੍ਹਾਂ ਨੇ ਯਿਸੂ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ ਹੈ। ਇਹ ਯਹੂਦਾ ਹੀ ਸੀ ਜਿਸਨੇ ਯਿਸੂ ਨੂੰ ਦੁਸ਼ਮਨਾਂ ਦੇ ਹੱਥ ਫ਼ੜਾ ਦਿੱਤਾ ਸੀ। ਜਦੋਂ ਉਸ ਨੇ ਇਹ ਸਭ ਵਾਪਰਦਾ ਵੇਖਿਆ, ਉਹ ਪਛਤਾਇਆ, ਅਤੇ ਉਸ ਨੇ ਉਹ 30 ਸਿੱਕੇ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਆਗੂਆਂ ਨੂੰ ਵਾਪਸ ਮੋੜ ਦਿੱਤੇ। 4 ਯਹੂਦਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਪਾਪ ਕੀਤਾ ਹੈ ਜੋ ਇੱਕ ਨਿਰਦੋਸ਼ ਜਾਨ ਨੂੰ ਮਾਰਨ ਲਈ ਫ਼ੜਵਾ ਦਿੱਤਾ।”
ਯਹੂਦੀ ਆਗੂਆਂ ਨੇ ਜਵਾਬ ਦਿੱਤਾ, “ਸਾਨੂੰ ਇਸਦੀ ਕੋਈ ਪਰਵਾਹ ਨਹੀਂ ਇਹ ਤੇਰੀ ਸਮੱਸਿਆ ਹੈ, ਤੂੰ ਜਾਣ।”
5 ਤਾਂ ਯਹੂਦਾ ਨੇ ਉਹ ਚਾਂਦੀ ਦੇ ਸਿੱਕੇ ਮੰਦਰ ਵਿੱਚ ਸੁੱਟ ਦਿੱਤੇ ਅਤੇ ਵਾਪਸ ਮੁੜਕੇ ਖੁਦ ਨੂੰ ਫ਼ਾਹਾ ਲਾ ਲਿਆ।
6 ਪ੍ਰਧਾਨ ਜਾਜਕਾਂ ਨੇ ਉੱਥੋਂ ਉਹ ਸਿੱਕੇ ਚੁੱਕੇ ਅਤੇ ਕਿਹਾ, “ਇਨ੍ਹਾਂ ਪੈਸਿਆਂ ਨੂੰ ਮੰਦਰ ਦੇ ਖਜ਼ਾਨੇ ਵਿੱਚ ਪਾਉਣਾ ਯੋਗ ਨਹੀਂ ਕਿਉਂਕਿ ਇਹ ਧਨ ਕਿਸੇ ਦੀ ਮੌਤ ਲਈ ਦਿੱਤਾ ਗਿਆ ਸੀ।” 7 ਤਾਂ ਉਨ੍ਹਾਂ ਇੱਕ ਮਤਾ ਪਾਸ ਕੀਤਾ ਕਿ ਇਸ ਧਨ ਨਾਲ ਇੱਕ ਘੁਮਿਆਰ ਦਾ ਖੇਤ ਖਰੀਦਿਆ ਜਾਵੇ। ਇਹ ਖੇਤ ਉਨ੍ਹਾਂ ਲੋਕਾਂ ਦੇ ਕੰਮ ਆਵੇਗਾ ਜੋ ਯਰੂਸ਼ਲਮ ਵਿੱਚ ਆਉਂਦੇ ਹੋਏ ਇੱਥੇ ਮਰ ਜਾਂਦੇ ਹਨ, ਇਹ ਖੇਤ ਉਨ੍ਹਾਂ ਲੋਕਾਂ ਨੂੰ ਦਫ਼ਨਾਉਣ ਦੇ ਕੰਮ ਆਵੇਗਾ। 8 ਇਸੇ ਕਾਰਣ ਅੱਜ ਵੀ ਉਹ ਖੇਤ, ਲਹੂ ਦਾ ਖੇਤ ਕਰਕੇ ਜਾਣਿਆ ਜਾਂਦਾ ਹੈ। 9 ਤਾਂ ਜਿਹੜਾ ਬਚਨ ਯਿਰਮਿਯਾਹ ਨਬੀ ਦੇ ਰਾਹੀਂ ਕਿਹਾ ਗਿਆ ਸੀ ਉਹ ਪੂਰਾ ਹੋਇਆ ਕਿ,
“ਉਨ੍ਹਾਂ ਨੇ ਤੀਹ ਚਾਂਦੀ ਦੇ ਸਿੱਕੇ ਵਾਪਸ ਲੈ ਲਏ, ਜੋ ਇੱਕ ਮਨੁੱਖ ਦੀ ਜਾਨ ਦਾ ਮੁੱਲ ਠਹਿਰਾਇਆ ਗਿਆ ਸੀ ਇਵੇਂ ਹੀ ਕੁਝ ਯਹੂਦੀਆਂ ਨੇ ਉਸਦੀ ਜਾਨ ਦੀ ਕੀਮਤ ਲਾਈ ਸੀ। 10 ਉਨ੍ਹਾਂ ਨੇ ਉਸ ਧਨ ਨੂੰ ਘੁਮਿਆਰ ਦਾ ਖੇਤ ਖਰੀਦਣ ਲਈ ਵਰਤਿਆ ਜਿਵੇਂ ਕਿ ਪ੍ਰਭੂ ਨੇ ਹੁਕਮ ਦਿੱਤਾ ਸੀ।” [a]
ਰਾਜਪਾਲ ਪਿਲਾਤੁਸ ਦੇ ਯਿਸੂ ਨਾਲ ਪ੍ਰਸ਼ਨ(C)
11 ਯਿਸੂ ਰਾਜਪਾਲ ਦੇ ਸਾਹਮਣੇ ਖੜ੍ਹਾ ਸੀ, ਅਤੇ ਰਾਜਪਾਲ ਨੇ ਉਸ ਨੂੰ ਇਹ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ?”
