New Testament in a Year
ਕੁਝ ਸਦੂਕੀਆਂ ਨੇ ਯਿਸੂ ਨਾਲ ਚਾਲ ਚੱਲੀ(A)
23 ਉਸੇ ਦਿਨ, ਕੁਝ ਸਦੂਕੀ ਯਿਸੂ ਕੋਲ ਆਏ। ਉਹ ਵਿਸ਼ਵਾਸ ਕਰਦੇ ਸਨ ਕਿ ਪੁਨਰ ਉਥਾਨ ਨਹੀਂ ਹੈ। ਅਤੇ ਇਹ ਕਹਿਕੇ ਉਸਤੋਂ ਸਵਾਲ ਪੁੱਛਿਆ, 24 ਕਿ “ਗੁਰੂ ਜੀ ਮੂਸਾ ਨੇ ਆਖਿਆ ਸੀ ਕਿ ਜੇ ਕੋਈ ਵਿਆਹੁਤਾ ਮਰਦ ਬੇਉਲਾਦ ਮਰ ਜਾਵੇ ਤਾਂ ਉਸਦਾ ਭਰਾ ਉਸਦੀ ਪਤਨੀ ਨਾਲ ਵਿਆਹ ਕਰ ਲਵੇ। ਅਤੇ ਉਸ ਨੂੰ ਆਪਣੇ ਭਰਾ ਲਈ ਵਾਰਿਸ ਦੇਣ ਲਈ ਬੱਚੇ ਪੈਦਾ ਕਰਨੇ ਚਾਹੀਦੇ ਹਨ। [a] 25 ਸਾਡੇ ਵਿੱਚਕਾਰ ਸੱਤ ਭਰਾ ਸਨ। ਪਹਿਲੇ ਨੇ ਵਿਆਹ ਕੀਤਾ ਅਤੇ ਮਰ ਗਿਆ। ਕਿਉਂ ਜੋ ਉਸਦੀ ਕੋਈ ਉਲਾਦ ਨਹੀਂ ਸੀ, ਉਸ ਦੇ ਭਰਾ ਨੇ ਉਸਦੀ ਵਿਧਵਾ ਨਾਲ ਵਿਆਹ ਕਰਵਾ ਲਿਆ। 26 ਦੂਜੇ ਅਤੇ ਤੀਜੇ ਭਰਾ ਤੋਂ ਲੈ ਕੇ ਸੱਤਾਂ ਭਰਾਵਾਂ ਨਾਲ ਇਵੇਂ ਹੀ ਵਾਪਰਿਆ। 27 ਸਾਰਿਆਂ ਦੇ ਪਿੱਛੋਂ ਉਹ ਔਰਤ ਵੀ ਮਰ ਗਈ। 28 ਇਸ ਲਈ, ਜਿਵੇਂ ਕਿ ਸਾਰੇ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ, ਪੁਨਰ ਉਥਾਨ ਦੇ ਦਿਨ ਉਹ ਕਿਸਦੀ ਪਤਨੀ ਹੋਵੇਗੀ?”
29 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਤੁਸੀਂ ਭੁੱਲ ਵਿੱਚ ਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਪੋਥੀਆਂ ਕੀ ਆਖਦੀਆਂ ਹਨ। ਅਤੇ ਤੁਸੀਂ ਪਰਮੇਸ਼ੁਰ ਦੀ ਸ਼ਕਤੀ ਬਾਰੇ ਨਹੀਂ ਜਾਣਦੇ। 30 ਕਿਉਂ ਜੋ ਪੁਨਰ ਉਥਾਨ ਤੋਂ ਬਾਦ, ਉੱਥੇ ਕੋਈ ਵਿਆਹ ਨਹੀਂ ਹੋਵੇਗਾ। ਉਹ ਇੱਕ ਦੂਜੇ ਨਾਲ ਵਿਆਹੇ ਨਹੀਂ ਜਾਨਗੇ। ਉਹ ਸਵਰਗ ਵਿੱਚ ਦੂਤਾਂ ਵਾਂਗ ਹੋਣਗੇ। 31 ਕੀ ਤੁਸੀਂ ਉਹ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਮੁਰਦਿਆਂ ਦੇ ਪੁਨਰ ਉਥਾਨ ਬਾਰੇ ਲਿਖਿਆ ਹੈ। 32 ‘ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ।’ [b] ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਜਿਉਂਦਿਆਂ ਦਾ ਹੈ।”
33 ਲੋਕ ਉਸਦਾ ਇਹ ਉਪਦੇਸ਼ ਸੁਣਕੇ ਹੈਰਾਨ ਹੋਏ।
ਕਿਹੜਾ ਨੇਮ ਸਭ ਤੋਂ ਜ਼ਰੂਰੀ ਹੈ(B)
34 ਜਦੋਂ ਫ਼ਰੀਸੀਆਂ ਨੇ ਸੁਣਿਆ ਕਿ ਉਸ ਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ ਹੈ ਤਾਂ ਉਹ ਇੱਕ ਥਾਂ ਇਕੱਠੇ ਹੋਏ। 35 ਇੱਕ ਫ਼ਰੀਸੀ ਜੋ ਮੂਸਾ ਦੀ ਸ਼ਰ੍ਹਾ ਦਾ ਉਸਤਾਦ ਸੀ ਯਿਸੂ ਨੂੰ ਪਰਤਾਉਣ ਲਈ ਉਸ ਨੂੰ ਇੱਕ ਸਵਾਲ ਪੁੱਛਿਆ, 36 ਫ਼ਰੀਸੀ ਨੇ ਆਖਿਆ, “ਗੁਰੂ ਜੀ, ਸ਼ਰ੍ਹਾ ਵਿੱਚ ਸਭ ਤੋਂ ਜ਼ਰੂਰੀ ਹੁਕਮ ਕਿਹੜਾ ਹੈ?”