ਯਿਸੂ ਨੇ ਕਿਹਾ, “ਹਾਂ, ਮੈਂ ਹਾਂ।”
12 ਜਦੋਂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਉਸ ਉੱਤੇ ਦੋਸ਼ ਲਾਏ, ਉਸ ਨੇ ਜਵਾਬ ਵਿੱਚ ਕੁਝ ਨਹੀਂ ਆਖਿਆ।
13 ਤਦ ਪਿਲਾਤੁਸ ਨੇ ਉਸ ਨੂੰ ਕਿਹਾ, “ਕੀ ਤੂੰ ਨਹੀਂ ਸੁਣ ਰਿਹਾ ਜੋ ਇਲਜ਼ਾਮ ਇਹ ਤੇਰੇ ਖਿਲਾਫ਼ ਲਾ ਰਹੇ ਹਨ?”
14 ਪਰ ਯਿਸੂ ਨੇ ਉਸ ਨੂੰ ਕੋਈ ਵੀ ਉੱਤਰ ਨਹੀਂ ਦਿੱਤਾ। ਅਤੇ ਇਹ ਸਭ ਵੇਖਕੇ ਰਾਜਪਾਲ ਬੜਾ ਹੈਰਾਨ ਹੋਇਆ।
ਪਿਲਾਤੁਸ ਦੀ ਯਿਸੂ ਨੂੰ ਆਜ਼ਾਦ ਕਰਨ ਦੀ ਕੋਸ਼ਿਸ਼ ਨਾਕਾਮਯਾਬ(D)
15 ਇਹ ਰਿਵਾਜ਼ ਸੀ ਕਿ ਪਸਾਹ ਦੇ ਤਿਉਹਾਰ ਉੱਤੇ ਜਿਸ ਨੂੰ ਲੋਕ ਚਾਹੁਣ ਰਾਜਪਾਲ ਕੈਦ ਵਿੱਚੋਂ ਉਸ ਕੈਦੀ ਨੂੰ ਰਿਹਾ ਕਰਦਾ ਹੁੰਦਾ ਸੀ। 16 ਉਸ ਵਕਤ ਬਰੱਬਾ ਨਾਉਂ ਦਾ ਇੱਕ ਬਹੁਤ ਖਤਰਨਾਕ ਆਦਮੀ ਕੈਦ ਵਿੱਚ ਸੀ।
17 ਸਾਰੇ ਲੋਕ ਰਾਜਪਾਲ ਪਿਲਾਤੁਸ ਦੇ ਘਰ ਇਕੱਠੇ ਹੋਏ ਤਾਂ ਉਸ ਨੇ ਲੋਕਾਂ ਨੂੰ ਕਿਹਾ, “ਤੁਸੀਂ ਮੈਥੋਂ ਆਪਣੇ ਵਾਸਤੇ ਕਿਸਨੂੰ ਰਿਹਾ ਕਰਾਉਣਾ ਚਾਹੁੰਦੇ ਹੋ। ਬਰੱਬਾਸ, ਜਾਂ ਯਿਸੂ ਨੂੰ ਜੋ ਕਿ ਮਸੀਹ ਕਹਾਉਂਦਾ ਹੈ?” 18 ਕਿਉਂਕਿ ਉਹ ਜਾਣਦਾ ਸੀ ਕਿ ਲੋਕਾਂ ਨੇ ਉਸ ਨੂੰ ਈਰਖਾ ਕਾਰਣ ਉਸ ਦੇ ਹੱਥੀ ਫ਼ੜਵਾਇਆ ਸੀ।
19 ਜਦੋਂ ਉਹ ਨਿਆਂੇ ਵਾਲੀ ਕੁਰਸੀ ਤੇ ਬੈਠਾ ਹੋਇਆ ਸੀ, ਤਾਂ ਉਸਦੀ ਪਤਨੀ ਨੇ ਸੁਨੇਹਾ ਭੇਜਿਆ, “ਇਸ ਮਨੁੱਖ ਨੂੰ ਕੁਝ ਨਾ ਕਰ। ਇਹ ਅਪਰਾਧੀ ਨਹੀਂ ਹੈ ਅਤੇ ਅੱਜ ਮੈਂ ਇਸ ਬਾਰੇ ਸੁਪਨਾ ਵੇਖਿਆ ਹੈ ਅਤੇ ਉਸ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਹੈ।”
20 ਪਰ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਲੋਕਾਂ ਨੂੰ ਬਰੱਬਾਸ ਨੂੰ ਰਿਹਾ ਕਰਨ ਦੀ ਬੇਨਤੀ ਕਰਨ ਲਈ ਮਨਵਾਇਆ ਅਤੇ ਯਿਸੂ ਨੂੰ ਮਾਰੇ ਜਾਣ ਲਈ।
21 ਪਿਲਾਤੁਸ ਨੇ ਕਿਹਾ, “ਦੋਹਾਂ ਵਿੱਚੋਂ ਤੁਸੀਂ ਮੈਥੋਂ ਕਿਸਨੂੰ ਰਿਹਾ ਕਰਾਉਨਾ ਚਾਹੁੰਦੇ ਹੋ?”
ਲੋਕਾਂ ਨੇ ਕਿਹਾ, “ਬਰੱਬਾਸ ਨੂੰ ਛੱਡ ਦਿਉ।”
22 ਪੁਲਾਤੁਸ ਨੇ ਕਿਹਾ, “ਫ਼ੇਰ ਮੈਂ ਯਿਸੂ ਨਾਲ ਕੀ ਕਰਾਂ ਜਿਹੜਾ ਕਿ ਮਸੀਹ ਕਹਾਉਂਦਾ ਹੈ?”
ਲੋਕਾਂ ਨੇ ਉੱਤਰ ਦਿੱਤਾ “ਉਸ ਨੂੰ ਸਲੀਬ ਦਿਉ।”
23 ਰਾਜਪਾਲ ਨੇ ਆਖਿਆ, “ਕਿਉਂ? ਉਸ ਨੇ ਕੀ ਅਪਰਾਧ ਕੀਤਾ ਹੈ।”
ਪਰ ਸਭਨਾਂ ਨੇ ਹੋਰ ਉੱਚੀ ਡੰਡ ਪਾਕੇ ਕਿਹਾ, “ਉਸ ਨੂੰ ਸਲੀਬ ਦਿਓ।”
24 ਪਿਲਾਤੁਸ ਨੇ ਮਹਿਸੂਸ ਕੀਤਾ ਕਿ ਉਹ ਲੋਕਾਂ ਦਾ ਮਨ ਬਦਲਨ ਵਿੱਚ ਕਾਮਯਾਬ ਨਹੀਂ ਸੀ ਹੋ ਰਿਹਾ, ਅਤੇ ਇਸਦੀ ਜਗ੍ਹਾ, ਉਹ ਗੁੱਸਾ ਕਰ ਰਹੇ ਸਨ ਅਤੇ ਉਹ ਹੋਰ ਵੀ ਰੌਲਾ ਪਾ ਰਹੇ ਸਨ। ਉਸ ਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ ਅਤੇ ਆਖਿਆ, “ਮੈਂ ਇਸ ਮਨੁੱਖ ਦੇ ਲਹੂ ਤੋਂ ਨਿਰਦੋਸ਼ ਹਾਂ। ਦੋਸ਼ ਤੁਹਾਡੇ ਸਿਰ ਹੀ ਲੱਗੇਗਾ।”
25 ਸਭ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਅਤੇ ਸਾਡੇ ਬੱਚੇ ਇਸਦੇ ਲਹੂ ਦੇ ਜਿੰਮੇਵਾਰ ਹੋਵਾਂਗੇ।”
26 ਤਦ ਪਿਲਾਤੁਸ ਨੇ ਬਰੱਬਾਸ ਨੂੰ ਛੱਡ ਦਿੱਤਾ ਅਤੇ ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਯਿਸੂ ਨੂੰ ਕੋੜਿਆਂ ਨਾਲ ਮਾਰਨ। ਅਤੇ ਉਸ ਨੇ ਯਿਸੂ ਨੂੰ ਸਿਪਾਹੀਆਂ ਹੱਥੀ ਸਲੀਬ ਉੱਤੇ ਚੜ੍ਹਾਉਣ ਲਈ ਦੇ ਦਿੱਤਾ।
2010 by World Bible Translation Center