37 ਯਿਸੂ ਨੇ ਜਵਾਬ ਦਿੱਤਾ, “ਤੈਨੂੰ ਆਪਣੇ ਪ੍ਰਭੂ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਰੂਹ ਨਾਲ, ਅਤੇ ਪੂਰੇ ਮਨ ਨਾਲ ਪਿਆਰ ਕਰਨਾ ਚਾਹੀਦਾ। [c] 38 ਪਹਿਲਾ ਅਤੇ ਇਹੀ ਸਭ ਤੋਂ ਜ਼ਰੂਰੀ ਹੁਕਮ ਹੈ। 39 ਅਤੇ ਦੂਜਾ ਹੁਕਮ ਵੀ ਪਹਿਲੇ ਜਿੰਨਾ ਹੀ ਮਹੱਤਵਪੂਰਣ ਹੈ: ‘ਤੈਨੂੰ ਆਪਣੇ ਗੁਆਂਢੀ ਨੂੰ ਉਵੇਂ ਹੀ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਤੂੰ ਆਪਣੇ-ਆਪ ਨੂੰ ਪਿਆਰ ਕਰਦਾ ਹੈਂ। [d] 40 ਇਨ੍ਹਾਂ ਦੋਹਾਂ ਹੁਕਮਾਂ ਉੱਤੇ ਹੀ ਸਾਰੇ ਨੇਮ ਅਤੇ ਨਬੀਆਂ ਦੀਆਂ ਲਿਖਤਾਂ ਟਿਕੇ ਹੋਏ ਹਨ।”
ਯਿਸੂ ਦਾ ਫ਼ਰੀਸੀਆਂ ਨੂੰ ਇੱਕ ਸਵਾਲ(C)
41 ਜਦੋਂ ਫ਼ਰੀਸੀ ਇਕੱਠੇ ਹੋਏ, ਤਾਂ ਯਿਸੂ ਨੇ ਉਨ੍ਹਾਂ ਨੂੰ ਇੱਕ ਸਵਾਲ ਪੁੱਛਿਆ। 42 “ਤੁਸੀਂ ਮਸੀਹ ਬਾਰੇ ਕੀ ਸੋਚਦੇ ਹੋ। ਕਿ ਉਹ ਕਿਸਦਾ ਪੁੱਤਰ ਹੈ?”
ਉਨ੍ਹਾਂ ਨੇ ਯਿਸੂ ਨੂੰ ਕਿਹਾ, “ਦਾਊਦ ਦਾ ਪੁੱਤਰ।”
43 ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤਾਂ ਫ਼ਿਰ ਦਾਊਦ ਪਵਿੱਤਰ ਆਤਮਾ ਰਾਹੀਂ ਉਸ ਨੂੰ ‘ਪ੍ਰਭੂ’ ਕਿਉਂ ਬੁਲਾਉਂਦਾ ਹੈ? ਜਦੋਂ ਉਸ ਨੇ ਇਹ ਆਖਿਆ,
44 ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ,
ਤੂੰ ਮੇਰੇ ਸੱਜੇ ਪਾਸੇ ਬੈਠ ਜਦ
ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ।’ (D)
45 ਇਸ ਲਈ ਜੇਕਰ ਦਾਊਦ ਉਸ ਨੂੰ ‘ਪ੍ਰਭੂ’, ਬੁਲਾਉਂਦਾ ਹੈ, ਤਾਂ ਉਹ ਉਸਦਾ ਪੁੱਤਰ ਕਿਵੇਂ ਹੋ ਸੱਕਦਾ ਹੈ?”
46 ਕੋਈ ਵੀ ਫ਼ਰੀਸੀ ਯਿਸੂ ਦੇ ਸਵਾਲ ਦਾ ਜਵਾਬ ਨਾ ਦੇ ਸੱਕਿਆ। ਉਸ ਦਿਨ ਤੋਂ ਬਾਦ, ਕਿਸੇ ਨੇ ਵੀ ਉਸ ਨੂੰ ਕੋਈ ਹੋਰ ਸਵਾਲ ਕਰਨ ਦਾ ਹੌਂਸਲਾ ਨਾ ਕੀਤਾ।
2010 by World Bible Translation Center